ਹੁੰਦਲ – ਜੱਟਾਂ ਦੇ ਬਹੁਤੇ ਗੋਤ ਚੰਦਰ ਬੰਸ ਵਿਚੋਂ ਹਨ।
ਸੂਰਜਬੰਸੀ ਜੱਟ ਬਹੁਤ ਘਟ ਹਨ। ਹੁੰਦਲ ਜੱਟਾਂ ਦਾ ਇਕ ਛੋਟਾ ਜਿਹਾ ਗੋਤ ਹੈ। ਇਹ ਸੂਰਜ ਬੰਸ
ਵਿਚ ਹਨ। ਇਨ੍ਹਾਂ ਦਾ ਵਡੇਰਾ ਸਰਬ ਉੱਤਰ ਪ੍ਰਦੇਸ਼ ਦੇ ਅਯੁਧਿਆ ਇਲਾਕੇ ਤੋਂ ਚਲਕੇ
ਮਾਲਵੇ ਵਿਚ ਆਇਆ ਸੀ। ਫਿਰ ਕਾਫੀ ਸਮੇਂ ਮਗਰੋਂ ਅੰਮ੍ਰਿਤਸਰ ਦੇ ਖੇਤਰ ਵਿਚ ਚਲਾ ਗਿਆ।
ਮਾਲਵੇ ਦੇ ਮੋਗੇ ਇਲਾਕੇ ਵਿਚ ਮੋਗਾ ਅਜੀਤ ਸਿੰਘ ਵਿਚ ਹੁੰਦਲਾਂ ਦੀ ਇਕ ਪੱਤੀ ਹੈ।
ਸਲ੍ਹੀਣਾ ਪਿੰਡ ਵਿਚ ਵੀ ਹੁੰਦਲਾਂ ਦੇ ਕੁਝ ਘਰ ਹਨ। ਲੁਧਿਆਣਾ ਦੇ ਮਾਛੀਵਾੜਾ ਆਦਿ ਖੇਤਰਾਂ
ਵਿਚ ਵੀ ਕੁਝ ਹੁੰਦਲ ਵਸਦੇ ਹਨ। ਫਤਿਹਗੜ੍ਹ ਸਾਹਿਬ ਵਿਚ ਗੁਰਧਨਪੁਰ ਤੇ ਦੁੱਲਵਾਂ ਹੁੰਦਲਾਂ
ਦੇ ਪ੍ਰਸਿਧ ਪਿੰਡ ਹਨ। ਬਰਨਾਲੇ ਤੇ ਪਟਿਆਲੇ ਦੇ ਇਲਾਕੇ ਵਿਚ ਵੀ ਹੁੰਦਲ ਜੱਟ ਕਾਫੀ ਹਨ।
ਦੁਆਬੇ ਵਿਚ ਹੁੰਦਲ ਬਹੁਤ ਘੱਟ ਹਨ। ਮਾਝੇ ਵਿਚ ਹੁੰਦਲ ਜੱਟ ਕਾਫੀ ਹਨ। ਮਾਝੇ ਵਿਚ
ਜੰਡਿਆਲਾ ਗੁਰੂ ਤੇ ਨਵਾਂ ਹੁੰਦਲ ਆਦਿ ਹੁੰਦਲ ਜੱਟਾਂ ਦੇ ਕਈ ਪਿੰਡ ਹਨ। ਅੰਮ੍ਰਿਤਸਰ ਤੇ
ਗੁਰਦਾਸਪੁਰ ਤੋਂ ਅੱਗੇ ਹੁੰਦਲ ਭਾਈਚਾਰੇ ਦੇ ਲੋਕ ਸਿਆਲਕੋਟ 'ਤੇ ਸਾਂਦਲਬਾਰ ਵਿਚ ਵੀ ਚਲੇ
ਗਏ ਸਨ। ਸਾਂਦਲਬਾਰ ਵਿਚ ਬਹਿਨੋਲ ਪਿੰਡ ਮੁਸਲਮਾਨ ਹੁੰਦਲਾਂ ਦਾ ਇਕ ਉੱਘਾ ਪਿੰਡ ਸੀ।
ਬਹੁਤੇ ਹੁੰਦਲ ਜੱਟ ਸਿੰਘ ਹੀ ਹਨ। ਸਿਆਲਕੋਟ ਦੇ ਇਲਾਕੇ ਵਿਚ ਵੀ ਕੁਝ ਹੁੰਦਲ ਸਿੱਖ ਸਨ ਤੇ
ਕੁਝ ਹੁੰਦਲ ਮੁਸਲਮਾਨ ਬਣ ਗਏ ਸਨ।
ਸਾਂਝੇ ਪੰਜਾਬ ਵਿਚ ਵੀ ਹੁੰਦਲ ਜੱਟਾਂ ਦੀ ਗਿਣਤੀ ਕਾਫੀ ਘੱਟ ਸੀ।
1947 ਤੋਂ ਮਗਰੋਂ ਭਾਰਤ ਦੇਸ਼ ਦੀ ਵੰਡ ਹੋਣ ਕਾਰਨ ਹੁੰਦਲ ਜੱਟ ਸਿੱਖ ਪੱਛਮੀ ਪੰਜਾਬ
ਤੋਂ ਉੱਜੜ ਕੇ ਪੂਰਬੀ ਪੰਜਾਬ ਵਿਚ ਆਕੇ ਆਬਾਦ ਹੋ ਗਏ ਹਨ। ਕੁਝ ਹਰਿਆਣੇ ਵਿਚ ਚਲੇ ਗਏ ਹਨ।
ਹੁੰਦਲ, ਜੱਟਾਂ ਦਾ ਉੱਘਾ ਤੇ ਛੋਟਾ ਗੋਤ ਹੈ। ਇਹ ਟਾਵੇਂ ਟਾਵੇਂ ਸਾਰੇ ਪੰਜਾਬ ਵਿਚ ਹੀ
ਫੈਲ਼ੇ ਹੋਏ ਹਨ। ਕੁਝ ਹੁੰਦਲ ਜੱਟ ਬਾਹਰਲੇ ਦੇਸ਼ਾਂ ਵਿਚ ਜਾਕੇ ਉਥੇ ਹੀ ਵਸ ਗਏ ਹਨ।
ਹੁੰਦਲ ਜੱਟਾਂ ਵਾਂਗ ਮਾਘਾ ਕਬੀਲੇ ਦੇ ਲੋਕ ਵੀ ਮੱਗਧ (ਬਿਹਾਰ) ਤੋਂ ਉਠਕੇ ਬਹੁਤ
ਦੂਰੋਂ ਆਕੇ ਹਰਿਆਣੇ ਵਿਚ ਵਸੇ ਹਨ। ਇਹ ਇੰਡੋ ਗਰੀਕ ਨਸਲ ਵਿਚੋਂ ਹਨ। ਹੁੰਦਲ ਜੱਟ
ਆਰੀਆ ਹਨ।
|