ਕਰਮੇਂ ਨੂੰ ਪੰਦਰਾਂ ਦਿਨ ਬਿਨਾ ਗ੍ਰਿਫ਼ਤਾਰੀ
ਪਾਈ ਦੇ ਹੀ ਹਵਾਲਾਤ ਵਿਚ ਰੱਖਿਆ ਗਿਆ। ਠਾਣੇਦਾਰ ਨੂੰ ਪਹੁੰਚਿਆ ਅੱਠ ਹਜ਼ਾਰ ਰੁਪਈਆ
ਰੰਗ ਲਿਆਇਆ ਸੀ। ਅੱਠ ਹਜ਼ਾਰ ਰੁਪਏ ਪਹੁੰਚਣ ਤੋਂ ਬਾਅਦ ਕਿਸੇ ਮਾਂ ਦੇ ਪੁੱਤ ਨੇ ਉਸ
ਨੂੰ ਫੁੱਲ ਦੀ ਨਹੀਂ ਲਾਈ ਸੀ। ਉਸ ਦੀਆਂ ਸੱਟਾਂ ਰਾਜ਼ੀ ਹੋ ਗਈਆਂ ਸਨ। ਪਰ ਕੁੱਟੇ
ਹੱਡ ਅਜੇ ਵੀ ਕਦੇ ਕਦੇ ਚਸਕਾਂ ਮਾਰਨ ਲੱਗ ਪੈਂਦੇ ਸਨ। ਪਰ ਹਰ ਮੁਸ਼ਕਲ ਦਾ ਸਾਹਮਣਾ
ਉਹ ਬੜੇ ਜੇਰੇ ਨਾਲ ਕਰ ਰਿਹਾ ਸੀ। ਹੁਣ ਜਿਵੇਂ ਉਹ ਮੁਸ਼ਕਲਾਂ ਨਾਲ ਟੱਕਰ ਲੈਣ ਦਾ
ਆਦੀ ਹੋ ਗਿਆ ਸੀ। ਹਵਾਲਾਤੀ ਮਿੱਤਰ ਉਸ ਦਾ ਦਿਲ ਧਰਾਈ ਰੱਖਦੇ। ਉਸ ਨੂੰ ਡੋਲਣ ਨਾ
ਦਿੰਦੇ।
ਪੰਦਰਾਂ
ਦਿਨਾਂ ਬਾਅਦ ਕਰਮੇਂ ਨੂੰ ਸਬ-ਜੇਲ੍ਹ ਮੋਗਾ ਵਿਖੇ ਤਬਦੀਲ ਕਰ ਦਿੱਤਾ ਗਿਆ। ਹਰ ਤੀਜੇ
ਹਫ਼ਤੇ ਤਰੀਕ ਪੈਣ ਲੱਗ ਪਈ। ਸਰਪੰਚ ਦੇ ਨਾਲ ਵਾਅਦਾ ਕਰਨ ਦੇ ਬਾਵਜੂਦ ਵੀ ਖਚਰੇ
ਠਾਣੇਦਾਰ ਨੇ ਦਫ਼ਾ ਤਿੰਨ ਸੌ ਦੋ ਹੀ ਬਰਕਰਾਰ ਰੱਖੀ ਸੀ। ਦਫ਼ਾ ਤਿੰਨ ਸੌ ਦੋ ਦਾ ਕੇਸ
ਪੁਲਸ ਨੂੰ ਪੁੱਤ ਵਾਂਗ ਪਿਆਰਾ ਹੁੰਦਾ ਹੈ, ਉਹਨਾਂ ਦਾ ਦਿਮਾਗ ਫਿਰਿਆ ਸੀ ਦਫ਼ਾ
ਬਦਲਦੇ?
ਗਰਮੀ
ਦੇ ਤਪਾੜ ਵਿਚ ਕੈਦੀਆਂ ਦਾ ਬਹੁਤ ਹੀ ਬੁਰਾ ਹਾਲ ਰਹਿੰਦਾ ਸੀ।
"ਮੈਂਟਲ" ਨਾਂ ਦਾ ਸਿਪਾਹੀ, ਜਿਸ ਦੇ ਮਾਰਫ਼ਤ ਮੁਲਾਕਾਤਾਂ ਹੁੰਦੀਆਂ ਸਨ, ਪੰਜਾਹ
ਰੁਪਏ ਮੁਲਾਕਾਤ ਦੇ ਲੈਂਦਾ ਸੀ। ਨਹੀਂ ਤਾਂ ਉਸ ਦੇ ਹੁਕਮ ਤੋਂ ਬਿਨਾ, ਜਾਂ ਹੱਥ
ਝਾੜ੍ਹੇ ਬਿਨਾ ਕੋਈ ਮੁਲਾਕਾਤੀ ਉਥੇ ਖੰਘ ਵੀ ਨਹੀਂ ਸਕਦਾ ਸੀ। ਉਹ ਮੁਲਾਕਾਤੀਆਂ ਨਾਲ
ਬੜਾ ਹੀ ਦੁਰ-ਵਿਵਹਾਰ ਕਰਦਾ ਸੀ। ਜਿਵੇਂ ਹਰ ਕੋਈ ਮੁਲਾਕਾਤੀ ਉਸ ਦਾ ਜ਼ਾਤੀ ਤੌਰ 'ਤੇ
ਦੁਸ਼ਮਣ ਸੀ। ਉਸ ਦਾ ਮੂੰਹ ਹਮੇਸ਼ਾ ਹੀ ਘੁੱਟਿਆ ਹੋਇਆ ਅਤੇ ਮੂੰਹ 'ਤੇ ਸਿੱਧੀ ਗਾਲ੍ਹ
ਲਿਖੀ ਹੋਈ ਸੀ। ਉਸ ਦੀਆਂ ਕੁੰਢੀਆਂ ਮੁੱਛਾਂ ਅਤੇ ਬੇਈਮਾਨ ਅੱਖਾਂ ਹਮੇਸ਼ਾਂ ਆਦਮੀ
ਨੂੰ "ਡਾਂਟਦੀਆਂ" ਰਹਿੰਦੀਆਂ ਸਨ।
-"ਇਹਨੂੰ ਭੈਣ ਦੇ ਯਾਰ ਨੂੰ ਕਿਸੇ ਪੰਜਾਲੀ ਥੱਲੇ ਦਿਓ! ਕਾਹਨੂੰ ਐਮੇਂ ਵਿਹਲਾ
ਬਿਠਾਇਐ? ਸਾਲਾ ਰੋਟੀਆਂ ਦਾ ਖੌਅ!" ਇਕ ਦਿਨ 'ਮੈਂਟਲ' ਨੇ ਮੁਲਾਕਾਤ ਤੋਂ ਮੁੜਦੇ
ਕਰਮੇਂ ਵੱਲ ਉਂਗਲ ਕਰ ਕੇ ਆਖਿਆ ਸੀ। ਦਿਮਾਗ ਦਾ ਖਰ ਬੰਦਾ ਹੋਣ ਕਰਕੇ ਸਿਪਾਹੀਆਂ ਨੇ
ਉਸ ਦਾ ਨਾਂ ਹੀ 'ਮੈਂਟਲ' ਪਕਾ ਲਿਆ ਸੀ।
-"ਇਹਨੂੰ ਗੇੜੇ ਦੇਣੇ ਨੂੰ ਤੰਦੂਰ 'ਤੇ ਨਰੜੋ-ਲਾਹ ਲਾਹ ਖੁਆਇਆ ਤਾਂ ਕਰੂ-ਵਿਹਲਾ ਰਹਿ
ਕੇ ਕੁੜੀ ਚੋਦ ਫਿੱਟਦਾ ਜਾਂਦੈ?" ਮੈਂਟਲ ਦਾ ਬਾਘੜ ਬਿੱਲੇ ਵਰਗਾ ਮੂੰਹ ਡਰਾਉਣਾ
ਜਾਪਦਾ ਸੀ। ਜੇਲ੍ਹ ਦੀ 'ਮਿੱਸ' ਦਾ ਰਸੋਈਆ ਬਿਮਾਰ ਹੋਣ ਕਰਕੇ ਮੈਂਟਲ ਅੱਧਾ ਭੁੱਖਾ,
ਕੈਦੀਆਂ ਨੂੰ ਗਾਲ੍ਹਾਂ ਦੀ ਸੂੜ ਬੰਨ੍ਹ ਲੈਂਦਾ ਸੀ।
ਖ਼ੈਰ!
ਰੰਡੀ ਨੂੰ ਰੰਡ ਕੱਟਣ ਨਾ ਦਿੱਤਾ, ਮੁਸਟੰਡਿਆਂ ਨੇ ਆਖਰ ਚਾਦਰ ਪਾ ਹੀ ਲਈ ਸੀ। ਕਰਮੇਂ
ਨੂੰ ਤੰਦੂਰ ਦੀ 'ਸੇਵਾ' ਬਖ਼ਸ਼ ਦਿੱਤੀ ਗਈ। ਕਰਮਾਂ ਦਿਨ ਰਾਤ ਤੰਦੂਰ 'ਤੇ ਅੱਕਲਕਾਨ
ਹੋਇਆ ਰਹਿੰਦਾ। ਦਿਨ ਰਾਤ ਦੀ ਭੁੱਖ ਸਿਪਾਹੀ ਤੰਦੂਰ 'ਤੇ ਹੀ ਸਮੇਟਦੇ ਸਨ। ਮੁਫ਼ਤ ਦੀ
ਸ਼ਰਾਬ ਨਾਲ ਘਰੋੜ੍ਹੇ, ਖਾਲੀ ਭੜ੍ਹੋਲੇ ਢਿੱਡ ਇੱਥੋਂ ਹੀ ਪੂਰਦੇ ਸਨ। ਘਰੋਂ ਖਾਣੀ
ਉਹਨਾਂ ਦੇ ਕਾਨੂੰਨ ਵਿਚ ਨਹੀਂ ਲਿਖੀ ਹੋਈ ਸੀ।
ਗਰਮੀਆਂ
ਦੇ ਦਿਨਾਂ ਦੀ ਗਰਮੀ ਅਤੇ ਤੰਦੂਰ ਦੇ ਸੇਕ ਨੇ ਕਰਮੇਂ ਦੇ ਨੱਕ ਵਿਚ ਦਮ ਕਰ ਦਿੱਤਾ
ਅਤੇ ਉਹ ਬਿਮਾਰ ਪੈ ਗਿਆ। ਸਿਪਾਹੀਆਂ ਦੀਆਂ ਗਾਲ੍ਹਾਂ ਉਸ ਨੂੰ ਡਾਂਗ ਦੀ ਹੁੱਝ
ਵਰਗੀਆਂ ਲੱਗਦੀਆਂ ਸਨ। ਸਿੱਧੇ ਮੂੰਹ ਨਾਲ ਤਾਂ ਸੁੱਖ ਨਾਲ ਕੋਈ ਬੋਲਦਾ ਹੀ ਨਹੀਂ ਸੀ।
-"ਇਹਦੇ
ਹੱਥ ਤਾਂ ਮੇਰੀ ਮਾਸ਼ੂਕ ਅਰਗੇ ਐ।" ਇਕ ਦਿਨ ਇਕ ਸਿਪਾਹੀ ਨੇ ਕਰਮੇਂ ਵੱਲ ਉਂਗਲ ਕਰਕੇ
ਕਿਹਾ।
-"ਕੁੱਤੇ ਦਿਆ ਬੀਆ-ਇਹਨੂੰ ਕੰਜਰ ਨੂੰ ਕਿਤੇ ਊਂ ਤਾਂ ਨ੍ਹੀ ਵਰਤਦਾ?" ਦੂਜਾ
ਮੁਸ਼ਕੜੀਏਂ ਹੱਸਿਆ। ਨੰਗੀ ਅਤੇ ਅਸ਼ਲੀਲ ਗੱਲ ਸੁਣ ਕੇ ਕਰਮੇਂ ਦਾ ਸੀਤ ਨਿਕਲ ਗਿਆ
ਸੀ।
-"ਜੇਲ੍ਹ 'ਚ ਤਾਂ ਮੱਲਾ ਜੋ ਕੰਮ ਕਹੀਏ, ਦੇਣਾ ਪੈਂਦੈ!" ਤੀਜੇ ਨੇ ਆਪਣੀ ਸਟੇਨਗੰਨ
ਮੇਜ਼ 'ਤੇ ਰੱਖਦਿਆਂ ਕਿਹਾ ਸੀ। ਗਾਲ੍ਹਾਂ ਅਤੇ ਬੱਕੜਵਾਹ ਸੁਣ ਕੇ ਕਰਮੇਂ ਦੇ ਕੰਨ
ਬੋਲੇ ਹੋ ਚੁੱਕੇ ਸਨ।
ਕਰਮੇਂ
ਨੂੰ ਪੰਜ ਭੱਠ ਤਾਪ ਚੜ੍ਹਿਆ ਹੋਇਆ ਸੀ। ਕੋਈ ਡਾਕਟਰੀ ਸਹੂਲਤ ਨਹੀਂ ਸੀ। ਕਿਸੇ ਨੂੰ
ਕਿਸੇ ਕੈਦੀ ਦਾ ਕੋਈ ਫਿ਼ਕਰ ਨਹੀਂ ਸੀ। ਹਰ ਇਕ ਨੂੰ ਆਪਣੇ ਕੰਮ ਨਾਲ ਹੀ ਮਤਲਬ ਸੀ।
ਆਪੋ ਧਾਪੀ ਪਈ ਹੋਈ ਸੀ। ਹਰ ਕੋਈ ਆਪਣੀ ਜੇਬ ਵੱਲ ਹੀ ਝਾਕਦਾ ਸੀ। ਪੈਸੇ ਬਗੈਰ ਤਾਂ
ਕੋਈ ਸਿਪਾਹੀ ਕਿਸੇ ਕੈਦੀ ਨਾਲ ਬੋਲ ਵੀ ਸਾਂਝਾ ਨਹੀਂ ਕਰਦਾ ਸੀ। ਕਰਮੇਂ ਨੂੰ ਬਾਬੇ
ਜਪਨਾਮ ਦੇ ਬੋਲ ਯਾਦ ਆਉਂਦੇ।
-"ਹੁਣ
ਤਾਂ ਮੱਲਾ ਕਲਯੁੱਗ ਐ ਕਲਯੁੱਗ-ਹੁਣ ਤਾਂ ਮਾੜੀ ਜੀ ਗੱਲ ਹੋ ਜਾਵੇ-ਮਾਂ ਜੁਆਕ ਸਿੱਟ
ਕੇ ਭੱਜ ਜਾਂਦੀ ਐ-ਕਦੇ ਵੇਲੇ ਸੀ-ਜਦੋਂ ਮਾਂ ਜੁਆਕ ਵੱਲੀਂ ਪਿੱਠ ਕਰਕੇ ਨ੍ਹੀ ਸੀ
ਪੈਂਦੀ!" ਫਿਰ ਬਾਬਾ ਜਪਨਾਮ ਗਾਉਣ ਲੱਗ ਜਾਂਦਾ।
-"ਲੱਭੋ
ਨੀ-ਲੱਭੋ ਨੀ ਕੋਈ-ਲੱਭੋ ਸੰਤ ਸਿਪਾਹੀ ਨੂੰ---!"
ਵਾਕਿਆ
ਹੀ ਹੁਣ ਜਗਤ ਨੂੰ ਕਿਸੇ 'ਸੰਤ ਸਿਪਾਹੀ' ਦੀ ਲੋੜ ਸੀ। ਜੋ ਇਸ ਗੰਦੇ ਸਮਾਜ, ਗਰਕ
ਚੁੱਕੇ ਢਾਂਚੇ ਦੀਆਂ ਖਲਪਾੜਾਂ ਕਰ ਛੱਡੇ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਨਿਤਾਰ
ਦੇਵੇ।
ਇੰਦਰ
ਕਰਮੇਂ ਦੀ ਮੁਲਾਕਾਤ ਲਈ ਆਇਆ। ਪੰਜਾਹ ਰੁਪਏ ਉਸ ਨੇ 'ਮੈਂਟਲ' ਨੂੰ ਮੱਥਾ ਟੇਕੇ ਸਨ।
ਇਕ ਤਰ੍ਹਾਂ ਨਾਲ ਚੜ੍ਹਾਵਾ ਚੜ੍ਹਾਇਆ ਸੀ। ਚੜ੍ਹਾਵਾ ਚੜ੍ਹਾਉਣਾ ਹੀ ਪੈਣਾ ਸੀ। ਨਹੀਂ
ਤਾਂ ਮੈਂਟਲ ਬਿਨਾ ਮੁਲਾਕਾਤ ਲਈ ਚਿੜੀ ਨਹੀਂ ਫੜਕ ਸਕਦੀ ਸੀ। ਮੈਂਟਲ ਗਹੁ ਨਾਲ
ਮੁਲਾਕਾਤੀਆਂ ਵੱਲ ਤੱਕਦਾ ਮੁੱਛਾਂ ਚੱਬ ਰਿਹਾ ਸੀ।
ਕਰਮੇਂ
ਨੇ ਸਾਰੀ ਹਾਲਤ ਇੰਦਰ ਨੂੰ ਦੱਸੀ। ਉਹ ਬਿਮਾਰੀ ਅਤੇ ਤੰਦੂਰ ਦਾ ਭੰਨਿਆਂ ਪਿਆ ਸੀ।
ਸਿਪਾਹੀਆਂ ਦੀਆਂ ਚੋਭਦਾਰ ਗੱਲਾਂ ਅਤੇ ਗਾਲ੍ਹਾਂ ਨੇ ਜਿਵੇਂ ਉਸ ਦਾ ਪਿੰਡਾ ਪੱਛ
ਦਿੱਤਾ ਸੀ। ਇੰਦਰ ਨੇ ਕਰਮੇਂ ਨੂੰ ਆਪਣੇ ਵੱਲੋਂ ਪੂਰੀ ਤਸੱਲੀ ਦਿੱਤੀ।
ਮੁਲਾਕਾਤ ਕਰ ਇੰਦਰ ਸਿੱਧਾ ਸੁਖਦੇਵ ਸਿੰਘ ਕੋਲ ਪਹੁੰਚ ਗਿਆ। ਸੁਖਦੇਵ ਫਿਰੋਜ਼ਪੁਰ
ਜੇਲ੍ਹ ਵਿਚ ਨੌਕਰੀ ਕਰਦਾ ਸੀ। ਬੜਾ ਹੀ ਸਾਊ ਮੁੰਡਾ ਸੀ। ਨੇਕ ਕਮਾਈ ਕਰਕੇ ਰੋਟੀ ਖਾਣ
ਵਾਲਾ ਬੰਦਾ। ਪੁਲਸ ਵਿਚ ਨੌਕਰੀ ਕਰਦਾ ਹੋਣ ਦੇ ਬਾਵਜੂਦ ਵੀ ਪੁਲਸ ਦੇ ਕੁਕਰਮਾਂ ਦਾ
ਉਸ 'ਤੇ ਪ੍ਰਛਾਵਾਂ ਵੀ ਨਹੀਂ ਪਿਆ ਸੀ। ਉਹਨਾਂ ਦਾ ਆਮ ਹੀ ਮੋਗਾ ਸਬ-ਜੇਲ੍ਹ ਨਾਲ ਵਾਹ
ਰਹਿੰਦਾ ਸੀ।
ਸੁਖਦੇਵ
ਨੇ ਮੋਗਾ ਸਬ-ਜੇਲ੍ਹ ਦੇ ਸੁਪਰਡੈਂਟ ਨਾਲ ਜਾ ਕੇ ਸੰਪਰਕ ਕੀਤਾ। ਉਸ ਦੀ ਬਦੌਲਤ ਕਰਮੇਂ
ਨੂੰ ਤੰਦੂਰ ਤੋਂ ਹਟਾ ਲਿਆ ਗਿਆ। ਬਿਮਾਰੀ ਦਾ ਇਲਾਜ਼ ਕਰਵਾਇਆ ਗਿਆ। ਕਰਮੇਂ ਬਾਰੇ
ਮੈਂਟਲ ਨੂੰ ਖ਼ਾਸ ਹਦਾਇਤ ਜਾਰੀ ਹੋਈ ਸੀ ਕਿ ਉਸ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ
ਜਾਵੇ!
-"ਕਿਉਂ
ਮੈਂ ਕੀ ਇਸ ਭੈਣ ਚੋਦ ਨਾਲ ਬਲਾਤਕਾਰ ਕਰਤਾ?" ਮੈਂਟਲ ਟੱਪਿਆ ਸੀ।
ਸੁਖਦੇਵ
ਦੀ ਰਾਇ 'ਤੇ ਇੰਦਰ ਹੋਰਾਂ ਨੇ ਰਲ ਕੇ ਵਕੀਲ ਕੀਤਾ, ਜਿਸ ਦਾ ਨਾਂ ਚਾਹਲ ਸੀ। ਕਾਫ਼ੀ
ਸੁੱਘੜ ਸਿਆਣਾ ਵਕੀਲ ਹੋਣ ਕਰਕੇ ਚਾਹਲ ਹਮੇਸ਼ਾ ਕਿਸੇ ਸੋਚ ਵਿਚ ਅੱਖਾਂ ਸਕੋੜਦਾ
ਰਹਿੰਦਾ। ਉਸ ਦੇ ਹੱਥ ਲਏ ਕੇਸ ਤਕਰੀਬਨ ਨੱਬੇ ਪ੍ਰਤੀਸ਼ਤ ਬਹਾਲ ਹੁੰਦੇ ਸਨ। ਨੱਬੇ
ਪ੍ਰਤੀਸ਼ਤ ਕੈਦੀ ਬਰੀ ਹੁੰਦੇ ਸਨ।
ਵਕੀਲ
ਨੇ ਸਾਰੇ ਕੇਸ ਦੀ ਕਨਸੋਅ ਲਈ। ਠਾਣੇ ਤੋਂ ਐੱਫ਼ ਆਈ ਆਰ ਦੀ ਨਕਲ ਲਈ। ਐੱਫ਼ ਆਈ ਆਰ
ਪੜ੍ਹ ਕੇ ਵਕੀਲ ਭਮੱਤਰ ਗਿਆ। ਕੇਸ ਪੁਲਸ ਨੇ ਗੇਂਦ ਵਾਂਗ ਮੜ੍ਹ ਕੇ ਰੱਖਿਆ ਹੋਇਆ ਸੀ।
ਇੰਦਰ ਤੋਂ ਵਕੀਲ ਨੇ ਫਿਰ ਸਾਰੀ ਕਹਾਣੀ ਸੁਣੀ। ਉਸ ਦਾ ਮਨ ਟਹਿਕ ਉਠਿਆ, ਗੰਭੀਰ
ਚਿਹਰੇ 'ਤੇ ਮੁਸਕੁਰਾਹਟ ਨੱਚ ਪਈ ਸੀ।
ਵਕੀਲ
ਨੇ ਕਾਫ਼ੀ ਗੱਲਾਂ ਇੰਦਰ, ਗਿੱਲ ਅਤੇ ਬਰਾੜ ਦੇ ਕੰਨ ਵਿਚ ਸਮਝਾਈਆਂ ਸਨ। ਕਿਸੇ ਕੋਲ
ਭਾਫ਼ ਨਾ ਕੱਢਣ ਦੀ ਸਖ਼ਤ ਹਦਾਇਤ ਕੀਤੀ ਸੀ। ਚੁਣੇ ਨੁਕਤੇ ਹੀ ਕਰਮੇਂ ਨੂੰ ਬਰੀ ਕਰਵਾ
ਸਕਦੇ ਸਨ, ਨਹੀਂ ਤਾਂ ਕੋਈ ਆਸ ਨਹੀਂ ਬੱਝਦੀ ਸੀ! ਵਕੀਲ ਨੇ ਸਾਰੀ ਗੱਲ ਉਹਨਾਂ ਨੂੰ
ਸਾਫ਼ ਸਾਫ਼ ਦੱਸ ਦਿੱਤੀ ਸੀ। ਲਾਰਾ ਲਾਉਣਾ ਉਸ ਦੀ ਆਦਤ ਨਹੀਂ ਸੀ।
ਖ਼ੈਰ!
ਆਖਰ ਮੁਕੱਦਮੇ ਦੀ ਤਾਰੀਖ ਨਿਕਲ ਆਈ।
ਅਦਾਲਤ
ਖਚਾਖਚ ਭਰੀ ਹੋਈ ਸੀ। ਤਿਲ ਸੁੱਟਣ ਨੂੰ ਵੀ ਥਾਂ ਨਹੀਂ ਸੀ। ਲੋਕ ਆਪਣੇ ਆਪ ਵਿਚ
'ਕੁਰਬਲ-ਕੁਰਬਲ' ਕਰ ਰਹੇ ਸਨ। ਕੰਨ ਪਾਈ ਨਹੀਂ ਸੁਣਦੀ ਸੀ। ਅਦਾਲਤ ਵਿਚ ਮੇਲਾ ਲੱਗਿਆ
ਨਜ਼ਰ ਆਉਂਦਾ ਸੀ। ਕਰਮੇਂ ਦੇ ਹਮਾਇਤੀ ਇਕ ਪਾਸੇ ਬੈਠੇ ਸਨ। ਜੰਟੇ ਦੇ ਲਗਾੜੇ ਦੂਜੇ
ਪਾਸੇ ਬੈਠੇ ਮੁੱਛਾਂ ਨੂੰ ਤਾਅ ਦੇ ਰਹੇ ਸਨ। ਦਾਰੂ ਪੀਤੀ ਹੋਣ ਕਰਕੇ ਉਹਨਾਂ ਦੇ
ਚਿਹਰੇ ਭੰਗਰੂਣੇਂ ਜਿਹੇ ਹੋਏ ਪਏ ਸਨ। ਸਰਕਾਰੀ ਵਕੀਲ ਅਤੇ ਕਰਮੇਂ ਦਾ ਵਕੀਲ
ਆਪੋ-ਆਪਣੀਆਂ ਫ਼ਾਈਲਾਂ ਵਿਚ ਨਜ਼ਰਾਂ ਗੱਡੀ ਬੈਠੇ ਸਨ। ਉਹ ਪੱਟਾਂ ਨੂੰ ਨਹੀਂ, ਦਿਮਾਗ
ਨੂੰ ਤੇਲ ਲਾ ਕੇ ਜਿਵੇਂ ਮਾਲਿਸ਼ ਕਰ ਰਹੇ ਸਨ। ਹਰ ਘੁੰਡੀ 'ਤੇ ਟਕਰਾਅ ਹੋਣਾ ਤਾਂ
ਲਾਜ਼ਮੀ ਸੀ। ਉਹ ਦਿਮਾਗ ਵਿਚ ਹੀ ਆਪਣੀ ਮੰਜ਼ਿਲ ਤਹਿ ਕਰ ਰਹੇ ਸਨ।
ਜੱਜ
ਸਾਹਿਬਾਨ ਅਦਾਲਤ ਅੰਦਰ ਆ ਗਏ।
ਸਾਰੇ
ਅਦਬ ਨਾਲ ਖੜ੍ਹੇ ਹੋ ਗਏ।
ਜੱਜ ਨੇ
ਹੱਥ ਦੇ ਇਸ਼ਾਰੇ ਨਾਲ ਸਭ ਨੂੰ ਬੈਠਣ ਲਈ ਸੰਕੇਤ ਦਿੱਤਾ। ਸਾਰੇ ਬੈਠ ਗਏ। ਲੱਕੜ ਦੇ
ਬੈਂਚਾਂ ਨੇ "ਚਿਰੜ-ਚਿਰੜ" ਕੀਤੀ।
ਕਰਮੇਂ
ਨੂੰ ਹੱਥਕੜੀਆਂ ਖੋਲ੍ਹ ਕੇ ਕਟਿਹਰੇ ਵਿਚ ਪੇਸ਼ ਕੀਤਾ ਗਿਆ। ਅਦਾਲਤ ਦੇ ਕਟਿਹਰੇ ਵਿਚ
ਉਹ ਅੱਧ ਕੁ ਦਾ ਹੋਇਆ ਖੜ੍ਹਾ ਸੀ। ਚਿਹਰੇ ਉਪਰ ਕਈ ਹਾਵ ਭਾਵ ਉਤਰਾਅ ਚੜ੍ਹਾਅ ਲੈ ਲੈ
ਪਰਤ ਰਹੇ ਸਨ। ਦਿਲ ਵਿਚ ਬੇਚੈਨੀ ਸੀ।
ਜੱਜ
ਸਾਹਿਬ ਨੇ ਤਰਦੀਆਂ ਅੱਖਾਂ ਨਾਲ ਫ਼ਾਈਲ ਪੜ੍ਹੀ ਅਤੇ ਕਹਿਰ ਭਰੀਆਂ ਅੱਖਾਂ ਨਾਲ ਕਰਮੇਂ
ਵੱਲ ਤੱਕਿਆ। ਤ੍ਰਿਸਕਾਰ ਨਜ਼ਰ ਉਸ ਅੰਦਰ ਸੂਲ ਵਾਂਗ ਲੰਘ ਗਈ ਸੀ। ਸਭ ਦਾ ਸੀਤ ਨਿਕਲ
ਗਿਆ। ਪਰ ਕਰਮੇਂ ਦੇ ਵਕੀਲ ਚਾਹਲ ਨੇ ਉਹਨਾਂ ਨੂੰ ਨਜ਼ਰਾਂ ਨਾਲ ਹੀ ਹੌਸਲਾ ਦਿੱਤਾ।
ਕੇਸ
ਸ਼ੁਰੂ ਹੋ ਗਿਆ।
ਮੁਕੱਦਮਾ ਪੜ੍ਹ ਕੇ ਸੁਣਾਇਆ ਗਿਆ।
ਹਰ ਕੋਈ
ਆਪਣਾ ਸਾਹ ਰੋਕੀ ਮੁਕੱਦਮੇਂ ਦੀ ਕਹਾਣੀ ਸੁਣ ਰਿਹਾ ਸੀ। ਇਕ ਦਮ ਸ਼ਾਂਤੀ ਪਸਰ ਗਈ ਸੀ।
ਮੁਕੱਦਮਾ ਪੜ੍ਹਨ ਪਿੱਛੋਂ ਅਦਾਲਤ ਅੰਦਰ ਅੱਡੋ-ਅੱਡੀ ਗੱਲਾਂ ਹੋਣ ਲੱਗ ਪਈਆਂ ਸਨ।
ਕਈਆਂ ਨੇ ਕਰਮੇਂ ਨੂੰ ਮੰਦਾ ਚੰਗਾ ਵੀ ਬੋਲਿਆ ਸੀ।
ਬਹਿਸ
ਸ਼ੁਰੂ ਹੋਈ।
ਪੈਂਦੀ
ਸੱਟੇ ਸਰਕਾਰੀ ਵਕੀਲ ਨੇ ਗਵਾਹ ਪੇਸ਼ ਕਰਨ ਦੀ ਇਜਾਜ਼ਤ ਮੰਗੀ, ਜੋ ਝੱਟ ਮਨਜ਼ੂਰ ਕਰ
ਦਿੱਤੀ ਗਈ। ਜੱਜ ਫ਼ਾਈਲ ਉਪਰ ਪੈੱਨ ਸੁੱਟ ਕੇ, ਖੁੱਲ੍ਹ ਕੇ ਜਿਹੇ ਬੈਠ ਗਿਆ ਸੀ।
-"ਬੁੱਕਣ ਸਿੰਘ ਨ੍ਹੇਰੀ ਪੇਸ਼ ਹੋਵੇ---!" ਅਵਾਜ਼ ਪਈ।
ਨ੍ਹੇਰੀ
ਇੱਕ ਖੂੰਜਿਓਂ ਉਠ ਕੇ ਅਦਾਲਤ ਅੱਗੇ ਪੇਸ਼ ਹੋਇਆ। ਨ੍ਹੇਰੀ ਦੀ ਧੁਆਂਖੀ ਜਿਹੀ ਬੂਥੀ
ਦਗ ਰਹੀ ਸੀ। ਉਸ ਦੇ ਸਿਰ 'ਤੇ ਬੰਨ੍ਹੀ ਤੋਤੇ ਰੰਗੀ ਪੱਗ ਲਾਟਾਂ ਛੱਡਦੀ ਨਜ਼ਰ ਆਉਂਦੀ
ਸੀ। ਉਹ ਕਿਸੇ ਅੰਦਾਜ਼ ਜਿਹੇ ਨਾਲ ਚਾਦਰੇ ਦਾ ਲੜ ਚੁੱਕ ਕੇ ਕਟਿਹਰੇ ਦੀਆਂ ਦੋ
ਪੌੜੀਆਂ ਚੜ੍ਹ ਗਿਆ।
-"ਜੋ
ਬੋਲੂੰਗਾ-ਸੱਚ ਬੋਲੂੰਗਾ-ਸੱਚ ਦੇ ਸਿਵਾਏ ਕੁਛ ਨਹੀਂ ਆਖੂੰਗਾ--!" ਨ੍ਹੇਰੀ ਕਰਮਚਾਰੀ
ਦੇ ਪਿੱਛੇ ਹੀ ਬੋਲਿਆ।
-"ਹਾਂ
ਬਈ ਬੁੱਕਣ ਸਿਆਂ-ਤੂੰ ਕੀ ਦੇਖਿਆ--?" ਸਰਦਾਰ ਜੱਜ ਨੇ ਸਪੱਸ਼ਟ, ਠੇਠ ਪੰਜਾਬੀ ਵਿਚ
ਪੁੱਛਿਆ।
-"ਸਰਦਾਰ ਜੀ-ਕੀ ਦੇਖਿਆ ਤੇ ਕੀ ਨਹੀਂ ਦੇਖਿਆ? ਬੱਸ ਪੁੱਛੋ ਈ ਕੁਛ ਨਾ-ਢਕੀ ਰਹਿਣ
ਦਿਓਂ ਤਾਂ ਚੰਗੈ!" ਨ੍ਹੇਰੀ ਨੇ ਸਿਰ ਮਾਰਨਾ ਸ਼ੁਰੂ ਕਰ ਦਿੱਤਾ। ਉਹ ਕਿਸੇ ਸਿੱਧਰੀ
ਤੀਵੀਂ ਵਾਂਗ ਟੋਟਣ ਹਿਲਾ ਰਿਹਾ ਸੀ। ਉਸ ਦੀ ਪੱਗ ਦਾ ਤੁਰਲ੍ਹਾ ਜਿਵੇਂ ਉਸ ਨੂੰ ਚੌਰ
ਕਰ ਰਿਹਾ ਸੀ।
-"ਬੁੱਕਣ ਸਿਆਂ! ਤੈਨੂੰ ਇੱਥੇ ਗਵਾਹੀ ਦੇਣ ਲਈ ਬੁਲਾਇਆ ਗਿਐ-ਦੁੱਖ ਰੋਣ ਨੂੰ ਨਹੀਂ!"
ਸਰਕਾਰੀ ਵਕੀਲ ਉਸ ਦੇ ਖੇਖਨਾਂ ਤੋਂ ਸ਼ਾਇਦ ਜਾਣੂੰ ਸੀ।
-"ਜੇ
ਗਵਾਹੀ ਲਈ ਬੁਲਾਇਐ ਤਾਂ ਮਾਲਕੋ ਸੁਣ ਲਓ! ਮੈਂ ਗੁਆਂਢੀਆਂ ਦੇ ਕੋਠੇ 'ਤੇ ਖੜ੍ਹਾ
ਸੀ-ਜਦੋਂ ਇਹ ਘਾਣੀਂ ਬੀਤੀ-!"
ਕਰਮੇਂ
ਦਾ ਵਕੀਲ ਕੋਈ ਸੁਆਲ ਕਰਨ ਲੱਗਾ, ਪਰ ਜੱਜ ਨੇ ਰੋਕ ਦਿੱਤਾ।
-"ਫੇਰ--?" ਜੱਜ ਨੇ ਲੰਬਾ ਸਾਹ ਲੈ ਕੇ ਛੱਡਿਆ।
-"ਪਹਿਲਾਂ ਤਾਂ ਜੀ ਸਾਡੇ ਬਾਈ ਕਰਮ ਸਿਉਂ ਨੇ ਤਿੰਨਾਂ ਜੁਆਕਾਂ ਨੂੰ ਦੁਆਈ ਪਿਆਈ ਤੇ
ਫੇਰ ਪਿਆਈ ਸਾਡੀ ਭਰਜਾਈ ਨੂੰ।" ਉਹ ਬੜੇ ਧਹੱਮਲ ਨਾਲ ਦੱਸ ਰਿਹਾ ਸੀ।
-"ਤੂੰ
ਆਪਣੇ ਅੱਖੀਂ ਦੇਖਿਆ?"
-"ਕਿਹੜੀ ਗੱਲ ਕਰਦੇ ਓਂ ਸਰਕਾਰ! ਮੈਂ ਜੀ ਐਹਨਾਂ ਅੱਖਾਂ ਨਾਲ ਦੇਖਿਐ--!" ਨ੍ਹੇਰੀ
ਨੇ ਦੋਨੋਂ ਅੱਖਾਂ ਨੂੰ ਉਂਗਲੀ ਲਾ ਕੇ ਦੱਸਿਆ ਸੀ।
ਅਦਾਲਤ
ਵਿਚ ਹਾਸੜ ਪੈ ਗਈ।
ਜੱਜ ਨੇ
ਮੇਜ਼ 'ਤੇ ਹੱਥ ਮਾਰ ਕੇ ਚੁੱਪ ਦਾ ਇਸ਼ਾਰਾ ਦਿੱਤਾ।
-"ਤੇਰੇ
ਨਾਲ ਹੋਰ ਕੌਣ ਸੀ?"
-"ਜੀ
ਮੈਂ 'ਕੱਲਾ ਈ ਸੀ ਹਜੂਰ!" ਉਸ ਨੇ ਦੋਨੋਂ ਹੱਥ ਜੋੜ ਦਿੱਤੇ।
-"ਮੀ
ਲਾਰਡ! ਮੈਂ ਬੁੱਕਣ ਸਿੰਘ ਤੋਂ ਕੁਝ ਸੁਆਲ ਪੁੱਛਣੇਂ ਚਾਹੁੰਦਾ ਹਾਂ-ਜਨਾਬ ਇਜਾਜ਼ਤ
ਬਖ਼ਸ਼ੋ!" ਕਰਮੇਂ ਦਾ ਵਕੀਲ ਬੜੇ ਸੁਧਰੇ ਢੰਗ ਨਾਲ ਬੋਲਿਆ।
-"ਹਾਂ
ਕਿਉਂ ਨਹੀਂ? ਪੁੱਛੋ!" ਇਜਾਜ਼ਤ ਮਿਲ ਗਈ।
-"ਥੈਂਕ
ਯੂ-ਯੂਅਰ ਆਨਰ--!" ਉਹ ਅਦਬ ਨਾਲ ਝੁਕਿਆ ਸੀ।
ਵਕੀਲ
ਨ੍ਹੇਰੀ ਕੋਲ ਪਹੁੰਚ ਗਿਆ।
-"ਸਰਦਾਰ ਬੁੱਕਣ ਸਿੰਘ! ਤੁਸੀਂ ਇਹ ਕਹਿ ਕੇ ਬਿਲਕੁਲ ਸਾਬਤ ਕਰ ਦਿੱਤਾ ਕਿ ਜੋ
ਕੁਇੱਕਫ਼ਾਸ ਪਿਆਈ ਗਈ-ਉਹ ਕਰਮ ਸਿੰਘ ਵੱਲੋਂ ਹੀ ਧੱਕੇ ਨਾਲ ਪਿਆਈ ਗਈ--?" ਉਸ ਨੇ
ਸੁਆਲ ਕੀਤਾ।
-"ਹਾਂ
ਜੀ--!" ਨ੍ਹੇਰੀ ਨੇ ਪਟੱਕ ਕਿਹਾ।
-"ਫੇਰ
ਇਕ ਗੱਲ ਦੱਸਣ ਦੀ ਤਕਲੀਫ਼ ਕਰੋਂਗੇ?"
-"ਤੁਸੀਂ ਸੌ ਪੁੱਛੋ ਸਰਕਾਰ!"
-"ਜਦੋਂ
ਕਰਮ ਸਿੰਘ ਨੇ ਆਪਣੀ ਪਤਨੀ ਨੂੰ ਦੁਆਈ ਪਾ ਕੇ ਫੜਾਈ ਤਾਂ ਉਹ ਝੱਟ ਪੀ ਗਈ?"
ਸੁਆਲ
ਡਾਂਗ ਵਾਂਗ ਸਿਰ 'ਤੇ ਆ ਪਿਆ।
-"ਕਾਹਨੂੰ ਜੀ! ਇਹਨੇ ਪਤੰਦਰ ਨੇ ਮੱਲੋਮੱਲੀ ਪਿਆਈ-ਉਹ ਬਿਚਾਰੀ ਕਾਹਨੂੰ ਪੀਂਦੀ ਸੀ?"
ਉਹ ਚੰਟ ਬਣਿਆਂ ਖੜ੍ਹਾ ਸੀ। ਲੋਕ ਫਿਰ ਹੱਸ ਪਏ।
-"ਬੱਚੀਆਂ ਨੂੰ ਵੀ ਮੱਲੋਮੱਲੀ ਪਿਆਈ?"
-"ਬਿਲਕੁਲ ਸਰਕਾਰ--!" ਉਸ ਨੇ ਸਿਰ ਹਿਲਾਇਆ।
-"ਖ਼ੈਰ! ਬੁੱਕਣ ਸਿੰਘ-ਸਭ ਤੋਂ ਪਹਿਲਾਂ ਦੁਆਈ ਕਰਮ ਸਿੰਘ ਨੇ ਕਿਸ ਨੂੰ ਪਿਆਈ?
ਬੱਚੀਆਂ ਨੂੰ ਜਾਂ ਆਪਣੀ ਪਤਨੀ ਨੂੰ?"
-"ਯੂਅਰ
ਆਨਰ! ਗਵਾਹ ਨੂੰ ਬਦੋਬਦੀ ਬੇਅਰਥੇ ਅਤੇ ਬੇਹੂਦੇ ਸੁਆਲ ਪੁੱਛੇ ਜਾ ਰਹੇ ਹਨ!" ਸਰਕਾਰੀ
ਵਕੀਲ ਕੜਕਿਆ। ਪਰ ਜੱਜ ਨੇ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ। ਅਸਲ ਵਿਚ ਜੱਜ ਨੂੰ
ਕੇਸ ਵਿਚ ਦਿਲਚਸਪੀ ਜਾਗ ਪਈ ਸੀ। ਚਾਹਲ ਵਾਕਿਆ ਹੀ ਕਿਸੇ ਸਾਂਭੇ ਹੋਏ ਸਟੋਰ 'ਚੋਂ
ਸੁਆਲ ਕੱਢ ਕੱਢ ਕੇ ਲਿਆ ਰਿਹਾ ਸੀ।
-"ਬੋਲੋ-ਬੁੱਕਣ ਸਿੰਘ--?"
ਪਹਿਲਾਂ
ਜੀ ਬੱਚੀਆਂ ਨੂੰ ਪਿਆਈ।"
-"ਤੇ
ਕਰਮ ਸਿੰਘ ਦੀ ਪਤਨੀ ਖੜ੍ਹੀ ਤਮਾਸ਼ਾ ਦੇਖਦੀ ਰਹੀ?"
ਬੁੱਕਣ
ਧੁਰੋਂ ਹਿੱਲ ਗਿਆ।
-"ਉਹਨੇ
ਬਥੇਰੀਆਂ ਮਿੰਨਤਾਂ ਕੀਤੀਆਂ ਜੀ-ਪਰ ਇਹਨੇ ਮਾਂ ਦੇ ਪੁੱਤ ਨੇ ਕੋਈ ਪੇਸ਼ ਈ ਨ੍ਹੀਂ
ਜਾਣ ਦਿੱਤੀ।"
-"ਖ਼ੈਰ! ਇਹ ਸਾਰਾ ਕੁਝ ਹੋਇਆ-ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ?"
-"ਬਿਲਕੁਲ ਸਰਕਾਰ! ਬੱਸ ਐਨਾਂ ਕੁ ਈ ਸੰਨ੍ਹ ਸੀ-ਜਿੰਨਾਂ ਮੇਰਾ ਤੇ ਜੱਜ ਸਾਹਬ ਦੈ!"
ਨ੍ਹੇਰੀ ਨੇ ਮਿਣਤੀ ਦੱਸੀ।
-"ਖ਼ੈਰ! ਬੁੱਕਣ ਸਿੰਘ ਜਦੋਂ ਤੁਸੀਂ ਇਤਨਾ ਹੀ ਨਜ਼ਦੀਕ ਸੀ-ਫੇਰ ਮੱਦਦ ਲਈ ਕਿਉਂ ਨਾ
ਪਹੁੰਚੇ?"
ਨ੍ਹੇਰੀ
ਨੂੰ ਚੱਕਰ ਆਇਆ। ਚੋਰ ਪਾੜ ਵਿਚ ਫੜਿਆ ਗਿਆ ਸੀ। ਪਰ ਉਸ ਨੇ ਹੌਸਲਾ ਨਾ ਹਾਰਿਆ।
ਗਵਾਹੀ ਲਈ ਮਿਲਣ ਵਾਲਾ ਪੰਜ ਹਜ਼ਾਰ ਰੁਪਈਆ ਉਸ ਦੇ ਕੰਨਾਂ ਕੋਲ ਕੂਕ ਰਿਹਾ ਸੀ।
-"ਜੀ
ਮੈਂ ਮਰਨਾ ਸੀ? ਇਹ ਇਕ ਗਿਲਾਸ ਮੇਰੇ ਅੰਦਰ ਮਾਰਦਾ-ਅਰਲਾ ਕੋਟ ਮੇਰਾ ਗੱਡਿਆ ਜਾਣਾ
ਸੀ-ਖੋਲ੍ਹਦੇ ਫਿਰਦੇ ਫੇਰ ਮੇਰਾ ਵੀ ਜੀ ਖੰਡ ਪਾਠ।"
ਲੋਕ
ਫਿਰ ਹੱਸ ਪਏ।
ਪਰ
ਇੰਦਰ ਹੁਰੀਂ ਬੈਠੇ ਦੰਦ ਪੀਹ ਰਹੇ ਸਨ। ਮਨ ਅੰਦਰ ਗੁੱਸਾ ਲਾਵੇ ਵਾਂਗ ਉਥਲ ਪੁੱਥਲ ਹੋ
ਰਿਹਾ ਸੀ। ਕਰਮੇਂ ਦੀ ਬੇਬੇ ਅਦਾਲਤ ਦੀ ਕੁਰਸੀ 'ਤੇ ਬੈਠੀ ਬੇਸੁੱਧ ਹੁੰਦੀ ਜਾ ਰਹੀ
ਸੀ। ਕੁੱਖੋਂ ਜੰਮੇਂ ਪੁੱਤ ਨੂੰ ਫ਼ਾਂਸੀ ਲੱਗਦੀ ਸਾਫ਼ ਨਜ਼ਰ ਆਉਂਦੀ ਸੀ। ਕੇਸ ਬਹੁਤ
ਸਖ਼ਤ ਸੀ।
-"ਮੀ
ਲਾਰਡ! ਇੱਥੇ ਆ ਕੇ ਸਾਫ਼ ਪਤਾ ਚੱਲਦਾ ਹੈ ਕਿ ਗਵਾਹ ਬਿਲਕੁਲ ਝੂਠਾ ਹੈ ਅਤੇ ਪੁਲੀਸ
ਨੇ ਬੜੀ ਸੂਝ ਨਾਲ ਲੱਭਿਆ ਹੈ!" ਚਾਹਲ ਜੱਜ ਨੂੰ ਮੁਖ਼ਾਤਿਬ ਹੋਇਆ।
ਸਰਕਾਰੀ
ਵਕੀ਼ਲ ਖੜ੍ਹਾ 'ਮੁਤਰ-ਮੁਤਰ' ਮਜੌਰਾਂ ਦੀ ਮਾਂ ਵਾਂਗ ਝਾਕ ਰਿਹਾ ਸੀ। ਉਹ ਕੱਛ 'ਚੋਂ
ਕਿਸੇ ਮੂੰਗਲੇ ਦੀ ਉਡੀਕ ਕਰ ਰਿਹਾ ਸੀ।
ਜੱਜ ਨੇ
ਕੰਨ ਚੁੱਕੇ।
-"ਮੀ
ਲਾਰਡ! ਜਿਸ ਗੁਆਂਢੀਆਂ ਦੇ ਕੋਠੇ ਦੀ ਬੁੱਕਣ ਸਿੰਘ ਗੱਲ ਕਰ ਰਿਹਾ ਹੈ-ਉਹਨਾਂ
ਗੁਆਂਢੀਆਂ ਦੀ ਬੁੱਕਣ ਸਿੰਘ ਦੇ ਘਰ ਨਾਲ ਪੂਰੇ ਗਿਆਰ੍ਹਾਂ ਵਰ੍ਹਿਆਂ ਦੀ ਨਹੀਂ
ਬਣਦੀ-ਹੋਰ ਕੋਈ ਘਰ ਉਹਨਾਂ ਨਾਲ ਲੱਗਦਾ ਹੀ ਨਹੀਂ-ਫਿਰ ਬੁੱਕਣ ਸਿੰਘ ਕਿਸ ਖੁਸ਼ੀ ਵਿਚ
ਦੁਸ਼ਮਣਾਂ ਦੇ ਘਰੇ ਜਾਂ ਕੋਠੇ ਉਪਰ ਚਲਾ ਗਿਆ?" ਕਰਮੇਂ ਦੇ ਵਕੀਲ ਨੇ ਤੀਰ ਦਾ
ਨਿਸ਼ਾਨਾ ਸਿੱਧਾ ਜੱਜ ਵੱਲ ਕਰ ਲਿਆ ਸੀ।
ਜੱਜ
ਸਾਹਿਬ ਨੇ ਨੁਕਤਾ ਨੋਟ ਕੀਤਾ।
-"ਯੂਅਰ
ਆਨਰ-ਮੇਰੀ ਸਿਰਫ਼ ਇਕ ਦਰਖ਼ਾਸਤ ਹੈ! ਜੇ ਜਨਾਬ ਦਇਆਵਾਨ ਹੋਣ ਤਾਂ?"
-"ਬੋਲੋ---?"
-"ਮੈਨੂੰ ਇਕ ਹਫ਼ਤੇ ਦਾ ਸਮਾਂ ਹੋਰ ਦਿੱਤਾ ਜਾਵੇ ਤਾਂ ਕਿ ਮੈਂ ਜਨਾਬ ਅੱਗੇ ਲੋੜੀਂਦੇ
ਸਬੂਤ ਪੇਸ਼ ਕਰ ਸਕਾਂ---।" ਵਕੀਲ ਫ਼ਰਿਆਦੀ ਬਣਿਆਂ ਖੜ੍ਹਾ ਸੀ।
ਫ਼ਰਿਆਦ
ਮਨਜ਼ੂਰ ਹੋ ਗਈ।
ਫ਼ੈਸਲੇ
ਦੀ ਤਾਰੀਖ਼ ਇਕ ਹਫ਼ਤੇ 'ਤੇ ਪਾ ਦਿੱਤੀ ਗਈ।
ਕਰਮੇਂ
ਨੂੰ ਸਿਪਾਹੀਆਂ ਨੇ ਹੱਥਕੜੀਆਂ 'ਚ ਜਕੜ ਲਿਆ ਸੀ। ਵਕੀਲ ਸਮੇਤ ਸਾਰੇ ਕਰਮੇਂ ਕੋਲ ਆ
ਗਏ। ਹੱਥਕੜੀਆਂ ਅਤੇ ਬੇੜੀਆਂ ਦੇਖ ਕੇ ਕਰਮੇਂ ਦੀ ਮਾਂ ਡਰ ਗਈ।
-"ਵੇ
ਪੁੱਤ-ਤੇਰੇ ਆਹ ਸਾਰਾ ਦਿਨ ਈ ਪਾਈ ਰੱਖਦੇ ਐ?" ਰੋਂਦੀ, ਨੱਕ ਪੂੰਝਦੀ ਮਾਂ ਹੇਰਵੇ
ਨਾਲ ਪੁੱਛ ਰਹੀ ਸੀ।
-"-----।" ਕਰਮਾਂ ਚੁੱਪ ਸੀ। ਉਸ ਦਾ ਮਨ ਨੱਕੋ-ਨੱਕ ਭਰ ਆਇਆ ਸੀ। ਉਸ ਨੇ ਚਿਹਰਾ
ਮਾਂ ਤੋਂ ਲਕੋ ਲਿਆ।
-"ਇਉਂ
ਤਾਂ ਪੁੱਤ ਤੈਨੂੰ ਤਕਲੀਪ ਹੁੰਦੀ ਹੋਊ?"
ਸਾਰਿਆਂ
ਦੇ ਮਨ ਭਰ ਕੇ ਉਛਲ ਗਏ।
ਕਰਮੇਂ
ਦਾ ਦਿਲ ਕੰਨਾਂ 'ਤੇ ਹੱਥ ਧਰ ਕੇ ਚੀਕਣ ਨੂੰ ਕਰਦਾ ਸੀ। ਫਿਰ ਸਿਪਾਹੀ ਪਸ਼ੂ ਵਾਂਗ
ਖਿੱਚ ਕੇ ਉਸ ਨੂੰ ਪਤਾ ਨਹੀਂ ਕਿੱਧਰ ਲੈ ਗਏ? ਮਾਂ ਦੀਆਂ ਅੱਖਾਂ ਅੱਗੇ ਹਨ੍ਹੇਰ ਛਾ
ਗਿਆ। ਉਸ ਦਾ ਪੁੱਤਰ ਪਤਾ ਨਹੀਂ ਕਿੱਧਰ ਛਾਈਂ-ਮਾਈਂ ਹੋ ਗਿਆ ਸੀ? ਉਹ ਚੁੱਪ-ਚਾਪ
ਖੜ੍ਹੀ ਹੰਝੂ ਵਗਾ ਰਹੀ ਸੀ। ਉਸ ਦੀਆਂ ਝੁਰੜੀਆਂ ਕੰਬ ਰਹੀਆਂ ਸਨ।
ਇੰਦਰ
ਹੁਰਾਂ ਨੇ ਉਸ ਨੂੰ ਜੀਪ ਵਿਚ ਬਿਠਾਇਆ।
-"ਬੇਬੇ
ਫਿਕਰ ਕਿਉਂ ਕਰਦੀ ਐਂ? ਅਗਲੇ ਹਫ਼ਤੇ ਕਰਮਾਂ ਘਰੇ ਆਇਆ ਲੈ!" ਗਿੱਲ ਨੇ ਕਿਹਾ। ਪਰ
ਸੱਚ ਉਸ ਨੂੰ ਆਪਣੀ ਕਹੀ ਗੱਲ 'ਤੇ ਆਪ ਨੂੰ ਵੀ ਨਹੀਂ ਆਇਆ ਸੀ!
-"ਤੇਰੇ
ਮੂੰਹ ਘਿਉ ਸੱਕਰ ਪੁੱਤ-ਤੇਰਾ ਬੋਲ ਈ ਸੁਲੱਖਣਾ ਹੋਵੇ!" ਮਾਈ ਇਕ ਤਰ੍ਹਾਂ ਨਾਲ ਟਹਿਕ
ਪਈ ਸੀ। ਪਰ ਫ਼ੋਕੇ ਦਿਲਾਸੇ ਉਸ ਕੋਲੋਂ ਪੁਰੇ ਦੀ ਹਵਾ ਵਾਂਗ ਲੰਘ ਜਾਂਦੇ ਸਨ।
ਉਹਨਾਂ
ਵਕੀਲ ਦੇ ਦਫ਼ਤਰ ਕੋਲ ਜੀਪ ਰੋਕੀ।
ਇੰਦਰ,
ਬਰਾੜ ਅਤੇ ਗਿੱਲ ਅੰਦਰ ਚਲੇ ਗਏ।
-"ਮੈਂ
ਤੁਹਾਨੂੰ ਹੀ ਉਡੀਕ ਰਿਹਾ ਸੀ।" ਵਕੀਲ ਬੋਲਿਆ।
ਸਾਰਿਆਂ
ਨੇ ਨਜ਼ਰ ਉਸ ਦੇ ਮੂੰਹ 'ਤੇ ਖੋਭ ਲਈ।
ਉਸ ਨੇ
ਕੁਝ ਗੁਪਤ ਗੱਲਾਂ ਉਹਨਾਂ ਨੂੰ ਸਮਝਾਈਆਂ।
-"ਅੱਛਾ
ਜੀ---!" ਕਹਿ ਕੇ ਸਾਰੇ ਜੀਪ ਵਿਚ ਆ ਬੈਠੇ।
ਜੀਪ
ਪੂਛ ਚੁੱਕੀ ਘੋੜੀ ਵਾਂਗ ਭੱਜੀ ਜਾ ਰਹੀ ਸੀ। ਬਰਾੜ ਨੇ ਕਿਸੇ ਗੰਭੀਰ ਹਾਲਤ ਵਿਚ ਗਿੱਲ
ਵੱਲ ਤੱਕਿਆ। ਪਰ ਮੂੰਹੋਂ ਨਾ ਬੋਲਿਆ। ਬੇਬੇ "ਵਾਖਰੂ-ਵਾਖਰੂ" ਜਪੀ ਜਾ ਰਹੀ ਸੀ।
ਉਹ
ਸਿੱਧੇ ਸ਼ਿੰਦੇ ਦੇ ਪਿੰਡ ਪਹੁੰਚੇ।
ਸਾਰਿਆਂ
ਨੇ ਸ਼ਰਾਬ ਝੋਅ ਲਈ।
ਸੂਰਜ
ਧਰਤੀ ਅਤੇ ਅਸਮਾਨ ਵਿਚਕਾਰ ਅੜਿਆ ਜਿਹਾ ਖੜ੍ਹਾ ਸੀ। ਸਭ ਦੀਆਂ ਨਜ਼ਰਾਂ ਵਿਚ ਨਸ਼ਾ
ਡੋਲ ਰਿਹਾ ਸੀ। ਚਿਹਰੇ ਸਖ਼ਤ, ਖਰਾੜ੍ਹੇ ਜਿਹੇ ਹੋ ਚੁੱਕੇ ਸਨ। ਬਰਾੜ ਪਤਾ ਨਹੀਂ ਕਿਸ
'ਤੇ ਦੰਦ ਪੀਹ ਰਿਹਾ ਸੀ? ਸੂਣ ਵਾਲੀ ਮੱਝ ਵਾਂਗ ਉਹ ਵੱਟ ਜਿਹਾ ਕਰ ਰਿਹਾ ਸੀ।
-"ਉਹਨੂੰ ਤਾਂ ਮੇਰੇ ਸਾਲੇ ਨੂੰ ਪਾਰ ਬੁਲਾਓ ਅੱਜ!" ਗਿੱਲ ਨੇ ਹੱਥ ਦੀ ਓਟ ਨਾਲ ਲੰਡਾ
ਪੈੱਗ ਅੰਦਰ ਮਾਰਿਆ ਸੀ। ਭੁਜੀਏ ਦੇ ਦਾਣੇਂ ਉਸ ਦੀ ਜਾੜ੍ਹ ਹੇਠ ਇੰਜ "ਕਰਚ-ਕਰਚ" ਕਰ
ਰਹੇ ਸਨ, ਜਿਵੇਂ ਝੋਟਾ ਚਰ ਕਰਦੈ!
-"ਇਕ
ਅੱਧੇ ਦਾ ਘੋਗਾ ਚਿੱਤ ਕੀਤਾ ਹੋਇਆ ਤਾਂ ਬਾਕੀ ਦੇ ਮੂਤ ਦੀ ਝੱਗ ਮਾਂਗੂੰ ਬੈਠ
ਜਾਣਗੇ!" ਬਰਾੜ ਨੇ ਗਿੱਲ ਦੀ ਹਮਾਇਤ ਕੀਤੀ। ਜੁਆਕ ਹੱਥ ਜਿਵੇਂ ਮਸਾਂ ਹੀ ਛੁਣਛਣਾਂ
ਆਇਆ ਸੀ। ਉਸ ਦੇ ਦਿਲ ਦੀ ਗੱਲ ਪੂਰੀ ਹੋ ਗਈ ਸੀ। ਉਸ ਨੂੰ ਗੱਲ ਕਰਨ ਦਾ ਮਸਾਂ ਹੀ
ਮੌਕਾ ਮਿਲਿਆ ਸੀ। ਗਿੱਲ ਹੀ ਸੀ, ਜਿਸ ਨੇ ਉਸ ਦੀ ਖੁੱਭੀ ਕੱਢੀ ਸੀ। ਇਹ ਗੱਲ ਕਹਿਣ
ਲਈ ਤਾਂ ਉਹ ਕਾਫ਼ੀ ਚਿਰ ਦਾ ਪੈਰਾਂ ਹੇਠੋਂ ਮਿੱਟੀ ਕੱਢ ਰਿਹਾ ਸੀ।
-"ਇੱਕ
ਬੰਬ ਦਾ ਪ੍ਰਬੰਧ ਕਰੋ! ਸਾਲੇ ਦੇ ਘਰ 'ਤੇ ਸਿੱਟ ਕੇ ਸਾਰਾ ਟੱਬਰ ਮਾਰੋ!" ਇੰਦਰ ਉਸ
ਤੋਂ ਵੀ ਚੜ੍ਹਦਾ ਚੰਦ ਸੀ। ਗਿੱਦੜ ਦੀ ਹੂਕ ਸੁਣ ਕੇ ਗਿੱਦੜ ਹੁਆਂਕਣ ਵਾਂਗ, ਉਹ ਇਕ
ਦੂਜੇ ਤੋਂ ਪਹਿਲਾਂ ਬੋਲ ਰਹੇ ਸਨ। ਜਿਵੇਂ ਉਹਨਾਂ ਨੂੰ ਗਧੇ ਵਾਂਗ ਹੀਂਗਣਾ ਛੁੱਟ ਪਿਆ
ਸੀ।
ਰਾਤ
ਝੀਲ ਦੇ ਪਾਣੀ ਵਾਂਗ ਨਿੱਤਰੀ ਖੜ੍ਹੀ ਸੀ। ਕਿਸੇ ਮੁਟਿਆਰ ਦੀ ਸੁਹਾਗ ਰਾਤ ਲਈ ਕੱਢੀ
ਫ਼ੁੱਲਾਂ ਦੀ ਚਾਦਰ ਵਾਂਗ ਅਸਮਾਨ ਤਾਰਿਆਂ ਨੂੰ ਗੋਦੀ ਚੁੱਕੀ ਖੜ੍ਹਾ, ਹੱਸ ਰਿਹਾ ਸੀ।
ਸਾਰੇ ਪਾਸੇ ਚੁੱਪ ਛਾਈ ਹੋਈ ਸੀ। ਕਿਤੇ ਕਿਤੇ ਕੋਈ ਲੰਡਰ ਕੁੱਤਾ ਭੌਂਕਦਾ ਸੀ ਜਾਂ
ਹੱਡਾਂਰੋੜੀ ਵਿਚੋਂ ਕੋਈ ਗਿਰਝ ਦੀ ਚੀਕ ਸੁਣਾਈ ਦਿੰਦੀ ਸੀ। ਕਦੇ ਕੋਈ ਉੱਲੂ ਦੀ
ਅਵਾਜ਼ ਸੁਣਦੀ ਸੀ। ਗਲੀ ਵਿਚੋਂ ਇਕ ਕੁੱਤਾ ਚੂਕਦਾ ਭੱਜਿਆ ਜਿਵੇਂ ਕਿਸੇ ਚੁੜੇਲ ਨੇ
ਘਰੂਟ ਮਾਰੇ ਹੋਣ!
ਪਰ
ਗਿੱਲ ਹੋਰੀਂ ਗਾਲ੍ਹੀ-ਗਲੋਚ ਕਰਦੇ ਪੀ ਰਹੇ ਸਨ।
ਅਚਾਨਕ
ਗਲੀ ਵਿਚ ਆ ਕੇ ਗਿੱਲ ਨੇ ਫ਼ਾਇਰ ਕੀਤਾ। ਗੋਲੀ ਨੇ ਜਿਵੇਂ ਅਸਮਾਨ ਪਾੜ ਦਿੱਤਾ ਸੀ।
"ਟੀਂਅ" ਕਰਦੀ ਗੋਲੀ ਸਿੱਧੀ ਅਕਾਸ਼ ਨੂੰ ਗਈ ਸੀ। ਦੂਰ ਰੋਹੀ ਵਿਚੋਂ ਡਰਿਆ ਕੋਈ ਮੋਰ
ਕੂਕਿਆ।
ਫਿਰ
ਗੋਲੀਆਂ ਦਾ ਜਿਵੇਂ ਮੀਂਹ ਵਰ੍ਹ ਪਿਆ ਸੀ। ਲਲਕਾਰੇ ਇਕ ਦਮ ਉੱਚੇ ਉਠੇ ਸਨ। ਟਿਕੀ ਰਾਤ
ਵਿਚ ਲਲਕਾਰੇ ਪਿੰਡ ਦੇ ਦੂਜੇ ਪਾਸੇ ਸਿਵਿਆਂ ਤੱਕ ਸੁਣਦੇ ਸਨ। ਗਿੱਲ ਮਸਤੀ ਊਠ ਵਾਂਗ
ਬੁੱਕ ਰਿਹਾ ਸੀ।
ਪਿੰਡ
ਵਿਚ ਸਹਿਮ ਛਾ ਗਿਆ।
ਕੋਈ
ਡਰਦਾ ਕੁਸਕਿਆ ਨਹੀਂ ਸੀ।
-"ਚੱਲੋ
ਮੇਰੇ ਸਹੁਰੇ ਦੇ ਘਰ ਉਤੋਂ ਦੀ ਗੇੜਾ ਤਾਂ ਦੇਈਏ--!" ਬਰਾੜ ਨੇ ਮੁੱਛ ਦੇ ਕੁੰਢ ਨੂੰ
ਕੜਾਹੇ ਦੇ ਕੁੰਡੇ ਵਾਂਗ ਖਿੱਚਿਆ।
ਉਹ
ਅੱਗੜ ਪਿੱਛੜ ਹੋ ਤੁਰੇ। ਤੁਰਦੇ ਜਣਿਆਂ ਦੇ ਨਾਲ ਜਿਵੇਂ ਧਰਤੀ ਕੰਬਦੀ ਸੀ। ਲੱਗਦਾ
'ਖੁੱਸਾ' ਗਿੱਲ ਦੇ ਪੈਰ ਨੂੰ ਲਹੂ-ਲੁਹਾਣ ਕਰੀ ਜਾ ਰਿਹਾ ਸੀ। ਜਿਸ ਦਾ ਸ਼ਾਇਦ ਗਿੱਲ
ਨੂੰ ਪਤਾ ਨਹੀਂ ਸੀ। ਉਹਨਾਂ ਨੂੰ ਦੇਖ ਕੇ ਗਲੀ ਦਾ ਕੁੱਤਾ ਭੌਂਕਿਆ। ਇੰਦਰ ਨੇ ਠੁੱਡ
ਮਾਰਕੇ ਉਸ ਨੂੰ ਪਰ੍ਹੇ ਸੁੱਟ ਦਿੱਤਾ। ਕੁੱਤੇ ਦੀਆਂ ਚੂਕਾਂ ਨੇ ਸਹਿਮੀ ਰਾਤ ਵਿਚ
ਬੱਕੜਵਾਹ ਮਚਾ ਦਿੱਤੀ ਸੀ।
-"ਹਾਏ
ਉਏ! ਮਿਲਜੇ ਕਿਤੇ ਅੱਜ ਘਰੇ ਈ-ਹੱਥ ਲੰਮੀ ਗੋਲੀ ਵਿਚ ਦੀ ਕੱਢ ਦਿਆਂ---!" ਬੋਤੇ
ਵਾਂਗ ਪੁਲਾਂਘਾਂ ਪੁੱਟਦਾ ਗਿੱਲ ਜਾੜ੍ਹ ਘੁੱਟ ਕੇ ਬੋਲਿਆ। ਗੁੱਸਾ ਉਸ ਨੇ ਕਚੀਚੀ ਵਿਚ
ਨੱਪਿਆ ਹੋਇਆ ਸੀ।
-"ਪਹਿਲਾਂ ਮੁੱਛਾਂ ਪੱਟ ਕੇ ਉਹਦੀ---'ਚ ਦਿਓ, ਇਹਦੀ ਮੈਂ ਮਾਂ ਦੀ--ਦਿੱਤਾ ਪਾ ਕੇ!"
-"ਅੱਜ
ਵਾਰੀ ਮੈਨੂੰ ਵੀ ਦੇਇਓ।" ਸ਼ਿੰਦਾ ਲੰਬੇ ਚਿਰ ਬਾਅਦ ਬੋਲਿਆ ਸੀ।
-"ਹੈਂ
ਬਈ! ਵਾਰੀ ਨੂੰ ਕੀ ਐ? 'ਕੱਠੇ ਈ ਲਾਲਾਂਗੇ ਝੁੱਟੀ--!" ਇੰਦਰ ਨੇ ਕਿਹਾ। ਸਾਰੇ ਹੀ
ਇਕ ਦੂਜੇ ਨਾਲੋਂ ਅੱਗੇ ਸਨ। ਘੱਟ ਕੋਈ ਵੀ ਨਹੀਂ ਸੀ। ਚੋਰ ਨਾਲੋਂ ਪੰਡ ਕਾਹਲੀ ਹੋਈ
ਪਈ ਸੀ।
ਉਹਨਾਂ
ਨੇ ਨ੍ਹੇਰੀ ਦੇ ਘਰ ਉਪਰੋਂ ਭਲਵਾਨੀ ਗੇੜਾ ਦਿੱਤਾ। ਅੰਦਰ ਚੁੱਪ-ਚਾਂਦ ਸੀ। ਹਨ੍ਹੇਰਾ
ਗੁੱਲ ਹੋਇਆ ਪਿਆ ਸੀ। ਕੋਈ ਬੱਤੀ ਨਹੀਂ ਜਗ ਰਹੀ ਸੀ। ਉਹ ਦਰਵਾਜੇ ਕੋਲ ਆ ਗਏ। ਪਹਿਲੇ
ਧੱਕੇ ਨਾਲ ਹੀ ਚੂਲ ਜੜਾਕਾ ਖਾ ਗਈ। ਇਕ ਲੱਤ ਹੋਰ ਮਾਰ ਕੇ ਉਹਨਾਂ ਨੇ ਦਰਵਾਜਾ ਖਿਲਾਰ
ਦਿੱਤਾ। "ਫ਼ਾਅੜ" ਕਰਦਾ ਦਰਵਾਜਾ ਧਰਤੀ 'ਤੇ ਡਿੱਗਿਆ ਸੀ।
ਡਰ ਕੇ
ਪਸ਼ੂ ਖੜ੍ਹੇ ਹੋ ਗਏ। ਉਹਨਾਂ ਦੇ ਕੰਨ ਖੜ੍ਹੇ ਸਨ। ਬੈਟਰੀ ਦੇ ਚਾਨਣ ਵਿਚ ਪਸ਼ੂਆਂ
ਦੀਆਂ ਅੱਖਾਂ ਹੀਰਿਆਂ ਵਾਂਗ ਚਮਕਦੀਆਂ ਸਨ। ਡਰੀ ਗਾਂ ਨੇ ਕਿੱਲੇ 'ਤੇ ਗੇੜਾ ਬੰਨ੍ਹ
ਲਿਆ। ਪੁੱਠੀਆਂ ਅੱਖਾਂ ਨਾਲ ਉਹ ਓਪਰੇ ਬੰਦਿਆਂ ਵੱਲ ਝਾਕ ਰਹੀ ਸੀ।
ਉਹਨਾਂ
ਸਾਰੇ ਘਰ ਅੰਦਰ ਗੇੜਾ ਦਿੱਤਾ। ਪਰ ਅੰਦਰੋਂ ਕੋਈ ਜੀਅ ਵੀ ਪ੍ਰਗਟ ਨਾ ਹੋਇਆ। ਪਤਾ
ਨਹੀਂ ਸਾਰਾ ਟੱਬਰ ਕਿੱਧਰ ਨੂੰ ਉਡਾਰੀ ਮਾਰ ਗਿਆ ਸੀ?
-"ਹਾਏ
ਇੰਦਰਾ! ਹੁਣ ਕੀ ਕਰੀਏ---?" ਰੀਝ ਪੂਰੀ ਨਾ ਹੋਈ ਕਾਰਨ ਗਿੱਲ ਦਾ ਆਪਣੇ ਆਪ ਨੂੰ
ਗੋਲੀ ਮਾਰਨ ਨੂੰ ਦਿਲ ਕਰਦਾ ਸੀ।
ਖ਼ੈਰ!
ਉਹ ਹੱਥਾਂ 'ਤੇ ਦੰਦੀਆਂ ਵੱਢਦੇ ਵਾਪਸ ਆ ਗਏ।
ਉਹ
ਗੁੱਸੇ ਵਿਚ ਚੰਗਿਆੜੇ ਵਾਂਗ ਮੱਚ-ਬੁਝ ਜਿਹੇ ਰਹੇ ਸਨ।
-"ਤੁਸੀਂ ਕਾਕਾ ਨਿਆਣਿਆਂ ਆਲੀ ਮੱਤ ਨਾ ਵਰਤੋ! ਚੁੱਪ ਕਰਕੇ ਪੈਜੋ! ਅੱਗੇ ਪਹਿਲਾ ਤਾਂ
ਸਾਂਭਿਆ ਨਹੀਂ ਜਾਂਦਾ-ਤੁਸੀਂ ਉਲਟਾ ਪੜਛੱਤੀ ਸਿਰ 'ਤੇ ਚੱਕਲੀ? ਕਾਹਨੂੰ ਐਮੇਂ ਜੱਗ
ਨੂੰ ਤਮਾਸ਼ਾ ਦਿਖਾਉਨੇ ਐਂ? ਪੈਜੋ ਮੇਰੇ ਸ਼ੇਰ ਬਣਕੇ! ਮੈਨੂੰ ਪਤੈ ਬਈ ਥੋਨੂੰ ਦੁੱਖ
ਐ-ਦੁੱਖ ਤਾਂ ਮੈਨੂੰ ਵੀ ਐ! ਸਵੇਰ ਦੀ ਢਿੱਡ 'ਚ ਮੁੱਕੀਆਂ ਦੇਈ ਫਿਰਦੀ ਐਂ-ਉਤੋਂ ਹੋਰ
ਨਾ ਕੋਈ ਯੱਭ ਖੜ੍ਹਾ ਕਰ ਲਿਓ--!" ਬੇਬੇ ਨੇ ਆ ਕੇ ਉਹਨਾਂ ਨੂੰ ਡਾਂਟਿਆ।
ਉਹ
ਸਾਰੇ ਸਾਊ ਜਿਹੇ ਬਣ ਕੇ ਮੰਜਿਆਂ 'ਤੇ ਪੈ ਗਏ। ਪਰ ਗੁੱਸਾ ਉਹਨਾਂ ਅੰਦਰ ਬਰਾਬਰ ਰਿੱਝ
ਰਿਹਾ ਸੀ। ਨੀਂਦ ਤਾਂ ਕਿਸੇ ਨੂੰ ਵੀ ਨਹੀਂ ਆ ਰਹੀ ਸੀ।
-"ਮੁੜ
ਕੇ ਡੱਡੇ ਵੇਲਾ ਹੱਥ ਨ੍ਹੀ ਆਉਂਦਾ ਹੁੰਦਾ।" ਜਾਂਦੀ ਬੇਬੇ ਕੰਨ ਜਿਹੇ ਕਰ ਗਈ ਸੀ।
ਸਾਰੇ
ਪਿੰਡ ਵਿਚ ਸ਼ਾਂਤੀ ਪਸਰ ਗਈ ਸੀ। ਭੂਚਾਲ ਆ ਕੇ ਜਿਵੇਂ ਰੁਕ ਗਿਆ ਸੀ। ਰੱਬ ਦੀ ਅਪਾਰ
ਕਿਰਪਾ ਰਹੀ ਸੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਗੜਿਆਂ ਦੀ ਮਾਰ ਜੂਹ ਤੋਂ
ਬਾਹਰ ਹੀ ਲੰਘ ਗਈ ਸੀ। ਕਿਸੇ ਨੇ ਠਾਣੇਂ ਜਾਣ ਦੀ ਜੁਅਰਤ ਹੀ ਨਹੀਂ ਕੀਤੀ ਸੀ। ਸਾਰਾ
ਪਿੰਡ ਹੀ ਤਰਾਸਿਆ ਪਿਆ ਸੀ।
ਅਗਲੇ
ਦਿਨ ਪਿੰਡ ਵਿਚ ਮੂੰਹੋਂ-ਮੂੰਹ, ਪਰ ਅੜਤਲੇ ਜਿਹੇ ਨਾਲ ਰੰਗ ਬਰੰਗੀਆਂ ਗੱਲਾਂ ਹੋ
ਰਹੀਆਂ ਸਨ।
-"ਰਾਤ
ਭਾਈ ਅਗਲੇ ਸਾਰੀ ਰਾਤ ਖੁਰਵੱਢ ਕਰਦੇ ਰਹੇ ਐ-ਜੇ ਕਿਤੇ ਹੱਥ ਲੱਗ ਜਾਂਦਾ-ਮੈਂ ਸ਼ਰਤ
ਕਰਦੈਂ-ਉਹਦੇ ਆਲਾ ਗੁੱਗਾ ਪੂਜ ਦਿੰਦੇ ਰਾਤ!"
-"ਕਹਿੰਦੇ ਐ ਜਦੋਂ ਗਿੱਦੜ ਦੀ ਮੌਤ ਆਉਂਦੀ ਐ-ਫੇਰ ਪਤੰਦਰ ਜਾ ਕੇ ਚੂਹੜ੍ਹਿਆਂ ਦੀ
ਮੁੰਨੀ ਨਾਲ ਖੁਰਕ ਕਰਦੈ-ਬਈ ਸਹੁਰਿਆ ਤੂੰ ਰਾਮ ਰਾਮ ਕਰਕੇ ਦਿਨ ਕੱਟ-ਗਵਾਹੀਆਂ ਬਿਨਾ
ਸਰਦਾ ਨ੍ਹੀ?"
-"ਨਾਲੇ
ਕਰਮੇਂ ਦੇ ਸਹੁਰਿਆਂ ਨੇ ਕਿਹੜਾ ਇਹਦੇ ਫ਼ੀਤੀ ਲਾ ਦੇਣੀ ਐਂ?"
-"ਰਾਤ
ਮੁੰਡਿਆਂ ਨੇ ਫੀਤੀ ਛੱਡ ਬਣਾ ਦੇਣਾ ਸੀ ਐੱਲਸਪੈੱਲਟਰ! ਗੱਲ ਕਰ ਵਧੀ ਸੀ ਬਚ ਗਿਆ।"
-"ਮੈਨੂੰ ਮੈਦ ਐ ਜਦੋਂ ਗੋਲੀਆਂ ਚੱਲੀਆਂ-ਟੱਬਰ ਨੂੰ ਲੈ ਕੇ ਆਸੇ ਪਾਸੇ ਹੋ ਗਿਆ-ਨਹੀਂ
ਤਾਂ ਪਤੰਦਰਾਂ ਨੇ ਗਰਦੋਗੋਰ ਮਚਾਈ ਰੱਖੀ ਐ!"
-"ਇਕ
ਗੱਲ ਹੋਰ ਐ! ਚਾਹੇ ਕਰਮਾਂ ਬਰੀ ਹੋਜੇ ਤੇ ਚਾਹੇ ਲੱਗਜੇ ਫ਼ਾਹੇ-ਪਰ ਨ੍ਹੇਰੀ ਆਲਾ
ਤੂੰਬਾ ਇਹ ਜਰੂਰ ਵਜਾਉਣਗੇ।"
ਲੋਕ
ਆਪਣੇ ਦਿਲ ਦੀ "ਭੜ੍ਹਾਸ" ਕੱਢ ਰਹੇ ਸਨ। |