ਜਾਖੜ – ਇਸ ਬੰਸ ਦਾ ਮੋਢੀ ਚੰਦਰ ਬੰਸੀ, ਰਾਜੇ
ਬੀਰ ਭੱਦਰ ਦਾ ਪੁੱਤਰ ਜਖੂ ਭੱਦਰ ਸੀ। ਇਹ ਬਲਖ ਤੋਂ ਕਸ਼ਮੀਰ ਖੇਤਰ ਵਿਚ ਆਏ ਸਨ।
ਜਾਖੜ, ਜੱਟਾਂ ਦਾ ਇਕ ਪੁਰਾਣਾ ਗੋਤ ਹੈ। ਇਹ ਮਹਾਂਭਾਰਤ ਦੇ ਸਮੇਂ ਤੋਂ ਹੀ ਭਾਰਤ ਵਿਚ
ਰਹਿ ਰਹੇ ਹਨ। ਭਾਈ ਕਾਹਨ ਸਿੰਘ ਨਾਭਾ ਨੇ ਆਪਣੀ ਕਿਤਾਬ ਮਹਾਨ ਕੋਸ਼ ਵਿਚ ਲਿਖਿਆ ਹੈ ਕਿ
ਮਹਾਂਭਾਰਤ ਦਾ ਯੁੱਧ 950 ਪੂਰਬ ਈਸਵੀ ਵਿਚ ਲੜਿਆ ਗਿਆ ਸੀ। ਬੱਲ, ਸੰਧੂ, ਕੰਗ, ਮਲ੍ਹੀ
ਤੇ ਜਾਖੜ ਆਦਿ ਜੱਟ ਜਾਤੀਆਂ ਈਸਾ ਤੋਂ ਇਕ ਹਜ਼ਾਰ ਸਾਲ ਪਹਿਲਾਂ ਹੀ ਮੱਧ ਏਸ਼ੀਆ
ਤੋਂ ਭਾਰਤ ਵਿਚ ਆ ਚੁੱਕੀਆਂ ਸਨ। ਜਾਖੜ ਆਪਣਾ ਸਬੰਧ ਉਦੈ ਰਾਜਪੂਤਾਂ ਨਾਲ ਜੋੜਦੇ ਹਨ। ਇਸ
ਗੋਤ ਦਾ ਮੋਢੀ ਜਾਕੂ ਸੀ। ਉਹ ਦਾਵਰਕਾ ਦੇ ਰਾਜੇ ਤੋਂ ਕਮਾਨ ਖਿੱਚਣ ਦੀ ਸ਼ਰਤ ਹਾਰ
ਕੇ ਆਪਣਾ ਖੇਤਰ ਛੱਡ ਕੇ ਰੋਹਤਕ ਦੇ ਇਲਾਕੇ ਝੱਜਰ ਵਿਚ ਆ ਗਿਆ। ਜਾਖੜ, ਸੰਗਵਾਨ, ਪੀਰੂ ਤੇ
ਕਾਦਿਆਨ ਚਾਰ ਭਰਾ ਸਨ। ਇਨ੍ਹਾਂ ਚਾਰਾਂ ਭਰਾਵਾਂ ਦੇ ਨਾਮ ਤੇ ਚਾਰ ਨਵੇਂ ਗੋਤ ਪ੍ਰਚਲਤ ਹੋ
ਗਏ। ਜਾਖੜ ਦੀ ਬੰਸ ਦੇ ਕੁਝ ਲੋਕ ਹੁਣ ਵੀ ਬੀਕਾਨੇਰ ਦੇ ਸੀਕਰ ਖੇਤਰ ਵਿਚ ਰਹਿੰਦੇ ਹਨ।
ਝੱਜਰ ਤੋਂ ਕੁਝ ਜਾਖੜ ਭਾਈਚਾਰੇ ਦੇ ਲੋਕ ਹਾਂਸੀ ਤੇ ਗੁੜਗਾਵਾਂ ਦੇ ਇਲਾਕੇ ਵਿਚ ਹੀ ਆਬਾਦ
ਹੋ ਗਏ। ਕੁਝ ਦਿੱਲੀ ਦੇ ਖੇਤਰ ਵਲ ਚਲੇ ਗਏ। ਬਹੁਤੇ ਜਾਖੜ ਰੋਹਤਕ ਤੇ ਗੁੜਗਾਉਂ ਦੇ
ਖੇਤਰਾਂ ਵਿਚ ਵੀ ਆਬਾਦ ਹਨ। ਰੋਹਤਕ ਇਲਾਕੇ ਵਿਚ ਜਾਖੜ ਜੱਟਾਂ ਦੇ 12 ਪਿੰਡ ਹਨ। ਹਰਿਆਣੇ
ਤੇ ਰਾਜਸਤਾਨ ਵਿਚ ਜਾਖੜ ਹਿੰਦੂ ਜਾਟ ਹਨ। ਇਹ ਖਾੜਕੂ ਜੱਟ ਹਨ। 1881 ਈਸਵੀਂ ਦੀ ਪਹਿਲੀ
ਜਨਗਣਨਾ ਤੋਂ ਕਾਫੀ ਸਮਾਂ ਪਹਿਲਾਂ ਜਾਖੜ ਗੋਤ ਦੇ ਲੋਕ ਪਟਿਆਲਾ, ਜਲੰਧਰ ਤੇ ਲੁਧਿਆਣੇ ਦੇ
ਇਲਾਕਿਆਂ ਵਿਚ ਵੀ ਆਬਾਦ ਹੋ ਚੁੱਕੇ ਸਨ। ਸਭ ਤੋਂ ਵਧ ਦੁਆਬੇ ਵਿਚ ਸਨ। ਜਲੰਧਰ ਵਿਚ 2,769
ਤੇ ਬਠਿੰਡੇ ਸਮੇਤ ਰਿਆਸਤ ਪਟਿਆਲੇ ਵਿਚ ਕੇਵਲ 168 ਸਨ।
1881 ਈਸਵੀਂ ਤੋਂ ਮਗਰੋਂ ਕੁਝ ਜਾਖੜ ਰਾਜਸਤਾਨ ਦੇ ਜ਼ਿਲਾ ਸੀਕਰ ਦੇ ਪਿੰਡ ਰੀੜੀ ਬੀਘਾ
ਵਿਚੋਂ ਉਠਕੇ ਅਬੋਹਰ ਫਾਜ਼ਿਲਕਾ ਦੇ ਇਲਾਕੇ ਵਿਚ ਆਏ। ਇਸ ਕਬੀਲੇ ਦੇ ਕੁਝ ਜਾਖੜ ਹਿੰਦੂ ਹਨ
ਤੇ ਕੁਝ ਸਿੱਖ ਹਨ। ਪੰਜ ਕੋਸੀ ਪਿੰਡ ਹਿੰਦੂ ਜਾਖੜਾਂ ਦਾ ਹੈ। ਕਿਲਿਆਂਵਾਲੀ,
ਪੱਤਰਿਆਂਵਾਲੀ ਤੇ ਦਾਨੇਵਾਲਾ ਦੇ ਜਾਖੜ ਸਿੱਖ ਹਨ। ਸਾਬਕਾ ਕੇਂਦਰੀ ਮੰਤਰੀ ਸਰਦਾਰ ਇਕਬਾਲ
ਸਿੰਘ ਜੀ ਕਿਲਿਆਂਵਾਲੀ ਜਾਖੜ ਜੱਟ ਸੀ। ਚੌਧਰੀ ਬਲਰਾਮ ਹਿੰਦੂ ਜਾਖੜ ਹੈ। ਇਨ੍ਹਾਂ ਦਾ
ਪਿਛੋਕੜ ਸਾਂਝਾ ਹੈ। ਪੰਜਾਬ ਵਿਚ ਜਾਖੜ ਹਿੰਦੂ ਵੀ ਹਨ ਤੇ ਸਿੱਖ ਵੀ ਹਨ।
1881 ਈਸਵੀਂ ਦੀ ਮਰਦਮਸ਼ੁਮਾਰੀ ਅਨੁਸਾਰ ਹਰਿਆਣੇ ਤੇ ਪੰਜਾਬ ਵਿਚ ਜਾਖੜ ਜੱਟਾਂ ਦੀ
ਗਿਣਤੀ ਕੇਵਲ 12,918 ਸੀ। ਇਹ ਜਾਟ ਹਨ। ਸਰ ਇਬਟਸਨ ਆਪਣੀ ਕਿਤਾਬ ਪੰਜਾਬ ਕਾਸਟਸ
ਵਿਚ ਜਾਖੜ ਜੱਟਾਂ ਨੂੰ ਚੌਹਾਨ ਰਾਜਪੂਤਾਂ ਵਿਚੋਂ ਮੰਨਦਾ ਹੈ। ਇਹ ਸਹੀ ਨਹੀਂ ਹੈ। ਇਹ ਉਦੈ
ਰਾਜਪੂਤਾਂ ਨਾਲ ਹੀ ਸਬੰਧਤ ਹਨ। ਬੀ ਐੱਸ ਦਾਹੀਆ ਵੀ ਆਪਣੀ ਕਿਤਾਬ ਜਾਟਸ ਵਿਚ
ਇਨ੍ਹਾਂ ਨੂੰ ਉਦੇ ਰਾਜਪੂਤ ਕਬੀਲੇ ਵਿਚੋਂ ਹੀ ਮੰਨਦਾ ਹੈ। ਇਹ ਮੱਧ ਏਸ਼ੀਆ ਦੇ ਬਲਖ ਖੇਤਰ
ਤੋਂ ਆਏ ਸਨ। ਘੁੰਮਦੇ ਫਿਰਦੇ ਸਿੰਧ ਤੇ ਪੰਜਾਬ ਦੇ ਕਈ ਖੇਤਰਾਂ ਵਿਚ ਪਹੁੰਚ ਗਏ ਸਨ।
ਨਵੀਆਂ ਚਰਾਂਦਾਂ ਦੀ ਭਾਲ ਵਿਚ ਜੱਟ ਕਬੀਲੇ ਆਮ ਹੀ ਇਕ ਥਾਂ ਤੋਂ ਦੂਜੀ ਥਾਂ ਦੂਰ ਤਕ ਚਲੇ
ਜਾਂਦੇ ਸਨ। ਕਈ ਵਾਰ ਸਥਾਨਕ ਕਬੀਲਿਆਂ ਨਾਲ ਲੜਾਈਆਂ ਵੀ ਹੋ ਜਾਂਦੀਆਂ ਸਨ। ਜੱਟ, ਪਸੂ
ਕਾਫੀ ਗਿਣਤੀ ਵਿਚ ਰੱਖਦੇ ਸਨ। ਕਿਸੇ ਚੰਗੇ ਇਲਾਕੇ ਵਿਚ ਆਬਾਦ ਹੋਣ ਲਈ ਸਥਾਨਕ ਕਬੀਲਿਆਂ
ਨਾਲ ਰਿਸ਼ਤੇਦਾਰੀਆਂ ਵੀ ਪਾ ਲੈਂਦੇ ਸਨ।
ਔਰੰਗਜ਼ੇਬ ਦੇ ਸਮੇਂ ਦੁਆਬੇ ਤੇ ਜਲੰਧਰ ਖੇਤਰ ਵਿਚ ਕੁਝ ਜਾਖੜ ਜੱਟ ਮੁਸਲਮਾਨ ਵੀ ਬਣ ਗਏ
ਸਨ। ਜਾਖੜ, ਜੱਟਾਂ ਦਾ ਬਹੁਤ ਹੀ ਪ੍ਰਾਚੀਨ ਤੇ ਉਘਾ ਗੋਤ ਹੈ। ਇਹ ਗੁਜਰਾਤ, ਪੰਜਾਬ,
ਰਾਜਸਤਾਨ ਆਦਿ ਵਿਚ ਕਈ ਇਲਾਕਿਆਂ ਤੇ ਕਾਬਜ਼ ਰਹੇ ਹਨ। ਜਾਖੜ ਜੱਟਾਂ ਦਾ ਰਾਜ ਅਜਮੇਰ
ਪ੍ਰਾਂਤ ਉਤੇ ਵੀ ਸੀ। ਇਹ ਲਿਖਤ ਭਾਟ ਗ੍ਰਥਾਂ ਵਿਚ ਵੀ ਲਿਖੀ ਹੈ। ਜਾਖੜ ਬੀਕਾਨੇਰ ਦੇ
ਛੋਟੇ ਛੋਟੇ ਕਈ ਖੇਤਰਾਂ ਦੇ ਰਾਜ ਕਰਦੇ ਰਹੇ ਤੇ ਜਾਖੜ ਜੱਟਾਂ ਦਾ ਜਗਤ ਪ੍ਰਸਿਧ ਗੋਤ ਹੈ।
ਸਿੰਧ, ਬਲੋਚਿਸਤਾਨ, ਕਸ਼ਮੀਰ ਤੇ ਪਛਮੀ ਪੰਜਾਬ ਦੇ ਜਾਖੜ ਸਾਰੇ ਹੀ ਮੁਸਲਮਾਨ ਹਨ।
|