ਜੱਟਾਣੇ – ਇਸ ਗੋਤ ਦਾ ਮੋਢੀ ਜੱਟਾਣਾ ਸੀ। ਇਹ ਲੋਕ ਆਪਣੇ ਆਪ ਨੂੰ ਯਾਦਵ ਬੰਸੀ
ਸ੍ਰੀ ਕ੍ਰਿਸ਼ਨ ਦੇ ਖਾਨਦਾਨ ਵਿਚ ਦਸਦੇ ਹਨ। ਭੱਟੀ ਰਾਜਪੂਤ ਵੀ ਸ੍ਰੀ ਕ੍ਰਿਸ਼ਨ ਦੀ ਬੰਸ
ਵਿਚੋਂ ਹਨ। ਰਾਉ ਭੱਟੀ ਤੀਜੀ ਸਦੀ ਵਿਚ ਹੋਇਆ ਹੈ।
ਉਸ ਨੇ ਬਠਿੰਡੇ ਦਾ ਕੱਚਾ ਕਿਲ੍ਹਾ ਬਣਾਇਆ ਸੀ। ਲੱਖੀ ਜੰਗਲ ਤੇ ਭੱਟਨੇਰ ਦੇ ਇਲਾਕਿਆਂ ਵਿਚ
ਕਬਜ਼ਾ ਕਰ ਲਿਆ। ਭੱਟੀ ਰਾਉ ਦੀ ਬੰਸ ਵਿਚੋਂ ਵਿਜੇ ਰਾਉ, ਦੇਵ ਰਾਜ, ਜੈਸਲ, ਹੇਮ ਤੇ ਜੂੰਧਰ
ਰਾਉ ਪ੍ਰਸਿਧ ਹੋਏ ਹਨ। ਜਿਸ ਸਮੇਂ ਗਜ਼ਨੀ ਦੇ ਤਖਤ ਉਤੇ ਮਹਿਮੂਦ ਗਜ਼ਨਵੀ ਤੇ ਲਾਹੌਰ ਦੇ
ਤਖਤ ਉਤੇ ਜੈਪਾਲ ਦਾ ਰਾਜ ਸੀ ਉਸ ਸਮੇਂ ਸਤਲੁਜ ਦੇ ਦੱਖਣ ਵੱਲ ਬਿਜੇ ਰਾਏ ਭੱਟੀ ਬਠਿੰਡੇ
ਤੇ ਭੱਟਨੇਰ ਦੇ ਖੇਤਰਾਂ ਤੇ ਰਾਜ ਕਰ ਰਿਹਾ ਸੀ। ਜੈਪਾਲ ਨੇ ਮਹਿਮੂਦ ਦੀ ਈਨ ਮੰਨ ਲਈ ਸੀ
ਪਰ ਬਿਜੇ ਰਾਏ ਮਹਿਮੂਦ ਤੋਂ ਆਕੀ ਸੀ। ਇਸ ਲਈ ਮਹਿਮੂਦ ਨੇ 1004 ਈਸਵੀ ਵਿਚ ਬਠਿੰਡੇ ਦੇ
ਕਿਲ੍ਹੇ ਤੇ ਹਮਲਾ ਕੀਤਾ। ਭੱਟੀਆਂ ਨੇ ਮਹਿਮੂਦ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਪਰ ਹਾਰ
ਗਏ। ਕੁੱਝ ਭੱਟੀ ਮਾਰ ਦਿੱਤੇ, ਕੁਝ ਮੁਸਲਮਾਨ ਬਣਾ ਲਏ ਗਏ ਤੇ ਬਾਕੀ ਭੱਟਨੇਰ ਵਾਲ ਦੌੜ
ਗਏ। ਬਿਜੇ ਰਾਏ ਤੋਂ ਮਗਰੋਂ ਦੇਵਰਾਜ ਆਪਣੇ ਪਿਤਾ ਦੀ ਥਾਂ ਰਾਜਾ ਬਣਿਆ। ਦੇਵਰਾਜ ਦੀ ਬੰਸ
ਵਿਚੋਂ ਰਾਊ ਜੈਸਲ ਹੋਇਆ ਜਿਸਨੇ ਜੈਸਲਮੇਰ ਦੀ ਮੌੜ੍ਹੀ ਗੱਡੀ।
ਜੈਸਲ ਦੀ ਬੰਸ ਵਿਚੋਂ ਹਿੰਦੂ ਭੱਟੀ ਹਨ ਤੇ ਉਸ ਦੇ ਭਰਾ ਦੂਸਲ ਦੀ ਬੰਸ ਵਿਚੋਂ ਸਿੱਧੂ
ਬਰਾੜ, ਜੱਟਾਣੇ ਤੇ ਵੱਟੂ ਆਦਿ 21 ਗੋਤਾਂ ਦੇ ਜੱਟ ਹਨ। ਜੇਸਲ ਦਾ ਭਤੀਜਾ ਹੇਮ ਆਪਣੇ
ਭਾਈਚਾਰੇ ਨਾਲ ਨਾਰਾਜ਼ ਹੋਕੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ 1180 ਈਸਵੀ ਦੇ ਲਗਭਗ ਪੰਜਾਬ
ਵਿਚ ਆ ਗਿਆ। ਹਿਸਾਰ ਤੇ ਬਠਿੰਡੇ ਦੇ ਕੁਝ ਇਲਾਕੇ ਤੇ ਕਬਜ਼ਾ ਕਰ ਲਿਆ। ਉਸ ਸਮੇਂ ਪ੍ਰਿਥਵੀ
ਰਾਜ ਚੌਹਾਨ ਦਾ ਰਾਜ ਵੀ ਬਠਿੰਡੇ ਦੇ ਖੇਤਰ ਵਿਚ ਫੈਲ਼ਿਆ ਹੋਇਆ ਸੀ। 1192 ਈਸਵੀਂ ਵਿਚ
ਪ੍ਰਿਥਵੀ ਰਾਜ ਦੀ ਹਾਰ ਮਗਰੋਂ ਇਹ ਇਲਾਕਾ ਫਿਰ ਗੌਰੀਆਂ ਦੇ ਕਬਜ਼ੇ ਵਿਚ ਆ ਗਿਆ। ਹੇਮ ਨੇ
ਗੌਰੀਆਂ ਦੀ ਸਹਾਇਤਾ ਕੀਤੀ ਸੀ। ਇਸ ਲਈ ਗੌਰੀਆਂ ਨੇ ਹਿੱਸਾਰ ਤੇ ਬਠਿੰਡੇ ਦਾ ਇਲਾਕਾ ਹੋਮ
ਨੂੰ ਦੇ ਦਿੱਤਾ। ਹੇਮ ਨੇ ਹਿਸਾਰ ਵਿਚ ਕਿਲਾ ਬਣਾਕੇ ਇਸ ਇਲਾਕੇ ਤੇ ਰਾਜ ਕਰਨਾ ਸ਼ੁਰੂ ਕਰ
ਦਿਤਾ। ਹੇਮ ਦੇ ਪੁਤਰ ਜੂੰਦਰ ਦੇ 21 ਪੁਤਰ ਸਨ। ਇਸ ਦੀ ਬੰਸ ਦੇ ਲੋਕਾਂ ਨੇ ਆਪਣੇ
ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਚਾਲੂ ਕਰ ਲਏ। ਜੂੰਦਰ ਦੇ ਪਿਤਾ ਹੇਮ ਦੀ ਮੌਤ 1212
ਈਸਵੀਂ ਵਿਚ ਹੋਈ।
ਜੂੰਦਰ ਦੇ ਪੁਤਰ ਬਟੇਰ ਰਾਉ ਦੀ ਬੰਸ ਵਿਚੋਂ ਸਿੰਧੂ ਬਰਾੜ ਹਨ। ਅੱਚਲ ਦੀ ਬੰਸ ਵਿਚੋਂ
ਜਟਾਣੇ, ਵਟੂ ਤੇ ਬੋਦਲੇ ਜੱਟ ਹਨ। ਜੱਟਾਣੇ ਦੇ ਪਿਤਾ ਦਾ ਨਾਮ ਮੇਪਾਲ ਸੀ। ਜੱਟਾਣੇ ਦੀ
ਸੰਤਾਨ ਤੋਂ ਗੋਤ ਜਟਾਣਾ ਹੋਂਦ ਵਿਚ ਆਇਆ। ਜੂੰਦਰ ਦੀ ਬੰਸ ਦੇ ਲੋਕ ਗਿਣਤੀ ਵਿਚ ਬਹੁਤ ਸਨ।
ਇਸ ਲਈ ਇਸ ਦੀ ਔਲ਼ਾਦ ਸਤਲੁਜ ਦੇ ਦੋਵੇਂ ਪਾਸੀਂ ਖਿਲਰ ਗਈ। ਦੂਰ ਦੂਰ ਤਕ ਸਾਰਾ ਦੱਖਣੀ
ਮਾਲਵਾ ਰੋਕ ਲਿਆ। ਲੁਧਿਆਣਾ ਖੇਤਰ ਵਿਚ ਉੱਚਾ ਜੱਟਾਣਾ, ਜੱਟਾਣਾ ਤੇ ਮੁਕਸਤਰ ਖੇਤਰ ਵਿਚ
ਵਾਂਦਰ ਜੱਟਣਾ ਇਨ੍ਹਾਂ ਦੇ ਪ੍ਰਸਿਧ ਪਿੰਡ ਹਨ। ਮਾਨਸਾ ਦੇ ਸਰਦੂਲਗੜ੍ਹ ਖੇਤਰ ਵਿਚ ਚੂੜੀਆ,
ਟਿੱਬੀ, ਜਟਾਣਾ ਕਲਾਂ ਤੇ ਜਟਾਣਾਂ ਖੁਰਦ ਵੀ ਇਸ ਬਰਾਦਰੀ ਦੇ ਪਿੰਡ ਹਨ। ਕੁਝ ਜੱਟਾਣੇ
ਫਿਰੋਜ਼ਪੁਰ, ਬਠਿੰਡਾ ਤੇ ਸੰਗਰੂਰ ਖੇਤਰ ਦੇ ਕੁਝ ਪਿੰਡਾਂ ਵਿਚ ਵੀ ਵਸਦੇ ਹਨ। ਹਰਿਆਣੇ ਦੇ
ਸਿਰਸਾ ਖੇਤਰ ਦੇ ਕਈ ਪਿੰਡਾਂ ਵਿਚ ਜਟਾਣੇ ਗੋਤ ਦੇ ਜੱਟ ਵੀ ਵਸਦੇ ਹਨ। ਪੰਜਾਬ ਵਿਚ
ਜੱਟਾਣੇ ਗੋਤ ਦੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਬਹੁਤੇ ਮਾਲਵੇ ਵਿਚ ਹੀ ਆਬਾਦ
ਹਨ। ਭੱਟੀ ਕਬੀਲੇ ਦੇ ਲੋਕ ਮਹਿਮੂਦ ਗਜ਼ਨਵੀ ਦੇ ਸਮੇਂ ਗਿਆਰ੍ਹਵੀਂ ਸਦੀ ਵਿਚ ਰਾਜਸਤਾਨ ਵੱਲ
ਚਲੇ ਗਏ ਸਨ। ਬਾਰ੍ਹਵੀਂ ਸਦੀ ਵਿਚ ਇਹ ਲੋਕ ਫਿਰ ਵਾਪਸ ਪੰਜਾਬ ਵਿਚ ਆਕੇ ਵਸ ਗਏ ਸਨ।
ਜੱਟਾਣੇ ਗੋਤ ਦੇ ਲੋਕ ਜਗਪਾਲ ਗੋਤ ਦੇ ਜੱਟਾਂ ਨੂੰ ਵੀ ਆਪਣੀ ਬਰਾਦਰੀ ਵਿਚੋਂ ਸਮਝਦੇ ਹਨ
ਕਿਉਂਕਿ ਦੋਵੇਂ ਅੱਚਲ ਭੱਟੀ ਦੀ ਬੰਸ ਵਿਚੋਂ ਹਨ। ਦੋਵੇਂ ਹੀ ਉਪਗੋਤ ਹਨ।
ਜੂੰਦਰ ਦੇ 21 ਪੁਤਰਾਂ ਵਿਚੋਂ ਇਕ ਪੁੱਤਰ ਪੀਪੜ ਰਾਉ ਦੀ ਸੰਤਾਨ ਦਲਿਤ ਜਾਤੀਆਂ ਵਿਚ
ਰਲਮਿਲ ਗਈ ਸੀ। ਸਿੱਧੂ ਗੋਤ ਦੇ ਮਜ਼੍ਹਬੀ ਸਿੱਖ ਇਸ ਦੀ ਬੰਸ ਵਿਚੋਂ ਹਨ। ਜੱਟਾਣਾ ਜੱਟਾਂ
ਦਾ ਉਘਾ ਤੇ ਛੋਟਾ ਗੋਤ ਹੈ। ਇਹ ਵੀ ਸਿੱਧੂ ਭਾਈਚਾਰੇ ਦੀ ਇਕ ਸ਼ਾਖ ਹਨ। ਬਹੁਤੇ ਜੱਟ ਯਾਦਵ
ਬੰਸੀ ਆਰੀਆ ਹਨ। ਇਨ੍ਹਾਂ ਦਾ ਮੁੱਢਲਾ ਘਰ ਸਿੰਧ ਸੀ। ਇਹ ਸਿੰਧ ਤੋਂ ਹੀ ਪੰਜਾਬ, ਹਰਿਆਣਾ,
ਰਾਜਸਤਾਨ, ਪੱਛਮੀ ਉਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿਚ ਆਕੇ ਆਬਾਦ ਹੋਏ
ਸਨ। ਬਦੇਸ਼ੀ ਹਮਲਿਆ ਤੇ ਕਾਲ ਪੈਣ ਕਾਰਨ ਜੱਟ ਕਬੀਲੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਦੂਰ ਤਕ
ਚਲੇ ਜਾਂਦੇ ਸਨ। ਜੱਟ ਪਾਣੀ ਵਾਲੇ ਇਲਾਕੇ ਵਿਚ ਰਹਿਕੇ ਹੀ ਖੁਸ਼ ਹੁੰਦੇ ਸਨ। |