WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਦੰਦੀਵਾਲ :

ਜੱਟਾਂ ਦਾ ਇਤਿਹਾਸ: ਹੁਸ਼ਿਆਰ ਸਿੰਘ ਦੁਲੇਹ

ਦੰਦੀਵਾਲ : ਇਹ ਚੌਹਾਨ ਰਾਜਪੂਤਾਂ ਵਿਚੋਂ ਹਨ। ‘‘ਹੰਮੀਰ ਮਹਾਂਕਾਵਿਯ’’ ਅਤੇ ‘‘ਪ੍ਰਿਥਵੀ ਰਾਜ ਵਿਜੇ’’ ਦੀਆਂ ਲਿਖਤਾਂ ਅਨੁਸਾਰ ਚਾਹਮਾਨ (ਚੌਹਾਨ) ਸੂਰਜ ਪੁੱਤਰ ਚਾਹਮਾਨ ਦੇ ਵੰਸ਼ ਵਿਚੋਂ ਸਨ। ਇਹ ਅਗਨੀ ਕੁੱਲ ਵਿਚੋਂ ਹਨ।

1192 ਈਸਵੀਂ ਵਿੱਚ ਜਦੋਂ ਪ੍ਰਿਥਵੀ ਰਾਜ ਚੌਹਾਨ ਮੁਹੰਮਦ ਗੌਰੀ ਹੱਥੋਂ ਹਾਰ ਕੇ ਮਾਰਿਆ ਗਿਆ ਤਾਂ ਚੌਹਾਨ ਭਾਈਚਾਰੇ ਦੇ ਲੋਕ ਦਿੱਲੀ ਦੇ ਇਲਾਕੇ ਨੂੰ ਛੱਡ ਕੇ ਰਾਜਸਥਾਨ ਦੇ ਜੋਧਪੁਰ, ਹਰਿਆਣੇ ਦੇ ਅੰਬਾਲਾ ਤੇ ਸਿਰਸਾ, ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਜਿਲ੍ਹੇ ਦੇ ਸੰਭਲ ਨਾਮਕ ਖੇਤਰ ਤੱਕ ਚਲੇ ਗਏ। ਚੌਹਾਨ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ। ਦਲਿਤ ਜਾਤੀਆਂ ਵਿੱਚ ਵੀ ਚੌਹਾਨ ਗੋਤ ਦੇ ਲੋਕ ਕਾਫ਼ੀ ਹਨ। ਸਾਰੇ ਭਾਰਤ ਵਿੱਚ ਚੌਹਾਨਾਂ ਦੀਆਂ 24 ਸ਼ਾਖਾਂ ਹਨ। ਪਰਮਾਰਾਂ ਵਾਂਗ ਚੌਹਾਨ ਵੀ ਅੱਗਨੀ ਕੁੱਲ ਰਾਜਪੂਤ ਚੌਹਾਨਾਂ ਦੀਆਂ 36 ਸ਼ਾਖਾਂ ਘਰਾਣਿਆਂ ਵਿਚੋਂ ਹਨ।

ਦੰਦੀਵਾਲ ਚੌਹਾਨਾਂ ਦਾ ਹੀ ਇੱਕ ਉਪਗੋਤ ਹੈ। ਦੁੱਲਟ, ਚੀਮੇ, ਚੱਠੇ ਚਹਿਲ ਆਦਿ ਵੀ ਚੌਹਾਨਾਂ ਦੇ ਹੀ ਉਪਗੋਤ ਹਨ। ਰਾਜਸਥਾਨ ਵਿੱਚ ਅਕਸਰ ਹੀ ਕਾਲ ਪੈਂਦੇ ਰਹਿੰਦੇ ਸਨ। ਇਸ ਲਈ ਜੋਧਪੁਰ ਖੇਤਰ ਤੋਂ ਕੁਝ ਚੌਹਾਨ ਭਾਈਚਾਰੇ ਦੇ ਲੋਕ ਜੋਧਪੁਰ ਦੇ ਨਗਰਸਰ ਆਦਿ ਕਈ ਪਿੰਡਾਂ ਤੋਂ ਉਠ ਕੇ ਸਿਰਸਾ ਦੇ ਰੋੜੀ ਖੇਤਰ ਵਿੱਚ ਆ ਪਹੁੰਚੇ। ਇਹ ਇਲਾਕਾ ਘੱਗਰ ਨੱਦੀ ਦੇ ਕਿਨਾਰੇ ਤੇ ਹੈ। ਇਸ ਲਈ ਚੌਹਾਨ ਭਾਈਚਾਰੇ ਦੇ ਇਹ ਲੋਕ ਘੱਗਰ ਨਾਲੀ ਦੇ ਆਰ-ਪਾਰ ਦਰਿਆ ਦੀ ਦੰਦੀ ਤੇ ਰਹਿਣ ਲੱਗ ਪਏ। ਇਸ ਲਈ ਇਨ੍ਹਾਂ ਚੌਹਾਨ ਰਾਜਪੂਤਾਂ ਦੀ ਅੱਲ ਦੰਦੀਵਾਲ ਪੈ ਗਈ। ਇਹ ਕੁੱਲ ਦੇਵੀਆਂ ਨੂੰ ਵੀ ਮੰਨਦੇ ਸਨ।

ਸ਼ੁਰੂ-ਸ਼ੁਰੂ ਵਿੱਚ ਇਹ ਘੱਗਰ ਦੇ ਨਾਲ-ਨਾਲ ਮਾਨਸਾ ਤੇ ਬਠਿੰਡੇ ਦੇ ਖੇਤਰਾਂ ਵਿੱਚ ਰੋੜੀ ਦੇ ਖੇਤਰ ਤੋਂ ਉਠ ਕੇ ਆਬਾਦ ਹੋਏ ਸਨ। ਪੰਜਾਬੀ ਜੱਟਾਂ ਨਾਲ ਰਿਸ਼ਤੇਦਾਰੀਆਂ ਪਾਕੇ ਪੰਜਾਬ ਦੇ ਜੱਟ ਭਾਈਚਾਰੇ ਵਿੱਚ ਰਲ ਮਿਲ ਗਏ।

ਦੰਦੀਵਾਲ ਗੋਤ ਦੇ ਬਹੁਤੇ ਲੋਕ ਮਾਨਸਾ ਤੇ ਬਠਿੰਡਾ ਖੇਤਰ ਵਿੱਚ ਹੀ ਵਸਦੇ ਹਨ। ਇਨ੍ਹਾਂ ਦੇ ਪ੍ਰਸਿੱਧ ਪਿੰਡ ਭੂੰਦੜ, ਨੰਦਗੜ੍ਹ, ਥਰਾਜ, ਫਤੇਪੁਰ, ਦਿਆਲਪੁਰਾ, ਬਰਨਾਲਾ, ਫਤਾ ਬਾਲੂ ਤੇ ਰਾਈਆਂ ਆਦਿ ਹਨ। ਦੰਦੀਵਾਲਾਂ ਦੇ ਬਹੁਤੇ ਪਿੰਡ ਦੱਖਣੀ ਪੰਜਾਬ ਵਿੱਚ ਹੀ ਹਨ। ਦੇਸੂ ਪਾਸ ਬੇਲੂ ਵਾਲਾ ਸਥਾਨ ਵਿੱਚ ਇਨ੍ਹਾਂ ਦੇ ਸਿੱਧ ਦੀ ਸਮਾਧ ਹੈ। ਪੁੱਤਰ ਦੇ ਜਨਮ ਦੀ ਖ਼ੁਸ਼ੀ ਵਿੱਚ ਇਹ ਇਸ ਸਮਾਧ ਦੇ ਕੱਪੜੇ, ਗੁੜ ਆਦਿ ਦਾ ਚੜ੍ਹਾਵਾ ਚੜ੍ਹਾਉਂਦੇ ਹਨ। ਇਹ ਚੜ੍ਹਾਵਾ ਕਿਸੇ ਪੰਡਿਤ ਨੂੰ ਦਿੱਤਾ ਜਾਂਦਾ ਹੈ। ਹੁਣ ਇਹ ਪੁਰਾਣੀਆਂ ਰਸਮਾਂ ਬਹੁਤ ਘੱਟ ਰਹੀਆਂ ਹਨ।

ਅੱਜਕੱਲ੍ਹ ਬਹੁਤੇ ਦੰਦੀਵਾਲ ਆਪਣਾ ਗੋਤ ਚੌਹਾਨ ਹੀ ਲਿਖਦੇ ਹਨ। ਮਾਨਸਾ ਜਿਲ੍ਹੇ ਦੇ ਬਰੇਟਾ ਖੇਤਰ ਵਿੱਚ ਵੀ ਦੰਦੀਵਾਲ ਜੱਟ ਕਾਫ਼ੀ ਹਨ। ਇਹ ਚੌਹਾਨਾਂ ਦਾ ਛੋਟਾ ਤੇ ਉਘਾ ਗੋਤ ਹੈ। ਸੰਗਰੂਰ ਵਿੱਚ ਨਿਹਾਲਗੜ੍ਹ ਤੇ ਫਰੀਦਕੋਟ ਵਿੱਚ ਬਿਸ਼ਨੰਦੀ ਇਸ ਗੋਤ ਦੇ ਪ੍ਰਸਿੱਧ ਪਿੰਡ ਹਨ। ਮੁਕਤਸਰ ਜਿਲ੍ਹੇ ਵਿੱਚ ਚੋਟੀਆਂ, ਗਿੱਦੜਬਾਹਾ, ਦਾਨੇਵਾਲਾ, ਚੱਕ ਬੀੜ ਸਰਕਾਰ ਆਦਿ ਪਿੰਡਾਂ ਵਿੱਚ ਵੀ ਦੰਦੀਵਾਲ ਗੋਤ ਦੇ ਜੱਟ ਕਾਫ਼ੀ ਵਸਦੇ ਹਨ। ਹਰਿਆਣੇ ਦੇ ਸਿਰਸਾ ਖੇਤਰ ਵਿੱਚ ਵੀ ਦੰਦੀਵਾਲ ਜੱਟਾਂ ਦੇ ਕਈ ਪਿੰਡ ਹਨ।

ਦੰਦੀਵਾਲ ਜੱਟ ਦਰਮਿਆਨੇ ਜਿੰਮੀਂਦਾਰ ਹੀ ਹਨ। ਇਹ ਬਹੁਤ ਕਿਰਸੀ ਤੇ ਮਿਹਨਤੀ ਹੁੰਦੇ ਹਨ। ਕਿਸੇ ਨੂੰ ਆਪਣਾ ਅਸਲੀ ਭੇਤ ਨਹੀਂ ਦੱਸਦੇ। ਬਹੁਤ ਸਿਆਣੇ ਤੇ ਸੰਜਮੀ-ਜੱਟ ਹੁੰਦੇ ਹਨ। ਅਕਾਲੀ ਲੀਡਰ ਬਲਵਿੰਦਰ ਸਿੰਘ ਭੂੰਦੜ ਦੰਦੀਵਾਲ ਜੱਟ ਹੈ। ਸਰਦਾਰ ਨੇਤਾ ਸਿੰਘ ਦੰਦੀਵਾਲ ਇਤਿਹਾਸ ਬਾਰੇ ਖੋਜ ਕਰ ਰਿਹਾ ਹੈ।

ਸਰ ਇੱਬਟਸਨ ਨੇ ਪੰਜਾਬ ਵਿੱਚ ਜਦੋਂ 1881 ਈਸਵੀਂ ਵਿੱਚ ਮਰਦਮਸ਼ੁਮਾਰੀ ਕੀਤੀ ਤਾਂ ਹਰ ਜਾਤੀ ਦਾ ਗੋਤ ਵੀ ਲਿਖਿਆ ਸੀ। ਉਸ ਅਨੁਸਾਰ ਸਾਂਝੇ ਪੰਜਾਬ ਵਿੱਚ ਉਸ ਸਮੇਂ ਚੌਹਾਨ ਜੱਟਾਂ ਦੀ ਗਿਣਤੀ 30659 ਸੀ। ਉਸ ਨੇ ਵੀ ਦੰਦੀਵਾਲਾਂ ਨੂੰ ਚੌਹਾਨਾਂ ਵਿੱਚ ਹੀ ਗਿਣਿਆ ਹੈ। ਉਸ ਸਮੇਂ ਚੌਹਾਨ ਰਾਜਪੂਤਾਂ ਦੀ ਗਿਣਤੀ ਚੌਹਾਨ ਜੱਟਾਂ ਨਾਲੋਂ ਬਹੁਤ ਹੀ ਜਿਆਦਾ ਸੀ। ਉਸ ਸਮੇਂ ਸਾਂਝੇ ਪੰਜਾਬ ਵਿੱਚ ਚੌਹਾਨ ਰਾਜਪੂਤਾਂ ਦੀ ਗਿਣਤੀ 1,63,926 ਸੀ। ਪੱਛਮੀ ਪੰਜਾਬ ਵਿੱਚ ਚੌਹਾਨ ਰਾਜਪੂਤ ਬਹੁਤੇ ਹਿੰਦੂ ਸਨ। ਕੁਝ ਮੁਸਲਮਾਨ ਚੌਹਾਨ ਰਾਜਪੂਤ ਵੀ ਸਨ। ਪੰਜਾਬ ਵਿੱਚ ਕੁਝ ਚੌਹਾਨ ਰਾਜਪੂਤ ਸਿੱਖ ਵੀ ਹਨ। ਪੰਜਾਬ ਦੇ ਚੌਹਾਨ ਜੱਟ ਸਾਰੇ ਹੀ ਸਿੱਖ ਹਨ। ਦਲਿਤ ਜਾਤੀਆਂ ਵਿੱਚ ਵੀ ਚੌਹਾਨ ਬਹੁਤ ਹਨ। ਚੌਹਾਨ ਵੱਡਾ ਭਾਈਚਾਰਾ ਹੈ। ਪੰਜਾਬ ਵਿੱਚ ਦੰਦੀਵਾਲ ਗੋਤ ਦੇ ਲੋਕ ਕੇਵਲ ਮਾਲਵੇ ਵਿੱਚ ਹੀ ਹਨ। ਮਿਸਲ ਦੰਦੀਵਾਲ ਚੌਹਾਨਾਂ ਬਹੁਤ ਪ੍ਰਸਿੱਧ ਤੇ ਮਹਾਨ ਗੌਰਵਸ਼ਾਲੀ ਸੀ। ਦੰਦੀਵਾਲ ਕਬੀਲੇ ਪਾਸ 169 ਪਿੰਡ ਸਨ ਜਿਨ੍ਹਾਂ ਵਿਚੋਂ ਬਹੁਤੇ ਇਨ੍ਹਾਂ ਨੇ ਆਪ ਹੀ ਆਬਾਦ ਕੀਤੇ ਸਨ। ਘੱਗਰ ਖੇਤਰ ਦੇ ਚੌਧਰੀ ਹਰਰਾਏ ਦੀ ਬੰਸ ਦਾ ਚੌਧਰੀ ਤ੍ਰਿਲੋਕ ਚੰਦ ਹਿੰਦੂ ਰਿਹਾ ਅਤੇ ਘੱਗਰ ਦੀ ਦੰਦੀ ਉਤੇ ਕਾਬਜ਼ ਹੋਣ ਕਰਕੇ ਦੰਦੀਵਾਲ ਚੌਹਾਨ ਪ੍ਰਸਿੱਧ ਹੋਇਆ। ਇਸ ਪਾਸ 84 ਪਿੰਡ ਸਨ। ਇਸਦਾ ਭਰਾ ਮਾਨਕ ਚੰਦ ਮੁਸਲਮਾਨ ਬਣ ਗਿਆ ਸੀ। ਉਸ ਪਾਸ 85 ਪਿੰਡ ਸਨ। ਦੰਦੀਵਾਲ ਚੌਹਾਨ ਸਿੱਖ ਗੁਰੂਆਂ ਦੇ ਪੱਕੇ ਸ਼ਰਧਾਲੂ ਸਨ। ਆਮ ਤੌਰ ਤੇ ਮੁਸਲਮਾਨ ਚੌਹਾਨਾਂ ਨੂੰ ਰੰਘੜ ਕਿਹਾ ਜਾਂਦਾ ਸੀ। ਫੱਤਾ ਚੌਹਾਨ ਮਹਾਂ ਸੂਰਬੀਰ ਸੀ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com