ਭਿੰਡਰ : ਇਸ ਗੋਤ ਦਾ ਮੋਢੀ ਭਿੰਡਰ ਹੀ ਸੀ। ਇਹ ਤੰਵਰਬੰਸੀ ਹਨ। ਇਹ ਮੱਧ ਏਸ਼ੀਆ
ਤੋਂ ਆਇਆ ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ। ਇਨ੍ਹਾਂ ਦਾ ਮੁਖੀਆ ਰਾਏ ਤਾਨਾਰ
ਪੰਜਾਬ ਵਿੱਚ ਆ ਕੇ ਆਬਾਦ ਹੋਇਆ। ਇਹ ਬਹੁਤੇ ਸਿਆਲਕੋਟ ਵਿੱਚ ਸਨ। ਕੁਝ ਭਿੰਡਰ ਸਿਆਲਕੋਟ
ਤੋਂ ਗੁਰਦਾਸਪੁਰ ਦੇ ਇਲਾਕੇ ਵਿੱਚ ਆਏ ਸਨ।
ਤਲਵੰਡੀ ਭਿੰਡਰ ਪਿੰਡ ਗੁਰਦਾਸਪੁਰ ਵਿੱਚ ਭਿੰਡਰ ਗੋਤ ਦਾ ਬਹੁਤ ਹੀ ਪੁਰਾਣਾ ਤੇ
ਪ੍ਰਸਿੱਧ ਪਿੰਡ ਹੈ। ਗੁਰਦਾਸਪੁਰ ਦੇ ਬਟਾਲਾ ਖੇਤਰ ਵਿੱਚ ਭਿੰਡਰ ਜੱਟ ਕਾਫ਼ੀ ਵੱਸਦੇ ਹਨ।
ਅੰਮ੍ਰਿਤਸਰ ਵਿੱਚ ਵੀ ਭਿੰਡਰ ਕਲਾਂ ਇਨ੍ਹਾਂ ਦਾ ਇੱਕ ਬਹੁਤ ਹੀ ਉਘਾ ਪਿੰਡ ਹੈ। ਮਾਝੇ
ਵਿੱਚ ਵੀ ਭਿੰਡਰ ਗੋਤ ਦੇ ਜੱਟ ਕਾਫ਼ੀ ਵੱਸਦੇ ਹਨ। ਇਨ੍ਹਾਂ ਦਾ ਪਿਛੋਕੜ ਵੀ ਰਾਜਪੂਤ ਹੈ।
ਸਾਂਦਲਬਾਰ ਵਿੱਚ ਮਾੜੀ ਭਿੰਡਰਾਂ ਪਿੰਡ, ਭਿੰਡਰ ਬਰਾਦਰੀ ਦਾ ਹੀ ਸੀ। ਪਾਕਿਸਤਾਨ ਬਣਨ ਨਾਲ
ਇਨ੍ਹਾਂ ਲੋਕਾਂ ਨੂੰ ਉਜੜਨਾ ਪਿਆ ਸੀ। ਪਾਕਿਸਤਾਨ ਤੋਂ ਆਕੇ ਬਹੁਤੇ ਭਿੰਡਰ ਹਰਿਆਣੇ ਦੇ
ਮਲਕਪੁਰ, ਕਰਨਾਲ, ਖੇਤਰ ਵਿਚ ਆਬਾਦ ਹੋ ਗਏ ਸਨ।
ਜਗਰਾਉਂ ਪਾਸ ਮਾਲਵੇ ਦਾ ਪ੍ਰਸਿੱਧ ਪਿੰਡ ਭਿੰਡਰਾਂ ਹੈ। ਸੰਤ ਕਰਤਾਰ ਸਿੰਘ ਖਾਲਸਾ
ਭਿੰਡਰਾਂ ਵਾਲੇ ਮਹਾਨ ਸਿੱਖ ਮਿਸ਼ਨਰੀ ਸਨ। ਲੁਧਿਆਣੇ ਤੇ ਮੋਗੇ ਦੇ ਇਲਾਕੇ ਵਿੱਚ ਵੀ ਕੁਝ
ਪਿੰਡਾਂ ਭਿੰਡਰ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇੱਕ ਭਿੰਡਰਾਂ ਪਿੰਡ ਸੰਗਰੂਰ ਵਿੱਚ ਵੀ
ਹੈ। ਪੰਜਾਬ ਵਿੱਚ ਭਿੰਡਰ ਨਾਂ ਦੇ ਕਈ ਪਿੰਡ ਹਨ। ਸੰਗਰੂਰ, ਬਠਿੰਡਾ, ਮਾਨਸਾ ਆਦਿ ਖੇਤਰਾਂ
ਵਿੱਚ ਵੀ ਭਿੰਡਰ ਕਾਫ਼ੀ ਵਸਦੇ ਹਨ।
ਭਿੰਡਰ ਗੋਤ ਦੇ ਲੋਕ ਬਹੁਤੇ ਮਾਲਵੇ ਵਿੱਚ ਹੀ ਹਨ। ਮਾਝੇ ਵਿੱਚ ਘੱਟ ਹਨ। ਸਿਆਲਕੋਟ
ਇਲਾਕੇ ਵਿੱਚ ਬਹੁਤੇ ਭਿੰਡਰ ਮੁਸਲਮਾਨ ਬਣ ਗਏ ਸਨ।
ਬਿੰਡਰ ਗੋਤ ਦੇ ਲੋਕ ਯੂਰਪ ਵਿੱਚ ਵੀ ਹਨ। ਇਹ ਮੱਧ ਏਸ਼ੀਆ ਤੋਂ ਹੀ ਉਤਰੀ ਯੂਰਪ ਵਿੱਚ
ਗਏ ਹਨ। ਮੱਧ ਏਸ਼ੀਆ ਤੋਂ ਵੀ ਵੱਖ ਵੱਖ ਸਮੇਂ ਪੰਜਾਬ ਵਿੱਚ ਵੀ ਕਈ ਜੱਟ ਕਬੀਲਿਆਂ ਦੇ ਗੋਤ
ਆਪਸ ਵਿੱਚ ਰਲਦੇ ਮਿਲਦੇ ਹਨ। ਪੰਜਾਬ ਵਿੱਚ ਕੁਝ ਜੱਟ ਕਬੀਲੇ ਰਾਜਸਤਾਨ ਵੱਲੋਂ ਆਏ ਹਨ ਅਤੇ
ਕੁਝ ਮੁਲਤਾਨ ਵੱਲੋਂ ਆਏ ਹਨ। ਭਿੰਡਰ ਭਾਈਚਾਰੇ ਦੀ ਗਿਣਤੀ ਪੰਜਾਬ ਵਿੱਚ ਬਹੁਤ ਹੀ ਘੱਟ
ਹੈ। ਮੋਗੇ ਅਤੇ ਲੁਧਿਆਣੇ ਦੇ ਜੱਟਾਂ ਦਾ ਉਘਾ ਤੇ ਛੋਟਾ ਗੋਤ ਹੈ। ਇਹ ਤੰਵਰ ਜੱਟਾਂ ਦਾ ਹੀ
ਇੱਕ ਉਪਗੋਤ ਹੈ। ਇਹ ਬਿਜ਼ਨੌਰ ਜਿਲ੍ਹੇ ਦੇ ਹਾਜ਼ੀਪੁਰ ਖੇਤਰ ਵਿੱਚ ਵੀ ਕਾਫ਼ੀ ਸਮੇਂ ਤੋਂ
ਵਸ ਰਹੇ ਹਨ। ਇਹ ਮਿਹਨਤੀ ਤੇ ਸੰਜਮੀ ਜੱਟ ਹਨ।
|