ਗੋਸਲ : ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਹ ਡੋਗਰ ਜੱਟਾਂ ਦੀ ਉਪਸ਼ਾਖਾ
ਹੈ। ਡੋਗਰ ਜੱਟ ਆਪਣਾ ਪਿਛੋਕੜ ਅੱਗਨੀ ਕੁਲ ਰਾਜਪੂਤਾਂ ਨਾਲ ਜੋੜਦੇ ਹਨ। ਇਹ ਬਹੁਤੇ ਪੂਰਬੀ
ਪੰਜਾਬ ਤੋਂ ਪੱਛਮੀ ਪੰਜਾਬ ਵੱਲ ਚਲੇ ਗਏ ਸਨ। ਡੋਗਰ ਜੱਟ ਬਹੁਤੇ ਮੁਸਲਮਾਨ ਬਣ ਗਏ ਸਨ।
ਇਹ ਝਗੜਾਲੂ ਤੇ ਬੇਇਤਬਾਰੇ ਸਨ। ਮਹਾਨ ਪੰਜਾਬੀ ਕਵੀ ਵਾਰਸ ਸ਼ਾਹ ਨੇ ਡੋਗਰ ਜੱਟਾਂ ਨੂੰ
ਆਪਣੀ ਕਿਤਾਬ ਵਿੱਚ ਬੇਇਤਬਾਰੇ ਹੀ ਲਿਖਿਆ ਹੈ। ਖੀਵੇ, ਮਹੂ, ਮਿੱਤਰ ਤੇ ਥਾਂਦੀ ਵੀ ਡੋਗਰ
ਜੱਟਾਂ ਦੇ ਉਪਗੋਤ ਹਨ। ਡੋਗਰ ਦਲੇਰ ਤੇ ਲੜਾਕੂ ਸਨ। ਗੋਸਲ ਜੱਟਾਂ ਦਾ ਸਿੱਧ ਬਾਲਾ ਸੀ। ਇਸ
ਦੀ ਬੱਡਰੁਖਾਂ, ਜਿਲ੍ਹਾ ਸੰਗਰੂਰ ਵਿੱਚ ਸਮਾਧ ਹੈ। ਗੋਸਲ
ਜੱਟ ਇਸ ਸਮਾਧ ਦੀ ਮਾਨਤਾ ਤੇ ਪੂਜਾ ਕਰਦੇ ਹਨ। ਬੱਡਰੁਖਾਂ ਪਿੰਡ ਵਿੱਚ ਹੁਣ ਵੀ ਗੋਸਲਾਂ
ਦੇ ਕਾਫ਼ੀ ਘਰ ਹਨ। ਪੰਜਾਬ ਵਿੱਚ ਗੋਸਲ ਨਾਮ ਦੇ ਕਈ ਪਿੰਡ ਹਨ।
ਜਿਲ੍ਹਾ ਬਠਿੰਡਾ ਵਿੱਚ ਵੀ ਇੱਕ ਪਿੰਡ ਦਾ ਨਾਮ ਗੋਸਲ ਹੈ।
ਲੁਧਿਆਣੇ ਵਿੱਚ ਵੀ ਗੋਸਲਾਂ ਪਿੰਡ ਗੋਸਲ ਜੱਟਾਂ ਦਾ ਹੀ ਹੈ। ਰੋਪੜ ਵਿੱਚ ਵੀ ਗੋਸਲਾਂ,
ਰਸਨਹੇੜੀ ਆਦਿ ਕਈ ਪਿੰਡ ਗੋਸਲ ਜੱਟਾਂ ਦੇ ਹਨ। ਗੋਸਲ ਦੁਆਬੇ ਵਿੱਚ ਵੀ ਹਨ। ਹਿਮਾਚਲ
ਪ੍ਰਦੇਸ਼ ਵਿੱਚ ਵੀ ਕੁਝ ਡੋਗਰਿਆਂ ਦਾ ਗੋਤ ਗੋਸਲ ਹੁੰਦਾ ਹੈ। ਮੁਸਲਮਾਨ ਹਮਲਾਵਰਾਂ ਦੇ
ਸਮੇਂ ਕਈ ਜੱਟ ਕਬੀਲੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵੱਲ ਚਲੇ ਗਏ ਸਨ। ਕੁਝ ਉਥੇ
ਹੀ ਵਸ ਗਏ ਸਨ। ਗੋਸਲ ਗੋਤ ਦੇ ਬਹੁਤੇ ਜੱਟ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੀ ਹਨ। ਇਹ
ਹਿੰਦੂ, ਮੁਸਲਮਾਨ ਤੇ ਸਿੱਖ ਤਿੰਨਾਂ ਧਰਮਾਂ ਵਿੱਚ ਹੀ ਹਨ। ਮਾਲਵੇ ਵਿੱਚ ਗੋਸਲ ਸਾਰੇ ਹੀ
ਸਿੱਖ ਹਨ। ਗੁਰਦੇਵ ਸਿੰਘ ਗੋਸਲ ਬਹੁਤ ਹੀ ਪ੍ਰਸਿੱਧ ਭੂਗੋਲ ਵਿਗਿਆਨੀ ਹੈ।
ਗੋਸਲ ਜੱਟਾਂ ਦਾ ਉਘਾ ਤੇ ਛੋਟਾ ਗੋਤ ਹੈ। ਬੱਬਰ ਦਲੀਪ ਸਿੰਘ ਗੋਸਲ ਦੀ ਜਨਮ ਭੂਮੀ ਵੀ
ਦੁਆਬੇ ਦਾ ਪ੍ਰਸਿੱਧ ਪਿੰਡ ਗੋਸਲ ਹੀ ਸੀ। ਗੁਸਰ ਤੇ ਗੋਸਲ ਇਕੋ ਗੋਤ ਹੈ। ਇਹ ਵੀ ਮੱਧ
ਏਸ਼ੀਆ ਤੋਂ ਭਾਰਤ ਆਉਣ ਵਾਲਾ ਪ੍ਰਾਚੀਨ ਜੱਟ ਕਬੀਲਾ ਹੈ। ਹਿਮਾਚਲ ਪ੍ਰਦੇਸ਼ ਦੇ ਡੋਗਰਿਆਂ
ਦੇ ਗੋਤ ਪੰਜਾਬ ਦੇ ਜੱਟਾਂ ਅਤੇ ਰਾਜਪੂਤਾਂ ਨਾਲ ਰਲਦੇ ਹਨ। ਜੱਟ ਬਹੁਤ ਵੱਡਾ ਭਾਈਚਾਰਾ
ਹੈ।
|