ਖਹਿਰੇ : ਮਾਨ, ਭੁੱਲਰ, ਹੇਅਰ, ਥਿੰਧ, ਖਹਿਰੇ, ਕੰਗ ਆਦਿ ਜੱਟਾਂ ਦੀਆਂ ਕਈ
ਉਪਜਾਤੀਆਂ ਮੱਧ ਏਸ਼ੀਆ ਦੇ ਸ਼ੱਕਸਤਾਨ ਖੇਤਰ ਤੋਂ ਹੀ ਭਾਰਤ ਵਿੱਚ ਵੱਖ-ਵੱਖ
ਸਮੇਂ ਆਈਆਂ ਹਨ। ਖਹਿਰੇ ਕਬੀਲੇ ਦੇ ਲੋਕ ਈਸਵੀ ਦੂਜੀ ਸਦੀ ਵਿੱਚ ਪਿਸ਼ੌਰ ਦੇ ਸ਼ਹਿਰ
ਖੈਰਾਤ (ਖਹਰ ਨਗਰ) ਤੋਂ ਜਲੰਧਰ ਦੁਆਬੇ ਵੱਲ ਦੀ ਮਾਲਵੇ ਵਿੱਚ ਆਏ। ਇਹ ਮਲੋਈ ਗਣ ਨਾਲ ਲੜ
ਭਿੜ ਕੇ ਛੇਤੀ ਹੀ ਉਨ੍ਹਾਂ ਵਿੱਚ ਰਲਮਿਲ ਗਏ। ਦੁਆਬੇ ਤੋਂ ਕੁਝ ਖਹਿਰੇ ਮਾਲਵੇ ਵੱਲ ਤੇ
ਕੁਝ ਮਾਝੇ ਵੱਲ ਚਲੇ ਗਏ।
ਖਹਿਰੇ ਸੁਭਾਅ ਦੇ ਖਰਵੇ ਤੇ ਲੜਾਕੂ ਸਨ। ਫਿਰੋਜ਼ਪੁਰ ਵਿੱਚ ਤ੍ਰਖਾਣਬੱਧ ਅਤੇ
ਅਬੂਪੁਰਾ, ਗਿੱਦੜਵਿੰਡੀ ਅਤੇ ਖਲਸੀਆਂ ਬਾਜਨ ਆਦਿ ਖਹਿਰਿਆਂ ਦੇ ਪ੍ਰਸਿੱਧ ਪਿੰਡ ਹਨ।
ਸ਼ੁਰੂ-ਸ਼ੁਰੂ ਵਿੱਚ ਮਾਲਵੇ ਦੇ ਫਿਰੋਜ਼ਪੁਰ ਖੇਤਰ ਵਿੱਚ
ਖਹਿਰਿਆਂ ਦੀਆਂ ਮਲ੍ਹੀਆਂ ਨਾਲ ਕਈ ਲੜਾਈਆਂ ਹੋਈਆਂ ਸਨ। ਮਲ੍ਹੀਆਂ ਦਾ ਪ੍ਰਸਿੱਧ ਨਗਰ
ਅਸ਼ਟਾਂਗਕੋਟ ਇਨ੍ਹਾਂ ਨੇ ਹੀ ਬਰਬਾਦ ਕੀਤਾ। ਜਿਲ੍ਹਾ ਲੁਧਿਆਣਾ ਤਹਿਸੀਲ ਸਮਰਾਲਾ ਵਿੱਚ
ਖਹਿਰਾ ਪਿੰਡ ਬਹੁਤਾ ਖਹਿਰੇ ਗੋਤ ਦੇ ਜੱਟਾਂ ਦਾ ਹੀ ਹੈ। ਮੋਗੇ ਦੇ ਨਿਹਾਲ ਸਿੰਘ ਵਾਲਾ
ਖੇਤਰ ਤੇ ਮੱਖੂ ਖੇਤਰ ਵਿੱਚ ਵੀ ਕੁਝ ਖਹਿਰੇ ਵਸਦੇ ਹਨ। ਨਾਭੇ ਵਿੱਚ ਰਾਜਗੜ੍ਹ ਵਿੱਚ ਵੀ
ਕਈ ਖਹਿਰੇ ਗੋਤ ਦੇ ਲੋਕ ਰਹਿੰਦੇ ਹਨ। ਮਾਨਸਾ ਦੇ ਸਰਦੂਲਗੜ੍ਹ ਖੇਤਰ ਵਿੱਚ ਖੈਰਾ ਕਲਾਂ ਤੇ
ਖੈਰਾ ਖੁਰਦ ਦੋ ਪਿੰਡ ਖਹਿਰਿਆਂ ਦੇ ਹੀ ਹਨ। ਮਾਨਸਾ ਤੋਂ ਕੁਝ ਖਹਿਰੇ ਹਰਿਆਣੇ ਦੇ ਫਤਿਹ
ਆਬਾਦ ਖੇਤਰ ਵਿੱਚ ਵੀ ਗਏ ਹਨ। ਮਾਲਵੇ ਵਿੱਚ ਵੀ ਖਹਿਰੇ ਗੋਤ ਦੇ ਲੋਕ ਕਾਫ਼ੀ ਆਬਾਦ ਹਨ।
ਮਾਝੇ ਵਿੱਚ ਖਡੂਰ ਸਾਹਿਬ, ਨਾਗੋਕੇ, ਉਸਮਾਂ, ਸੇਰੋਂ, ਚੂਸਲੇਵੜ, ਖਹਿਰਾਂ, ਮਾਣਕਪੁਰ ਆਦਿ
ਖਹਿਰੇ ਜੱਟਾਂ ਦੇ ਵੱਡੇ-ਵੱਡੇ ਪਿੰਡ ਹਨ। ਫਤਿਹਗੜ੍ਹ
ਚੂੜੀਆਂ ਜਿਲ੍ਹਾ ਗੁਰਦਾਸਪੁਰ ਦੇ ਇਲਾਕੇ ਵਿੱਚ ਵੀ ਖਹਿਰੇ ਜੱਟਾਂ ਦਾ ਉਘਾ ਪਿੰਡ ਖਹਿਰਾ
ਕਲਾਂ ਹੈ।
ਪੰਜਾਬ ਵਿੱਚ ਖਹਿਰਾ ਨਾਮ ਦੇ ਕਈ ਪਿੰਡ ਹਨ। ਬੰਦੇ ਬਹਾਦਰ ਦੇ ਸਮੇਂ ਖਹਿਰੇ ਜੱਟਾਂ ਨੇ
ਮੁਸਲਮਾਨ ਜਾਗੀਰਦਾਰਾਂ ਦੇ ਪਿੰਡਾਂ ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ। ਮਾਝੇ ਤੋਂ ਅੱਗੇ
ਕੁਝ ਖਹਿਰੇ ਜੱਟ ਪੱਛਮੀ ਪੰਜਾਬ ਵਿੱਚ ਵੀ ਚਲੇ ਗਏ ਸਨ। ਦੁਆਬੇ ਵਿੱਚ ਖਹਿਰੇ ਜੱਟਾਂ ਦੀ
ਗਿਣਤੀ ਵੱਧ ਹੀ ਹੈ। ਜਲੰਧਰ ਅਤੇ ਕਪੂਰਥਲੇ ਦੇ ਭੁਲੱਥ ਆਦਿ ਖੇਤਰਾਂ ਵਿੱਚ ਹੀ ਕੁਝ
ਪਿੰਡਾਂ ਵਿੱਚ ਖਹਿਰੇ ਆਬਾਦ ਹਨ।
ਖਹਿਰੇ ਗੋਤ ਦਾ ਮੋਢੀ ਖਹਿਰਾ ਇੱਕ ਧਾੜਵੀ ਸੀ। ਉਸ ਨੇ ਮਾਝੇ ਦੇ ਖੱਡੂਰ ਸਾਹਿਬ ਖੇਤਰ
ਵਿੱਚ ਆ ਕੇ ਇੱਕ ਜੱਟ ਇਸਤਰੀ ਨਾਲ ਵਿਆਹ ਕਰ ਲਿਆ ਅਤੇ ਸਦਾ ਲਈ ਜੱਟ ਭਾਈਚਾਰੇ ਵਿੱਚ
ਰਲਮਿਲ ਗਿਆ।
ਖਹਿਰਿਆਂ ਦੇ ਦੋ ਜਠੇਰੇ ਰਾਜਪਾਲ ਤੇ ਉਸ ਦਾ ਪੋਤਾ ਸ਼ਹਿਜ਼ਾਦਾ ਸਨ ਜੋ ਖੱਡੂਰ ਸਾਹਿਬ
ਦੇ ਖੇਤਰ ਵਿੱਚ ਕੰਗਾਂ ਨਾਲ ਲੜਦੇ ਹੋਏ ਮਾਰੇ ਗਏ ਸਨ। ਖਹਿਰੇ ਵੀ ਆਪਣੇ ਇਸ ਸਿੱਧ ਦੀ
ਪੂਜਾ ਕਰਦੇ ਹਨ। ਉਸ ਦਾ ਮੱਠ ਖੱਡੂਰ ਵਿੱਚ ਹੀ ਹੈ। ਉਥੇ ਉਹ ਪੰਜੀਰੀ ਆਦਿ ਦਾ ਚੜ੍ਹਾਵਾ
ਚੜ੍ਹਾਉਂਦੇ ਹਨ। ਉਹ ਨਵੀਂ ਸੂਈ ਮੱਝ ਜਾਂ ਗਊ ਦਾ ਦੁੱਧ ਵਰਤਣ ਤੋਂ ਪਹਿਲਾਂ ਮੱਠ ਤੇ
ਜ਼ਰੂਰ ਚੜ੍ਹਾਉਂਦੇ ਹਨ। ਵਿਸਾਖ, ਮਘਰ ਤੇ ਜੇਠ ਵਿੱਚ ਉਹ ਕੁਝ ਦਿਨ ਆਪਣੇ ਸਿੱਧ ਦੀ ਪੂਜਾ
ਕਰਦੇ ਹਨ। ਇਹ ਸਿੱਧ ਖੱਡੂਰ ਸਾਹਿਬ ਵਿੱਚ ਹੀ ਆਪਣੇ ਦੁਸ਼ਮਣ ਧਾੜਵੀਆਂ ਨਾਲ ਲੜਦਾ ਹੋਇਆ
ਸ਼ਹੀਦ ਹੋ ਗਿਆ ਸੀ। ਜਿਥੇ ਉਹ ਵੈਰੀਆਂ ਨਾਲ ਲੜਦਾ-ਲੜਦਾ
ਅੰਤ ਵਿੱਚ ਡਿੱਗਿਆ, ਉਥੇ ਉਸ ਦੀ ਸਮਾਧ ਹੈ। ਖਹਿਰਿਆਂ ਨੇ ਕੰਗਾਂ ਨਾਲ ਕਈ ਲੜਾਈਆਂ ਕਰਕੇ
ਅੰਤ ਖੱਡੂਰ ਸਾਹਿਬ ਦੇ ਖੇਤਰ ਤੇ ਕਬਜ਼ਾ ਕਰ ਲਿਆ।
ਖਹਿਰੇ ਮਹਾਨ ਖਾੜਕੂ ਸਨ।
ਬਹੁਤੇ ਖਹਿਰੇ ਆਪਣੇ ਆਪ ਨੂੰ ਯਾਦੋ ਬੰਸੀ ਮੰਨਦੇ ਹਨ ਤੇ ਆਪਣਾ ਪਿਛੋਕੜ ਜਮਨਾ ਦਾ
ਖੇਤਰ ਮੱਥਰਾ ਨਗਰੀ ਦਸਦੇ ਹਨ। ਇਹ ਸਭ ਤੋਂ ਪਹਿਲਾਂ ਮਾਲਵੇ ਦੇ ਖੇਤਰ ਫਿਰੋਜ਼ਪੁਰ ਦੇ
ਪਿੰਡਾਂ ਤ੍ਰਖਾਣਬੱਧ ਤੇ ਗਿੱਦੜਵਿੰਡੀ ਆਦਿ ਵਿੱਚ ਮਲੀਆਂ, ਕੰਗਾਂ ਆਦਿ ਨੂੰ ਹਰਾ ਕੇ ਆਬਾਦ
ਹੋਏ। ਬਹੁਤੇ ਖਹਿਰੇ ਲੁਧਿਆਣੇ ਤੇ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਵੀ ਆਬਾਦ ਹੋਏ।
ਸਾਂਦਲਬਾਰ ਵਿੱਚ ਖਹਿਰਿਆਂ ਵਾਲ ਪਿੰਡ ਖਹਿਰੇ ਜੱਟਾਂ ਦਾ ਹੀ ਸੀ। ਮੁਲਤਾਨ ਜਿਲ੍ਹੇ ਦੀ
ਤਹਿਸੀਲ ਕਾਬੀਰ ਵਾਲਾ ਵਿੱਚ ਵੀ ਕਾਫ਼ੀ ਸਮੇਂ ਤੋਂ ਖਹਿਰੇ ਜੱਟ ਆਬਾਦ ਸਨ।
ਖਹਿਰੇ ਗੋਤ ਦੇ ਲੋਕ ਪਰਜਾਪਤ ਆਦਿ ਦਲਿਤ ਜਾਤੀਆਂ ਵਿੱਚ ਵੀ ਹਨ। ਖਹਿਰੇ ਸਿੱਖ ਵੀ ਹਨ
ਅਤੇ ਮੁਸਲਮਾਨ ਵੀ ਕਾਫ਼ੀ ਹਨ। ਪਾਕਿਸਤਾਨ ਵਿੱਚ ਖਹਿਰਾ, ਗਿੱਲ, ਮਾਨ, ਵਿਰਕ, ਸੰਧੂ ਆਦਿ
ਗੋਤਾਂ ਦਾ ਮੁਸਲਮਾਨ ਜੱਟ ਲਾਇਲਪੁਰ, ਸ਼ੇਖੂਪੁਰਾ, ਪਿੰਡੀ ਆਦਿ ਵਿੱਚ ਬਹੁਤ ਸਨ।
ਖਹਿਰੇ ਕ੍ਰਿਸ਼ਨ ਦੇ ਪੁੱਤਰ ਬੁਜ਼ ਦੀ ਬੰਸ ਵਿਚੋਂ ਹਨ।
ਪ੍ਰਸਿੱਧ ਅਕਾਲੀ ਲੀਡਰ ਗਿਆਨੀ ਕਰਤਾਰ ਸਿੰਘ ਖਹਿਰਾ ਗੋਤ ਦਾ ਜੱਟ ਸੀ। ਖਹਿਰਿਆਂ ਦਾ
ਕੁਰਸੀਨਾਮਾ ਵੀ ਯਾਦਵਾਂ ਨਾਲ ਹੀ ਠੀਕ-ਠੀਕ ਮਿਲਦਾ ਹੈ।
ਪੰਜਾਬ ਵਿੱਚ ਖਹਿਰੇ ਗੋਤ ਦੇ ਜੱਟ ਕਾਫ਼ੀ ਹਨ। ਸਿੱਖ ਧਰਮ ਧਾਰਨ ਕਰਕੇ ਖਹਿਰੇ ਜੱਟ ਹੁਣ
ਪੁਰਾਣੇ ਰਸਮ ਰਿਵਾਜ਼ ਛੱਡ ਰਹੇ ਹਨ। ਖਹਿਰੇ ਜੱਟ ਗੁਰੂ ਅੰਗਦ ਦੇਵ ਜੀ ਦੇ ਸਮੇਂ ਹੀ
ਕਾਫ਼ੀ ਗਿਣਤੀ ਵਿੱਚ ਸਿੱਖ ਬਣ ਗਏ ਸਨ। ਖਹਿਰਾ ਉਘਾ ਤੇ ਛੋਟਾ ਗੋਤ ਹੈ। ਖੈਰੇ ਹਿੰਦੂ ਜਾਟ
ਆਗਰੇ ਜਿਲ੍ਹੇ ਵਿੱਚ ਵੀ ਵਸਦੇ ਹਨ। ਇਸ ਗੋਤ ਦਾ ਮੋਢੀ ਕ੍ਰਿਸ਼ਨ ਬੰਸੀ ਖੈਰ ਸੀ। ਖਹਿਰਾ
ਜੱਗਤ ਪ੍ਰਸਿੱਧ ਗੋਤ ਹੈ।
|