ਦਲੇਉ : ਇਸ ਗੋਤ ਦਾ ਮੋਢੀ ਦਲਿਉ ਸੀ ਜੋ ਰਾਜੇ ਜੱਗਦੇਉ ਪਰਮਾਰ ਦੀ ਬੰਸ ਵਿਚੋਂ
ਸੀ। ਦਲਿਉ, ਦਲੇਹ ਤੇ ਦੁਲੇਹ ਇਕੋ ਹੀ ਗੋਤ ਹੈ। ਵੱਖ-ਵੱਖ
ਖੇਤਰਾਂ ਵਿੱਚ ਉਚਾਰਣ ਵਿੱਚ ਫਰਕ ਪੈ ਗਿਆ ਹੈ। ਦਲੇਉ ਦੇ ਅਰਥ ਦਲਜੀਤ ਹਨ। ਠੀਕ ਸ਼ਬਦ
ਦਲੇਉ ਹੈ। ਦਲੇਹ ਇਸ ਦਾ ਛੋਟਾ ਰੂਪ ਹੈ, ਦੁਲੇਹ ਬਦਲਿਆ ਹੋਇਆ ਤੱਤਭਵ ਰੂਪ ਹੈ। ਸ਼ਬਦ ਦੇ
ਸਰੂਪ ਤੇ ਅਰਥ ਦਾ ਆਪਸ ਵਿੱਚ ਆਤਮਾ ਤੇ ਸਰੀਰ ਵਾਲਾ ਸੰਬੰਧ ਹੁੰਦਾ ਹੈ।
ਪੰਜਾਬ ਦੇ ਕੁਝ ਜੱਟ, ਰਾਜਪੂਤਾਂ ਅਤੇ ਖੱਤਰੀਆਂ ਵਿਚੋਂ ਹਨ। ਰਿੱਗਵੇਦ ਸਮੇਂ ਦੇ ਜੱਟ
ਕਬੀਲੇ ਵੀ ਕਾਫ਼ੀ ਹਨ। ਸੰਧੂ, ਵਿਰਕ ਤੇ ਕੰਗ ਆਦਿ ਜੱਟ ਕਬੀਲਿਆਂ ਨੇ ਮਹਾਭਾਰਤ ਦੀ ਲੜਾਈ
ਵਿੱਚ ਵੀ ਹਿੱਸਾ ਲਿਆ ਸੀ। ਪੰਜਾਬ ਦੇ ਬਹੁਤੇ ਜੱਟ ਸਿੰਧ, ਰਾਜਸਥਾਨ, ਹਰਿਆਣਾ,
ਮਹਾਰਾਸ਼ਟਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੋਂ ਵੱਖ-ਵੱਖ ਸਮੇਂ ਵੱਖ-ਵੱਖ ਖੇਤਰਾਂ ਵਿੱਚ ਆਏ
ਹਨ। ਵਿਦੇਸ਼ੀਆਂ ਦੇ ਹਮਲਿਆਂ ਸਮੇਂ ਕਈ ਜੱਟ ਕਬੀਲੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ
ਜਾ ਵਸੇ ਸਨ। ਮੁਸਲਮਾਨਾਂ ਦੇ ਹਮਲਿਆਂ ਸਮੇਂ ਫਿਰ ਪੰਜਾਬ ਵਿੱਚ ਵਾਪਿਸ ਆ ਗਏ ਸਨ।
ਦਲਿਉ ਜੱਟ ਪਰਮਾਰ ਰਾਜਪੂਤਾਂ ਵਿਚੋਂ ਹਨ। ਪਰਮਾਰਾਂ ਦੀਆਂ 36 ਸ਼ਾਖਾਂ ਹਨ।
ਪਰਮਾਰ ਅਗਨੀ ਕੁੱਲ ਰਾਜਪੂਤ ਹਨ। ਰਾਜਪੂਤਾਂ ਦੇ 36 ਗੋਤ ਸ਼ਾਹੀ ਗੋਤ ਹਨ। ਪਰਮਾਰ ਵੀ
ਸ਼ਾਹੀ ਗੋਤ ਹੈ। ਭੱਟੀਆਂ ਦੇ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਪਰਮਾਰ
ਰਾਜਪੂਤਾਂ ਦਾ ਬੋਲ ਬਾਲਾ ਸੀ। ਰਾਜਾ ਜੱਗਦੇਉ ਪਰਮਾਰ 1066 ਈਸਵੀਂ ਦੇ ਲਗਭਗ ਧਾਰਾਨਗਰੀ
ਜਿਲ੍ਹਾ ਉਜੈਨ, ਮੱਧ ਪ੍ਰਦੇਸ਼ ਵਿੱਚ ਰਾਜਾ ਉਦੇ ਦਿੱਤਾ ਦੇ ਘਰ ਪਰਮਾਰ ਬੰਸ ਵਿੱਚ ਪੈਦਾ
ਹੋਇਆ। ਧਾਰਾ ਨਗਰੀ ਦਾ ਅਰਥ ਹੈ ‘ਤਲਵਾਰ-ਧਾਰਾ ਦਾ ਸ਼ਹਿਰ’ ਇਹ ਇਲਾਕਾ ਮੱਧ ਪ੍ਰਦੇਸ਼ ਦੇ
ਮਾਲਵਾ ਪਠਾਰ ਵਿੱਚ ਪੈਂਦਾ ਹੈ। ਇਸ ਦੇ ਆਲੇ ਦੁਆਲੇ ਲਹਿਲੁਹਾਉਂਦੀਆਂ ਹਰਿਆਲੀ ਭਰਪੂਰ
ਛੋਟੀਆਂ ਛੋਟੀਆਂ ਪਹਾੜੀਆਂ ਹਨ। ਸ਼ਹਿਰ ਵਿੱਚ ਸਾਰਾ ਸਾਲ ਮੌਸਮ ਬੜਾ ਸੁਹਾਵਨਾ ਰਹਿੰਦਾ
ਹੈ।
ਧਾਰ, ਇੰਦੌਰ ਤੋਂ ਲਗਭਗ 64 ਕਿਲੋਮੀਟਰ ਦੂਰ ਹੈ। ਇਹ ਮੱਧ ਪ੍ਰਦੇਸ਼ ਦਾ ਬਹੁਤ ਹੀ
ਪ੍ਰਸਿੱਧ ਤੇ ਇਤਿਹਾਸਕ ਸ਼ਹਿਰ ਹੈ। ਕਿਸੇ ਸਮੇਂ ਇਹ ਸ਼ਹਿਰ ਪਰਮਾਰ ਰਾਜਪੂਤਾਂ ਦੀ
ਰਾਜਧਾਨੀ ਸੀ। ਰਾਜਾ ਭੋਜ ਵੀ ਇਤਿਹਾਸ ਵਿੱਚ ਬਹੁਤ ਪ੍ਰਸਿੱਧ ਹੋਇਆ ਹੈ। ਇਹ, ਰਾਜੇ
ਜੱਗਦੇਉ ਦਾ ਦਾਦਾ ਸੀ। ਇਸ ਨੇ 1026 ਈਸਵੀਂ ਵਿੱਚ ਮਹਿਮੂਦ ਗੱਜ਼ਨਵੀ ਨੂੰ ਗਵਾਲੀਅਰ ਦੇ
ਇਲਾਕੇ ਵਿਚੋਂ ਹਰਾਕੇ ਭੱਜਾ ਦਿੱਤਾ ਸੀ। ਰਾਜੇ ਭੋਜ ਦੀ ਮੌਤ 1066 ਈਸਵੀਂ ਦੇ ਲਗਭਗ ਹੋਈ
ਸੀ। ਸੂਰਜਬੰਸੀ ਰਾਜਾ ਬਿੱਕਰਮਾਦਿਤ ਵੀ ਇਸ ਬੰਸ ਦਾ ਵਡੇਰਾ ਸੀ। ਰਾਜੇ ਜੱਗਦੇਉ ਨੇ ਘਰੇਲੂ
ਕਾਰਨਾਂ ਕਰਕੇ ਧਾਰਾ ਨਗਰੀ ਦਾ ਰਾਜ ਆਪਣੇ ਮਤਰੇਏ ਭਰਾ ਰਣਧੌਲ ਨੂੰ ਸੰਭਾਲ ਦਿੱਤਾ। ਆਪ
ਆਪਣੇ ਪੁੱਤਰ ਜੱਗਸੋਲ ਤੇ ਹੋਰ ਰਾਜਪੂਤ ਤੇ ਜੱਟ ਕਬੀਲਿਆਂ ਨੂੰ ਨਾਲ ਲੈ ਕੇ ਰਾਜਸਥਾਨ
ਰਾਹੀਂ ਪਜਾਬ ਆਕੇ ਮਹਿਮੂਦ ਗੱਜ਼ਨਵੀ ਦੀ ਬੰਸ ਨਾਲ ਟਾਕਰਾ ਕਰਕੇ ਪੰਜਾਬ ਦੇ ਮਾਲਵਾ ਖੇਤਰ
ਤੇ ਕਬਜ਼ਾ ਕਰ ਲਿਆ। ਮੁਸਲਮਾਨ ਰਾਜਾ ਮੌਦੂਦ ਸਰਹੰਦ ਦਾ ਇਲਾਕਾ ਛੱਡ ਕੇ ਲਾਹੌਰ ਵੱਲ ਭੱਜ
ਗਿਆ। ਜੱਗਦੇਉ ਪਰਮਾਰ ਨੇ ਜਰਗ ਵਿੱਚ ਆਪਣਾ ਕਿਲ੍ਹਾ ਬਣਾਕੇ ਮਾਲਵੇ ‘ਚ 1160 ਈਸਵੀਂ ਤੱਕ
ਰਾਜ ਕੀਤਾ। ਜੱਗਦੇਉ ਦੇ ਪੋਤੇ ਛੱਪਾ ਰਾਏ ਨੇ 1140 ਈਸਵੀਂ ਵਿੱਚ ਛਪਾਰ ਵਸਾਇਆ ਅਤੇ
ਬੋਪਾਰਾਏ ਨੇ ਬੋਪਾ-ਰਾਏ ਨਵਾਂ ਨਗਰ ਆਬਾਦ ਕੀਤਾ। ਜਰਗ ਦਾ ਕਿਲ੍ਹਾ ਵੀ 1125 ਈਸਵੀਂ ਦੇ
ਲਗਭਗ ਬਣਿਆ ਹੈ। ਹੁਣ ਇਸ ਪ੍ਰਾਚੀਨ ਤੇ ਇਤਿਹਾਸਕ ਕਿਲ੍ਹੇ ਦੀ ਹਾਲਤ ਬਹੁਤ ਹੀ ਖਸਤਾ ਹੈ।
ਰਾਜੇ ਜੱਗਦੇਉ ਨੇ ਮਾਝੇ ਵਿੱਚ ਵੀ ਇੱਕ ਪਿੰਡ ਜੱਗਦੇਉ ਕਲਾਂ ਵਸਾਇਆ ਹੈ। ਅੱਜ ਕੱਲ੍ਹ ਇਸ
ਪਿੰਡ ਵਿੱਚ ਧਾਲੀਵਾਲ ਤੇ ਗਿੱਲ ਗੋਤ ਦੇ ਲੋਕ ਰਹਿੰਦੇ ਹਨ।
ਜੱਗਦੇਉ ਦੀ ਬੰਸ ਦੇ ਭਾਈਚਾਰੇ ਦੇ ਬਹੁਤੇ ਲੋਕ ਜਰਗ ਦੇ ਇਰਦ-ਗਿਰਦ ਮਾਲਵੇ ਵਿੱਚ ਹੀ
ਆਬਾਦ ਹੋਏ ਹਨ। ਪੰਡਿਤ ਕਿਸ਼ੋਰ ਚੰਦ ਤੇ ਛੱਜੂ ਸਿੰਘ ਨੇ ਰਾਜੇ ਜੱਗਦੇਉ ਬਾਰੇ ਪੰਜਾਬੀ
ਵਿੱਚ ਕਿੱਸੇ ਵੀ ਲਿਖੇ ਹਨ। ਇਹ ਆਮ ਮਿਲਦੇ ਹਨ। ਇੱਕ ਅੰਗਰੇਜ਼ ਵਿਦਵਾਨ ਆਰ• ਸੀ• ਟੈਂਪਲ
ਨੇ ਆਪਣੀ ਕਿਤਾਬ ‘ਦੀ ਲੀਜੈਂਡਜ਼ ਆਫ਼ ਦੀ ਪੰਜਾਬ’ ਵਿੱਚ ਸਫ਼ਾ 182 ਉਤੇ ਰਾਜੇ
ਜੱਗਦੇਉ ਬਾਰੇ ਇੱਕ ਪੁਰਾਣਿਕ ਲੋਕ ਕਥਾ ਲਿਖੀ ਹੈ।
ਦਲੇਉ ਜੱਟ ਇਸ ਰਾਜੇ ਦੀ ਬੰਸ ਵਿਚੋਂ ਹੀ ਹਨ। ਪ੍ਰਸਿੱਧ ਅੰਗਰੇਜ਼ ਵਿਦਵਾਨ ਐਚ• ਏ•
ਰੋਜ਼ ਨੇ, ਆਪਣੀ ਕਿਤਾਬ ‘ਏ ਗਲੌਸਰੀ ਆਫ਼ ਦੀ ਟ੍ਰਾਈਬਜ਼ ਐਂਡ ਕਾਸਟਸ ਔਫ ਦੀ ਪੰਜਾਬ’
ਭਾਗ ਦੂਜਾ ਦੇ ਸਫ਼ਾ 221 ਉਤੇ ਲਿਖਿਆ ਹੈ, ‘‘ਦਲਿਉ, ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ
ਹੈ। ਇਸ ਦਾ ਮੁੱਢ ਲੁਧਿਆਣਾ ਜਿਲ੍ਹਾ ਹੈ। ਕਹਿੰਦੇ ਹਨ ਕਿ ਜੱਗਦੇਉ ਦੇ ਪੰਜ ਪੁੱਤਰ ਸਨ;
ਦਲੇਉ, ਦੇਵਲ, ਔਲਖ, ਬਿਲਿੰਗ ਤੇ ਪਾਮਰ। ਰਾਜਾ ਜੈ ਪੰਗਾਲ ਨੇ ਭੱਟਨੀ ਨਾਲ ਬਚਨ ਕੀਤਾ ਸੀ
ਕਿ ਉਹ ਜੱਗਦੇਉ ਨਾਲੋਂ ਦਸ ਗੁਣਾਂ ਵੱਧ ਦਾਨ ਦੇਵੇਗਾ। ਭੱਟਨੀ ਦਾ ਨਾਮ ਕਾਂਗਲੀ ਸੀ।
ਜੱਗਦੇਉ ਨੇ ਆਪਣਾ ਸਿਰ ਕੱਟਕੇ ਭੱਟਨੀ ਨੂੰ ਭੇਂਟ ਕਰ ਦਿੱਤਾ। ਭੱਟਨੀ ਨੇ ਆਪਣੀ ਸ਼ਕਤੀ
ਨਾਲ ਦੁਬਾਰਾ ਸਿਰ ਲਾ ਦਿੱਤਾ। ਇਸ ਲਈ ਜੱਗਦੇਉ ਬੰਸੀ ਲੋਕਾਂ ਦੀ ਗਰਦਨ ਛੋਟੀ ਹੁੰਦੀ ਹੈ’’
ਇਹ ਮਿਥਿਹਾਸਕ ਘਟਨਾ ਹੈ। ਸੰਤ ਵਿਸਾਖਾ ਸਿੰਘ ਨੇ ‘ਮਾਲਵਾ ਇਤਿਹਾਸ ਭਾਗ ਪਹਿਲਾ ਵਿੱਚ
ਸਫ਼ਾ 279 ਉਤੇ ਫੁਟ ਨੋਟ ਵਿੱਚ ਲਿਖਿਆ ਹੈ ਕਿ ‘‘ਸਾਧਾਰਨ ਲੋਕਾਂ ਅਤੇ ਭੱਟਾਂ ਦੇ ਕਥਨ
ਅਨੁਸਾਰ ਜੱਗਦੇਉ ਨੇ ਜੈ ਸਿੰਘ ਦੀ ਸਭਾ ਵਿੱਚ ਕਪਾਲ ਭੱਟਨੀ ਨੂੰ ਸੀਸ ਦਿੱਤਾ ਸੀ। ਪਰ
ਨਵੀਨ ਖੋਜ ਅਨੁਸਾਰ ਚੇਤ ਸੁਦੀ ਐਤਵਾਰ 1094 ਧਾਰਾ ਵਿੱਚ ਦਿੱਤਾ ਸੀ।’’
ਸੁਣੀਆਂ ਸੁਣਾਈਆਂ ਗੱਲਾਂ ਤੇ ਰਵਾਇਤਾਂ ਨਾਲ ਕਈ ਵਾਰ ਸਾਡੇ ਇਤਿਹਾਸ ਵਿੱਚ ਮਿੱਥ ਵੀ
ਰਲ ਜਾਂਦਾ ਹੈ। ਇਸ ਦੀ ਕਿਸੇ ਲਿਖਤੀ ਭਰੋਸੇਯੋਗ ਵਸੀਲੇ ਤੋਂ ਵੀ ਪ੍ਰੌੜਤਾ ਹੋਣੀ ਜ਼ਰੂਰੀ
ਹੁੰਦੀ ਹੈ। ਸਾਡੇ ਪੁਰਾਣੇ ਇਤਿਹਾਸ ਵਿੱਚ ਮਿੱਥ ਬਹੁਤ ਹੈ। ਅਸੀਂ ਅਜੇ ਤੱਕ ਵੀ ਆਪਣੇ
ਪੁਰਾਣੇ ਇਤਿਹਾਸ ਦੀ ਠੀਕ ਖੋਜ ਨਹੀਂ ਕੀਤੀ ਹੈ।
ਦਲਿਉ ਗੋਤ ਦਾ ਮੁੱਢ ਲੁਧਿਆਣਾ ਜਿਲ੍ਹਾ ਹੈ। 1630 ਈਸਵੀਂ ਦੇ ਲਗਭਗ ਮੁਗਲਾਂ ਦੇ ਰਾਜ
ਸਮੇਂ ਉਚਾ ਪਿੰਡ ਥੇਹ ਸੰਘੋਲ ਤੋਂ ਕਿਸੇ ਘਟਨਾ ਕਾਰਨ ਉਜੜ ਕੇ ਦਲਿਉ ਭਾਈਚਾਰੇ ਦੇ ਲੋਕ
ਮਾਨਸਾ ਵੱਲ ਚਲੇ ਗਏ ਅਤੇ ਭੀਖੀ ਦੇ ਨਜ਼ਦੀਕ ਆਬਾਦ ਹੋ ਗਏ। ਭੀਖੀ ਦੇ ਇਲਾਕੇ ਵਿੱਚ ਉਸ
ਸਮੇਂ ਗੈਂਡੇ ਚਹਿਲ ਦਾ ਰਾਜ ਸੀ। ਦਲਿਉ ਜੱਟ ਘੈਂਟ ਤੇ ਲੜਾਕੇ ਸਨ। ਇਸ ਲਈ ਗੈਂਡੇ ਚਹਿਲ
ਨੇ ਇਨ੍ਹਾਂ ਨੂੰ ਮਿੱਤਰ ਬਣਾ ਕੇ ਆਪਣੇ ਇਲਾਕੇ ਵਿੱਚ ਹੀ ਵਸਾ ਲਿਆ। ਸਰਹੰਦ ਚੋਂ ਦੇ ਕੰਢੇ
ਦਲਿਉ ਭਾਈਚਾਰੇ ਦੇ ਮੁਖੀ ਧੀਰੋ ਨੇ ਆਪਣੇ ਗੋਤ ਦੇ ਨਾਮ ਤੇ ਦਲਿਉ ਪਿੰਡ ਦੀ ਮੋੜ੍ਹੀ
ਗੱਡੀ। ਕੁਝ ਸਮੇਂ ਮਗਰੋਂ ਇਸ ਪਿੰਡ ਦਾ ਨਾਮ ਧਲੇਉ ਪੈ ਗਿਆ ਫਿਰ ਬਦਲ ਕੇ ਧਲੇਵਾਂ
ਪ੍ਰਚਲਿਤ ਹੋ ਗਿਆ। ਇਹ ਦਲਿਉ ਗੋਤ ਦਾ ਮੋਢੀ ਪਿੰਡ ਹੈ।
ਧੀਰੋ ਦੇ ਛੋਟੇ ਭਰਾ ਬੀਰੋ ਨੇ ਆਪਣੇ ਨਾਮ ਤੇ ਨਵਾਂ ਪਿੰਡ ਬੀਰੋਕੇ ਵਸਾਇਆ ਸੀ। ਦਲਿਉ
ਭਾਈਚਾਰੇ ਦੇ ਸਾਰੇ ਹੀ ਲੋਕ ਗੈਂਡੇ ਚਹਿਲ ਦੇ ਪੱਕੇ ਸਮਰੱਥਕ ਸਨ। ਬਛੋਆਣੇ ਤੇ ਦੋਦੜੇ ਦੇ
ਲੋਕ ਰਾਜੇ ਹੋਡੀ ਦੇ ਸਮਰੱਥਕ ਸਨ। ਇਸ ਕਾਰਨ ਰਾਜੇ ਹੋਡੀ ਦੇ ਹਮਾਇਤੀਆਂ ਤੇ ਰਾਜੇ ਗੈਂਡੇ
ਚਹਿਲ ਦੇ ਹਮਾਇਤੀਆਂ ਵਿਚਕਾਰ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਦਲਿਉ, ਲੜਾਕੇ ਤੇ ਭੋਲੇ
ਸਨ। ਸ਼ਾਹੀ ਰਾਜਪੂਤਾਂ ਵਿਚੋਂ ਹੋਣ ਕਾਰਨ ਇਨ੍ਹਾਂ ਨੂੰ ਦਲਿਉ ਪਾਤਸ਼ਾਹ ਕਿਹਾ ਜਾਂਦਾ ਸੀ।
ਇਨ੍ਹਾਂ ਦੇ ਵਡੇਰੇ ਜੱਗਦੇਉ ਨੇ ਮਾਰਵਾੜ ਵਿੱਚ ਵੀ ਰਾਜ ਕੀਤਾ ਹੈ। ਗੈਂਡੇ ਚਹਿਲ ਨੇ
ਦਲੇਵਾਂ ਨੂੰ ਖ਼ੁਸ਼ ਕਰਨ ਲਈ 18444 ਵਿਘੇ ਜ਼ਮੀਨ ਬਖਸ਼ੀਸ਼ ਤੇ ਤੌਰ ਤੇ ਦਿੱਤੀ ਸੀ।
1860-61 ਦੇ ਬੰਦੋਬਸਦ ਵੇਲੇ ਦਲੇਵਾਂ ਦਾ ਸਰਕਾਰ ਨਾਲ ਮਾਲੀਆ ਦੇਣ ਦੇ ਸੁਆਲ ਤੇ
ਕਾਫ਼ੀ ਝਗੜਾ ਵੀ ਹੋ ਗਿਆ ਸੀ। ਪਹਿਲਾਂ ਦਲੇਵਾਂ ਦਾ ਮਾਲੀਆ ਮਾਫ਼ ਸੀ। ਮਾਰਚ 1665 ਈਸਵੀਂ
ਵਿੱਚ ਗੁਰੂ ਤੇਗ ਬਹਾਦਰ ਜੀ ਆਪਣੇ ਇੱਕ ਸ਼ਰਧਾਲੂ ਸੰਤ ਤੁਲਸੀ ਦਾਸ ਨੂੰ ਮਿਲਣ ਧਲੇਵਾਂ
ਪਿੰਡ ਵਿੱਚ ਆਏ। ਇਸ ਸੰਤ ਦੀ ਸਮਾਧ ਗੁਰਦੁਆਰੇ ਵਿੱਚ ਹੀ ਹੈ। ਆਦਮੀਆਂ ਤਾਂ ਗੁਰੂ ਜੀ ਨੂੰ
ਸਾਧਾਰਨ ਸਾਧ ਹੀ ਸਮਝਿਆ ਪਰ ਦਲੇਵਾਂ ਦੀਆਂ ਇਸਤਰੀਆਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ।
ਗੁਰੂ ਜੀ ਨੇ ਖ਼ੁਸ਼ ਹੋ ਕੇ ਸਭ ਨੂੰ ਸਿੱਖੀ ਦਾ ਵਰ ਦਿੱਤਾ।
ਧਲੇਵਾਂ ਬਹੁਤ ਵੱਡਾ ਪਿੰਡ ਹੈ। ਇਸ ਦੀਆਂ ਛੇ ਪੱਤੀਆਂ ਹਨ। ਮੋਹਰ ਸਿੰਘ ਵਾਲਾ,
ਟਾਹਲੀਆਂ, ਅਹਿਮਦਪੁਰਾ, ਮੱਘਾਣੀਆਂ ਆਦਿ ਨੇੜੇ ਦੇ ਪਿੰਡਾਂ ਦੇ ਲੋਕ ਇਸ ਪਿੰਡ ਵਿਚੋਂ ਹੀ
ਆਕੇ ਆਬਾਦ ਹੋਏ ਹਨ।
ਧਲੇਵਾਂ ਦੇ ਕੁਝ ਦਲਿਉ ਜੱਟ ਮਸੀਤਾਂ (ਡੱਬਾਵਲੀ) ਵਹਾਬਵਾਲਾ (ਅਬੋਹਰ) ਬੰਮਣਾ
(ਪਟਿਆਲਾ) ਕੋਟ ਖੁਰਦ (ਨਾਭਾ) ਵਿੱਚ ਆਪਣੀਆਂ ਜ਼ਮੀਨਾਂ ਖਰੀਦ ਕੇ ਆਬਾਦ ਹੋ ਗਏ ਹਨ।
ਹਰਿਆਣੇ ਦੇ ਜਿਲ੍ਹਾ ਕੈਥਲ, ਤਹਿਸੀਲ ਗੂਹਲਾ ਚੀਕਾ ਪਿੰਡ ਖਰੋਦੀ ਵਿੱਚ ਵੀ ਧਲੇਵਾਂ
ਪਿੰਡ ਤੋਂ ਕੁਝ ਦਲਿਉ ਗੋਤ ਦੇ ਲੋਕ ਜਾਕੇ ਆਬਾਦ ਹੋਏ ਹਨ। ਮਾਨਸਾ ਜਿਲ੍ਹੇ ਦੀ ਬੁੱਢਲਾਡਾ
ਤਹਿਸੀਲ ਵਿੱਚ ਬੀਰੋਕੇ ਪਿੰਡ ਵੀ ਦਲਿਉ ਜੱਟਾਂ ਦਾ ਉਘਾ ਤੇ ਘੈਂਟ ਪਿੰਡ ਹੈ। ਮਹਾਨ ਆਕਾਲੀ
ਲੀਡਰ ਸੰਤ ਫਤਿਹ ਸਿੰਘ ਦੇ ਨਾਨਕੇ ਵੀ ਬੀਰੋਕੇ ਕਲਾਂ ਪਿੰਡ ਵਿੱਚ ਦਲਿਉ ਗੋਤ ਦੇ ਜੱਟਾਂ
ਦੇ ਘਰ ਹੀ ਸਨ। ਬੀਰੋਕੇ ਕਲਾਂ ਪਿੰਡ ਵਿੱਚ ਬਹੁਗਿਣਤੀ ਦਲਿਉ ਗੋਤ ਦੇ ਜੱਟਾਂ ਦੀ ਹੈ।
ਔਲਖਾਂ ਦੇ ਚਾਰ?ਪੰਜ ਘਰ ਹੀ ਹਨ।
ਬੀਰੋ ਦੇ ਪੋਤੇ ਜੀਤ ਨੇ ਬੀਰੋਕੇ ਦੇ ਪਾਸ ਹੀ ਨਵਾਂ ਪਿੰਡ ਜੀਤਗੜ੍ਹ ਅਥਵਾ ਬੀਰੋਕੇ
ਖੁਰਦ ਵਸਾਇਆ ਸੀ। ਇਸ ਛੋਟੇ ਪਿੰਡ ਵਿੱਚ ਬਹੁਗਿਣਤੀ ਦਲਿਉ ਗੋਤ ਦੇ ਜੱਟਾਂ ਦੀ ਹੈ।
ਬੀਰੋਕੇ ਕਲਾਂ ਤੋਂ 1830 ਈਸਵੀਂ ਦੇ ਲਗਭਗ ਲੱਖਾ ਦਲਿਉ ਆਪਣੇ ਤਿੰਨ ਭਰਾਵਾਂ ਨੂੰ ਨਾਲ ਲੈ
ਕੇ ਚੰਨੂੰ ਪਿੰਡ ਵਿੱਚ ਲੱਖੇ ਤੇ ਉਸ ਦੇ ਭਰਾਵਾਂ ਦੀ ਇੱਕ ਪੂਰੀ ਦੁਲੇਹ ਪੱਤੀ ਹੈ। ਇਸ
ਪੱਤੀ ਦਾ ਮਾਲਕ ਰਾਮ ਸਿੰਘ ਦਲੇਹ ਲੱਖੇ ਦਾ ਇਕੋ ਲੜਕਾ ਸੀ। ਬਾਬਾ ਰਾਮ ਸਿੰਘ ਦਲੇਹ
ਇਨ੍ਹਾਂ ਸਤਰਾਂ ਦੇ ਲੇਖਕ ਦਾ ਵਡੇਰਾ ਸੀ। ਉਹ ਦਲੇਵਾਂ ਨੂੰ ਪਰਮਾਰ ਰਾਜਪੂਤ ਸਮਝਦਾ ਸੀ।
ਬੁੱਟਰਾਂ, ਔਲਖਾਂ ਤੇ ਸੇਖੋਂ ਜੱਟਾਂ ਨੂੰ ਵੀ ਆਪਣਾ ਭਾਈਚਾਰਾ ਸਮਝਦਾ ਸੀ। ਚੰਨੂੰ ਪਿੰਡ
ਤੋਂ ਕੁਝ ਦਲੇਹ ਜੱਟ ਰਾਜਸਥਾਨ ਦੇ ਨਕੇਰਾ ਪਿੰਡ ਵਿੱਚ ਜਾਕੇ ਕਾਫ਼ੀ ਸਮੇਂ ਤੋਂ ਵਸ ਰਹੇ
ਹਨ। ਮੁਕਤਸਰ ਦੇ ਇਲਾਕੇ ਵਿੱਚ ਚੰਨੂੰ ਦਲੇਵਾਂ ਦਾ ਬਹੁਤ ਹੀ ਪ੍ਰਸਿੱਧ ਪਿੰਡ ਹੈ। ਆਕਲੀਏ
ਤੇ ਬਾਂਡੀ ਵੀ ਦਲੇਵਾਂ ਦੇ ਕੁਝ ਘਰ ਹਨ।
ਬਠਿੰਡੇ ਦੇ ਜਿਲ੍ਹੇ ਵਿੱਚ ਘੁੱਦੇ ਤੇ ਝੁੰਬੇ ਵੀ ਦਲੇਵਾਂ ਦੇ ਕਾਫ਼ੀ ਹਨ। ਇਨ੍ਹਾਂ ਦਾ
ਪਿਛੋਕੜ ਵੀ ਭੀਖੀ ਦੇ ਪਿੰਡ ਧਲੇਵਾਂ ਤੇ ਵੀਰੋਕੇ ਹੀ ਹਨ। ਮਾਨਸਾ ਤੇ ਬਠਿੰਡੇ ਦੇ ਲੋਕ
ਆਪਣਾ ਗੋਤ ਦਲਿਉ ਲਿਖਦੇ ਹਨ। ਮੁਕਤਸਰ, ਡੱਬਵਾਲੀ ਤੇ ਅਬੋਹਰ ਦੇ ਖੇਤਰ ਦੇ ਜੱਟ ਆਪਣਾ ਗੋਤ
ਦਲੇਹ ਲਿਖਦੇ ਹਨ। ਇਹ ਦਲੇਉ ਸ਼ਬਦ ਦਾ ਛੋਟਾ ਰੂਪ ਹੈ। ਮਾਨਸਾ ਦੇ ਇਲਾਕੇ ਵਿੱਚ ਦਲਿਉ ਗੋਤ
ਬਾਰੇ ਇੱਕ ਪੁਰਾਣੀ ਕਹਾਵਤ ਹੈ, ‘‘ਗੋਤ ਤਾਂ ਸਾਡੀ ਭੁੱਟੇ, ਪਰ ਅਸੀਂ ਦਲੇਉ ਕਹਿਕੇ
ਛੁੱਟੇ’’। ਇਸ ਕਹਾਵਤ ਦੇ ਪਿਛੋਕੜ ਬਾਰੇ ਦੱਸਿਆ ਜਾਂਦਾ ਹੈ ਕਿ ਇੱਕ ਵਾਰੀ
ਪਰਮਾਰਾਂ ਦੀ ਭੁੱਟੇ ਸ਼ਾਖਾ ਦੇ ਕੁਝ ਲੋਕ ਮੁਸਲਮਾਨਾਂ ਦਾ ਟਾਕਰਾਂ ਕਰਦੇ-ਕਰਦੇ ਕਿਸੇ
ਕਿਲ੍ਹੇ ਵਿੱਚ ਘਿਰ ਕੇ ਹਾਰ ਗਏ ਸਨ। ਕੁਝ ਸਿਆਣੇ ਲੋਕ ਦੁਸ਼ਮਣ ਨੂੰ ਭੁਲੇਖਾ ਦੇਣ ਲਈ
ਆਪਣੇ ਵਡੇਰੇ ਦੇ ਨਾਮ ਤੇ ਆਪਣਾ ਗੋਤ ਦੱਸ ਕੇ ਕਿਲ੍ਹੇ ਤੋਂ ਬਾਹਰ ਆ ਕੇ ਬਚ ਗਏ। ਕਿਲ੍ਹੇ
ਵਿੱਚ ਘਿਰੇ ਲੋਕਾਂ ਦਾ ਮੁਸਲਮਾਨਾਂ ਨੇ ਕਤਲੇਆਮ ਕਰ ਦਿੱਤਾ ਜਾਂ ਉਨ੍ਹਾਂ ਨੂੰ ਮੁਸਲਮਾਨ
ਬਣਾ ਕੇ ਛੱਡਿਆ। ਇਸ ਲੜਾਈ ਵਿੱਚ ਪਰਮਾਰ ਰਾਜਪੂਤਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ
ਹੋਇਆ ਸੀ। ਬੁੱਟਰ ਦੀ ਬੰਸ ਬਾਹਰ ਸੀ, ਉਸ ਨੇ ਵੀ ਆਪਣਾ ਪੁਰਾਣਾ ਗੋਤ ਭੁੱਟੇ ਛੱਡਕੇ ਨਵਾਂ
ਗੋਤ ਬੁੱਟਰ ਹੀ ਰੱਖ ਲਿਆ ਸੀ।
ਬੁੱਟਰ, ਦਲਿਉ ਤੇ ਭੁੱਟੇ ਇਕੋ ਹੀ ਭਾਈਚਾਰੇ ਵਿਚੋਂ ਹਨ। ਤਿੰਨੇ ਹੀ ਪਰਮਾਰ ਰਾਜਪੂਤ
ਹਨ। ਤਿੰਨਾਂ ਦੀ ਹੀ ਗਿਣਤੀ ਬਹੁਤ ਘੱਟ ਹੈ। ਭੀਖੀ ਇਲਾਕੇ ਦੇ ਪੁਰਾਣੇ ਦਲਿਉ ਕੁਝ ਵਹਿਮਾਂ
ਭਰਮਾਂ ਨੂੰ ਵੀ ਮੰਨਦੇ ਸਨ। ਧਲੇਵਾਂ ਪਿੰਡ ਦੇ ਵਸਣ ਤੋਂ ਕਾਫ਼ੀ ਸਮੇਂ ਮਗਰੋਂ ਕੁਝ ਦਲਿਉ
ਜੱਟਾਂ ਦੀ ਆਰਥਿਕ ਹਾਲਤ ਵਿਗੜ ਗਈ ਤਾਂ ਉਹ ਆਪਣੇ ਮੋਢੀ ਪੁਰਾਣੇ ਪਿੰਡ ਉਚਾ ਥੇਹ ਜਿਲ੍ਹਾ
ਲੁਧਿਆਣੇ ਤੋਂ ਪੁਰਾਣੀਆਂ ਇੱਟਾਂ ਦੀ ਬੋਰੀ ਭਰਕੇ ਆਪਣੇ ਪਿੰਡ ਲਿਆਏ ਅਤੇ ਆਪਣੇ ਘਰੀਂ
ਲਾਈਆਂ। ਇਸ ਤਰ੍ਹਾਂ ਉਨ੍ਹਾਂ ਦੀ ਹਾਲਤ ਫੇਰ ਚੰਗੇਰੀ ਹੋ ਗਈ ਸੀ।
ਬੀਰੋਕੇ ਪਿੰਡ ਵਿੱਚ ਵੀ ਕੁਝ ਦਲਿਉ ਜੱਟ ਆਪਣੇ ਪੁਰਾਣੇ ਪਿੰਡ ਉਚਾ ਪਿੰਡ ਥੇਹ ਤੋਂ
ਕੁਝ ਇੱਟਾਂ ਆਪਣੇ ਘਰ ਲੈ ਕੇ ਆਏ ਸਨ। ਇਸ ਤਰ੍ਹਾਂ ਉਨ੍ਹਾਂ ਦੀ ਆਰਥਿਕ ਹਾਲਤ ਵੀ ਫੇਰ
ਚੰਗੇਰੀ ਹੋ ਗਈ ਸੀ। ਧਲੇਵਾਂ ਪਿੰਡ ਦੇ ਪਾਸ ਇੱਕ ਬਹੁਤ ਪੁਰਾਣਾ ਤੇ ਉਚਾ ਥੇਹ ਹੈ। ਇਹ
ਕਾਲੀਆਂ ਬੰਗਾਂ ਤੇ ਸੰਘੋਲ ਦੇ ਥੇਹ ਨਾਲ ਸੰਬੰਧਿਤ ਲੱਗਦਾ ਹੈ। ਇਹ ਹੜੱਪਾ ਕਾਲ ਦੇ ਸਮੇਂ
ਦਾ ਬਹੁਤ ਹੀ ਪ੍ਰਾਚੀਨ ਤੇ ਇਤਿਹਾਸਕ ਥੇਹ ਹੈ। ਇਸ ਬਾਰੇ ਖੋਜ ਹੋ ਰਹੀ ਹੈ। ਕੰਨਿਘਮ ਨੇ
ਆਪਣੀ ਪੁਸਤਕ ‘ਸਿੱਖ ਇਤਿਹਾਸ’ ਸਫ਼ਾ 99 ਉਤੇ ਲਿਖਿਆ ਹੈ ਕਿ ਕੁਝ ਸਿੱਖ ਦਰਿਆ
ਰਾਵੀ ਉਤੇ ਦੁਲ੍ਹੇਵਾਲ ਵਿੱਚ ਇੱਕ ਕਿਲ੍ਹਾ ਕਾਇਮ ਕਰਨ ਵਿੱਚ ਸਫ਼ਲ ਹੋ ਗਏ। ਇਸ ਸਮੇਂ
ਮੁਗਲ ਕਾਲ ਸੀ। ਲੁਧਿਆਣੇ ਜਿਲ੍ਹੇ ਵਿੱਚ ਵੀ ਇੱਕ ਪੰਜ ਸੌ ਸਾਲ ਪੁਰਾਣਾ ਦੁਲੇਹ
ਪਿੰਡ ਹੈ। ਇਸ ਪਿੰਡ ਵਿੱਚ ਇੱਕ ਪੱਤੀ ਦੁਲੇਹ ਜੱਟਾਂ ਦੀ ਹੈ ਬਾਕੀ ਦੋ ਪੱਤੀਆਂ ਗਰੇਵਾਲਾਂ
ਤੇ ਧਾਲੀਵਾਲਾਂ ਦੀਆਂ ਹਨ। ਇਸ ਪਿੰਡ ਵਿੱਚ 1704 ਈਸਵੀਂ ਵਿੱਚ ਗੁਰੂ ਗੋਬਿੰਦ ਸਿੰਘ ਜੀ
ਆਏ ਸਨ। ਉਨ੍ਹਾਂ ਨੇ ਫਲਾਹੀ ਦੇ ਦਰੱਖਤ ਨਾਲ ਆਪਣਾ ਘੋੜਾ ਬੰਨ੍ਹਿਆ ਸੀ ਤੇ ਆਰਾਮ ਕੀਤਾ
ਸੀ। ਇਸ ਦਸਵੇਂ ਗੁਰੂ ਦੀ ਯਾਦ ਵਿੱਚ ਗੁਰਦੁਆਰਾ ਫਲਾਹੀ ਸਾਹਿਬ ਬਹੁਤ ਹੀ ਸ਼ਾਨਦਾਰ ਬਣਾਇਆ
ਗਿਆ ਹੈ। ਇਸ ਪਿੰਡ ਦੇ ਦੁਲੇਵਾਂ ਨੇ ਬਹੁਤ ਉਨਤੀ ਕੀਤੀ ਹੈ। ਲੁਧਿਆਣੇ ਤੋਂ ਕੁਝ ਦੁਲੇਅ
ਦੁਆਬੇ ਦੇ ਜਲੰਧਰ ਖੇਤਰ ਵਿੱਚ ਚਲੇ ਗਏ। ਫਿਲੌਰ ਦੇ ਇਲਾਕੇ ਵਿੱਚ ਪ੍ਰਤਾਬਪੁਰਾ ਦੁਲੇਅ
ਜੱਟਾਂ ਦਾ ਇੱਕ ਉਘਾ ਪਿੰਡ ਹੈ। ਪੰਜਾਬੀ ਸਾਹਿਤਕਾਰ ਡਾਕਟਰ ਰਣਧੀਰ ਸਿੰਘ ਚੰਦ ਵੀ
ਪ੍ਰਤਾਬਪੁਰੇ ਦਾ ਦੁਲੇਹ ਜੱਟ ਸੀ। ਜਗਰਾਉਂ ਪਾਸ ਸੁਵਦੀ ਖੁਰਦ ਪਿੰਡ ਦੇ ਦੁਲੇਹ ਵੀ ਆਪਣਾ
ਪਿਛੋਕੜ ਪ੍ਰਤਾਬਪੁਰਾ ਪਿੰਡ ਹੀ ਦੱਸਦੇ ਹਨ।
ਜਲੰਧਰ ਜਿਲ੍ਹੇ ਦੇ ਵਿੱਚ ਦੁਲੇਹ ਗੋਤ ਦੇ ਕਾਫ਼ੀ ਜੱਟ ਮਹਿਸਮਪੁਰ, ਸੰਗਤਪੁਰ, ਕੰਧੋਲਾ
ਖੁਰਦ, ਲੋਹੀਆ ਬੂੱਟਾਂ ਆਦਿ ਪਿੰਡਾਂ ਵਿੱਚ ਵਸਦੇ ਹਨ। ਲੁਧਿਆਣੇ ਤੇ ਦੁਆਬੇ ਦੇ ਦਲੇਉ ਗੋਤ
ਦੇ ਲੋਕ ਆਪਣਾ ਗੋਤ ਦੁਲੇਅ ਲਿਖਦੇ ਹਨ। ਇਸ ਇਲਾਕੇ ਵਿਚੋਂ ਦੁਲੇਅ ਗੋਤ ਦੇ ਲੋਕ ਕਾਫ਼ੀ
ਗਿਣਤੀ ਵਿੱਚ ਅਮਰੀਕਾ, ਕੈਨੇਡਾ ਤੇ ਬਰਤਾਨੀਆ ਵਿੱਚ ਜਾਕੇ ਪੱਕੇ ਤੌਰ ਤੇ ਆਬਾਦ ਹੋ ਗਏ
ਹਨ। ਕੈਨੇਡਾ ਵਿੱਚ ਦੁਲੀ ਗੋਤ ਦੇ ਕੁਝ ਗੋਰੇ ਰਹਿੰਦੇ ਹਨ। ਇਨ੍ਹਾਂ ਦੇ ਵਡੇਰੇ ਸ਼ਾਇਦ
ਪੰਜਾਬ ਵਿਚੋਂ ਹੀ ਗਏ ਹੋਣ। ਕਈ ਗੋਰੇ ਲੋਕਾਂ ਦੇ ਗੋਤ ਪੰਜਾਬੀ ਜੱਟਾਂ ਨਾਲ ਰਲਦੇ ਮਿਲਦੇ
ਹਨ। ਜਿਵੇਂ ਮਾਨ, ਢਿੱਲੋਂ ਤੇ ਗਿੱਲ ਆਦਿ।
1634 ਈਸਵੀਂ ‘ਚ ਬਾਦਸ਼ਾਹ ਸ਼ਾਹ ਜਹਾਨ ਨਾਲ ਅੰਮ੍ਰਿਤਸਰ ਦੀ ਲੜਾਈ ਲੜਣ ਮਗਰੋਂ ਛੇਵੇਂ
ਗੁਰੂ ਹਰਗੋਬਿੰਦ ਸਾਹਿਬ ਮਾਲਵੇ ਵੱਲ ਆ ਗਏ। ਕੁਝ ਮਹੀਨੇ ਲੁਧਿਆਣੇ ਦੇ ਇਲਾਕੇ ਵਿੱਚ
ਠਹਿਰੇ ਫਿਰ ਬਠਿੰਡੇ ਵੱਲ ਨੂੰ ਚੱਲ ਪਏ। ਲੁਧਿਆਣੇ ਖੇਤਰ ਦੇ ਦਲਿਉ ਗੁਰੂ ਸਾਹਿਬ ਦੇ ਪੱਕੇ
ਸ਼ਰਧਾਲੂ ਸਨ। ਇਸ ਸਮੇਂ ਕੁਝ 1633 ਈਸਵੀਂ ਦੇ ਲਗਭਗ ਮੁਗਲਾਂ ਨਾਲ ਮਰਾਜ ਦੀ ਲੜਾਈ ਵਿੱਚ
ਬਰਾੜਾਂ ਦੇ ਨਾਲ ਦਲੇਹ, ਮਹਿਲ, ਧਾਲੀਵਾਲ ਤੇ ਸਰਾਂ ਆਦਿ ਜੱਟਾ ਨੇ ਵੀ ਸ੍ਰੀ ਗੁਰੂ
ਹਰਗੋਬਿੰਦ ਸਾਹਿਬ ਦਾ ਸਾਥ ਦਿੱਤਾ ਸੀ। ਗੁਰੂ ਸਾਹਿਬ ਦੇ ਦੁਸ਼ਮਣਾਂ ਨੂੰ ਭਾਰੀ ਹਾਰ ਹੋਈ
ਸੀ। ਛੇਵੇਂ ਗੁਰੂ ਸਮੇਤ ਪਰਿਵਾਰ ਮਾਲਵੇ ਦੇ ਇਸ ਇਲਾਕੇ ਵਿੱਚ ਕਾਫ਼ੀ ਸਮਾਂ ਰਹੇ ਸਨ।
ਪੰਜਾਬੀ ਕਵੀ ਬਾਬੂ ਰੱਜ਼ਬ ਅਲੀ ਨੇ ਵੀ ਇਸ ਲੜਾਈ ‘ਜੰਗ ਮਰਾਜ’ ਬਾਰੇ ਇੱਕ ਕਵਿਤਾ
ਲਿਖੀ ਹੈ। ਉਸ ਵਿੱਚ ਲਿਖਿਆ ਹੈ :
‘‘ਕਰ ਆ ਪ੍ਰਨਾਮ ਦਲੇਵਾਂ ਖ਼ੁਸ਼ ਹੋ ਗਿਆ ਸਤਿਗੁਰ ਛੇਵਾਂ,
ਰਲੇ ਮੈਹਲ ਸਰਾਂ, ਜਰਵਾਣੇ, ਤੁਰੇ ਔਂਦੇ ਬੰਨ੍ਹ ਬੰਨ੍ਹੇ ਢਾਣੇ,
ਖਿੱਚ ਤੇਗਾਂ ਬਰਛੇ ਚਾਹੜੀ ਗਏ।’’
ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਮਾਲਵੇ ਦੇ ਕਾਫ਼ੀ ਜੱਟ ਸਿੱਖ ਬਣ ਗਏ ਸਨ।
ਦਲੇਹ ਵੀ ਇਸ ਸਮੇਂ ਹੀ ਸਿੱਖ ਬਣੇ ਸਨ। ਲੁਧਿਆਣੇ ਤੋਂ ਕੁਝ ਦਲੇਹ ਮਾਝੇ ਦੇ ਗੁਰਦਾਸਪੁਰ
ਇਲਾਕੇ ਵਿੱਚ ਵੀ ਗਏ। ਆਪਣੇ ਗੋਤ ਦੇ ਨਾਮ ਤੇ ਚੱਕ ਦੁਲੇਹ ਪਿੰਡ ਵਸਾਇਆ ਸੀ। ਪਾਕਿਸਤਾਨ
ਦੇ ਰਾਵਲਪਿੰਡੀ ਇਲਾਕੇ ਵਿੱਚ ਵੀ ਇੱਕ ਪਿੰਡ ਦਾ ਨਾਮ ਦੁਲ੍ਹੇ ਹੈ। ਇਸ ਇਲਾਕੇ ਦੇ ਕੁਝ
ਦੁਲ੍ਹੇ ਮੁਸਲਮਾਨ ਬਣ ਗਏ ਸਨ। ਇਸ ਇਲਾਕੇ ਵਿੱਚ ਬਹੁਤੇ ਜੱਟ ਮੁਸਲਮਾਨ ਹੀ ਸਨ ਕੇਵਲ
ਖੱਤਰੀ ਹੀ ਹਿੰਦੂ ਜਾਂ ਸਿੱਖ ਸਨ।
1225 ਈਸਵੀਂ ਦੇ ਮਗਰੋਂ ਜੱਗਦੇਉ ਬੰਸੀ ਰਾਜਪੂਤ ਖ਼ਾਨਦਾਨ ਗੁਲਾਮਾਂ ਦੇ ਸਮੇਂ
ਮੁਸਲਮਾਨਾਂ ਹਾਕਮਾਂ ਤੋਂ ਹਾਰ ਗਏ। ਅੱਲਤਮਸ਼ ਬਹੁਤ ਕੱਟੜ ਮੁਸਲਮਾਨ ਬਾਦਸ਼ਾਹ ਸੀ। ਇਸ
ਸਮੇਂ ਕੁਝ ਰਾਜਪੂਤ ਤੇ ਜੱਟ ਮੁਸਲਮਾਨ ਬਣ ਗਏ ਸਨ। ਇਸ ਕਾਰਨ ਜੱਗਦੇਉ ਬੰਸੀ ਦਲਿਉ, ਦਿਉਲ,
ਔਲਖ, ਮੰਡੇਰ, ਭੁੱਟੇ, ਬੁੱਟਰ, ਕਾਹਲੋਂ ਤੇ ਸੇਖੋਂ ਆਦਿ ਇੱਕੀ ਗੋਤੀ ਕਬੀਲੇ ਭੇਸ ਬਦਲਕੇ
ਆਪਣੇ ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਪ੍ਰਚਲਿਤ ਕਰਕੇ ਭੂਮੀਏ ਜੱਟ ਬਣਕੇ ਭਾਈਚਾਰੇ ਵਿੱਚ
ਰਲਮਿਲ ਗਏ ਸਨ।
ਅਸਲ ਵਿੱਚ ਦਲੇਉ ਗੋਤ ਪ੍ਰਮਾਰ ਗੋਤ ਦਾ ਇੱਕ ਉਪਗੋਤ ਹੈ। ਵੱਡੇ ਗੋਤਾਂ ਦੇ ਮੁਕਾਬਲੇ
ਉਪਗੋਤ ਦੀ ਗਿਣਤੀ ਘੱਟ ਹੀ ਹੁੰਦੀ ਹੈ। ਘੱਟ ਗਿਣਤੀ ਵਿੱਚ ਹੋਣ ਕਾਰਨ ਹੀ ਦਲਿਉ ਗੋਤ ਦੀ
ਪੰਜਾਬ ਵਿੱਚ ਬਹੁਤੀ ਪਹਿਚਾਣ ਨਹੀਂ ਬਣ ਸਕੀ। ਪਰਮਾਰ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ।
ਇਹ ਬਹੁਤ ਪੁਰਾਣਾ ਕਬੀਲਾ ਹੈ। ਅਜਨਾਲੇ ਤੇ ਪੱਛੜੀਆਂ ਜਾਤੀਆਂ ਵਿੱਚ ਵੀ ਹਨ ਪਰ ਦਲਿਤ
ਜਾਤੀ ਵਿੱਚ ਦਲੇਉ ਗੋਤ ਦਾ ਕੋਈ ਆਦਮੀ ਨਹੀਂ ਹੈ। ਦਲਿਉ ਜੱਟ ਹੀ ਹਨ। ਦਲਿਉ ਗੋਤ ਦੇ
ਪ੍ਰੋਹਤ ਸਰਸਵਤ ਪੰਡਿਤ ਹਨ। ਇਹ ਕਸ਼ਤਰੀਆਂ ਦੇ ਵੀ ਪ੍ਰੋਹਤ ਹੁੰਦੇ ਹਨ। ਪੰਜਾਬ ਵਿੱਚ
ਦਲੇਉ ਗੋਤ ਦੇ ਜੱਟਾ ਦੀ ਗਿਣਤੀ ਬਹੁਤ ਹੀ ਘੱਟ ਹੈ। ਇਹ ਰਾਜਨੀਤੀ ਅਤੇ ਵਿਦਿਆ ਵਿੱਚ ਅਜੇ
ਵੀ ਬਹੁਤ ਪਿੱਛੇ ਹਨ। ਵਿਦੇਸ਼ਾਂ ਵਿੱਚ ਗਏ ਦੁਲੇਵਾਂ ਨੇ ਬਹੁਤ ਉਨਤੀ ਕੀਤੀ ਹੈ। ਪ੍ਰੋ:
ਨਰਿੰਦਰ ਕੌਰ ਦੁਲ੍ਹੇ ਉਘੀ ਲੇਖਕਾ ਹੈ।
|