ਇਹੋ ਜਿਹੇ ਸਨ ਸਾਡੇ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ-ਭਾਈ ਅਰਜਨ ਸਿੰਘ
ਜੀ
|
ਸਤਨਾਮ ਸਿੰਘ ਚਾਹਲ |
ਸਿਖਾਂ ਲਈ ਗੁਰੂਦੁਆਰਾ ਸਾਹਿਬ
ਜਿਥੇ ਧਾਰਮਿਕ ਸਿਖਿਆ ਤੇ ਰੂਹਾਨੀਅਤ ਦੇ ਕੇਂਦਰ ਹਨ ਉਥੇ ਇਹਨਾਂ ਗੁਰੂਦੁਆਰਿਆਂ ਵਿਚ
ਸੇਵਾ ਕਰ ਰਹੇ ਗ੍ਰੰਥੀ ਸਾਹਿਬ ਨੂੰ “ਗੁਰੂ ਕਾ ਵਜੀਰ”
ਹੋਣ ਦਾ ਮਾਣ ਵੀ ਪਰਾਪਤ ਹੈ। ਵਰਤਮਾਨ ਯੁਗ
ਵਿਚ ਭਾਵੇਂ ਇਹ ਗਲਾਂ ਅਮਲੀ ਤੌਰ ਤੇ ਹੁਣ ਕਹਿਣ ਕਹਾਉਣ ਲਈ ਹੀ ਰਹਿ ਗਈਆਂ ਹਨ ਲੇਕਿਨ
ਸਿੱਖ ਸਮਾਜ ਅੰਦਰ ਇਹੋ ਜਿਹੀਆਂ ਉਦਾਹਰਣਾਂ ਵੀ ਮਿਲਦੀਆਂ ਹਨ ਜਦੋਂ ਸਿੱਖ ਸੰਗਤਾਂ ਨੇ
ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਨੂੰ ਜਿਥੇ “ਗੁਰੁ ਕਾ ਵਜੀਰ” ਹੋਣ ਦਾ ਮਾਣ
ਦਿਤਾ ਉਥੇ ਸਬੰਧਤ ਗ੍ਰੰਥੀ ਸਾਹਿਬ ਨੇ ਵੀ “ਗੁਰੂ ਕਾ ਵਜੀਰ” ਹੋਣ ਦਾ ਸੰਗਤਾਂ ਪ੍ਰਤੀ
ਆਪਣਾ ਫਰਜ ਵੀ ਪੂਰੀ ਤਰਾਂ ਨਿਭਾਇਆ ਹੈ।
ਇਹੋ ਜਿਹੇ ਗ੍ਰੰਥੀ ਸਾਹਿਬਾਨ
ਵਿਚੋਂ ਸਾਡੇ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਚ ਤਾਇਨਾਤ ਗ੍ਰੰਥੀ ਸਾਹਿਬ ਭਾਈ ਅਰਜਨ
ਸਿੰਘ ਜੀ ਦਾ ਨਾਮ ਵੀ ਸ਼ਾਮਲ ਹੈ। ਇਹ ਗਲ ਤਾਂ ਭਾਵੇਂ ਲਗਭਗ ਚਾਲੀ ਕੁ ਸਾਲ ਪਹਿਲਾਂ
ਦੀ ਹੈ ਲੇਕਿਨ ਭਾਈ ਅਰਜਨ ਸਿੰਘ ਜੀ ਦਾ ਚਰਿਤਰ ਤੇ ਸੰਗਤਾਂ ਦੇ ਭਾਈ ਸਾਹਿਬ ਪ੍ਰਤੀ
ਸਤਿਕਾਰ ਦੀਆਂ ਯਾਦਾਂ ਇਤਨੀਆਂ ਤਾਜਾ ਹਨ ਕਿ ਇਹ ਸਾਰੀਆਂ ਯਾਦਾਂ ਬੀਤੇ ਕੱਲ ਦੀਆਂ
ਗੱਲਾਂ ਦਿਖਾਈ ਦੇ ਰਹੀਆਂ ਹਨ। ਭਾਈ ਅਰਜਨ ਸਿੰਘ ਸਾਡੇ ਪਿੰਡ ਦੇ ਗੁਰੂਦੁਆਰਾ ਸਾਹਿਬ
ਵਿਚ ਗ੍ਰੰਥੀ ਦੀ ਸੇਵਾ ਕਰਿਆ ਕਰਦੇ ਸਨ। ਸਰੀਰਕ ਪਖ ਤੋਂ ਉਹ ਅੰਗਹੀਣ ਸਨ ਤੇ ਉਹਨਾਂ
ਦੇ ਸਰੀਰ ਦਾ ਧੜ ਹੀ ਪੂਰੀ ਤਰਾਂ ਕੰਮ ਕਰਦਾ ਸੀ । ਉਹਨਾਂ ਦੀਆਂ ਲੱਤਾਂ ਬਿਲਕੁਲ ਕੰਮ
ਨਹੀਂ ਸਨ ਕਰਦੀਆਂ ਲੇਕਿਨ ਹੱਥ ਪੂਰੀ ਤਰਾਂ ਕੰਮ ਕਰਦੇ ਸਨ। ਲੇਕਿਨ ਇਸ ਸਾਰੀ
ਅੰਗਹੀਣਤਾ ਦੇ ਬਾਵਜੂਦ ਵੀ ਉਹ ਆਪਣੇ ਸਾਰੇ ਸਰੀਰ ਦੀ ਸਾਰੀ ਕਿਰਿਆ ਆਪ ਕਰਨ ਦੇ ਸਮਰਥ
ਸਨ। ਇਧਰ ਉਧਰ ਰਿੜ ਕੇ ਜਾਣ ਵਿਚ ਆਸਰਾ ਲੈਣ ਲਈ ਉਹ ਹਮੇਸ਼ਾਂ ਆਪਣੇ ਹੱਥ ਵਿਚ ਇਕ ਲਕੜ
ਦੀ ਖੂੰਡੀ ਰਖਿਆ ਕਰਦੇ ਸਨ। ਪਿੰਡ ਦਾ ਹਰ ਮਰਦ, ਔਰਤ, ਬੱਚਾ,ਬੱਚੀ ਇਹਨਾਂ ਨੂੰ ਭਾਈ
ਜੀ ਕਹਿ ਕੇ ਸੰਬੋਧਨ ਕਰਦੇ ਸਨ। ਭਾਈ ਜੀ ਦੇ ਪਰਿਵਾਰਕ ਪਿਛੋਕੜ ਦਾ ਵੇਰਵਾ ਭਾਵੇਂ
ਮਿਲ ਨਹੀਂ ਸਕਿਆ ਲੇਕਿਨ ਭਾਈ ਜੀ ਨਾਲ ਸਬੰਧਤ ਯਾਦਾਂ ਨੂੰ ਇਸ ਪੁਸਤਕ ਵਿਚ ਅੰਕਤ ਕਰਨ
ਦਾ ਇਕ ਛੋਟਾ ਜਿਹਾ ਯਤਨ ਜਰੂਰ ਕਰ ਰਿਹਾ ਹਾਂ ਤਾਂ ਕਿ ਉਹਨਾਂ ਦਾ ਜੀਵਨ ਤੇ ਚਰਿਤਰ
ਸਾਡੇ ਲਈ ਇਕ ਪਰੇਰਨਾ ਸਰੋਤ ਬਣਿਆ ਰਹੇ।
ਉਸ ਵਕਤ ਸਾਡੇ ਪਿੰਡ ਵਿਚ ਕੋਈ
ਸਕੂਲ ਨਹੀਂ ਹੁੰਦਾ ਸੀ। ਸਿੱਖਿਆ ਦੀ ਇਸ ਘਾਟ ਨੂੰ ਪੂਰਾ ਕਰਨ ਤੇ ਪਿੰਡ ਦੇ ਨੌਜਵਾਨ
ਮੁੰਡੇ ਕੁੜੀਆਂ ਨੂੰ ਧਾਰਮਿਕ ਸਿੱਖਿਆਂ ਦੇਣ ਲਈ ਭਾਈ ਜੀ ਨੇ ਗੁਰੂਦੁਆਰਾ ਸਾਹਿਬ
ਵਿਖੇ ਹੀ ਸਕੂਲ ਚਲਾਇਆ ਹੋਇਆ ਸੀ। ਪਿੰਡ ਦੇ ਵਿਆਹੁਣ ਯੋਗ ਮੁੰਡੇ ਕੁੜੀਆਂ ਨੂੰ ਸ੍ਰੀ
ਗੁਰੁ ਗ੍ਰੰਥ ਸਾਹਿਬ ਜੀ ਦਾ ਸ਼ੁਧ ਪਾਠ ਕਰਣ ਦੀ ਸਿੱਖਿਆ ਦੇਣ ਦਾ ਕੰਮ ਹਮੇਸ਼ਾਂ ਹੀ
ਉਹਨਾਂ ਦੇ ਏਜੰਡੇ ਉਪਰ ਹੁੰਦਾ ਸੀ । ਪਿੰਡ ਦੇ ਗੁਰੂਦੁਆਰਾ ਸਾਹਿਬ ਵਿਖੇ ਹੋਣ ਵਾਲੇ
ਗੁਰੁ ਗ੍ਰੰਥ ਸਾਹਿਬ ਜੀ ਦੇ ਸਾਰੇ ਅਖੰਡ ਪਾਠ ਭਾਈ ਜੀ ਆਪਣੀ ਦੇਖ ਰੇਖ ਹੇਠਾਂ ਇਹਨਾਂ
ਨੌਜਵਾਨ ਮੁੰਡੇ ਕੁੜੀਆਂ ਪਾਸੋਂ ਕਰਵਾਇਆ ਕਰਦੇ ਸਨ । ਇਸ ਲਈ ਸਾਡੇ ਪਿੰਡ ਦੇ ਲਗਭਗ
ਹਰ ਪਰਿਵਾਰ ਦਾ ਵਾਤਾਵਰਣ ਧਾਰਮਿਕ ਬਣਿਆ ਰਹਿੰਦਾ ਸੀ। ਇਹ ਗਲ ਭਾਈ ਜੀ ਦੇ ਯਤਨਾਂ ਦਾ
ਹੀ ਸਿਟਾ ਹੈ ਕਿ ਉਸ ਵਕਤ ਭਾਈ ਜੀ ਵਲੋਂ ਜਿਹਨਾਂ ਨੌਜਵਾਨ ਮੁੰਡੇ ਕੁੜੀਆਂ ਨੂੰ
ਜਿਹੜੀ ਧਾਰਮਿਕ ਸਿਖਿਆ ਦਿਤੀ ਗਈ ਸੀ ਉਸ ਸਿੱਖਿਆ ਦੇ ਸਦਕਾ ਅੱਜ ਉਹੋ ਹੀ ਮੁੰਡੇ
ਕੁੜੀਆਂ ਆਪੋ ਆਪਣੇ ਗ੍ਰਹਿਸਥ ਜੀਵਨ ਦਾ ਵਾਤਾਵਰਣ ਵੀ ਧਾਰਮਿਕ ਰਖਣ ਵਿਚ ਸਫਲ ਹੋਏ
ਹਨ। ਭਾਈ ਜੀ ਕਹਿਣੀ ਤੇ ਕਰਨੀ ਦੇ ਪੂਰੇ ਸਨ। ਉਹਨਾਂ ਦਾ ਚਰਿਤਰ ਇਤਨਾ ਸਾਫ ਸੁਥਰਾ
ਸੀ ਕਿ ਪਿੰਡ ਦੇ ਲੋਕ ਉਹਨਾਂ ਦੇ ਮੂੰਹ ਵਿਚੋਂ ਨਿਕਲੀ ਹਰ ਗਲ ਨੂੰ ਇਕ ਧਾਰਮਿਕ ਹੁਕਮ
ਵਜੋਂ ਮੰਨਣਾ ਆਪਣਾ ਫਰਜ ਸਮਝਦੇ ਸਨ। ਪਿੰਡ ਦੇ ਲੋਕਾਂ ਵਿਚਕਾਰ ਪੈਦਾ ਹੋਣ ਵਾਲੇ
ਛੋਟੇ ਮੋਟੇ ਝਗੜਿਆਂ ਨੂੰ ਨਿਬੇੜਨ ਲਈ ਭਾਵੇਂ ਸਾਡੇ ਪਿੰਡ ਵਿਚ ਪੰਚਾਇਤ ਮੌਜੂਦ ਸੀ
ਲੇਕਿਨ ਭਾਈ ਜੀ ਦਾ ਫੈਸਲਾ ਲੋਕ ਸੁਪਰੀਮ ਕੋਰਟ ਦੇ ਫੈਸਲਿਆਂ ਵਾਂਗ ਮੰਨਦੇ ਸਨ। ਭਾਈ
ਜੀ ਵਲੋਂ ਕਿਸੇ ਵੀ ਵਿਸ਼ੇ ਉਪਰ ਦਿਤੇ ਗਏ ਫੈਸਲੇ ਉਪਰ ਕਿੰਤੂ ਪ੍ਰੰਤੂ ਕਰਨ ਦੀ ਕੋਈ
ਵੀ ਹਿੰਮਤ ਨਹੀਂ ਸੀ ਕਰਦਾ। ਇਸ ਲਈ ਪਿੰਡ ਦੇ ਕਿਸੇ ਵੀ ਵਿਸ਼ੇਸ਼ ਝਗੜੇ ਨੂੰ ਲੋਕ
ਪੰਚਾਇਤ ਨਾਲੋਂ ਭਾਈ ਜੀ ਕੋਲ ਲੈ ਕੇ ਜਾਣ ਨੂੰ ਬੇਹਤਰ ਸਮਝਦੇ ਸਨ । ਪਿੰਡ ਦੇ
ਪਰਿਵਾਰ ਆਪਣੇ ਵਿਗੜੇ ਹੋਏ ਮੁੰਡੇ ਕੁੜੀਆਂ ਨੂੰ ਸਿੱਧੇ ਰਸਤੇ ਤੇ ਲਿਆਉਣ ਲਈ ਭਾਈ ਜੀ
ਕੋਲ ਹੀ ਸ਼ਿਕਾਇਤ ਕਰਿਆ ਕਰਦੇ ਸਨ। ਇਥੋਂ ਤਕ ਕਿ ਜੇਕਰ ਕਿਸੇ ਪਤੀ ਪਤਨੀ ਵਿਚਕਾਰ
ਕਿਸੇ ਗਲ ਤੋਂ ਕੋਈ ਝਗੜਾ ਜਾਂ ਤਕਰਾਰ ਹੋ ਜਾਂਦਾ ਸੀ ਤਾਂ ਉਹ ਇਕ ਦੂਸਰੇ ਨੂੰ ਭਾਈ
ਜੀ ਨੂੰ ਦਸ ਦੇਣ ਦਾ ਡਰਾਵਾ ਹੀ ਦਿੰਦੇ ਸਨ। ਜਦ ਭਾਈ ਜੀ ਕੋਲ ਇਹੋ ਜਿਹੀਆਂ
ਸ਼ਿਕਾਇਤਾਂ ਫੈਸਲੇ ਲਈ ਪਹੁੰਚਦੀਆਂ ਸਨ ਤਾਂ ਉਹ ਕਸੂਰਵਾਰ ਧਿਰ ਨੂੰ “ਸੂਰ ਦਾ ਬੱਚਾ”
ਜਾਂ “ਸੂਰ ਦੀ ਬੱਚੀ” ਕਹਿ ਕੇ ਬੁਲਾਉਂਦੇ ਹੁੰਦੇ ਸਨ। ਇਹ ਉਹਨਾਂ ਦਾ “ਤਕੀਆ ਕਲਾਮ”
ਹੁੰਦਾ ਸੀ।
ਪਿੰਡ ਦੇ ਲੋਕਾਂ ਨੂੰ ਇਸ ਗਲ
ਦਾ ਭਲੀ ਪਰਕਾਰ ਪਤਾ ਹੁੰਦਾ ਸੀ ਕਿ ਜਿਸ ਆਦਮੀ ਜਾਂ ਔਰਤ ਨੂੰ ਭਾਈ ਜੀ ਨੇ ਇਸ ਤਕੀਏ
ਕਲਾਮ ਨਾਲ ਸੰਬੋਧਨ ਹੋ ਕੇ ਬੁਲਾ ਲਿਆ ਬਸ ਉਸਨੂੰ ਭਾਈ ਜੀ ਵਲੋਂ ਸੁਣਾਈ ਗਈ ਸਜਾ
ਭੁਗਤਣੀ ਹੀ ਪੈਂਦੀ ਸੀ। ਇਹ ਉਹਨਾਂ ਦੇ ਸਾਫ ਸੁਥਰੇ ਚਰਿਤਰ ਦਾ ਹੀ ਨਤੀਜਾ ਸੀ ਕਿ
ਪਿੰਡ ਦੇ ਲੋਕਾਂ ਨੇ ਕਦੇ ਵੀ ਭਾਈ ਜੀ ਵਲੋਂ ਕੀਤੇ ਗਏ ਕਿਸੇ ਵੀ ਫੈਸਲੇ ਉਪਰ ਕਦੇ ਵੀ
ਰੋਸ ਪਰਗਟ ਕਰਨ ਦੀ ਹਿੰਮਤ ਨਹੀਂ ਸੀ ਕੀਤੀ । ਪਿੰਡ ਵਿਚ ਹੋਣ ਵਾਲੇ ਸਾਰੇ ਹੀ ਵਿਕਾਸ
ਦੇ ਕੰਮ ਭਾਈ ਜੀ ਦੀ ਪਰਵਾਨਗੀ ਨਾਲ ਹੀ ਹੁੰਦੇ ਸਨ। ਬਹੁਤ ਕਸੂਰ ਕਰਨ ਵਾਲੇ ਵਿਅਕਤੀ
ਨੂੰ ਉਹ ਆਪਣੇ ਹਥ ਵਿਚ ਹਮੇਸ਼ਾਂ ਫੜੀ ਖੂੰਡੀ ਨਾਲ ਸਿੱਧਾ ਕਰਨ ਤੋਂ ਵੀ ਕਦੇ ਨਹੀਂ ਸਨ
ਝਿਜਕਦੇ ਤੇ ਨਾਂ ਹੀ ਉਹ ਇਸ ਗਲ ਦੀ ਪਰਵਾਹ ਕਰਦੇ ਸਨ ਕਿ ਉਹਨਾਂ ਦੇ ਸਾਹਮਣੇ ਖੜਾ
ਦੋਸ਼ੀ ਵਿਅਕਤੀ ਮਰਦ ਹੈ ਜਾਂ ਔਰਤ ਹੈ। ਪਿੰਡ ਦੇ ਲੋਕਾਂ ਨੂੰ ਹਮੇਸ਼ਾਂ ਆਪਣੇ ਧਾਰਮਿਕ
ਵਿਰਸੇ ਨਾਲ ਜੋੜੀ ਰੱਖਣ ਲਈ ਉਹਨਾਂ ਨੇ ਪਿੰਡ ਦੇ ਗੁਰੂਦੁਆਰਾ ਸਾਹਿਬ ਵਿਚ ਹਰ ਸਾਲ
ਤਿੰਨ ਰੋਜਾ ਧਾਰਮਿਕ ਦੀਵਾਨ ਸਜਾਉਣ ਦਾ ਸਿਲਸਿਲਾ ਵੀ ਆਰੰਭ ਕੀਤਾ ਜਿਹੜਾ ਅਜੇ ਤੱਕ
ਵੀ ਸਾਡੇ ਪਿੰਡ ਵਿਚ ਚਲ ਰਿਹਾ ਹੈ।
ਇਹਨਾਂ ਤਿੰਨ ਦਿਨਾਂ
ਧਾਰਮਿਕ ਸਮਾਗਮਾਂ ਵਿਚ ਉਚ ਕੋਟੀ ਦੇ ਢਾਡੀ, ਕਵੀਸ਼ਰ, ਪਰਚਾਰਕ ਤੇ ਧਾਰਮਿਕ ਆਗੂ ਜਿਥੇ
ਸ਼ਾਮਲ ਹੁੰਦੇ ਹਨ ਉਥੇ ਹਰ ਸਾਲ ਅੰਮ੍ਰਿਤ ਪਰਚਾਰ ਵੀ ਹੁੰਦਾ ਹੈ। ਗੁਰੂਦੁਆਰਾ ਪਰਬੰਧ
ਲਈ ਕੋਈ ਕਮੇਟੀ ਨਹੀਂ ਸੀ ਤੇ ਨਾਂ ਹੀ ਗੁਰਦੁਆਰਾ ਪਰਬੰਧ ਵਿਚ ਚੌਧਰ ਲਈ ਕੋਈ ਲੜਾਈ
ਜਾਂ ਮੁਕਾਬਲਾ ਸੀ। ਇਸੇ ਲਈ ਗੁਰੂਦੁਆਰਾ ਸਾਹਿਬ ਦਾ ਵਾਤਾਵਰਣ ਹਮੇਸ਼ਾਂ ਹੀ ਧਾਰਮਿਕ
ਤੇ ਰੂਹਾਨੀਅਤ ਵਾਲਾ ਬਣਿਆ ਰਹਿੰਦਾ ਸੀ।
ਜਿਸ ਵਕਤ ਭਾਈ ਜੀ ਪਰਲੋਕ
ਸਿਧਾਰੇ ਉਸ ਵਕਤ ਸਾਡੇ ਹੀ ਪਿੰਡ ਦੇ ਲੋਕਾਂ ਵਿਚ ਹੀ ਨਹੀਂ ਸਗੋਂ ਆਸ ਪਾਸ ਦੇ
ਪਿੰਡਾਂ ਦੇ ਲੋਕਾਂ ਵਿਚ ਕਾਫੀ ਸਮੇਂ ਤਕ ਮਾਤਮ ਛਾਇਆ ਰਿਹਾ। ਅਜ ਵੀ ਪਿੰਡ ਦੇ ਲੋਕ
ਜਦ ਦੇਸ਼ ਵਿਦੇਸ਼ ਵਿਚ ਇਕ ਦੂਸਰੇ ਨੂੰ ਮਿਲਦੇ ਹਨ ਤਾਂ ਉਹ ਭਾਈ ਅਰਜਨ ਸਿੰਘ ਦੇ ਸਮੇਂ
ਨੂੰ ਪਿੰਡ ਦਾ ਸੁਨਹਿਰੀ ਸਮਾਂ ਕਹਿ ਕੇ ਯਾਦ ਕਰਦੇ ਹਨ। |