ਦਿਉਲ : ਇਹ ਜੱਟਾਂ ਦਾ ਇੱਕ ਛੋਟਾ ਗੋਤ ਹੈ। ਇਹ ਜੱਗਦੇਉ ਪੰਵਾਰ ਦੀ ਬੰਸ ਵਿਚੋਂ
ਹਨ। ਇਨ੍ਹਾਂ ਦਾ ਮੁੱਢ ਵੀ ਲੁਧਿਆਣਾ ਜਿਲ੍ਹਾ ਹੀ ਹੈ। ਇਹ ਬਹੁਤੇ ਮਾਲਵੇ ਵਿੱਚ ਹੀ ਹਨ।
ਲੁਧਿਆਣੇ ਵਿੱਚ ਸਾਹਨੇਵਾਲ ਤੇ ਡਾਂਗੋ, ਫਰੀਦਕੋਟ ਵਿੱਚ ਢੀਮਾਂ ਵਾਲੀ, ਬਠਿੰਡੇ ਵਿੱਚ
ਕੇਸਰ ਸਿੰਘ ਵਾਲਾ ਅਤੇ ਸੰਗਰੂਰ ਵਿੱਚ ਬਜੀਦਗੜ੍ਹ, ਬਾਲੀਆਂ ਆਦਿ ਵਿੱਚ ਵੀ ਇਹ ਕਾਫ਼ੀ
ਵਸਦੇ ਹਨ।
ਇਹ ਲੁਧਿਆਣੇ ਤੋਂ ਹੀ ਮਾਲਵੇ ਤੇ ਮਾਝੇ ਵੱਲ ਗਏ ਹਨ। ਅੰਮ੍ਰਿਤਸਰ ਦੇ ਖੇਤਰ ਵਿੱਚ
ਦਿਉਲ ਜੱਟ ਕਾਫ਼ੀ ਹਨ। ਮਾਝੇ ਦੇ ਪ੍ਰਸਿੱਧ ਪਿੰਡ ਵਲਟੋਹਾ ਵਿੱਚ ਇੱਕ ਪੱਤੀ ਦਿਉਲ
ਜੱਟਾਂ ਦੀ ਹੈ। ਦੁਆਬੇ ਵਿੱਚ ਦਿਉਲ ਜੱਟ ਬਹੁਤ ਘੱਟ ਹਨ।
ਦਿਉਲ ਗੋਤ ਦਾ ਮੋਢੀ ਜੱਗਦੇਉ ਬੰਸੀ ਦੇਵਲ ਸੀ। ਇਸ ਗੋਤ ਦੇ ਲੋਕ ਔਲਖ, ਸੇਖੋਂ,
ਬੋਪਾਰਾਏ ਤੇ ਦਲਿਉ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਮੰਨਦੇ ਹਨ। ਦਿਉਲ ਤੇ
ਦੇਵਲ ਇਕੋ ਹੀ ਗੋਤ ਹੈ। ਉਚਾਰਨ ਵਿੱਚ ਹੀ ਫਰਕ ਹੈ।
ਪ੍ਰਸਿੱਧ ਐਕਟਰ ਧਰਮਿੰਦਰ ਸਾਹਨੇਵਾਲ ਦਾ ਦਿਉਲ ਜੱਟ ਹੈ।
ਮਹਾਨ ਵਿਦਿਅਕ ਮਾਹਿਰ ਪ੍ਰਿੰਸੀਪਲ ਇਕਬਾਲ ਸਿੰਘ ਵੀ ਪਿੰਡ ਬੋਪਾਰਾਏ ਕਲਾਂ ਦਾ ਦਿਉਲ
ਜੱਟ ਸੀ। ਪੰਜਾਬ ਵਿੱਚ ਦਿਉਲ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਲੁਧਿਆਣੇ ਖੇਤਰ
ਵਿਚੋਂ ਕਾਫ਼ੀ ਦਿਉਲ ਅਮਰੀਕਾ ਤੇ ਕੈਨੇਡਾ ਆਦਿ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਹਨ। ਦਿਉਲ
ਪਰਮਾਰਾਂ ਦਾ ਇੱਕ ਉਪਗੋਤ ਹੀ ਹੈ।
ਰਾਜੇ ਜੱਗਦੇਉ ਦੇ ਸਮੇਂ 1160 ਈਸਵੀਂ ਤੱਕ ਪੰਜਾਬ ਵਿੱਚ ਪਰਮਾਰਾਂ ਦਾ ਬੋਲ-ਬਾਲਾ
ਸੀ। ਰਾਜੇ ਜੱਗਦੇਉ ਪਰਮਾਰ ਦੀ ਮੌਤ ਮਗਰੋਂ ਜੱਗਦੇਉ ਬੰਸੀ ਦੇਉਲ, ਦੇਉਲ, ਔਲਖ, ਸੇਖੋਂ,
ਕੱਕੜ ਤੇ ਗੁਰਮ ਆਦਿ 21 ਗੋਤੀ ਰਾਜਪੂਤ ਘਰਾਣੇ ਮੁਸਲਮਾਨ ਰਾਜਿਆਂ ਦਾ ਟਾਕਰਾ ਕਰਦੇ-ਕਰਦੇ
ਆਖਿਰ ਹਾਰ ਗਏ। ਉਹ ਭੂਮੀਏ ਬਣਕੇ ਵੱਸਣ ਲੱਗੇ। 1225 ਈਸਵੀਂ ਦੇ ਲਗਭਗ ਖ਼ਾਨਦਾਨ ਗੁਲਾਮਾਂ
ਦੇ ਬਾਦਸ਼ਾਹ ਸ਼ਮਸਦੀਨ ਇਲਤਮਸ਼ ਦੇ ਸਮੇਂ ਉਹ ਬੁਰੀ ਤਰ੍ਹਾਂ ਹਾਰ ਕੇ ਮਲਵਈ ਜੱਟਾਂ ਵਿੱਚ
ਵੀ ਰਲਮਿਲ ਗਏ।
ਆਪਣੇ ਵਡੇਰਿਆਂ ਦੇ ਨਾਮ ਤੇ ਆਪਣੇ ਨਵੇਂ ਗੋਤ ਰੱਖ ਲਏ। ਕੁਝ ਪਛੜੀਆਂ ‘ਤੇ ਦਲਿਤ
ਜਾਤੀਆਂ ਵਿੱਚ ਸ਼ਾਮਿਲ ਹੋ ਗਏ ਸਨ। ਦਿਉਲ ਜੱਗਦੇਉ ਬੰਸੀ ਜੱਟਾਂ ਦਾ ਉਘਾ ਤੇ ਛੋਟਾ ਗੋਤ
ਹੈ। ਦਿਉਲਾਂ ਦੀ ਗਰਦਨ ਛੋਟੀ ਤੇ ਅੱਖਾਂ ਮੋਟੀਆਂ ਹੁੰਦੀਆਂ ਹਨ। ਲੁਧਿਆਣੇ ਖੇਤਰ ਵਿੱਚ
ਡਾਂਗੋ, ਖੱਡਰੂ ਤੇ ਸੁੱਖ ਦੌਲਤ ਆਦਿ ਦਿਉਲਾਂ ਦੇ ਪ੍ਰਸਿੱਧ ਪਿੰਡ ਹਨ।
|