ਚੱਠਾ: ਇਸ ਬੰਸ ਦੇ ਲੋਕ ਜੱਟ ਅਤੇ ਪਠਾਨ ਹੁੰਦੇ ਹਨ। ਇਹ ਆਪਣਾ ਸੰਬੰਧ
ਚੌਹਾਨਾਂ ਨਾਲ ਜੋੜਦੇ ਹਨ। ਇਸ ਗੋਤ ਦਾ ਮੋਢੀ ਚੱਠਾ ਸੀ ਜੋ ਪ੍ਰਿਥਵੀ ਰਾਜ ਚੌਹਾਨ ਦਾ
ਪੋਤਾ ਅਤੇ ਚੀਮੇ ਦਾ ਸੱਕਾ ਭਰਾ ਸੀ।
ਚੱਠੇ ਦੀ ਦਸਵੀਂ ਪੀੜ੍ਹੀ ਵਿੱਚ ਧਾਰੋ ਪ੍ਰਸਿੱਧ ਹੋਇਆ। ਉਹ ਆਪਣੇ ਭਾਈਚਾਰੇ ਸਮੇਤ
ਮੁਰਾਦਾਬਾਦ ਦੇ ਸੰਭਲ ਖੇਤਰ ਤੋਂ ਉਠਕੇ ਚਨਾਬ ਦਰਿਆ ਦੇ ਕੰਢੇ ਤੇ ਆ ਗਿਆ। ਗੁਜਰਾਂਵਾਲੇ
ਦੇ ਜੱਟ ਕਬੀਲੇ ਨਾਲ ਸ਼ਾਦੀ ਕਰਕੇ ਜੱਟ ਭਾਈਚਾਰੇ ਵਿੱਚ ਰਲ ਗਿਆ। ਕਈ ਚੱਠੇ ਦਸਦੇ ਹਨ ਕਿ
ਧਾਰੋ ਨੇ ਦੋ ਵਿਆਹ ਕੀਤੇ ਸਨ। ਧਾਰੋ ਦੇ ਗਿਆਰਾਂ ਪੁੱਤਰ ਹੋਏ। ਦੋ ਪੁੱਤਰ ਪੋਠੋਹਾਰ ਵਿੱਚ
ਜਾ ਕੇ ਵਸੇ ਅਤੇ ਬਾਕੀ ਦੋ ਪੁੱਤਰਾਂ ਨੇ ਨੌਡਾਲਾ ਆਬਾਦ ਕੀਤਾ। ਇਨ੍ਹਾਂ ਦੀ ਔਲਾਦ
ਗੁਜਰਾਂਵਾਲੇ ਦੇ ਇਲਾਕੇ ਵਿੱਚ ਚੱਠੇ ਜੱਟਾਂ ਦੇ 82 ਪਿੰਡਾਂ ਵਿੱਚ ਵਸਦੀ ਹੈ। ਇਹ ਪਹਿਲਾਂ
ਮਾਲਵੇ ਵਿੱਚ ਆਏ। ਕੁਝ ਚੱਠਿਆਂ ਨੇ 1609 ਈਸਵੀ ਦੇ ਲਗਭਗ ਇਸਲਾਮ ਧਾਰਨ ਕਰ ਲਿਆ ਅਤੇ
ਮੁਸਲਮਾਨ ਭਾਈਚਾਰੇ ਵਿੱਚ ਰਲ ਮਿਲ ਗਏ। ਸਿੱਖ ਚੱਠੇ ਵੀ ਕਾਫ਼ੀ ਹਨ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਚੱਠੇ ਸਿੱਖਾਂ ਨੇ
ਕਾਫ਼ੀ ਉੱਨਤੀ ਕੀਤੀ ਸੀ। ਪਰ ਲੈਪਿਲ ਗਰੀਫਨ ਨੇ ਆਪਣੀ ਕਿਤਾਬ ‘ਪੰਜਾਬ ਚੀਫਸ’
ਵਿੱਚ ਪ੍ਰਸਿੱਧ ਚੱਠਾ ਪਰਿਵਾਰ ਦੀ ਵਿਥਿਆ ਦਿੱਤੀ ਹੈ। ਚੱਠੇ ਵੀ ਪ੍ਰਾਚੀਨ ਜੱਟ ਹਨ। ਇੱਕ
ਮਲਵਈ ਰਵਾਇਤ ਅਨੁਸਾਰ ਮਾਲਵੇ ਦੇ ਲਖੀ ਜੰਗਲ ਇਲਾਕੇ ਤੋਂ ਉਠ ਕੇ ਇੱਕ ਚੱਠਾ ਚੌਧਰੀ ਧਾਰੋ
ਆਪਣੇ ਭਰਾਵਾਂ ਨੂੰ ਨਾਲ ਲੈ ਕੇ ਗੁਜਰਾਂਵਾਲਾ ਦੇ ਖੇਤਰ ਵਿੱਚ ਪਹੁੰਚਿਆ। ਉਸ ਦੀ ਬੰਸ ਦੇ
ਲੋਕ ਉਥੇ ਹੀ ਆਬਾਦ ਹੋ ਗਏ। ਉਸ ਦੀ ਬੰਸ ਉਸ ਇਲਾਕੇ ਵਿੱਚ ਕਾਫ਼ੀ ਵਧੀ ਫੁਲੀ। ਪੰਜਾਬ
ਵਿੱਚ ਚੱਠੇ ਨਾਮ ਦੇ ਕਈ ਪਿੰਡ ਹਨ। ਬਠਿੰਡਾ-ਮਾਨਸਾ ਵਿੱਚ ਵੀ ਕੁਝ ਚੱਠੇ ਗੋਤ ਦੇ ਜੱਟ
ਰਹਿੰਦੇ ਹਨ। ਜਿਲ੍ਹਾ ਸੰਗਰੂਰ ਵਿੱਚ ਵੀ ਚੱਠਾ, ਚੱਠਾ ਨਨਹੇੜਾ ਆਦਿ ਕਈ ਪਿੰਡ ਚੱਠੇ
ਜੱਟਾਂ ਦੇ ਹਨ। ਕਪੂਰਥਲਾ ਖੇਤਰ ਵਿੱਚ ਪਿੰਡ ਸੰਧੂ ਚੱਠਾ ਵੀ ਚੱਠਿਆਂ ਦਾ ਉਘਾ ਪਿੰਡ ਹੈ।
ਮਾਝੇ ਵਿੱਚ ਚੱਠੇ ਬਹੁਤ ਹੀ ਘੱਟ ਹਨ। ਚੱਠੇ ਹਿੰਦੂ ਮੇਰਠ ਖੇਤਰ ਵਿੱਚ ਵਸਦੇ ਹਨ। 1947
ਦੀ ਵੰਡ ਮਗਰੋਂ ਚੱਠੇ ਪਾਕਿਸਤਾਨ ਤੋਂ ਆ ਕੇ ਹਰਿਆਣੇ ਦੇ ਅੰਬਾਲਾ, ਕਰਨਾਲ ਤੇ
ਕੁਰੂਕਸ਼ੇਤਰ ਆਦਿ ਇਲਾਕਿਆਂ ਵਿੱਚ ਆਬਾਦ ਹੋ ਗਏ ਹਨ। ਕੁਝ ਜੰਮੂ ਵਿੱਚ ਵੀ ਹਨ। ਚੀਮੇ ਤੇ
ਚੱਠੇ ਮੁਸਲਮਾਨ ਬਹੁਤ ਹਨ, ਸਿੱਖ ਘੱਟ ਹਨ।
|