ਜਵੰਦੇ – ਇਹ ਜੈਸਲਮੇਰ ਦੇ ਰਾਜੇ ਜੈਸਲ ਦੇ ਭਰਾ ਦੁਸਲ ਦੀ ਬੰਸ ਵਿਚੋਂ ਹਨ। ਇਹ
ਜੈਸਲਮੇਰ ਦੇ ਭੱਟੀ ਰਾਜਪੂਤ ਸਨ। ਇਹ ਬਾਰ੍ਹਵੀਂ ਸਦੀ ਦੇ ਅੰਤ ਵਿਚ ਬਠਿੰਡੇ, ਮਾਨਸਾ ਤੇ
ਸੰਗਰੂਰ ਦੇ ਖੇਤਰ ਵਿਚ ਆਏ ਸਨ। ਜਵੰਦੇ ਗੋਤ ਦੇ ਮੋਢੀ ਦਾ ਨਾਮ ਜਵੰਦਾ ਹੀ ਸੀ। ਇਬਟਸਨ ਨੇ
ਵੀ ਜਵੰਦੇ ਨੂੰ ਭੱਟੀ ਖਾਨਦਾਨ ਵਿਚੋਂ ਹੀ ਦੱਸਿਆ ਹੈ। ਜਵੰਦੇ ਪਹਿਲਾਂ ਪਹਿਲ ਮਾਦੋਦਾਸ
ਬੈਰਾਗੀ ਦੇ ਸਿੱਖ ਹਨ। ਜਦੋਂ ਨੌਵੇਂ ਗੁਰੁ ਤੇਗ ਬਹਾਦਰ ਜੀ ਸਿੱਖੀ ਪ੍ਰਚਾਰ ਲਈ ਮਾਲਵੇ
ਵਿਚ ਆਏ ਤਾਂ ਕੁਝ ਦਿਨ ਸੁਨਾਮ ਦੇ ਖੇਤਰ ਮੁਲੌਵਾਲ ਠਹਿਰਕੇ ਸੇਖੇ ਗਏ ਤਾਂ ਉਸ ਸਮੇਂ ਉਸ
ਖੇਤਰ ਵਿਚ ਜਵੰਦਿਆਂ ਦੇ 22 ਪਿੰਡ ਸਨ। ਉਨ੍ਹਾਂ ਦਾ ਚੌਧਰੀ ਤਲੋਕਾ ਸੀ। ਉਨ੍ਹਾਂ ਨੇ ਗੁਰੁ
ਜੀ ਦੀ ਪਰਵਾਹ ਨਾ ਕੀਤੀ। ਪਿੰਡ ਦੇ ਦੱਖਣ ਦੇ ਪਾਸੇ ਢਾਂਬ ਉਤੇ ਗੁਰੁ ਜੀ ਨੇ ਡੇਰਾ ਕੀਤਾ।
ਉਥੇ ਦੁਰਗੂ ਨਾਮ ਦਾ ਹਰੀਕਾ ਜੱਟ ਰਹਿੰਦਾ ਸੀ। ਉਸਨੇ ਗੁਰੁ ਜੀ ਦੀ ਬਹੁਤ ਸੇਵਾ ਕੀਤੀ। ਉਹ
ਜੱਟ, ਜਵੰਦਿਆਂ ਦਾ ਜੁਆਈ ਸੀ। ਗੁਰੁ ਜੀ ਨੇ ਉਸ ਨੂੰ ਦੱਸਿਆ ਕਿ ਇਹ ਜਗ੍ਹਾ ਇਕ ਦਿਨ ਉਜੜ
ਜਾਵੇਗੀ। 'ਜਵੰਦਿਆਂ ਨਾਲ ਸੈਦਪੁਰ (ਏਮਨਾਵਾਦ) ਵਾਲੀ ਹੋਣੀ ਹੈ। ਭਾਈ ਸਿੱਖਾ ਤੂੰ ਏਥੋ
ਆਪਣੇ ਪੁਰਾਣੇ ਪਿੰਡ ਦੁਆਬੇ ਵੱਲ ਹੀ ਵਲਾ ਜਾ'। ਗੁਰੂ ਸਾਹਿਬ ਦੀ ਇਹ ਭਵਿਖਬਾਣੀ ਸੱਚੀ
ਸਾਬਤ ਹੋਈ ਸੀ। ਮੁਸਲਮਾਨ ਸ਼ੇਖਾਂ ਦੀਆਂ ਫੌਜਾਂ ਨੇ ਕੁਝ ਸਮੇਂ ਮਗਰੋਂ ਜਵੰਦਿਆਂ ਨੂੰ ਉਜਾੜ
ਦਿਤਾ। ਜਦ ਜਵੰਦਿਆਂ ਨੂੰ ਆਪਣੇ ਜੁਆਈ ਤੋਂ ਗੁਰੂ ਸਾਹਿਬ ਦੇ ਸਰਾਪ ਬਾਰੇ ਪਤਾ ਲੱਗਿਆ ਤਾਂ
ਉਹ ਬਹੁਤ ਪਛਤਾਏ। ਗੁਰੂ ਸਾਹਿਬ ਤੋਂ ਮਾਫੀ ਮੰਗ ਕੇ ਆਪਣੀ ਭੁੱਲ ਬਖਸ਼ਾਈ ਤਾਂ ਗੁਰੂ ਸਾਹਿਬ
ਫਰਮਾਇਆ, ''ਭਾਈ ਤੁਸੀਂ ਇੱਕ ਵਾਰ ਤਾਂ ਜ਼ਰੂਰ ਉਜੜੋਗੇ ਪਰ ਜਿਥੇ ਜਾਓਗੇ ਸਰਦਾਰੀ ਕਾਇਮ
ਰਹੂ''। ਇਹ ਘਟਨਾ ਸੰਤ ਵਿਸਾਖਾ ਸਿੰਘ ਨੇ ਵੀ ਮਾਲਵਾ ਇਤਿਹਾਸ ਭਾਗ ਪਹਿਲਾ ਵਿਚ
ਵਰਣਨ ਕੀਤੀ ਹੈ।
ਇਕ ਜਵੰਦਾ ਪਿੰਡ ਅੰਮਿਰਤਸਰ ਵਿਚ ਹੈ। ਮੁਸਲਮਾਨ ਸ਼ੇਖਾਂ ਦੇ ਉਜਾੜੇ ਹੋਏ ਜਵੰਦੇ ਜੱਟ
ਕੁਝ ਸਹਾਰਨਪੁਰ ਵਲ ਚਲੇ ਗਏ, ਕੁਝ ਮਾਲਵੇ ਵਿਚ ਮਾਨਸਾ, ਬਠਿੰਡਾ, ਮੁਕਤਸਰ, ਫਰੀਦਕੋਟ ਤੇ
ਲੁਧਿਆਣੇ ਵਲ ਚਲੇ ਗਏ। ਸਹਾਰਨਪੁਰ ਤੇ ਮਾਲਵੇ ਦੇ ਜਵੰਦੇ ਹੁਣ ਸਾਰੇ ਸਿੱਖ ਬਣ ਗਏ। ਹੁਣ
ਬਹੁਤ ਜਵੰਦੇ ਸੰਗਰੂਰ ਦੇ ਖੇਤਰ ਸੁਨਾਮ, ਬਰਨਾਲਾ ਤੇ ਮਲੇਰਕੋਟਲਾ ਵਿਚ ਆਬਾਦ ਹਨ। ਇਸ
ਖੇਤਰ ਵਿਚ ਜਵੰਦਾ ਤੇ ਪਿੰਡੀ ਜਵੰਦੇ ਇਨ੍ਹਾਂ ਦੇ ਉਘੇ ਪਿੰਡ ਹਨ। ਜਵੰਦਾ ਗੋਤ ਦੇ ਲੋਕ
ਬਹੁਤੇ ਮਾਲਵੇ ਵਿਚ ਹਨ। ਮਾਝੇ, ਦੁਆਬੇ ਵਿਚ ਬਹੁਤ ਹੀ ਘੱਟ ਹਨ। ਇਹ ਸਾਰੇ ਜੱਟ ਸਿੱਖ ਹੀ
ਹਨ। ਮਾਲਵੇ ਦਾ ਸੁੱਚਾ ਸੂਰਮਾ ਸਮਾਉਂ ਪਿੰਡ ਦਾ ਜਵੰਦਾ ਜੱਟ ਸੀ। |