ਬੋਲੇ ਖੋਖਰ : ਖੋਖਰਾਂ ਦਾ ਉਪਗੋਤ ਹੈ। ਖੋਖਰ ਜੱਟ ਵੀ ਹੁੰਦੇ ਹਨ ਅਤੇ ਤ੍ਰਖਾਣ
ਵੀ ਹੁੰਦੇ ਹਨ। ਖੋਖਰ ਬਹੁਤ ਹੀ ਪੁਰਾਣਾ ਤੇ ਲੜਾਕੂ ਜੱਟ ਕਬੀਲਾ ਹੈ। ਖੋਖਰਾਂ ਨੇ
ਵਿਦੇਸ਼ੀ ਹਮਲਾਵਰਾਂ ਦਾ ਹਮੇਸ਼ਾ ਡਟ ਕੇ ਟਾਕਰਾ ਕੀਤਾ। ਵਿਦੇਸ਼ੀ ਹਮਲਾਵਰਾਂ ਨੇ ਵੀ
ਖੋਖਰਾਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਕੀਤਾ ਸੀ।
ਜੱਟਾਂ ਦੇ ਕਈ ਗੋਤ ਉਨ੍ਹਾਂ ਦੀ ਕੋਈ ਨਵੀਂ ਅੱਲ ਪੈਣ ਕਾਰਨ ਵੀ ਪ੍ਰਚਲਿਤ ਹੋ ਗਏ ਹਨ।
ਬੋਲਾ ਗੋਤ ਵੀ ਅੱਲ ਪੈਣ ਕਾਰਨ ਪ੍ਰਚਲਿਤ ਹੋਇਆ ਹੈ। ਬੋਲੇ ਜੱਟ ਸਾਰੇ ਸਿੱਖ ਹਨ। ਪੂਰਬੀ
ਪੰਜਾਬ ਵਿੱਚ ਸਾਰੇ ਖੋਖਰ ਸਿੱਖ ਹਨ। ਪੱਛਮੀ ਪੰਜਾਬ ਵਿੱਚ ਬਹੁਤੇ ਖੋਖਰ ਮੁਸਲਮਾਨ ਬਣ ਗਏ
ਸਨ। ਖੋਖਰ ਗੋਤ ਜੱਟਾਂ ਤੇ ਰਾਜਪੂਤਾਂ ਦਾ ਸਾਂਝਾ ਗੋਤ ਹੈ। ਬੋਲੇ ਉਪਗੋਤ ਦੇ
ਖੋਖਰ ਜੱਟ ਬਹੁਤੇ ਮਾਲਵੇ ਵਿੱਚ ਵੀ ਆਬਾਦ ਹਨ। ਖੋਖਰਾਂ ਦੀਆਂ ਕਈ ਮੂੰਹੀਆਂ ਹਨ। ਕੁਝ
ਖੋਖਰ ਮੀਆਂਵਾਲੀ, ਜੇਹਲਮ ਤੇ ਮੁਲਤਾਨ ਆਦਿ ਖੇਤਰਾਂ ਤੋਂ ਉਠਕੇ ਘੱਗਰ ਨਾਲੀ ਵੱਲ ਆ ਗਏ।
ਫਿਰ ਹੌਲੀ ਹੌਲੀ ਰਾਜਸਥਾਨ ਦੇ ਗੜ੍ਹਗਜ਼ਨੀ ਖੇਤਰ ਵਿੱਚ ਆਬਾਦ ਹੋ ਗਏ। ਜੱਟਾਂ ਦੇ ਕੁਝ
ਕਬੀਲੇ ਪੰਜਾਬ ਵਿੱਚ ਪੱਛਮ ਵੱਲੋਂ ਆਏ ਹਨ ਅਤੇ ਕੁਝ ਕਬੀਲੇ ਪੂਰਬ ਵੱਲੋਂ ਆਏ ਹਨ। ਪੁਰਾਣੇ
ਸਮੇਂ ਵਿੱਚ ਵੀ ਕਾਲ ਪੈਣ ਜਾਂ ਬਦੇਸ਼ੀ ਹਮਲਿਆਂ ਕਾਰਨ ਜੱਟ ਕਬੀਲੇ ਇੱਕ ਜਗ੍ਹਾ ਤੋਂ ਉਠਕੇ
ਮਹਿਮੜੇ ਦੀ ਰੋਹੀ ਵਿੱਚ ਆਕੇ ਆਬਾਦ ਹੋ ਗਏ। ਕਾਫ਼ੀ ਸਮੇਂ ਪਿਛੋਂ ਇੱਕ ਪ੍ਰਸਿੱਧ ਖੋਖਰ
ਜੱਟ ਚੌਧਰੀ ਰੱਤੀ ਰਾਮ ਨੇ ਰੱਤੀਆ ਬੋਲਾ ਕਸਬੇ ਦਾ ਮੁੱਢ ਬੰਨਿਆ।
ਹੁਣ ਰਤੀਆ ਖੇਤਰ ਹਰਿਆਣੇ ਵਿੱਚ ਮਹਾਨ ਅਕਬਰ ਬਾਦਸ਼ਾਹ ਵਿਆਹਿਆ ਸੀ। ਇਸ ਕਾਰਨ ਉਹ
ਅਕਬਰ ਦਾ ਸਾਢੂ ਸੀ। ਅਕਬਰ ਆਪਣੇ ਸਾਢੂ ਨੂੰ ਬਹੁਤ ਇਮਾਨਦਾਰ ਸਮਝਦਾ ਸੀ। ਉਸ ਉਤੇ ਬਹੁਤ
ਭਰੋਸਾ ਕਰਦਾ ਸੀ। ਇੱਕ ਵਾਰੀ ਅਕਬਰ ਖ਼ੁਦ ਕਿਸੇ ਲੜਾਈ ਵਿੱਚ ਭਾਗ ਲੈਣ ਲਈ ਜਾ ਰਿਹਾ ਸੀ।
ਉਸ ਨੇ ਆਪਣੇ ਸਾਢੂ ਨੂੰ ਪੱਟਾ ਲਿਖਕੇ ਦਿੱਤਾ ਕਿ ਜੇ ਮੈਂ ਮਰ ਗਿਆ ਤਾਂ ਦਿੱਲੀ ਦਾ ਰਾਜ
ਤੇਰਾ। ਅੱਜ ਤੋਂ ਦਿੱਲੀ ਦਾ ਰਾਜ ਤੇਰਾ। ਅਕਬਰ ਦਾ ਸਾਢੂ
ਅਕਬਰ ਬਾਦਸ਼ਾਹ ਦੀ ਬਾਤ ਨੂੰ ਸਮਝ ਨਾ ਸਕਿਆ ਕੁਝ ਸਮੇਂ ਮਗਰੋਂ ਜਦ ਅਕਬਰ ਬਾਦਸ਼ਾਹ ਵਾਪਿਸ
ਆ ਗਿਆ ਤਾਂ ਉਸ ਦੇ ਸਾਢੂ ਨੇ ਉਹ ਪੱਟਾ ਅਕਬਰ ਨੂੰ ਵਾਪਿਸ ਕਰ ਦਿੱਤਾ। ਕੁਝ ਲੋਕਾਂ ਨੇ
ਮਖੌਲ ਵਜੋਂ ਕਿਹਾ ਕਿ ਜੱਟ ਬੌਲੇ ਹੀ ਨਿਕਲੇ, ਮੁਸਮਲਮਾਨਾਂ ਦਾ ਹੱਥ ਆਇਆ ਰਾਜ ਮੋੜ ਕੇ
ਉਨ੍ਹਾਂ ਨੂੰ ਹੀ ਦੇ ਦਿੱਤਾ। ਇਸ ਤਰ੍ਹਾਂ ਹੌਲੀ ਹੌਲੀ ਬੌਲੇ ਸ਼ਬਦ ਬਦਲਦੇ-ਬਦਲਦੇ ਬੋਲੇ
ਬਣ ਗਿਆ।
ਬੋਲਾ ਅੱਲ ਪੈਣ ਤੇ ਇਸ ਕਬੀਲੇ ਦਾ ਗੋਤ ਬੋਲਾ ਹੀ ਪ੍ਰਚਲਿਤ ਹੋ ਗਿਆ। ਇਹ ਮਿਥਿਹਾਸਕ
ਘਟਨਾ ਲਗਦੀ ਹੈ। ਇਸ ਗੋਤ ਦੇ ਲੋਕਾਂ ਬਾਰੇ ਇੱਕ ਹੋਰ ਦੰਦ ਕਥਾ ਵੀ ਅਕਬਰ ਨਾਲ ਹੀ
ਸੰਬੰਧਿਤ ਹੈ। ਕਹਿੰਦੇ ਹਨ ਕਿ ਬੋਲਿਆਂ ਦੇ ਵਡੇਰੇ ਨੂੰ ਉਸਦੇ ਪਿਉ ਦੀ ਮੌਤ ਮਗਰੋਂ ਸਾਢੂ
ਦੇ ਨਾਤੇ ਅਕਬਰ ਬਾਦਸ਼ਾਹ ਨੇ ਆਪਣੇ ਹੱਥੀਂ ਆਪ ਪੱਗ ਬੰਨੀ ਅਤੇ ਆਖਿਆ ਕਿ ਅੱਗੇ ਤੋਂ
ਤੁਸੀਂ ਕਿਸੇ ਜੱਟ ਨੂੰ ਖ਼ੁਸ਼ੀ ਜਾਂ ਗ਼ਮੀ ਮੌਕੇ ਪੱਗ ਨਹੀਂ ਦੇਣੀ। ਮੈਂ ਤੁਹਾਨੂੰ ਸ਼ਾਹੀ
ਪੱਗ ਦੇ ਦਿੱਤੀ ਹੈ। ਬੋਲੇ ਗੋਤ ਦੇ ਜੱਟ ਕਿਸੇ ਨੂੰ ਪੱਗ ਨਹੀਂ ਦਿੰਦੇ। ਬੋਲੇ ਜੱਟ ਆਪਣੇ
ਜੁਆਈ ਨੂੰ ਵੀ ਪੱਗ ਨਹੀਂ ਦਿੰਦੇ। ਅਕਬਰ ਦੇ ਸਮੇਂ ਅਕਬਰ ਦੇ ਰਿਸ਼ਤੇਦਾਰ ਜੱਟ ਵੀ ਆਪਣੇ
ਆਪ ਨੂੰ ਜੱਟਾਂ ਨਾਲੋਂ ਉਚਾ ਸਮਝਦੇ ਸਨ। ਬੋਲੇ ਜੱਟਾਂ ਬਾਰੇ ਕਈ ਲੋਕ ਕਥਾਵਾਂ ਤੇ ਲੋਕ
ਗੀਤ ਪ੍ਰਚਲਿਤ ਹਨ। ਬੋਲੇ ਭਾਈਚਾਰੇ ਦੇ ਬਹੁਤੇ ਪਿੰਡ ਹਰਿਆਣੇ ਦੇ ਸਿਰਸਾ, ਹਿੱਸਾਰ ਅਤੇ
ਪੰਜਾਬ ਦੇ ਮਾਨਸਾ, ਬਠਿੰਡਾ ਖੇਤਰਾਂ ਵਿੱਚ ਹਨ। ਇਨ੍ਹਾਂ ਦੇ ਪ੍ਰਸਿੱਧ ਪਿੰਡ ਰਤੀਆ,
ਰਤਨਗੜ੍ਹ, ਕਮਾਣਾ, ਸਿਵਾਣਾ, ਦਾਤੇਵਾਸ, ਕੁਲਾਣਾ ਆਦਿ ਹਨ। ਖੋਖਰ ਗੋਤ ਦੇ ਲੋਕ ਰਾਜਪੂਤ,
ਜੱਟ ਤ੍ਰਖਾਣ ਤੇ ਮਜ਼੍ਹਬੀ ਸਿੱਖ ਵੀ ਹੁੰਦੇ ਹਨ। ਬੋਲੇ ਜੱਟ ਸਿੱਖ ਹੀ ਹੁੰਦੇ ਹਨ।
ਪੰਜਾਬ ਵਿੱਚ ਬੋਲੇ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਸਾਂਝੇ ਪੰਜਾਬ ਵਿੱਚ
ਖੋਖਰਾਂ ਦੀ ਗਿਣਤੀ ਬਹੁਤ ਸੀ। ਖੋਖਰ ਰਾਜਪੂਤ 55,380 ਅਤੇ ਜੱਟ 12,331 ਸੀ। ਅੰਗਰੇਜ਼ਾਂ
ਦੇ ਰਾਜ ਸਮੇਂ 1881 ਈਸਵੀਂ ਦੀ ਜਨਸੰਖਿਆ ਸਮੇਂ ਜਾਤੀਆਂ ਅਤੇ ਗੋਤ ਵੀ ਲਿਖੇ ਗਏ ਸਨ। ਇਸ
ਸਮੇਂ ਪਟਵਾਰੀਆਂ ਨੇ ਵੀ ਵੱਖ ਵੱਖ ਜਾਤੀਆਂ ਦੇ ਗੋਤਾਂ ਤੇ ਆਮ ਰਿਵਾਜ਼ਾਂ ਬਾਰੇ ਸੰਬੰਧਿਤ
ਅਧਿਕਾਰੀਆਂ ਨੂੰ ਕਾਫ਼ੀ ਜਾਣਕਾਰੀ ਆਪਣੇ ਮਾਲ ਮਹਿਕਮੇ ਰਾਹੀਂ ਭੇਜੀ ਸੀ ਜਿਸ ਦੇ ਆਧਾਰ ਤੇ
ਹੀ ਸਰ ਇੱਬਟਸਨ ਨੇ ਮਹਾਨ ਖੋਜ ਪੁਸਤਕ ‘ਪੰਜਾਬ ਕਾਸਟਸ’ ਲਿਖੀ। ਸੈਣੀਆਂ ਵਿੱਚ ਵੀ ਬੋਲਾ
ਗੋਤ ਹੁੰਦਾ ਹੈ। ਜੱਟਾਂ ਤੇ ਸੈਣੀਆਂ ਦੇ ਕਈ ਗੋਤ ਰਲਦੇ ਹਨ। ਸੋਹੀ ਜੱਟ ਵੀ ਹਨ ਅਤੇ ਸੈਣੀ
ਵੀ ਹਨ। ਬੋਲਾ ਖੋਖਰਾਂ ਦਾ ਉਘਾ ਤੇ ਬਹੁਤ ਹੀ ਛੋਟਾ ਗੋਤ ਹੈ। ਖੋਖਰ ਪ੍ਰਾਚੀਨ ਤੇ ਦੇਸ਼
ਭਗਤ ਖਾੜਕੂ ਜੱਟ ਸਨ।
|