ਕਾਹਲੋਂ : ਇਸ ਬੰਸ ਦਾ ਮੋਢੀ ਕਾਹਲਵਾਂ ਸੀ। ਇਹ ਅੱਗਨੀ ਕੁਲ ਪੰਵਾਰਾਂ ਵਿਚੋਂ
ਹਨ। ਰਾਜਪੂਤਾਂ ਦੀਆਂ ਚਾਰ ਅੱਗਨੀ ਕੁਲ ਤੇ ਦੋ ਹੋਰ ਜਾਤੀਆਂ ਸ਼ਾਹੀ ਕੌਮਾਂ ਵਿਚੋਂ
ਗਿਣੀਆਂ ਜਾਂਦੀਆਂ ਹਨ।
ਕਾਹਲੋਂ ਆਪਣੇ ਆਪ ਨੂੰ ਧਾਰਾ ਨਗਰੀ ਦੇ ਰਾਜੇ ਬਿੱਕਰਮਾਦਿੱਤ ਅਤੇ ਜੱਗਦੇਉ ਪਰਮਾਰ ਦੀ
ਬੰਸ ਵਿਚੋਂ ਸਮਝਦੇ ਹਨ। ਇਹ ਜੱਗਦੇਉ ਬੰਸੀ ਸੋਲੀ ਨਾਲ ਧਾਰਾ ਨਗਰੀ ਨੂੰ ਛੱਡ ਕੇ ਗਿਆਰਵੀਂ
ਸਦੀ ਵਿੱਚ ਪੰਜਾਬ ਵਿੱਚ ਆਏ। ਕੁਝ ਸਮਾਂ ਲੁਧਿਆਣੇ ਦੇ ਖੇਤਰ ਵਿੱਚ ਰਹਿਕੇ ਫਿਰ ਅੱਗੇ
ਗੁਰਦਾਸਪੁਰ ਜਿਲ੍ਹੇ ਦੇ ਬਟਾਲੇ ਦੇ ਨਜ਼ਦੀਕ ਹੀ ਆਬਾਦ ਹੋ ਗਏ। ਕੁਝ ਸਿਆਲਕੋਟ ਵੱਲ ਚਲੇ
ਗਏ। ਇਹ ਬਹੁਤੇ ਗੁਰਦਾਸਪੁਰ ਤੇ ਸਿਆਲਕੋਟ ਦੇ ਦੱਖਣੀ ਖੇਤਰ ਵਿੱਚ ਹੀ ਆਬਾਦ ਹੋਏ।
ਗੁਰਦਾਸਪੁਰ ਵਿੱਚ ਕਾਹਲੋਂ ਗੋਤ ਦਾ ਕਾਹਲੋਂ ਪਿੰਡ ਸਾਰੇ ਮਾਝੇ ਵਿੱਚ ਪ੍ਰਸਿੱਧ ਹੈ। ਕੁਝ
ਕਾਹਲੋਂ ਲਾਹੌਰ ਅਤੇ ਗੁੱਜਰਾਂਵਾਲਾ ਵਿੱਚ ਵੀ ਆਬਾਦ ਹੋ ਗਏ ਸਨ।
ਰਾਵਲਪਿੰਡੀ ਅਤੇ ਮੁਲਤਾਨ ਵਿੱਚ ਕਾਹਲੋਂ ਬਹੁਤ ਹੀ ਘੱਟ ਸਨ। ਪੱਛਮੀ ਪਾਕਿਸਤਾਨ ਵਿੱਚ
ਕੁਝ ਕਾਹਲੋਂ ਮੁਸਲਮਾਨ ਵੀ ਬਣ ਗਏ ਸਨ। ਮਾਛੀਵਾੜਾ ਅਤੇ ਫਿਰੋਜ਼ਪੁਰ ਦੇ ਬੇਟ ਇਲਾਕੇ ਵਿੱਚ
ਵੀ ਕੁਝ ਕਾਹਲੋਂ ਜੱਟ ਵਸਦੇ ਹਨ। ਦੁਆਬੇ ਵਿੱਚ ਕਾਹਲੋਂ ਕਾਫ਼ੀ ਹਨ। ਜਲੰਧਰ ਜਿਲ੍ਹੇ ਵਿੱਚ
ਕਾਹਲਵਾਂ ਪਿੰਡ ਵਿੱਚ ਵੀ ਕਾਹਲੋਂ ਗੋਤ ਦੇ ਜੱਟ ਆਬਾਦ ਹਨ। ਹੁਸ਼ਿਆਰਪੁਰ ਦੇ ਗੜ੍ਹਦੀਵਾਲਾ
ਖੇਤਰ ਵਿੱਚ ਰਿਆਸਤ ਕਪੂਰਥਲਾ ਵਿੱਚ ਵੀ ਕਾਫ਼ੀ ਪਿੰਡਾਂ ਵਿੱਚ ਹਨ।
ਕਾਹਲੋਂ ਭਾਈਚਾਰੇ ਨੇ ਪੰਜਾਬ ਵਿੱਚ ਆਕੇ ਪੰਜਾਬੀ ਜੱਟਾਂ ਨਾਲ ਰਿਸ਼ਤੇਦਾਰੀਆਂ ਪਾ
ਲਈਆਂ। ਹੋਰ ਜੱਗਦੇਉ ਬੰਸੀ ਜੱਟਾਂ ਵਾਂਗ ਇਹ ਵੀ ਸਦਾ ਲਈ ਜੱਟ ਭਾਈਚਾਰੇ ਵਿੱਚ ਰਲ ਮਿਲ
ਗਏ। ਅੱਗੇ ਤੋਂ ਰਾਜਪੂਤਾਂ ਨਾਲੋਂ ਆਪਣੇ ਸੰਬੰਧ ਤੋੜ ਦਿੱਤੇ। ਦੁਆਬੇ ਤੋਂ ਕਾਫ਼ੀ ਕਾਹਲੋਂ
ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਹਨ। ਹੁਣ ਪੰਜਾਬ ਵਿੱਚ ਸਾਰੇ ਕਾਹਲੋਂ ਜੱਟ ਸਿੱਖ ਹਨ। ਇਹ
ਪ੍ਰਾਚੀਨ ਜੱਟ ਹਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਕਾਹਲੋਂ
ਜੱਟਾਂ ਦੀ ਗਿਣਤੀ 23550 ਸੀ। ਕਾਹਲੋਂ, ਜੱਟਾਂ ਦਾ ਪ੍ਰਸਿੱਧ ਗੋਤ ਹੈ। ਕਾਹਲੋਂ ਜੱਟ
ਸਿਆਣੇ ਤੇ ਮਿਹਨਤੀ ਹੁੰਦੇ ਹਨ। ਪੰਜਾਬ ਦੇ ਸਾਬਕਾ ਮੁੱਖ ਸਕੱਤਰ ਗਿਆਨ ਸਿੰਘ ਕਾਹਲੋਂ ਜੱਟ
ਸਨ। ਜੱਟਾਂ ਦੇ 21 ਗੋਤ ਜੱਗਦੇਉ ਬੰਸੀ ਪਰਮਾਰਾ ਵਿਚੋਂ ਹਨ। ਗੁਲਾਬ ਸਿੰਘ ਭਾਗੋਵਾਲੀਆਂ
ਮਾਝੇ ਦਾ ਕਾਹਲੋਂ ਜੱਟ ਸੀ। ਕਾਹਲੋਂ ਉਘਾ ਤੇ ਛੋਟਾ ਗੋਤ ਹੈ।
|