ਗਰਚੇ : ਗਰਚੇ ਜੱਟ ਤੰਵਰ ਰਾਜਪੂਤਾਂ ਦੀ ਇੱਕ ਸ਼ਾਖ ਹੈ। ਕਿਸੇ ਸਮੇਂ ਇਸ ਕਬੀਲੇ
ਦਾ ਦਿੱਲੀ ਉਤੇ ਰਾਜ ਹੁੰਦਾ ਸੀ। ਦਿੱਲੀ ਦੇ ਤੰਵਰ ਰਾਜੇ ਅਨੰਗਪਾਲ ਦੂਜੇ ਦੇ ਕੋਈ ਪੁੱਤਰ
ਨਹੀਂ ਸੀ। ਚੌਹਾਨਾਂ ਨੇ 1164 ਈਸਵੀ ਦੇ ਲਗਭਗ ਦਿੱਲੀ ਉਨ੍ਹਾਂ ਤੋਂ ਖੋਹ ਲਈ। ਕੁਝ ਸਮੇਂ
ਮਗਰੋਂ ਪ੍ਰਿਥਵੀ ਰਾਜ ਚੌਹਾਨ ਦਿੱਲੀ ਦਾ ਬਾਦਸ਼ਾਹ ਬਣ ਗਿਆ। ਤੰਵਰ ਦਿੱਲੀ ਦਾ ਇਲਾਕਾ ਛੱਡ
ਕੇ ਕਾਫ਼ੀ ਗਿਣਤੀ ਵਿੱਚ ਰਾਜਸਥਾਨ ਵੱਲ ਚਲੇ ਗਏ। ਗਰਚੇ ਵੀ ਦਿੱਲੀ ਦੇ ਖੇਤਰ ਜਮਨਾ ਨਦੀ
ਦੇ ਆਲੇ ਦੁਆਲੇ ਤੋਂ ਉੱਠ ਕੇ ਆਪਣੇ ਤੂਰ ਭਾਈਚਾਰੇ ਨਾਲ ਪਹਿਲਾਂ ਰਾਜਸਥਾਨ ਵੱਲ ਗਏ ਫਿਰ
ਲੁਧਿਆਣੇ ਦੇ ਖੇਤਰ ਵਿੱਚ ਆ ਕੇ ਆਬਾਦ ਹੋ ਗਏ।
ਦੱਖਣੀ ਮਾਲਵੇ ਵਿੱਚ ਸਿੱਧੂ ਬਰਾੜ ਕੋਟਕਪੂਰੇ ਤੱਕ ਬਰਾੜ ਕੀ ਖੇਤਰ ਵਿੱਚ ਫੈਲੇ ਹੋਏ
ਸਨ। ਮੋਗੇ ਵਿੱਚ ਗਿੱਲਾਂ ਦਾ ਜ਼ੋਰ ਸੀ। ਨਿਹਾਲੇਵਾਲਾ ਖੇਤਰ ਵਿੱਚ ਧਾਲੀਵਾਲਾਂ ਦਾ ਕਬਜ਼ਾ
ਸੀ। ਲੁਧਿਆਣੇ ਦਾ ਖੇਤਰ ਹੀ ਬੇਆਬਾਦ ਸੀ। ਗਰੇਵਾਲ, ਗਰਚਿਆਂ ਤੋਂ ਮਗਰੋਂ ਹੀ ਲੁਧਿਆਣੇ ਦੇ
ਖੇਤਰ ਵਿੱਚ ਆਏ ਹਨ। ਗਰਚੇ ਲੁਧਿਆਣੇ ਦੇ ਖੇਤਰ ਵਿੱਚ ਬਾਰਵੀਂ ਸਦੀ ਵਿੱਚ ਆਏ ਹਨ। ਗਰੇਵਾਲ
15ਵੀਂ ਸਦੀ ਵਿੱਚ ਆਏ ਹਨ। ਗਰਚੇ ਜਮਨਾ ਦਰਿਆ ਦੇ ਹਰੇ ਭਰੇ ਇਲਾਕੇ ਵਿਚੋਂ ਆ ਕੇ ਸਤਲੁਜ
ਅਤੇ ਬਿਆਸ ਦੇ ਹਰੇ ਭਰੇ ਖੇਤਰਾਂ ਵਿੱਚ ਨਵੇਂ ਪਿੰਡ ਵਸਾਕੇ ਵਸ ਗਏ। ਪਰਮਾਰ ਵੀ ਇਸ ਸਮੇਂ
ਹੀ ਆਏ ਸਨ। ਗਰਚੇ ਗੋਤ ਦਾ ਜਠੇਰਾ ਪਿੰਡ ਕੋਹਾੜਾ ਜਿਲ੍ਹਾ ਲੁਧਿਆਣਾ ਵਿੱਚ ਹੀ ਹੈ। ਇਸ
ਤੋਂ ਇਲਾਵਾ ਢੰਡਾਰੀ ਕਲਾਂ, ਢੰਡਾਰੀ ਖੁਰਦ, ਸ਼ੰਕਰ, ਬਿੱਲਗਾ ਅਤੇ ਮਜਾਰਾ ਆਦਿ ਪਿਡਾਂ
ਵਿੱਚ ਵੀ ਗਰਚੇ ਗੋਤ ਦੇ ਕਾਫ਼ੀ ਜੱਟ ਜਿੰਮੀਂਦਾਰ ਰਹਿੰਦੇ ਹਨ। ਦੁਆਬੇ ਵਿੱਚ ਵੀ
ਫਿਲੌਰ-ਨਵਾਂ ਸ਼ਹਿਰ ਰੋਡ ਦੇ ਗਰਚੇ ਗੋਤ ਦਾ ਗਰਚਾ ਨਾਮ ਦਾ ਇੱਕ ਪੁਰਾਣਾ ਤੇ ਉੱਘਾ ਪਿੰਡ
ਹੈ। ਇਸ ਪਿੰਡ ਵਿੱਚ ਗਰਚੇ ਗੋਤ ਦੇ ਜਠੇਰੇ ਆਦੀ ਦੀ ਅਧਿਆਨਾ ਸਥਾਨ ਤੇ ਮੜੀ ਹੈ। ਗਰਚੇ
ਗੋਤ ਦੇ ਲੋਕ ਪੂਜਾ ਕਰਦੇ ਹਨ। ਆਦੀ ਮਹਾਨ ਸੰਨਿਆਸੀ ਸੀ। ਗਰਚਿਆਂ ਦੇ ਪਰੋਹਤ ਬ੍ਰਾਹਮਣ
ਹਨ। ਰੋਪੜ ਜਿਲ੍ਹੇ ਦੁਆਬੇ ਵਿੱਚ ਗਰਚੇ ਦਲਿਤ ਜਾਤੀ ਵਿੱਚ ਵੀ ਹਨ। ਕੁਝ ਹਿੰਦੂ ਵੀ ਹਨ।
ਮਾਨਸਾ ਇਲਾਕੇ ਦੇ ਪਿੰਡ ਬੀਰੋਕੇ ਕਲਾਂ ਵਿੱਚ ਦਲਿਉ, ਔਲਖ, ਚਹਿਲ ਤੇ ਗਰਚੇ ਜੱਟ ਵਸਦੇ
ਹਨ। ਗਰਚੇ ਆਪਣਾ ਪਿਛੋਕੜ ਲੁਧਿਆਣਾ ਜਿਲ੍ਹਾ ਹੀ ਦੱਸਦੇ ਹਨ।
ਲੁਧਿਆਣੇ ਜਿਲ੍ਹੇ ਦੇ ਗਰਚੇ ਜੱਟ ਸਮਾਜਿਕ ਤੇ ਰਾਜਨੀਤਿਕ ਤੌਰ ਤੇ ਕਾਫ਼ੀ
ਪ੍ਰਭਾਵਸ਼ਾਲੀ ਹਨ। ਇਨ੍ਹਾਂ ਦੀ ਆਰਥਿਕ ਹਾਲਤ ਵੀ ਠੀਕ ਹੈ। ਇਨ੍ਹਾਂ ਦੇ ਕੁਝ ਪਿੰਡ ਪਾਇਲ
ਕੋਲ ਵੀ ਹਨ। ਢੰਡਾਰੀ ਪਿੰਡ ਦੇ ਸਰਦਾਰ ਅਸ਼ੋਰ ਸਿੰਘ ਗਰਚਾ ਨੇ ਵੀ ਲੇਖਕ ਨੂੰ ਗਰਚੇ ਗੋਤ
ਬਾਰੇ ਕਾਫ਼ੀ ਜਾਣਕਾਰੀ ਦਿੱਤੀ ਹੈ। ਸੀੜੇ, ਚੰਦੜ, ਢੰਡੇ, ਕੰਧੋਲੇ (ਕੰਦੋਲੇ), ਖੋਸੇ,
ਨੈਨ ਵੀ ਤੂਰਾਂ ਦੇ ਹੀ ਉਪਗੋਤ ਹਨ। ਬਹੁਤੇ ਗਰਚੇ ਲੁਧਿਆਣੇ ਤੇ ਦੁਆਬੇ ਵਿੱਚ ਹੀ ਆਬਾਦ
ਹਨ। ਪੰਜਾਬ ਵਿੱਚ ਗਰਚੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ ਕਿਉਂਕਿ ਇਹ ਤੂਰਾਂ ਦਾ ਇੱਕ
ਉਪਗੋਤ ਹੈ।
ਤੂਰ ਜੱਟਾਂ ਦਾ ਪੁਰਾਣਾ ਗੋਤ ਹੈ। ਇਹ ਆਪਣਾ ਸੰਬੰਧ ਮਹਾਭਾਰਤ ਦੇ ਪਾਂਡੋ
ਨਾਲ ਜੋੜਦੇ ਹਨ। ਮਹਾਭਾਰਤ ਦੇ ਸਮੇਂ ਵੀ ਪੰਜਾਬ ਵਿੱਚ (83) ਜੱਟ ਕਬੀਲੇ ਆਬਾਦ ਸਨ।
ਜੱਟਾਂ ਤੇ ਖੱਤਰੀਆਂ ਦੇ ਕਈ ਗੋਤ ਸਾਂਝੇ ਹਨ। ਜੱਟਾ ਦੇ ਕਈ ਪ੍ਰਾਚੀਨ ਰਾਜਘਰਾਣੇ ਭਾਰਤ ਦੇ
ਪ੍ਰਾਚੀਨ ਇਤਿਹਾਸ ਵਿੱਚ ਬਹੁਤ ਉਘੇ ਤੇ ਸ਼ਕਤੀਸ਼ਾਲੀ ਸਨ। ਗਰਚਾ ਵੀ ਜੱਟਾਂ ਦਾ ਇੱਕ ਉੱਘਾ
ਤੇ ਛੋਟਾ ਗੋਤ ਹੈ। ਤੂਰਾਂ ਦੀਆਂ ਕਈ ਮੂੰਹੀਆਂ ਹਨ। ਅਸਲ ਵਿੱਚ ਤੂਰਾਂ ਜਾਂ ਤੰਵਰਾਂ ਦਾ
ਮੁੱਢਲਾ ਘਰ ਮੱਧ ਏਸ਼ੀਆ ਦਾ ਤੁਰਕਸਤਾਨ ਖੇਤਰ ਹੀ ਹੈ। ਬਹੁਤੀਆਂ ਜੱਟ ਜਾਤੀਆਂ ਇਰਾਨ ਤੇ
ਅਫ਼ਗਾਨਿਸਤਾਨ ਦੇ ਰਸਤੇ ਹੀ ਵੱਖ ਵੱਖ ਸਮੇਂ ਭਾਰਤ ਵਿੱਚ ਪਹੁੰਚੀਆਂ ਸਨ। ਸਿੰਧ, ਜਮਨਾ ਤੇ
ਰਾਵੀ ਆਦਿ ਦਰਿਆਵਾਂ ਦੇ ਖੇਤਰਾਂ ਵਿੱਚ ਸਦਾ ਲਈ ਆਬਾਦ ਹੋ ਗਈਆਂ। ਪਹਿਲਾਂ ਗਰਚੇ ਕੇਵਲ
ਜਮਨਾ ਦੇ ਖੇਤਰ ਵਿੱਚ ਹੀ ਆਬਾਦ ਸਨ। ਹੁਣ ਮਾਲਵੇ ਤੇ ਦੁਆਬੇ ਵਿੱਚ ਦੂਰ-ਦੂਰ ਤੱਕ ਵਸਦੇ
ਹਨ। ਗਰਚਾ ਜਗਤ ਪ੍ਰਸਿੱਧ ਗੋਤ ਹੈ।
ਪੰਜਾਬ ਵਿੱਚ ਜੱਟਾਂ ਦਾ ਬੋਲਬਾਲਾ ਹੈ। ਇਨ੍ਹਾਂ ਦਾ ਸਮਾਜਿਕ ਤੇ ਰਾਜਨੀਤਕ ਦਰਜਾ ਵੀ
ਰਾਜਪੂਤਾਂ ਅਤੇ ਬ੍ਰਾਹਮਣਾਂ ਆਦਿ ਤੋਂ ਉਚਾ ਹੋ ਗਿਆ ਹੈ। ਆਰਥਿਕ ਹਾਲਤ ਚੰਗੇਰੀ ਹੋਣ ਕਾਰਨ
ਜੀਵਨ ਪੱਧਰ ਵੀ ਉਚਾ ਹੋ ਗਿਆ ਹੈ।
|