WWW 5abi.com  ਸ਼ਬਦ ਭਾਲ

ਨਾਵਲ
ਕਾਂਡ ਪੰਦਰਾਂ

ਉੱਜੜ ਗਏ ਗਰਾਂ
ਸ਼ਿਵਚਰਨ ਜੱਗੀ ਕੁੱਸਾ


ਮੁਕੱਦਮੇਂ ਦੀ ਤਾਰੀਖ਼ ਦਾ ਦਿਨ ਆ ਗਿਆ।

 

ਸੁਣਵਾਈ ਸ਼ੁਰੂ ਹੋ ਗਈ। ਮੁਕੱਦਮਾ ਦੁਬਾਰਾ ਪੜ੍ਹ ਕੇ ਸੁਣਾਇਆ ਗਿਆ। ਸਰਕਾਰੀ ਵਕੀਲ ਨੇ ਮੁਕੱਦਮਾ ਫਿਰ ਦੁਹਰਾਇਆ। ਨ੍ਹੇਰੀ ਨੇ ਆਪਣੇ ਬਿਆਨ ਤੋਤੇ ਵਾਂਗ ਰਟ ਦਿੱਤੇ। ਸਰਕਾਰੀ ਵਕੀਲ ਫ਼ਜ਼ੂਲ ਮਗਜ਼ਮਾਰੀ ਕਰ ਰਿਹਾ ਸੀ। ਉਸ ਨੂੰ ਪੂਰਾ ਪਰਪੱਕ ਵਿਸ਼ਵਾਸ ਸੀ ਕਿ ਕਰਮੇਂ ਨੂੰ ਫ਼ਾਂਸੀ ਨਹੀਂ ਤਾਂ ਉਮਰ ਕੈਦ ਜ਼ਰੂਰ ਹੋਵੇਗੀ। ਕੇਸ ਤਾਂ ਉਸ ਦੇ ਹੱਕ ਵਿਚ ਹੀ ਚੱਲ ਰਿਹਾ ਸੀ। ਚਸ਼ਮਦੀਦ ਗਵਾਹ ਨ੍ਹੇਰੀ ਬਿਆਨ ਦਿੰਦਾ ਭੋਰਾ ਨਹੀਂ ਥਿੜਕਿਆ ਸੀ। ਉਸ ਨੂੰ ਤਾਂ ਮੱਲੋਮੱਲੀ ਦੀ ਸ਼ਾਬਾਸ਼ੇ ਮਿਲਣ ਵਾਲੀ ਸੀ!

 

ਕਰਮੇਂ ਦੇ ਵਕੀਲ ਚਾਹਲ ਨੇ ਕਰਮੇਂ ਦੇ ਬਾਹਰਲੇ ਘਰ ਵਾਲਾ ਗੁਆਂਢੀ ਪੇਸ਼ ਕਰਕੇ ਨ੍ਹੇਰੀ ਨਾਲ ਗਿਆਰ੍ਹਾਂ ਵਰ੍ਹਿਆਂ ਦੀ ਦੁਸ਼ਮਣੀ ਦੀ ਗੱਲ ਸਾਬਤ ਕਰ ਦਿੱਤੀ।

 

ਸਰਕਾਰੀ ਵਕੀਲ ਅਤੇ ਨ੍ਹੇਰੀ ਦੇ ਪੈਰ ਹਿੱਲ ਗਏ। ਦੋਹਾਂ ਦੀ ਹਾਲਤ ਉਸ ਬੱਚੇ ਵਰਗੀ ਸੀ, ਜਿਸ ਹੱਥੋਂ ਕਾਂ ਟੁੱਕ ਖੋਹ ਕੇ ਲੈ ਗਿਆ ਸੀ। ਉਹਨਾਂ ਨੂੰ ਭੱਜਣ ਨੂੰ ਕੋਈ ਥਾਂ ਨਹੀਂ ਲੱਭਦਾ ਸੀ। ਸਰਕਾਰੀ ਵਕੀਲ ਨੇ ਕਰੋਧ ਨਾਲ ਠਾਣੇਦਾਰ ਵੱਲ ਤੱਕਿਆ। ਜਿਸ ਨੇ ਗਵਾਹ ਹੱਥ ਹੇਠ ਨਹੀਂ ਕੀਤੇ ਸਨ। ਠਾਣੇਦਾਰ ਬੋਚ ਕੇ ਨਜ਼ਰ ਬਚਾ ਗਿਆ।

 

ਕਰਮਾਂ ਕਟਿਹਰੇ ਵਿਚ ਖੜ੍ਹਾ ਚੁੱਪ-ਚਾਪ ਇਕ ਟੱਕ ਦੇਖ ਰਿਹਾ ਸੀ। ਇੰਦਰ ਹੋਰਾਂ ਦੇ ਚਿਹਰੇ 'ਤੇ ਇਕ ਸੰਤੁਸ਼ਟੀ ਉਭਰ ਆਈ ਸੀ। ਉਹ ਬੜੇ ਅਰਾਮ ਨਾਲ ਬੈਠੇ ਕਾਰਵਾਈ ਦੇਖ ਰਹੇ ਸਨ। ਅੱਧਿਓਂ ਜ਼ਿਆਦਾ ਡਰ ਉਹਨਾਂ ਅੰਦਰੋਂ ਫ਼ਰ ਲਾ ਕੇ ਉੱਡ ਗਿਆ ਸੀ।

-"ਮੀ ਲਾਰਡ! ਅਗਰ ਜਨਾਬ ਦੀ ਇਜਾਜ਼ਤ ਹੋਵੇ ਤਾਂ ਮੈਂ ਸਿਰਫ਼ ਇਕ ਅਤੇ ਆਖਰੀ ਅਹਿਮ ਗਵਾਹ ਪੇਸ਼ ਕਰਾਂਗਾ।" ਬਚਾਓ ਪੱਖੀ ਵਕੀਲ ਚਾਹਲ ਨੇ ਕਿਹਾ।

 

-"ਇਜਾਜ਼ਤ ਹੈ!" ਜੱਜ ਨੇ ਕਿਹਾ।

-"ਥੈਂਕ ਯੂ-ਮੀ ਲਾਰਡ!"

 

ਦਸ ਕੁ ਸਾਲ ਦੀ ਬੱਚੀ ਨੂੰ ਕਰਮਚਾਰੀ ਨੇ ਕਟਿਹਰੇ ਤੱਕ ਅਗਵਾਈ ਦਿੱਤੀ।

 

-"ਬੇਟੇ ਕੀ ਨਾਂ ਐਂ ਤੇਰਾ?" ਜੱਜ ਨੇ ਬੜੇ ਪ੍ਰੇਮ ਨਾਲ ਪੁੱਛਿਆ।

-"ਜੀ ਨਿੱਕੀ--!" ਉਸ ਨੇ ਬੜੀ ਮਾਸੂਮੀਅਤ ਨਾਲ ਦੱਸਿਆ।

ਕਾਫ਼ੀ ਲੋਕ ਹੱਸ ਪਏ।

ਉਹ ਵੀ ਹੱਸਣ ਲੱਗ ਪਈ।

-"ਨਿੱਕੀ ਸਿੰਘ ਕਿ ਨਿੱਕੀ ਕੌਰ?" ਜੱਜ ਨੇ ਹਾਸੇ ਵਿਚ ਮਜ਼ਾਕੀਆ ਛੇੜਿਆ।

 

ਉਹ ਭੋਲੀ ਜਿਹੀ ਕੁੜੀ ਫਿਰ ਹੱਸ ਕੇ ਚੁੱਪ ਕਰ ਗਈ।

 

-"ਖ਼ੈਰ! ਬੇਟੇ ਕਰਮ ਸਿੰਘ ਤੇਰਾ ਕੀ ਲੱਗਦੈ?" ਕਰਮੇਂ ਦੇ ਵਕੀਲ ਨੇ ਕਾਰਵਾਈ ਸ਼ੁਰੂ ਕੀਤੀ।

-"ਚਾਚਾ ਲੱਗਦੈ ਜੀ--!"

-"ਤੇ ਕੁਲਵਿੰਦਰ ਤੇਰੀ ਚਾਚੀ ਲੱਗਦੀ ਸੀ?"

-"ਹਾਂ ਜੀ--!"

-"ਨਿੱਕੀ! ਜਿਸ ਦਿਨ ਤੇਰੀ ਚਾਚੀ ਕੁਲਵਿੰਦਰ ਮਰੀ-ਉਸ ਦਿਨ ਤੂੰ ਕੋਠੇ 'ਤੇ ਕੀ ਕਰਦੀ ਸੀ ਬੇਟੇ?"

-"ਜੀ ਮੈਂ ਖੇਡਦੀ ਸੀ।"

-"ਸ਼ਾਬਾਸ਼ ਬੇਟੇ! ਤੇ ਬੇਟੇ ਇਹ ਦੱਸ ਬਈ ਛੋਟੀਆਂ ਕੁੜੀਆਂ ਨੂੰ ਦੁਆਈ ਤੇਰੇ ਚਾਚੇ ਨੇ ਪਿਆਈ ਜਾਂ ਤੇਰੀ ਚਾਚੀ ਨੇ?"

-"ਜੀ ਚਾਚੀ ਨੇ!"

-"ਤੇ ਤੇਰੀ ਚਾਚੀ? ਮੁਆਫ਼ ਕਰਨਾ ਯੂਅਰ ਆਨਰ! ਇਹ ਪੁਆਇੰਟ ਨੋਟ ਕੀਤਾ ਜਾਵੇ!" ਉਸ ਨੇ ਕੁੜੀ ਵੱਲੋਂ ਹਟ ਕੇ ਜੱਜ ਨੂੰ ਕਿਹਾ।

-"ਤੇ ਤੇਰੀ ਚਾਚੀ ਨੂੰ ਦੁਆਈ ਕੀਹਨੇ ਪਿਆਈ ਬੇਟੇ?"

-"ਜੀ ਉਹਨੇ ਆਪ ਈ ਪੀਤੀ ਸੀ।"

-"ਪਲੀਜ਼ ਨੋਟ ਦਾ ਪੁਆਇੰਟ-ਮੀ ਲਾਰਡ!"

 

ਜੱਜ ਨੇ ਨੁਕਤਾ ਨੋਟ ਕੀਤਾ।

 

-"ਤੇ ਬੇਟੇ! ਤੇਰਾ ਚਾਚਾ ਕਰਮਾਂ ਉਸ ਦਿਨ ਕਿੱਥੇ ਸੀ?"

-"ਜੀ ਪਤਾ ਨਹੀਂ!"

-"ਤੂੰ ਉਸ ਦਿਨ ਉਸ ਨੂੰ ਦੇਖਿਆ ਸੀ?"

-"ਨਹੀਂ ਜੀ।" ਉਹ ਸੰਖੇਪ ਉਤਰ ਦੇ ਰਹੀ ਸੀ।

-"ਨਿੱਕੀ, ਇੱਕ ਹੋਰ ਸੁਆਲ ਬੱਚੂ! ਓਸ ਦਿਨ ਉਥੇ ਤੂੰ ਐਸ ਬੰਦੇ ਨੂੰ ਦੇਖਿਆ ਸੀ?" ਚਾਹਲ ਨੇ ਨ੍ਹੇਰੀ ਦੇ ਮੋਢੇ 'ਤੇ ਹੱਥ ਰੱਖ ਕੇ ਪੁੱਛਿਆ।

ਨਿੱਕੀ ਨੇ 'ਨਾਂਹ' ਵਿਚ ਸਿਰ ਫੇਰ ਦਿੱਤਾ।

 

ਸਰਕਾਰੀ ਵਕੀਲ ਦੀ ਜਿਵੇਂ ਮਾਂ ਮਰ ਗਈ ਸੀ। ਉਹ ਮੂੰਹ 'ਚ ਉਂਗਲਾਂ ਪਾਈ ਚੁੱਪ ਕਰਿਆ ਬੈਠਾ ਸੀ। ਜਿਵੇਂ ਕਿਸੇ ਨੇ ਉਸ ਦੀ ਇੱਜ਼ਤ ਲੁੱਟ ਲਈ ਸੀ। ਉਸ ਦੀ ਹਾਲਤ ਉਸ ਵਿਧਵਾ ਔਰਤ ਵਰਗੀ ਸੀ, ਜਿਸ ਦੇ ਇਕੱਲੇ ਦੁਕੱਲੇ ਪੁੱਤ ਨੇ ਥੱਪੜ ਕੱਢ ਮਾਰਿਆ ਹੋਵੇ। ਆਸਾਂ 'ਤੇ ਪਾਣੀ ਫਿਰ ਗਿਆ ਸੀ।

ਨ੍ਹੇਰੀ ਕੁਰਸੀ 'ਤੇ ਬੱਗਾ ਫ਼ੂਸ ਹੋਇਆ ਬੈਠਾ ਸੀ।

ਜੰਟੇ ਹੋਰਾਂ ਦੇ ਹੱਥਾਂ ਵਿਚ ਫੜੇ ਤੋਤੇ ਜਿਵੇਂ ਉੱਡ ਗਏ ਸਨ।

 

-"ਆਫ਼ਟਰ ਆਲ ਮੀ ਲਾਰਡ! ਸੱਚ ਸੌ ਨਦੀਆਂ ਪਾਰ ਕਰਕੇ ਬਾਹਰ ਆ ਹੀ ਗਿਆ! ਇਸ ਛੋਟੀ ਬੱਚੀ ਦੇ ਬਿਆਨਾਂ ਅਨੁਸਾਰ ਗਵਾਹ ਅਤੇ ਐੱਫ਼ ਆਈ ਆਰ ਦੋਨੋਂ ਹੀ ਝੂਠੇ ਹਨ-ਮੈਂ ਅਦਾਲਤ ਨੂੰ ਜ਼ਾਹਿਰਾ ਤੌਰ 'ਤੇ ਦਰਖ਼ਾਸਤ ਕਰਾਂਗਾ ਕਿ ਕਰਮ ਸਿੰਘ ਨੂੰ ਬਾਇੱਜ਼ਤ ਬਰੀ ਕੀਤਾ ਜਾਵੇ ਅਤੇ ਝੂਠੇ ਗਵਾਹ ਬੁੱਕਣ ਸਿੰਘ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ-ਸਬੰਧਤ ਪੁਲੀਸ ਕਰਮਚਾਰੀਆਂ ਨੂੰ ਵੀ ਸਬਕ ਦੇਣ ਲਈ ਜਨਾਬ ਅੱਗੇ ਪੁਰਜੋਰ ਅਪੀਲ ਕਰਾਂਗਾ-ਜਿੰਨ੍ਹਾਂ ਨੇ ਅਦਾਲਤ ਦਾ ਕੀਮਤੀ ਟਾਈਮ ਫ਼ਜ਼ੂਲ ਜ਼ਾਇਆ ਕੀਤਾ-ਨਿਰਦੋਸ਼ ਕਰਮ ਸਿੰਘ ਨੂੰ ਮੁਆਵਜ਼ਾ ਦੇਣ ਲਈ ਵੀ ਸਿਫ਼ਾਰਸ਼ ਕਰਾਂਗਾ ਮੀ ਲਾਰਡ! ਫ਼ੈਸਲਾ ਜਨਾਬ ਆਪ ਦੇ ਹੱਥ ਵਿਚ ਹੈ-ਦੈਟਸ ਆਲ ਯੂਅਰ ਆਨਰ-ਥੈਂਕਯੂ!" ਕਹਿ ਕੇ ਚਾਹਲ ਬੈਠ ਗਿਆ। ਉਸ ਦੀ ਸਪੀਚ ਨੇ ਜੱਜ ਨੂੰ ਵਾਹਣੀਂ ਪਾ ਲਿਆ।

ਜੱਜ ਨੇ ਕਲਮ ਚੁੱਕ ਕੇ ਕੁਝ ਲਿਖਿਆ। ਫਿਰ ਫ਼ੈਸਲਾ ਸੁਣਾਇਆ।

ਕਰਮਾਂ ਬਾਇੱਜ਼ਤ ਬਰੀ ਕਰ ਦਿੱਤਾ ਗਿਆ!

 

ਨ੍ਹੇਰੀ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਹੋ ਗਿਆ। ਠਾਣੇਦਾਰ ਨੂੰ ਮਿਹਰਵਾਨ ਜੱਜ ਨੇ ਝੂਠਾ ਕੇਸ ਦਰਜ਼ ਕਰਨ ਦੇ ਮਾਮਲੇ ਵਿਚ ਲਾਈਨ ਹਾਜ਼ਰ ਹੋਣ ਦੇ ਆਰਡਰ ਜਾਰੀ ਕਰ ਦਿੱਤੇ।

ਚਸ਼ਮਦੀਦ ਗਵਾਹ ਲੜਕੀ ਨੂੰ ਜੱਜ ਨੇ ਸਤਿਕਾਰਦਿਆਂ ਕਿਹਾ।

 

-"ਤੂੰ ਨਿੱਕੀ ਕੌਰ ਨਹੀਂ - ਨਿੱਕੀ ਸਿੰਘ ਹੈਂ! ਜਿਸ ਨੇ ਅਦਾਲਤ ਦੀ ਐਨੀ ਮੱਦਦ ਕੀਤੀ ਅਤੇ ਇਕ ਨਿਰਦੋਸ਼ ਨੂੰ ਜੇਲ੍ਹ ਜਾਣੋਂ ਬਚਾ ਲਿਆ!" ਜੱਜ ਨੇ ਫਿਰ ਉਸ ਨੂੰ ਸ਼ਾਬਾਸ਼ ਦੇ ਕੇ ਥਾਪੜਿਆ।

 

ਕਰਮੇਂ ਨੂੰ ਬੇਕਸੂਰ ਹੋਣ ਦੇ ਬਾਵਜੂਦ ਹਿਰਾਸਤ ਵਿਚ ਰਹਿਣ ਕਰਕੇ ਮੁਆਵਜ਼ਾ ਮਨਜ਼ੂਰ ਕਰ ਦਿੱਤਾ ਗਿਆ।

ਜਿੱਤ ਦੀ ਖ਼ੁਸ਼ੀ ਸਾਰਿਆਂ ਨੂੰ ਝੂਟਾ ਦੇ ਗਈ ਸੀ।

 

ਕਰਮੇਂ ਦੀਆਂ ਹੱਥਕੜੀਆਂ ਅਤੇ ਬੇੜੀਆਂ ਨ੍ਹੇਰੀ ਦੇ ਜੜ ਦਿੱਤੀਆਂ ਗਈਆਂ। ਨ੍ਹੇਰੀ ਕੋਲਿਆਂ ਦੀ ਦਲਾਲੀ ਵਿਚ ਆਪਣਾ ਕਾਲਾ ਹੋਇਆ ਮੂੰਹ ਪ੍ਰਤੱਖ ਦੇਖ ਰਿਹਾ ਸੀ।

 

ਮਾਂ ਦੇ ਸੀਨੇ ਪੁੱਤ ਮਸਾਂ ਹੀ ਲੱਗਿਆ ਸੀ। ਯਾਰਾਂ-ਮਿੱਤਰਾਂ ਦੀਆਂ ਗਲਵਕੜੀਆਂ ਵਿਚ ਵਿਚ ਯਾਰ ਸ਼ੁਕਰਾਨੇ ਦੇ ਹੰਝੂ ਵਗਾ ਰਹੇ ਸਨ।

-"ਕਾਹਨੂੰ ਰੋਨੈਂ ਪੁੱਤ? ਮਾਂ ਸਦਕੇ!" ਖ਼ੁਦ ਰੋਂਦੀ ਮਾਂ ਕਰਮੇਂ ਨੂੰ ਗਲਵਕੜੀ ਵਿਚ ਲੈ ਕੇ ਕਹਿ ਰਹੀ ਸੀ। ਆਸ਼ੀਰਵਾਦ ਦੇ ਰਹੀ ਸੀ। ਮੱਥਾ ਚੁੰਮ ਰਹੀ ਸੀ।

 

ਉਹਨਾਂ ਵਕੀਲ ਚਾਹਲ ਦਾ ਧੰਨਵਾਦ ਕੀਤਾ ਅਤੇ ਜੀਪ ਲੈ ਕੇ ਤੁਰ ਪਏ।

ਖੌਰੂ ਪੱਟਦੀ ਜੀਪ ਫਿਰ ਪਤਾ ਨਹੀਂ ਕਿੱਧਰ ਨੂੰ ਗੁੰਮ ਹੋ ਗਈ।

ਮਿੱਲ੍ਹ ਦੀ ਚਿਮਨੀ ਦੇ ਸਹਾਰੇ ਖੜ੍ਹਾ ਸੂਰਜ ਮੁਸਕਰਾ ਰਿਹਾ ਸੀ।

***** ਸਮਾਪਤ *****

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com