WWW 5abi.com  ਸ਼ਬਦ ਭਾਲ

ਭਾਗ
3

ਜ਼ਿੰਦਗੀ ਦੇ ਸਫਰ ਚੋਂ
ਸਤਨਾਮ ਸਿੰਘ ਚਾਹਲ, ਕੈਲੇਫੋਰਨੀਆ


ਛਤੀ ਕਰੋੜ ਦੀ ਚੋਰੀ ਕਰਨ ਵਾਲਾ ਜੇਲ ਵਿਚ ਸ਼ਾਹੀ ਠਾਠ ਨਾਲ ਰਹਿੰਦਾ ਰਿਹਾ

ਸਤਨਾਮ ਸਿੰਘ ਚਾਹਲ

ਸੈਂਟਰਲ ਜੇਲ, ਤਿਹਾੜ ਵਿਚ ਅਕਾਲੀ ਦਲ ਦੇ ਕੇਂਦਰ ਸਰਕਾਰ ਵਿਰੋਧੀ ਸ਼ੰਘਰਸ਼ ਵਿਚ 16 ਅਗਸਤ 1972 ਨੂੰ ਹੋਈ ਗਰਿਫਤਾਰੀ ਕਾਰਣ ਤਿੰਨ ਮਹੀਨੇ ਦੀ ਕੈਦ ਕਟ ਰਿਹਾ ਸਾਂ। ਜੇਲ ਅੰਦਰ ਸਾਨੂੰ ਸਾਰੀ ਜੇਲ ਵਿਚ ਤੁਰਨ ਫਿਰਨ ਦੀ ਕੋਈ ਖਾਸ ਪਾਬੰਦੀ ਨਹੀਂ ਸੀ ਇਸ ਕਰਕੇ ਮੈਂਨੂੰ ਇਸ ਲੰਬੇ ਅਕਾਰ ਵਾਲੀ ਜੇਲ ਦੇ ਵਖ ਵਖ ਹਿਸਿਆਂ ਵਿਚ ਜਾ ਕੇ ਉਥੇ ਦੇ ਕੰਮਕਾਰ ਨੂੰ ਦੇਖਣ ਸੁਣਨ ਦਾ ਸ਼ੌਕ ਪੂਰਾ ਕਰਨ ਦਾ ਮੌਕਾ ਮਿਲ ਜਾਂਦਾ ਸੀ। ਜੇਲ ਵਿਚ ਇਹ ਸਾਰੀਆਂ ਸਹੂਲਤਾਂ ਸਾਨੂੰ ਦਿੱਲੀ ਪਰਸ਼ਾਸ਼ਨ ਉਤੇ ਉਸ ਵੇਲੇ ਦੀ ਜਨਸੰਘ ਪਾਰਟੀ ਦਾ ਕਬਜਾ ਹੋਣ ਕਾਰਣ ਹੀ ਮਿਲ ਰਹੀਆਂ ਸਨ। ਨਵੀਂ ਦਿੱਲ਼ੀ ਉਸ ਵਕਤ ਅਜ ਵਾਂਗ ਇਕ ਸਟੇਟ ਨਹੀਂ ਸੀ ਸਗੋਂ ਨਵੀਂ ਦਿੱਲੀ ਦਾ ਰਾਜ ਪਰਬੰਧ ਚਲਾਉਣ ਲਈ ਕਾਰਪੋਰੇਸ਼ਨ ਹੀ ਕੰਮ ਕਰ ਰਹੀ ਸੀ ਜਿਸ ਦੇ ਚੀਫ ਐਗਜੈਕਟਿਵ ਕੌਂਸਲਰ ਜਨਸੰਘ ਦੇ ਸ੍ਰੀ ਵਿਜੇ ਕੁਮਾਰ ਮਲਹੌਤਰਾ ਸਨ।

ਜੇਲ ਵਿਚ ਨਜਰਬੰਦ ਅਕਾਲੀ ਆਗੂਆਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਪਿਛੇ ਜਨਸੰਘ ਦੀ ਨੀਤੀ ਇਹ ਕੰਮ ਕਰ ਰਹੀ ਸੀ ਕਿ ਜਨਸੰਘ, ਕਾਂਗਰਸ ਨਾਲੋਂ ਦੂਰੀ ਵਧਾ ਰਹੇ ਸਿੱਖ ਭਾਈਚਾਰੇ ਨੂੰ ਆਪਣੇ ਨਜਦੀਕ ਕਰਕੇ ਆਪਣਾ ਵੋਟ ਬੈਂਕ ਪੱਕਾ ਕਰਨਾ ਚਾਹੁੰਦੀ ਸੀ ਇਸ ਲਈ ਜਨਸੰਘ ਪਾਰਟੀ ਤਿਹਾੜ ਜੇਲ ਵਿਚ ਨਜਰਬੰਦ ਅਕਾਲੀ ਆਗੂਆਂ ਦੀ ਟਹਿਲ ਸੇਵਾ ਦਾ ਕੋਈ ਵੀ ਮੌਕਾ ਹਥੋਂ ਗੁਆਉਣਾ ਨਹੀਂ ਚਾਹੁੰਦੀ ਸੀ। ਜਿਸ ਲਈ ਆਪਣੇ ਇਸ ਮਿਸ਼ਨ ਵਿਚ ਜਨਸੰਘ ਪਾਰਟੀ ਕਾਫੀ ਹਦ ਤਕ ਸਫਲ ਵੀ ਰਹੀ। ਜੇਲ ਦੇ ਵਾਤਾਵਰਣ ਵਿਚ ਵਿਚਰਦਿਆਂ ਮੈਂ ਕਦੀ ਕਦਾਈਂ ਚੂੜੀਦਾਰ ਤੇ ਐਚਕਨ ਪਹਿਨੇ ਪੁਲੀਸ ਗਾਰਦ ਵਿਚ ਘਿਰੇ ਹੋਏ ਇਕ ਸਜਣ ਨੂੰ ਜੇਲ ਵਿਚ ਆਉਂਦੇ ਜਾਂਦੇ ਦੇਖਦਾ ਰਹਿੰਦਾ ਸਾਂ। ਇਸ ਸਜਣ ਨੂੰ ਮਿਲਣ ਵਾਲੀਆਂ ਸਹੂਲ਼ਤਾਂ ਤੇ ਪੁਲੀਸ ਅਧਿਕਾਰੀਆਂ ਦੀ ਮਿਲੀ ਹੋਈ ਗਾਰਦ ਕਾਰਣ ਮੇਰੇ ਮਨ ਵਿਚ ਇਸ ਸਜਣ ਬਾਰੇ ਜਾਣਕਾਰੀ ਪਰਾਪਤ ਕਰਨ ਦੀ ਇਛਾ ਦਿਨੋਂ ਦਿਨ ਵਧਦੀ ਜਾ ਰਹੀ ਸੀ। ਇਸ ਸਜਣ ਨੂੰ ਜੇਲ ਵਿਚ ਸ਼ਾਹੀ ਠਾਠ ਨਾਲ ਆਉਂਦੇ ਜਾਂਦੇ ਸਮੇਂ ਮੇਰੇ ਮਨ ਵਿਚ ਇਸ ਸਜਣ ਬਾਰੇ ਕਈ ਤਰਾਂ ਦੇ ਸਵਾਲ ਪੈਦਾ ਹੁੰਦੇ ਰਹਿੰਦੇ ਸਨ ਜਿਹਨਾਂ ਦਾ ਜਵਾਬ ਲ਼ਭਣ ਲਈ ਮੈਂ ਹਰ ਵਕਤ ਯਤਨ ਕਰਦਾ ਰਿਹਾ। ਸਰਕਾਰੀ ਤੌਰ ਤੇ ਭਾਵੇਂ ਇਸ ਸ਼ਾਹੀ ਕੈਦੀ ਬਾਰੇ ਕੋਈ ਜਾਣਕਾਰੀ ਤਾਂ ਨਹੀਂ ਮਿਲ ਸਕੀ ਪਰ ਜੇਲ ਅਧਿਕਾਰੀਆਂ ਦੇ ਸੂਤਰਾਂ ਅਨੁਸਾਰ ਇਸ ਸ਼ਾਹੀ ਕੈਦੀ ਦਾ ਨਾਮ ਡਾ: ਧਰਮ ਤੇਜਾ ਸੀ ਜਿਹੜਾ ਜੈਅੰਤੀਆ ਸਿੰਪਿੰਗ ਕੰਪਨੀ ਕਲਕਤਾ ਦਾ ਚੈਅਰਮੈਨ ਸੀ।

ਇਸ ਉਪਰ ਦੋਸ਼ ਇਹ ਸੀ ਕਿ ਉਸ ਨੇ ਆਪਣੀ ਕੰਪਨੀ ਦਾ ਛੱਤੀ ਕਰੋੜ ਰੂਪੈ ਦਾ ਗਬਨ ਕਰਕੇ ਬਾਅਦ ਵਿਚ ਆਪ ਕਿਸੇ ਗਰਿਫਤਾਰੀ ਤੋਂ ਬਚਣ ਲਈ ਵਿਦੇਸ਼ ਭਜ ਗਿਆ ਸੀ।

ਲੇਕਿਨ ਕੰਪਨੀ ਵਲੋਂ ਪੁਲੀਸ ਪਾਸ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ ਅਨੁਸਾਰ ਪੁਲੀਸ ਨੇ ਉਸ ਨੂੰ ਗਰਿਫਤਾਰ ਕਰਨ ਲਈ ਦੁਨੀਆਂ ਦਾ ਕੋਨਾ ਕੋਨਾ ਛਾਣ ਮਾਰਿਆ। ਇਸ ਡਾ: ਧਰਮ ਤੇਜਾ ਨੂੰ ਗਰਿਫਤਾਰ ਕਰਨ ਲਈ ਸਰਕਾਰ ਨੇ ਲੱਖਾਂ ਹੀ ਰੂਪੈ ਖਰਚ ਕਰ ਦਿਤੇ ਸਨ। ਆਖਿਰ ਇਕ ਦਿਨ ਇਹ ਵਿਅਕਤੀ ਪੁਲੀਸ ਦੇ ਹੱਥ ਲਗ ਹੀ ਗਿਆ ਜਿਥੌਂ ਗਰਿਫਤਾਰ ਕਰਕੇ ਉਸਨੂੰ ਤਿਹਾੜ ਜੇਲ ਵਿਚ ਨਜਰਬੰਦ ਕਰ ਦਿਤਾ ਗਿਆ। ਜੇਲ ਦੇ ਵਿਚ ਉਸਨੂੰ ਸ਼ਾਹੀ ਕੈਦੀ ਵਾਲੀਆਂ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਸਨ। ਜੇਲ ਵਿਚ ਉਸਨੂੰ ਇਕ ਸ਼ਾਨਦਾਰ ਕੋਠੀ ਨੁਮਾ ਬੈਰਕ ਮਿਲੀ ਹੋਈ ਸੀ। ਜਿਸ ਵਿਚ ਰੇਡੀਉ ਸੁਣਨ ਤੇ ਸਾਰੀਆਂ ਅਖਬਾਰਾਂ ਉਸਨੂੰ ਪੜਨ ਲਈ ਦਿਤੀਆਂ ਜਾਦੀਆਂ ਸਨ। ਉਸਦੀ ਟਹਿਲ ਸੇਵਾ ਉਪਰ ਸਰਕਾਰ ਦਾ ਹਰ ਰੋਜ ਲਗਭਗ 472.00 (ਚਾਰ ਸੌ ਬਹੱਤਰ ) ਰੂਪੈ ਖਰਚ ਹੁੰਦਾ ਸੀ। ਇਸ ਸ਼ਾਹੀ ਕੈਦੀ ਦੀ ਕੋਠੀ ਦੇ ਸਾਹਮਣੇ ਸ੍ਰੌਮਣੀ ਅਕਾਲੀ ਦਲ ਦੇ ਪਰਧਾਨ ਸੰਤ ਫਤਹਿ ਸਿੰਘ ਦੀ ਬੈਰਕ ਸੀ ਜਿਸ ਦਾ ਕੇਵਲ ਇਕ ਹੀ ਕਮਰਾ ਸੀ। ਇਸ ਸ਼ਾਹੀ ਕੈਦੀ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ ਦੇ ਮੁਕਾਬਲੇ ਸੰਤ ਫਤਹਿ ਸਿੰਘ ਨੂੰ ਮਿਲਣ ਵਾਲੀਆ ਸਹੂਲਤਾਂ ਨਾਂ ਮਾਤਰ ਹੀ ਸਨ। ਇਕ ਪਾਸੇ ਸਿੱਖਾਂ ਦੀ ਰਾਜਨੀਤਕ ਜਥੇਬੰਦੀ ਦਾ ਪਰਧਾਨ ਰਾਜਨੀਤਕ ਕੈਦ ਅਧੀਨ ਨਜਰਬੰਦ ਸੀ ਦੂਸਰੇ ਪਾਸੇ ਚਾਲੀ ਕਰੋੜ ਰੂਪੈ ਚੋਰੀ ਕਰਨ ਵਾਲਾ ਦੋਸ਼ੀ ਵਿਅਕਤੀ ਸੀ। ਲੇਕਿਨ ਰਾਜਨੀਤਕ ਕੈਦੀ ਨਾਲੋਂ ਇਕ ਚੋਰੀ ਦੀ ਸਜਾ ਭੁਗਤ ਰਹੇ ਕੈਦੀ ਨੂੰ ਇਕ ਸ਼ਾਹੀ ਠਾਠ ਵਾਲੀਆਂ ਸਾਰੀਆ ਸਹੂਲਤਾਂ ਸਰਕਾਰ ਵਲੋਂ ਦਿਤੀਆਂ ਗਈਆਂ ਸਨ।

ਇਸ ਸਾਰੇ ਵਰਤਾਰੇ ਨੂੰ ਵੇਖ ਕੇ ਸਾਡੇ ਅਜਾਦੀ ਦੇ ਪਰਵਾਨਿਆਂ ਵਲੋਂ ਆਪਣੇ ਦੇਸ਼ ਵਾਸੀਆਂ ਨੂੰ ਆਰਥਿਕ, ਰਾਜਨੀਤਕ, ਸਭਿਆਚਾਰਕ ਤੇ ਧਾਰਮਿਕ ਅਜਾਦੀ ਦਿਵਾਉਣ ਲਈ ਲਏ ਗਏ ਸੁਪਨਿਆ ਨੂੰ ਪੂਰਾ ਕਰਨ ਲਈ ਦਿਤੀਆਂ ਗਈਆਂ ਮਹਾਨ ਕੁਰਬਾਨੀਆ ਤੋਂ ਬਾਅਦ ਉਸ ਦੇਸ਼ ਵਿਚ ਸਰਕਾਰ ਵਲੋਂ ਕੁਝ ਚੋਣਵੇਂ ਮੁਜਰਮਾਂ ਨਾਲ ਨਜਿਠਣ ਲਈ ਇਹੋ ਜਿਹੀ ਅਪਣਾਈ ਜਾਂਦੀ ਨੀਤੀ ਕਾਰਣ ਦੇਸ਼ ਦੇ ਲੋਕਾਂ ਦਾ ਭਵਿਖ ਦੇਸ਼ ਦੀ ਅਜਾਦੀ ਲਈ ਮਰ ਮਿਟਣ ਵਾਲੇ ਪਰਵਾਨਿਆਂ ਵਲੋਂ ਲਏ ਗਏ ਸੁਪਨਿਆ ਨੂੰ ਚਕਨਾਚੂਰ ਕਰਦਾ ਹੋਇਆ ਕਿਸ ਤਰਾਂ ਦਾ ਹੋ ਸਕਦਾ ਹੈ ਇਸ ਬਾਰੇ ਅੰਦਾਜਾ ਲਾਉਣਾ ਕੋਈ ਮੁਸ਼ਕਲ ਨਹੀਂ ਹੈ।

ਕੀ ਸਾਡੇ ਦੇਸ਼ ਦੇ ਲੋਕ ਇਸ ਸਾਰੇ ਵਰਤਾਰੇ ਨੂੰ ਠਲ ਪਾਉਣ ਲਈ ਅਗੇ ਆ ਸਕਣਗੇ ?

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com