ਸਿੱਖ ਗੁਰੂ ਸਹਿਬਾਨ ਦੀ ਚਰਨ ਛੋਹ ਧਰਤੀ ਵਿਖੇ
ਗੁਰੂਦੁਆਰਾ ਸਾਹਿਬ ਦੀ ਸਥਾਪਨਾ
|
ਸਤਨਾਮ ਸਿੰਘ ਚਾਹਲ |
ਦੇਸ਼ ਵਿਦੇਸ਼ ਵਿਚ ਬਹੁਤ ਸਾਰੀਆਂ ਥਾਵਾਂ ਸ਼ਾਇਦ
ਅਜੇ ਵੀ ਅਜਿਹੀਆਂ ਹੋਣਗੀਆਂ ਜਿਹਨਾਂ ਥਾਂਵਾਂ ਨੂੰ ਸਾਡੇ ਗੁਰੂ ਸਾਹਿਬ ਦੇ ਚਰਨਾਂ ਦੀ
ਛੁਹ ਤਾਂ ਪਰਾਪਤ ਹੋਈ ਹੋਏਗੀ ਲੇਕਿਨ ਅਜਿਹੀਆਂ ਥਾਵਾਂ ਦੀ ਜਾਣਕਾਰੀ ਉਸ ਇਲਾਕੇ ਦੇ
ਲੋਕਾਂ ਨੂੰ ਹੋਣ ਜਾਂ ਨਾਂ ਹੋਣ ਦੇ ਬਾਵਜੂਦ ਵੀ ਉਹਨਾਂ ਥਾਵਾਂ ਉਪਰ ਗੁਰੁ ਸਹਿਬਾਨ
ਦੀਆਂ ਯਾਦਾਂ ਨੂੰ ਸੰਭਾਲਣ ਦਾ ਕੰਮ ਅਧੂਰਾ ਰਹਿ ਗਿਆ ਹੋਵੇਗਾ ਜਾਂ ਅਜਿਹੀਆਂ ਥਾਵਾਂ
ਉਪਰ ਅਜਿਹੀਆਂ ਯਾਦਾਂ ਨੂੰ ਸੰਭਾਲਣ ਦਾ ਕੰਮ ਉਥੇ ਦੇ ਸਥਾਨਕ ਲੋਕਾਂ ਵਲੋਂ ਅਜੇ ਤਕ
ਵੀ ਜਾਰੀ ਨਹੀਂ ਕੀਤਾ ਗਿਆ ਹੋਏਗਾ। ਲੇਕਿਨ ਇਹ ਇਕ ਹਕੀਕਤ ਹੈ ਕਿ ਜਦੋਂ ਵੀ ਸਿੱਖਾਂ
ਨੂੰ ਆਪਣੇ ਕਿਸੇ ਗੁਰੁ ਸਾਹਿਬ ਦੀ ਕੋਈ ਅਜਿਹੀ ਯਾਦਗਾਰ ਦਾ ਪਤਾ ਲਗਦਾ ਹੈ ਤਾਂ ਸਿੱਖ
ਸੰਗਤਾਂ ਗੁਰੂ ਸਹਿਬਾਨ ਦੀ ਚਰਨ ਛੋਹ ਅਜਿਹੀ ਧਰਤੀ ਨੂੰ ਇਕ ਤੀਰਥ ਅਸਥਾਨ ਵਜੋਂ
ਬਣਾਉਣ ਦੇ ਉਦਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛਡਦੀਆਂ।
ਗੁਰੁ ਸਾਹਿਬਾਨ ਦੀ ਚਰਨ ਛੋਹ ਧਰਤੀ ਨਾਲ ਸਬੰਧਤ
ਅਜਿਹੇ ਇਕ ਸਥਾਨ ਬਾਰੇ ਸਾਨੂੰ ਲੋਕਾਂ ਨੇ ਉਸ ਵਕਤ ਦਸਿਆ ਜਦੋਂ ਅਸੀਂ ਇਲਾਕੇ ਦੇ
ਅਕਾਲੀ ਵਰਕਰਾਂ ਦੀ ਪਿੰਡ ਸਿਧਵਾਂ ਦੋਨਾਂ ਵਿਚ ਮੀਟਿੰਗ ਕਰ ਰਹੇ ਸਾਂ। ਸਾਨੂੰ ਦੱਸਿਆ
ਗਿਆ ਕਿ ਸਿੱਖ ਇਤਿਹਾਸਕਾਰਾਂ ਅਨੁਸਾਰ ਇਸ ਇਲਾਕੇ ਦੇ ਪਿੰਡ ਕੇਸਰਪੁਰ ਦੀ ਧਰਤੀ ਨੂੰ
ਗੁਰੁ ਸਹਿਬਾਨ ਦੀ ਚਰਨ ਛੋਹ ਪਰਾਪਤ ਹੈ ਜਿਸ ਦੀ ਪਵਿੱਤਰ ਯਾਦਗਾਰ ਬੇਰ ਸਾਹਿਬ ਅਜੇ
ਵੀ ਇਸ ਪਿੰਡ ਵਿਚ ਮੌਜੂਦ ਹੈ। ਲੇਕਿਨ ਇਸ ਥਾਂ ਉਪਰ ਕੋਈ ਇਤਹਾਸਕ ਗੁਰੂਦੁਆਰਾ ਸਾਹਿਬ
ਨਹੀਂ ਹੈ। ਮੀਟਿੰਗ ਵਿਚ ਇਹ ਵੀ ਵਿਚਾਰ ਕੀਤਾ ਗਿਆ ਕਿ ਇਸ ਪਵਿਤਰ ਧਰਤੀ ਉਪਰ ਇਕ
ਸ਼ਾਂਨਦਾਰ ਗੁਰੂਦੁਆਰਾ ਸਾਹਿਬ ਦੀ ਸਥਾਪਨਾ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ
ਹਨ। ਇਸ ਮੀਟਿੰਗ ਵਿਚ ਮੇਰੇ ਸਮੇਤ, ਜਥੇਦਾਰ ਚੰਦਾ ਸਿੰਘ ਸੈਦੋਵਾਲ ਤੇ ਜਥੇਦਾਰ
ਗੁਰਬਖਸ਼ ਸਿੰਘ ਔਜਲਾ ਤੇ ਅਧਾਰਤ ਇਕ ਕਮੇਟੀ ਬਣਾ ਕੇ ਇਸ ਸਾਰੇ ਪਰੋਜੈਕਟ ਨੂੰ ਸ਼ੁਰੂ
ਕਰਨ ਦਾ ਫੈਸਲਾ ਕੀਤਾ ਗਿਆ। ਅਗਲੇ ਦਿਨ ਅਕਾਲੀ ਦਲ ਵਲੋਂ ਨਿਯੁਕਤ ਇਹ ਕਮੇਟੀ ਪਿੰਡ
ਕੇਸਰਪੁਰ ਲਈ ਰਵਾਨਾ ਹੋ ਗਈ ਜਿਥੇ ਇਸ ਕਮੇਟੀ ਦੇ ਮੈਂਬਰਾਂ ਨੇ ਪਿੰਡ ਦੇ ਮੋਹਤਬਰ
ਲੋਕਾਂ ਨਾਲ ਇਸ ਵਿਸ਼ੇ ਬਾਰੇ ਗਲਬਾਤ ਕੀਤੀ।
ਉਸ ਵਕਤ ਇਸ ਪਿੰਡ ਵਿਚ ਲੋਕ ਦੋ ਵੱਖ ਵੱਖ ਧੜਿਆਂ
ਵਿਚ ਵੰਡੇ ਹੋਏ ਸਨ। ਜਿਹਨਾਂ ਵਿਚੋਂ ਇਕ ਧੜੇ ਦੀ ਅਗਵਾਈ ਜਥੇਦਾਰ ਹਜਾਰਾ ਸਿੰਘ ਤੇ
ਦੂਸਰੇ ਧੜੇ ਦੀ ਅਗਵਾਈ ਸ: ਸਿੰਗਾਰਾ ਸਿੰਘ ਕਰਿਆ ਕਰਦੇ ਸਨ। ਪਿੰਡ ਦੇ ਲੋਕ ਭਾਵੇਂ
ਦੋ ਗਰੁੱਪਾਂ ਵਿਚ ਵੰਡੇ ਹੋਏ ਸਨ ਲੇਕਿਨ ਪਿੰਡ ਦੇ ਸਰਬਪੱਖੀ ਵਿਕਾਸ ਦੇ ਕੰਮਾਂ ਲਈ
ਦੋਹਾਂ ਹੀ ਧੜਿਆਂ ਦੇ ਲੋਕਾਂ ਦੀ ਬਹੁਤ ਉਸਾਰੂ ਸੋਚ ਹੁੰਦੀ ਸੀ। ਇਸ ਲਈ ਜਿਸ ਵਕਤ
ਅਸੀ ਪਿੰਡ ਦੇ ਲੋਕਾਂ ਨੂੰ ਦਸਿਆ ਕਿ ਅਸੀਂ ਇਸ ਇਤਿਹਾਸਕ ਪਿੰਡ ਦਾ ਵਿਕਾਸ ਕਰਕੇ
ਗੁਰੁ ਸਹਿਬਾਨ ਨਾਲ ਸਬੰਧਤ ਇਕ ਸ਼ਾਂਨਦਾਰ ਗੁਰੂਦੁਆਰਾ ਸਾਹਿਬ ਦੀ ਸਥਾਪਨਾ ਕਰਨਾ
ਚਾਹੁੰਦੇ ਹਾਂ ਤਾਂ ਪਿੰਡ ਦੇ ਸਾਰੇ ਲੋਕਾਂ ਨੇ ਸਾਡੇ ਇਸ ਮਿਸ਼ਨ ਨੂੰ ਕੇਵਲ ਪਰਵਾਨਗੀ
ਹੀ ਨਹੀਂ ਦਿਤੀ ਸਗੋਂ ਪੂਰੇ ਸਹਿਯੋਗ ਨਾਲ ਇਸ ਕਾਰਜ ਨੂੰ ਆਰੰਭ ਕਰਨ ਵਿਚ ਸਾਡੀ
ਸਹਾਇਤਾ ਵੀ ਕੀਤੀ। ਸ਼ੁਰੂ ਵਿਚ ਫੈਸਲਾ ਹੋਇਆ ਕਿ ਇਸ ਇਤਿਹਾਸਕ ਸਥਾਨ ਉਪਰ ਹਰ ਮੱਸਿਆ
ਤੇ ਸਗਰਾਂਦ ਵਾਲੇ ਦਿਨ ਧਾਰਮਿਕ ਸਮਾਗਮ ਕੀਤੇ ਜਾਣ। ਇਸ ਤੋਂ ਬਾਅਦ ਇਸ ਸਾਰੇ
ਪਰੋਜੈਕਟ ਦੀ ਰੂਪ ਰੇਖਾ ਤਿਆਰ ਕਰਕੇ ਇਸ ਸਾਰੇ ਪਰੋਜੈਕਟ ਵਿਚ ਇਲਾਕੇ ਦੇ ਲੋਕਾਂ ਦੀ
ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ।
ਇਸ ਤਰਾਂ ਕਾਫੀ ਸਮੇਂ ਤਕ ਇਸ ਥਾਂ ਉਪਰ ਹਰ
ਮਹੀਨੇ ਧਾਰਮਿਕ ਦੀਵਾਨ ਲਗਾਉਣ ਦਾ ਸਿਲਸਿਲਾ ਚਲਦਾ ਰਿਹਾ। ਜਦ ਲੋਕਾਂ ਨੂੰ ਇਸ ਸਥਾਨ
ਦੀ ਇਤਹਾਸਕ ਮਹਾਨਤਾ ਦਾ ਪਤਾ ਲਗਣ ਲਗਾ ਤਦ ਜਾ ਕੇ ਇਹ ਫੈਸਲਾ ਕੀਤਾ ਗਿਆਂ ਕਿ ਇਸ
ਥਾਂ ਉਪਰ ਇਕ ਵਿਸ਼ਾਲ ਧਾਰਮਿਕ ਸਮਾਗਮ ਕਰਕੇ ਇਸ ਪਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇ।
ਇਸ ਵਿਸ਼ਾਲ ਧਾਰਮਿਕ ਸਮਾਗਮ ਲਈ ਦਿਨ ਤੇ ਸਮਾਂ ਨੀਅਤ ਕਰ ਦਿਤਾ ਗਿਆ। ਸਮਾਗਮ ਵਿਚ
ਸ਼ਾਮਲ ਹੋਣ ਲਈ ਸ: ਆਤਮਾ ਸਿੰਘ, ਸ: ਅਮਰ ਸਿੰਘ ਦੁਸਾਂਝ ਤੇ ਉਸ ਵੇਲੇ ਕੌਮੀ ਦਰਦ
ਅਖਬਾਰ ਦੇ ਸੰਪਾਦਕ ਸ: ਭਰਪੂਰ ਸਿੰਘ ਬਲਬੀਰ ਨੂੰ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿਚ
ਬੁਲਾਇਆ ਗਿਆ। ਇਸ ਧਾਰਮਿਕ ਸਮਾਗਮ ਨੂੰ ਸਫਲ ਕਰਨ ਲਈ ਅਕਾਲੀ ਦਲ ਵਲੋਂ ਬਹੁਤ ਪਰਚਾਰ
ਕੀਤਾ ਗਿਆ ਤਾਂ ਕਿ ਇਸ ਸਮਾਗਮ ਵਿਚ ਲੋਕਾਂ ਦੀ ਵਧ ਤੋਂ ਵਧ ਹਾਜਰੀ ਨੂੰ ਯਕੀਨੀ
ਬਣਾਇਆ ਜਾ ਸਕੇ। ਧਾਰਮਿਕ ਦੀਵਾਨ ਦੀ ਨਿਯੁਕਤ ਕੀਤੀ ਗਈ ਤਰੀਕ ਉਪਰ ਸਿੱਖ ਸੰਗਤਾਂ ਦਾ
ਬਹੁਤ ਵਿਸ਼ਾਲ ਇਕੱਠ ਹੋਇਆ ਜਿਸ ਕਾਰਣ ਸਾਡੇ ਹੌਂਸਲੇ ਇਸ ਸਾਰੇ ਪਰੌਜੈਕਟ ਨੂੰ ਸ਼ੁਰੂ
ਕਰਨ ਲਈ ਹੋਰ ਵੀ ਬੁਲੰਦ ਹੋ ਗਏ। ਇਸ ਵਿਸ਼ਾਲ ਸਮਾਗਮ ਵਿਚ ਹਾਜਰ ਸੰਗਤਾਂ ਨੂੰ ਸ: ਅਮਰ
ਸਿੰਘ ਦੁਸਾਂਝ, ਸ: ਆਤਮਾ ਸਿੰਘ ਤੇ ਸ: ਭਰਪੂਰ ਸਿੰਘ ਬਲਬੀਰ ਨੇ ਸੰਬੋਧਨ ਕੀਤਾ।
ਇਹਨਾਂ ਵਿਚੋਂ ਸ: ਦੁਸਾਂਝ ਤੇ ਸ: ਬਲਬੀਰ ਦਾ ਲੈਕਚਰ ਬਹੁਤ ਪਰਭਾਵਸ਼ਾਲੀ ਹੋਣ ਕਰਕੇ
ਸਮਾਗਮ ਵਿਚ ਸ਼ਾਮਲ ਸੰਗਤਾਂ ਨੇ ਇਸ ਥਾਂ ਉਪਰ ਯਾਦਗਾਰ ਸ਼ਥਾਨ ਬਣਾਉਣ ਲਈ ਪੂਰਾ ਵਿਸ਼ਵਾਸ਼
ਹੀ ਨਹੀਂ ਦਿਵਾਇਆ ਸਗੋਂ ਮੌਕੇ ਉਪਰ ਹੀ ਇਸ ਸਾਰੇ ਪਰੌਜੈਕਟ ਲਈ ਮਾਇਆ ਵੀ ਦਿਤੀ। ਇਸ
ਪਿੰਡ ਦੇ ਵੱਖ ਵੱਖ ਵਿਚਾਰਾਂ ਵਾਲੇ ਲੋਕਾਂ ਵਲੋਂ ਜਿਸ ਤਰਾਂ ਸਾਨੂੰ ਪੂਰੀ ਇਮਾਨਦਾਰੀ
ਨਾਲ ਇਸ ਸਾਰੇ ਪਰੋਜੈਕਟ ਨੂੰ ਸ਼ੁਰੂ ਕਰਨ ਲਈ ਸਹਿਯੋਗ ਦਿਤਾ ਗਿਆ ਉਸ ਲਈ ਸਾਡੇ ਮਨਾਂ
ਵਿਚ ਪਿੰਡ ਦੇ ਸਾਰੇ ਲੋਕਾਂ ਲਈ ਬਹੁਤ ਹੀ ਸਤਿਕਾਰ ਦੀ ਭਾਵਨਾ ਬਣੀ ਰਹੀ ਜਿਸ ਦੀ ਯਾਦ
ਅਜੇ ਵੀ ਮੇਰੇ ਮਨ ਵਿਚ ਬਣੀ ਹੋਈ ਹੈ।
ਇਸ ਸਾਰੇ ਪਰੋਜੈਕਟ ਨੂੰ ਸ਼ੁਰੂ ਕਰਨ ਤੋਂ ਬਾਅਦ
ਭਾਵੇਂ ਮੇਰਾ ਇਸ ਇਲਾਕੇ ਨਾਲੋਂ ਸੰਪਰਕ ਟੁਟ ਗਿਆ ਪਰ ਪਤਾ ਲਗਾ ਹੈ ਕਿ ਅਜ ਇਸ ਅਸਥਾਨ
ਉਪਰ ਬਹੁਤ ਹੀ ਸੁੰਦਰ ਗੁਰੂਦੁਆਰਾ ਸਾਹਿਬ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਬਣ ਗਿਆ
ਹੈ ਜਿਥੇ ਸਿੱਖ ਸੰਗਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰ
ਰਹੀਆਂ ਹਨ। (ਚਲਦਾ)
|