ਖਰਲ : ਬਹੁਤੇ ਖਰਲ ਆਪਣੇ ਆਪ ਨੂੰ ਰਾਜੇ ਜੱਗਦੇਉ ਪੰਵਾਰ ਦੀ ਬੰਸ ਵਿਚੋਂ ਮੰਨਦੇ
ਹਨ। ਇਸ ਬੰਸ ਦਾ ਮੋਢੀ ਖਰਲ ਨਾਮ ਦਾ ਇੱਕ ਯੋਧਾ ਸੀ। ਇਹ ਪੰਵਾਰਾਂ ਦੀ ਭੁੱਟੇ ਸ਼ਾਖਾ
ਵਿਚੋਂ ਹਨ।
ਖਰਲਾਂ ਦੇ 50 ਦੇ ਲਗਭਗ ਕਬੀਲੇ ਮਿੰਟਗੁੰਮਰੀ ਅਤੇ ਸਾਂਦਲਬਾਰ ਵਿੱਚ ਸਨ। ਭੱਟੀਆਂ ਤੇ
ਖਰਲਾਂ ਦੀਆਂ ਵਿਰਕਾਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਖਰਲ ਗੋਤ ਦੇ ਲੋਕ ਬਹੁਤ
ਪੁਰਾਣੇ ਸਮੇਂ ਤੋਂ ਹੀ ਰਾਵੀ ਦੇ ਦੋਵੇਂ ਕੰਢਿਆਂ ਤੇ ਮੁਲਤਾਨ ਤੋਂ ਲੈ ਕੇ ਜਿਲ੍ਹਾ
ਸ਼ੇਖੂਪੁਰ ਦੀ ਤਹਿਸੀਲ ਨਨਕਾਣਾ ਤੱਕ ਫੈਲੇ ਹੋਏ ਸਨ। ਖਰਲ ਰਾਜਪੂਤ ਵੀ ਹਨ ਅਤੇ ਜੱਟ ਵੀ
ਹਨ। ਬਹੁਤ ਲੜਾਕੇ ਤੇ ਧਾੜਵੀਂ ਸਨ। ਬਹਾਵਲਪੁਰ ਦੇ ਖਰਲ ਰਾਜਪੂਤ ਆਪਣੇ ਆਪ ਨੂੰ ਭੱਟੀ
ਰਾਜਪੂਤ ਮੰਨਦੇ ਹਨ। ਕਈ ਬੰਸ ਦੇ ਭੂਪੇ ਨੇ ਆਪਣਾ ਇਲਾਕਾ ਛੱਡ ਕੇ ਸੂਬਾ ਸਿੰਧ ਦੇ ਉਚ
ਸ਼ਹਿਰ ਵਿੱਚ ਵਾਸਾ ਕਰ ਲਿਆ ਸੀ ਜਿਥੇ ਉਹ ਅਤੇ ਉਸ ਦੇ ਪੁੱਤਰ ਖਰਲ ਨੂੰ ਮਖਦੂਮ-ਜਹਾਨੀਆਂ
ਸ਼ਾਹ ਨੇ ਇਸਲਾਮ ਧਰਮ ਵਿੱਚ ਲੈ ਆਂਦਾ ਸੀ। ਫਿਰ ਉਹ ਲਾਇਲਪੁਰ ਤੇ ਮਿੰਟਗੁੰਮਰੀ ਵੱਲ ਆ
ਗਏ। ਖਰਲ ਬਹੁਤੇ ਮਸਲਮਾਨ ਹੀ ਹਨ।
ਮੁਲਤਾਨ ਗਜ਼ਟੀਅਰ ਦੇ ਅਨੁਸਾਰ ਖਰਲ, ਲੰਗਾਹ, ਭੁੱਟੇ ਆਦਿ ਜੱਟ ਪੰਵਾਰ ਬੰਸ ਵਿਚੋਂ
ਹਨ। ਈ• ਡੀ• ਮੈਕਲੈਗਨ ਆਪਣੀ ਝੰਗ ਬਾਰੇ ਰਿਪੋਰਟ ਵਿੱਚ ਖਰਲਾਂ ਨੂੰ ਪੰਵਾਰ ਹੀ ਲਿਖਦਾ
ਹੈ। ਮਿੰਟਗੁੰਮਰੀ ਦੇ ਕਈ ਖਰਲ ਸਰਦਾਰਾਂ ਦਾ ਕੁਰਸੀਨਾਮਾ ਰਾਜੇ ਜੱਗਦੇਉ ਤੱਕ ਠੀਕ ਮਿਲਦਾ
ਹੈ। ਇਸ ਕੁਰਸੀਨਾਮੇ ਤੋਂ ਪਤਾ ਲੱਗਦਾ ਹੈ ਕਿ ਇਹ ਰਾਜੇ ਜੱਗਦੇਉ ਦੀ ਬੰਸ ਵਿਚੋਂ ਹਨ। ਇਹ
ਭੱਟੀ ਨਹੀਂ ਹਨ। ਖਰਲ ਬੜੇ ਸੁਨੱਖੇ ਜਵਾਨ ਤੇ ਬਹਾਦਰ ਜੋਧੇ ਹੁੰਦੇ ਹਨ। ਮਾਰਧਾੜ ਤੇ
ਲੁੱਟਮਾਰ ਕਰਨਾ ਇਨ੍ਹਾਂ ਦਾ ਖ਼ਾਨਦਾਨੀ ਪੇਸ਼ਾ ਸੀ। ਇਹ ਖੇਤੀ ਬਾੜੀ ਵਿੱਚ ਦਿਲਚਸਪੀ ਘੱਟ
ਲੈਂਦੇ ਸਨ ਪਸ਼ੂ ਚਾਰਨ ਤੇ ਦੁੱਧ ਪੀਣ ਦੇ ਸ਼ੌਕੀਨ ਸਨ।
ਮਹਾਰਾਜਾ ਰਣਜੀਤ ਸਿੰਘ ਖਰਲਾਂ ਨੂੰ ਦਰਿਆ ਦੇ ਲਾਗੇ ਖੁੱਲ੍ਹੀਆਂ ਦਰਗਾਹਾਂ ਵਿੱਚ ਆਬਾਦ
ਕਰਨਾ ਚਾਹੁੰਦਾ ਸੀ। ਇੱਕ ਹੋਰ ਰਵਾਇਤ ਦੇ ਅਨੁਸਾਰ ਖਰਲਾਂ ਦਾ ਵਡੇਰਾ ਮੁਹੰਮਦ ਗੌਰੀ ਦੇ
ਸਮੇਂ ਪੀਰ ਸ਼ੇਰ ਸ਼ਾਹ ਸੱਯਦ ਜਲਾਲ ਦੇ ਹੱਥੀਂ ਮੁਸਲਮਾਨ ਹੋਇਆ ਦੱਸਿਆ ਜਾਂਦਾ ਹੈ। ਕਿਸੇ
ਸਮੇਂ ਖਰਲ ਲੁਧਿਆਣੇ ਤੇ ਜਲੰਧਰ ਵਿੱਚ ਵੀ ਵਸਦੇ ਸਨ। ਜਲੰਧਰ ਵਿੱਚ ਖਰਲ ਕਲਾਂ ਇਨ੍ਹਾਂ ਨੇ
ਹੀ ਆਬਾਦ ਕੀਤੀ ਸੀ। ਚਿਮਨੀ ਗੋਤ ਦੇ ਜੱਟ ਵੀ ਖਰਲ ਜਾਤੀ ਦੀ ਇੱਕ ਸ਼ਾਖ ਹਨ। ਖਰਲ, ਭੱਟੀ,
ਡੋਗਰ ਤੇ ਵੱਟੂ ਆਦਿ ਕਬੀਲੇ ਬਹੁਤੇ ਹੀ ਮਾਰ ਖੋਰੇ ਤੇ ਉਪਰਦਰਵੀ ਸਨ। ਕਈ ਵਾਰ ਸਰਕਾਰ ਨੂੰ
ਇਨ੍ਹਾਂ ਨੂੰ ਸੁਧਾਰਨ ਲਈ ਸਖ਼ਤ ਫ਼ੌਜੀ ਕਾਰਵਾਈ ਕਰਨੀ ਪੈਂਦੀ ਸੀ। ਨਵਾਬ ਕਪੂਰ ਸਿੰਘ ਦੇ
ਸਮੇਂ ਸਿੱਖਾਂ ਨਾਲ ਵੀ ਇਨ੍ਹਾਂ ਦੀ ਟੱਕਰ ਹੁੰਦੀ ਰਹਿੰਦੀ ਸੀ। ਖਰਲਾਂ ਦੇ ਦੋ ਵੱਡੇ ਟੋਲੇ
ਸਨ। ਖਰਲ, ਨਿੱਕੀ ਰਾਵੀ ਤੇ ਵੱਡੀ ਰਾਵੀ ਦੇ ਖਰਲ ਲਾਣਿਆਂ ਵਿੱਚ ਵੰਡੇ ਹੋਏ ਸਨ। ਝੰਗ ਦੇ
ਸਿਆਲ ਰਾਜਪੂਤਾਂ ਨਾਲ ਵੀ ਇਨ੍ਹਾਂ ਦੀ ਲੜਾਈ ਹੁੰਦੀ ਰਹਿੰਦੀ ਸੀ।
ਔਰੰਗਜ਼ੇਬ ਆਲਮਗੀਰ ਦੇ ਸਮੇਂ ਕਮਾਲੀਆ ਦੇ ਖਰਲਾਂ ਦੀ ਬਹੁਤ ਚੜ੍ਹਤ ਸੀ। ਉਚ ਦੇ ਖਰਲ
ਅਸਲ ਵਿੱਚ ਮਖਦੂਮਸ਼ਾਹ ਜਹਾਨੀਆਂ ਦੇ ਹੱਥੀਂ ਮੁਸਲਮਾਨ ਹੋਏ ਸਨ। ਮੁਲਤਾਨ ਵਿੱਚ ਖਰਲਾਂ ਦੀ
ਗਿਣਤੀ ਘੱਟ ਹੀ ਸੀ।
1857 ਈਸਵੀ ਵਿੱਚ ਖਰਲਾਂ ਦੇ ਸਰਦਾਰ ਅਹਿਮਦਖ਼ਾਨ ਨੇ ਬਗ਼ਾਵਤ ਕੀਤੀ ਸੀ ਜਿਸ ਨੂੰ ਮਾਰ
ਕੇ ਅੰਗਰੇਜ਼ਾਂ ਨੇ ਖਰਲਾਂ ਨੂੰ ਦਬਾਅ ਲਿਆ ਸੀ। ਖਰਲਾਂ ਨੂੰ ਪਕੜਨਾ ਬਹੁਤ ਮੁਸ਼ਕਿਲ ਸੀ
ਕਿਉਂਕਿ ਉਹ ਕਈ ਵਾਰ ਮਾਰ ਧਾੜ ਤੇ ਚੋਰੀ ਕਰਕੇ ਸੰਘਣੇ ਜੰਗਲਾਂ ਵਿੱਚ ਚਲੇ ਜਾਂਦੇ ਸਨ।
ਉਨ੍ਹਾਂ ਦਾ ਪਿੱਛਾ ਕਰਨਾ ਬਹੁਤ ਔਖਾ ਤੇ ਖ਼ਤਰਨਾਕ ਹੁੰਦਾ ਸੀ। ਸੰਦਲਬਾਰ ਦਾ ਪ੍ਰਸਿੱਧ
ਚੂੜਾ ਡਾਕੂ ਵੀ ਖਰਲਾਂ ਦੇ ਹੱਥੀਂ ਹੀ ਮਾਰਿਆ ਸੀ। ਖਰਲ ਬੜੇ ਦਲੇਰ ਤੇ ਨਿਡਰ ਸਨ। ਖਰਲਾਂ
ਦੇ ਪੁਰਾਣੇ ਉਪਗੋਤ 15 ਦੇ ਲਗਭਗ ਸਨ ਹੁਣ 21 ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਖਰਲ
ਮੁਸਲਮਾਨ ਬਣ ਗਏ ਹਨ। ਮਿਰਜਾ ਜੱਟ ਵੀ ਖਰਲ ਕਬੀਲੇ ਵਿਚੋਂ ਸੀ। ਹਰਨੇਕ ਸਿੰਘ ਘੜੂੰਆਂ
ਪਾਕਿਸਤਾਨ ਵਿੱਚ ਮਿਰਜੇ ਦੀ ਕਬਰ ਤੇ ਉਹ ਜੰਡ, ਜਿਸ ਹੇਠ ਸਹਿਬਾਂ ਦੇ ਭਰਾਵਾਂ ਮਿਰਜਾ
ਮਾਰਿਆ ਸੀ, ਦੇਖਣ ਪਾਕਿਸਤਾਨ ਪੰਜਾਬ ਵਿੱਚ ਗਿਆ ਸੀ। ਉਸ ਨੇ ਵਾਪਿਸ ਪੰਜਾਬ ਵਿੱਚ ਆ ਕੇ
ਪੰਜਾਬੀ ਟ੍ਰਿਬਿਊਨ 1998 ਈਸਵੀ ਖਰਲਾਂ ਬਾਰੇ ਲਿਖਿਆ ਸੀ ‘‘ਲਾਹੌਰ ਤੋਂ ਲੈ ਕੇ ਕਮਾਲੀਏ
ਤੱਕ ਖਰਲਾਂ ਦੇ ਪਿੰਡ ਵੱਡੀ ਗਿਣਤੀ ਵਿੱਚ ਹਨ। ਇਹ ਇਲਾਕਾ ਹੀ ਗੰਜੀ ਬਾਰ ਕਹਾਉਂਦਾ ਹੈ।
ਖਰਲ ਗੋਤ ਮੁਸਲਮਾਨ ਰਾਜਪੂਤਾਂ ਅਤੇ ਜੱਟਾਂ ਦਾ ਗੋਤ ਹੈ। ਖਰਲਾਂ ਨੂੰ ਸ਼ਾਹ ਜਹਾਨੀਆਂ
ਫਕੀਰ ਨੇ ਪ੍ਰੇਰਨਾ ਰਾਹੀਂ ਮੁਸਲਮਾਨ ਬਣਾਇਆ ਸੀ। ਅੱਜ ਵੀ ਜਦੋਂ ਖਰਲਾਂ ਦੇ ਬੱਚਾ ਜੰਮਦਾ
ਹੈ ਤਾਂ ਸ਼ਾਹ ਜਹਾਨੀਆ ਦੇ ਚੇਲੇ ਇਨ੍ਹਾਂ ਤੋਂ ਨਜ਼ਰਾਨਾ ਲੈਂਦੇ ਹਨ। ਖਰਲਾਂ ਦੇ ਅੱਗੇ 21
ਉਪਗੋਤ ਹਨ। ਸ਼ਾਹੀਕੇ, ਨੂੰਹੇਕੇ, ਵੇਜੇਕੇ ਆਦਿ। ਮਿਰਜੇ ਜੱਟ ਦਾ ਸੰਬੰਧ ਖਰਲਾਂ ਵਿਚੋਂ
ਸ਼ਾਹੀ ਗੋਤ ਨਾਲ ਹੈ। ਖਰਲਾਂ ਦੀ ਬੋਲੀ ਜਾਂਗਲੀ ਹੈ।’’
ਮਿਰਜੇ ਜੱਟ ਬਾਰੇ ਪੰਜਾਬੀ ਵਿੱਚ ਕਈ ਲੋਕ ਕਥਾਵਾਂ ਤੇ ਕਿੱਸੇ ਲਿਖੇ ਗਏ ਹਨ। ਮਿਰਜੇ
ਬਾਰੇ ਪੀਲੂ ਦਾ ਕਿੱਸਾ ਪੰਜਾਬੀ ਜਗਤ ਵਿੱਚ ਬਹੁਤ ਪ੍ਰਸਿੱਧ ਹੋਇਆ ਹੈ। ਖਰਲ ਖਾੜਕੂ ਜੱਟ
ਹਨ। ਮਿਰਜਾ, ਸਹਿਬਾਂ ਤੇ ਮਿਰਜੇ ਦੀ ਬੱਕੀ ਤਿੰਨਾਂ ਕਬਰਾਂ ਉਤੇ ਦਸ ਚੇਤ ਨੂੰ ਮੇਲਾ
ਲੱਗਦਾ ਹੈ। ਸ਼ਾਹੀ ਗੋਤ ਦੇ ਖਰਲ ਸਤਿਕਾਰ ਵਜੋਂ ਆਪਣੇ ਵਡੇਰੇ ਮਿਰਜੇ ਦਾ ਹੁਣ ਵੀ ਨਾਮ
ਨਹੀਂ ਲੈਂਦੇ, ਉਸ ਨੂੰ ਬਾਬਾ ਜੀ ਕਹਿਕੇ ਯਾਦ ਕਰਦੇ ਹਨ। ਖਰਲ ਅਜੇ ਵੀ ਬਹੁਤ ਹੀ ਬਹਾਦਰ
ਤੇ ਲੜਾਕੂ ਹਨ। ਮਿਰਜੇ ਦੀ ਕਬਰ ਵੀ ਜਿਲ੍ਹਾ ਲਾਇਲਪੁਰ ਦੇ ਖੇਤਰ ਵਿੱਚ ਖਰਲ ਜੱਟਾਂ ਦੇ
ਇਲਾਕੇ ਵਿੱਚ ਹੀ ਸੀ। ਉਸ ਦਾ ਆਪਣਾ ਪਿੰਡ ਦਾਨਾਬਾਦ ਜਿਲ੍ਹਾ ਸ਼ੇਖੂਪੁਰਾ ਤਹਿਸੀਲ ਨਨਕਾਣਾ
ਸਾਹਿਬ ਵਿੱਚ ਸੀ।
ਇਸ ਸਾਰੇ ਅਨੁਸਾਰ ਸਾਂਝੇ ਪੰਜਾਬ ਵਿੱਚ ਖਰਲ ਜੱਟ 18819 ਅਤੇ ਖਰਲ ਰਾਜਪੂਤ 16284
ਸਨ। ਬਹੁਤੇ ਖਰਲ ਪੱਛਮੀ ਪੰਜਾਬ ਵਿੱਚ ਹੀ ਆਬਾਦ ਹਨ। ਸਭ ਮੁਸਲਮਾਨ ਬਣ ਗਏ ਸਨ। ਇਨ੍ਹਾਂ
ਦਾ ਭਾਈਚਾਰਾ ਵੀ ਬਹੁਤ ਵੱਡਾ ਤੇ ਸ਼ਕਤੀਸ਼ਾਲੀ ਹੈ। ਇਹ ਪ੍ਰਾਚੀਨ ਜੱਟ ਕਬੀਲਾ ਹੈ। ਇਹ
ਜਗਤ ਪ੍ਰਸਿੱਧ ਭਾਈਚਾਰਾ ਹੈ। ਹੁਕਮਾ ਸਿੰਘ ਚਿਮਨੀ ਮਹਾਰਾਜਾ ਰਣਜੀਤ ਸਿੰਘ ਦਾ ਇੱਕ
ਸੂਰਬੀਰ ਸਰਦਾਰ ਸੀ। ਚਿਮਣੀ ਵੀ ਖਰਲਾਂ ਦਾ ਉਪਗੋਤ ਹੈ। ਖਰਲ ਗੋਤ ਕੇਵਲ ਪੱਛਮੀ ਪੰਜਾਬ
ਵਿੱਚ ਹੀ ਉਘਾ ਸੀ। ਪੂਰਬੀ ਖਰਲਾਂ ਅਤੇ ਢੱਡਾਂ ਦੀ ਜਿਆਦਾ ਆਬਾਦੀ ਪੱਛਮੀ ਪੰਜਾਬ ਦੇ
ਲਾਹੌਰ ਤੇ ਮੁਲਤਾਨ ਦੇ ਜੰਗਲੀ ਇਲਾਕਿਆਂ ਵਿੱਚ ਫੈਲੀ ਹੋਈ ਸੀ। ਪੂਰਬੀ ਪੰਜਾਬ ਵਿੱਚ ਵੀ
ਖਰਲ ਨਾਮ ਦੇ ਕਈ ਪਿੰਡ ਹਨ। ਇਹ ਖਰਲ ਜੱਟਾਂ ਨੇ ਹੀ ਆਬਾਦ ਕੀਤੇ ਸਨ। ਅਸਲ ਵਿੱਚ ਜੱਟ ਹੀ
ਰਾਜਪੂਤਾਂ ਦੇ ਮਾਪੇ ਹਨ।
|