WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 

ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ
  ਇਤਿਹਾਸ
  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ

  ਆਮ ਜਾਣਕਾਰੀ

  ਕਹਾਣੀ
  ਕਾਵਿਤਾ
  ਸਾਨੂੰ ਲਿਖੋ
 

ਔਲਖ :

ਜੱਟਾਂ ਦਾ ਇਤਿਹਾਸ: ਹੁਸ਼ਿਆਰ ਸਿੰਘ ਦੁਲੇਹ

ਔਲਖ – ਔਲ਼ਖ, ਔਲਕ ਤੇ ਔਰੇ ਇਕੋ ਹੀ ਗੋਤ ਹੈ। ਔਲ਼ਖ ਸੂਰਜ ਬੰਸ ਵਿਚੋਂ ਹਨ। ਇਸ ਬੰਸ ਦਾ ਮੋਢੀ ਔਲਕ ਸੀ। ਇਹ ਜੱਗਦੇਉ ਪਵਾਰ ਨੂੰ ਵੀ ਆਪਣਾ ਵਡੇਰਾ ਮੰਨਦੇ ਹਨ। ਇਹ ਬਹੁਤੇ ਮਾਲਵੇ ਤੇ ਮਾਝੇ ਵਿਚ ਹੀ ਆਬਾਦ ਹਨ। ਪੱਛਮੀ ਪੰਜਾਬ ਵਿਚ ਬਹੁਤੇ ਔਲ਼ਖ ਮੁਸਲਮਾਨ ਬਣ ਗਏ ਸਨ। ਪੰਜਾਬ ਵਿਚ ਔਲ਼ਖ ਨਾਮ ਦੇ ਕਈ ਪਿੰਡ ਹਨ। ਮੁਕਤਸਰ ਤੇ ਫਰੀਦਕੋਟ ਦੇ ਖੇਤਰਾਂ ਵਿਚ ਵੀ ਔਲ਼ਖ ਨਾਮ ਦੇ ਦੋ ਪਿੰਡ ਹਨ। ਮਾਨਸਾ ਵਿਚ ਵੀ ਗੁਰਨੇ ਕਲਾਂ ਔਲਖਾਂ ਦਾ ਪ੍ਰਸਿਧ ਪਿੰਡ ਹੈ। ਲੁਧਿਆਣੇ ਦੇ ਇਲਾਕੇ ਜਰਗ ਤੋਂ ਔਲ਼ਖ ਮਾਝੇ ਵਲ ਚਲੇ ਗਏ। ਮਾਝੇ ਵਿਚ ਔਲਖਾਂ ਦੇ 12 ਪਿੰਡ ਹਨ। ਇਸਨੂੰ ਬਾਰਹਾ ਖੇਤਰ ਕਹਿੰਦੇ ਹਨ।

ਤਰਨਤਾਰਨ ਤੋਂ 18 ਕਿਲੋਮੀਟਰ ਦੂਰ ਕਸਬਾ ਸ਼ਾਹਬਾਜ਼ਪੁਰ ਤੇ ਇਸਦੇ ਤਿੰਨ ਕਿਲੋਮੀਟਰ ਦੇ ਘੇਰੇ ਵਿਚ ਸਥਿਤ 'ਬਾਰਹਾ' ਕਰਕੇ ਜਾਣ ਜਾਂਦੇ 12 ਪਿੰਡਾਂ ਵਿਚ ਬਹੁਤੇ ਔਲ਼ਖ ਉਪਜਾਤੀ ਦੇ ਜੱਟ ਰਹਿੰਦੇ ਹਨ। ਅੰਬਾਲਾ, ਰੋਪੜ, ਪਟਿਆਲਾ ਤੇ ਸੰਗਰੂਰ ਦੇ ਇਲਾਕੇ ਵਿਚ ਵੀ ਔਲ਼ਖ ਕਾਫੀ ਹਨ। ਪੱਛਮੀ ਉੱਤਰ ਪ੍ਰਦੇਸ਼ ਵਿਚ ਵੀ ਔਲਖਾਂ ਦੇ ਕਾਫੀ ਪਿੰਡ ਹਨ। ਮਾਝੇ ਤੋਂ ਔਲਖ ਗੋਤ ਦੇ ਕੁਝ ਲੋਕ ਰਾਵੀ ਤੋਂ ਪੱਛਮ ਵਲ ਵੀ ਚਲੇ ਗਏ। ਮਿੰਟਗੁੰਮਰੀ ਦੇ ਇਲਾਕੇ ਵਿਚ ਬਹੁਤੇ ਔਖ ਮੁਸਲਮਾਨ ਹਨ। ਇਸ ਇਲਾਕੇ ਵਿਚ ਹਮਾਯੂੰ ਦੇ ਸਮੇਂ ਪੀਰ ਮੁਹੰਮਦ ਰਾਜਨ ਦੇ ਪ੍ਰਭਾਵ ਕਾਰਨ ਔਲ਼ਖ ਜੱਟਾਂ ਨੇ ਇਸਲਾਮ ਧਾਰਨ ਕਰ ਲਿਆ ਸੀ। ਬੇਸ਼ਕ ਔਲਖ ਜੱਟਾਂ ਦੀ ਗਿਣਤੀ ਬਹੁਤੀ ਨਹੀ, ਹੁਣ ਤਾਂ ਇਹ ਸਾਰੇ ਪੰਜਾਬ ਵਿਚ ਫੈਲ਼ੈ ਹੋਏ ਹਨ। ਇਹ ਸੇਖੋਂ ਤੇ ਦਿਉਲ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ। ਇਨ੍ਹਾਂ ਨਾਲ ਵਿਆਹ ਸਾਦੀ ਨਹੀਂ ਕਰਦੇ ਸਨ। ਔਲ਼ਖ ਦਲਿਤ ਜਾਤੀਆਂ ਵਿਚ ਵੀ ਹਨ। ਔਲਖਾਂ ਦਾ ਸਾਂਦਲ ਬਾਰ ਵਿਚ ਕੇਵਲ ਇਕ ਪਿੰਡ ਔਲਖ ਨਾਮ ਦਾ ਹੀ ਸੀ। ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦਾਂ ਸਿਆਲਕੋਟ ਦੇ ਪਿੰਡ ਚਾਹਵੜ ਦੇ ਔਲਖਾਂ ਦੀ ਧੀ ਸੀ। ਇਕ ਹੋਰ ਰਵਾਇਤ ਅਨੁਸਾਰ ਔਲਖ ਜੱਟ ਰਾਜਾ ਲੂਈਲਾਕ ਦੀ ਬੰਸ ਵਿਚੋਂ ਹਨ। ਉਜੈਨੀ ਦਾ ਇਕ ਸਾਂਮਤ ਰਾਜਾ ਯਸ਼ੋਧਰਮਾਨ ਔਲਖ ਬੰਸ ਵਿਚੋਂ ਸੀ। ਕਈ ਇਤਿਹਾਸਕਾਰ ਔਲਖਾਂ ਨੂੰ ਮਹਾਂਭਾਰਤ ਦੇ ਸਮੇਂ ਦਾ ਇਕ ਪੁਰਾਣਾ ਕਬੀਲਾ ਮੰਨਦੇ ਹਨ। ਔਲਖ ਹਿੰਦੂ ਜਾਟ ਵੀ ਹਨ। ਇਬਟਸਨ ਨੇ 1881 ਈਸਵੀ ਦੀ ਜਨਸੰਖਿਆ ਅਨੁਸਾਰ ਆਪਣੀ ਕਿਤਾਬ ਵਿਚ ਔਲਖ ਜੱਟਾਂ ਦੀ ਕੁਲ ਗਿਣਤੀ 23,689 ਲਿਖੀ ਹੈ। ਸਾਬਕਾ ਚੀਫ ਏਅਰ ਮਾਰਸ਼ਲ ਸਰਦਾਰ ਅਰਜਨ ਸਿੰਘ ਅੰਮ੍ਰਿਤਸਰ ਦਾ ਔਲਖ ਜੱਟ ਹੈ। ਇਹ ਬਹੁਤ ਯੋਗ ਤੇ ਦਲੇਰ ਅਫਸਰ ਸੀ। ਸਰਦਾਰ ਅਰਜਨ ਸਿੰਘ ਦਾ ਪਿੰਡ ਨਾਰਲੀ ਹੈ। ਅੰਮ੍ਰਿਤਸਰ ਜ਼ਿਲੇ ਦੇ ਪਿੰਡਾਂ ਨਾਰਲੀ, ਠੱਠਾ, ਸਰਹਾਲੀ ਵੱਡੀ, ਕੋਹਾਲਾ, ਕੋਹਾਲੀ, ਵੈਰਵੋਵਾਲ, ਲੋਪੋਕੇ, ਸ਼ਹਬਾਜ਼ਪੁਰ ਆਦਿ ਵਿਚ ਔਲਖ ਜੱਟ ਕਾਫੀ ਵਸਦੇ ਹਨ।

ਔਲਖ ਗੋਤ ਦਾ ਔਲਖ ਪਿੰਡ ਧਾਰੀਵਾਲ ਖੇਤਰ ਜ਼ਿਲਾ ਗੁਰਦਾਸਪੁਰ ਵਿਚ ਵੀ ਹੈ। ਫਿਰੋਜ਼ਪੁਰ ਦੇ ਜ਼ੀਰੇ ਖੇਤਰ ਵਿਚ ਕੋਹਾਲਾ ਪਿੰਡ ਵੀ ਸਾਰਾ ਔਲਖ ਗੋਤ ਦੇ ਜੱਟਾਂ ਦਾ ਹੈ। ਲੁਧਿਆਣੇ ਜ਼ਿਲੇ ਵਿਚ ਔਲਕਾਂ ਦੇ ਕਈ ਪਿੰਡ ਹਨ। ਜਰਗ ਦੇ ਪਾਸ ਦੁਧਾਲ ਵੀ ਔਲਖਾਂ ਦਾ ਪ੍ਰਸਿਧ ਪਿੰਡ ਹੈ। ਮਲੇਰਕੋਟਲਾ ਖੇਤਰ ਵਿਚ ਕੁੱਪ ਪਿੰਡ ਵੀ ਔਲਖ ਭਾਈਚਾਰੇ ਦਾ ਹੈ। ਰੋਪੜ ਖੇਤਰ ਵਿਚ ਵੀ ਕੁਝ ਔਲਖ ਵਸਦੇ ਹਨ। ਮਾਝੇ ਤੇ ਮਾਲਵੇ ਵਿਚ ਔਲਖ ਗੋਤ ਕਾਫੀ ਪ੍ਰਸਿਧ ਹੈ।

ਪੂਰਬੀ ਪੰਜਾਬ ਵਿਚ ਔਲ਼ਖ ਜੱਟ ਸਿੱਖ ਹਨ। ਪੱਛਮੀ ਪੰਜਾਬ ਵਿਚ ਬਹੁਤੇ ਔਲ਼ਖ ਮੁਸਲਮਾਨ ਸਨ। ਐੱਚ ਏ ਰੋਜ਼ ਆਪਣੀ ਕਿਤਾਬ ਗਲੌਸਰੀ ਆਫ ਟ੍ਰਾਈਬਜ਼ ਐਂਡ ਕਾਸਟਸ ਪੰਨਾ-221 ਉਤੇ ਔਲ਼ਖਾਂ, ਦਿਉਲਾਂ, ਦਲੇਵਾਂ, ਬਲਿੰਗਾਂ ਤੇ ਪਾਮਰਾਂ ਨੂੰ ਜਗਦੇਉ ਦੀ ਬੰਸ ਵਿਚੋਂ ਲਿਖਦਾ ਹੈ। ਔਲਖ ਬੰਸ ਵਿਚੋਂ ਧਨਿਚ ਵੀ ਬਹੁਤ ਪ੍ਰਸਿਧ ਸੂਰਬੀਰ ਸੀ।

ਹਿਮਾਚਲ ਪ੍ਰਦੇਸ਼ ਦੀ ਤਹਿਸੀਲ ਊਨਾ ਦੇ ਪ੍ਰਸਿਧ ਪਿੰਡ ਸੰਤੋਖਗੜ੍ਹ ਵਿਚ ਵੀ ਔਲ਼ਖ ਗੋਤ ਦੇ ਜੱਟ ਆਬਾਦ ਹਨ। ਉਤਰ ਪ੍ਰਦੇਸ਼ ਵਿਚ ਹਿੰਦੂ ਜੱਟਾਂ ਨੂੰਔਲ਼ਖ ਜਾਂ ਔਰੇ ਕਿਹਾ ਜਾਂਦਾ ਹੈ। ਕੈਪਟਨ ਦਲੀਪ ਸਿੰਘ ਅਹਿਲਾਵਤ ਆਪਣੀ ਪੁਸਤਕ ਦੇ ਪੰਨਾ 248 ਉਤੇ ਲਿਖਦਾ ਹੈ ਕਿ ਮਹਾਂਭਾਰਤ ਦੇ ਸਮੇਂ ਔਲਖ ਨਰੇਸ਼ ਦਾ ਮਹਾਰਾਜਾ ਯੁਧਿਸ਼ਟਰ ਦੀ ਸਭਾ ਵਿਚ ਆਣਾ ਪ੍ਰਮਾਣਿਤ ਹੁੰਦਾ ਹੈ। ਅਸਲ ਵਿਚ ਔਲ਼ਖ ਬਹੁਤ ਹੀ ਪਰਾਚੀਨ ਜੱਟ ਘਰਾਣਾ ਹੈ। ਇਹ ਪਰਮਾਰ ਜੱਟਾਂ ਵਿਚੋਂ ਹੀ ਹਨ। ਪ੍ਰੋ ਗਰਚਰਨ ਸਿੰਘ ਔਲਖ ਪੰਜਾਬ ਦੇ ਉਘੇ ਇਤਿਹਾਸਕਾਰ ਹਨ। ਦੁਆਬੇ ਤੇ ਮਾਝੇ ਵਿਚੋਂ ਕੁਝ ਔਲਖ ਬਦੇਸ਼ਾਂ ਵਿਚ ਜਾ ਕੇ ਆਬਾਦ ਹੋ ਗਏ ਹਨ।

ਔਲ਼ਖ ਬਹੁਤ ਹੀ ਉਘਾ ਤੇ ਪ੍ਰਭਾਵਸ਼ਾਲੀ ਗੋਤ ਹੈ। ਬੀ ਐੱਸ ਦਾਹੀਆ ਵੀ ਆਪਣੀ ਕਿਤਾਬ ਜਾਟਸ ਪੰਨਾ 245 ਤੇ ਔਲ਼ਖਾਂ ਨੂੰ ਮਹਾਂਭਾਰਤ ਦੇ ਸਮੇਂ ਦਾ ਬਹੁਤ ਹੀ ਪ੍ਰਾਚੀਨ ਜੱਟ ਕਬੀਲਾ ਲਿਖਦਾ ਹੈ। ਪਰਮਾਰ ਵੀ ਜੱਟਾਂ ਦਾ ਪੁਰਾਣਾ ਤੇ ਸਕਤੀਸ਼ਾਲੀ ਘਰਾਣਾ ਸੀ। ਅਸਲ ਵਿਚ ਔਲਖ ਰਾਜੇ ਜਗਦੇਉ ਦੇ ਭਾਈਚਾਰੇ ਦੇ ਵਿਚੋਂ ਹਨ। ਇਹ ਪਰਮਾਰ ਬੰਸੀ ਹਨ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com