ਬੈਂਸ : ਈਸਾ ਤੋਂ ਅੱਠ ਸੌ ਸਾਲ ਪਹਿਲਾਂ ਜੱਟ ਕਬੀਲੇ ਮੱਧ ਏਸ਼ੀਆ ਤੇ ਕੈਸਪੀਅਨ
ਸਾਗਰ ਤੋਂ ਲੈ ਕੇ ਇਰਾਨ, ਸਿੰਧ ਤੇ ਮੁਲਤਾਨ ਦੇ ਖੇਤਰਾਂ ਵਿੱਚ ਦੂਰ-ਦੂਰ
ਤੱਕ ਫੈਲੇ ਹੋਏ ਸਨ। ਰਿੱਗਵੇਦਾਂ ਦੇ ਸਮੇਂ ਵੀ ਭਾਰਤ ਵਿੱਚ ਕਈ ਜੱਟ ਕਬੀਲੇ ਵਸਦੇ ਸਨ।
ਮਹਾਭਾਰਤ ਵਿੱਚ ਰਾਜਪੂਤਾਂ ਦਾ ਕੋਈ ਜਿਕਰ ਨਹੀਂ। ਪੰਜਾਬ, ਸਿੰਧ, ਗੁਜਰਾਤ ਦੇ ਸੈਂਕੜੇ
ਜੱਟ ਕਬੀਲਿਆਂ ਦਾ ਵਰਣਨ ਹੈ। ਜੱਟਾਂ ਦੇ ਰਾਜਬੰਸਾਂ ਤੋਂ ਹੀ ਰਾਜਪੂਤ ਬਣੇ ਹਨ। ਬੈਂਸ
ਵੀ ਜੱਟਾਂ ਦਾ ਬਹੁਤ ਪੁਰਾਣਾ ਕਬੀਲਾ ਹੈ। ਬੈਂਸ ਗੋਤ ਦਾ ਵਡੇਰਾ ਬੈਂਸ ਹੀ ਸੀ। ਬੈਂਸਾਂ
ਦਾ ਮੋਢੀ ਪਿੰਡ ਮਾਹਿਲਪੁਰ ਸੀ। ਇਸ ਪਿੰਡ ਦਾ ਪਹਿਲਾ ਨਾਮ ਸ਼੍ਰੀ
ਮਾਲਪੁਰ ਸੀ। ਥਾਨੇਸਰ ਦੇ ਵਰਧਨ ਵੀ ਪਹਿਲਾਂ ਏਥੇ ਰਹਿੰਦੇ ਸਨ। ਪ੍ਰਸਿੱਧ
ਇਤਿਹਾਸਕਾਰ ਕਨਿੰਘਮ ਤੇ ਹਿਊਨਸਾਂਗ ਦੇ ਅਨੁਸਾਰ ਹਰਸ਼ ਵਰਧਨ ਵੀ ਬੈਂਸ
ਜੱਟਾਂ ਵਿਚੋਂ ਸੀ। ਮਾਹਿਲਪੁਰ ਦੇ ਇਲਾਕੇ ਵਿੱਚ ਬੈਂਸਾਂ ਦੇ 12 ਪਿੰਡ ਹਨ। ਬੈਂਸ ਬਹੁਤੇ
ਦੁਆਬੇ ਵਿੱਚ ਹੀ ਆਬਾਦ ਹਨ। ਦੁਆਬੇ ਤੋਂ ਬਹੁਤੇ ਬੈਂਸ ਅਮਰੀਕਾ ਤੇ ਕੈਨੇਡਾ ਆਦਿ ਬਾਹਰਲੇ
ਦੇਸ਼ਾਂ ਵਿੱਚ ਜਾਕੇ ਆਬਾਦ ਹੋ ਗਏ ਹਨ। ਦੀਦਾਰ ਸਿੰਘ ਬੈਂਸ ਦਾ ਜੱਦੀ ਪਿੰਡ ਨੰਗਲ ਖੁਰਦ
ਜਿਲ੍ਹਾ ਹੁਸ਼ਿਆਰਪੁਰ ਦੁਆਬੇ ਖੇਤਰ ਵਿੱਚ ਹੀ ਹੈ। ਹੁਸ਼ਿਆਰਪੁਰ ਵਿੱਚ ਇੱਕ ਬੈਂਸ ਨਾਮ ਦਾ
ਪਿੰਡ ਵੀ ਬਹੁਤ ਉਘਾ ਹੈ। ਇੱਕ ਹੋਰ ਬੈਂਸ ਪਿੰਡ ਤਹਿਸੀਲ ਆਨੰਦੁਪਰ ਜਿਲ੍ਹਾ ਰੂਪ ਨਗਰ
ਵਿੱਚ ਹੈ। ਨਵਾਂ ਸ਼ਹਿਰ ਜਿਲ੍ਹੇ ਦੇ ਇਲਾਕੇ ਵਿੱਚ ਵੀ ਇੱਕ ਬੈਂਸ ਭਾਈਚਾਰੇ ਦਾ ਪ੍ਰਸਿੱਧ
ਪਿੰਡ ਬੈਂਸ ਹੈ। ਪੰਜਾਬ ਵਿੱਚ ਬੈਂਸ ਨਾਮ ਦੇ ਕਈ ਪਿੰਡ ਹਨ। ਗੁਰਦਾਸਪੁਰ ਵਿੱਚ ਵੀ ਇੱਕ
ਪਿੰਡ ਦਾ ਨਾਮ ਬੈਂਸ ਹੈ। ਮਾਲਵੇ ਵਿੱਚ ਵੀ ਬੈਂਸ ਕਾਫ਼ੀ ਹਨ। ਮੁਕਤਸਰ ਖੇਤਰ ਦੇ ਬੈਂਸ ਵੀ
ਹੁਸ਼ਿਆਰਪੁਰ ਦੇ ਮਾਹਿਲਪੁਰ ਖੇਤਰ ਤੋਂ ਉਠਕੇ ਰਣਜੀਤ ਸਿੰਘ ਦੇ ਸਮੇਂ ਇਧਰ ਆਕੇ ਆਬਾਦ ਹੋਏ
ਹਨ। ਬਹੁਤੇ ਬੈਂਸ ਗੋਤ ਦੇ ਜੱਟ ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ ਤੇ ਕਪੂਰਥਲਾ ਵਿੱਚ
ਆਬਾਦ ਹਨ। ਕੁਝ ਰੋਪੜ, ਪਟਿਆਲਾ, ਨਾਭਾ ਤੇ ਲੁਧਿਆਣੇ ਦੇ ਖੇਤਰਾਂ ਵਿੱਚ ਵੀ ਵਸਦੇ ਹਨ।
ਮਾਝੇ ਦੇ ਗੁਰਦਾਸਪੁਰ ਖੇਤਰ ਵਿੱਚ ਵੀ ਬੈਂਸ ਗੋਤ ਦੇ ਜੱਟ ਕਾਫ਼ੀ ਹਨ। ਅਲਾਵਲਪੁਰ
(ਜਲੰਧਰ) ਦੇ ਬੈਂਸ ਸਰਦਾਰਾਂ ਦਾ ਵਡੇਰਾ, ਹੁਸ਼ਿਆਰਪੁਰ ਤੋਂ ਸਰਹੱਦ ਦੇ ਨਜ਼ਦੀਕ ਜੱਲਾ
ਖੇਤਰ ਵਿੱਚ ਆਇਆ ਸੀ। ਇਹ ਮਾਲਵੇ ਦਾ ਇਲਾਕਾ ਸੀ।
ਪੱਛਮੀ ਪੰਜਾਬ ਦੇ ਰਾਵਲਪਿੰਡੀ, ਜਿਹਲਮ, ਮਿੰਟਗੁੰਮਰੀ, ਝੰਗ, ਮੁਲਤਾਨ ਆਦਿ ਖੇਤਰਾਂ
ਵਿੱਚ ਬੈਂਸ ਜੱਟ ਬਹੁਗਿਣਤੀ ਵਿੱਚ ਮੁਸਲਮਾਨ ਬਣ ਗਏ ਸਨ। ਬੈਂਸ ਗੋਤ ਦੇ ਲੋਕ ਦਲਿਤ
ਜਾਤੀਆਂ ਵਿੱਚ ਵੀ ਬਹੁਤ ਹਨ। ਜੱਟਾਂ ਤੇ ਦਲਿਤਾਂ ਦੇ ਬਹੁਤ ਗੋਤ ਸਾਂਝੇ ਹਨ।
ਬ੍ਰਾਹਮਣ ਹੁਣ ਤੱਕ ਜੱਟਾਂ ਨੂੰ ਸ਼ੂਦਰ ਹੀ ਸਮਝਦੇ ਸਨ ਕਿਉਂਕਿ ਜੱਟਾਂ ਵਿੱਚ ਵੀ
ਸ਼ੂਦਰਾਂ ਵਾਂਗ ਕਰੇਵੇ ਦੀ ਰਸਮ ਪ੍ਰਚਲਿਤ ਸੀ। ਬਾਕੀ ਤਿੰਨਾਂ ਵਰਣਾਂ ਵਿੱਚ ਕਰੇਵੇ ਦੀ
ਰਸਮ ਅਸਲੋਂ ਹੀ ਵਿਵਰਜਤ ਸੀ। ਕਈ ਵਾਰ ਗਰੀਬ ਜੱਟ ਦਲਿਤਾਂ ਨਾਲ ਰਿਸ਼ਤੇਦਾਰੀ ਪਾਕੇ
ਉਨ੍ਹਾਂ ਵਿੱਚ ਵੀ ਰਲਮਿਲ ਜਾਂਦੇ ਸਨ। ਉਨ੍ਹਾਂ ਦਾ ਗੋਤ ਪਹਿਲਾਂ ਵਾਲਾ ਹੀ ਰਹਿੰਦਾ ਸੀ।
ਜਾਤੀ ਬਦਲ ਜਾਂਦੀ ਸੀ।
ਕੁਝ ਇਤਿਹਾਸਕਾਰਾਂ ਅਨੁਸਾਰ ਬੈਂਸ ਅਤੇ ਜੰਜੂ ਰਾਜਪੂਤ ਇਕੋ ਬਰਾਦਰੀ ਵਿਚੋਂ ਹਨ। ਕਰਨਲ
ਟਾਡ ਬੈਂਸ ਗੋਤ ਦੇ ਜੱਟਾਂ ਨੂੰ ਸੂਰਜਬੰਸੀ ਮੰਨਦਾ ਹੈ। ਇਹ ਛੱਤੀ ਸ਼ਾਹੀ ਰਾਜਪੂਤਾਂ
ਵਿਚੋਂ ਹਨ। 1881 ਈਸਵੀਂ ਦੀ ਜਨਸੰਖਿਆ ਸਮੇਂ ਪੂਰਬੀ ਤੇ ਪੱਛਮੀ ਪੰਜਾਬ ਵਿੱਚ ਬੈਂਸ
ਭਾਈਚਾਰੇ ਦੀ ਗਿਣਤੀ 28,971 ਸੀ।
ਬੈਂਸ ਬਹੁਤ ਹੀ ਪ੍ਰਸਿੱਧ ਤੇ ਪ੍ਰਭਾਵਸ਼ਾਲੀ ਜੱਟ ਹਨ। ਪੁਰਾਤਨ ਸਿੱਖ ਸਰਦਾਰ ਘਰਾਣਿਆਂ
ਵਿਚੋਂ ਹਿੰਮਤ ਸਿੰਘ ਅਲਾਉਲਪੁਰ ਦਾ ਖ਼ਾਨਦਾਨ ਬੈਂਸ ਬਹੁਤ ਪ੍ਰਸਿੱਧ ਸੀ। 1812 ਈਸਵੀਂ
ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਬੁਲਾ ਕੇ ਆਪਣਾ ਵਜ਼ੀਰ ਬਣਾ ਲਿਆ ਸੀ ਅਤੇ
ਅਲਾਉਲਪੁਰ ਜਿਲ੍ਹਾ ਜਲੰਧਰ ਵਿੱਚ ਬਹੁਤ ਵੱਡੀ ਜਾਗੀਰ ਦਿੱਤੀ ਸੀ।
ਬੈਂਸ ਜੱਟਾਂ ਦਾ ਮੁੱਢਲਾ ਘਰ ਪੰਜਾਬ ਦਾ ਦੁਆਬਾ ਖੇਤਰ ਹੀ ਹੈ। ਫਗਵਾੜੇ ਤੋਂ ਸੱਤ ਮੀਲ
ਦੂਰ ਬੈਂਸਲ ਪਿੰਡ ਹੀ ਹਰਿਆਣੇ ਅਤੇ ਉਤਰ ਪ੍ਰਦੇਸ਼ ਦੇ ਬੈਂਸ ਜੱਟਾਂ ਦੇ ਪੂਰਵਜ਼ਾ ਦਾ
ਮੁੱਢਲਾ ਪਿੰਡ ਸੀ। ਉਤਰ ਪ੍ਰਦੇਸ਼ ਵਿੱਚ ਬੈਂਸ ਰਾਜਪੂਤ ਵੀ ਹਨ ਅਤੇ ਜੱਟ ਵੀ ਹਨ। ਦਸਵੀਂ
ਸਦੀ ਵਿੱਚ ਅਵੱਧ ਦੇ ਬੈਂਸ ਰਾਜ ਘਰਾਣੇ ਨੇ ਆਪਣੇ ਆਪ ਨੂੰ ਰਾਜਪੂਤ ਘੋਸ਼ਿਤ ਕਰ ਦਿੱਤਾ।
ਉਤਰ ਪ੍ਰਦੇਸ਼ ਅਤੇ ਹਰਿਆਣੇ ਵਿੱਚ ਬੈਂਸ ਹਿੰਦੂ ਜਾਟ ਹਨ। ਕੁਝ ਰਾਜਪੂਤ ਹਿੰਦੂ ਹਨ। ਬੈਂਸ
ਜਾਂ ਬਸਾਂਤਿ ਇਕੋ ਹੀ ਗੋਤ ਹੈ। ਪ੍ਰਸਿੱਧ ਇਤਿਹਾਸਕਾਰ ਰਾਹੁਲ ਸਾਂਕਰਤਿਆਨ ਬੈਂਸ ਬੰਸ ਨੂੰ
ਕਸ਼ਤਰੀ ਬੰਸ ਹੀ ਦੱਸਦਾ ਹੈ। ਬੈਂਸ ਪੁਰਾਤਨ ਜੱਟ ਗੋਤ ਹੈ।
|