ਢਿੱਲੋਂ: ਇਹ ਸਰੋਆ ਰਾਜਪੂਤਾਂ ਵਿਚੋਂ
ਹਨ। ਅੱਠਵੀਂ ਸਦੀ ਵਿੱਚ ਤੂਰਾਂ ਨੇ ਸ਼ਾਹ ਸਰੋਆ ਦੀ ਬੰਸ ਦੇ ਲੋਕਾਂ ਢਿੱਲੋਂ, ਸੰਘੇ,
ਮੱਲ੍ਹੀ, ਦੋਸਾਂਝ ਤੇ ਢੀਂਡਸੇ ਭਾਈਚਾਰੇ ਦੇ ਲੋਕਾਂ ਤੋਂ ਦਿੱਲੀ ਖੋਈ ਸੀ। ਇਹ ਦਿੱਲੀ ਦਾ
ਖੇਤਰ ਛੱਡਕੇ ਰਾਜਸਤਾਨ ਵੱਲ ਆ ਗਏ। ਫਿਰ ਕਾਫ਼ੀ ਸਮੇਂ ਮਗਰੋਂ ਇਸ ਭਾਈਚਾਰੇ ਦੇ ਲੋਕ
ਸਿਰਸੇ ਤੇ ਬਠਿੰਡੇ ਦੇ ਇਲਾਕੇ ਤੋਂ ਉਠਕੇ ਹੌਲੀ-ਹੌਲੀ ਸਾਰੇ ਪੰਜਾਬ ਵਿੱਚ ਖਿਲਰ ਗਏ। ਕੁਝ
ਬਠਿੰਡੇ ਤੋਂ ਚੱਲਕੇ ਅੱਗੇ ਫਿਰੋਜ਼ਪੁਰ ਤੇ ਲੁਧਿਆਣੇ ਦੇ ਸਤਲੁਜ ਦਰਿਆ ਦੇ ਨਾਲ ਲਗਦੇ
ਖੇਤਰਾਂ ਵਿੱਚ ਪਹੁੰਚ ਗਏ। ਫਿਰੋਜ਼ਪੁਰ ਦੇ ਬਹੁਤੇ ਢਿੱਲੋਂ ਮਾਝੇ ਵੱਲ ਚਲੇ ਗਏ। ਲੁਧਿਆਣੇ
ਖੇਤਰ ਤੋਂ ਬਹੁਤੇ ਢਿੱਲੋਂ ਦੁਆਬੇ ਵੱਲ ਚਲੇ ਗਏ। ਢਿੱਲੋਂ ਸੂਰਜਬੰਸੀ ਹਨ।
ਅੰਮ੍ਰਿਤਸਰੀ ਢਿਲੋਆਂ ਦੀ ਬੰਸਾਵਲੀ ਅਨੁਸਾਰ ਢਿੱਲੋਂ ਮਹਾਂਭਾਰਤ ਦੇ ਸੂਰਮੇ ਤੇ ਮਹਾਨ
ਦਾਨੀ ਰਾਜਾ ਕਰਣ ਦੇ ਪੁੱਤਰ ਲੋਹਸੈਨ ਦਾ ਪੁੱਤਰ ਸੀ। ਕਰਣ ਕੁਰੂਕਸ਼ਤੇਰ ਦੇ ਯੁੱਧ
ਵਿੱਚ ਮਾਰਿਆ ਗਿਆ ਸੀ। ਉਸ ਦੀ ਬੰਸ ਦੇ ਲੋਕ ਪਹਿਲਾਂ ਰਾਜਸਤਾਨ ਤੇ ਫਿਰ ਪੰਜਾਬ ਦੇ
ਬਠਿੰਡਾ ਖੇਤਰ ਵਿੱਚ ਆਏ। ਹੁਣ ਵੀ ਬਠਿੰਡਾ ਦੇ ਦੱਖਣੀ ਖੇਤਰ ਵਿੱਚ ਢਿੱਲੋਂ ਜੱਟ ਕਾਫ਼ੀ
ਗਿਣਤੀ ਵਿੱਚ ਆਬਾਦ ਹਨ। ਢਿੱਲੋਂ ਖਾਨਦਾਨ ਦੇ ਲੋਕ ਮੋਗੇ ਦੇ ਖੇਤਰ ਵਿੱਚ ਵੀ ਕਾਫ਼ੀ ਵਸਦੇ
ਹਨ। ਇਸ ਇਲਾਕੇ ਵਿੱਚ ਜਮੀਅਤ ਸਿੰਘ ਢਿੱਲੋਂ ਦਾ ਪੁੱਤਰ ਬਾਬਾ ਗੁਰਿੰਦਰ ਸਿੰਘ ਰਾਧਾ
ਸੁਆਮੀ ਅਤੇ ਮਤ ਬਿਆਸ ਸ਼ਾਖਾ ਦਾ ਸਤਿਗੁਰੂ ਹੈ। ਮੋਗੇ ਦੇ ਢਿੱਲੋਂ ਬਹੁਤ ਹੀ
ਪ੍ਰਭਾਵਸ਼ਾਲੀ ਜੱਟ ਹਨ। ਇਨ੍ਹਾਂ ਬਹੁਤ ਉਨਤੀ ਕੀਤੀ ਹੈ। ਬੀ• ਐਸ• ਦਾਹੀਆ ਢਿੱਲੋਂ ਗੋਤ
ਦੇ ਜੱਟਾਂ ਨੂੰ ਭਾਰਤ ਦਾ ਹੀ ਇੱਕ ਬਹੁਤ ਪੁਰਾਣਾ ਕਬੀਲਾ ਮੰਨਦਾ ਹੈ। ਇਹ ਸਕੰਦਰ ਦੇ ਹਮਲੇ
ਦੇ ਸਮੇਂ ਵੀ ਭਾਰਤ ਵਿੱਚ ਵੱਸਦੇ ਸਨ। ਈਸਵੀ ਸਦੀ ਤੋਂ ਵੀ ਪਹਿਲਾਂ ਯੂਰਪ ਵਿੱਚ ਇਸ
ਭਾਈਚਾਰੇ ਦੇ ਲੋਕ ਭਾਰਤ ਵਿਚੋਂ ਹੀ ਗਏ। ਢਿੱਲੋਂ ਗੋਤ ਦੇ ਲੋਕ ਛੀਂਬੇ ਆਦਿ ਪਿਛੜੀਆਂ
ਸ਼੍ਰੇਣੀਆਂ ਵਿੱਚ ਵੀ ਹਨ। ਜਿਹੜੇ ਢਿੱਲੋਂ ਜੱਟਾਂ ਨੇ ਪਿਛੜੀਆਂ ਸ਼੍ਰੇਣੀਆਂ ਨਾਲ
ਰਿਸ਼ਤੇਦਾਰੀਆਂ ਪਾ ਲਈਆਂ ਜਾਂ ਪਿਛੜੀਆਂ ਸ਼੍ਰੇਣੀਆਂ ਵਾਲੇ ਕੰਮ ਕਰਨ ਲੱਗ ਪਏ, ਉਹ
ਪਿਛੜੀਆਂ ਸ਼੍ਰੇਣੀਆਂ ਵਿੱਚ ਰਲਮਿਲ ਗਏ। ਗੋਤ ਨਹੀਂ ਬਦਲਿਆ, ਜਾਤੀ ਜ਼ਰੂਰ ਬਦਲ ਗਈ।
ਮੋਗੇ ਅਤੇ ਫਿਰੋਜ਼ਪੁਰ ਤੋਂ ਅੱਗੇ ਸਤਲੁਜ ਪਾਰ ਕਰਕੇ ਕੁਝ ਢਿੱਲੋਂ ਭਾਈਚਾਰੇ ਦੇ ਲੋਕ
ਮਾਝੇ ਵਿੱਚ ਆਬਾਦ ਹੋ ਗਏ। ਕੁਝ ਹੋਰ ਅੱਗੇ ਗੁਜਰਾਂਵਾਲੇ ਤੱਕ ਚਲੇ ਗਏ। ਸਾਂਝੇ ਪੰਜਾਬ
ਵਿੱਚ ਅੰਮ੍ਰਿਤਸਰ ਤੇ ਗੁਜਰਾਂਵਾਲਾ ਵਿੱਚ ਹੀ ਸਭ ਤੋਂ ਵੱਧ ਢਿੱਲੋਂ ਆਬਾਦ ਸਨ। ਢਿੱਲੋਂ
ਭਾਈਚਾਰੇ ਦੇ ਲੋਕ ਸੋਲ੍ਹਵੀਂ ਸਦੀ ਦੇ ਅੰਤ ਵਿੱਚ ਰਾਜਸਤਾਨ ਤੇ ਹਰਿਆਣੇ ਤੋਂ ਪੰਜਾਬ ਵਿੱਚ
ਆ ਕੇ ਮਾਲਵੇ ਦੇ ਇਲਾਕੇ ਵਿੱਚ ਹੀ ਸਭ ਤੋਂ ਪਹਿਲਾਂ ਆਬਾਦ ਹੋਏ ਹਨ। ਹਰੀ ਸਿੰਘ ਪੁੱਤਰ
ਭੂਮਾ ਸਿੰਘ ਮਾਲਵੇ ਦੇ ਪਿੰਡ ਰੰਗੂ ਪਰਗਣਾ-ਬੱਧਣੀ ਜਿਲ੍ਹਾ ਮੋਗਾ ਤੋਂ ਹੀ ਜਾ ਕੇ ਭੰਗੀ
ਮਿਸਲ ਦੇ ਸਰਦਾਰ ਬਣੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਦ ਭੰਗੀ ਮਿਸਲ ਦੇ ਢਿੱਲੋਂ
ਸਰਦਾਰ ਹਾਰ ਗਏ ਤਾਂ ਉਹ ਮਾਲਵੇ ਦੇ ਜੰਗਲੀ ਇਲਾਕੇ ਵਿੱਚ ਫਿਰ ਵਾਪਿਸ ਆ ਗਏ। ਮੁਸਲਮਾਨ
ਹਮਲਾਵਰਾਂ ਦੇ ਸਮੇਂ ਵੀ ਮਾਝੇ ਤੋਂ ਲੋਕ ਮਾਲਵੇ ਵਿੱਚ ਆਮ ਹੀ ਆ ਜਾਂਦੇ ਸਨ। ਭੰਗੀ ਮਿਸਲ
ਦੀ ਹਾਰ ਕਾਰਨ ਢਿੱਲੋਂ ਬਰਾਦਰੀ ਦੇ ਕੁਝ ਲੋਕ ਅੰਮ੍ਰਿਤਸਰ ਦੇ ਇਲਾਕੇ ਵਿੱਚ ਹੀ ਰਹਿ ਪਏ
ਅਤੇ ਕੁਝ ਰੋਸ ਵਜੋਂ ਮਾਲਵੇ ਦੇ ਜੰਗਲਾਂ ਵੱਲ ਤੁਰ ਪਏ। ਢਿੱਲੋਂ ਬਰਾਦਰੀ ਦਾ ਇੱਕ ਬਜ਼ੁਰਗ
ਬਾਬਾ ਰੱਤੂ, ਝਬਾਲ ਦੇ ਇਲਾਕੇ ਦੇ ਇੱਕ ਪ੍ਰਸਿੱਧ ਪਿੰਡ ਮੂਸੇ ਤੋਂ ਉਠਕੇ ਬਠਿੰਡੇ ਦੇ
ਇਲਾਕੇ ਵਿੱਚ ਬੰਗਹੇਰ ਵਿੱਚ ਆ ਵਸਿਆ ਸੀ।
ਗੁਰੂ ਗੋਬਿੰਦ ਸਿੰਘ ਸੰਨ 1705 ਈਸਵੀ ਵਿੱਚ ਜਦ ਬਠਿੰਡੇ ਦੇ ਇਲਾਕੇ ਬੰਗਹੇਰ ਵਿੱਚ ਆਏ
ਤਾਂ ਇਸ ਪਿੰਡ ਦੇ ਬਾਬੇ ਮੇਹਰੇ ਢਿੱਲੋਂ ਨੇ ਗੁਰੂ ਸਾਹਿਬ ਨੂੰ ਆਮ ਸਾਧ ਸਮਝ ਕੇ ਆਪਣਾ
ਮਾਰਖੁੰਡ ਝੋਟਾ ਛੱਡ ਦਿੱਤਾ। ਗੁਰੂ ਸਾਹਿਬ ਨੇ ਨਾਰਾਜ ਹੋ ਕੇ ਢਿੱਲੋਂ ਜੱਟਾਂ ਨੂੰ ਸਰਾਪ
ਦਿੱਤਾ। ਢਿੱਲੋਂ ਬਰਾਦਰੀ ਦੀਆਂ ਬੀਬੀਆਂ ਨੇ ਗੁਰੂ ਸਾਹਿਬ ਨੂੰ ਸਾਰੀ ਅਸਲੀਅਤ ਦੱਸ
ਦਿੱਤੀ। ਗੁਰੂ ਸਾਹਿਬ ਨੇ ਖ਼ੁਸ਼ ਹੋ ਕੇ ਬੀਬੀਆਂ ਨੂੰ ਵਰ ਦਿੱਤਾ ਕਿ ਤੁਸੀਂ ਜਿਸ ਘਰ ਵੀ
ਜਾਉਗੀਆਂ, ਰਾਜਭਾਗ ਪ੍ਰਾਪਤ ਕਰੋਗੀਆਂ। ਬਾਬੇ ਮੇਹਰੇ ਤੇ ਉਸ ਦੇ ਸਾਥੀਆਂ ਨੇ ਗੁਰੂ ਸਾਹਿਬ
ਤੋਂ ਮਾਫ਼ੀ ਮੰਗੀ। ਬਾਬੇ ਮੇਹਰੇ ਦੇ ਪੁੱਤਰਾਂ ਨੇ ਆਪਣੇ ਨਾਮ ਦੇ ਤਿੰਨ ਨਵੇਂ ਪਿੰਡ ਕੋਟ
ਫੱਤਾ, ਕੋਟ ਭਾਰਾ ਤੇ ਘੁੱਦਾ ਆਬਾਦ ਕੀਤੇ। ਇਹ ਤਿੰਨੇ ਪਿੰਡ ਬਠਿੰਡੇ ਜਿਲ੍ਹੇ ਵਿੱਚ ਹਨ।
ਇਨ੍ਹਾਂ ਪਿੰਡਾਂ ਦੀ ਢਿੱਲੋਂ ਬਰਾਦਰੀ ਨੂੰ ਹੁਣ ਤੱਕ ਵੰਗੇਹਰੀਏ ਹੀ ਕਿਹਾ ਜਾਂਦਾ ਹੈ।
ਘੁੱਦੇ ਪਿੰਡ ਵਿਚੋਂ ਉਠਕੇ ਸ: ਫਤਿਹ ਸਿੰਘ ਢਿੱਲੋਂ ਨੇ 1830 ਈਸਵੀ ਦੇ ਲਗਭਗ ਬਾਦਲ ਪਿੰਡ
ਆਬਾਦ ਕੀਤਾ।
ਸਰਦਾਰ ਫਤਿਹ ਸਿੰਘ ਢਿੱਲੋਂ, ਪ੍ਰਕਾਸ਼ ਸਿੰਘ ਬਾਦਲ ਦਾ ਪੜਦਾਦਾ ਸੀ।
ਸ: ਪ੍ਰਤਾਪ ਸਿੰਘ ਕੈਰੋਂ ਵੀ ਢਿੱਲੋਂ ਜੱਟ ਸੀ ਜੋ ਕਾਫ਼ੀ ਸਮਾਂ ਪੰਜਾਬ ਦਾ ਮੁੱਖ
ਮੰਤਰੀ ਰਿਹਾ ਸੀ। ਘੁੱਦੇ ਵਾਲੇ ਢਿੱਲੋਂ ਦਿਵਾਨੇ ਸਾਧਾਂ ਦੇ ਚੇਲੇ ਸਨ। ਇਸ ਕਾਰਨ ਹੀ
ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਤੋਂ ਤਲਵੰਡੀ ਸਾਬੋ ਜਾਂਦੇ ਹੋਏ ਇਸ ਪਿੰਡ ਵਿੱਚ ਦਾਖ਼ਲ
ਨਹੀਂ ਹੋਏ। ਇਸ ਪਿੰਡ ਦੇ ਖੇਤਾਂ ਵਿੱਚ ਦੀ ਹੀ ਅੱਗੇ ਚਲੇ ਗਏ। ਹੁਣ ਇਸ ਇਲਾਕੇ ਦੇ ਸਾਰੇ
ਢਿੱਲੋਂ ਦਸਵੇਂ ਗੁਰੂ ਦੇ ਪੱਕੇ ਸਿੱਖ ਹਨ। ਮਾਲਵੇ ਦੇ ਸਾਰੇ ਜਿਲ੍ਹਿਆਂ ਵਿੱਚ ਹੀ ਢਿੱਲੋਂ
ਜੱਟ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਢਿੱਲਵਾਂ ਨਾਮ ਦੇ ਪੰਜਾਬ ਵਿੱਚ ਕਈ ਪਿੰਡ ਹਨ।
ਢਿੱਲਵਾਂ ਦੇ ਪ੍ਰੋਹਤ ਮਿਰਾਸੀ ਹੁੰਦੇ ਹਨ। ਇਨ੍ਹਾਂ ਨੂੰ ਢਿੱਲਵਾਂ ਦੀਆਂ ਮੁੰਹੀਆਂ ਬਾਰੇ
ਕਾਫ਼ੀ ਜਾਣਕਾਰੀ ਹੁੰਦੀ ਹੈ। ਢਿਲਵਾ ਦੇ ਤਿੰਨ ਉਪਗੋਤ ਬਾਜ਼, ਸਾਜ ਤੇ ਸੰਧੇ ਹਨ। ਗੋਰਾਏ
ਜੱਟ ਵੀ ਢਿਲਵਾਂ ਨੂੰ ਆਪਣੀ ਬਰਾਦਰੀ ਵਿਚੋਂ ਸਮਝਦੇ ਹਨ।
ਵੇਖਣ ਵਿੱਚ ਢਿੱਲੋਂ ਭਾਈਚਾਰੇ ਦੇ ਲੋਕ ਢਿੱਲੇ ਲਗਦੇ ਹਨ ਪਰ ਦਿਮਾਗ਼ੀ ਤੌਰ ਤੇ ਬਹੁਤ
ਚੁਸਤ ਹੁੰਦੇ ਹਨ। ਲੁਧਿਆਣੇ ਵਿੱਚ ਵੀ ਢਿੱਲੋਂ ਜੱਟ ਕਾਫ਼ੀ ਸਮੇਂ ਤੋਂ ਆਬਾਦ ਹਨ। ਇਸ
ਖੇਤਰ ਵਿੱਚ ਇੱਕ ਪਿੰਡ ਦਾ ਨਾਮ ਢਿੱਲੋਂ ਹੈ। ਉਥੇ ਇਨ੍ਹਾਂ ਨੇ ਆਪਣੇ ਜਠੇਰੇ ਬਾਬਾ ਜੀ ਦਾ
ਮੱਠ ਬਣਾਇਆ ਹੈ। ਇਸ ਥਾਂ ਦਿਵਾਲੀ ਤੇ ਆਪਣੇ ਜਠੇਰੇ ਦੀ ਪੂਜਾ ਕੀਤੀ ਜਾਂਦੀ ਹੈ। ਪੁੱਤਰ
ਦੇ ਜਨਮ ਤੇ ਵਿਆਹ ਦੀ ਖ਼ੁਸ਼ੀ ਵਿੱਚ ਗੁੜ ਆਦਿ ਦਾ ਚੜ੍ਹਾਵਾ ਦਿੱਤਾ ਜਾਂਦਾ ਹੈ। ਇਹ ਸਾਰੀ
ਪੂਜਾ ਬ੍ਰਾਹਮਣ ਨੂੰ ਦਿੱਤੀ ਜਾਂਦੀ ਹੈ। ਲੁਧਿਆਣੇ ਦੇ ਖੇਤਰ ਵਿੱਚ ਘੁੰਗਰਾਣ ਵੀ ਢਿੱਲੋਂ
ਗੋਤ ਦਾ ਉਘਾ ਤੇ ਪੁਰਾਣਾ ਪਿੰਡ ਹੈ। ਏਥੇ ਹੀ ਢਿੱਲੋਂ ਭਾਈਚਾਰੇ ਦੇ ਲੋਕ ਆਪਣੇ ਵਡੇਰੇ ਦੀ
ਪੂਜਾ ਕਰਦੇ ਹਨ। ਸਿਆਲਕੋਟ ਖੇਤਰ ਵਿੱਚ ਢਿੱਲੋਂ ਬਰਾਦਰੀ ਦਾ ਜਠੇਰਾ ਦਾਹੂਦ ਸ਼ਾਹ ਸੀ।
ਵਿਆਹਾਂ ਦੇ ਮੌਕੇ ਇਸਦੀ ਮਾਨਤਾ ਕੀਤੀ ਜਾਂਦੀ ਸੀ। ਸਿਆਲਕੋਟ ਵਿੱਚ ਬਹੁਤੇ ਢਿੱਲੋਂ ਜੱਟ
ਮੁਸਲਮਾਨ ਬਣ ਗਏ ਹਨ। ਹਰਿਆਣੇ ਵਿੱਚ ਢਿੱਲੋਂ ਹਿੰਦੂ ਜਾਟ ਹਨ। ਇਹ ਆਪਣੇ ਵਡੇਰੇ ਰਾਜੇ
ਕਰਨ ਦੀ ਚੇਤ ਚੌਦਸ ਨੂੰ ਪੂਜਾ ਕਰਦੇ ਹਨ। ਇਸ ਦਾ ਗੰਗਾ ਦੇ ਕਿਨਾਰੇ ਅੰਬ ਦੇ ਸਥਾਨ ਤੇ
ਮੰਦਿਰ ਹੈ। ਦੁਆਬੇ ਵਿੱਚ ਵੀ ਢਿੱਲੋਂ ਬਰਾਦਰੀ ਦੇ ਲੋਕ ਕਾਫ਼ੀ ਆਬਾਦ ਹਨ। ਕਪੂਰਥਲਾ ਵਿੱਚ
ਇਸ ਬਰਾਦਰੀ ਦਾ ਪ੍ਰਸਿੱਧ ਪਿੰਡ ਢਿੱਲਵਾਂ ਹੈ। ਜਲੰਧਰ, ਨਵਾਂਸ਼ਹਿਰ ਤੇ ਹੁਸ਼ਿਆਰਪੁਰ ਦੇ
ਖੇਤਰ ਵਿੱਚ ਵੀ ਢਿਲਵਾਂ ਦੇ ਕਈ ਪਿੰਡ ਹਨ। ਰੋਪੜ ਵਿੱਚ ਕੁਰੜੀ ਵੀ ਢਿੱਲੋਂ ਗੋਤ ਦੇ ਜੱਟ
ਵਸਦੇ ਹਨ।
ਹਰਿਆਣੇ ਦੇ ਸਿਰਸਾ, ਹਿਸਾਰ, ਅੰਬਾਲਾ ਤੇ ਕਰਨਾਲ ਆਦਿ ਖੇਤਰਾਂ ਵਿੱਚ ਢਿੱਲੋਂ ਹਿੰਦੂ
ਜਾਟ ਵੀ ਹਨ ਅਤੇ ਜੱਟ ਸਿੱਖ ਵੀ ਹਨ। ਪੱਛਮੀ ਪੰਜਾਬ ਦੇ ਸਿਆਲਕੋਟ, ਲਾਹੌਰ ਤੇ
ਗੁਜਰਾਂਵਾਲਾ ਖੇਤਰ ਵਿੱਚ ਢਿੱਲੋਂ ਬਰਾਦਰੀ ਦੇ ਬਹੁਤੇ ਜੱਟ ਮੁਸਲਮਾਨ ਬਣ ਗਏ ਸਨ।
ਲੁਧਿਆਣੇ ਤੇ ਦੁਆਬੇ ਵਿਚੋਂ ਬਹੁਤ ਸਾਰੇ ਢਿੱਲੋਂ ਬਰਤਾਨੀਆ, ਅਮਰੀਕਾ ਤੇ ਕੈਨੇਡਾ ਵਿੱਚ
ਚਲੇ ਗਏ ਹਨ। 1881 ਈਸਵੀ ਦੀ ਜਨਸੰਖਿਆ ਅਨੁਸਾਰ ਦਿੱਲੀ, ਹਰਿਆਣਾ, ਪੱਛਮੀ ਪੰਜਾਬ ਅਤੇ
ਪੂਰਬੀ ਪੰਜਾਬ ਵਿੱਚ ਢਿੱਲੋਂ ਜੱਟਾਂ ਦੀ ਗਿਣਤੀ 86,563 ਸੀ। ਢਿੱਲੋਂ ਜੱਟਾਂ ਦਾ ਇੱਕ
ਬਹੁਤ ਵੱਡਾ ਗੋਤ ਹੈ। ਇਸ ਬਰਾਦਰੀ ਦੇ ਲੋਕ ਸਾਰੇ ਪੰਜਾਬ ਵਿੱਚ ਫੈਲੇ ਹੋਏ ਹਨ। ਪੰਜਾਬ
ਤੋਂ ਬਾਹਰ ਵੀ ਢਿੱਲੋਂ ਕਈ ਬਾਹਰਲੇ ਦੇਸ਼ਾਂ ਵਿੱਚ ਵੱਸਦੇ ਹਨ। ਕਈ ਅੰਗਰੇਜ਼ ਵੀ ਆਪਣਾ
ਗੋਤ ਢਿੱਲੋਂ ਲਿਖਦੇ ਹਨ। ਇਨ੍ਹਾਂ ਦੇ ਵਡੇਰੇ ਜ਼ਰੂਰ ਪੰਜਾਬ ਤੋਂ ਹੀ ਗਏ ਹੋਣਗੇ। ਹੁਣ ਵੀ
ਜਿਹੜੀਆਂ ਅੰਗਰੇਜ਼ ਔਰਤਾਂ ਪੰਜਾਬੀ ਜੱਟਾਂ ਨਾਲ ਵਿਆਹ ਕਰਦੀਆਂ ਹਨ, ਉਨ੍ਹਾਂ ਦੀ ਬੰਸ ਦੇ
ਲੋਕਾਂ ਦੇ ਗੋਤ ਪੰਜਾਬੀ ਜੱਟਾਂ ਵਾਲੇ ਹੀ ਹੋਣਗੇ। ਗੋਤ ਨਹੀਂ ਬਦਲਦੇ, ਧਰਮ ਤੇ ਜਾਤੀ ਬਦਲ
ਜਾਂਦੀ ਹੈ।
ਢਿੱਲੋਂ ਹਿੰਦੂ, ਮੁਸਲਮ, ਸਿੱਖ, ਇਸਾਈ ਚਾਰੇ ਧਰਮਾਂ ਵਿੱਚ ਹਨ। ਦੇਵ ਸਮਾਜੀ ਤੇ ਰਾਧਾ
ਸੁਆਮੀ ਵੀ ਹਨ। ਖਾਨਦਾਨ ਢਿਲਵਾਂ ਵਿਚੋਂ ਪਿੱਥੋਂ ਪਿੰਡ ਵਾਲੇ ਭਾਈ ਕਾਹਨ ਸਿੰਘ ਨਾਭਾ
ਨਿਵਾਸੀ ਮਹਾਨ ਵਿਦਵਾਨ ਹੋਏ ਹਨ। ਇਨ੍ਹਾਂ ਦੀ ਪ੍ਰਸਿੱਧ ਪੁਸਤਕ ‘ਮਹਾਨ ਕੋਸ਼’ ਬਹੁਤ ਹੀ
ਮਹਾਨ ਤੇ ਖੋਜ ਭਰਪੂਰ ਰਚਨਾ ਹੈ। ਭੰਗੀ ਮਿਸਲ ਦੇ ਮੁਖੀਏ ਵੀ ਢਿੱਲੋਂ ਜੱਟ ਸਨ। ਢਿੱਲੋਂ
ਜੱਟਾਂ ਦਾ ਪੁਰਾਤਨ ਤੇ ਜਗਤ ਪ੍ਰਸਿੱਧ ਗੋਤ ਹੈ। ਸਰਦਾਰ ਸੁਰਜੀਤ ਸਿੰਘ ਢਿੱਲੋਂ ਮਹਾਨ
ਲੇਖਕ ਤੇ ਮਹਾਨ ਵਿਗਿਆਨੀ ਸਨ।
ਮਾਝੇ ਵਿੱਚ ਮੂਸੇ, ਕੈਰੋਂ, ਝਬਾਲ ਤੇ ਪੰਜਵੜ ਆਦਿ ਢਿੱਲੋਂ ਜੱਟਾਂ ਦੇ ਪੁਰਾਣੇ ਤੇ
ਪ੍ਰਸਿੱਧ ਪਿੰਡ ਹਨ। ਢਿੱਲੋਂ ਜੱਟ ਸਾਰੀ ਦੁਨੀਆਂ ਵਿੱਚ ਦੂਰ-ਦੂਰ ਤੱਕ ਆਬਾਦ ਹਨ।
|