WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਭੁੱਲਰ :

ਜੱਟਾਂ ਦਾ ਇਤਿਹਾਸ: ਹੁਸ਼ਿਆਰ ਸਿੰਘ ਦੁਲੇਹ

ਭੁੱਲਰ : ਆਰੀਏ ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਮੱਧ ਏਸ਼ੀਆ ਦੇ ਖੇਤਰਾਂ ਤੋਂ ਉਠਕੇ ਬੀਸ ਦੇ ਲਗਭਗ ਦੇਸਾਂ ਵਿੱਚ ਘੁੰਮ ਫਿਰ ਕੇ ਇਰਾਨ ਅਤੇ ਅਫ਼ਗਾਨਿਸਤਾਨ ਰਾਹੀਂ ਭਾਰਤ ਵਿੱਚ ਪਹੁੰਚੇ ਸਨ। ਸ਼ੁਰੂ ਵਿੱਚ ਇਹ ਸਿੰਧ, ਗੁਜਰਾਤ ਤੇ ਪੰਜਾਬ ਵਿੱਚ ਆਬਾਦ ਹੋਏ ਫਿਰ ਮੱਥਰਾ, ਹਰਿਆਣਾ ਤੇ ਰਾਜਸਥਾਨ ਵਿੱਚ ਵੀ ਪਹੁੰਚ ਗਏ ਸਨ। ਮੱਧ ਏਸ਼ੀਆ ਤੋਂ ਆਉਣ ਵਾਲੀਆਂ ਜੱਟ ਜਾਤੀਆਂ ਨੇ ਸ਼ਿਵ ਨੂੰ ਭੁੱਲਰ ਉਪਜਾਤੀ ਦੇ ਲੋਕ ਵੀ ਆਪਣੇ ਆਪ ਨੂੰ ਭੋਲਾ ਨਾਥ ਸ਼ਿਵਜੀ ਮਹਾਰਾਜ ਦੀ ਬੰਸ ਵਿਚੋਂ ਦੱਸਦੇ ਹਨ। ਸ਼ਿਵ, ਵਰਣ ਆਸ਼ਰਮ ਧਰਮ ਨੂੰ ਨਹੀਂ ਮੰਨਦਾ। ਜੱਟ ਸਮਾਜ ਵੀ ਜਾਤ ਪਾਤ ਨੂੰ ਨਹੀਂ ਮੰਨਦਾ ਸੀ। ਭੁੱਲਰ ਪੰਜਾਬ ਦਾ ਬਹੁਤ ਹੀ ਪੁਰਾਣਾ ਤੇ ਸ਼ਿਵਗੋਤਰੀ ਜੱਟ ਕਬੀਲਾ ਹੈ। ਪੰਜਾਬ ਦੇ 12 ਜੱਟ ਕਬੀਲੇ ਸ਼ਿਵ ਗੋਤਰੀ ਹਨ। ਪੰਜਾਬ ਦੇ ਬਹੁਤੇ ਜੱਟ ਕਬੀਲੇ ਕਸ਼ਬ ਗੋਤਰੀ ਹਨ। ਸ਼ਿਵਜੀ ਵੀ ਜੱਟ ਸੀ। ਇੱਕ ਹੋਰ ਰਵਾਇਤ ਹੈ ਕਿ ਇਹ ਖੱਤਰੀ ਬੰਸ ਵਿਚੋਂ ਹਨ ਅਤੇ ਰਾਜਪੂਤਾਣੇ ਦੇ ਵਿਚੋਂ ਪੰਜਾਬ ਵਿੱਚ ਆਏ ਹਨ।

ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਮਾਲਵੇ ਮਾਨ, ਭੁੱਲਰ ਤੇ ਹੇਰਾਂ ਦਾ ਬਹੁਤ ਜ਼ੋਰ ਸੀ। ਸਿੱਧੂ ਬਰਾੜ ਜੈਸਲਮੇਜਰ ਦੇ ਖੇਤਰ ਤੋਂ ਆ ਕੇ ਇਸ ਸਮੇਂ ਮਾਲਵੇ ਵਿੱਚ ਆਬਾਦ ਹੋਣਾ ਚਾਹੁੰਦੇ ਸਨ। ਜੱਟਾਂ ਨੂੰ ਜ਼ਮੀਨ ਪਿਆਰੀ ਹੁੰਦੀ ਹੈ। ਇਸ ਕਾਰਨ ਮਾਨਾਂ ਤੇ ਭੁੱਲਰਾਂ ਆਦਿ ਦੀਆਂ ਅਕਸਰ ਸਿੱਧੂਆਂ-ਬਰਾੜਾਂ ਨਾਲ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਸਿੱਧੂ ਬਰਾੜਾਂ ਦੇ ਵਡੇਰੇ ਮੋਹਨ ਨੇ ਭੱਟੀ ਮੁਸਲਮਾਨਾਂ ਤੋਂ ਤੰਗ ਆਕੇ ਆਪਣਾ ਜੱਦੀ ਪਿੰਡ ਬੀਦੋਵਾਲੀ ਛੱਡਕੇ ਕੌੜੇ ਭੁੱਲਰਾਂ ਦੇ ਉਘੇ ਪਿੰਡ ਮਾੜੀ ਵਿੱਚ ਆਕੇ ਰਿਹਾਇਸ਼ ਕਰਕੇ ਦਿਨ ਗੁਜ਼ਾਰਨੇ ਸ਼ੁਰੂ ਕਰ ਦਿੱਤੇ।

ਮੋਹਨ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਸੀ। ਮੋਹਨ ਨੇ ਛੇਵੇਂ ਗੁਰੂ ਦੇ ਕਹਿਣ ਤੇ ਕੌੜੇ ਭੁੱਲਰਾਂ ਦੇ ਮਾੜੀ ਪਿੰਡ ਤੋਂ ਉਠ ਕੇ ਰਾਮਸਰ ਟੋਬੇ ਦੇ ਕਿਨਾਰੇ ਇੱਕ ਬਿਰਛ ਥੱਲੇ ਜਾ ਡੇਰੇ ਲਾਏ। ਆਪਣੇ ਪੜਦਾਦੇ ਦੇ ਨਾਮ ਤੇ ਮਰ੍ਹਾਜ਼ ਪਿੰਡ ਦੀ ਮੋੜੀ ਗੱਡੀ। ਕੌੜੇ ਭੁੱਲਰਾਂ ਨੇ ਇਹ ਮੋੜ੍ਹੀ ਪੁਟ ਦਿੱਤੀ। ਜਦ ਦੁਬਾਰਾ ਫਿਰ ਗੁਰੂ ਸਾਹਿਬ ਦੇ ਹੱਥੋਂ ਮਰ੍ਹਾਜ਼ ਪਿੰਡ ਦੇ ਆਬਾਦ ਦੀ ਖ਼ਬਰ ਕੌੜੇ ਭੁੱਲਰਾਂ ਨੇ ਸੁਣੀ ਤਾਂ ਉਨ੍ਹਾਂ ਨੇ ਆਪਣੇ ਰਿਸ਼ਤੇਦਾਰ ਜੈਦ ਪਰਾਣੇ ਨੂੰ ਵੀ ਸਦ ਲਿਆ। ਢੋਲ ਵਜਾ ਕੇ ਸਾਰੇ ਭਾਈਚਾਰੇ ਨੂੰ ਇਕੱਠਾ ਕਰ ਲਿਆ। ਮੋਹਨ ਦੇ ਪੁੱਤਰ ਕਾਲੇ ਨੇ ਜੈਦ ਪਰਾਣੇ ਨੂੰ ਮਾਰ ਦਿੱਤਾ। ਕੌੜੇ ਭੁੱਲਰ ਹਾਰ ਕੇ ਭੱਜ ਗਏ। ਗੁਰੂ ਸਾਹਿਬ ਦੀ ਫ਼ੌਜ ਨੇ ਵੀ ਬਰਾੜਾਂ ਦੀ ਸਹਾਇਤਾ ਕੀਤੀ। ਮੋਹਨ ਨੇ ਮਰ੍ਹਾਜ਼ ਦੇ ਆਲੇ ਦੁਆਲੇ ਕਈ ਮੀਲਾਂ ਤੱਕ ਜ਼ਮੀਨ ਰੋਕ ਲਈ। ਹੁਣ ਮਰ੍ਹਾਜ਼ ਦੇ ਇਰਦ ਗਿਰਦ ਸਿੱਧੂ ਬਰਾੜ ਭਾਈਚਾਰੇ ਦੇ 22 ਪਿੰਡ ਹਨ। ਇਨ੍ਹਾਂ ਨੂੰ ਬਾਹੀਆ ਕਿਹਾ ਜਾਂਦਾ ਹੈ।

ਗੁਰੂ ਹਰਗੋਬਿੰਦ ਸਾਹਿਬ ਮਾਲਵੇ ਵਿੱਚ ਪਹਿਲੀ ਵਾਰ ਬਰਾੜਾਂ ਦੇ ਇਲਾਕੇ ਕੋਟਕਪੂਰੇ ਵਿੱਚ 1632 ਈਸਵੀਂ ਵਿੱਚ ਆਏ ਸਨ। ਇਸ ਸਮੇਂ ਵੀ ਬਹੁਤੇ ਬਰਾੜ ਗੁਰੂ ਸਾਹਿਬ ਦੇ ਸਿੱਖ ਸੇਵਕ ਬਣੇ। ਮਾਲਵੇ ਵਿੱਚ ਵਰਿਆਮ ਚੌਧਰੀ ਭੱਲਰ ਦੇ ਸੱਤ ਪੁੱਤਰ ਸਨ। ਇਨ੍ਹਾਂ ਦੀਆਂ ਸੱਤ ਮੂੰਹੀਆਂ ਹਨ ਜਿਨ੍ਹਾਂ ਵਿਚੋਂ ਕੌਹੜੇ, ਦਿਹੜ, ਮੂੰਗਾ ਅਤੇ ਬੁੱਗਰ ਬਹੁਤ ਪ੍ਰਸਿੱਧ ਹਨ। ਫੂਲਕੀਆਂ ਰਿਆਸਤਾਂ ਦੇ ਕਾਇਮ ਹੋਣ ਤੋਂ ਪਹਿਲਾਂ ਭੁੱਲਰ ਜੱਟ ਫੂਲ ਮਰ੍ਹਾਜ਼ ਦੇ ਇਰਦ ਗਿਰਦ ਆਬਾਦ ਸਨ। ਉਸ ਸਮੇਂ ਇਸ ਇਲਾਕੇ ਵਿੱਚ ਮਾਨਾ, ਭੁੱਲਰਾਂ ਤੇ ਹੋਰਾਂ ਦੀ ਚੌਧਰ ਸੀ। ਇਨ੍ਹਾਂ ਲੋਕਾਂ ਨੂੰ ਫੂਲਕੀਆਂ ਰਿਆਸਤਾਂ ਦੇ ਕਾਇਮ ਹੋਣ ਤੇ ਬਹੁਤ ਨੁਕਸਾਨ ਪਹੁੰਚਿਆ। ਜਿਨ੍ਹਾਂ ਨੇ ਫੂਲਕੇ ਸਰਦਾਰਾਂ ਨਾਲ ਰਿਸ਼ਤੇਦਾਰੀਆਂ ਪਾ ਲਈਆਂ ਉਹ ਬਹੁਤ ਚੰਗੇ ਰਹੇ ਬਾਕੀ ਘਾਟੇ ਵਿੱਚ ਰਹੇ।

ਬਹੁਤ ਭੁੱਲਰ ਜੱਟ ਗੁਰੂ ਗੋਬਿੰਦ ਸਿੰਘ ਦੇ ਸਮੇਂ ਹੀ ਸਿੱਖ ਧਰਮ ਵਿੱਚ ਆਏ। ਪੰਜਾਬ ਵਿੱਚ ਭੁੱਲਰ ਗੋਤ ਦੇ ਭੁੱਲਰ ਨਾਮ ਦੇ ਕਈ ਪਿੰਡ ਹਨ। ਭੁੱਲਰਾਂ ਦੇ ਪੁਰਾਣੇ ਤੇ ਉਘੇ ਪਿੰਡ ਭੁੱਲਰ ਹੇੜੀ, ਮਾੜੀ ਵੱਡੀ ਅਤੇ ਛੋਟੀ, ਜਿਉਂਲਾਂ ਤੇ ਕੌੜਿਆਂ ਵਾਲੀ ਆਦਿ ਕਈ ਪਿੰਡ ਹਨ। ਕੌੜੇ ਵੀ ਉਪਗੋਤ ਹੈ। ਬਠਿੰਡੇ ਖੇਤਰ ਵਿੱਚ ਸ਼ਹੀਦ ਬਾਬਾ ਭੁੱਲਰ ਦੀ ਯਾਦ ਵਿੱਚ ਲੱਗਣ ਵਾਲਾ ਛਿਮਾਹੀ ਜੋੜ ਮੇਲਾ ਹਰ ਸਾਲ 17 ਅਕਤੂਬਰ ਨੂੰ ਲੱਗਦਾ ਹੈ। 15 ਅਕਤੂਬਰ ਨੂੰ ਰਾਮਪੁਰਾ ਮੰਡੀ ਮਹਿਰਾਜ ਵਾਲੀ ਸੜਕ ਉਪਰ ਸਥਿਤ ਸਮਾਧਾਂ ਮਾੜੀ ਭੁੱਲਰ ਵਿੱਚ ਅਖੰਡ ਪਾਠ ਸ਼ੁਰੂ ਕੀਤਾ ਜਾਂਦਾ ਹੈ ਅਤੇ 17 ਅਕਤੂਬਰ ਨੂੰ ਭੋਗ ਪਾਇਆ ਜਾਂਦਾ ਹੈ। ਇਸ ਦਿਨ ਉਘੇ ਢਾਡੀ ਤੇ ਕਵੀਸ਼ਰ ਆਪਣੀਆਂ ਵਾਰਾਂ ਪੇਸ਼ ਕਰਦੇ ਹਨ। ਭੁੱਲਰ ਫਿਰੋਜ਼ਪੁਰ ਤੇ ਲਾਹੌਰ ਖੇਤਰਾਂ ਵਿੱਚ ਵੀ ਕਾਫ਼ੀ ਸਨ।

'ਜਾਟੋਂ ਕਾ ਇਤਿਹਾਸ' ਪੁਸਤਕ ਦੇ ਲੇਖਕ ਕੇ ਆਰ• ਕਾਨੂੰਨਗੋ ਅਨੁਸਾਰ ਭੁੱਲਰ, ਚਾਹਲ ਅਤੇ ਕਾਹਲੋਂ ਜੱਟ ਮਾਲਵਾ, ਧਾਰ ਅਤੇ ਦੱਖਣ ਨੂੰ ਆਪਣਾ ਮੁੱਢਲਾ ਘਰ ਦੱਸਦੇ ਹਨ। ਜੱਟਾਂ ਦੇ ਢਾਈ ਗੋਤ ਮਾਨ, ਭੁੱਲਰ ਤੇ ਹੇਅਰਾਂ ਨੂੰ ਪੰਜਾਬ ਦੇ ਅਸਲੀ ਜੱਟ ਕਿਹਾ ਜਾਂਦਾ ਹੈ। ਹੇਅਰਾਂ ਦਾ ਅੱਧਾ ਗੋਤ ਹੀ ਗਿਣਿਆ ਜਾਂਦਾ ਹੈ। ਮਾਨ ਤੇ ਭੁੱਲਰਾਂ ਦੇ ਮੁੰਡੇ ਚਰਾਂਦਾ ਵਿੱਚ ਪਸ਼ੂ ਚਾਰਦੇ ਸਨ। ਹੇਅਰਾਂ ਦੇ ਕਦੇ ਮੁੰਡੇ ਤੇ ਕਦੇ ਕੁੜੀਆਂ ਖੁੱਲ੍ਹੀਆਂ ਚਰਾਂਦਾ ਵਿੱਚ ਪਸ਼ੂ ਚਾਰਦੇ ਸਨ। ਕਿਸੇ ਮਿਰਾਸੀ ਨੇ ਹੇਰਾਂ ਨੂੰ ਮਖੌਲ ਕਰਕੇ ਉਨ੍ਹਾਂ ਦਾ ਗੋਤ ਅੱਧਾ ਗਿਣਿਆ ਸੀ।

ਰਿਆਸਤ ਜੀਂਦ ਤੇ ਸੰਗਰੂਰ ਵਿੱਚ ਭੁੱਲਰਾਂ ਦਾ ਇੱਕ ਸਿੱਧ ਕਲੰਧਰ (ਕਲੰਜਰ) ਹੈ। ਮਾੜੀ ਵਿੱਚ ਉਸਦੀ ਸਮਾਧ ਬਣੀ ਹੋਈ ਹੈ। ਹਰ ਮਹੀਨੇ ਚੌਣਾਂ ਬਦੀ ਨੂੰ ਉਥੇ ਦੁੱਧ ਚੜ੍ਹਾਇਆ ਜਾਂਦਾ ਹੈ। ਬੱਚੇ ਦੇ ਜਨਮ ਜਾਂ ਪੁੱਤ ਦੀ ਸ਼ਾਦੀ ਤੇ ਕੱਪੜੇ ਵੀ ਭੇਂਟ ਕੀਤੇ ਜਾਂਦੇ ਹਨ। ਸਿਆਲਕੋਟ ਵਿੱਚ ਭੁੱਲਰਾਂ ਦਾ ਸਿੱਧ ਭੂਰੇ ਵਾਲਾ ਪੀਰ ਹੈ। ਉਸ ਦੀ ਖਾਨਗਾਹ ਦੀ ਸਿੱਖ ਤੇ ਮੁਸਲਮਾਨ ਭੁੱਲਰ ਮਾਨਤਾ ਕਰਦੇ ਹਨ। ਭੁੱਲਰ ਦਲਿਤ ਜਾਤੀਆਂ ਵਿੱਚ ਵੀ ਹਨ। ਮਜ਼੍ਹਬੀ ਭੁੱਲਰ ਮਾਨਤਾ ਵੀ ਭੁੱਲਰ ਹੁੰਦੇ ਹਨ।

ਭੁੱਲਰ ਹਰਿਆਣੇ ਦੇ ਹਿੱਸਾਰ ਤੇ ਸਿਰਸਾ ਖੇਤਰ ਵਿੱਚ ਵੀ ਵਸਦੇ ਹਨ। ਬਹੁਤੇ ਭੁੱਲਰ ਮਾਲਵੇ ਦੇ ਬਠਿੰਡਾ, ਮੁਕਤਸਰ, ਫਿਰੋਜ਼ਪੁਰ, ਲੁਧਿਆਣਾ, ਸੰਗਰੂਰ ਤੇ ਪਟਿਆਲਾ ਆਦਿ ਖੇਤਰਾਂ ਵਿੱਚ ਵੀ ਭੁੱਲਰ ਭਾਈਚਾਰੇ ਦੇ ਕਾਫ਼ੀ ਲੋਕ ਰਹਿੰਦੇ ਹਨ। ਦੁਆਬੇ ਵਿੱਚ ਭੁੱਲਰ ਮਾਝੇ ਨਾਲੋਂ ਘੱਟ ਹਨ। ਪੱਛਮੀ ਪੰਜਾਬ ਦੇ ਲਾਹੌਰ, ਸਿਆਲਕੋਟ, ਗੁਜਰਾਂਵਾਲਾ, ਮੁਲਤਾਨ ਤੇ ਮਿੰਟਗੁੰਮਰੀ ਆਦਿ ਖੇਤਰਾਂ ਵਿੱਚ ਵੀ ਭੁੱਲਰ ਜੱਟ ਕਾਫ਼ੀ ਗਿਣਤੀ ਵਿੱਚ ਆਬਾਦ ਸਨ। ਪੱਛਮੀ ਪੰਜਾਬ ਦੇ ਬਹੁਤ ਭੁੱਲਰ ਮੁਸਲਮਾਨ ਬਣ ਗਏ ਸਨ। ਸਾਂਦਲਬਾਰੇ ਦੇ ਇਲਾਕੇ ਵਿੱਚ ਵੀ ਕੁਝ ਭੁੱਲਰ ਰਹਿੰਦੇ ਸਨ।

ਅਸਲ ਵਿੱਚ ਭੁੱਲਰ ਜੱਟ ਸਾਰੇ ਪੰਜਾਬ ਵਿੱਚ ਹੀ ਦੂਰ-ਦੂਰ ਤੱਕ ਫੈਲੇ ਹੋਏ ਸਨ। ਮਾਝੇ ਤੇ ਮਾਲਵੇ ਵਿੱਚ ਭੁੱਲਰ ਨਾਮ ਦੇ ਕਈ ਪਿੰਡ ਹਨ। ਜਲੰਧਰ ਦੇ ਸ਼ਾਹਕੋਟ ਖੇਤਰ ਵਿੱਚ ਵੀ ਭੁੱਲਰ ਗੋਤ ਦਾ ਪਿੰਡ ਭੁੱਲਰ ਬਹੁਤ ਹੀ ਉਘਾ ਤੇ ਪੁਰਾਣਾ ਪਿੰਡ ਹੈ। ਭੁੱਲਰਾਂ ਵਿੱਚ ਠੀਕਰੀ ਵਾਲੇ ਪਿੰਡ ਦੇ ਵਸਨੀਕ ਭਾਈ ਸਾਹਿਬ ਭਾਈ ਨੈਣਾ ਸਿੰਘ ਨਿਹੰਗ ਬੜੇ ਪ੍ਰਸਿੱਧ ਹੋਏ ਹਨ। ਉਚ ਦੁਮਾਲਾ ਫਰਰੇ ਵਾਲਾ ਇਨ੍ਹਾਂ ਤੋਂ ਚਲਿਆ। ਪੰਜਾਬੀ ਸਾਹਿਤ ਵਿੱਚ ਗੁਰਬਚਨ ਸਿੰਘ ਭੁੱਲਰ ਵੀ ਬਹੁਤ ਮਸ਼ਹੂਰ ਹਨ।

ਮਾਨ, ਭੁੱਲਰ ਤੇ ਹੋਰ ਗੋਤਾਂ ਨਾਲ ਰਲਦੇ ਮਿਲਦੇ ਗੋਤਾਂ ਦੇ ਲੋਕ ਪੂਰਬੀ ਜਰਮਨੀ ਵਿੱਚ ਵੀ ਵਸਦੇ ਹਨ।

1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਭੁੱਲਰਾਂ ਦੀ ਕੁਝ ਗਿਣਤੀ 29,294 ਸੀ। ਦੁਆਬੇ ਵਿਚੋਂ ਭੁੱਲਰ ਗੋਤ ਦੇ ਲੋਕ ਵਿਦੇਸ਼ਾਂ ਵਿੱਚ ਵੀ ਬਹੁਤ ਗਏ ਹਨ। ਇਸ ਭਾਈਚਾਰੇ ਦੇ ਲੋਕਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੀ ਮਿਹਨਤ ਤੇ ਸਿਆਣਪ ਨਾਲ ਬਹੁਤ ਉਨਤੀ ਕੀਤੀ ਹੈ। ਇਹ ਸੰਜਮੀ ਲੋਕ ਹਨ।

ਪੰਜਾਬ, ਏਸ਼ੀਆ ਤੇ ਯੂਰਪ ਦੇ ਲੋਕਾਂ ਦੇ ਕਈ ਗੋਤ ਆਪਸ ਵਿੱਚ ਰਲਦੇ ਮਿਲਦੇ ਹਨ ਕਿਉਂਕਿ ਇਨ੍ਹਾਂ ਦਾ ਪਿਛੋਕੜ ਮੱਧ ਏਸ਼ੀਆ ਦਾ ਖੇਤਰ ਹੀ ਸੀ। ਪੰਜਾਬ ਵਿੱਚ ਭੁੱਲਰਾਂ ਦੇ ਮਿਰਾਸੀ ਭੁੱਲਰ ਜੱਟਾਂ ਨੂੰ ਸ਼ਿਵਾਂ ਦੀ ਬੰਸ ਦੱਸਦੇ ਹਨ। ਸ਼ਿਵਾ ਨੂੰ ਭੋਲਾ ਮਹਾਂਦਿਉ ਵੀ ਕਿਹਾ ਜਾਂਦਾ ਹੈ। ਭੁੱਲਰ ਸੰਧੂਆਂ ਵਾਂਗ ਤੇਜ਼ ਨਹੀਂ ਹੁੰਦੇ, ਭੋਲੇ ਹੀ ਹੁਦੇ ਹਨ। ਭੁੱਲਰ ਤੇ ਹੇਅਰ ਆਪਣੇ ਘਰ ਅੱਕ ਦੀ ਵਰਤੋਂ ਨਹੀਂ ਕਰਦੇ ਸਨ। ਖੇਤਾਂ ਵਿੱਚ ਵੀ ਆਪ ਅੱਕ ਨਹੀਂ ਵੱਢਦੇ ਸਨ। ਕਿਸੇ ਮਜ਼ਦੂਰ ਤੋਂ ਅੱਕ ਵਢਾਉਂਦੇ ਸਨ। ਭੁੱਲਰ ਭਾਈਚਾਰੇ ਦੇ ਲੋਕ ਬਹੁਤ ਮਿਹਨਤੀ ਤੇ ਸੰਜਮੀ ਹਨ। ਪ੍ਰਸਿੱਧ ਯਾਤਰੀ ਅਲਬਰੂਨੀ ਨੇ ਵੀ ਆਪਣੀ ਕਿਤਾਬ ਵਿੱਚ ਭਾਰਤ ਵਿੱਚ ਵੱਸਦੇ ਕਈ ਜੱਟ ਕਬੀਲੇ ਭੁੱਲਰ ਤੇ ਭੱਟੀ ਆਦਿ ਦਾ ਵਰਣਨ ਕੀਤਾ ਹੈ। ਭੁੱਲਰ ਪ੍ਰਾਚੀਨ ਜੱਟ ਕਬੀਲਾ ਹੈ।

ਭੁੱਲਰਾਂ ਨੇ ਬਾਹਰਲੇ ਦੇਸ਼ਾਂ ਵਿੱਚ ਜਾਕੇ ਵੀ ਬਹੁਤ ਉਨਤੀ ਕੀਤੀ ਹੈ। ਹੁਣ ਇਹ ਸਾਰੀ ਦੁਨੀਆਂ ਵਿੱਚ ਵੱਸਦੇ ਹਨ। ਕੈਪਟਨ ਦਲੀਪ ਸਿੰਘ ਅਹਿਲਾਵਤ ਨੇ ਆਪਣੀ ਪੁਸਤਕ 'ਜਾਟ ਬੀਰੋਂ ਕਾ ਇਤਿਹਾਸ' ਵਿੱਚ ਲਿਖਿਆ ਹੈ ਕਿ ਪ੍ਰਾਚੀਨ ਕਾਲ ਵਿੱਚ ਦਹੀਆ, ਸਵਾਗ, ਹ੍ਹੇਰ ਤੇ ਭੁੱਲਰ ਇਰਾਨ ਦੇ ਜਾਟਾਲੀ ਪ੍ਰਾਂਤ ਵਿੱਚ ਵੱਸਦੇ ਸਨ। ਅਸਲ ਵਿੱਚ ਭੁੱਲਰ ਮੱਧ ਏਸ਼ੀਆ ਦੇ ਸਿਰ ਦਰਿਆ ਦੇ ਨਜ਼ਦੀਕਲੇ ਖੇਤਰ ਤੋਂ ਉਠ ਕੇ ਈਸਾ ਮਸੀਹ ਤੋਂ ਕਈ ਹਜ਼ਾਰ ਸਾਲ ਪਹਿਲਾਂ ਇਰਾਨ ਵਿੱਚ ਆਏ। ਫਿਰ ਕਾਫ਼ੀ ਸਮੇਂ ਮਗਰੋਂ ਭਾਰਤ ਵਿੱਚ ਆਏ। ਇਹ ਪੰਜਾਬ ਦੇ ਪ੍ਰਾਚੀਨ ਤੇ ਅਸਲੀ ਜੱਟ ਹਨ।

ਭੁੱਲਰ ਜਗਤ ਪ੍ਰਸਿੱਧ ਗੋਤ ਹੈ। ਸ਼ਿਵ ਵੰਸ਼ੀ ਹੋਣ ਕਾਰਨ ਹੀ ਭੁੱਲਰਾਂ ਨੂੰ ਅਸਲੀ ਜੱਟ ਆਖਿਆ ਜਾਂਦਾ ਹੈ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com