ਬੁੱਟਰ : ਇਹ ਜੱਗਦੇਉਬੰਸੀ ਪੱਵਾਰ ਰਾਜਪੂਤਾਂ ਵਿਚੋਂ ਹਨ। ਇਹ ਪੱਵਾਰਾਂ ਦਾ ਹੀ
ਇੱਕ ਉਪਗੋਤ ਹੈ। ਇਹ ਬਹੁਤੇ ਸਤਲੁਜ ਦੇ ਉਪਰਲੇ ਖੇਤਰਾਂ ਵਿੱਚ ਹੀ ਹਨ। ਇਹ ਲੱਖੀ ਜੰਗਲ
ਤੋਂ ਉਠ ਕੇ ਦੂਰ ਦੁਜਰਾਂਵਾਲਾ ਤੇ ਮਿੰਟਗੁੰਮਰੀ ਤੱਕ ਚਲੇ ਗਏ ਸਨ। ਸਾਂਦਲਬਾਰ ਵਿੱਚ ਵੀ
ਬੁੱਟਰ ਭਾਈਚਾਰੇ ਦਾ ਇੱਕ ਪ੍ਰਸਿੱਧ ਪਿੰਡ ਬੁੱਟਰ ਹੈ।
ਅਸਲ ਵਿੱਚ ਬੁੱਟਰ ਦਾ ਮੁੱਢ ਲੱਖੀ ਜੰਗਲ ਦਾ ਖੇਤਰ ਹੀ ਹੈ। ਘੱਗਰ ਅਤੇ ਸਤਲੁਜ ਦੇ
ਵਿਚਕਾਰਲੇ ਖੇਤਰ ਨੂੰ ਲੱਖੀ ਜੰਗਲ ਕਹਿੰਦੇ ਸਨ। ਲਖੀ ਜੰਗਲ ਫਿਰੋਜ਼ਪੁਰ ਦੇ ਦਰਿਆ ਸਤਲੁਜ
ਦੇ ਕਿਨਾਰੇ ਤੋਂ ਬਠਿੰਡੇ ਦੇ ਰੋਹੀ ਬੀਆਬਾਨ ਤੱਕ 80 ਕਿਲੋਮੀਟਰ ਲੰਬੇ ਤੇ 25 ਕਿਲੋਮੀਟਰ
ਚੌੜੇ ਖੇਤਰ ਵਿੱਚ ਫੈਲਿਆ ਹੋਇਆ ਸੀ। ਉਸ ਸਮੇਂ ਇਸ ਜੰਗਲ ਵਿੱਚ ਇੱਕ ਲੱਖ ਦੇ ਲਗਭਗ ਰੁੱਖ
ਸਨ। ਇਸ ਲਈ ਇਸ ਜੰਗਲ ਨੂੰ ਲਖੀ ਜੰਗਲ ਕਹਿੰਦੇ ਸਨ। ਇਸ ਵਿੱਚ ਮੁਕਤਸਰ, ਬਠਿੰਡਾ, ਮੋਗਾ,
ਫਰੀਦਕੋਟ ਆਦਿ ਦੇ ਖੇਤਰ ਸ਼ਾਮਿਲ ਸਨ।
ਮੁਕਤਸਰ ਜਿਲ੍ਹੇ ਵਿੱਚ ਬੁੱਟਰਾਂ ਦੇ ਕਈ ਪਿੰਡ ਹਨ ਜਿਨ੍ਹਾਂ ਵਿੱਚ ਪ੍ਰਸਿੱਧ ਪਿੰਡ
ਬੁੱਟਰ ਵਖੂਆ, ਬੁੱਟਰ ਸਰੀਂਹ, ਆਸਾ ਬੁੱਟਰ ਤੇ ਚੌਂਤਰਾ ਆਦਿ ਹਨ। ਬੁੱਟਰ ਵਖੂਆ ਦੇ ਲੋਕ
ਬਾਬਾ ਸਿੱਧ ਦੀ ਮਾਨਤਾ ਕਰਦੇ ਹਨ। ਬਠਿੰਡੇ ਵਿੱਚ ਗਹਿਰੀ ਬੁੱਟਰ ਵੀ ਇਸ ਭਾਈਚਾਰੇ ਦਾ
ਪਿੰਡ ਹੈ। ਫਰੀਦਕੋਟ ਦੇ ਖੇਤਰ ਵਿੱਚ ਇੱਕ ਬੁੱਟਰ ਪਿੰਡ ਹੈ। ਬੁੱਟਰ ਸ਼ਾਹੀ ਵੀ ਬੁੱਟਰਾਂ
ਦਾ ਹੀ ਪਿੰਡ ਹੈ। ਮੋਗੇ ਖੇਤਰ ਵਿੱਚ ਬੁੱਟਰ ਕਲਾਂ ਤੇ ਬੁੱਟਰਾਂ ਦੀ ਕੋਕਰੀ ਬਹੁਤ
ਪ੍ਰਸਿੱਧ ਪਿੰਡ ਹਨ। ਲੁਧਿਆਣੇ ਖੇਤਰ ਵਿੱਚ ਰਾਏਕੋਟ ਦੇ ਨਜ਼ਦੀਕ ਨਥੋਵਾਲ ਬੁੱਟਰਾਂ ਦਾ
ਪੁਰਾਣਾ ਪਿੰਡ ਹੈ। ਮਾਝੇ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਹਨ। ਇੱਕ ਬੁੱਟਰ ਕਲਾਂ
ਪਿੰਡ ਅੰਮ੍ਰਿਤਸਰ ਖੇਤਰ ਵਿੱਚ ਵੀ ਹੈ। ਬੁੱਟਰ ਸਿਵੀਆਂ ਤੇ ਵਾਂ ਆਦਿ ਵੀ ਬੁੱਟਰ
ਭਾਈਚਾਰੇ ਦੇ ਉਘੇ ਪਿੰਡ ਹਨ। ਬਟਾਲਾ ਤਹਿਸੀਲ ਵਿੱਚ ਸੇਖਵਾਂ ਪਿੰਡ ਦੇ ਪਾਸ ਇੱਕ ਪਿੰਡ
ਨੰਗਰ ਬੁੱਟਰ ਵੀ ਹੈ। ਮਾਝੇ ਵਿੱਚ ਬੁੱਟਰ ਗੋਤ ਦੇ ਲੋਕ ਕਾਫ਼ੀ ਹਨ। ਦੁਆਬੇ ਵਿੱਚ
ਬੁੱਟਰਾਂ ਦੀ ਗਿਣਤੀ ਘੱਟ ਹੈ। ਪਟਿਆਲੇ ਖੇਤਰ ਵਿੱਚ ਬੁੱਟਰ ਮਾਝੇ ਦੇ ਪਿੰਡਵਾਂ ਤੋਂ ਆਕੇ
ਮਾਝਾ, ਮਾਝੀ ਤੇ ਥੂਹੀ ਆਦਿ ਪਿੰਡਾਂ ਵਿੱਚ ਆਬਾਦ ਹੋਏ ਹਨ। ਨਾਭੇ ਦੇ ਖੇਤਰ ਵਿੱਚ ਵੀ ਕੁਝ
ਬੁੱਟਰ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿੱਚ ਵਸਦੇ ਹਨ। ਜਲੰਧਰ ਜਿਲ੍ਹੇ ਵਿੱਚ ਬੁੱਟਰ ਗੋਤ
ਦਾ ਬੁੱਟਰਾਂ ਪਿੰਡ ਬਹੁਤ ਪ੍ਰਸਿੱਧ ਹੈ।
ਗੁਰਦਾਸਪੁਰ ਖੇਤਰ ਵਿੱਚ ਕਾਦੀਆਂ ਦੇ ਨਜ਼ਦੀਕ ਵੀ ਬੁੱਟਰ ਕਲਾਂ ਪਿੰਡ ਬੁੱਟਰ ਗੋਤ ਦੇ
ਜੱਟਾਂ ਦਾ ਹੈ। ਬੁੱਟਰ, ਦੁਲੇਹ, ਦਿਉਲ, ਸੇਖੋਂ ਆਦਿ ਜੱਟ ਪੰਵਾਰਾਂ ਦੀ ਭੁੱਟੇ ਸ਼ਾਖਾ
ਵਿਚੋਂ ਹਨ। ਇੱਕ ਲੋਕ ਕਥਾ ਹੈ ਕਿ ਜਦੋਂ ਪੱਵਾਰਾਂ ਦੇ ਕਿਲ੍ਹੇ ਜਰਗ ਤੇ ਦੁਸ਼ਮਣਾਂ ਨੇ
ਕਬਜ਼ਾ ਕਰ ਲਿਆ ਤਾਂ ਉਨ੍ਹਾਂ ਨੇ ਪੱਵਾਰਾਂ ਨੂੰ ਚੁਣ-ਚੁਣ
ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁਝ ਪੱਵਾਰ ਦੁਸ਼ਮਣ ਨੂੰ ਭੁਲੇਖਾ ਦੇਣ ਲਈ ਆਪਣੇ
ਵਡੇਰਿਆਂ ਦੇ ਨਾਮ ਤੇ ਨਵੇਂ ਗੋਤ ਦਲਿਉ, ਦਿਉਲ, ਸੇਖੋਂ, ਬਲਿੰਗ ਆਦਿ ਦੱਸਕੇ ਕਿਲ੍ਹੇ ਤੋਂ
ਬਾਹਰ ਨਿਕਲ ਆਏ। ਇਸ ਲੜਾਈ ਵਿੱਚ ਸਭ ਤੋਂ ਵੱਧ ਨੁਕਸਾਨ ਭੁੱਟੇ ਗੋਤ ਵਾਲੇ ਲੋਕਾਂ ਦਾ
ਹੋਇਆ। ਇਸ ਸਮੇਂ ਤੋਟਾ ਹੋਣ ਕਾਰਨ ਬੁੱਟਰ ਆਪਣੇ ਨਾਨਕੇ ਰਹਿ ਰਿਹਾ ਸੀ। ਇਸ ਘਟਨਾ ਤੋਂ
ਮਗਰੋਂ ਬੁੱਟਰ ਦੀ ਬੰਸ ਦੇ ਲੋਕਾਂ ਨੇ ਵੀ ਆਪਣਾ ਨਵਾਂ ਗੋਤ ਬੁੱਟਰ ਹੀ ਪ੍ਰਚਲਿਤ ਕਰ ਲਿਆ।
ਬੁੱਟਰ ਵਖੂਆ ਪਿੰਡ ਦੇ ਬੁੱਟਰ ਜੱਟ ਹੁਣ ਵੀ ਦਲੇਵਾਂ ਨੂੰ ਆਪਣਾ ਭਾਈਚਾਰਾ ਸਮਝਦੇ ਹਨ ਇਸ
ਲਈ ਅਜੇ ਵੀ ਦਲੇਵਾਂ ਨਾਲ ਵਿਆਹ ਸ਼ਾਦੀ ਨਹੀਂ ਕਰਦੇ। ਪ੍ਰਸਿੱਧ ਇਤਿਹਾਸਕਾਰ ਸ਼ਮਸ਼ੇਰ
ਸਿੰਘ ਅਸ਼ੋਕ ਬੁੱਟਰਾਂ ਨੂੰ ਸੂਰਜਬੰਸੀ ਰਾਜਪੂਤ ਮੰਨਦਾ ਹੈ।
ਕੁਝ ਬੁੱਟਰ ਜੱਟ ਹਿੱਸਾਰ, ਸਿਰਸਾ ਤੇ ਅੰਬਾਲਾ ਦੇ ਰੋਪੜ ਤੇ ਖਰੜ ਖੇਤਰਾਂ ਵਿੱਚ ਵੀ
ਵਸਦੇ ਹਨ। ਸਿਆਲਕੋਟ ਤੇ ਲਾਹੌਰ ਆਦਿ ਖੇਤਰਾਂ ਵਿੱਚ ਵੀ ਬੁੱਟਰਾਂ ਦੇ ਕਈ ਪਿੰਡ ਸਨ।
ਪੱਛਮੀ ਪੰਜਾਬ ਵਿੱਚ ਕੁਝ ਬੁੱਟਰ ਮੁਸਲਮਾਨ ਬਣ ਗਏ ਸਨ। ਪੂਰਬੀ ਪੰਜਾਬ ਵਿੱਚ ਸਾਰੇ ਬੁੱਟਰ
ਸਿੱਖ ਹਨ।
1881 ਈਸਵੀਂ ਵਿੱਚ ਸਾਂਝੇ ਪੰਜਾਬ ਵਿੱਚ ਬੁੱਟਰਾਂ ਦੀ ਗਿਣਤੀ ਕੇਵਲ 10833 ਹੀ ਸੀ।
ਮਹਾਨ ਸ਼ਹੀਦ ਭਾਈ ਤਾਰਾ ਸਿੰਘ ਵਾਂ ਮਾਝੇ ਦਾ ਬੁੱਟਰ ਜੱਟ ਸੀ। ਬੁੱਟਰ ਜੱਟਾਂ ਦਾ
ਬਹੁਤ ਹੀ ਛੋਟਾ ਪਰ ਉਘਾ ਗੋਤ ਹੈ। ਬੁੱਟਰਾਂ ਦਾ ਮੁੱਢ ਵੀ ਲੁਧਿਆਣੇ ਦਾ ਨਥੋਵਾਲ ਖੇਤਰ
ਹੈ। ਇਸ ਗੋਤ ਦੇ ਲੋਕ ਬੇਸ਼ੱਕ ਘੱਟ ਗਿਣਤੀ ਵਿੱਚ ਹਨ ਪਰ ਇਹ ਟਾਵੇਂ-ਟਾਵੇਂ
ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ।
|