ਹੇਅਰ – ਇਹ ਅਸਲੀ ਜੱਟ ਹਨ। ਇਹ ਆਪਣੇ ਆਪ ਨੂੰ ਰਾਜਪੁਤਾਂ ਵਿਚੋਂ ਨਹੀਂ ਮੰਨਦੇ।
ਕਿਸੇ ਸਮੇਂ ਪੰਜਾਬ ਦੀ ਧਰਤੀ ਦੇ ਮਾਲਕ ਮਾਨ, ਭੁਲਰ ਤੇ ਹੇਅਰ ਹੀ ਸਨ। ਸੰਤ ਵਿਸਾਖਾ ਸਿੰਘ
ਆਪਣੀ ਕਿਤਾਬ ਮਾਲਵਾ ਇਤਿਹਾਸ ਵਿਚ ਹੇਅਰਾਂ ਨੂੰ ਸ਼ੱਕ ਬੰਸ ਵਿਚੋਂ ਹੀ ਮੰਨਦਾ ਹੈ।
ਉਸ ਨੇ ਲਿਖਿਆ ਹੈ ''150 ਵਰਸ ਈਸਵੀ ਪੂਰਬ ਬਾਖਤਰ ਵਾਲਿਆਂ ਵਿਚੋਂ ਮਾਨਿੰਦਰ ਨੇ ਮਾਲਵੇ
ਨੂੰ ਆਪਣੇ ਅਧਿਕਾਰ ਵਿਚ ਕਰ ਲਿਆ ਤੇ ਮਥੁਰਾ ਨੂੰ ਜਿਤਦਾ ਹੋਇਆ ਕਨੋਜ ਦੇ ਰਾਜਾ ਪੁਸ਼ਿਆ
ਮਿਤਰ ਨਾਲ ਜਾ ਭਿੜਿਆ ਪਰ ਉਸ ਤੋਂ ਬੁਰੀ ਤਰ੍ਹਾਂ ਹਾਰ ਖਾਕੇ ਮੁੜ ਮਥਰਾ ਵਿਚ ਆ ਕੇ ਮਰ
ਗਿਆ। ਏਸ ਦੇ ਸਮੇਂ ਥੋਹੜੇ ਜਿਹੇ ਚਿਰ ਤਕ ਮਾਲਵੇ ਦੇ ਗਣ ਯੁਨਾਨੀ ਰਾਜ ਹੇਠ ਸਾਂਝੀਵਾਲਤਾ
ਦੇ ਰੂਪ ਵਿਚ ਰਹੇ। ਇਸ ਰਾਜੇ ਦੇ ਨਾਲ ਆਏ ਮਾਨ, ਭੁਲਰ, ਹੇਅਰ, ਥਿੰਦ, ਖਰਲ, ਸਿਆਲ,
ਅਤਲੇ-ਤਤਲੇ ਆਦਿ ਜੱਟ ਬਹੁਤ ਸਾਰੀ ਗਿਣਤੀ ਵਿਚ ਏਥੇ ਬਸ ਗਏ।
ਜੱਟਾਂ ਦੀਆ ਬਹੁਤੀਆਂ ਉਪਜਾਤੀਆਂ ਮੱਧ ਏਸ਼ੀਆ ਤੇ ਸ਼ੱਕਸਤਾਨ ਖੇਤਰ ਤੋਂ ਆਈਆਂ ਹਨ।
ਬੀ ਐੱਸ ਦਾਹੀਆ ਆਪਣੀ ਪੁਸਤਕ ਜਾਟਸ ਵਿਚ ਹੇਰਾਂ ਨੂੰ ਕੁਸ਼ਨ ਜਾਤੀ ਦੀ
ਹੇਰਓਸ ਸ਼ਾਖਾ ਲਿਖਦਾ ਹੈ। ਕੁਸ਼ਨ ਵੀ ਜੱਟ ਸਨ। ਹੇਅਰ ਜਾਤੀ ਦੇ ਲੋਕ ਸਤਲੁਜ ਦੇ
ਉਪਰਲੇ ਖੇਤਰ ਵਿਚ ਪਹਾੜਾਂ ਦੇ ਹੇਠਾਂ ਹੇਠਾਂ ਪੂਰਬ ਵਿਚ ਅੰਬਾਲਾ ਤੋਂ ਲੈ ਕੇ ਪੱਛਮ ਵਿਚ
ਗੁਜਰਾਤ ਤਕ ਆਬਾਦ ਸਨ। ਇਹ ਪਸੂ ਪਾਲਕ ਸਨ। ਪਸ਼ੂਆਂ ਦੀਆ ਹੇੜਾਂ ਰੱਖਣ ਕਾਰਨ ਇਨ੍ਹਾਂ ਦਾ
ਨਾਮ ਹੇਰ ਪ੍ਰਚਲਤ ਹੋ ਗਿਆ। ਇਨ੍ਹਾਂ ਦਾ ਇਕ ਮੋਢੀ ਪੋਰਾਵਾਲ ਸੀ। ਇਸ ਕਾਰਨ ਹੇਰਾਂ
ਨੂੰ ਪੋਰਾਵਾਲ ਕਿਹਾ ਜਾਂਦਾ ਹੈ।
ਮਾਨ, ਭੁਲਰ ਤੇ ਹੇਅਰ ਮਾਲਵੇ ਦੀ ਧਰਤੀ ਦੇ ਮਾਲਕ ਸਨ। ਤਿੰਨੇ ਭਾਈਚਾਰੇ ਰਲਕੇ ਰਹਿੰਦੇ
ਸਨ। ਇਨ੍ਹਾਂ ਦੀਆਂ ਰਾਜਸਤਾਨ ਤੋਂ ਆਉਣ ਵਾਲੀਆਂ ਸਿਧੂ ਬਰਾੜ ਤੇ ਭਟੀਆਂ ਆਦਿ ਜਾਤੀਆਂ ਨਾਲ
ਭਾਰੀ ਲੜਾਈਆਂ ਵੀ ਹੋਈਆਂ। ਸਿੱਧੂ ਬਰਾੜ ਜੱਟ ਬਹੁਗਿਣਤੀ ਵਿਚ ਹੋਣ ਕਾਰਨ ਇਨ੍ਹਾਂ ਤਿੰਨ
ਜਾਤੀਆਂ ਨੂੰ ਹਰਾ ਕੇ ਮਾਲਵੇ ਵਿਚ ਬਹੁ ਗਿਣਤੀ ਵਿਚ ਆਬਾਦ ਹੋ ਗਏ। ਹੁਣ ਵੀ ਮਾਨ, ਭੁਲਰ
ਤੇ ਹੇਅਰ ਆਪਣੇ ਆਪ ਨੂੰ ਅਸਲੀ ਜੱਟ ਸਮਝਦੇ ਹਨ। ਇਨ੍ਹਾਂ ਤਿੰਨਾਂ ਦਾ ਗੋਤ ਢਾਈ ਗੋਤ ਹੀ
ਸਮਝਿਆ ਜਾਂਦਾ ਹੈ।
ਹੇਅਰ ਜਲੰਧਰ ਤੋਂ ਉਠਕੇ ਮਾਲਵੇ ਤੇ ਮਾਝੇ ਵਿਚ ਕਾਫੀ ਗਿਣਤੀ ਵਿਚ ਆ ਗਏ। ਪਹਿਲਾਂ ਸਭ
ਤੋਂ ਵਧ ਹੇਅਰ ਦੁਆਬੇ ਵਿਚ ਹੀ ਆਬਾਦ ਸਨ। ਜਲੰਧਰ ਤੇ ਹੁਸ਼ਿਆਰਪੁਰ ਵਿਚ ਦੂਰ ਦੂਰ ਤਕ ਫੈਲ਼ੇ
ਹੋਏ ਸਨ।
ਅੰਮ੍ਰਿਤਸਰ ਵਿਚ ਵੀ ਇਕ ਪਿੰਡ ਦਾ ਨਾਮ ਹੇਅਰ ਹੈ। ਗੁਰਦਾਸਪੁਰ ਵਿਚ ਵੀ ਹੇਅਰ ਕਾਫੀ
ਹਨ। ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ ਤੇ ਗੁਜਰਾਂਵਾਲਾ ਖੇਤਰ ਵਿਚ ਵੀ ਕੁਝ ਹੇਅਰ
ਆਬਾਦ ਸਨ। ਹੁਣ ਹੇਅਰਾਂ ਦੀ ਮਾਲਵੇ ਵਿਚ ਵੀ ਕਾਫੀ ਗਿਣਤੀ ਹੈ।
ਲੁਧਿਆਣਾ ਵਿਚ ਵੀ ਇਕ ਪਿੰਡ ਦਾ ਨਾਮ ਹੇਰਾਂ ਹੈ। ਇਸ ਪਿੰਡ ਵਿਚ ਗੁਰੂ ਗੋਬਿੰਦ ਸਿੰਘ
ਜੀ ਆਨੰਦਪੁਰ ਤੋਂ ਮਾਲਵੇ ਨੂੰ ਜਾਂਦੇ ਹੋਏ ਠਹਿਰੇ ਸਨ। ਇਸ ਪਿੰਡ ਵਿਚ ਦਸਵੇਂ ਗੁਰੂ ਜੀ
ਨਾਲ ਸਬੰਧਤ ਇਕ ਗੁਰਦੁਆਰਾ ਹੈ। ਲੁਧਿਆਣੇ ਜ਼ਿਲੇ ਵਿਚ ਖੰਨੇ ਦੇ ਪਾਸ ਭੜੀ ਪਿੰਡ ਵਿਚ ਹੇਅਰ
ਗੋਤ ਦੇ ਜੱਟ ਰਹਿੰਦੇ ਹਨ। ਗੋਰਾਇਆਂ ਮੰਡੀ ਪਾਸ ਪੱਟੀ ਜਗੀਰ ਪਿੰਡ ਵੀ ਹੇਅਰਾਂ ਦਾ ਹੈ।
ਫਰੀਦਕੋਟ ਦੇ ਇਲਾਕੇ ਵਿਚ ਬੰਬੀਹਾ ਭਾਈ ਪਿੰਡ ਵਿਚ ਵੀ ਕੁਝ ਹੇਅਰਾਂ ਦੇ ਘਰ ਹਨ ਜੋ
ਬਠਿੰਡੇ ਦੇ ਇਲਾਕੇ ਵਿਚੋਂ ਆਏ ਹਨ। ਮੁਕਤਸਰ ਇਲਾਕੇ ਵਿਚ ਰਹੂੜਿਆਂ ਵਾਲੀ ਵੀ
ਹੇਰਾਂ ਦਾ ਪ੍ਰਸਿਧ ਪਿੰਡ ਹੈ। ਰਹੂੜਿਆਂ ਵਾਲੀ ਪਿੰਡ ਮਹਾਰਾਜ ਆਲਾ ਸਿੰਘ ਦੇ ਕਿਸੇ ਸਰਦਾਰ
ਚੜ੍ਹਤ ਸਿੰਘ ਹੇਅਰ ਨੇ ਵਸਾਇਆ ਸੀ। ਇਸ ਪਿੰਡ ਦੇ ਹੇਅਰਾਂ ਨੇ ਅਬੋਹਰ ਪਾਸ ਕਾਲਾ ਟਿੱਬਾ
ਪਿੰਡ ਵਸਾਇਆ ਸੀ। ਬਠਿੰਡਾ, ਪਟਿਆਲਾ, ਸੰਗਰੂਰ ਤੇ ਮਾਲੇਰਕੋਟਲਾ ਦੇ ਇਲਾਕਿਆਂ ਵਿਚ ਵੀ
ਹੇਅਰ ਕਾਫੀ ਗਿਣਤੀ ਵਿਚ ਵਸਦੇ ਹਨ।
ਦੁਆਬੇ ਦੇ ਹੇਅਰਾਂ ਨੇ ਅਮਰੀਕਾ ਤੇ ਕੈਨੇਡਾ ਆਦਿ ਬਾਹਰਲੇ ਦੇਸ਼ਾਂ ਵਿਚ ਜਾਕੇ ਬਹੁਤ
ਉੱਨਤੀ ਕੀਤੀ ਹੈ। ਇੰਡੋ ਕੈਨੇਡੀਅਨ ਅਖਬਾਰਾਂ ਦੇ ਸੰਪਾਦਕ ਤਾਰਾ ਸਿੰਘ ਹੇਅਰ ਕੈਨੇਡਾ ਦੇ
ਬਹੁਤ ਹੀ ਪ੍ਰਸਿਧ ਪੱਤਰਕਾਰ ਸਨ।
1881 ਈਸਵੀ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿਚ ਹੇਅਰਾਂ ਦੀ ਗਿਣਤੀ 23,851
ਸੀ। ਮੇਜਰ ਜਨਰਲ ਜਗਜੀਤ ਸਿੰਘ ਹੇਅਰ ਪਿੰਡ ਬੰਬੀਹਾ ਭਾਈ ਦੇ ਹੇਅਰ ਜੱਟ ਸਨ। ਇਸ ਪਿੰਡ ਦੇ
ਹੇਅਰਾਂ ਨੇ ਰਾਜਸਤਾਨ ਵਿਚ ਵੀ ਕਾਫੀ ਜ਼ਮੀਨ ਖਰੀਦੀ ਹੈ। ਅਸਲ ਵਿਚ ਹੇਅਰ ਸ਼ਿਵ ਜਟੇਸ਼ਵਰੀ
ਹਨ। ਕੁਝ ਲੋਕ ਹੇਅਰਾਂ ਨੂੰ ਹੂਣਾਂ ਵਿਚੋਂ ਮੰਨਦੇ ਹਨ। ਇਹ ਸਹੀ ਨਹੀਂ ਹੈ। ਹੂਣਾਂ
ਵਿਚੋਂ ਕੇਵਲ ਹੈਂਗ ਜੱਟ ਹੀ ਹਨ ਜਿਨ੍ਹਾਂ ਦੇ ਉਤਰ ਪ੍ਰਦੇਸ਼ ਦੇ ਮਥਰਾ ਖੇਤਰ
ਵਿਚ 360 ਪਿੰਡ ਹਨ।
ਹੇਅਰ ਸਾਰੇ ਪੰਜਾਬ ਵਿਚ ਦੂਰ ਦੂਰ ਤਕ ਫੈਲ਼ੇ ਹੋਏ ਹਨ। ਇਹ ਜਗਤ ਪ੍ਰਸਿਧ ਗੋਤ ਹੈ।
ਸ਼ਿਵਜੀ ਜੱਟਾਂ ਦਾ ਮਹਾਨ ਦੇਵਤਾ ਸੀ। ਪ੍ਰਾਂਚੀਨ ਸਮੇਂ ਵਿਚ ਇਰਾਨ ਦੇ ਜਾਟਾਲੀ
ਪ੍ਰਾਂਤ ਵਿਚ ਈਸਾ ਤੋਂ ਕਈ ਸੌ ਸਾਲ ਪਹਿਲਾਂ ਦਹੀਆ, ਹੇਅਰ ਤੇ ਭੁਲਰ ਭਾਈਚਾਰੇ ਦੇ ਲੋਕ
ਉਥੇ ਵਸਦੇ ਰਹੇ ਹਨ। ਅਸਲ ਵਿਚ ਹੇਅਰ ਵੀ ਭੁਲਰਾਂ ਤੇ ਸਵਾਗਾਂ ਦੇ ਨਾਲ ਹੀ ਮਧ ਏਸ਼ੀਆ ਦੇ
ਸਿਰ ਦਰਿਆ ਦੇ ਨੇੜਲੇ ਖੇਤਰਾਂ ਤੋਂ ਉਠਕੇ ਪਹਿਲਾਂ ਇਰਾਨ ਦੇ ਜਾਟਾਲੀ ਪ੍ਰਾਂਤ ਵਿਚ ਆਬਾਦ
ਹੋਏ ਫਿਰ ਕਾਫੀ ਸਮੇਂ ਮਗਰੋਂ ਭੁਲਰਾਂ ਦੇ ਨਾਲ ਹੀ ਪੰਜਾਬ ਵਿਚ ਆਕੇ ਰਹਿਣ ਲਗ ਪਏ। ਪੰਜਾਬ
ਵਿਚ ਮਾਨ, ਭੁਲਰ ਤੇ ਹੇਅਰ ਰਲਕੇ ਹੀ ਰਹਿੰਦੇ ਸਨ। ਇਹ ਤਿੰਨੇ ਗੋਤਾਂ ਦੇ ਲੋਕ ਸ਼ਿਵਜੀ ਦੇ
ਭਗਤ ਸਨ। ਇਸ ਕਾਰਨ ਹੀ ਇਨ੍ਹਾਂ ਨੂੰ ਅਸਲੀ ਜੱਟ ਕਿਹਾ ਜਾਂਦਾ ਹੈ। ਇਹ ਸ਼ਿਵ ਦੀਆਂ ਜੱਟਾਂ
ਵਿਚੋਂ ਉਤਪੰਨ ਨਹੀਂ ਹੋਏ ਸਨ। ਇਹ ਪੁਰਾਣੇ ਕਬੀਲੇ ਸਨ।
|