ਗਰੇਵਾਲ : ਇਹ ਚੰਦੇਲ ਰਾਜਪੂਤਾਂ ਦੀ ਅੰਸ਼ ਵਿਚੋਂ ਹਨ। ਚੰਦੇਲ ਵੀ ਰਾਜਪੂਤਾਂ
ਦੀਆਂ 36 ਸ਼ਾਹੀ ਕੌਮਾਂ ਵਿਚੋਂ ਹਨ। ਕਿਸੇ ਸਮੇਂ ਬੁੰਦੇਲਖੰਡ ਵਿੱਚ ਚੰਦੇਲ
ਰਾਜਪੂਤਾਂ ਦਾ ਰਾਜ ਸੀ। ਇਹ ਰਿਆਸਤ ਜਮਨਾ ਅਤੇ ਨਰਮਦਾ ਨਦੀਆਂ ਦੇ ਮੱਧ ਵਿੱਚ ਸਥਿਤ ਸੀ।
ਇਸਦਾ ਪ੍ਰਸਿੱਧ ਕਿਲ੍ਹਾ ਕਾਲਿੰਜਰ ਸੀ ਜਿਥੇ ਚੰਦੇਲ ਘਰਾਣੇ ਦਾ ਰਾਜ ਸੀ। ਪਰਿਮਾਲ ਚੰਦੇਲ
ਦੀ ਪ੍ਰਿਥਵੀ ਰਾਜ ਚੌਹਾਨ ਅਤੇ ਜੈਚੰਦ ਦੋਵਾਂ ਨਾਲ ਹੀ ਦੁਸ਼ਮਣੀ ਸੀ। ਜਦੋਂ ਮੁਹੰਮਦ
ਗ਼ੌਰੀ ਨੇ ਉਨ੍ਹਾਂ ਉਤੇ ਚੜ੍ਹਾਈ ਕੀਤੀ ਤਾਂ ਪਰਿਮਾਲ ਨੇ ਕਿਸੇ ਦੀ ਸਹਾਇਤਾ ਨਾ ਕੀਤੀ ਫਿਰ
ਚੰਦੇਲਾਂ ਦੀ ਵੀ ਵਾਰੀ ਆਈ।
1203 ਈਸਵੀਂ ਵਿੱਚ ਮੁਸਲਮਾਨਾਂ ਨੇ ਕਾਲਿੰਜਰ ਵੀ ਜਿੱਤ ਲਿਆ। ਕੁਝ ਸਮੇਂ ਮਗਰੋਂ
ਮੁਸਲਮਾਨਾਂ ਨੇ ਲਲਿਤਪੁਰ ਦਾ ਖੇਤਰ ਤੇ ਚੰਦੋਲੀ ਦਾ ਕਿਲ੍ਹਾ ਵੀ ਜਿੱਤ ਲਿਆ। ਇਸ ਤਰ੍ਹਾਂ
ਚੰਦੇਲ ਰਾਜਪੂਤਾਂ ਦੀ ਸ਼ਕਤੀ ਬਹੁਤ ਹੀ ਕਮਜ਼ੋਰ ਹੋ ਗਈ। ਉਹ ਆਪਣਾ ਇਲਾਕਾ ਛੱਡ ਕੇ
ਹਰਿਆਣਾ, ਹਿਮਾਚਲ ਤੇ ਪੰਜਾਬ ਵਿੱਚ ਆ ਗਏ।
ਇਹ ਪ੍ਰਾਚੀਨ ਚੰਦਰਬੰਸੀ ਜੱਟ ਹਨ। ਪੰਜਾਬ ਦੇ ਗਰੇਵਾਲ ਜੱਟ ਲਲਿਤਪੁਰ ਦੇ ਚੰਦੇਲਾਂ ਦੀ
ਸ਼ਾਖਾ ਹਨ। ਇਹ 1469 ਈਸਵੀਂ ਦੇ ਲਗਭਗ ਪੰਜਾਬ ਵਿੱਚ ਆਏ। ਇਨ੍ਹਾਂ ਨੇ ਆਰੰਭ ਵਿੱਚ
ਪਰਿਮਾਲ, ਲਲਤੋਂ ਤੇ ਗੁਜਰਵਾਲ ਆਦਿ ਪਿੰਡ ਵਸਾਏ। ਗਰੇਵਾਲ ਗੋਤ ਦੇ ਸਿਆਣੇ ਤੇ ਬਜ਼ੁਰਗ
ਲੋਕ ਦੱਸਦੇ ਹਨ ਕਿ ਬੈਰਸੀ ਨਾਂ ਦਾ ਇੱਕ ਚੰਦੇਲ ਰਾਜਾ ਹੋਇਆ ਜੋ ਆਪਣੇ ਨਾਨਕੇ ਪਿੰਡ
ਰਹਿਕੇ ਗਿਰਾਹ ਵਿੱਚ ਪਲਿਆ ਸੀ। ਗਿਰਾਹ ਵਿੱਚ ਪਲਿਆ ਹੋਣ ਕਾਰਨ ਉਸ ਨੂੰ ਗਿਰਾਹ ਵਾਲਾ
ਕਹਿਣ ਲੱਗ ਪਏ। ਜੋ ਬੋਲਚਾਲ ਵਿੱਚ ਹੌਲੀ ਹੌਲੀ ਬਦਲ ਕੇ ਗਰੇਵਾਲ ਬਣ ਗਿਆ। ਰਾਜਾ ਬੈਰਸੀ
ਦੀ ਸਤਾਰਵੀਂ ਪੀੜ੍ਹੀ ਵਿੱਚ ਚੌਧਰੀ ਗੁਜਰ ਹੋਇਆ। ਉਸਨੇ 1469 ਈਸਵੀਂ ਵਿੱਚ ਪਿੰਡ
ਗੁਜਰਵਾਲ ਦੀ ਮੋਹੜੀ ਗੱਡੀ। ਇਸ ਇਤਿਹਾਸਕ ਸਾਲ ਗੁਰੂ ਨਾਨਕ ਦੇਵ ਜੀ ਨੇ ਜਨਮ ਧਾਰਿਆ ਸੀ।
ਗੁਜਰਵਾਲ ਪਿੰਡ ਵਿਚੋਂ ਹੀ ਅੱਗੇ ਕਿਲ੍ਹਾ ਰਾਏਪੁਰ, ਲੋਹਗੜ੍ਹ, ਫਲੇਵਾਲ, ਮਹਿਮਾ ਸਿੰਘ
ਵਾਲਾ ਤੇ ਨਾਰੰਗਵਾਲ ਆਦਿ ਗਰੇਵਾਲਾਂ ਦੇ 64 ਪਿੰਡ ਬੱਝੇ। ਚੌਧਰੀ ਗੁਜਰ ਨੇ ਹਿੱਸਾਰ ਦੇ
ਇਲਾਕੇ ਵਿਚੋਂ ਆਕੇ ਆਪਣੇ ਨਾਮ ਉਪਰ ਗੁਜਰਵਾਲ ਪਿੰਡ ਦੀ ਮੋਹੜੀ ਗੱਡੀ ਸੀ ਅਤੇ 54 ਹਜ਼ਾਰ
ਵਿਘੇ ਜ਼ਮੀਨ ਤੇ ਕਬਜ਼ਾ ਕੀਤਾ ਸੀ। ਇਹ ਹਿੰਮਤ ਤੇ ਦਲੇਰ ਜੱਟ ਸੀ। ਗਰੇਵਾਲ ਮਿਹਨਤੀ,
ਸਿਆਣੇ ਤੇ ਤੇਜ਼ ਦਿਮਾਗ਼ ਹੁੰਦੇ ਹਨ।
ਲਲਿਤਪੁਰ ਦੇ ਕੁਝ ਚੰਦੇਲਾਂ ਨੇ ਲਲਤੋਂ ਪਿੰਡ ਵਸਾਇਆ ਜੋ ਚੰਦੇਲ ਗਰੇਵਾਲਾਂ ਦਾ ਪਿੰਡ
ਹੀ ਹੈ। ਅਕਬਰ ਦੇ ਸਮੇਂ ਗੁਜਰਾਂਵਾਲ ਦੇ ਚੌਧਰੀ ਪਾਸ 40 ਪਿੰਡ ਸਨ। ਰਾਏਪੁਰ ਦੇ ਚੌਧਰੀ
ਪਾਸ ਵੀ 40 ਪਿੰਡ ਹੀ ਸਨ। ਇਨ੍ਹਾਂ 80 ਪਿੰਡਾਂ ਵਿੱਚ ਗਰੇਵਾਲਾਂ ਦੀ ਚੌਧਰ ਸੀ। ਗੁਜਰਵਾਲ
ਦੇ ਗਰੇਵਾਲਾਂ ਤੇ ਮੋਗੇ ਦੇ ਦਾਦੂ ਗਿੱਲ ਤੇ ਕਹਿਣ ਤੇ ਹੀ ਮਿਹਰ ਮਿੱਠੇ ਧਾਲੀਵਾਲ ਨੇ
ਆਪਣੀ ਪੋਤੀ ਦਾ ਰਿਸ਼ਤਾ ਅਕਬਰ ਬਾਦਸ਼ਾਹ ਨਾਲ ਕੀਤਾ ਸੀ। ਅਕਬਰ ਨੇ ਗਰੇਵਾਲਾਂ,
ਧਾਲੀਵਾਲਾਂ ਤੇ ਗਿੱਲਾਂ ਨੂੰ ਖ਼ੁਸ਼ ਕਰਨ ਲਈ ਜਾਗੀਰਾਂ ਤੇ ਖਿਤਾਬ ਦਿੱਤੇ। ਉਸ ਸਮੇਂ ਦੀ
ਇਕ ਕਹਾਵਤ ਹੈ ''ਟਿੱਕਾ ਧਾਲੀਵਾਲਾਂ ਦਾ, ਚੌਧਰ ਗਰੇਵਾਲ ਦੀ, ਬਜ਼ੁਰਗੀ ਦਾ ਦੁਸ਼ਲਾ
ਗਿੱਲਾਂ ਨੂੰ''
ਗਰੇਵਾਲ ਤੇ ਗ੍ਰਹਿਵਾਲ ਇਕੋ ਹੀ ਗੋਤ ਹੈ। ਜੱਟਾਂ ਨਾਲ ਰਿਸ਼ਤੇਦਾਰੀ ਪਾਕੇ ਅਕਬਰ
ਬਾਦਸ਼ਾਹ ਨੇ ਰਾਜਪੂਤਾਂ ਵਾਂਗ ਜੱਟਾਂ ਨਾਲ ਵੀ ਆਪਣੇ ਸੰਬੰਧ ਬਹੁਤ ਚੰਗੇ ਕਰ ਲਏ ਸਨ।
ਅਕਬਰ ਸਿਆਣਾ, ਦੂਰਅੰਦੇਸ਼ ਤੇ ਖੁੱਲ੍ਹ ਦਿਲਾ ਬਾਦਸ਼ਾਹ ਸੀ। ਬਹੁਤੇ ਜੱਟਾਂ ਦੇ
ਖ਼ਾਨਦਾਨਾਂ ਦੇ ਵਡੇਰੇ ਰਾਜਪੂਤ ਸਨ ਜਿਨ੍ਹਾਂ ਆਪਣੇ ਭਰਾਵਾਂ ਦੀਆਂ ਵਿਧਵਾਵਾਂ ਨਾਲ ਵਿਆਹ
ਕਰਾ ਲਏ ਉਹ ਰਾਜਪੂਤਾਂ ਨਾਲੋਂ ਟੁੱਟਕੇ ਜੱਟ ਬਰਾਦਰੀ ਵਿੱਚ ਚਲੇ ਗਏ। ਉਸ ਦੀ ਅੱਗੋਂ ਕਿਸੇ
ਵਡੇਰੇ ਦੇ ਨਾਮ ਤੇ ਨਵੀਂ ਜੱਟ ਗੋਤ ਚੱਲ ਪਈ। ਕਈ ਵਾਰੀ ਕਿਸੇ ਅੱਲ ਉਤੇ ਵੀ ਨਵਾਂ ਗੋਤ
ਚਾਲੂ ਹੋ ਜਾਂਦਾ ਸੀ ਜਿਵੇਂ ਗਰੇਵਾਲਾਂ ਦਾ ਨਾਂ ਇਸ ਕਰਕੇ ਪੈ ਗਿਆ ਸੀ ਕਿਉਂਕਿ ਉਹਦੀ ਮਾਂ
ਨੇ ਉਸ ਨੂੰ ਘਾਹ ਦੇ ਢੇਰ ਓਹਲੇ ਜਨਮ ਦਿੱਤਾ ਸੀ। ਗਰਾਂ ਮਲਵਈ ਬੋਲੀ ਵਿੱਚ ਢੇਰ ਨੂੰ ਆਖਦੇ
ਹਨ।
ਬਹੁਤੇ ਗਰੇਵਾਲ ਲੁਧਿਆਣੇ ਜਿਲ੍ਹੇ ਵਿੱਚ ਹੀ ਹਨ। ਕੁਝ ਗਰੇਵਾਲ ਗੋਤ ਦੇ ਜੱਟ
ਫਿਰੋਜ਼ਪੁਰ, ਬਠਿੰਡਾ, ਲੁਧਿਆਣੇ ਜਿਲ੍ਹੇ ਵਿੱਚ ਹੀ ਹਨ। ਕੁਝ ਗਰੇਵਾਲ ਗੋਤ ਦੇ ਜੱਟ
ਫਿਰੋਜ਼ਪੁਰ, ਬਠਿੰਡਾ, ਮਾਨਸਾ, ਸੰਗਰੂਰ ਤੇ ਪਟਿਆਲਾ ਆਦਿ ਜਿਲ੍ਹਿਆਂ ਵਿੱਚ ਵੀ ਨਿਵਾਸ
ਰੱਖਦੇ ਹਨ। ਕਈ ਵਾਰੀ ਲੋਕੀਂ ਹਾਸੇ ਮਿਜਾਕ ਨਾਲ ਗਰੇਵਾਲਾਂ ਨੂੰ ਜੱਟਾਂ ਦੇ ਅਗਰਵਾਲ
ਬਾਨੀਏਂ ਕਹਿ ਦਿੰਦੇ ਹਨ। ਉਹ ਇਸ ਵਿਸ਼ੇਸ਼ਣ ਦਾ ਬੁਰਾ ਵੀ ਨਹੀਂ ਮਨਾਉਂਦੇ। ਇਨ੍ਹਾਂ ਦੀ
ਮਾਲੀ ਹਾਲਤ ਚੰਗੀ ਹੋਣ ਕਾਰਨ ਇਹ ਵਿਦਿਆ, ਵਪਾਰ ਤੇ ਖੇਤੀਬਾੜੀ ਵਿੱਚ ਹੋਰ ਜੱਟਾਂ ਨਾਲੋਂ
ਬਹੁਤ ਅੱਗੇ ਹਨ। ਇਹ ਬਹੁਤ ਸਿਆਣੇ ਤੇ ਸਾਊ ਲੋਕ ਹਨ। ਹਰਿਆਣੇ ਵਿੱਚ ਗਰੇਵਾਲ ਹਿੰਦੂ ਜਾਟ
ਹਨ। ਸੰਨ 1631 ਈਸਵੀਂ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਜਰਵਾਲ ਆਏ। ਇਸ ਸਮੇਂ
ਹੀ ਗਰੇਵਾਲਾਂ ਨੇ ਸਿੱਖੀ ਧਾਰਨ ਕੀਤੀ। ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਵਾਲੇ ਤੇ ਜਸਟਿਸ
ਗੁਰਨਾਮ ਸਿੰਘ ਵੀ ਗਰੇਵਾਲਾਂ ਵਿਚੋਂ ਸਨ। ਰਾਜਸਥਾਨ ਦੇ ਸ਼ੇਖਾਵਾਟੀ ਖੇਤਰ ਵਿੱਚ
ਗਰੇਵਾਲਾਂ ਦੇ 40 ਪਿੰਡ ਹਨ। ਕੁਝ ਗਰੇਵਾਲ ਦਿੱਲੀ ਖੇਤਰ ਤੇ ਹਰਿਆਣੇ ਵਿੱਚ ਵੀ ਵਸਦੇ ਹਨ।
ਇਹ ਸਾਰੇ ਹਿੰਦੂ ਜਾਟ ਹਨ। ਲੁਧਿਆਣਾ ਗਜ਼ਟੀਅਰ ਐਡੀਸ਼ਨ 1970 ਸਫ਼ਾ 148 ਉਤੇ ਗਰੇਵਾਲਾਂ
ਬਾਰੇ ਲਿਖਿਆ ਹੈ ਕਿ ਗਰੇਵਾਲ ਆਪਣੇ ਵਡੇਰਾ ਰਾਜਪੂਤ ਰਾਜੇ ਰਿਖ ਨੂੰ ਮਨਦੇ ਹਨ ਜੋ ਦੱਖਣ
ਵੱਲੋਂ ਆਇਆ ਅਤੇ ਹਿਮਾਚਲ ਦੇ ਬਿਲਾਸਪੁਰ ਖੇਤਰ ਵਿੱਚ ਕਹਿਲੂਰ ਦੇ ਪਹਾੜੀ ਇਲਾਕੇ ਵਿੱਚ
ਆਬਾਦ ਹੋ ਗਿਆ। ਰਿਖ ਦਾ ਪੁੱਤਰ ਬੈਰਾਸੀ ਕਹਿਲੂਰ ਛੱਡ ਕੇ ਲੁਧਿਆਣੇ ਦੇ ਦੱਖਣ ਵੱਲ ਨਏ
ਬਾਦ ਥੇਹ ਤੇ ਆ ਗਿਆ ਅਤੇ ਇੱਕ ਜੱਟੀ ਰੂਪ ਕੌਰ ਨਾਲ ਵਿਆਹ ਕਰ ਲਿਆ ਅਤੇ ਆਪਣੇ ਭਰਾਵਾਂ
ਨਾਲੋਂ ਸੰਬੰਧ ਤੋੜਿਆ। ਉਸਦਾ ਪੁੱਤਰ ਗਰੇ ਸੀ ਜਿਸ ਤੋਂ ਗੋਤ ਸ਼ੁਰੂ ਹੋਇਆ। ਇਹ ਵੀ ਕਿਹਾ
ਜਾਂਦਾ ਹੈ ਕਿ ਬੱਚੇ ਦਾ ਨਾਮ ਗਰੇ ਰੱਖਿਆ ਗਿਆ ਕਿਉਂਕਿ ਬੱਚੇ ਦਾ ਜਨਮ ਘਾਹ ਦੇ ਢੇਰ ਦੇ
ਉਹਲੇ ਹੋਇਆ। ਮਲਵਈ ਬੋਲੀ ਵਿੱਚ ਢੇਰ ਨੂੰ ਗਰਾਂ ਆਖਦੇ ਹਨ। ਇੱਕ ਹੋਰ ਰਵਾਇਤ ਅਨੁਸਾਰ
ਕਰੇਵਾ ਸ਼ਬਦ ਤੇਂ ਕਰੇਵਾਲ ਬਣਿਆ ਅਤੇ ਫਿਰ ਬਦਲ ਕੇ ਗਰੇਵਾਲ ਬਣ ਗਿਆ। ਹੌਲੀ ਹੌਲੀ
ਬੈਰਾਸੀ ਦੀ ਉਲਾਦ ਲੁਧਿਆਣੇ ਦੇ ਦੱਖਣ ਪੱਛਮ ਵਿੱਚ ਸਾਰੇ ਫੈਲ ਗਈ। ਸਾਰੇ ਗੋਤਾਂ ਦੇ ਜੱਟ
ਗਰੇਵਾਲਾਂ ਨੂੰ ਚੰਗੇਰਾ ਹੀ ਸਮਝਦੇ ਹਨ। ਰਾਏਪੁਰ, ਗੁਜਰਵਾਲ ਤੇ ਨਾਰੰਗਵਾਲ ਦੇ ਗਰੇਵਾਲ
ਪਰਿਵਾਰ ਸਾਰੇ ਇਲਾਕੇ ਵਿੱਚ ਬਹੁਤ ਪ੍ਰਸਿੱਧ ਸਨ। ਉਂਝ ਤਾਂ ਗਰੇਵਾਲ ਸਾਰੇ ਮਾਲਵੇ ਵਿੱਚ
ਹੀ ਫੈਲੇ ਹੋਏ ਹਨ ਪਰ ਲੁਧਿਆਣੇ ਜਿਲ੍ਹਾ ਗਰੇਵਾਲਾਂ ਦਾ ਹੋਮਲੈਂਡ ਹੈ।
ਭਾਰਤ ਦਾ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਵੀ ਲੁਧਿਆਣੇ ਇਲਾਕੇ ਦਾ ਹੀ ਗਰੇਵਾਲ ਜੱਟ
ਸੀ।
ਮਾਲਵੇ ਵਿੱਚ ਗਰੇਵਾਲਾਂ ਦੀ ਗਿਣਤੀ ਕਾਫ਼ੀ ਹੈ। ਦੁਆਬੇ ਤੇ ਮਾਝੇ ਵਿੱਚ ਬਹੁਤ
ਹੀ ਘੱਟ ਹੈ। ਗਰੇਵਾਲਾਂ ਬਾਰੇ ਸਾਰੀਆਂ ਰਵਾਇਤਾਂ ਰਲਦੀਆਂ ਮਿਲਦੀਆਂ ਹੀ ਹਨ। ਹੁਣ ਇਹ
ਜੱਟਾਂ ਦੇ ਇੱਕ ਤੱਗੜੇ ਗੋਤ ਵਿੱਚ ਸ਼ੁਮਾਰ ਹਨ। 1878 ਈਸਵੀਂ ਵਿੱਚ ਗਰੇਵਾਲਾਂ ਦੀ ਕੁੱਲ
ਆਬਾਦੀ 18 ਹਜ਼ਾਰ ਸੀ ਅਤੇ ਇਨ੍ਹਾਂ ਦਾ ਫੈਲਾਉ ਰਾਏਪੁਰ, ਗੁਜਰਵਾਲ, ਨਾਰੰਗਵਾਲ,
ਲੋਹਗੜ੍ਹ, ਮਹਿਮਾ ਸਿੰਘ ਵਾਲਾ, ਜਸੋਵਾਲ, ਲਲਤੋਂ, ਆਲਮਗੀਰ ਤੇ ਸਰਾਭਾ ਆਦਿ 33 ਪਿੰਡਾਂ
ਵਿੱਚ ਸੀ। ਗਿਆਨੀ ਅਜਮੇਰ ਸਿੰਘ ਜੀ ਲੋਹਗੜ੍ਹ ਨੇ ਆਪਣੀ ਇਤਿਹਾਸਕ ਪੁਸਤਕ 'ਗਰੇਵਾਲ
ਸੰਸਾਰ' ਵਿੱਚ ਗਰੇਵਾਲਾਂ ਬਾਰੇ ਬਹੁਤ ਜਾਣਕਾਰੀ ਦਿੱਤੀ ਹੈ। ਗਰੇਵਾਲ ਜਗਤ ਪ੍ਰਸਿੱਧ
ਗੋਤ ਹੈ। ਗਰੇਵਾਲ ਭਾਈਚਾਰਾ ਸਿੱਖ ਕੌਮ ਅਤੇ ਪੰਜਾਬ ਦਾ ਧੁਰਾ ਹੈ। ਗਰੇਵਾਲਾਂ ਨੇ ਹਰ
ਖੇਤਰ ਵਿੱਚ ਉੱਨਤੀ ਕੀਤੀ ਹੈ। ਗਰੇਵਾਲ ਪੰਜਾਬ ਦੀ ਸ਼ਾਨ ਹਨ।
|