ਕੁਝ ਬਜੁਰਗ ਅਕਾਲੀ ਲੀਡਰਾਂ ਨੂੰ ਮੇਰੇ ਕੰਮ ਕਰਨ ਦਾ
ਤਰੀਕਾ ਰਾਸ ਨਾ ਆਇਆ
|
ਸਤਨਾਮ ਸਿੰਘ ਚਾਹਲ |
ਜੇਲ ਵਿਚੋਂ ਰਿਹਾ ਹੋਣ ਤੋਂ ਬਾਅਦ ਅਕਾਲੀ ਦਲ ਦੇ
ਪਰੋਗਰਾਮ ਤੇ ਨੀਤੀਆਂ ਨੂੰ ਪਰਚਾਰਨ ਲਈ ਮੇਰੇ ਵਲੋਂ ਡੂੰਘੀ ਦਿਲਚਸਪੀ ਤੇ ਲਗਨ ਨਾਲ
ਕੰਮ ਕਰਨ ਦੀ ਰੁਚੀ ਕਾਰਣ ਮੈਂਨੂੰ ਅਕਾਲੀ ਦਲ ਵਲੋਂ ਪਹਿਲਾਂ ਸਰਕਲ ਅਕਾਲੀ ਦਲ ਦਾ
ਜਨਰਲ ਸਕਤਰ ਤੇ ਫਿਰ ਜਿਲਾ ਅਕਾਲੀ ਦਲ ਕਪੂਰਥਲਾ ਦਾ ਜਨਰਲ ਸਕਤਰ ਬਣਾ ਦਿਤਾ ਗਿਆ।
ਉਸ ਵੇਲੇ ਜਿਲਾ ਕਪੂਰਥਲਾ ਦੇ ਪੂਰੇ ਅਕਾਲੀ ਦਲ ਦੇ ਯੂਨਿਟ ਵਿਚ ਮੇਰੀ ਉਮਰ
ਦਾ ਕੋਈ ਵੀ ਨੌਜਵਾਨ ਅਕਾਲੀ ਸਫਾਂ ਅੰਦਰ ਮੇਰੇ ਵਾਂਗ ਸਰਗਰਮ ਦਿਖਾਈ ਨਹੀਂ ਸੀ ਦੇ
ਰਿਹਾ। ਇਸ ਦਾ ਸਭ ਤੋਂ ਵਡਾ ਕਾਰਣ ਇਹ ਸੀ ਕਿ ਅਕਾਲੀ
ਦਲ ਦੀ ਲੀਡਰਸ਼ਿਪ ਦਾ ਇਕ ਹਿਸਾ ਜਿਥੇ ਨੌਜਵਾਨਾਂ ਨੂੰ ਅਕਾਲੀ ਦਲ ਵਿਚ ਆਉਣ ਲਈ ਪਰੇਰਨ
ਵਿਚ ਕੋਈ ਦਿਲਚਸਪੀ ਨਹੀਂ ਰਖਦਾ ਸੀ ਉਥੇ ਸਿੱਖ ਨੌਜਵਾਨ ਵੀ ਆਪਣੇ ਕਿਸੇ ਸ਼ਾਂਨਦਾਰ
ਰਾਜਸੀ ਭਵਿਖ ਦੀ ਅਣਹੋਂਦ ਕਾਰਣ ਅਕਾਲੀ ਦਲ ਵਿਚ ਕੰਮ ਕਰਨ ਦੀ ਕੋਈ ਖਾਸ ਦਿਲਚਸਪੀ
ਨਹੀਂ ਰਖਦੇ ਸਨ। ਜਿਸ ਕਾਰਣ ਸਿੱਖ ਨੌਜਵਾਨਾਂ ਦੀ ਅਕਾਲੀ ਦਲ ਵਿਚ ਸ਼ਮੂਲੀਅਤ ਕੇਵਲ ਨਾ
ਹੋਣ ਦੇ ਬਰਾਬਰ ਸੀ।
ਅਕਾਲੀ ਦਲ ਵਿਚ ਸਰਗਰਮੀ ਨਾਲ ਕੰਮ ਕਰਨ ਦਾ
ਭਾਂਵੇਂ ਮੇਰਾ ਕੋਈ ਮਿਥਿਆ ਹੋਇਆ ਰਾਜਸੀ ਨਿਸ਼ਾਨਾ ਨਹੀਂ ਸੀ ਲੇਕਿਨ ਪਾਰਟੀ ਸਫਾਂ
ਅੰਦਰ ਲੋਕ ਸੇਵਾ ਕਰਨ ਦਾ ਭੂਤ ਮੇਰੇ ਦਿਮਾਗ ਵਿਚ ਸਵਾਰ ਰਹਿੰਦਾ ਸੀ ਜਿਸ ਕਾਰਣ
ਅਕਾਲੀ ਦਲ ਵਿਚ ਕੰਮ ਕਰਨ ਦਾ ਮੇਰਾ ਤੌਰ ਤਰੀਕਾ ਬਜੁਰਗ ਅਕਾਲੀ ਲੀਡਰਾਂ ਦੇ ਤੌਰ
ਤਰੀਕੇ ਤੋਂ ਬਿਲਕੁਲ ਵਖਰਾ ਹੀ ਹੁੰਦਾ ਸੀ। ਆਮ ਤੌਰ ਤੇ ਅਕਾਲੀ ਲੀਡਰਾਂ ਦੀ ਰਾਜਨੀਤੀ
ਦਾ ਕੇਂਦਰ ਬਿੰਦੂ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਗੁਰੂਦੁਆਰਿਆਂ ਵਿਚ ਹੋਣ ਵਾਲੇ
ਧਾਰਮਿਕ ਸਮਾਗਮਾਂ ਵਿਚ ਸ਼ਾਮਲ ਹੋ ਕੇ ਲੋਕਾਂ ਦੀਆਂ ਸਥਾਨਕ ਸਮਸਿਆਵਾਂ ਸਬੰਧੀ
ਧੂੰਆਧਾਰ ਲੈਕਚਰ ਕਰਨ ਤਕ ਹੀ ਸੀਮਤ ਹੁੰਦਾ ਸੀ। ਮੈਂ ਇਹਨਾਂ ਧਾਰਮਿਕ ਸਮਾਗਮਾਂ ਵਿਚ
ਦੂਸਰੇ ਅਕਾਲੀ ਲੀਡਰਾਂ ਵਾਂਗ ਸ਼ਾਮਲ ਤਾਂ ਹੁੰਦਾ ਸੀ ਪਰ ਸਟੇਜ ਉਪਰ ਕੋਈ ਖਾਸ
ਪਰਭਾਵਸ਼ਾਲੀ ਲੈਕਚਰ ਨਾ ਕਰ ਸਕਣ ਕਾਰਣ ਮੇਰੀ ਇਹਨਾਂ ਸਮਾਗਮਾਂ ਵਿਚ ਪਹਿਚਾਣ ਕੇਵਲ
ਨਾਂ ਹੋਣ ਦੇ ਬਰਾਬਰ ਹੀ ਸੀ । ਲੇਕਿਨ ਦੂਸਰੇ ਪਾਸੇ ਮੈਂ ਇਕ ਰੋਜ ਦੀ ਡਿਊਟੀ ਵਾਂਗ
ਹਰ ਰੋਜ ਆਪਣੇ ਸਾਈਕਲ ਉਪਰ ਸਵਾਰ ਹੋ ਕੇ ਵਖ ਵਖ ਪਿੰਡਾਂ ਤੇ ਕਸਬਿਆਂ ਵਿਚ ਨਿਰਧਾਰਤ
ਕੀਤੀਆਂ ਸਥਾਨਕ ਲੋਕਾਂ ਤੇ ਅਕਾਲੀ ਵਰਕਰਾਂ ਦੀਆ ਮੀਟਿੰਗਾਂ ਵਿਚ ਭਾਗ ਲੈਣ ਲਈ ਨਿਕਲ
ਜਾਂਦਾ ਸਾਂ । ਮੇਰੇ ਪਰਿਵਾਰਕ ਮੈਂਬਰਾਂ ਨੂੰ ਮੇਰਾ ਇਹ ਰੋਜ ਦਾ ਵਤੀਰਾ ਬਿਲਕੁਲ
ਪਸੰਦ ਨਹੀਂ ਸੀ। ਮੇਰਾ ਪਰਿਵਾਰ ਮੇਰੇ ਕੋਲੋਂ ਇਹ ਆਸ ਰਖਦਾ ਸੀ ਕਿ ਮੈਂ ਕੋਈ ਆਰਥਿਕ
ਲਾਹੇਵੰਦੀ ਵਾਲੀ ਨੌਕਰੀ ਕਰਕੇ ਪਰਿਵਾਰ ਦੀਆਂ ਆਰਥਿਕ ਔਕੜਾਂ ਨੂੰ ਹਲ ਕਰਨ ਵਿਚ ਆਪਣਾ
ਰੋਲ ਅਦਾ ਕਰਾਂ। ਪਰਿਵਾਰਕ ਮੈਂਬਰਾਂ ਦੀਆਂ ਅਕਸਰ ਇਹ ਗੱਲਾਂ ਮੈਂਨੂੰ ਹਰ ਰੋਜ ਸੁਣਨ
ਨੂੰ ਮਿਲ ਜਾਂਦੀਆਂ ਸਨ ਕਿ ਜੇਕਰ ਮੈਂ ਪੜ ਲਿਖ ਕੇ ਇਹੋ ਹੀ ਕੰਮ ਕਰਨਾਂ ਸੀ ਤਾਂ ਫਿਰ
ਪਰਿਵਾਰ ਨੂੰ ਮੇਰੀ ਪੜਾਈ ਉਪਰ ਇਤਨਾ ਖਰਚ ਕਰਨ ਦੀ ਕੀ ਲੋੜ ਸੀ। ਲੇਕਿਨ ਮੈਂ
ਚਾਹੁੰਦਾ ਹੋਇਆਂ ਵੀ ਪਰਿਵਾਰ ਦੀ ਇਸ ਆਰਥਿਕ ਸਮਿਸਆ ਨੂੰ ਹਲ ਕਰਨ ਵਿਚ ਆਪਣੀ ਕੋਈ
ਅਸਰਦਾਇਕ ਭੂਮਿਕਾ ਨਿਭਾਉਣ ਵਿਚ ਕੋਈ ਦਿਸਚਸਪੀ ਨਹੀਂ ਲੈਂਦਾ ਸੀ। ਜਿਸ ਕਾਰਣ ਮੈਨੂੰ
ਆਪਣੇ ਹਰ ਰੋਜ ਦੇ ਛੋਟੇ ਮੋਟੇ ਖਰਚਿਆਂ ਨੂੰ ਪੂਰਾ ਕਰਨ ਲਈ ਆਪਣੇ ਪਰਿਵਾਰ ਦੀ ਲੋੜ
ਮਹਿਸੂਸ ਹੁੰਦੀ ਰਹਿੰਦੀ ਸੀ। ਜਿਹੜਾ ਵੀ ਖਰਚ ਮੈਨੂੰ ਪਰਿਵਾਰ ਵਲੋਂ ਮਿਲਦਾ ਸੀ ਉਹ
ਮੈਂ ਅਖਬਾਰਾਂ ਖਰੀਦਣ ਤੇ ਚਿੱਠੀ ਪੱਤਰ ਕਰਨ ਲਈ ਡਾਕਖਾਨੇ ਵਿਚੋਂ ਲਿਫਾਫੇ ਖਰੀਦਣ
ਉਪਰ ਖਰਚ ਲੈਂਦਾਂ ਸਾਂ। ਮੇਰੇ ਸਾਰੇ ਹੀ ਇਸ ਵਰਤਾਰੇ ਕਾਰਣ ਮੇਰਾ ਪਰਿਵਾਰ ਮੈਂਨੂੰ
ਇਕ ਵਿਗੜੇ ਹੋਏ ਸਾਊ ਪੁਤਰ ਵਾਂਗ ਹੀ ਵਰਤਾਉ ਕਰਦਾ ਸੀ । ਮੇਰਾ ਪਰਿਵਾਰ ਭਾਵੇਂ
ਮੇਰੀਆਂ ਇਹਨਾਂ ਸਰਗਰਮੀਆਂ ਕਾਰਣ ਮੇਰੇ ਤੋਂ ਅਕਸਰ ਨਰਾਜ ਹੀ ਰਹਿੰਦਾ ਸੀ ਪਰ ਪਰਿਵਾਰ
ਦੀ ਮੇਰੇ ਨਾਲ ਇਹ ਨਰਾਜਗੀ ਉਸ ਵਕਤ ਖਤਮ ਹੋ ਜਾਂਦੀ ਸੀ ਜਦੋਂ ਕੋਈ ਬਾਹਰਲਾ ਵਿਅਕਤੀ
ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮੇਰੀ ਲੋਕ ਸੇਵਾ ਦੀ ਰੁਚੀ ਬਾਰੇ ਤਾਰੀਫ ਕਰਦਾ
ਨਹੀਂ ਸੀ ਥਕਦਾ। ਮੇਰੇ ਪਰਵਾਰ ਦੇ ਮੇਰੇ ਪ੍ਰਤੀ ਇਸ ਵਰਤਾਉ ਕਾਰਣ ਮੈਂਨੂੰ ਜੇਲ ਵਿਚ
ਬਜੁਰਗ ਸੀਨੀਅਰ ਅਕਾਲੀ ਆਗੂ ਜਥੇਦਾਰ ਮੰਗਲ ਸਿੰਘ ਬੇਗੋਵਾਲ ਵਲੋਂ ਕਈ ਵਾਰ ਸੁਣਾਈ ਗਈ
ਇਹ ਗਲ ਵਾਰ ਵਾਰ ਯਾਦ ਆਉਂਦੀ ਰਹਿੰਦੀ ਸੀ ਜਿਸ ਵਿਚ ਉਹ ਕਿਹਾ ਕਰਦੇ ਸਨ ਕਿ ਇਕ ਔਰਤ
ਦੇ ਪੰਜ ਨੌਜਵਾਨ ਪੁਤਰ ਸਨ ਜਦ ਇਕ ਦੂਸਰੀ ਔਰਤ ਨੇ ਇਸ ਔਰਤ ਨੂੰ ਪੁਛਿਆ ਕਿ ਤੇਰੇ
ਕਿਤਨੇ ਪੁਤਰ ਹਨ ਤਾਂ ਉਸ ਨੇ ਜਵਾਬ ਦਿਤਾ ਕਿ ਪੁਤਰ ਤਾਂ ਪੰਜ ਸਨ ਪਰ ਹੁਣ ਚਾਰ ਹੀ
ਰਹਿ ਗਏ ਹਨ। ਪਹਿਲੀ ਔਰਤ ਦੀ ਇਹ ਗਲ ਸੁਣ ਕੇ ਦੂਸਰੀ ਔਰਤ ਉਸਦੇ ਪੰਜਵੇਂ ਪੁਤਰ ਬਾਰੇ
ਜਦ ਪੂਛਣ ਲਗੀ ਤਾਂ ਉਸ ਨੇ ਜਵਾਬ ਦਿਤਾ ਕਿ ਉਸ ਦਾ ਪੰਜਵਾਂ ਪੁਤਰ ਅਕਾਲੀ ਹੋ ਗਿਆ
ਹੈ। ਮੈਨੂੰ ਹੁਣ ਇਸ ਬਜੁਰਗ ਜਥੇਦਾਰ ਵਲੋਂ ਸੁਣਾਈ ਗਈ ਵਾਰ ਵਾਰ ਇਹ ਗਲ ਆਪਣੇ ਉਪਰ
ਢੁਕਦੀ ਦਿਖਾਈ ਦੇ ਰਹੀ ਸੀ। ਲੇਕਿਨ ਇਸ ਦੇ ਬਾਵਜੂਦ ਵੀ ਮੈਂ ਪਰਿਵਾਰ ਦੀਆਂ ਮੁਸ਼ਕਲਾਂ
ਨੂੰ ਹਲ ਕਰਨ ਵਿਚ ਆਪਣੀ ਕੋਈ ਭੂਮਿਕਾ ਨਿਭਾਉਣ ਦੇ ਅਸਮਰਥ ਮਹਿਸੂਸ ਕਰ ਰਿਹਾ ਸਾਂ।
ਮੇਰੇ ਰੁਝੇਵੈਂ ਇਸ ਹਦ ਤਕ ਵਧ ਗਏ ਸਨ ਕਿ ਹਰ
ਰੋਜ ਕਿਸੇ ਨਾ ਕਿਸੇ ਥਾਂ ਉਪਰ ਮੀਟਿੰਗ ਜਾਂ ਸਮਾਗਮ ਵਿਚ ਸ਼ਾਮਲ ਹੋਣ ਲਈ ਮੈਂ ਘਰੋਂ
ਨਿਕਲ ਜਾਂਦਾ ਸਾਂ। ਇਹਨਾਂ ਮੀਟਿੰਗਾਂ ਵਿਚ ਮੈਂ ਅਕਾਲੀ ਵਰਕਰਾਂ ਤੇ ਹੋਰ ਲੋਕਾਂ ਨੂੰ
ਮਿਲਕੇ ਉਹਨਾਂ ਦੀਆਂ ਸਮਸਿਆਵਾਂ ਨੂੰ ਸੁਣਦਾ ਤੇ ਫਿਰ ਉਹਨਾਂ ਸਮਿਸਆਵਾਂ ਨੂੰ ਹਲ ਕਰਨ
ਲਈ ਯਤਨ ਕਰਦਾ। ਮੇਰੇ ਪਾਸ ਕੋਈ ਰਾਜਨੀਤਕ ਸ਼ਕਤੀ ਨਾ ਹੋਣ ਕਾਰਣ ਲੋਕਾਂ ਦੀਆਂ
ਸਮਸਿਆਵਾਂ ਨੂੰ ਮੇਰੇ ਲਈ ਹਲ ਕਰਵਾ ਸਕਣਾ ਅਸਾਨ ਕੰਮ ਨਹੀਂ ਸੀ । ਲੇਕਿਨ ਮੈਂ ਲੋਕਾਂ
ਦੀਆਂ ਦੀਆਂ ਸਮਸਿਆਵਾਂ ਨੂੰ ਕਲਮਬੰਦ ਕਰਕੇ ਜਿਥੇ ਅਖਬਾਰਾਂ ਨੂੰ ਭੇਜਦਾ ਸਾਂ ਉਥੇ
ਇਹਨਾਂ ਸਮਸਿਆਂਵਾਂ ਨੂੰ ਸਬੰਧਤ ਸਰਕਾਰੀ ਅਧਿਕਾਰੀਆਂ ਨੂੰ ਵੀ ਡਾਕ ਰਾਹੀਂ ਭੇਜ
ਦਿੰਦਾ ਸ਼ਾਂ। ਅਖਬਾਰਾਂ ਵਿਚ ਛਪੀਆਂ ਲੋਕਾਂ ਦੀਆਂ ਸਮਸਿਆਵਾਂ ਦੀਆਂ ਇਹ ਖਬਰਾਂ ਅਕਸਰ
ਸਰਕਾਰੀ ਅਧਿਕਾਰੀਆਂ ਨੂੰ ਇਹਨਾਂ ਸਮਸਿਆਵਾਂ ਨੂੰ ਹਲ ਕਰਨ ਲਈ ਕੁਝ ਨਾਂ ਕੁਝ ਕਰਨ ਲਈ
ਜਰੂਰ ਮਜਬੂਰ ਕਰ ਦਿੰਦੀਆਂ ਸਨ। ਇਸ ਲਈ ਲੋਕਾਂ ਦੀਆਂ ਇਹਨਾਂ ਸਮਿਸਆਵਾਂ ਵਿਚੋਂ
ਬਹੁਤੀਆਂ ਮੇਰੇ ਵਲੋਂ ਕੀਤੇ ਗਏ ਇਹਨਾਂ ਯਤਨਾਂ ਰਾਹੀਂ ਅਕਸਰ ਹਲ ਹੋ ਹੀ ਜਾਂਦੀਆਂ
ਸਨ। ਮੇਰੇ ਵਲੋਂ ਲੋਕਾਂ ਨਾਲ ਕੀਤੇ ਜਾ ਰਹੇ ਇਸ ਵਰਤਾਉ ਕਾਰਣ ਲੋਕ ਮੈਂਨੂੰ ਬਹੁਤ
ਪਿਆਰ ਤੇ ਸਤਿਕਾਰ ਦੀ ਭਾਵਨਾ ਨਾਲ ਦੇਖਦੇ ਸਨ। ਲੇਕਿਨ ਅਕਾਲੀ ਦਲ ਦੇ ਕੁਝ ਬਜੁਰਗ
ਆਗੂ ਮੇਰੇ ਕੰਮ ਕਰਨ ਦੇ ਤੌਰ ਤਰੀਕਿਆਂ ਤੋਂ ਹਮੇਸ਼ਾਂ ਖਫਾ ਰਹਿੰਦੇ ਸਨ। ਉਹ ਮੇਰੇ
ਕੋਲੋਂ ਇਸ ਗਲ ਦੀ ਉਮੀਦ ਰਖਦੇ ਸਨ ਕਿ ਮੈਂ ਲੋਕਾਂ ਨੂੰ ਜਿਸ ਤਰਾਂ ਮਰਜੀ ਮਿਲਾਂ ਪਰ
ਮੇਰੀਆਂ ਸਰਗਰਮੀਆਂ ਦੀਆਂ ਖਬਰਾਂ ਅਖਬਾਰਾਂ ਵਿਚ ਪਰਕਾਸ਼ਤ ਨਾ ਹੋਣ ਕਿਉਂਕਿ ਉਨਾਂ ਨੂੰ
ਮੇਰੀਆਂ ਸਰਗਰਮੀਆਂ ਦੀਆਂ ਅਖਬਾਰਾਂ ਵਿਚ ਪਰਕਾਸ਼ਤ ਹੋ ਰਹੀਆਂ ਖਬਰਾਂ ਵਿਚ ਆਪਣਾ
ਸਿਆਸੀ ਕਦ ਘਟਦਾ ਦਿਖਾਈ ਦੇ ਰਿਹਾ ਸੀ। ਮੇਰੇ ਮਨ ਵਿਚ ਭਾਵੇਂ ਕਿਸੇ ਅਕਾਲੀ ਆਗੂ ਦੇ
ਸਿਆਸੀ ਕਦ ਨੂੰ ਘਟਾਉਣ ਵਾਲੀ ਗਲ ਕਦੇ ਵੀ ਨਹੀਂ ਸੀ ਆਈ ਪਰ ਮੇਰੀਆਂ ਸਾਰੀਆਂ
ਸਰਗਰਮੀਆਂ ਨੂੰ ਇਹ ਕੁਝ ਅਕਾਲੀ ਆਗੂ ਇਸੇ ਹੀ ਨਜਰੀਏ ਨਾਲ ਦੇਖਦੇ ਰਹੇ। ਜਿਸ ਕਾਰਣ
ਉਹ ਹਰ ਮੀਟਿੰਗ ਵਿਚ ਮੈਂਨੂੰ ਕਿਸੇ ਨਾ ਕਿਸੇ ਗਲ ਤੋਂ ‘ਮੁੰਡਾ ਖੁੰਡਾ ਕਹਿ ਕੇ ਮੇਰੇ
ਵਧ ਰਹੇ ਸਿਆਸੀ ਕਦ ਨੂੰ ਘਟ ਕਰਨ ਦਾ ਯਤਨ ਕਰਦੇ ਰਹਿੰਦੇ ਸਨ। ਲੇਕਿਨ ਮੈਂ ਰਾਜਨੀਤੀ
ਦੇ ਇਹਨਾਂ ਦਾਅ ਪੇਚਾਂ ਤੋਂ ਅਣਜਾਣ ਰਹਿਣ ਕਰਕੇ ਇਹੋ ਜਿਹੀਆਂ ਗੱਲਾਂ ਦਾ ਕੋਈ ਨੋਟਿਸ
ਨਹੀਂ ਲੈਂਦਾ ਸਾਂ। ਵੈਸੇ ਵੀ ਮੇਰੇ ਸੂਭਾਅ ਵਿਚ ਅਜ ਤਕ ਇਹ ਸ਼ਾਮਲ ਰਿਹਾ ਹੈ ਕਿ ਜਿਸ
ਵੀ ਕੰਮ ਨੂੰ ਕਰਨ ਦਾ ਭੂਤ ਮੇਰੇ ਮਨ ਵਿਚ ਸਵਾਰ ਹੋ ਜਾਂਦਾ ਹੈ ਉਸ ਨੂੰ ਨੇਪਰੇ ਚਾੜਨ
ਦੀ ਲਗਨ ਤੋਂ ਸਿਵਾਏ ਮੈਨੂੰ ਹੋਰ ਕੂਝ ਦਿਖਾਈ ਨਹੀਂ ਦਿੰਦਾ ਇਸ ਲਈ ਅਜਿਹਾ ਕੰਮ ਕਰਦੇ
ਸਮੇਂ ਮੈਂ ਆਪਣੇ ਆਲੇ ਦੁਆਲੇ ਦੀਆਂ ਵਿਰੋਧੀ ਸਰਗਰਮੀਆਂ ਤੋਂ ਅਕਸਰ ਬੇਖਬਰ ਹੋ ਜਾਂਦਾ
ਹਾਂ। ਜਿਸ ਦਾ ਥੌੜਾ ਬਹੁਤ ਨੁਕਸਾਨ ਅਕਸਰ ਮੈਂਨੂੰ ਹੋ ਹੀ ਜਾਂਦਾ ਹੈ। ਲੇਕਿਨ ਮੈਂ
ਹਮੇਸ਼ਾਂ ਇਸ ਸੋਚ ਦਾ ਧਾਰਨੀ ਰਿਹਾ ਹਾਂ ਕਿ ਜੇਕਰ ਤੁਹਾਡਾ ਕੰਮ ਕਰਨ ਦਾ ਮਿਸ਼ਨ ਤੇ
ਇਰਾਦੇ ਨੇਕ ਹਨ ਤਾਂ ਫਿਰ ਤੁਹਾਡੇ ਕੰਮ ਨੂੰ ਨੇਪਰੇ ਚਾੜਨ ਵਿਚ ਆ ਰਹੀਆ ਰੁਕਾਵਟਾਂ
ਬਾਰੇ ਬਹੁਤ ਜਿਆਦਾ ਚਿੰਤਤ ਹੋਣ ਦੀ ਲੋੜ ਨਹੀਂ ਹੁੰਦੀ।-(ਚਲਦਾ)
|