ਬੱਧਣ : ਇਹ ਜੱਟਾਂ ਦਾ ਇੱਕ ਛੋਟਾ ਜਿਹਾ ਕਬੀਲਾ ਹੈ। ਐਚ• ਏ• ਰੋਜ਼ ਅਨੁਸਾਰ
ਬੱਧਣ ਸਰੋਆ ਰਾਜਪੂਤਾਂ ਵਿਚੋਂ ਹਨ। ਇਨ੍ਹਾਂ ਦਾ ਵਡੇਰਾ ਕਾਲਾ ਸੀ ਜੋ ਜੰਮੂ ਵਿੱਚ ਰਹਿੰਦਾ
ਸੀ। ਕੁਝ ਸਮੇਂ ਜੰਮੂ ਰਹਿਕੇ ਇਹ ਸਿਆਲਕੋਟ ਤੇ ਦੁਆਬੇ ਵਿੱਚ ਆਬਾਦ ਹੋ ਗਏ ਸਨ। ਕਿਸੇ
ਸਮੇਂ ਸਰੋਆ ਰਾਜਪੂਤਾਂ ਦਾ ਦਿੱਲੀ ਦੇ ਖੇਤਰ ਵਿੱਚ ਰਾਜ ਸੀ। ਜਦੋਂ ਇਨ੍ਹਾਂ ਦਾ ਦਿੱਲੀ
ਤੋਂ ਰਾਜ ਖੁਸ ਗਿਆ ਤਾਂ ਇਹ ਰਾਜਸਥਾਨ ਦੇ ਸਰੋਏ ਖੇਤਰ ਤੇ ਕਾਬਜ਼ ਹੋ ਗਏ। ਰਾਜਸਥਾਨ ਵਿੱਚ
ਕਈ ਵਾਰ ਭਿਆਨਕ ਕਾਲ ਪੈ ਜਾਂਦਾ ਸੀ ਤਾਂ ਲੋਕ ਮਜਬੂਰਨ ਰਾਜਸਥਾਨ ਤੋਂ ਉਠਕੇ ਪੰਜਾਬ ਵੱਲ ਆ
ਜਾਂਦੇ ਸਨ। ਇਸ ਤਰ੍ਹਾਂ ਸ਼ਾਹ ਸਰੋਆ ਦੀ ਬੰਸ ਦੇ ਲੋਕ ਰਾਜਸਥਾਨ ਤੋਂ ਉਠਕੇ ਪੰਜਾਬ ਦੇ
ਫਿਰੋਜ਼ਪੁਰ ਖੇਤਰ ਵਿੱਚ ਆ ਗਏ। ਬੰਦੇ ਬਹਾਦਰ ਦੇ ਸਮੇਂ ਕਈ ਜੱਟ ਕਬੀਲੇ ਜੰਮੂ ਖੇਤਰ ਦੇ
ਪਹਾੜੀ ਇਲਾਕੇ ਵਿੱਚ ਆਬਾਦ ਹੋ ਗਏ ਸਨ। ਢਿੱਲੋਂ, ਢੀਂਡਸੇ, ਸੰਘੇ, ਮੱਲ੍ਹੀ ਤੇ ਦੁਸਾਂਝ
ਭਾਈਚਾਰੇ ਦੇ ਲੋਕ ਵੀ ਸ਼ਾਹ ਸਰੋਆ ਦੀ ਬੰਸ ਵਿਚੋਂ ਹਨ। ਬੱਧਣ ਗੋਤ ਦੇ ਲੋਕ
ਜੱਟ, ਦਲਿਤ ਤੇ ਹੋਰ ਜਾਤੀਆਂ ਵਿੱਚ ਵੀ ਹਨ। ਜੱਟ ਤੇ ਮਜ਼੍ਹਬੀ ਸਿੱਖ ਪੰਜਾਬ ਦੇ ਵੱਡੇ
ਭਾਈਚਾਰੇ ਹਨ। ਕਰਮ ਸਿੰਘ ਹਿਸਟੋਰੀਅਨ ਦੀ ਖੋਜ ਅਨੁਸਾਰ ਇਹ ਦੋਵੇਂ ਜਾਤੀਆਂ ਆਰੀਆਂ ਵਾਂਗ
ਮੱਧ ਏਸ਼ੀਆ ਤੋਂ ਪੰਜਾਬ ਵਿੱਚ ਆ ਵਸੇ ਸਨ। ਜੱਟਾਂ ਤੋਂ ਬਹੁਤੇ ਗੋਤ ਦਲਿਤਾਂ ਨਾਲ ਰਲਦੇ
ਹਨ। ਇਸਦੇ ਕਈ ਕਾਰਨ ਹਨ। ਕਰੇਵੇ ਦੀ ਰਸਮ ਵੀ ਜੱਟਾਂ ਤੇ ਦਲਿਤਾਂ ਨਾਲ ਪ੍ਰਚਲਿਤ ਸੀ।
ਰਾਜਪੂਤ ਤੇ ਹੋਰ ਉਚ ਜਾਤੀਆਂ ਵਿੱਚ ਕਰੇਵੇ ਦੀ ਰਸਮ ਬਿਲਕੁਲ ਹੀ ਨਹੀਂ ਸੀ।
ਦੁਆਬੇ ਵਿੱਚ ਬੱਧਣ ਉਪਜਾਤੀ ਦੇ ਕਈ ਪਿੰਡ ਹਨ। ਹੁਸ਼ਿਆਰਪੁਰ ਜਿਲ੍ਹੇ ਵਿੱਚ ਦਸੂਹਾ ਪਾਸ
ਬੱਧਣ ਗੋਤ ਦੇ ਜੱਟਾਂ ਦਾ ਪੁਰਾਣਾ ਤੇ ਪ੍ਰਸਿੱਧ ਪਿੰਡ ਬੱਧਣ ਹੈ। ਹੁਸ਼ਿਆਰਪੁਰ ਵਿੱਚ
ਸੰਧਰਾ ਅਤੇ ਜਲੰਧਰ ਨੇੜੇ ਸਲੇਮਪੁਰ ਮੁਸਲਮਾਨਾਂ ਵਾਲੀ ਵਿੱਚ ਵੀ ਬੱਧਣ ਭਾਈਚਾਰੇ ਦੇ
ਕਾਫ਼ੀ ਲੋਕ ਵਸਦੇ ਹਨ। ਇਸ ਖੇਤਰ ਵਿੱਚ ਇਨ੍ਹਾਂ ਦੇ ਜਠੇਰਿਆਂ ਦਾ ਇੱਕ ਮੇਲਾ ਵੀ ਲੱਗਦਾ
ਹੈ।
ਬੱਡਨ ਅਤੇ ਬੱਧਣ ਗੋਤ ਵਿੱਚ ਵੀ ਫਰਕ ਹੈ।
ਬੱਡਨ ਟਪਰੀਵਾਸ ਕਬੀਲਾ ਹੈ। ਬੱਧਣ ਜੱਟ ਅਤੇ ਗ਼ੈਰ ਜੱਟ ਵੀ ਹਨ ਜਿਹੜੇ ਸਰੋਆ
ਰਾਜਪੂਤਾਂ ਨੇ ਵਿਧਵਾ ਵਿਆਹ ਕਰ ਲਿਆ, ਉਹ ਜੱਟਾਂ ਅਤੇ ਦਲਿਤਾਂ ਵਿੱਚ ਰਲ ਗਏ। ਇਸ ਕਾਰਨ
ਹੀ ਉਚੀਆਂ ਜਾਤੀਆਂ ਦੇ ਲੋਕ ਜੱਟਾਂ ਨੂੰ ਨੀਵਾਂ ਸਮਝਦੇ ਸਨ। ਜੱਟਾਂ ਵਿੱਚ ਵੀ ਹਉਮੇ
ਹੁੰਦੀ ਸੀ। ਜੱਟ ਵੀ ਅਖੜ ਦੇ ਖਾੜਕੂ ਸਨ। ਜੱਟ ਵੀ ਆਪਣੇ ਆਪ ਨੂੰ ਸਭ ਤੋਂ ਤਾਕਤਵਰ ਤੇ
ਉਚਾ ਸਮਝਦੇ ਸਨ। ਬੱਧਣ ਗਿੱਲਾਂ ਦਾ ਵੀ ਉਪਗੋਤ ਹੈ। ਮੋਗੇ ਦੇ ਇਲਾਕੇ ਵਿੱਚ ਬੱਧਣੀ ਕਲਾਂ
ਦੇ ਇਰਦ ਗਿਰਦ ਬੱਧਣ ਗਿੱਲਾਂ ਦੇ ਕਈ ਪਿੰਡ ਹਨ।
ਗਿੱਲ ਪਾਲ ਦੇ ਅੱਠ ਪੁੱਤਰ ਸਨ ਜਿਨ੍ਹਾਂ ਵਿਚੋਂ ਬੱਧਣ, ਵੈਰਸੀ ਤੇ ਸ਼ੇਰਗਿੱਲ ਬਹੁਤ
ਪ੍ਰਸਿੱਧ ਹੋਏ ਹਨ। ਬੱਧਣ ਗਿੱਲ ਸੋਲ੍ਹਵੀਂ ਸਦੀ ਦੇ ਆਰੰਭ ਵਿੱਚ ਮੋਗੇ ਦੇ ਦੱਖਣ ਪੱਛਮ
ਵਿੱਚ ਵਸ ਗਏ। ਇਨ੍ਹਾਂ ਦੇ ਪ੍ਰਮੁੱਖ ਟਿਕਾਣੇ ਰਾਜੇਆਨਾ ਤੇ ਡਾਂਡਾ ਮੀਂਡਾ ਸਨ। ਇਸ ਇਲਾਕੇ
ਵਿੱਚ ਸੰਘਰ ਦੇ ਬਰਾੜਾਂ ਨੇ ਹਮਲਾ ਕਰਕੇ ਮੋਗਾ ਗਿੱਲ ਮਾਰ ਦਿੱਤਾ ਸੀ। ਡਾਂਡਾ ਮੀਂਡਾ
ਬਰਬਾਦ ਕਰ ਦਿੱਤਾ। ਗਿੱਲਾਂ ਨੂੰ ਚੜਿੱਕ, ਮੋਗਾ ਤੇ ਘੱਲ ਕਲਾਂ ਵੱਲ ਭਜਾ ਦਿੱਤਾ। ਗਿੱਲਾਂ
ਤੇ ਬਰਾੜਾਂ ਵਿੱਚ ਕਈ ਲੜਾਈਆਂ ਹੋਈਆਂ ਅੰਤ ਆਪਸ ਵਿੱਚ ਰਿਸ਼ਤੇਦਾਰੀਆਂ ਪੈਣ ਕਾਰਨ
ਦੁਸ਼ਮਣੀ ਤੇ ਲੜਾਈਆਂ ਖਤਮ ਹੋਈਆਂ। ਪ੍ਰਸਿੱਧ ਕਵੀਸ਼ਰ ਮਾਘੀ ਸਿੰਘ ਗਿੱਲਾਂ ਵਾਲਾ ਵੀ
ਬੱਧਣ ਗਿੱਲ ਸੀ।
ਸਿਆਲਕੋਟ ਖੇਤਰ ਦੇ ਬਹੁਤੇ ਬੱਧਣ ਮੁਸਲਮਾਨ ਬਣ ਗਏ ਸਨ। ਬੱਧਣ ਅਤੇ ਬੱਧਣ ਗਿੱਲ ਦੋ
ਵੱਖ ਵੱਖ ਗੋਤ ਹਨ। ਇਹ ਇਕੋ ਭਾਈਚਾਰੇ ਵਿਚੋਂ ਨਹੀਂ ਹਨ। ਬੱਧਣ ਭਾਈਚਾਰੇ ਦੇ ਲੋਕ ਹਿੰਦੂ,
ਮੁਸਲਮਾਨ ਤੇ ਸਿੱਖ ਤਿੰਨਾਂ ਧਰਮਾਂ ਵਿੱਚ ਵੀ ਵੰਡੇ ਹੋਏ ਹਨ। ਬੱਧਣ ਗਿੱਲ ਸਾਰੇ ਸਿੱਖ
ਹਨ। ਬੱਧਣ ਸਰੋਆ ਰਾਜਪੂਤਾਂ ਨਾਲ ਸੰਬੰਧਿਤ ਹਨ ਅਤੇ ਬੱਧਣ ਗਿੱਲ ਬਰਯਾਹ ਰਾਜਪੂਤਾਂ ਨਾਲ
ਸੰਬੰਧਿਤ ਹਨ। ਪੰਜਾਬ ਵਿੱਚ ਬੱਧਣ ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ। ਪੰਜਾਬੀ
ਗੀਤਕਾਰ ਚਰਨ ਸਿੰਘ ਬੰਬੀਹਾ ਭਾਈ ਵਾਲੇ ਵੀ ਬੱਧਣ ਭਾਈਚਾਰੇ ਵਿਚੋਂ ਹਨ। ਇਹ ਮਹਾਨ ਸਮਾਜ
ਸੇਵਕ ਵੀ ਹਨ। ਜੱਟਾਂ, ਰਾਜਪੂਤਾਂ, ਖੱਤਰੀਆਂ, ਸੈਣੀਆਂ, ਕੰਬੋਆ, ਪਿਛੜੀਆਂ ਸ਼੍ਰੇਣੀਆਂ
ਤੇ ਦਲਿਤਾਂ ਦੇ ਕਈ ਗੋਤ ਆਪਸ ਵਿੱਚ ਰਲਦੇ ਹਨ। ਸਭ ਦਾ ਪਿਛੋਕੜ ਸਾਂਝਾ ਹੈ। ਵਿਦਿਆ
ਪ੍ਰਾਪਤ ਕੀਤੇ ਬਿਨਾਂ ਕੋਈ ਜਾਤੀ ਉਨਤੀ ਨਹੀਂ ਕਰ ਸਕਦੀ। ਵਿਦਿਆ ਸਰਬੋਤਮ ਹੈ। ਬੱਧਣ ਸਰੋਆ
ਰਾਜਪੂਤਾਂ ਦਾ ਉਪਗੋਤ ਹੈ। ਇਹ ਬਹੁਤ ਹੀ ਛੋਟਾ ਗੋਤ ਹੈ। ਵਿਦਿਆ ਤੇ ਗਿਆਨ ਪ੍ਰਾਪਤੀ ਵੀ
ਦਲਿਤ ਜਾਤੀਆਂ ਵਿੱਚ ਸਮਾਜਿਕ ਤੇ ਆਰਥਿਕ ਤਬਦੀਲੀ ਲਿਆਉਣ ਵਿੱਚ ਸਹਾਈ ਹੋ ਸਕਦੀ ਹੈ।
ਜੱਟਾਂ ਲਈ ਵੀ ਵਿਦਿਆ ਬਹੁਤ ਜ਼ਰੂਰੀ ਹੈ।
|