WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਬੱਲ :

ਜੱਟਾਂ ਦਾ ਇਤਿਹਾਸ: ਹੁਸ਼ਿਆਰ ਸਿੰਘ ਦੁਲੇਹ

ਬੱਲ : ਇਹ ਜੱਟਾਂ ਦਾ ਇੱਕ ਪ੍ਰਾਚੀਨ ਤੇ ਸ਼ਕਤੀਸ਼ਾਲੀ ਕਬੀਲਾ ਸੀ। ਬੱਲ ਜੱਟ, ਪ੍ਰਹਲਾਦ ਭਗਤ ਦੇ ਪੋਤੇ ਬੱਲ ਦੀ ਬੰਸ ਵਿਚੋਂ ਹਨ। ਕਰਨਲ ਟਾਡ ਨੇ ਇਸ ਬੰਸ ਨੂੰ ਵੀ 36 ਰਾਜ ਬੰਸਾਂ ਵਿੱਚ ਗਿਣਿਆ ਹੈ। ਗੁਪਤ ਰਾਜ ਦੇ ਅੰਤਲੇ ਦਿਨਾਂ ਵਿੱਚ 527 ਈਸਵੀਂ ਵਿੱਚ ਸੈਨਾਪਤੀ ਭਟਾਰਕ ਨੇ ਕੱਛ ਕਾਠੀਆਵਾੜ ਖੇਤਰ ਵਿੱਚ ਬਲਬੀਪੁਰ ਰਾਜ ਕਾਇਮ ਕੀਤਾ। ਸਿੰਧ ਦੇ ਅਰਬ ਸੈਨਾਪਤੀ ਅਬਰੂ ਬਿਨ ਜਮਾਲ ਨੇ 757 ਈਸਵੀਂ ਵਿੱਚ ਗੁਜਰਾਤ ਕਾਠੀਆਵਾੜ ਦੇ ਚੜ੍ਹਾਈ ਕਰਕੇ ਬੱਲ ਬੰਸ ਦੇ ਬਲਭੀ ਰਾਜ ਨੂੰ ਖਤਮ ਕਰ ਦਿੱਤਾ। ਇਸ ਬੰਸ ਦੇ ਕਈ ਰਾਜੇ ਹੋਏ। ਬੱਲ ਜੱਟ ਬੱਲਭੀ ਖੇਤਰ ਛੱਡ ਕੇ ਮੱਧ ਪ੍ਰਦੇਸ਼, ਰਾਜਸਥਾਨ, ਉਤਰ ਪ੍ਰਦੇਸ਼, ਹਰਿਆਣੇ ਤੇ ਪੰਜਾਬ ਵੱਲ ਆ ਗਏ। ਜਿਹੜੇ ਬੱਲ ਜੱਟ ਮੁਸਲਮਾਨ ਬਣ ਗਏ, ਉਨ੍ਹਾਂ ਨੂੰ ਬਲੋਚ ਕਿਹਾ ਜਾਂਦਾ ਹੈ। ਬੱਲ ਗੋਤ ਦੇ ਹਿੰਦੂ ਜਾਟ ਅੰਬਾਲਾ, ਕਰਨਾਲ, ਹਿੱਸਾਰ ਵਿੱਚ ਵੀ ਕਾਫ਼ੀ ਆਬਾਦ ਸਨ। ਉਤਰ ਪ੍ਰਦੇਸ਼ ਵਿੱਚ ਬੱਲਾਂ ਨੂੰ ਬਲਾਇਨ ਕਿਹਾ ਜਾਂਦਾ ਹੈ। ਸਿਸੌਲੀ ਦੇ ਖੇਤਰ ਵਿੱਚ ਇਨ੍ਹਾਂ ਦੇ 100 ਦੇ ਲਗਭਗ ਪਿੰਡ ਹਨ। ਬੱਲ ਆਪਣਾ ਸੰਬੰਧ ਰਾਜਪੂਤਾਂ ਨਾਲ ਜੋੜਦੇ ਹਨ। ਗਹਿਲੋਤ ਤੇ ਸਿਸੋਦੀਆ ਵੀ ਬੱਲਾ ਦੇ ਸ਼ਾਖਾ ਗੋਤਰ ਹਨ।

ਬੱਲਾਂ ਦਾ ਵਡੇਰਾ ਬਾਇਆਬਲ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਤੋਂ ਆਪਣੇ ਪਰਮਾਰ ਭਾਈਚਾਰੇ ਨਾਲ ਪੰਜਾਬ ਵਿੱਚ ਆਇਆ ਕਿਉਂਕਿ ਪਰਮਾਰ ਮੁਲਤਾਨ ਤੋਂ ਮਾਲਵੇ ਵੱਲ ਆਉਂਦੇ ਜਾਂਦੇ ਰਹਿੰਦੇ ਸਨ। ਬੱਲ ਸੇਖੋਂ ਜੱਟਾਂ ਨੂੰ ਵੀ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਬੱਲਾਂ ਦੇ ਬਹੁਤੇ ਪਿੰਡ ਸਤਲੁਜ ਦੇ ਉਪਰਲੇ ਖੇਤਰ ਅਤੇ ਬਿਆਸ ਦੇ ਇਲਾਕੇ ਵਿੱਚ ਵੀ ਕਾਫ਼ੀ ਹਨ। ਬੱਲ, ਲੁਧਿਆਣਾ, ਫਿਰੋਜ਼ਪੁਰ, ਪਟਿਆਲਾ ਤੇ ਸੰਗਰੂਰ ਵਿੱਚ ਵੀ ਕਾਫ਼ੀ ਹਨ। ਬੱਲ ਲੁਧਿਆਣੇ ਤੋਂ ਅੱਗੇ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ ਤੇ ਕਪੂਰਥਲਾ ਖੇਤਰਾਂ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਆਬਾਦ ਹਨ। ਦੁਆਬੇ ਵਿੱਚ ਭੋਗਪੁਰ ਦੇ ਪਾਸ ਬੱਲਾਂ ਪਿੰਡ ਬੱਲ ਜੱਟਾਂ ਦਾ ਹੀ ਹੈ। ਰੋਪੜ ਦੇ ਇਲਾਕੇ ਵਿੱਚ ਵੀ ਬੱਲਾਂ ਦੇ ਕੁਝ ਪਿੰਡ ਹਨ। ਮਾਝੇ ਦੇ ਬੱਲ ਕਹਿੰਦੇ ਹਨ ਕਿ ਉਨ੍ਹਾਂ ਦਾ ਪਿਛਲਾ ਪਿੰਡ ਬਲਮਗੜ੍ਹ ਸੀ। ਮਾਲਵੇ ਦੇ ਸੰਗਰੂਰ ਖੇਤਰ ਵਿੱਚ ਬਲਮਗੜ੍ਹ ਬਹੁਤ ਉਘਾ ਪਿੰਡ ਹੈ। ਅੰਮ੍ਰਿਤਸਰ ਦੇ ਅਜਨਾਲੇ ਖੇਤਰ ਵਿੱਚ ਵੀ ਬੱਲਾਂ ਦਾ ਪ੍ਰਸਿੱਧ ਪਿੰਡ ਬੱਲ ਹੈ। ਇਸ ਤੋਂ ਇਲਾਵਾ ਬੁਡਾਲਾ, ਸੱਠਿਆਲਾ, ਬੱਲ ਸਰਾਏ, ਜੋਧੇ, ਝਲੜੀ, ਛੱਜਲਵਡੀ, ਬੁਡਾਲਾ (ਕਪੂਰਥਲਾ) ਆਦਿ ਕਈ ਪਿੰਡ ਬੱਲ ਭਾਈਚਾਰੇ ਦੇ ਹਨ।

ਪੱਛਮੀ ਪੰਜਾਬ ਵਿੱਚ ਨੌਸ਼ਹਿਰੇ ਦੇ ਪਾਸ ਵੀ ਇੱਕ ਬੱਲ ਪਿੰਡ ਹੈ। ਗੁਰਦਾਸਪੁਰ ਵਿੱਚ ਵੀ ਬੱਲ ਜੱਟ ਕਾਫ਼ੀ ਹਨ। ਪੱਛਮੀ ਪੰਜਾਬ ਵਿੱਚ ਵੀ ਬੱਲ ਜੱਟ ਕਾਫ਼ੀ ਸਨ। ਇਨ੍ਹਾਂ ਵਿਚੋਂ ਬਹੁਤੇ ਮੁਸਲਮਾਨ ਬਣ ਗਏ ਸਨ। ਬੱਲ ਗੋਤ ਦੇ ਲੋਕ ਦਲਿਤ ਜਾਤੀਆਂ ਵਿੱਚ ਵੀ ਹਨ। ਪੂਰਬੀ ਪੰਜਾਬ ਵਿੱਚ ਸਾਰੇ ਬੱਲ ਸਿੱਖ ਹਨ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਬੱਲ ਜੱਟਾਂ ਦੀ ਗਿਣਤੀ 9721 ਸੀ। ਵੀਰ ਸਿੰਘ ਬੱਲ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਿੰਘ ਸਾਗਰ, ਗੁਰਕੀਰਤ ਪ੍ਰਕਾਸ਼ ਆਦਿ ਪੁਸਤਕਾਂ ਲਿਖੀਆਂ ਹਨ। ਬੱਲ ਜੱਟਾਂ ਦਾ ਜਗਤ ਪ੍ਰਸਿੱਧ ਗੋਤ ਹੈ। ਬੀ ਐਸ ਦਾਹੀਆ ਵੀ ਬੱਲਾਂ ਨੂੰ ਬਲਭੀਪੁਰ ਦੇ ਪ੍ਰਾਚੀਨ ਰਾਜ ਘਰਾਣੇ ਵਿਚੋਂ ਮੰਨਦਾ ਹੈ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com