ਜੌਹਲ – ਜੱਟ, ਗੁੱਜਰ ਤੇ ਅਹੀਰ ਤਿੰਨੇ ਜਾਤੀਆਂ ਮਧ ਏਸ਼ੀਆ ਦੇ ਸ਼ੱਕਸਤਾਨ ਖੇਤਰ
ਤੋਂ ਵਖ ਵਖ ਸਮੇਂ ਵਖ ਵਖ ਕਬੀਲਿਆਂ ਦੇ ਰੂਪ ਵਿਚ ਆਏ ਹਨ। ਜੱਟ ਤਾਂ ਈਸਵੀ ਸੰਨ ਤੋਂ ਵੀ
ਇਕ ਹਜ਼ਾਰ ਸਾਲ ਪਹਿਲਾਂ ਮਹਾਂਭਾਰਤ ਦੇ ਯੁੱਧ ਸਮੇਂ ਭਾਰਤ ਵਿਚ ਆ ਚੁਕੇ ਸਨ। ਜੱਟ ਕਬੀਲਿਆਂ
ਨੇ ਮਹਾਂਭਾਰਤ ਦੇ ਯੁੱਧ ਵਿਚ ਵੀ ਹਿੱਸਾ ਲਿਆ ਸੀ। ਅਹੀਰ ਤੇ ਗੁਜਰ ਜੱਟਾਂ ਤੋਂ ਮਗਰੋਂ ਆਏ
ਹਨ।
ਜੌਹਲ, ਜੱਟਾਂ ਦਾ ਮਹਾਂਭਾਰਤ ਦੇ ਸਮੇਂ ਦਾ ਹੀ ਇਕ ਪੁਰਾਣਾ ਕਬੀਲਾ ਹੈ। ਇਸ
ਕਬੀਲੇ ਦਾ ਮੋਢੀ ਜੌਹਲ ਸੀ। ਜੌਹਲ ਯਾਦੂ ਬੰਸੀ ਹਨ। ਇਨ੍ਹਾਂ ਦੇ ਵਡੇਰੇ ਰਾਜਾ ਗੱਜ਼ ਨੇ
ਪੰਜਵੀਂ ਸਦੀ ਈਸਵੀ ਵਿਚ ਗਜ਼ਨੀ ਸ਼ਹਿਰ ਦੀ ਨੀਂਹ ਰੱਖੀ। ਜੌਹਲ, ਲਾਲੀ ਆਦਿ ਜੱਟ ਕਬੀਲਿਆਂ
ਦਾ ਅਫਗ਼ਾਨਿਸਤਾਨ ਦੇ ਇਸ ਇਲਾਕੇ ਵਿਚ 871 ਈਸਵੀਂ ਤਕ ਰਾਜ ਰਿਹਾ। ਆਖਰ ਮੁਸਲਮਾਨਾਂ ਦੇ
ਹਮਲਿਆਂ ਤੋਂ ਤੰਗ ਆਕੇ ਇਹ ਲੋਕ ਕਸ਼ਮੀਰ, ਪੰਜਾਬ ਤੇ ਰਾਜਸਥਾਨ ਵਲ ਆ ਗਏ।
ਯਾਦੂ ਬੰਸੀ ਸਲਵਾਨ ਗਜ਼ਨੀ ਛੱਡ ਕੇ ਆਪਣੇ ਭਾਈਚਾਰੇ ਨੂੰ ਨਾਲ ਲੈ ਕੇ ਭਾਰਤ ਵਿਚ ਆਇਆ।
ਇਸ ਦੇ ਪੰਦਰਾਂ ਪੁੱਤਰ ਸਨ। ਇਸ ਦੀ ਬੰਸ ਵਿਚ ਕਈ ਨਵੇਂ ਗੋਤ ਪੈਦਾ ਹੋਏ। ਭੱਟੀ ਵੀ ਇਸ ਦੀ
ਬੰਸ ਵਿਚੋਂ ਹਨ। ਬਾਰ੍ਹਵੀਂ ਸਦੀ ਵਿਚ ਕੁਝ ਭੱਟੀ ਰਾਜ ਪ੍ਰਾਪਤ ਕਰਕੇ ਰਾਜਪੂਤ ਬਣ ਗਏ ਤੇ
ਕੁਝੀ ਭੱਟੀ ਜੱਟ ਤੇ ਦਲਿਤ ਜਾਤੀਆਂ ਵਿਚ ਸ਼ਮਲ ਹੋ ਗਏ। ਰਾਜਪੂਤਾਂ ਤੇ ਜੱਟਾਂ ਦੇ ਵਡੇਰੇ
ਇਕ ਹੀ ਹਨ। ਖੁਨ ਵੀ ਸਾਂਝਾ ਹੈ।
ਪਿਸ਼ਾਵਰ ਦੇ ਨੇੜੇ ਜੌਹਲ ਕਿਲਾ ਬਹੁਤ ਮਜ਼ਬੂਤ ਸੀ। ਜੌਹਲ ਜੱਟਾਂ ਨੇ ਕਾਫੀ ਸਮਾਂ ਅਰਬਾਂ
ਨੂੰ ਖੈਬਰ ਦਰੇ ਰਾਹੀਂ ਭਾਰਤ ਵਿਚ ਦਾਖਲ ਹੋਣੋਂ ਰੋਕੀ ਰਖਿਆ। ਅਰਬ, ਜੌਹਲ ਕਬੀਲੇ ਤੋਂ
ਡਰਦੇ ਸਨ। ਵਾਸੂਦੇਵ ਦੇ ਪੁਰਾਣੇ ਸਿੱਕਿਆਂ ਤੇ ਜੌਹਲਸਤਾਨ ਲਿਖਿਆ ਹੈ। ਆਖਰ ਜੌਹਲਾਂ ਨੂੰ
ਵੀ ਆਪਣੇ ਭਾਈਚਾਰੇ ਦੇ ਨਾਲ ਗਜ਼ਨੀ ਤੇ ਕਾਬਲ ਆਦਿ ਦੇ ਖੇਤਰ ਛੱਡਕੇ ਭਾਰਤ ਵਿਚ ਆਉਣਾ ਪਿਆ।
ਰਾਜਸਤਾਨ ਦੇ ਭੱਟਨੇਰ ਖੇਤਰ ਵਿਚ ਆਕੇ ਆਬਾਦ ਹੋ ਗਏ। ਇਹ ਭੱਟੀਆ ਨੂੰ ਵੀ ਆਪਣੇ ਭਾਈਚਾਰੇ
ਵਿਚੋਂ ਸਮਝਦੇ ਹਨ। ਕਰਨਲ ਟਾਡ ਨੇ ਆਪਣੀ ਪੁਸਤਕ ਵਿਚ ਰਾਜਸਤਾਨ ਦੇ ਭੱਟੀਆਂ ਦਾ ਪਿਛੋਕੜ
ਗਜ਼ਨੀ ਖੇਤਰ ਹੀ ਦੱਸਿਆ ਹੈ।
ਇਕ ਦੰਦ ਕਥਾ ਅਨੁਸਾਰ ਇਕ ਵਾਰ ਕੁਝ ਯਾਦਵਾ ਨੇ ਕਿਸੇ ਦੁਰਭਾਸਾ ਰਿਸ਼ੀ ਨੂੰ ਮਖੌਲ਼ ਕੀਤਾ
ਸੀ। ਉਸ ਰਿਸ਼ੀ ਦੇ ਸਰਾਫ ਮਗਰੋਂ ਜੋ ਬੱਚਾ ਪੈਦਾ ਹੋਇਆ, ਉਹ ਆਪਣੇ ਭਾਈਚਾਰੇ ਨਾਲੋਂ ਟੁਟ
ਕੇ ਅੱਡ ਰਹਿਣ ਲਗ ਪਿਆ। ਉਸ ਨੇ ਆਪਣੇ ਨਾਮ ਤੇ ਆਪਣਾ ਨਵਾ ਗੋਤ ਰੱਖ ਲਿਆ। ਇਹ ਕਹਾਣੀ ਸਹੀ
ਨਹੀਂ ਲਗਦੀ। ਕੇਵਲ ਕਲਪਤ ਹੈ। ਯਾਦਵ ਸ਼ਰਾਬ ਨੇ ਬਰਾਬਾਦ ਕੀਤੇ। ਜਦੋਂ ਅਮੀਰ ਤੈਮੂਰ ਨੇ
1398 ਈਸਵੀਂ ਵਿਚ ਜੈਸਲਮੇਰ ਤੇ ਭੱਟਨੇਰ ਦੇ ਖੇਤਰਾਂ ਨੂੰ ਤਬਾਹ ਕੀਤਾ ਤਾਂ ਜੌਹਲ ਜੱਟ
ਆਪਣੇ ਭੱਟੀ ਭਾਈਚਾਰੇ ਪਾਸ ਲੁਧਿਆਣੇ ਜ਼ਿਲੇ ਵਿਚ ਆ ਗਏ। ਇਸ ਇਲਾਕੇ ਵਿਚ ਨਵਾਂ ਜੌਹਲਾਂ
ਪਿੰਡ ਆਬਾਦ ਕੀਤਾ। ਕੁਝ ਜੌਹਲ ਮੋਗੇ ਤੇ ਜ਼ੀਰੇ ਦੇ ਇਲਾਕੇ ਵਿਚ ਆਬਾਦ ਹੋ ਗਏ। ਮੋਗੇ ਦੇ
ਗਿੱਲਾਂ ਨੇ ਆਪਣੇ ਇਲਾਕੇ ਵਿਚ ਜੌਹਲਾਂ ਦੇ ਪੈਰ ਨਹੀਂ ਲੱਗਣ ਦਿੱਤੇ। ਗਿੱਲਾਂ ਨਾਲ
ਲੜਾਈਆਂ ਤੋਂ ਤੰਗ ਆਕੇ ਜੌਹਲ ਬਘਿਆਣਾਂ, ਲੁਧਿਆਣਾ ਤੇ ਜੰਡਿਆਲਾ ਦਾ ਖੇਤਰ ਛਡ ਕੇ ਮਾਝੇ
ਵਿਚ ਚਲੇ ਗਏ। ਕੁਝ ਦੁਆਬੇ ਵਿਚ ਜਾ ਵਸੇ। ਮਾਝੇ ਵਿਚ ਜੋਹਲਾਂ ਦਾ ਪ੍ਰਸਿਧ ਪਿੰਡ ਵਡਾਲਾ
ਜੌਹਲ ਹੈ। ਗੁਰਦਾਸਪੁਰ ਜ਼ਿਲੇ ਦੇ ਬਟਾਲੇ ਖੇਤਰ ਵਿਚ ਜੌਹਲ ਜੱਟ ਕਾਫੀ ਹਨ।
ਸਭ ਤੋਂ ਵੱਧ ਜੌਹਲ ਜੱਟ ਦੁਆਬੇ ਵਿਚ ਹਨ। ਦੁਆਬੇ ਵਿਚ ਜੌਹਲ ਤੇ ਜੰਡਿਆਲਾ ਦੋਵੇ ਜੌਹਲ
ਜੱਟਾਂ ਦੇ ਬਹੁਤ ਹੀ ਪਰਸਿੱਧ ਪਿੰਡ ਹਨ। ਹੁਸ਼ਿਆਰਪੁਰ ਵਿਚ ਵੀ ਇਸ ਬਰਾਦਰੀ ਦਾ ਇਕ ਪਿੰਡ
ਜੌਹਲ ਕਾਫੀ ਪ੍ਰਸਿਧ ਹੈ। ਜੌਹਲ ਨਾਮ ਦੇ ਪੰਜਾਬ ਵਿਚ ਕਾਫੀ ਪਿੰਡ ਹਨ। ਪੰਜਾਬ ਦਾ ਸਾਬਕਾ
ਮੁਖ ਮਮਤਰੀ ਦਰਬਾਰਾ ਸਿੰਘ ਜੌਹਲ ਜੱਟ ਸੀ। ਜੌਹਲ ਜੱਟ ਸਿਆਣੇ ਮਿਹਨਤੀ ਤੇ ਸੂਰਬੀਰ ਹੁੰਦੇ
ਹਨ। ਦੁਆਬੇ ਵਿਚੋਂ ਬਹੁਤ ਸਾਰੇ ਜੌਹਲ ਜੱਟ ਅਮਰੀਕਾ ਤੇ ਕੈਨੇਡਾ ਆਦਿ ਬਾਹਰਲੇ ਦੇਸ਼ਾਂ ਵਿਚ
ਵੀ ਗਏ ਹਨ। ਬਹੁਤ ਉਨਤੀ ਕੀਤੀ ਹੈ। ਪੰਜਾਬ ਵਿਚ ਜੌਹਲ, ਜੱਟਾਂ ਦਾ ਇਕ ਛੋਟਾ ਗੋਤ ਹੀ ਹੈ।
ਜੌਹਲ ਮਜ਼੍ਹਬੀ ਸਿੱਖ ਆਦਿ ਦਲਿਤ ਜਾਤੀਆਂ ਵਿਚ ਵੀ ਹਨ। ਪੰਜਾਬ ਵਿਚ ਸਾਰੇ ਜੌਹਲ ਸਿੱਖ ਹੀ
ਹਨ। ਜੌਹਲ, ਜੱਟਾਂ ਦਾ ਬਹੁਤ ਹੀ ਪ੍ਰਸਿਧ ਤੇ ਪ੍ਰਭਾਸ਼ਾਲੀ ਗੋਤ ਹੈ।
ਜੌਹਲ ਵੀ ਯਾਦਵ ਬੰਸੀ ਭੱਟੀ ਕਬੀਲੇ ਦੀ ਇੱਕ ਸ਼ਾਖ ਹੈ। ਭੱਟੀਆਂ ਵਾਂਗ ਇਹ ਵੀ ਖਾੜਕੂ
ਜੱਟ ਹਨ। ਇਨ੍ਹਾਂ ਨੇ ਅਫਗ਼ਾਨਿਸਤਾਨ ਦੇ ਕਈ ਖੇਤਰਾਂ ਤੇ ਕਾਫੀ ਸਮਾਂ ਰਾਜ ਕੀਤਾ ਸੀ। ਆਖਰ
ਪੰਜਾਬ ਵਿਚ ਹੀ ਆਉਣਾ ਪਿਆ। ਜੌਹਲਾਂ ਦੇ ਵਡੇਰੇ ਯਾਦੂ ਰਿਗਵੇਦ ਦੇ ਸਮੇਂ ਤੋਂ ਹੀ ਸਪੱਤ
ਸਿੰਧੂ ਪ੍ਰਦੇਸ ਵਿਚ ਰਹਿੰਦੇ ਸਨ। ਪੂਰਬੀ ਪੰਜਾਬ ਵਿਚ ਜੌਹਲ ਜੱਟ ਸਿੱਖ ਹਨ ਪਰ ਪੱਛਮੀ
ਪੰਜਾਬ ਵਿਚ ਜੌਹਲ ਮੁਸਲਮਾਨ ਹਨ।
ਸਰਦਾਰਾ ਸਿੰਘ ਜੌਹਲ ਮਹਾਨ ਵਿਦਵਾਨ ਤੇ ਆਰਥਿਕ ਮਾਹਿਰ ਹਨ। |