ਘੁੰਮਣ : ਇਹ ਚੰਦਰਬੰਸੀ ਰਾਜਪੂਤਾਂ ਵਿਚੋਂ ਹਨ। ਇਨ੍ਹਾਂ ਦਾ
ਵਡੇਰਾ ਰਾਜਾ ਮਲਕੀਰ ਸੀ ਜੋ ਦਿੱਲੀ ਦੇ ਰਾਜੇ ਦਲੀਪ ਦੀ ਬੰਸ ਵਿਚੋਂ ਸੀ। ਇਸ ਬੰਸ ਦੇ
ਰਾਜੇ ਸੈਨਪਾਲ ਨੇ ਆਪਣੀ ਬਰਾਦਰੀ ਨੂੰ ਛੱਡ ਕੇ ਹੋਰ ਜਾਤੀ ਵਿੱਚ ਵਿਆਹ ਕਰਾਇਆ ਸੀ। ਆਪਣੇ
ਇੱਕ ਪੁੱਤਰ ਦਾ ਨਾਮ ਘੁੰਮਣ ਰੱਖਿਆ ਸੀ। ਸੈਨਪਾਲ ਰਾਜੇ ਦੇ 22 ਪੁੱਤਰ ਤੇ ਕਈ ਰਾਣੀਆਂ
ਸਨ। 20 ਪੁੱਤਰਾਂ ਦੇ ਨਾਮ ਤੇ ਨਵੇਂ 20 ਜੱਟ ਗੋਤ ਘੁੰਮਣ, ਔਜਲੇ, ਤੱਤਲੇ ਆਦਿ ਪ੍ਰਚਲਿਤ
ਹੋ ਗਏ। ਫਿਰੋਜ਼ਪੁਰ ਦੇ ਸਮੇਂ ਘੁੰਮਣ ਆਪਣਾ ਇਲਾਕਾ ਮੁਕਿਆਲਾ ਛੱਡ ਕੇ ਪਹਿਲਾਂ ਜੰਮੂ ਤੇ
ਦੁਆਬੇ ਵਿੱਚ ਆਬਾਦ ਹੋਏ, ਫਿਰ ਮਾਝੇ ਤੇ ਮਾਲਵੇ ਵੱਲ ਚਲੇ
ਗਏ ਸਨ।
ਮਾਝੇ ਤੋਂ ਅੱਗੇ ਘੁੰਮਣ ਸਿਆਲਕੋਟ, ਗੁੱਜਰਾਂਵਾਲਾ ਤੇ ਗੁਜਰਾਤ ਤੱਕ ਚਲੇ ਗਏ ਸਨ।
ਸਿਆਲਕੋਟ ਵਿੱਚ ਵੀ ਘੁੰਮਣਾਂ ਦੇ ਕਈ ਪਿੰਡ ਸਨ। ਇਸ ਖੇਤਰ ਦੇ ਘੁੰਮਣ ਆਪਣੇ ਸਿੱਧ
ਦੁਲਚੀ ਦੀ ਮਾਨਤਾ ਕਰਦੇ ਹਨ। ਸੰਗਰੂਰ ਖੇਤਰ ਦੇ ਘੁੰਮਣ ਆਪਣੇ ਸਿੱਧ ਦਾਦੂ (ਕਾਲਾ) ਦੀ
ਮਾਨਤਾ ਕਰਦੇ ਹਨ। ਇਸ ਦੀ ਪਟਿਆਲੇ ਦੇ ਖੇਤਰ ਵਿੱਚ ਨਾਗਰਾ ਦੇ ਸਥਾਨ ਤੇ ਸਮਾਧ ਹੈ। ਹੋਰ
ਜੱਟਾਂ ਵਾਂਗ ਘੁੰਮਣ ਵੀ ਵਿਆਹ ਸ਼ਾਦੀ ਸਮੇਂ ਜੰਡੀ ਵੱਢਣ ਤੇ ਬੱਕਰੇ ਦੀ ਬਲੀ ਦੇਣ ਦੀ ਰਸਮ
ਕਰਦੇ ਹਨ। ਘਾਹ ਦਾ ਦੇਵਤਾ ਬਣਾਕੇ ਉਸ ਦੀ ਪੂਜਾ ਕਰਦੇ ਸਨ। ਗੁਰੂ ਅਮਰ ਦਾਸ ਦੇ ਸਮੇਂ
ਮਾਝੇ ਦੇ ਬਹੁਤ ਜੱਟ ਸਿੱਖ ਬਣ ਗਏ ਸਨ। ਮਸੰਦਾਂ ਵਿੱਚ ਵੀ ਬਹੁਤੇ ਜੱਟ ਸਨ। ਇਨ੍ਹਾਂ ਨੇ
ਆਪਣੀ ਬਰਾਦਰੀ ਵਿੱਚ ਸਿੱਖੀ ਦਾ ਬਹੁਤ ਪਰਚਾਰ ਕੀਤਾ ਸੀ। ਸਿੱਖ ਧਰਮ ਧਾਰਨ ਕਰਨ ਤੋਂ
ਮਗਰੋਂ ਘੁੰਮਣਾ ਨੇ ਪੁਰਾਣੇ ਰਸਮ ਰਿਵਾਜ਼ ਛੱਡ ਦਿੱਤੇ।
ਸੰਤ ਵਿਸਾਖਾ ਸਿੰਘ ਅਨੁਸਾਰ ਘੁੰਮਣ ਜੱਟ ਸੋਲੀਆਂ ਬੰਸ ਵਿਚੋਂ ਹਨ। ਇਹ ਗੜ੍ਹ
ਮੁਕਤੇਸਵਰ ਤੇ ਗੜ੍ਹ ਕੇਸਰ ਤੋਂ ਸੁਨਾਮ, ਢੋਡਿਆਂ ਦੇ ਵਿਚਕਾਰ 14ਵੀਂ ਸਦੀ ਦੇ ਆਰੰਭ
ਪੰਜਾਬ ਵਿੱਚ ਆਏ ਫਿਰ ਸਾਰੇ ਪੰਜਾਬ ਵਿੱਚ ਫੈਲ ਗਏ। ਘੁੰਮਣ ਜੱਟ ਜਿੰਜੂਆ ਰਾਜਪੂਤਾਂ ਨੂੰ
ਵੀ ਆਪਣੀ ਬਰਾਦਰੀ ਵਿਚੋਂ ਸਮਝਦੇ ਹਨ। ਜੱਟ ਰਾਜਪੂਤਾਂ ਤੋਂ ਪਹਿਲਾਂ ਦੇ ਆਬਾਦ ਹਨ ਪੰਜਾਬ
ਵਿੱਚ ਘੁੰਮਣ ਜਾਂ ਘੁਮਾਣ ਨਾਮ ਦੇ ਕਈ ਪਿੰਡ ਹਨ। ਜਿਲ੍ਹਾ ਸੰਗਰੂਰ ਦੇ ਪਿੰਡ ਦਿੜ੍ਹਬਾ ਦੇ
ਭਾਈ ਵੀਰ ਸਿੰਘ ਜੀ ਘੁੰਮਾਣ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਮੁਗਲਾਂ ਨਾਲ
ਲੜਦੇ ਹੋਏ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਬੈਰਸੀਆਣਾ ਦਾ ਗੁਰਦੁਆਰਾ ਬਣਿਆ
ਹੋਇਆ ਹੈ।
ਬਾਬਾ ਵੀਰ ਸਿੰਘ ਸ਼ਹੀਦ ਮਹਾਨ ਸ਼ਕਤੀਸ਼ਾਲੀ ਸਨ। ਉਨ੍ਹਾਂ ਨਾਲ ਕਈ ਕਰਾਮਾਤਾਂ ਵੀ
ਜੁੜੀਆਂ ਹੋਈਆਂ ਹਨ। ਉਹ ਸਿਰ ਤਲੀ ਤੇ ਰੱਖਕੇ ਦਿੜ੍ਹਬਾ ਤੱਕ ਮੁਗਲਾਂ ਨਾਲ ਲੜਦੇ ਰਹੇ।
ਦਿੜ੍ਹਬਾ ਵੀ ਘੁਮਾਣਾ ਦਾ ਪਿੰਡ ਹੈ।
ਇੱਕ ਘੁੰਮਣ ਪਿੰਡ ਦੋਰਾਹੇ ਦੇ ਪਾਸ ਲੁਧਿਆਣੇ ਜਿਲ੍ਹੇ ਵਿੱਚ ਹੈ। ਇੱਕ ਘੁੰਮਣ ਪਿੰਡ
ਜਿਲ੍ਹਾ ਨਵਾਂ ਸ਼ਹਿਰ ਦੁਆਬੇ ਵਿੱਚ ਹੈ। ਇੱਕ ਘੁੰਮਣ ਕਲਾਂ ਪਿੰਡ ਬਠਿੰਡੇ ਵਿੱਚ ਵੀ ਹੈ।
ਮਾਨਸਾ ਵਿੱਚ ਵੀ ਘੁੰਮਣ ਕਲਾਂ ਤੇ ਘੁੰਮਣ ਖੁਰਦ ਦੋ ਪਿੰਡ ਹਨ। ਸੰਗਰੂਰ ਦੇ ਪਿੰਡ ਕਾਕੂ
ਵਾਲਾ ਤੇ ਪਟਿਆਲੇ ਦੇ ਪਿੰਡ ਸੂਲਰ ਵਿੱਚ ਵੀ ਘੁੰਮਣ ਗੋਤ ਦੇ ਕਾਫ਼ੀ ਘਰ ਵਸਦੇ ਹਨ। ਮਾਲਵੇ
ਵਿੱਚ ਵੀ ਘੁੰਮਣ ਗੋਤ ਦੇ ਜੱਟ ਕਾਫ਼ੀ ਹਨ। ਦੁਆਬੇ ਵਿੱਚ ਘੁੰਮਣ ਗੋਤ ਦੇ ਲੋਕ ਘੱਟ ਹਨ
ਕਿਉਂਕਿ ਇਹ ਦੁਆਬੇ ਤੋਂ ਬਹੁਤੇ ਮਾਝੇ ਵੱਲ ਚਲੇ ਗਏ ਸਨ। ਗੁਰਦਾਸਪੁਰ ਜਿਲ੍ਹੇ ਵਿੱਚ
ਘੁੰਮਣ ਕਲਾਂ ਤੇ ਘੁੰਮਣ ਖੁਰਦ ਦੇ ਪਿੰਡ ਘੁੰਮਣ ਗੋਤ ਦੇ ਜੱਟਾਂ ਦੇ ਬਹੁਤ ਹੀ ਪ੍ਰਸਿੱਧ
ਪਿੰਡ ਹਨ। ਅਮ੍ਰਿਤਸਰ ਦੇ ਅਜਨਾਲੇ ਇਲਾਕੇ ਵਿੱਚ ਵੀ ਘੁੰਮਣ ਬਰਾਦਰੀ ਦੇ ਕੁਝ ਲੋਕ ਵਸਦੇ
ਹਨ। ਫਿਰੋਜ਼ਪੁਰ ਦੇ ਇਲਾਕੇ ਵਿੱਚ ਘੁੰਮਣ ਬਹੁਤ ਹੀ ਘੱਟ ਹਨ।
14ਵੀਂ ਸਦੀ ਦੇ ਆਰੰਭ 1332 ਈਸਵੀਂ ਵਿੱਚ ਕੁਝ ਘੁੰਮਣ ਜੱਟ ਸਖ਼ਤ ਔੜ ਲਗਣ ਕਾਰਨ
ਦੁਆਬੇ ਦਾ ਇਲਾਕਾ ਛੱਡ ਕੇ ਗੁਰਦਾਸਪੁਰ ਦੇ ਇਲਾਕੇ ਵਿੱਚ ਸੰਤ ਨਾਮ ਦੇਵ ਦੀ ਕੁਟੀਆ ਪਾਸ ਆ
ਗਏ ਸਨ। ਸੰਤ ਨਾਮਦੇਵ ਦੇ ਅਸ਼ੀਰਵਾਦ ਨਾਲ ਉਥੇ ਹਰਿਆਵਲ ਤੇ ਪਾਣੀ ਦੀ ਛਪੜੀ ਵੇਖ ਕੇ ਨਵਾਂ
ਪਿਡ ਘੁੰਮਣ ਆਬਾਦ ਕੀਤਾ।
ਸੰਤ ਨਾਮਦੇਵ ਦਾ ਜਨਮ 1270 ਈਸਵੀਂ ਤੇ ਮੌਤ 1350 ਈਸਵੀਂ ਵਿੱਚ ਹੋਈ। ਸੰਤ ਨਾਮਦੇਵ
ਜੀ ਨੇ ਜੀਵਨ ਦੇ ਆਖ਼ਰੀ 18 ਸਾਲ ਨਵੇਂ ਆਬਾਦ ਹੋਏ ਘੁੰਮਣ ਪਿੰਡ ਵਿੱਚ ਹੀ ਗੁਜ਼ਾਰੇ ਸਨ।
ਘੁੰਮਣ ਗੋਤ ਦੇ ਬਹੁਤੇ ਜੱਟ ਗੁਰਦਾਸਪੁਰ, ਅਮ੍ਰਿਤਸਰ, ਜਲੰਧਰ, ਹੁਸਿਆਰਪੁਰ, ਸਿਆਲਕੋਟ,
ਲਾਹੌਰ, ਗੁਜਰਾਂਵਾਲਾ ਤੇ ਗੁਜਰਾਤ ਵਿੱਚ ਵਸਦੇ ਸਨ। ਪੱਛਮੀ ਪੰਜਾਬ ਦੇ ਬਹੁਤੇ ਘੁੰਮਣ ਜੱਟ
ਮੁਸਲਮਾਨ ਬਣ ਗਏ ਸਨ। ਮਾਲਵੇ ਵਿੱਚ ਵੀ ਘੁੰਮਣ ਲੁਧਿਆਣਾ, ਸੰਗਰੂਰ, ਪਟਿਆਲਾ, ਮਾਨਸਾ,
ਬਠਿੰਡਾ ਤੇ ਫਿਰੋਜ਼ਪੁਰ ਦੇ ਖੇਤਰਾਂ ਵਿੱਚ ਕਾਫ਼ੀ ਵਸਦੇ ਹਨ। ਇਹ ਲੋਕ ਮਿਹਨਤੀ ਤੇ
ਸੂਝਵਾਨ ਹਨ। ਜਨਰਲ ਮੋਹਨ ਸਿੰਘ ਸਿਆਲਕੋਟ ਦੇ ਪਿੰਡ ਉਗੋਕੇ ਦਾ ਘੁੰਮਣ ਜੱਟ ਸੀ। ਸਿਆਲਕੋਟ
ਵਿੱਚ ਘੁੰਮਣਾਂ ਦੇ ਬਾਰਾਂ ਪਿੰਡ ਸਨ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ
ਵਿੱਚ ਘੁੰਮਣ ਜੱਟਾਂ ਦੀ ਗਿਣਤੀ 31,427 ਸੀ। ਦੁਆਬੇ ਦੇ ਬਹੁਤੇ ਘੁੰਮਣ ਬਾਹਰਲੇ ਦੇਸ਼ਾਂ
ਵਿੱਚ ਚਲੇ ਗਏ ਹਨ। ਪੰਜਾਬ ਵਿੱਚ ਸਾਰੇ ਜੱਟਾਂ ਦੀ ਗਿਣਤੀ ਘੱਟ ਕੇ ਕੇਵਲ 28 ਪ੍ਰਤੀਸ਼ਤ
ਹੀ ਰਹਿ ਗਈ ਹੈ। ਪੂਰਬੀ ਪੰਜਾਬ ਦੇ ਘੁੰਮਣ ਸਾਰੇ ਸਿੱਖ ਹਨ। ਘੁੰਮਣ ਜੱਟਾਂ ਦੇ ਵਡੇਰੇ
ਪੱਛਮੀ ਏਸ਼ੀਆ ਤੋਂ ਭਾਰਤ ਆਏ ਸਨ। ਘੁੰਮਣ ਸਿਆਣੇ ਤੇ ਸੰਜਮੀ ਜੱਟ ਹਨ। ਇਹ ਇੱਕ ਉਘਾ ਗੋਤ
ਹੈ।
ਲੇਖਕ ਇਲਿਆਸ ਘੁੰਮਣ ਤੇ ਤਰਲੋਕ ਮਨਸੂਰ ਦੋਵੇਂ ਹੀ ਘੁੰਮਣ ਜੱਟ ਹਨ।
|