WWW 5abi.com  ਸ਼ਬਦ ਭਾਲ

ਭਾਗ
2

ਜ਼ਿੰਦਗੀ ਦੇ ਸਫਰ ਚੋਂ
ਸਤਨਾਮ ਸਿੰਘ ਚਾਹਲ, ਕੈਲੇਫੋਰਨੀਆ


ਜਦ ਸੰਤ ਫਤਹਿ ਸਿੰਘ ਦੀ ਇੰਦਰਾਂ ਗਾਂਧੀ ਵਿਰੁਧ ਟਿਪਣੀ ਨੇ ਸਿਆਸੀ ਤੂਫਾਨ ਖੜਾ ਕੀਤਾ

ਸਤਨਾਮ ਸਿੰਘ ਚਾਹਲ

ਸੰਨ 1972 ਵਿਚ ਕੇਂਦਰ ਦੀ ਕਾਂਗਰਸ ਸਰਕਾਰ ਨੇ ਦਿਲੀ ਵਿਚ ਉਸ ਵੇਲੇ ਦੇ ਅਕਾਲੀ ਆਗੂ ਜਥੇਦਾਰ ਸੰਤੋਖ ਸਿੰਘ ਤੇ ਸਮੁਚੀ ਅਕਾਲੀ ਲੀਡਰਸ਼ਿਪ ਨੂੰ ਸਬਕ ਸਿਖਾਉਣ ਲਈ ਦਿੱਲੀ ਗੁਰੂਦੁਆਰਾ ਪਰਬੰਧਕ ਕਮੇਟੀ ਨੂੰ ਭੰਗ ਕਰਕੇ ਗੁਰੂਦੁਅਰਾ ਪਰਬੰਧ ਨੂੰ ਚਲਾਉਣ ਲਈ ਆਪਣੇ ਚਹੇਤੇ ਸਿੱਖਾਂ ਤੇ ਅਧਾਰਤ ਇਕ ਸਿੱਖ ਗੁਰੂਦੁਆਰਾ ਬੋਰਡ ਬਣਾ ਦਿਤਾ ਗਿਆ। ਸ੍ਰੋਮਣੀ ਅਕਾਲੀ ਦਲ ਨੇ ਸਰਕਾਰ ਦੀ ਇਸ ਕਾਰਵਾਈ ਨੂੰ ਸਿੱਖ ਧਰਮ ਵਿਚ ਸਿੱਧੀ ਦਖਲਅੰਦਾਜੀ ਕਰਾਰ ਦਿੰਦਿਆਂ ਸਰਕਾਰ ਦੇ ਇਸ ਫੈਸਲੇ ਦੀ ਡਟ ਕੇ ਵਿਰੋਧਤਾ ਕੀਤੀ। ਸੰਤ ਫਤਹਿ ਸਿੰਘ ਦੀ ਅਗਵਾਹੀ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿਤੀ ਕੇ ਜੇਕਰ ਸਰਕਾਰ ਨੇ ਦਿੱਲੀ ਸਿੱਖ ਗੁਰੂਦੁਆਰਾ ਪਰਬੰਧਕੀ ਬੋਰਡ ਨੂੰ ਭੰਗ ਕਰਕੇ ਦਿੱਲੀ ਗੁਰੂਦੁਆਰਾ ਪਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਦਾ ਐਲਾਨ ਨਾਂ ਕੀਤਾ ਤਾਂ ਅਕਾਲੀ ਦਲ ਸਰਕਾਰ ਦੀ ਇਸ ਧਕੇਸ਼ਾਹੀ ਵਿਰੁਧ ਬੜਾ ਜਬਰਦਸਤ ਅੰਦੋਲਨ ਛੇੜ ਦੇਵੇਗਾ।

ਉਧਰ ਉਸ ਵੇਲੇ ਦੀ ਪਰਧਾਨ ਮੰਤਰੀ ਸ੍ਰੀਮਤੀ ਇੰਧਰਾ ਗਾਂਧੀ ਅਕਾਲੀਆਂ ਦੀ ਕਿਸੇ ਵੀ ਧਮਕੀ ਅਗੇ ਝੁਕਣ ਲਈ ਤਿਆਰ ਨਹੀਂ ਸੀ ਇਸ ਲਈ ਉਹ ਵਾਰ ਵਾਰ ਅਕਾਲੀਆਂ ਦੀਆਂ ਧਮਕੀਆਂ ਦੇ ਜਵਾਬ ਵਿਚ ਐਲਾਨ ਕਰ ਰਹੀ ਸੀ ਕਿ ਉਹ ਅਕਾਲੀਆਂ ਦੀ ਕਿਸੇ ਵੀ ਧਮਕੀ ਅਗੇ ਝੁਕਣ ਲਈ ਤਿਆਰ ਨਹੀਂ ਹੋਵੇਗੀ। ਇਸ ਤਰਾਂ ਅਕਾਲੀਆਂ ਵਲੌਂ ਧਮਕੀਆਂ ਤੇ ਸਰਕਾਰ ਵਲੋਂ ਧਮਕੀਆਂ ਦਾ ਇਹ ਜਵਾਬ ਦੇਣ ਦਾ ਸਿਲਸਿਲਾ ਕਾਫੀ ਦੇਰ ਤਕ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਦਾ ਰਿਹਾ। ਉਧਰ ਜਥੇਦਾਰ ਸੰਤੋਖ ਸਿੰਘ ਨਵੀਂ ਦਿੱਲੀ ਵਿਖੇ ਆਪਣੀ ਸ਼ਕਤੀ ਦਾ ਪਰਦਰਸ਼ਨ ਕਰਕੇ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦਾ ਸੀ ਕਿ ਸਿੱਖ ਭਾਈਚਾਰਾ ਤੇ ਪੰਜਾਬ ਦੀ ਅਕਾਲੀ ਲੀਡਰਸ਼ਿਪ ਉਸ ਦੇ ਨਾਲ ਹੈ ਇਸ ਲਈ ਉਸਨੇ ਆਪਣੀ ਲੀਡਰੀ ਨੂੰ ਪੈਦਾ ਹੋਏ ਖਤਰੇ ਨੂੰ ਮਹਿਸੂਸ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁਧ ਮੋਰਚਾ ਲਾਉਣ ਲਈ ਤਿਆਰ ਕਰ ਲਿਆ। ਜਿਸ ਤਹਿਤ ਸ੍ਰੌਮਣੀ ਅਕਾਲੀ ਦੇ ਹੈਡਕੁਆਟਰ ਤੋਂ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਕਤਰ ਗਿਆਨੀ ਅਜਮੇਰ ਸਿੰਘ ਨੇ ਐਲਾਨ ਕੀਤਾ ਕਿ ਜੇਕਰ ਕੇਂਦਰ ਸਰਕਾਰ ਨੇ ਦਿੱਲੀ ਸਿੱਖ ਗੁਰੂਦੁਆਰਾ ਬੋਰਡ ਨੂੰ ਭੰਗ ਕਰਕੇ ਜਲਦੀ ਚੋਣਾਂ ਕਰਵਾਉਣ ਦਾ ਐਲਾਨ ਨਾਂ ਕੀਤਾ ਤਾਂ ਸ੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਵਿਰੁਧ ਪੰਦਰਾਂ ਅਗਸਤ 1972 ਤੋਂ ਆਪਣਾ ਮੋਰਚਾ ਆਰੰਭ ਕਰ ਦੇਵੇਗਾ। ਜਿਸ ਤਹਿਤ ਹਰ ਰੋਜ ਅਕਾਲੀ ਆਗੂਆ ਦਾ ਇਕ ਜਥਾ ਅੰਮ੍ਰਿਤਸਰ ਤੋਂ ਨਵੀਂ ਦਿਲੀ ਲਈ ਰਵਾਨਾ ਹੋਇਆ ਕਰੇਗਾ ਜਿਥੇ ਜਾ ਕੇ ਇਹ ਜਥਾ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਆਪਣੀਆਂ ਗਰਿਫਤਾਰੀਆਂ ਦੇਵੇਗਾ। ਇਸ ਤਰਾਂ ਅਕਾਲੀ ਦਲ ਵਲੋਂ ਗਰਿਫਤਾਰੀਆਂ ਦਾ ਇਹ ਸਿਲਸਿਲਾ ਉਦੋਂ ਤਕ ਜਾਰੀ ਰਹੇਗਾ ਜਦ ਤਕ ਸਰਕਾਰ ਦਿੱਲੀ ਗੁਰੂਦੁਆਰਾ ਪਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਨਹੀਂ ਕਰ ਦਿੰਦੀ।

ਅਕਾਲੀ ਦਲ ਦੇ ਇਸ ਐਲਾਨ ਤੋਂ ਬਾਅਦ ਇੰਦਰਾਂ ਗਾਂਧੀ ਨੇ ਫਿਰ ਐਲਾਨ ਕੀਤਾ ਕਿ ਉਹ ਅਕਾਲੀਆਂ ਦੀ ਕਿਸੇ ਵੀ ਧਮਕੀ ਅਗੇ ਝੁਕਣ ਲਈ ਤਿਆਰ ਨਹੀਂ ਹੈ। ਅਕਾਲੀ ਲੀਡਰਸ਼ਿਪ ਨੇ ਕੇਂਦਰ ਸਰਕਾਰ ਦੇ ਇਸ ਰਵਈਏ ਨੂੰ ਦੇਖਦਿਆਂ ਹੋਇਆਂ ਪੰਦਰਾਂ ਅਗਸਤ ਤੋਂ ਮੋਰਚੇ ਦਾ ਐਲਾਨ ਕਰ ਦਿਤਾ, ਜਿਸ ਦੀ ਰੂਪ ਰੇਖਾ ਅਨੁਸਾਰ ਪਹਿਲਾ ਜਥਾ ਸੰਤ ਫਤਹਿ ਸਿੰਘ ਦੀ ਅਗਵਾਹੀ ਵਿਚ ਤੇ ਦੂਸਰਾ ਜਥਾ ਅਕਾਲੀ ਦਲ ਦੇ ਜਨਰਲ ਸਕਤਰ ਸ: ਆਤਮਾ ਸਿੰਘ ਦੀ ਅਗਵਾਹੀ ਵਿਚ ਦਿੱਲ਼ੀ ਭੇਜਣ ਦਾ ਫੈਸਲਾ ਕੀਤਾ ਗਿਆ।

ਚੌਦਾਂ ਅਗਸਤ ਨੂੰ ਸੰਤ ਫਤਹਿ ਸਿੰਘ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਸਟੇਟ ਗੁਰੂਦੁਆਰਾ ਕਪੂਰਥਲਾ ਵਿਖੇ ਆਏ, ਜਿਥੇ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਸੰਤ ਫਤਹਿ ਸਿੰਘ ਨੂੰ ਪਤਰਕਾਰਾਂ ਨੇ ਜਦ ਇਹ ਪੁੱਛਿਆ ਕਿ ਭਾਰਤ ਦੀ ਪਰਧਾਨ ਮੰਤਰੀ ਸ੍ਰੀਮਤੀ ਇੰਦਰਾਂ ਗਾਂਧੀ ਵਾਰ ਵਾਰ ਇਹ ਐਲਾਨ ਕਰ ਰਹੀ ਹੈ ਕਿ ਉਹ ਅਕਾਲੀਆ ਦੀ ਕਿਸੇ ਵੀ ਧਮਕੀ ਅਗੇ ਨਹੀਂ ਝੁਕੇਗੀ ਤਾਂ ਅਜਿਹੀ ਸਥਿਤੀ ਵਿਚ ਅਕਾਲੀ ਦਲ ਦੀ ਰਣਨੀਤੀ ਕੀ ਹੋਏਗੀ । ਸੰਤ ਫਤਹਿ ਸਿੰਘ ਨੇ ਆਪਣੀ ਆਦਤ ਅਨੁਸਾਰ ਪਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਮੈਂ ਬੀਬੀ ਇੰਦਰਾਂ ਗਾਂਧੀ ਨੂੰ ਕਹਿਣਾਂ ਚਾਹੁੰਦਾਂ ਹਾਂ ਕਿ ਬੇਸ਼ਕ ਇੰਦਰਾਂ ਗਾਂਧੀ ਸਾਡੀਆਂ ਧਮਕੀਆਂ ਅਗੇ ਨਾ ਝੁਕੇ ਸਗੋਂ ਖੜੀ ਖੜੋਤੀ ਹੀ ਸਾਡੀਆਂ ਮੰਗੀਆਂ ਮੰਨ ਲਵੇ। ਬਸ ਸੰਤ ਫਤਹਿ ਸਿੰਘ ਦੀ ਇਸ ਗਲ ਨੂੰ ਬਹੁਤ ਸਾਰੇ ਅਖਬਾਰਾਂ ਨੇ ਤੋੜ ਮਰੋੜ ਕੇ ਤੇ ਸੰਤ ਫਹਹਿ ਸਿੰਘ ਵਲੋਂ ਕਹੀ ਹੋਈ ਗਲ ਦੇ ਹੋਰ ਹੀ ਮਤਲਬ ਬਣਾ ਕੇ ਪਰਕਾਸ਼ਤ ਕਰ ਦਿਤਾ। ਜਿਸ ਨਾਲ ਕਾਂਗਰਸੀ ਤੇ ਅਕਾਲੀ ਲੀਡਰਾਂ ਵਿਚਕਾਰ ਇਕ ਦੂਸਰੇ ਵਿਰੁਧ ਬਿਆਨਬਾਜੀਆਂ ਦਾ ਦੌਰ ਆਰੰਭ ਹੋ ਗਿਆ। ਉਧਰ ਬਾਅਦ ਵਿਚ ਨਵੀਂ ਦਿੱਲੀ ਦੇ ਨਜਦੀਕ ਰੇਲਵੇ ਸਟੇਸ਼ਨ ਉਪਰ ਸੰਤ ਫਤਹਿ ਸਿੰਘ ਤੇ ਉਹਨਾਂ ਦੇ ਸਾਰੇ ਜਥੇ ਨੂੰ ਗਰਿਫਤਾਰ ਕਰਕੇ ਸੈਂਟਰਲ ਜੇਲ ਤਿਹਾੜ ਵਿਚ ਨਜਰਬੰਦ ਕਰ ਦਿਤਾ ਗਿਆ ਲੇਕਿਨ ਜੇਲ ਦੇ ਬਾਹਰ ਸਿਆਸੀ ਲੀਡਰਾਂ ਦੀਆਂ ਇਕ ਦੂਸਰੇ ਵਿਰੁਧ ਕੀਤੀਆਂ ਜਾ ਰਹੀਆਂ ਬਿਆਨਬਾਜੀਆਂ ਨੇ ਸਿਆਸੀ ਮਾਹੌਲ ਦਾ ਤਾਪਮਾਨ ਹੋਰ ਵੀ ਗਰਮ ਕਰ ਦਿਤਾ। ਕੁਝ ਦਿਨਾਂ ਬਾਅਦ ਜੇਲ ਵਿਚ ਸੰਤ ਫਤਹਿ ਸਿੰਘ ਨੂੰ ਪਰਧਾਨ ਮੰਤਰੀ ਦੇ ਸਕਤਰੇਤ ਵਲੌ ਪਰਧਾਨ ਮੰਤਰੀ ਦੇ ਪ੍ਰਿੰਸੀਪਲ ਸਕਤਰ ਸ੍ਰੀ ਪੀ.ਸੀ.ਅਲੈਗਜੈਂਡਰ ਦਾ ਪਤਰ ਮਿਲਿਆ ਜਿਸ ਵਿਚ ਉਹਨਾਂ ਸੰਤ ਫਤਹਿ ਸਿੰਘ ਵਲੋਂ ਇੰਦਰਾਂ ਗਾਂਧੀ ਵਿਰੁਧ ਕੀਤੀ ਗਈ ਇਤਰਾਜ ਯੋਗ ਟਿਪਣੀ ਲਈ ਰੋਸ ਪਰਗਟ ਕੀਤਾ ਗਿਆ ਸੀ। ਸਰਕਾਰ ਦੇ ਇਸ ਪਤਰ ਦੇ ਜਵਾਬ ਵਿਚ ਸੰਤ ਫਤਹਿ ਸਿੰਘ ਨੇ ਲਿਖਿਆ ਕਿ ਉਹਂਨਾਂ ਨੇ ਇੰਦਰਾਂ ਗਾਂਧੀ ਵਿਰੁਧ ਅਜਿਹੀ ਕੋਈ ਇਤਰਾਜ ਯੋਗ ਟਿਪਣੀ ਨਹੀਂ ਕੀਤੀ ਤੇ ਉਹਨਾਂ ਦੇ ਬਿਆਨ ਨੂੰ ਅਖਬਾਰਾਂ ਵਾਲਿਆਂ ਨੇ ਤੋੜ ਮਰੋੜ ਕੇ ਲਿਖਿਆ ਹੈ। ਸੰਤ ਜੀ ਦੇ ਇਸ ਜਵਾਬ ਤੋਂ ਸਰਕਾਰ ਦੀ ਤਸਲੀ ਤਾਂ ਹੋ ਗਈ ਪਰ ਕਾਂਗਰਸੀ ਤੇ ਅਕਾਲੀ ਹਲਕਿਆਂ ਵਿਚ ਇਕ ਦੂਸਰੇ ਪਰਤੀ ਬਿਆਨਬਾਜੀਆਂ ਦਾ ਸਿਲਸਿਲਾ ਕਾਫੀ ਦੇਰ ਤਕ ਚਲਦਾ ਰਿਹਾ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com