ਖੋਸੇ : ਇਹ ਤੰਵਰ ਰਾਜਪੂਤਾਂ ਦੀ ਇੱਕ ਸ਼ਾਖ ਹੈ। ਚੌਹਾਨਾਂ ਨੇ ਤੰਵਰਾਂ ਤੋਂ
ਦਿੱਲੀ ਦਾ ਰਾਜ ਖੋਹ ਲਿਆ। ਪ੍ਰਸਿੱਧ ਇਤਿਹਾਸਕਾਰ ਡਾਕਟਰ ਫੌਜ਼ਾ ਸਿੰਘ ਨੇ ਆਪਣੀ ਕਿਤਾਬ
‘ਪੰਜਾਬ ਦਾ ਇਤਿਹਾਸ’ ਜਿਲਦ ਤੀਜੀ ਵਿੱਚ ਲਿਖਿਆ ਹੈ ‘‘ਸੰਬਰ ਜਾਂ ਅਜਮੇਰ ਦੇ
ਚੌਹਾਨਾਂ ਅਤੇ ਦਿੱਲੀ ਦੇ ਤੂਮਾਰਾਂ ਵਿਚਕਾਰ ਲੜਾਈਆਂ ਤੇ ਇੱਕ ਬਹੁਤ ਲੰਮੇ ਸਿਲਸਿਲੇ ਤੋਂ
ਬਾਅਦ ਦਿੱਲੀ, 1164 ਈਸਵੀ ਤੋਂ ਪਹਿਲਾਂ, ਚੌਹਾਨਾਂ ਦੇ ਕਬਜ਼ੇ ਵਿੱਚ ਆ ਗਈ ਸੀ।’’
ਪੰਜਾਬ ਵਿੱਚ ਤੰਵਰਾਂ ਨੂੰ ਤੂਰ ਕਿਹਾ ਜਾਂਦਾ ਹੈ। ਤੂਰ ਆਪਣਾ ਦਿੱਲੀ ਦਾ ਰਾਜ ਖੁਹਾਕੇ
1164 ਈਸਵੀ ਦੇ ਮਗਰੋਂ ਪੰਜਾਬ ਦੇ ਮੋਗੇ ਦੇ ਇਲਾਕੇ ਵਿੱਚ ਆ ਗਏ। ਰਾਜ ਖੁਸਾਉਣ ਤੋਂ ਹੀ
ਇਨ੍ਹਾਂ ਦਾ ਨਾਮ ਖੋਸੇ ਪੈ ਗਿਆ।
ਇਸ ਗੋਤ ਦਾ ਵਡੇਰਾ ਰਣਧੀਰ ਸਿੰਘ ਸੀ। ਜਿਸ ਜਗਾਹ ਖੋਸੇ ਠਹਿਰੇ ਉਸ ਦਾ ਨਾਮ ਖੋਸਾ
ਰਣਧੀਰ ਪੈ ਗਿਆ। ਇਹ ਪਿੰਡ ਜਨੇਰ ਤੋਂ ਦੋ ਕੁ ਮੀਲ ਦੂਰ ਸਤਲੁਜ ਦਰਿਆ ਦੇ ਪੁਰਾਣੇ ਵਹਿਣ
ਉਤੇ ਹੈ। ਖੋਸੇ ਗੋਤ ਦੇ ਲੋਕ ਖੋਸਾ ਰਣਧੀਰ ਪਿੰਡ ਦੇ ਛੱਪੜ ਉਤੇ ਗੋਤ ਤਾਂ ਤੂਰ ਹੈ ਪਰ
ਹੁਣ ਇਨ੍ਹਾਂ ਦੀ ਅਲ ਖੋਸੇ ਹੀ ਗੋਤ ਦੇ ਤੌਰ ‘ਤੇ ਪ੍ਰਚਲਿਤ ਹੋ ਗਈ ਹੈ। 1911 ਈਸਵੀ ਦੀ
ਰਿਪੋਰਟ ਅਨੁਸਾਰ ‘ਰੱਤੀਆਂ’ ਪਿੰਡ ਦੇ ਖੋਸੇ ਜਨੇਊ ਪਾਉਂਦੇ ਅਤੇ ਦੂਜਿਆਂ ਨਾਲ ਵਰਤਣੋਂ
ਪਰਹੇਜ ਕਰਦੇ ਸਨ। ਪਹਿਲਾਂ ਪਹਿਲ ਖੋਸੇ ਆਉਣ ਤੋਂ ਮਗਰੋਂ ਖੋਸਿਆਂ ਨੇ ਆਪਣੇ ਪੁਰਾਣੇ ਰਸਮ
ਰਿਵਾਜ਼ ਛੱਡ ਦਿੱਤੇ ਹਨ। ਵਿਦਿਆ ਪ੍ਰਾਪਤ ਕਰਕੇ ਤਰੱਕੀ ਕਰ ਰਹੇ ਹਨ। ਮੋਗੇ ਦੇ ਨਾਲ
ਲੱਗਦੇ ਖੋਸਿਆਂ ਦੇ 12 ਪਿੰਡ ਹਨ। ਇਨ੍ਹਾਂ ਦਾ ਮੋਢੀ ਪਿੰਡ ਤਾਂ ਖੋਸਾ ਰਣਧੀਰ ਸਿੰਘ ਹੀ
ਹੈ। ਅਟਾਰੀ ਅਤੇ ਬਲਖੰਡੀ ਦੇ ਸਰਦਾਰ ਖੋਸੇ ਸਿੱਖ ਹਨ। ਖੋਸੇ ਕਲਾਂ ਵੀ ਖੋਸੇ ਜੱਟਾਂ ਦਾ
ਬਹੁਤ ਵੱਡਾ ਪਿੰਡ ਹੈ। ਫਿਰੋਜ਼ਪੁਰ ਦੇ ਇਲਾਕੇ ਵਿੱਚ ਖੋਸੇ ਜੱਟਾਂ ਦੇ ਕਈ ਪਿੰਡ ਹਨ।
ਜ਼ੀਰਾ ਵਿੱਚ ਖੋਸਾ ਕੋਟਲਾ, ਮੋਗੇ ਵਿੱਚ ਖੋਸਾ ਪਾਂਡੋ, ਤਲਵੰਡੀ ਭਾਈ ਵਿੱਚ ਹੋਲਾਂ ਵਾਲੀ
ਆਦਿ ਪਿੰਡਾਂ ‘ਚ ਵੀ ਖੋਸਿਆਂ ਦੀ ਹੀ ਬਹੁਗਿਣਤੀ ਹੈ। ਕੁਝ ਖੋਸੇ ਮੁਕਤਸਰ ਅਤੇ ਸਿਰਸੇ ਦੇ
ਇਲਾਕੇ ਵਿੱਚ ਵੀ ਵਸਦੇ ਹਨ। ਬਠਿੰਡੇ ਦੇ ਇਲਾਕੇ ਵਿੱਚ ਵੀ ਖੋਸਾ ਪਿੰਡ ਖੋਸੇ ਜੱਟਾਂ ਦਾ
ਹੀ ਹੈ।
ਇੱਕ ਖੋਸਾ ਪਿੰਡ ਸਰਹੱਦ ਦੇ ਨਜ਼ਦੀਕ ਖੋਸੇ ਜੱਟਾਂ ਦਾ ਸੀ। ਇਸ ਪਿੰਡ ਦੇ ਲਾਲ ਸਿੰਘ
ਖੋਸੇ ਨੇ ਮੁਗਲਾਂ ਨਾਲ ਟੱਕਰ ਲਈ ਸੀ। ਇਸ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਗੰਜ ਸਲ੍ਹੀਣਾ
ਜਿਲ੍ਹਾ ਮੋਗਾ ਵਿੱਚ ਬਣਿਆ ਹੋਇਆ ਹੈ। ਇੱਕ ਹੋਰ ਰਵਾਇਤ ਹੈ ਕਿ ਖੋਸਿਆਂ ਦੇ ਵਡੇਰੇ ਰਣਧੀਰ
ਨੂੰ ਦਿੱਲੀ ਛੱਡਣ ਮਗਰੋਂ ਬਚਪਨ ਵਿੱਚ ਜਨਮ ਸਮੇਂ ਕਿਸੇ ਇੱਲ ਨੇ ਬਚਾ ਲਿਆ ਸੀ। ਇਸ ਕਾਰਨ
ਉਹ ਵਿਆਹ, ਸ਼ਾਦੀਆਂ ਸਮੇਂ ਖ਼ੁਸ਼ੀ, ਖ਼ੁਸ਼ੀ ਇੱਲਾਂ ਨੂੰ ਰੋਟੀਆਂ ਪਾਉਂਦੇ ਹਨ। ਖੋਸਿਆਂ
ਦੀਆਂ ਕੁਝ ਰਸਮਾਂ ਆਮ ਜੱਟਾਂ ਨਾਲ ਮਿਲਦੀਆਂ ਨਹੀਂ ਹਨ।
ਵਿਆਹ ਸਮੇਂ ਖੋਸੇ ਗੋਤ ਦਾ ਡੂਮ ਚਰਖੇ ਤੇ ਤੱਕਲੇ ਨੂੰ ਛੁਪਾ ਕੇ ਰੱਖਦਾ ਹੈ। ਵਿਆਂਦੜ
ਜੋੜੀ ਇਸ ਨੂੰ ਲੱਭਦੀ ਹੈ, ਇਸ ਤਰ੍ਹਾਂ ਬਰਾਦਰੀ ਜੋੜੀ ਦੀ ਅਕਲ ਦੀ ਪਰਖ ਕਰਦੀ ਹੈ। ਹੁਣ
ਬਹੁਤੇ ਜੱਟਾਂ ਨੇ ਪੁਰਾਣੇ ਰਿਵਾਜ਼ ਛੱਡ ਹੀ ਦਿੱਤੇ ਹਨ। ਕੁਝ ਤ੍ਰਖਾਣਾਂ ਦਾ ਗੋਤ ਵੀ
ਖੋਸਾ ਹੁੰਦਾ ਹੈ। ਹੋ ਸਕਦਾ ਹੈ ਕਿ ਕੁਝ ਗਰੀਬ ਜੱਟ ਤ੍ਰਖਾਣਾਂ ਕੰਮ ਕਰਨ ਕਰਕੇ ਤ੍ਰਖਾਣ
ਬਰਾਦਰੀ ਵਿੱਚ ਰਲਮਿਲ ਗਏ ਹੋਣ। ਤ੍ਰਖਾਣ ਇਸਤਰੀਆਂ ਨਾਲ ਵਿਆਹ ਕਰਾਉਣ ਕਾਰਨ ਵੀ ਕਈ ਜੱਟ
ਗੋਤ ਤ੍ਰਖਾਣ ਜਾਤੀ ਵਿੱਚ ਰਲ ਗਏ। ਗੋਤ ਨਹੀਂ ਬਦਲਿਆ ਪਰ ਜਾਤ ਬਦਲ ਗਈ ਸੀ।
ਪੰਜਾਬ ਵਿੱਚ ਖੋਸੇ ਗੋਤ ਦੇ ਲੋਕ ਬਹੁਤ ਘੱਟ ਹਨ। ਕੁਝ ਖੋਸੇ ਆਪਣਾ ਗੋਤ ਤੂਰ ਵੀ
ਲਿਖਦੇ ਹਨ। ਕੰਧੋਲੇ (ਕੰਦੋਲੇ), ਨੈਨ, ਚੰਦੜ, ਸੀੜੇ, ਢੰਡੇ ਤੇ ਗਰਚੇ ਵੀ ਤੂਰਾਂ ਵਿਚੋਂ
ਹਨ। ਤੂਰ ਵੱਡਾ ਗੋਤ ਹੈ। ਖੋਸੇ ਮੁਸਲਮਾਨ ਬਲੋਚ ਵੀ ਹਨ। ਇਨ੍ਹਾਂ ਦੀ ਖੋਸੇ ਜੱਟਾਂ ਨਾਲ
ਕੋਈ ਵੀ ਸਾਂਝ ਨਹੀਂ ਰਲਦੀ। ਤੰਵਰ ਜਾਂ ਤੂਰ ਜੱਟਾਂ ਦਾ ਬਹੁਤ ਹੀ ਪ੍ਰਾਚੀਨ ਰਾਜ ਘਰਾਣਾ
ਹੈ। ਇਹ ਪਾਂਡੂ ਬੰਸ ਨਾਲ ਸੰਬੰਧਿਤ ਹਨ। ਖੋਸਾ ਤੂਰ ਜੱਟਾਂ ਦਾ ਬਹੁਤ ਹੀ ਪ੍ਰਸਿੱਧ ਉਪਗੋਤ
ਹੈ। ਇਨ੍ਹਾਂ ਨੇ ਬਦੇਸ਼ਾਂ ਵਿੱਚ ਜਾ ਕੇ ਵੀ ਬਹੁਤ ਉਨਤੀ ਕੀਤੀ ਹੈ। ਖੋਸਿਆਂ ਵਾਂਗ ਸੀੜੇ
ਵੀ ਤੰਵਰਾਂ ਵਿਚੋਂ ਹਨ। ਤੰਵਰ ਤੇ ਤੂਰ ਇਕੋ ਹੀ ਗੋਤ ਹੈ। ਜਦੋਂ ਦੁਸ਼ਮਣ ਨੇ ਤੂਰਾਂ ਦੇ
ਕਿਲ੍ਹੇ ਤੇ ਕਬਜ਼ਾ ਕਰ ਲਿਆ ਤਾਂ ਕੁਝ ਤੂਰ ਸੀੜੀ ਲਾਕੇ ਕਿਲ੍ਹੇ ਵਿਚੋਂ ਨਿਕਲ ਕੇ ਪੰਜਾਬ
ਵਿੱਚ ਆ ਕੇ ਜੱਟ ਭਾਈਚਾਰੇ ਵਿੱਚ ਰਲਮਿਲ ਗਏ ਸਨ। ਇਨ੍ਹਾਂ ਦੀ ਅਲ ਸੀੜੇ ਪੈ ਗਈ। ਤੂਰ
ਦਿੱਲੀ ਦਾ ਰਾਜ ਖੁਸਣ ਮਗਰੋਂ ਪੰਜਾਬ, ਹਰਿਆਣਾ ‘ਤੇ ਰਾਜਸਥਾਨ ਵਿੱਚ ਆ ਕੇ ਭਾਰੀ ਗਿਣਤੀ
ਵਿੱਚ ਆਬਾਦ ਹੋ ਗਏ ਸਨ। ਤੰਵਰ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ। ਪੰਜਾਬ ਵਿੱਚ ਤੰਵਰਾਂ
ਦੇ ਕਈ ਛੋਟੇ-ਛੋਟੇ ਗੋਤ ਵਸਦੇ ਹਨ।
|