ਦਿਉ : ਇਹ ਸੂਰਜਬੰਸੀ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿਚੋਂ ਹਨ। ਇਨ੍ਹਾਂ ਦਾ
ਵਡੇਰਾ ਮਹਾਜ਼ ਸੀ। ਇਸ ਦੇ ਪੰਜ ਪੁੱਤਰ ਦਿਉ, ਦੇਵਲ, ਔਲਖ, ਸੋਹਲ ਤੇ ਕੌਮ ਸਨ। ਸਿਆਲਕੋਟ
ਦੇ ਦਿਉ ਆਪਣੇ ਵਡੇਰੇ ਸਨਕਤਰਾ ਦੀ ਮਾਨਤਾ ਕਰਦੇ ਸਨ। ਦਿਉ, ਸੇਖੋਂ ਜੱਟਾਂ ਨੂੰ ਵੀ ਆਪਣੇ
ਭਾਈਚਾਰੇ ਵਿਚੋਂ ਸਮਝਦੇ ਹਨ। ਇਹ ਮਾਨ ਜੱਟਾਂ ਨਾਲ ਵੀ ਰਿਸ਼ਤੇਦਾਰੀਆਂ ਨਹੀਂ ਕਰਦੇ ਸਨ।
ਦਿਉ ਗੋਤ ਦਾ ਮੋਢੀ ਦਿਉ ਸੀ। ਇਹ ਧਾਰਾ ਨਾਗਰੀ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਆਏ
ਹਨ। ਪੰਜਾਬ ਵਿੱਚ ਇਨ੍ਹਾਂ ਦਾ ਮੁੱਢ ਲੁਧਿਆਣਾ ਜਿਲ੍ਹਾ ਹੀ ਹੈ। ਰਾਜੇ ਜੱਗਦੇਉ ਦਾ
ਕਿਲ੍ਹਾ ਵੀ ਲੁਧਿਆਣੇ ਦੇ ਖੇਤਰ ਜਰਗ ਵਿੱਚ ਹੀ ਸੀ। ਲੁਧਿਆਣੇ ਦੇ ਨਾਲ ਲੱਗਦੇ ਫਿਰੋਜ਼ਪੁਰ
ਤੇ ਸੰਗਰੂਰ ਦੇ ਖੇਤਰਾਂ ਵਿੱਚ ਵੀ ਕੁਝ ਦਿਉ ਗੋਤ ਦੇ ਲੋਕ ਵੱਸਦੇ ਹਨ। ਦਿਉ ਗੋਤ ਦੇ ਲੋਕ
ਬਹੁਤੇ ਲੁਧਿਆਣੇ ਜਿਲ੍ਹੇ ਵਿੱਚ ਹੀ ਹਨ। ਪਾਤੜਾਂ ਪਾਸ ਦਿਉਗੜ ਪਿੰਡ ਦੇਉ ਗੋਤ ਦੇ ਜੱਟਾਂ
ਦਾ ਹੈ। ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਜਰੀ ਵਿੱਚ ਵੀ ਦਿਉ ਜਾਂ ਦੇਵ ਗੋਤ ਦੇ
ਜੱਟ ਕਾਫ਼ੀ ਹਨ। ਲੁਧਿਆਣੇ ਤੋਂ ਉਠਕੇ ਕੁਝ ਦਿਉ ਗੋਤ ਦੇ ਜੱਟ ਮਾਝੇ ਦੇ ਖੇਤਰ
ਅੰਮ੍ਰਿਤਸਰ, ਗੁਰਦਾਸਪੁਰ ਤੇ ਲਾਹੌਰ ਖੇਤਰਾਂ ਵਿੱਚ ਜਾਕੇ ਆਬਾਦ ਹੋ ਗਏ ਸਨ। ਤਰਨਤਾਰਨ
ਤੋਂ ਨੌਂ ਕਿਲੋਮੀਟਰ ਪੂਰਬ ਵਿੱਚ ਦਿਉ ਪਿੰਡ ਨਿਰੋਲ ਦੇਊਆਂ ਦਾ ਹੈ। ਮਾਝੇ ਤੋਂ ਬਹੁਤੇ
ਦਿਉ ਜੱਟ ਸਿਆਲਕੋਟ ਤੇ ਗੁਜਰਾਂਵਾਲਾ ਖੇਤਰ ਵਿੱਚ ਜਾਕੇ ਵੱਸਣ ਲੱਗ ਪਏ।
ਸਾਂਦਲਬਾਰ ਵਿੱਚ ਵੀ ਕਾਫ਼ੀ ਦਿਉ ਗੋਤ ਦੇ ਜੱਟ ਵਸਦੇ ਸਨ। ਪੱਛਮੀ ਪੰਜਾਬ ਵਿੱਚ ਕਾਫ਼ੀ
ਦਿਉ ਜੱਟ ਮੁਸਲਮਾਨ ਬਣ ਗਏ ਸਨ। ਮਹਿਮਨ ਦੇਉ ਮਹਾਨ ਭਗਤ ਸੀ। ਦੇਉ ਜੱਟ ਪਿੰਡ ਦੇ ਛੱਪੜ ਤੇ
ਜਾਕੇ ਆਪਣੇ ਜਠੇਰੇ ਦੀ ਪੂਜਾ ਕਰਦੇ ਸਨ। ਬਕਰੇ ਦੀ ਬਲੀ ਦਿੰਦੇ ਸਨ। ਪੰਡਿਤ ਤੋਂ ਵਿਆਹ ਤੇ
ਅਣਵਿਆਹੇ ਵਿੱਚ ਅੱਡੋ-ਅੱਡ ਰੋਟੀਆਂ ਵੰਡਦੇ ਸਨ। ਇਹ ਪੁਰਾਣੇ ਰਿਵਾਜ ਹੁਣ ਖਤਮ ਹੋ ਗਏ ਹਨ।
ਪੰਜਾਬ ਵਿੱਚ ਦਿਉ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। 1881 ਈਸਵੀਂ ਦੀ ਜਨਸੰਖਿਆ
ਅਨੁਸਾਰ ਸਾਂਝੇ ਪੰਜਾਬ ਵਿੱਚ ਦੇਉ ਜੱਟਾਂ ਦੀ ਗਿਣਤੀ 9,284 ਸੀ। ਖੰਨੇ ਲਾਗੇ ਇੱਕ ਸਲੋਦੀ
ਪਿੰਡ ਹੈ। ਏਥੇ ਹਰ ਸਾਲ ਦਿਵਾਲੀ ਵਾਲੇ ਦਿਨ ਨਵੇਂ ਵਿਆਹੇ ਜੋੜੇ ਸੱਤੀਆਂ ਤੇ ਮੱਥਾ ਟੇਕਣ
ਜਾਂਦੇ ਹਨ। ਏਥੇ ਦੇਉ ਤੇ ਜੱਗਦੇਉ ਗੋਤ ਦੇ ਲੋਕਾਂ ਦਾ ਭਾਰੀ ਮੇਲਾ ਲੱਗਦਾ ਹੈ। ਲੋਕ
ਦੂਰੋਂ-ਦੂਰੋਂ ਮੱਥਾ ਟੇਕਣ ਆਉਂਦੇ ਹਨ। ਭਾਰਤ ਦੇ ਕਈ ਪ੍ਰਾਂਤਾਂ ਵਿੱਚ ਵੱਡੇ ਆਦਮੀ ਦੇ
ਨਾਮ ਦੇ ਪਿੱਛੇ ਰਾਉ ਜਾਂ ਦਿਉ ਲੱਗਦਾ ਹੈ। ਦਿਉ ਦਲਿਤ ਜਾਤੀਆਂ ਵਿੱਚ ਵੀ ਹਨ। ਪੰਜਾਬ
ਵਿੱਚ ਦਿਉ ਜੱਟ ਸਿੱਖ ਹਨ। ਇਹ ਕਾਫ਼ੀ ਸੂਝਵਾਨ ਤੇ ਮਿਹਨਤੀ ਹਨ। ਕੁਝ ਦਿਉ ਰਾਮਗੜ੍ਹੀਏ
ਤ੍ਰਖਾਣ ਹਨ।
|