ਢੀਂਡਸਾ – ਅੱਠਵੀਂ ਸਦੀ ਦੇ ਆਖਰੀ ਸਾਲਾਂ ਵਿਚ ਤੂਰਾਂ ਨੇ ਸ਼ਾਹ ਸਰੋਆ ਦੀ ਬੰਸ ਦੇ
ਲੋਕਾਂ ਢਿਲੋਂ, ਢੀਂਡਸੇ, ਦੋਸਾਂਝ, ਸੰਘੇ ਤੇ ਮੱਲ੍ਹੀਆਂ ਤੋਂ ਦਿੱਲੀ ਦਾ ਰਾਜ ਖੋਹ ਲਿਆ
ਸੀ। ਇਸ ਕਬੀਲੇ ਦੇ ਲੋਕ ਫਿਰ ਰਾਜਸਤਾਨ ਵਲ ਚਲੇ ਗਏ ਸਨ। ਉਥੇ ਸਰੋਹੀ ਨਗਰ ਵਸਾਇਆ।
ਸਰੋਹੀਆਂ ਦਾ ਰਾਜਸਤਾਨ ਵਿਚ ਕਾਫੀ ਜ਼ੋਰ ਰਿਹਾ। ਇਹ ਲੋਕ ਸੋਲ੍ਹਵੀ ਸਦੀ ਦੇ ਅੰਤ ਵਿਚ
ਪੰਜਾਬ ਦੇ ਫਿਰੋਜ਼ਪੁਰ ਖੇਤਰ ਵਿਚ ਆਏ ਸਨ। ਸ਼ਾਹ ਸਰੋਆ ਦੇ ਪੁੱਤਰਾਂ ਢਿਲੋਂ, ਢੀਂਡਸੇ,
ਦੋਸਾਂਝ, ਸੰਘੇ ਤੇ ਮੱਲ੍ਹੀ ਦੇ ਨਾਮ ਤੇ ਜੱਟਾਂ ਦੇ ਪੰਜ ਨਵੇਂ ਗੋਤ ਪ੍ਰਚਲਤ ਹੋਏ।
ਢੀਂਡਸਾ ਗੋਤ ਦਾ ਮੋਢੀ ਢੀਂਡਸੇ ਸੀ।
ਢੀਂਡਸਾ ਗੋਤ ਦੇ ਲੋਕਾਂ ਨੇ ਫਿਰੋਜ਼ਪੁਰ ਖੇਤਰ ਵਿਚ ਮੋੜੀਗਡ ਕੇ ਨਵਾਂ ਪਿੰਡ ਢੀਂਡਸੇ
ਆਬਾਦ ਕੀਤਾ। ਕੁੱਝ ਢੀਂਡਸੇ ਫਿਰੋਜ਼ਪੁਰ ਤੋਂ ਲੁਧਿਆਣੇ ਤੇ ਦੁਆਬੇ ਵਲ ਚਲੇ ਗਏ ਸਨ।
ਢੀਂਡਸਾ ਗੋਤ ਦੇ ਬਹੁਤੇ ਲੋਕ ਮਲੇਰਕੋਟਲਾ, ਨਾਭਾ, ਸੰਗਰੂਰ ਤੇ ਪਟਿਆਲਾ ਖੇਤਰ ਵਿਚ ਹੀ
ਹਨ। ਸੰਗਰੂਰ ਜ਼ਿਲੇ ਵਿਚ ਢੀਂਡਸੇ ਗੋਤ ਦੇ ਪ੍ਰਸਿੱਧ ਪਿੰਡ ਮਾਨਵੀ, ਬਰੜਵਾਲ, ਉਭਾਵਾਲ ਤੇ
ਢੀਂਡਸਾ ਆਦਿ ਹਨ। ਕੁਝ ਢੀਂਡਸਾ ਜ਼ਿਲ੍ਹਾ ਰੋਪੜ ਦੇ ਪਿੰਡ ਧਨੌੜੀ ਆਦਿ ਵਿਚ ਵੀ ਵੱਸਦੇ ਹਨ।
ਜ਼ਿਲ੍ਹਾ ਗੁਰਦਾਸਪੁਰ ਵਿਚ ਵੀ ਇਕ ਢੀਂਡਸਾ ਪਿੰਡ ਹੈ। ਮਾਝੇ ਤੋਂ ਬਹੁਤੇ ਢੀਂਡਸੇ ਪੱਛਮੀ
ਪੰਜਾਬ ਦੇ ਖੇਤਰ ਸਿਆਲਕੋਟ ਤੇ ਗੁਜਰਾਤ ਵਿਚ ਚਲੇ ਗਏ ਸਨ। ਪਾਕਿਸਤਾਨ ਵਿਚ ਵੀ ਇਕ ਪਿੰਡ
ਦਾ ਨਾਮ ਢੀਂਡਸਾ ਹੈ। ਪੱਛਮੀ ਪੰਜਾਬ ਵਿਚ ਕੁਝ ਢੀਂਡਸੇ ਮੁਸਲਮਾਨ ਵੀ ਬਣ ਗਏ ਸਨ। ਹਰਿਆਣੇ
ਦੇ ਅੰਬਾਲਾ ਕਰਨਾਲ, ਜੀਂਦ, ਹਿਸਾਰ ਤੇ ਸਿਰਸਾ ਖੇਤਰ ਵਿਚ ਵੀ ਕੁਝ ਪਿੰਡਾਂ ਵਿਚ ਢੀਂਡਸੇ
ਜੱਟ ਆਬਾਦ ਹਨ। ਇਹ ਲੋਕ ਘੱਟ ਗਿਣਤੀ ਵਿਚ ਹੀ ਹਨ। ਜੀਂਦ ਅਥਵਾ ਸੰਗਰੂਰ ਖੇਤਰ ਵਿਚ
ਢੀਂਡਸਾ ਦਾ ਸਿੱਧ ਬਾਬਾ ਹਰਨਾਮ ਦਾਸ ਵੈਰਾਗੀ 17ਵੀਂ ਸਦੀ ਵਿਚ ਹੋਇਆ ਹੈ। ਇਸ ਦੀ ਕਰਨਾਲ
ਦੇ ਜ਼ਿਲੇ ਵਿਚ ਖਰਿਆਲ ਵਿਚ ਸਮਾਧ ਹੈ ਜਿਸਦੀ ਢੀਂਡਸੇ ਮਾਨਤਾ ਕਰਦੇ ਹਨ। ਸਿਆਲਕੋਟ ਦੇ
ਖੇਤਰ ਵਿਚ ਇਕ ਸੱਤੀ ਦੀ ਸਮਾਧ ਦੀ ਪੂਜਾ ਕਰਦੇ ਸਨ।
1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿਚ ਢੀਂਡਸੇ ਜੱਟਾਂ ਦੀ ਕੁੱਲ
ਗਿਣਤੀ 14,881 ਸੀ। |