----ਅਸਲ ਵਿਚ ਕਰਮੇਂ ਦਾ ਘਰ ਘੁੱਗ ਵਸਦਾ ਸੀ।
ਲੜਾਈ ਤਾਂ ਕੀ? ਕਦੇ ਕਿਸੇ ਨੇ ਘਰ ਵਿਚ "ਚੂੰ" ਵੀ ਨਹੀਂ ਕੀਤੀ ਸੀ! ਸਾਰੇ ਜੀਅ ਰੱਬ
ਦੀ ਰਜ਼ਾ ਵਿਚ ਰਾਜ਼ੀ ਸਨ। ਜੇ ਉਹਨਾਂ ਨੂੰ ਦੁੱਖ ਸੀ ਤਾਂ ਸਿਰਫ਼ ਆਪਣੇ ਬਾਪ ਦਾ, ਜੋ
ਅੱਠੇ ਪਹਿਰ ਦਾਰੂ ਵਿਚ ਗੁੱਟ ਰਹਿੰਦਾ ਸੀ। ਪਰਿਵਾਰ ਦੇ ਸਾਰੇ ਜੀਅ ਉਸ ਨੂੰ ਹਮੇਸ਼ਾ
ਸਮਝਾਉਂਦੇ ਰਹਿੰਦੇ। ਪਰ ਉਹ ਸੁਧਰਨ ਵਾਲੀ ਜੜੀ ਨਹੀਂ ਲੱਗਦਾ ਸੀ। ਹਰ ਕੌਰ ਨੇ
ਬਥੇਰ੍ਹਾ ਪੁੜਪੜੀਆਂ ਦਾ ਭੇੜ੍ਹ ਕੀਤਾ। ਪਰ ਕਰਮੇਂ ਦਾ ਪਿਉ ਕਿਸੇ ਲੀਹ 'ਤੇ ਨਾ ਆਇਆ।
ਉਹ ਹਮੇਸ਼ਾ ਇੱਕੋ ਹੀ ਰਟ ਲਾਈ ਰੱਖਦਾ, "ਮੈਂ ਕਿਹੜਾ ਕਿਸੇ ਕੰਜਰ ਤੋਂ ਮੰਗ ਕੇ
ਪੀਨੈਂ? ਜੇ ਪੀਨੈਂ ਤਾਂ ਆਬਦੀ ਪੀਨੈਂ! ਹੱਥੀਂ ਕਮਾਈ ਕੀਤੀ ਵੀ ਐ-ਕੋਈ ਬੈਂਕ ਨ੍ਹੀ
ਲੁੱਟੀ!" ਪਰ ਹਰ ਕੌਰ ਫੇਰ ਸਮਝਾਉਣ ਦਾ ਯਤਨ ਕਰਦੀ ਤਾਂ ਉਹ ਜਾੜ੍ਹ ਘੁੱਟ ਕੇ ਪੈਂਦਾ,
"ਮੈਨੂੰ ਤੇਰਾ ਪਿਉ ਬੋਤਲਾਂ ਦੇ ਕੇ ਜਾਂਦੈ ਕਜਾਤੇ--?" ਹਰ ਕੌਰ ਚੁੱਪ ਕਰ ਜਾਂਦੀ।
ਕਰਮਾਂ ਰਾਮਗੜ੍ਹ ਵਿਆਹਿਆ
ਹੋਇਆ ਸੀ। ਸਹੁਰੇ ਉਸ ਦੇ ਚੰਗੇ ਖਾਂਦੇ-ਪੀਂਦੇ ਸਨ। ਬਹੂ ਵੀ ਕਰਮੇਂ ਦੀ ਸੋਹਣੀ
ਸੁਨੱਖੀ ਅਤੇ ਲੋਕਾਂ ਦੇ ਮੂੰਹ ਮੱਥੇ ਲੱਗਦੀ ਕਰਦੀ ਸੀ।
ਵਿਆਹ ਤੋਂ ਤਿੰਨ ਸਾਲਾਂ ਦੇ
ਵਿਚ-ਵਿਚ ਕੁਲਵਿੰਦਰ ਦੇ ਪੇਟੋਂ ਦੋ ਕੁੜੀਆਂ ਹੋਈਆਂ ਸਨ। ਖ਼ੂਬਸੂਰਤ ਔਲਾਦ! ਫੁੱਲਾਂ
ਵਰਗੀਆਂ ਬੱਚੀਆਂ! ਹੁਣ ਕੁਲਵਿੰਦਰ ਨੂੰ ਤੀਸਰਾ ਬੱਚਾ ਹੋਣ ਵਾਲਾ ਸੀ। ਹਰ ਕੌਰ ਨੇ
ਨਹਿਰ ਵਾਲੇ ਸੰਤਾਂ ਤੋਂ ਕੁਲਵਿੰਦਰ ਨੂੰ "ਮੁੰਡਾ ਹੋਣ" ਵਾਲੀ ਦੁਆਈ ਖੁਆਈ ਸੀ।
ਸੰਤਾਂ 'ਤੇ ਹਰ ਕੌਰ ਨੂੰ ਅਥਾਹ ਵਿਸ਼ਵਾਸ ਸੀ। ਹਰ ਕੌਰ ਕਦੇ-ਕਦੇ ਕਲਪਨਾ ਵਿਚ ਆਪਣੇ
ਹੋਣ ਵਾਲੇ ਪੋਤੇ ਨਾਲ ਕਲੋਲਾਂ ਕਰਨ ਲੱਗ ਜਾਂਦੀ। ਕਰਮੇਂ ਦਾ ਬਾਪੂ ਵੀ ਖੁਸ਼ ਸੀ।
-"ਕਰਮਿਆਂ! ਐਤਕੀਂ ਤਾਂ ਮੇਰੇ
ਪੋਤਾ ਈ ਹੋਣੈਂ-ਜਿੱਦੇਂ ਜੰਮਿਆਂ ਤੈਥੋਂ ਰੱਜ ਕੇ ਪੀਣੀ ਐਂ।" ਉਹ ਆਮ ਹੀ ਆਖ ਦਿੰਦਾ
ਸੀ। ਖੁਸ਼ੀ ਉਸ ਅੰਦਰ ਵੀ ਚਾਂਭੜ੍ਹਾਂ ਮਾਰਦੀ। ਕਰਮੇਂ ਨੂੰ ਪਤਾ ਨਹੀਂ ਕਿਉਂ ਸੰਤਾਂ
'ਤੇ ਵਿਸ਼ਵਾਸ ਨਹੀਂ ਸੀ। ਉਹ ਗੱਲਾਂ ਕਰਦਾ ਟਾਲ ਜਾਂਦਾ, "ਦਾਰੂ ਦੀ ਗੱਲ ਕੀ ਕਰਦੈਂ
ਬਾਪੂ? ਨੁਹਾ ਦਿਆਂਗੇ ਨੁਹਾ!"
ਕੁਲਵਿੰਦਰ ਦੇ ਦਿਨ ਪੂਰੇ ਹੋ
ਗਏ ਸਨ।
ਸਾਰੇ ਟੱਬਰ ਦੀਆਂ ਅੱਖਾਂ
ਕੁਲਵਿੰਦਰ 'ਤੇ ਹੀ ਲੱਗੀਆਂ ਰਹਿੰਦੀਆਂ ਸਨ ਕਿ ਕਿਹੜਾ ਦਿਨ ਆਵੇ ਅਤੇ ਸਾਡੇ ਘਰੇ
ਮੁੰਡਾ ਖੇਡੇ! ਸ਼ਿੰਦੇ ਨੇ ਤਾਂ ਇਕ ਦਿਨ ਹਾਸੇ ਨਾਲ ਆਖ ਵੀ ਦਿੱਤਾ, "ਕਿਉਂ ਭਾਬੀ
ਸਾਡੀਆਂ ਅੱਖਾਂ ਪਕਾਈ ਜਾਨੀ ਐਂ? ਚੱਲ ਤੈਨੂੰ ਬਿਠਾਈਏ ਟਰਾਲੀ 'ਚ ਤੇ ਦੇਈਏ ਕੱਲਰ
ਆਲੀ ਜਮੀਨ 'ਚ ਗੇੜਾ-ਤੇਰਾ ਅੰਦਰ ਹਿੱਲੂ ਕੁਛ-ਜੁਆਕ ਛੇਤੀ ਜੰਮਲੇਂਗੀ!" ਕੁਲਵਿੰਦਰ
ਹੱਸ ਕੇ ਬੋਲੀ ਸੀ, "ਵੇ ਜਾਹ ਵਗਜਾ ਪਰ੍ਹਾਂ-ਕਿਤੇ ਮੈਥੋਂ ਹੁਣੇਂ ਨਾ ਕੁੱਢਣ
ਖਾਲੀਂ!"
ਸ਼ਿੰਦਾ ਹੱਸ ਕੇ ਬਾਹਰ ਨਿਕਲ
ਗਿਆ ਸੀ।
ਖ਼ੈਰ! ਉਹ ਦਿਨ ਆਇਆ, ਜਿਸ ਦੀ
ਸਾਰੇ ਟੱਬਰ ਨੂੰ ਬੇਸਬਰੀ ਨਾਲ ਉਡੀਕ ਸੀ। ਹਰ ਕੌਰ ਨੇ ਕੁਲਵਿੰਦਰ ਦੀ ਹਾਲਤ ਠੀਕ ਹੋਣ
ਦੇ ਬਾਵਜੂਦ ਵੀ ਉਸ ਨੂੰ ਸ਼ਹਿਰ ਦੇ ਹਸਪਤਾਲ ਦਾਖਲ ਕਰਵਾ ਦਿੱਤਾ। ਉਹ ਨਹੀਂ ਚਾਹੁੰਦੀ
ਸੀ ਕਿ ਉਸ ਦਾ ਪੋਤਾ ਕਿਸੇ ਅਨਪੜ੍ਹ, ਕੁੱਢਰ ਦਾਈ ਦੇ ਹੱਥਾਂ ਵਿਚ ਜੰਮੇਂ! ਉਹ
ਚਾਹੁੰਦੀ ਸੀ ਕਿ ਉਸ ਦਾ ਪੋਤਾ ਕਿਸੇ ਪੜ੍ਹੀ ਲਿਖੀ ਡਾਕਟਰਨੀ ਦੇ ਹੱਥਾਂ ਵਿਚ ਪੈਦਾ
ਹੋਵੇ। ਹਰ ਕੌਰ ਸੁਬਾਹ ਤੋਂ ਹੀ ਸੰਤਾਂ ਨੂੰ ਧਿਆ ਰਹੀ ਸੀ।
ਸ਼ਿੰਦੇ ਦਾ ਸਭ ਤੋਂ ਛੋਟਾ ਭਰਾ
ਸਵਰਨਾ ਸ਼ਹਿਰੋਂ ਖ਼ਬਰ ਲੈ ਕੇ ਘਰ ਪਹੁੰਚਿਆ।
ਧੀ ਜੰਮੀ ਸੀ!!
ਸੁਣਦਿਆਂ ਹੀ ਸਾਰੇ ਪ੍ਰੀਵਾਰ
ਦੇ ਪਿੱਸੂ ਪੈ ਗਏ। ਉਹਨਾਂ ਦੇ ਹੌਸਲੇ ਟੁੱਟ ਗਏ ਸਨ। ਹਰ ਕੌਰ ਦਾ ਜਿਵੇਂ ਨਹਿਰ ਵਾਲੇ
ਸੰਤਾਂ ਤੋਂ ਵਿਸ਼ਵਾਸ ਉਠ ਗਿਆ ਸੀ। ਪਰ ਫਿਰ ਵੀ ਉਹ ਹੌਸਲਾ ਦਿਖਾਉਂਦੀ ਹੋਈ ਬੋਲੀ,
"ਫੇਰ ਕੀ ਆਫ਼ਤ ਆ ਗਈ ਜੇ ਕੁੜੀ ਹੋ ਗਈ? ਲੋਕਾਂ ਦੀਆਂ ਬਹੂਆਂ ਕੋਲੇ ਪੰਜ-ਪੰਜ
ਕੁੜੀਐਂ-ਧੀਆਂ ਧਿਆਣੀਆਂ ਕਿਤੇ ਸਿੱਟੀਆਂ ਥੋੜ੍ਹੋ ਜਾਂਦੀਐਂ? ਨਾਲੇ ਧੀ ਤਾਂ ਭਾਈ
ਲੱਛਮੀ ਦਾ ਰੂਪ ਹੁੰਦੀ ਐ! ਕੀ ਪਤੈ ਕੀਹਦੇ ਕਰਮ ਖਾਨੇਂ ਐਂ?" ਬੇਬੇ ਪੰਜੀਰੀ
ਰਲਾਉਂਦੀ ਗੁੱਝੀ-ਗੁੱਝੀ ਰੋ ਰਹੀ ਸੀ। ਜਿਸ ਚੀਜ਼ ਦੀ ਪੂਰਨ ਆਸ ਅਤੇ ਇੱਛਾ ਹੋਵੇ, ਉਹ
ਵੀ ਰੱਬ ਪੂਰੀ ਨਾ ਕਰੇ ਤਾਂ ਆਦਮੀ ਨੂੰ ਰੋਣ ਆਉਣਾ ਕੁਦਰਤੀ ਗੱਲ ਹੈ। ਜਿੱਥੇ ਕਿਤੇ
ਕਿਸੇ ਦਾ ਜੋਰ ਨਾ ਚੱਲਦਾ ਹੋਵੇ, ਉਥੇ ਰੋ ਕੇ ਹੀ ਸਾਰ ਲਿਆ ਜਾਂਦਾ ਹੈ। ਬੇਵਸੀ ਅਤੇ
ਬੇਕਦਰੀ ਦਾ ਇਹੋ ਹੀ ਤਾਂ ਇਕ ਇਲਾਜ ਹੈ!
-"ਬੇਬੇ ਕਿਉਂ ਢਿੱਲੀ ਜੀ ਹੋਈ
ਬੈਠੀ ਐਂ? ਜਿਸ ਦਿਨ ਸਾਡਾ ਲਾਲ ਝੰਡੇ ਦਾ ਰਾਜ ਆ ਗਿਆ-ਉਸ ਦਿਨ ਅਸੀਂ ਕੁੜੀ ਮੁੰਡੇ
'ਚ ਫਰਕ ਈ ਨ੍ਹੀ ਰਹਿਣ ਦੇਣਾ।" ਕਾਮਰੇਡ ਸ਼ਿੰਦੇ ਆਖ ਰਿਹਾ ਸੀ, "ਸੰਤ ਤਾਂ ਸਾਰਿਆਂ
ਨੂੰ ਮੁੰਡੇ ਈ ਦਿੰਦੇ ਐ!"
-"ਵੇ ਮੈਂ ਕਾਹਨੂੰ ਢਿੱਲੀ ਆਂ
ਪੁੱਤ-ਮੈਂ ਕਾਹਤੋਂ ਰੱਬ ਦੀ ਸ਼ਰੀਕ ਬਣਾਂ? ਧੀ ਧਿਆਣੀ ਐਂ-ਰੱਬ ਰਾਜੀ ਖੁਸ਼ੀ ਰੱਖੇ!"
ਬੇਬੇ ਨੇ ਧੂੰਏਂ ਦੇ ਪੱਜ ਅੱਖਾਂ ਪੂੰਝੀਆਂ ਸਨ।
-"ਬੇਬੇ ਬੈਠ ਕੇ ਧੂੰਏਂ ਦੇ
ਪੱਜ ਰੋਈ-ਸੰਤਾਂ ਨੇ ਕੁੜੀ ਦਿੱਤੀ।" ਸ਼ਿੰਦੇ ਮਸ਼ਕਰੀਆਂ ਕਰੀ ਜਾ ਰਿਹਾ ਸੀ।
-"ਮੈਥੋਂ ਕਿਤੇ ਪਾਥੀਆਂ ਨਾ
ਖਾ ਲਈਂ! ਅਖੇ ਅੰਨ੍ਹਾਂ ਜੁਲਾਹਾ ਮਾਂ ਨਾਲ ਮਸ਼ਕਰੀਆਂ? ਜਾਹ ਜਾਂਦਾ ਰਹਿ!"
ਸ਼ਿੰਦੇ ਬਾਹਰ ਨੂੰ ਤੁਰ ਗਿਆ
ਸੀ।
ਸ਼ਾਮ ਨੂੰ ਰਲਵੀਆਂ ਮਿਲਵੀਆਂ
ਗੱਲਾਂ ਕਰਦੇ ਸਾਰੇ ਪੀ ਰਹੇ ਸਨ। ਬਰਾੜ, ਗਿੱਲ ਅਤੇ ਇੰਦਰ ਪਾਰਟੀ ਦੀ ਸ਼ਾਨ ਸਨ। ਧੀ
ਜੰਮੀ ਦਾ ਕੋਈ ਅਫ਼ਸੋਸ ਨਾ ਪ੍ਰਗਟ ਕਰਦੇ ਹੋਏ ਕਾਮਰੇਡ ਇਕ-ਦੂਜੇ ਨੂੰ ਹੁੱਝਾਂ ਮਾਰ
ਕੇ ਹੱਸਦੇ ਸਨ। ਕਈਆਂ ਨੇ ਤਾਂ "ਬੇਟੀ ਮੁਬਾਰਕ ਹੋਵੇ" ਵੀ ਆਖਿਆ ਸੀ।
ਅਚਾਨਕ ਕਰਮੇਂ ਦੇ ਸਾਲੇ ਦਾ
ਅੱਗੇ ਸਾਲਾ ਬਿੱਲੂ ਆ ਗਿਆ। ਬਣਦਾ ਤਣਦਾ ਸੋਹਣਾ ਗੱਭਰੂ ਬਿੱਲੂ ਕਾਮਰੇਡਾਂ ਵਿਚ ਆਮ
ਹੀ ਆ ਬੈਠਦਾ ਸੀ। ਉਸ ਦੇ ਸੁਨੱਖੇ ਚਿਹਰੇ 'ਤੇ ਲਾਲੀ ਦਗਦੀ ਸੀ। ਉਸ ਦੀਆਂ ਖ਼ਤ
ਕੱਢੀਆਂ ਮੁੱਛਾਂ, ਪਰ ਦਾਹੜੀ ਖੋਦੀ ਸੀ। ਇੰਜ ਭੁਲੇਖਾ ਪੈਂਦਾ ਸੀ, ਜਿਵੇਂ ਕੂਹਣੀਂ
ਨੂੰ ਸਾਗ ਲੱਗਿਆ ਹੁੰਦੈ! ਪਰ ਖੋਦੀ ਦਾਹੜੀ ਵੀ ਉਸ ਦੇ ਭਰਵੇਂ ਚਿਹਰੇ 'ਤੇ ਜਚਦੀ ਸੀ।
ਬਿੱਲੂ ਅਕਲੋਂ ਥੋੜਾ ਜਿਹਾ ਹੌਲਾ, ਪਰ ਗਾਲੜੀ ਪੂਰਾ ਸੀ। ਗੱਲ ਕਰਦਿਆਂ ਠਾਹ ਸੋਟਾ
ਮਾਰਨਾ ਉਸ ਦਾ ਕਰਮ ਸੀ। ਕਰਮ ਸਿੰਘ ਕੋਲ ਉਹ ਆਪਣੇ ਭਣੋਈਏ ਦੇ ਰੋਕੇ ਹੋਏ ਵੀ ਜ਼ਮੀਰ
ਕੁੱਟ ਕੇ ਆਉਂਦਾ ਸੀ।
-"ਉਏ ਆ ਬਈ ਸਰਬੰਧੀਆ!" ਸਾਰੇ
ਕਾਮਰੇਡ ਉਸ ਦੇ ਭਣੋਈਏ ਬਣ ਕੇ ਬੈਠ ਗਏ। ਉਹ ਅੰਨ੍ਹੇ ਹੱਥ ਬਟੇਰਾ ਦੇਖ ਕੇ ਚੁੱਪ ਹੀ
ਕਰ ਗਿਆ। ਕਾਮਰੇਡਾਂ ਨਾਲ ਮਗਜ਼ ਮਾਰਨਾ ਉਹ ਬੇਵਕੂਫ਼ੀ ਹੀ ਸਮਝਦਾ ਸੀ। ਗਿੱਦੜਾਂ ਹੱਥ
ਪਟੋਲ੍ਹਾ ਆਇਆ, ਲੀਰੋ ਲੀਰ ਹੀ ਕਰਨਗੇ? ਗਧੇ ਨੂੰ ਹੀਰੇ ਦੀ ਕੀ ਸਾਰ? ਸੋਚਦਾ ਉਹ
ਚੁੱਪ ਕਰਿਆ ਬੈਠਾ ਸੀ।
-"ਸੁਣਿਐਂ ਕੁਲਵਿੰਦਰ ਕੋਲੇ
ਫੇਰ ਕੁੜੀ ਐ?" ਉਹ ਕਾਫ਼ੀ ਦੇਰ ਬਾਅਦ ਧੀਮਾਂ ਜਿਹਾ ਬੋਲਿਆ। ਪਹਿਲੇ ਤੋੜ ਦੀ ਬੋਤਲ
ਦੇ ਦੋ ਪੈੱਗਾਂ ਨੇ ਉਸ ਨੂੰ "ਬਾਬੂ" ਬਣਾ ਦਿੱਤਾ ਸੀ।
-"ਫੇਰ ਕੀ ਗੋਲੀ ਵੱਜਗੀ? ਹੀਰ
ਮੁੱਕਗੀ ਜਾਂ ਸਾਰੰਗੀ ਟੁੱਟਗੀ? ਇਹ ਕੋਈ ਕੁੰਭ ਦਾ ਮੇਲੈ ਜਿਹੜਾ ਬਾਰ੍ਹਾਂ ਵਰ੍ਹਿਆਂ
ਮਗਰੋਂ ਆਊਗਾ? ਅਗਲੇ ਸਾਲ ਲੈ ਫੇਰ ਗੱਭਣ ਕੀਤੀ! ਗੱਲਾਂ ਕੀ ਕਰਨ ਲੱਗ ਪਿਆ ਸਾਲਾ
ਢੇਡ! ਦਾਰੂ ਪੀਤੀ ਦਾ ਮੈਖਿਆ ਊਂਈਂ ਨਾਸ ਮਾਰਤਾ!" ਗਿੱਲ ਚਾਰੇ ਚੁੱਕ ਕੇ ਬਿੱਲੂ ਨੂੰ
ਪਿਆ।
-"ਇਹਨੂੰ ਪਾਰਟੀ 'ਚੋਂ ਕੱਢੋ
ਜਾਂ ਮੇਰੇ ਸਾਲੇ ਦੇ ਗੋਲੀ ਮਾਰੋ!" ਬਰਾੜ ਬੋਲਿਆ। ਉਹ ਦੋਵੇਂ ਬਾਹਾਂ ਦਾ ਮੰਜੇ ਦੀਆਂ
ਬਾਹੀਆਂ 'ਤੇ ਭਾਰ ਦੇਈ ਬੈਠਾ ਸੀ।
-"ਅੱਬਲ ਤਾਂ ਇਹਦੇ ਸਿਰ 'ਚ
ਮੂਤੋ! ਇਹ ਗੱਲ ਤੂੰ ਕੀਤੀ ਤਾਂ ਕਿਉਂ ਕੀਤੀ?" ਕਾਮਰੇਡ 'ਭੂੰਡ' ਬੋਲਿਆ। ਸਾਢੇ ਪੰਜ
ਫੁੱਟਾ ਗੱਦਰ ਭੂੰਡ ਸਾਹਮਣੇਂ ਮੰਜੇ 'ਤੇ ਬੈਠਾ ਪਾਥੀਆਂ ਦਾ ਗਹੀਰਾ ਹੀ ਲੱਗਦਾ ਸੀ।
-"ਬਹੁੜ੍ਹੀ ਉਏ ਬਾਪੂ! ਮੈਂ
ਤਾਂ ਸੋਬਤੀ ਈ ਕਿਹਾ ਸੀ-ਤੁਸੀਂ ਮਤੇਈ ਮਾਂ ਮਾਂਗੂੰ ਮੇਰੇ ਗਲ ਈ ਪੈਗੇ?" ਬਿੱਲੂ ਨੂੰ
ਭਰਿੰਡਾਂ ਦੀ ਖੱਖਰ ਛੇੜ ਕੇ ਕਿਧਰੇ ਭੱਜਣ ਨੂੰ ਰਾਹ ਨਹੀਂ ਲੱਭਦਾ ਸੀ।
-"ਹੈਂ ਬਈ! ਤੂੰ ਸੋਬਤੀ ਕਿਹਾ
ਤਾਂ ਕਿਹਾ ਕਿਉਂ?" ਰਹਿੰਦੀ ਖੂੰਹਦੀ ਰੜਕ ਇੰਦਰ ਨੇ ਪੂਰੀ ਕਰ ਦਿੱਤੀ।
-"ਮੈਂ ਕੋਡਾ ਹੋ ਜਾਨੈਂ ਮੇਰੀ
-- ਲੈਲੋ!" ਖਹਿੜਾ ਛੁਡਾਉਣ ਲਈ ਬਿੱਲੂ ਨੇ ਦਾਅ ਪੇਚ ਵਰਤਿਆ। ਉਹ ਸੱਚ-ਮੁੱਚ ਉਠ ਕੇ
ਖੜ੍ਹਾ ਹੋ ਗਿਆ ਸੀ।
-"ਚੰਗਾ ਜਾਹ ਪਾਣੀ ਲੈ ਕੇ
ਆ।" ਗਿੱਲ ਨੇ ਜਿਵੇਂ ਉਸ ਨੂੰ ਮੁਆਫ਼ ਕਰ ਦਿੱਤਾ ਸੀ। ਉਸ ਨੇ ਉਸ ਨੂੰ ਡੋਲੂ ਫੜਾ
ਦਿੱਤਾ।
-"ਸਾਲਾ ਜਦੋਂ ਕੋਈ ਗੱਲ
ਕਰੂ-ਸੜੀ ਵੀ ਕਰੂ!" ਪਰ ਭੂੰਡ ਅਜੇ ਸੇਕ ਮਾਰੀ ਜਾ ਰਿਹਾ ਸੀ।
-"ਤੂੰ ਹੁਣ ਬੋਲ ਕੇ
ਦੇਖੀਂ-ਜੇ ਨਾ ਤੇਰੀ --- 'ਚ ਬਾਂਹ ਦਿੱਤੀ!"
-"ਚੱਲ ਹੁਣ ਜਾਣ ਦੇ ਸਾਥੀ!"
ਗਿੱਲ ਨੇ ਰੋਕਿਆ।
ਸਾਰੇ ਫਿਰ ਪੀਣ ਲੱਗ ਪਏ।
ਬਿੱਲੂ ਨੇ ਉਹਨਾਂ ਤੋਂ ਫਿਰ ਮੁਆਫ਼ੀ ਮੰਗੀ ਸੀ। ਜੋ ਕਾਮਰੇਡਾਂ ਨੇ ਖਿੜੇ ਮੱਥੇ ਮੰਨ
ਲਈ ਸੀ। ਫਿਰ ਰੋਟੀ ਖਾ ਕੇ ਪਤਾ ਨਹੀਂ ਮੇਲਾ ਕਦੋਂ ਵਿਛੜਿਆ ਸੀ।
ਕੁਲਵਿੰਦਰ ਨੂੰ ਹਸਪਤਾਲੋਂ
ਛੁੱਟੀ ਮਿਲ ਗਈ
ਉਹ ਸੁੱਖ-ਸਾਂਦ ਨਾਲ ਘਰੇ ਆ
ਗਈ।
ਅਚਾਨਕ ਇਕ ਮਨਹੂਸ ਭਾਣਾ
ਵਰਤਿਆ। ਕਰਮੇਂ ਦਾ ਬਾਪੂ 'ਚੜ੍ਹਾਈ' ਕਰ ਗਿਆ। ਘਰ ਵਿਚ ਰੋਣ ਪਿੱਟਣ ਪੈ ਗਿਆ। ਕੁਝ
ਤੋਹਮਤਾਂ ਲਾਉਣ ਵਾਲੀਆਂ ਬੁੜ੍ਹੀਆਂ ਨੇ ਕੁਲਵਿੰਦਰ ਦੀ ਨਵ-ਜੰਮੀਂ ਧੀ ਨੂੰ 'ਕੜਮੀਂ'
ਕਹਿਣੋਂ ਵੀ ਸੰਕੋਚ ਨਹੀਂ ਕੀਤਾ। ਪਰ ਪਰਿਵਾਰ ਦੇ ਮਨ ਵਿਚ ਅਜਿਹੀ ਕੋਈ ਗੱਲ ਨਹੀਂ
ਸੀ। ਹਰ ਕੌਰ ਨੂੰ ਵੀ ਪੋਤੀ 'ਤੇ ਕੋਈ ਸ਼ਿਕਵਾ ਨਹੀਂ ਸੀ। ਵਿਤੋਂ ਵੱਧ ਦਾਰੂ ਪੀਣ
ਵਾਲੇ ਆਦਮੀ ਦਾ ਅਕਸਰ ਇਹੀ ਹਾਲ ਹੋਣਾ ਸੀ। ਜਿਵੇ ਹਰ ਕੌਰ ਨੂੰ ਪਹਿਲਾਂ ਹੀ ਪਤਾ ਸੀ।
ਬਾਪੂ ਮਰੇ ਦਾ ਸਾਰੇ ਪਰਿਵਾਰ ਨੂੰ ਸੋਗ ਸੀ। ਪਰ ਕੁੜੀ ਵੱਲੋਂ ਸਾਰਿਆਂ ਨੂੰ
ਸੰਤੁਸ਼ਟੀ ਸੀ। ਉਹਨਾਂ ਨੇ ਕਦੇ ਕਹਿ ਕੇ ਵੀ ਨਹੀਂ ਚਿਤਾਰਿਆ ਸੀ। ਮੱਥੇ ਵੱਟ ਨਹੀਂ
ਪਾਇਆ ਸੀ। ਬਾਪੂ ਤਾਂ ਦਾਰੂ ਨੇ 'ਚਰ' ਲਿਆ ਸੀ। ਉਸ ਦਾ ਜਿਗਰ ਨਸ਼ਟ ਹੋ ਚੁੱਕਾ ਸੀ,
ਸ਼ੂਗਰ ਅਤੇ ਹਾਈ ਬਲੱਡ-ਪ੍ਰੈਸ਼ਰ ਦਾ ਮਰੀਜ਼ ਵੀ ਸੀ, ਡਾਕਟਰ ਦੇ ਰੋਕਣ ਦੇ ਬਾਵਜੂਦ
ਦਾਰੂ ਪੀਣੋਂ ਉਹ ਫਿਰ ਵੀ ਨਹੀਂ ਹਟਿਆ ਸੀ, ਇਸ ਵਿਚ ਕੰਨਿਆਂ ਦਾ ਕੀ ਦੋਸ਼ ਸੀ?
ਜਾਭਾਂ ਦਾ ਭੇੜ੍ਹ ਕਰਨ ਵਾਲੇ ਚਾਰ ਦਿਨ ਬੋਲ ਕੇ ਚੁੱਪ ਹੋ ਗਏ ਸਨ।
ਸਰਦੀ-ਪੁਰਦੀ ਬਾਪੂ ਦੀ ਮਿੱਟੀ
ਕਿਉਂਟੀ ਗਈ।
ਆਖੰਡ ਪਾਠ ਪ੍ਰਕਾਸ਼ ਕਰਵਾ ਕੇ
ਭੋਗ ਪਾਇਆ ਗਿਆ। ਬਾਪੂ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ
ਅਰਦਾਸਾਂ ਹੋਈਆਂ ਸਨ। ਕਾਣਾਂ-ਮਕਾਣਾਂ ਆਉਣੋਂ ਬੰਦ ਹੋ ਗਈਆਂ ਸਨ।
ਬਿੱਲੂ ਕਰਮੇਂ ਕੇ ਪਿੰਡ ਹੀ
ਰਹਿਣ ਲੱਗ ਪਿਆ ਸੀ। ਕਰਮਾਂ ਤਾਂ ਆਪਣੇ ਕੰਮ ਵਿਚ ਲੁਧਿਆਣੇ ਹੀ ਮਸਤ ਸੀ। ਸ਼ਾਮ ਨੂੰ
ਆਉਂਦਾ, ਸਵੇਰੇ ਚਲਾ ਜਾਂਦਾ ਅਤੇ ਕਦੇ ਲੁਧਿਆਣੇ ਹੀ ਰਾਤ ਰਹਿ ਪੈਂਦਾ।
ਕਈ ਵਾਰ ਬਿੱਲੂ ਨੂੰ ਉਸ ਦੇ
ਭਣੋਈਏ ਮਤਲਬ ਕਰਮ ਸਿੰਘ ਦੇ ਸਾਲੇ ਨੇ ਆ ਕੇ ਘੂਰਿਆ।
-"ਕੱਢ ਕੇ ਕੁੱਚ ਅਰਗੀ ਦਾਹੜੀ
ਐਥੇ ਛਾਪਲਿਆ ਬੈਠੈਂ-ਪਿੰਡ ਜਾ ਕੇ ਕੰਮ ਨਹੀਂ ਕਰਿਆ ਜਾਂਦਾ ਉਏ?"
-"ਮੈਂ ਤਾਂ ਪ੍ਰਾਹੁਣਿਆਂ
ਮਾਸੜ ਮਰੇ ਕਰਕੇ ਇਹਨਾਂ ਦੀ ਮੱਦਤ ਕਰਦੈਂ-ਦੋ ਚਾਰ ਦਿਨ ਹੋਰ ਐ-ਜਦੋਂ ਬਖਤ ਜਿਆ ਨਿਕਲ
ਗਿਆ-ਮੈਂ ਉਦੋਂ ਚਲਿਆ ਜਾਊਂ-ਨਾਲੇ ਇੱਜਤ ਤਾਂ ਇਹਦੇ 'ਚ ਤੇਰੀ ਐ ਬਈ ਸਾਲੇ ਦਾ
ਸਰਬੰਧੀ ਭੀੜ੍ਹ ਪਈ 'ਚ ਕੰਮ ਆਇਆ।" ਬਿੱਲੂ ਨੇ ਆਪਣੇ ਭਣੋਈਏ ਨੂੰ ਇਕੋ ਗੱਲ ਨਾਲ ਹੀ
ਖੂੰਜੇ ਲਾ ਦਿੱਤਾ। ਉਸ ਦਾ ਮੂੰਹ ਠਾਕਿਆ ਗਿਆ ਸੀ। ਦੁਬਾਰਾ ਕਹਿਣ ਲਈ ਉਸ ਦਾ ਹੀਆਂ
ਹੀ ਨਹੀਂ ਪਿਆ ਸੀ।
ਇਕ ਰਾਤ ਕਰਮਾਂ ਪਿੰਡ ਆਇਆ
ਤਾਂ ਕੁਲਵਿੰਦਰ ਨੇ ਇਕ ਨਵੀਂ ਹੀ ਗੱਲ ਉਸ ਨੂੰ ਪੁੱਛੀ।
-"ਬਣਦਾ ਤਣਦਾ ਮੁੰਡੈ-ਜੇ ਭਲਾ
ਆਪਾਂ ਉਹਨੂੰ ਰਿਸ਼ਤਾ ਈ ਕਰਵਾ ਦੇਈਏ?" ਉਹ ਕਰਮੇਂ ਤੋਂ ਬਿੱਲੂ ਬਾਰੇ ਪੁੱਛ ਰਹੀ ਸੀ।
-"ਸਾਲਾ ਬਲੱਜ ਜਿਆ ਕਰਦਾ
ਨ੍ਹੀ ਕੁਛ ਕੱਤਰਦਾ ਨ੍ਹੀ-ਉਹਨੂੰ ਮਾਂ ਨੂੰ ਖੁਆਊ ਕੀ? ਬਚੋਲੇ ਦੇ ਤਾਂ ਚਾਰੇ ਪਾਸਿਓਂ
ਡਾਂਗ ਈ ਖੜਕਦੀ ਹੁੰਦੀ ਐ-ਨਾ ਆਬਦੇ ਆਪ ਘੁਲਾੜ੍ਹੀ 'ਚ ਹੱਥ ਦੇਹ!" ਕਰਮੇਂ ਨੇ
ਸਮਝਾਇਆ।
-"ਦਸ ਕਿੱਲੇ ਜਮੀਨ ਦੇ ਆਉਂਦੇ
ਐ-ਖੁਆਉਣ ਨੂੰ ਉਹਦੇ ਕੋਲੇ ਹੈ ਕੀ ਨ੍ਹੀ?" ਉਹ ਕਰਮੇਂ ਨੂੰ ਛਾਂਟੇ ਮਾਰ-ਮਾਰ ਰਾਹ
'ਤੇ ਲਿਆਉਣਾ ਚਾਹੁੰਦੀ ਸੀ। ਪਰ ਕਰਮਾਂ ਹੀ ਸੀ, ਜਿਹੜਾ ਛਾਂਟਾ ਖਾ ਕੇ ਵੀ ਫਿਰ ਥਾਂ
'ਤੇ ਲੱਤ ਰੱਖ ਲੈਂਦਾ ਸੀ।
-"ਜਮੀਨ ਕਿਤੇ 'ਕੱਲੀ ਪਈ ਤਾਂ
ਨ੍ਹੀ ਦੇਈ ਜਾਊ? ਜੇ ਇਹ ਵੀ ਕੋਈ ਹੱਥ ਪੈਰ ਹਿਲਾਵੇ ਤਾਂ ਈ ਐ ਨਾ?" ਕਰਮੇਂ ਨੂੰ
ਅੰਦਰੋਂ ਡਰ ਖਾ ਰਿਹਾ ਸੀ।
-"ਜਦੋਂ ਕਬੀਲਦਾਰੀ ਸਿਰ ਪਈ
ਆਪੇ ਕਰੂ-ਬੁਸ਼ਕਾਰੇ ਪਸ਼ੂ ਕਿਤੇ ਲੋਟ ਆਏ ਐ? ਡੈਹਾ ਪਏ ਤੋਂ ਈ ਕਿੱਲੇ 'ਤੇ ਖੜ੍ਹਦੇ
ਐ!" ਉਹ ਕਰਮੇਂ ਦੇ ਵੀ ਇਕ ਤਰ੍ਹਾਂ ਨਾਲ ਰੱਸੇ-ਪੈੜੇ ਨਰੜੀ ਜਾਂਦੀ ਸੀ।
-"ਦੇਖ ਲੈ! ਮੈਨੂੰ ਫੇਰ ਦੋਸ਼
ਨਾ ਦੇਈਂ-ਜਦੋਂ ਅਗਲਿਆਂ ਨੇ ਸੰਨ੍ਹੋ-ਸੰਨ੍ਹ ਤੇਰੀ ਗੁਤਨੀ ਪੱਟੀ!" ਕਰਮਾਂ ਜਿਵੇਂ
ਵੱਟੇ-ਵੱਟ ਜਾਂਦਾ ਖਾਲੇ ਵਿਚ ਲਹਿ ਗਿਆ ਸੀ।
-"ਦੇਖਣ ਨੂੰ ਕੀ ਐ? ਅੰਮਾਂ
ਜੀ ਨਿੱਤ ਆ ਕੇ ਕਹਿੰਦੀ ਐ-ਕੁੜ੍ਹੇ ਬਹੂ ਕੁੜੀ ਆਸਤੇ ਕੋਈ ਮੁੰਡਾ ਲੱਭ-ਕਿਸੇ ਦੀ
ਕੁੜੀ ਵਸਜੂ-ਕਿਸੇ ਦਾ ਮੁੰਡਾ ਨਰੜਿਆ ਜਾਊ-ਤੈਨੂੰ ਸ਼ਾਬਾਸ਼ੇ ਮੁਖਤ ਦੀ!" ਕੁਲਵਿੰਦਰ
ਨੇ ਧਲ੍ਹਿਆਰਾ ਪਾ ਕੇ ਅੜਬ ਵਹਿੜਕਾ ਜਿਵੇਂ ਕਿੱਲੇ 'ਤੇ ਬੰਨ੍ਹ ਦਿੱਤਾ ਸੀ।
-"ਬਾਪੂ ਜੀ ਦੀ ਮਕਾਣ ਆਈ ਤਾਂ
ਅੰਮਾਂ ਜੀ ਮੈਨੂੰ ਹਨ੍ਹੋਰੇ ਵੀ ਦੇ ਗਈ ਅਖੇ, ਬਹੂ ਤੂੰ ਆਹ ਸਾਡਾ ਕੰਮ ਤਾਂ ਕਰਦੀ
ਨ੍ਹੀ-ਹੋਰ ਕੀ ਤੂੰ ਮੋਘਾ ਪੱਟਦੇਂਗੀ? ਕੁੜੀ ਕਿਸੇ ਦੀ-ਮੁੰਡਾ ਕਿਸੇ ਦਾ-ਆਪਣੀ ਲੱਤ
ਸਾਰੀ ਉਮਰ ਬਾਧੂ ਉਤੇ ਰਹੂ!" ਉਸ ਨੇ ਗੋਲ ਗੰਢ ਮਾਰ ਕੇ ਕਰਮੇਂ ਨੂੰ ਚਿੱਤ ਕਰ
ਦਿੱਤਾ।
-"ਤੇਰੀ ਮਰਜੀ ਐ-ਤੇਰੇ ਅਰਗੀ
ਸੰਨ੍ਹ 'ਚ ਦੋ ਲੱਤਾਂ ਨ੍ਹੀ ਝੱਲਦੀ ਹੁੰਦੀ-ਝੱਟ ਮਿਆਂਕ ਉਠਦੀ ਐ-ਨਾਲੇ ਵਿਚੋਲਗਿਰੀ
ਦੀਆਂ ਸੱਟਾਂ ਤਾਂ ਲੁਹਾਰ ਦੇ ਘਣ ਅਰਗੀਆਂ ਹੁੰਦੀਐਂ।" ਕਰਮਾਂ ਅੰਦਰੋਂ ਰਾਜ਼ੀ, ਪਰ
ਬਾਹਰੋਂ ਕੁਲਵਿੰਦਰ ਨੂੰ ਪੈਰੋਂ ਕੱਢੀ ਆ ਰਿਹਾ ਸੀ।
-"ਵੇ ਤੂੰ ਬੰਦਿਆਂ ਆਲਾ ਦਿਲ
ਕੱਢਿਆ ਕਰ! ਲੱਗ ਜਾਨੈਂ ਮਾੜੀ ਜੀ ਗੱਲ ਤੋਂ ਮੂਤਣ!" ਉਸ ਨੇ ਕਰਮੇਂ ਨੂੰ ਚੇਹ
ਚੜ੍ਹਾਉਣੀ ਚਾਹੀ। ਪਰ ਕਰਮਾਂ ਹੱਸ ਪਿਆ।
ਕੁਲਵਿੰਦਰ ਅੰਦਰੋਂ ਖੁਸ਼ ਸੀ।
ਗੱਲ ਤੁਰ ਪਈ ਸੀ।
ਉਸ ਨੇ ਤੜਕਿਓਂ ਕੱਪੜੇ ਪੁਆ
ਕੇ ਕਰਮੇਂ ਨੂੰ ਤੋਰ ਦਿੱਤਾ। ਕਰਮੇਂ ਦੀ ਦੂਰੋਂ ਲੱਗਦੀ ਮਾਸੀ ਕੁਲਵਿੰਦਰ ਨੂੰ ਵਾਕਿਆ
ਹੀ ਨੌਲਦੀ ਰਹਿੰਦੀ ਸੀ।
ਸ਼ਾਮ ਨੂੰ ਸਾਰੀ ਗੱਲ ਕਰਕੇ
ਉਹ ਵਾਪਿਸ ਆ ਗਿਆ। ਇਕ ਰਾਤ ਪਿੰਡ ਕੱਟ ਕੇ ਉਹ ਫਿਰ ਲੁਧਿਆਣੇ ਚਲਾ ਗਿਆ। ਦੁਕਾਨ 'ਤੇ
ਰੱਖੇ ਮੁੰਡੇ ਨੂੰ ਉਹ ਕੁਝ ਹਦਾਇਤਾਂ ਦੇ ਕੇ ਫਿਰ ਪਿੰਡ ਆ ਗਿਆ।
ਬਿੱਲੂ ਦੇ ਭਣੋਈਏ ਨੂੰ ਜਦ
ਪਤਾ ਲੱਗਿਆ ਤਾਂ ਉਹ ਕਰਮੇਂ ਕੋਲ ਆ ਵੱਜਿਆ।
-"ਕਿਹੜੀਆਂ ਮੋਹੜ੍ਹੀਆਂ 'ਚ
ਹੱਥ ਪਸਾਈ ਜਾਨੈਂ ਕਰਮ ਸਿਆਂ-ਔਖਾ ਹੋਵੇਂਗਾ! ਇਹ ਟੱਬਰ ਅਮਰ ਵੇਲ ਦੀ ਜੜ੍ਹ ਐ-ਜਿਹੜੇ
ਦਰੱਖਤ 'ਤੇ ਬੈਠਣਗੇ-ਉਸੇ ਦਾ ਈ ਭੱਠਾ ਬਿਠਾਉਣਗੇ!"
-"ਵੇ ਵੀਰਾ! ਕਿਹੜੀਆਂ ਗੱਲਾਂ
ਕਰਨ ਪਿਆ? ਸਾਨੂੰ ਵੀ ਦੇਖ ਲੈਣਦੇ ਵਿਚੋਲਪੁਣੇਂ ਦਾ ਸੁਆਦ।" ਕੁਲਵਿੰਦਰ ਭੱਜ ਕੇ ਵਿਚ
ਹੋਈ ਸੀ। ਚੰਗੀ ਤਰ੍ਹਾਂ ਸੇਕਿਆ ਭੱਠਾ ਉਸ ਨੂੰ ਪਿੱਲਾ ਮਹਿਸੂਸ ਹੋਣ ਲੱਗ ਪਿਆ ਸੀ!
-"ਕੁੜੀਏ! ਬੁੜ੍ਹੀਆਂ ਦੀ ਮੱਤ
ਗਿੱਚੀ ਪਿੱਛੇ ਹੁੰਦੀ ਐ-ਤੇਰੇ ਆਲੀ ਭਰਜਾਈ ਜਿੱਦਣ ਦੀ ਆਈ ਐ-ਘਰ 'ਚ ਭੰਦਰੋਲ ਈ ਪਾਈ
ਫਿਰਦੀ ਐ-ਕਿਸੇ ਲੰਡੇ ਲਾਟ ਦੀ ਪ੍ਰਵਾਹ ਨ੍ਹੀ ਕਰਦੀ-ਇਹ ਵੀ ਉਹਨਾਂ ਦੇ ਖਲਣੇਂ 'ਚੋਂ
ਈ ਐਂ! ਜਿਹੋ ਜਿਹੇ ਆਲੇ ਉਹੋ ਜੇ ਕੁੱਜੇ-ਨਾ ਪੰਗਾ ਲਓ--!" ਉਸ ਨੇ ਤਾੜਨਾ ਜਿਹੀ
ਕੀਤੀ।
-"ਵੇ ਕੁਛ ਨ੍ਹੀ ਹੁੰਦਾ-!"
-"ਚੰਗਾ ਥੋਡੀ ਮਰਜੀ ਐ-ਮੁੜ
ਕੇ ਮੈਨੂੰ ਦੋਸ਼ ਨਾ ਦੇਇਓ-ਮੈਂ ਖਬਰਦਾਰ ਕਰਨਾ ਸੀ ਕਰਤਾ!" ਕਹਿ ਕੇ ਕੁਲਵਿੰਦਰ ਦਾ
ਭਰਾ ਤੁਰ ਗਿਆ।
ਖ਼ੈਰ! ਅਖੀਰ ਮੰਗਣਾ ਹੋ ਗਿਆ।
ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਸਨ। ਮੰਗਣੇਂ 'ਤੇ ਹੀ ਇਤਨਾ ਕੁਝ ਦਿੱਤਾ ਸੀ,
ਵਿਆਹ 'ਤੇ ਪਤਾ ਨਹੀਂ ਕੀ ਕੁਝ ਦੇਣਗੇ? ਸਾਰੇ ਅਸਚਰਜ ਸਨ।
ਮੰਗਣਾਂ ਹੋਏ ਨੂੰ ਪੰਜ ਮਹੀਨੇ
ਬੀਤ ਗਏ ਸਨ।
ਕੁੜੀ ਦਾ ਬਾਪੂ ਵਿਆਹ ਲਈ
ਗੇੜੇ ਦੇਣ ਲੱਗ ਪਿਆ ਸੀ। ਪਰ ਕੁਲਵਿੰਦਰ ਉਸ ਨੂੰ "ਆਲੇ ਕੌਡੀ-ਛਿੱਕੇ ਕੌਡੀ" ਕਰਕੇ
ਮੋੜ ਦਿੰਦੀ। ਫਿਰ ਬਜੁਰਗ ਨੇ ਲੁਧਿਆਣੇ ਕਰਮੇਂ ਕੋਲ ਪਹੁੰਚ ਕੀਤੀ। ਕਰਮਾਂ ਤੁਰੰਤ
ਪਿੰਡ ਪਹੁੰਚਿਆ। ਸਾਰੀ ਗੱਲ ਬਾਤ ਕਰਨ ਤੋਂ ਬਾਅਦ ਕਰਮੇਂ ਨੇ ਕੁਲਵਿੰਦਰ ਨੂੰ ਆਥਣੇ
ਜਿਹੇ ਬਿੱਲੂ ਦੇ ਪਿੰਡ ਨੂੰ ਬੱਸ ਚਾਹੜ ਦਿੱਤਾ ਅਤੇ 'ਹਾਂ' ਜਾਂ 'ਨਾਂਹ' ਦਾ ਜਵਾਬ
ਲੈ ਕੇ ਹੀ ਮੁੜਨ ਦੀ ਤਾਕੀਦ ਕੀਤੀ।
-"ਲਹਿ
ਜਾਣੇਂ ਬਿਆਹ ਈ ਬਾਹਲੀ ਛੇਤੀ ਮੰਗਦੇ ਐ!" ਬਿੱਲੂ ਨਾਲ ਰਜਾਈ ਵਿਚ ਪਈ ਕੁਲਵਿੰਦਰ ਦੱਸ
ਰਹੀ ਸੀ! ਉਹ ਅੱਧੀ ਰਾਤ ਗਈ, ਬਿੱਲੂ ਕੇ ਖੇਤ ਬੋਰ 'ਤੇ ਪਏ ਸਨ। ਉਸ ਦੇ ਕੇਸੂ
ਬੁੱਲ੍ਹ ਕਿਸੇ ਅੰਦਾਜ਼ ਵਿਚ ਹਿੱਲੇ ਸਨ।
-"ਜਿਹੜੇ ਕੰਮ ਲਈ ਹੂਲਾ ਫੱਕਿਆ ਸੀ-ਉਹ ਤਾਂ ਓਡੋ ਕੈਡ ਖੜ੍ਹੈ!" ਬਿੱਲੂ ਤੂੜੀ ਦੀ
ਪੰਡ ਵਾਂਗ ਖਿੱਲਰਿਆ ਜਿਹਾ ਪਿਆ ਸੀ।
-"ਤੂੰ
ਮਰਦ ਬਣੀਂ-ਮੈਂ ਤਾਂ ਘਰ ਛੱਡਣ ਨੂੰ ਵੀ ਤਿਆਰ ਐਂ!" ਉਹ ਜਬ੍ਹੇ ਨਾਲ ਹਿੱਕ ਥਾਪੜ ਰਹੀ
ਸੀ।
-"ਜੇ
ਤੂੰ ਕੰਨ੍ਹਾਂ ਦੇਵੇਂ-ਵਿਚਾਲਿਓਂ ਤਾਂ ਵੱਢਿਆ ਜਾਊਂ-ਪਰ ਤੈਨੂੰ ਪਿੱਛਾ ਨਹੀਂ
ਦਿੰਦਾ!" ਬਿੱਲੂ ਮਰਦਾਂ ਵਾਲਾ ਬਚਨ ਪੁਗਾ ਕੇ ਦਿਖਾਉਣਾ ਚਾਹੁੰਦਾ ਸੀ। ਔਰਤ ਜ਼ਾਤ
'ਤੇ ਉਹ ਘੱਟ ਹੀ ਵਿਸ਼ਵਾਸ ਰੱਖਣ ਵਾਲਾ ਬੰਦਾ ਸੀ।
-"ਮੈਨੂੰ ਚਾਹੇ ਜਮੀਨ 'ਚ ਗੱਡਦੀਂ-ਸਾਹ ਨ੍ਹੀ ਭਰਦੀ!" ਕੁਲਵਿੰਦਰ ਅੰਦਰਲੀ ਔਰਤ ਭਬਕੇ
ਮਾਰ ਰਹੀ ਸੀ।
-"ਪਰ
ਇਕ ਗੱਲ ਐ!" ਬਿੱਲੂ ਅਟਕ ਕੇ ਫਿਰ ਬੋਲਿਆ।
-"ਕੀ?"
-"ਇਉਂ
ਲੁਕ ਛਿਪ ਕੇ ਕਿੰਨਾ ਕੁ ਚਿਰ ਕੰਮ ਚੱਲੂ? ਜਾਂ ਤਾਂ ਸਾਹ ਪਿਆ-ਮਾਰੀਏ ਕਿਸੇ ਪਾਸੇ
ਉਡਾਰੀ!" ਬਿੱਲੂ ਝੱਟ ਮਿਰਜ਼ਾ ਬਣ ਗਿਆ ਸੀ। ਉਹ ਕੁਲਵਿੰਦਰ ਨੂੰ ਸਾਹਿਬਾਂ ਵਾਂਗ
ਟੁਣਕਾ ਕੇ ਦੇਖਣਾ ਚਾਹੁੰਦਾ ਸੀ।
-"ਜਾਹ ਵੇ ਜੱਟਾ! ਇਹ ਵੀ ਕਰ
ਕੇ ਦੇਖ ਲੈ! ਜਿੱਧਰ ਗਿਆ ਬਾਣੀਆਂ-ਉਧਰੇ ਗਿਆ ਬਜਾਰ-ਮੈਂ ਸਾਰੇ ਜੱਗ ਢੰਡੋਰਾ ਪਿੱਟ
ਦਿਊਂ ਬਈ ਮੈਂ ਬਿੱਲੂ ਦੀ ਐਂ! ਤੂੰ ਵੀ ਕੀ ਜਾਣੇਂਗਾ ਬਈ ਜੱਟੀ ਨਾਲ ਲਾਈ ਸੀ ਤੇ ਦਗਾ
ਦੇ ਗਈ-ਚੱਲ ਜਿੱਧਰ ਲੈ ਕੇ ਚੱਲਦੈਂ! ਪਰ ਇਕ ਗੱਲ ਯਾਦ ਰੱਖੀਂ! ਤੁਰੂੰ ਤਾਂ, ਜੇ
ਜਿੰਦਗੀ ਭਰ ਤੋੜ ਨਿਭਾਵੇਂਗਾ-ਆਦਮੀ ਬਿਨਾ ਤਾਂ ਤੀਮੀਂ ਖੜਸੁੱਕ ਟਾਹਲੀ ਰਹਿ ਜਾਂਦੀ
ਐ-ਪਿੱਛੋਂ ਗਿਰਝਾਂ ਤੇ ਘੋਗੜ ਈ ਬਿੱਠਾਂ ਕਰਦੇ ਐ-ਫੇਰ ਨਾ ਕਹੀਂ ਬਈ ਦੱਸਿਆ ਨ੍ਹੀ!"
ਉਹ ਕਿਸੇ ਪਾਸੇ ਰੌਲਾ ਨਹੀਂ ਰੱਖਣਾ ਚਾਹੁੰਦੀ ਸੀ। ਗੱਲ ਨਿਖਾਰ ਲੈਣ ਵਿਚ ਹੀ ਸਿਆਣਪ
ਸਮਝਦੀ ਸੀ।
-"ਜੇ ਇੰਚ ਪਾਸੇ ਹੋਵਾਂ,
ਘੰਡੀ ਲਾਹ ਦੇਈਂ!" ਬਿੱਲੂ ਸਾਰੀ ਜਿੰਦਗੀ ਇਕੱਠੇ ਬਿਤਾਉਣ ਲਈ ਸਹੁੰ ਚੁੱਕਣ ਲਈ ਤਿਆਰ
ਸੀ। ਕੁਲਵਿੰਦਰ ਲਈ ਉਹ ਮਰ ਮਿਟਣ ਵਾਲਾ ਇਨਸਾਨ ਸੀ। ਕਦੋਂ ਦਾ ਤਿਹਾਇਆ ਉਹ ਝੀਲ ਕੋਲ
ਆ ਗਿਆ ਸੀ।
-"ਜੱਟਾ, ਤੀਮੀਂ ਦਾ ਪਿਆਰ
ਫੁੱਲ ਤੇ ਨਫ਼ਰਤ ਸੱਪ ਦੀ ਜਹਿਰ ਹੁੰਦੀ ਐ-ਦੇਖ ਲੈ! ਤੇਰੇ ਪਿੱਛੇ ਤਿੰਨ ਜੁਆਕ ਵੀ
ਛੱਡਣ ਨੂੰ ਤਿਆਰ ਐਂ-ਨਹੀਂ ਢਿੱਡ ਦੀ ਅੱਗ ਨੂੰ ਕੌਣ ਪਿੱਛਾ ਦਿੰਦੈ?" ਕੁਲਵਿੰਦਰ
ਅੰਦਰ ਮਾਂ ਵਾਲੀ ਮਮਤਾ ਚੀਰ ਪਾ ਰਹੀ ਸੀ। ਉਸ ਦਾ ਮਨ ਭਰ ਆਇਆ।
-"ਕਿਮੇਂ 'ਤਬਾਰ ਵੀ ਕਰੇਂਗੀ?
ਤੇਰੇ ਕਹੇ ਗੁਰਦੁਆਰੇ ਚੜ੍ਹਨ ਲਈ ਵੀ ਤਿਆਰ ਐਂ-ਹੋਰ ਦੱਸ? ਦਿਲ ਪਾੜ ਕੇ
ਦਿਖਾਵਾਂ-ਤੂੰ ਈ ਨਜਰ ਆਵੇਂਗੀ!" ਜਾਹਿਰਾ ਤੌਰ 'ਤੇ ਬਿੱਲੂ ਦਾ ਮਨ ਬੋਲ ਰਿਹਾ ਸੀ।
ਉਹ ਇਕ ਦੂਜੇ ਦਾ ਖਰ-ਖੋਟ
ਪਹਿਚਾਨਣ ਦਾ ਯਤਨ ਕਰ ਰਹੇ ਸਨ। ਕਿਸੇ ਪਾਸਿਓਂ, ਕੋਈ ਵੀ ਰਿਸਕਦਾ ਨਜ਼ਰ ਨਹੀਂ ਆ
ਰਿਹਾ ਸੀ। ਜਜ਼ਬਾਤੀ ਪ੍ਰੇਮ ਵਿਚ ਦੋਵੇਂ ਹੀ ਪਾਗਲ ਹੋਏ ਪਏ ਸਨ। ਦੋ ਸਰੀਰਾਂ ਦਾ ਮੇਲ
ਉਹਨਾਂ ਲਈ ਕਿਸੇ ਸਵਰਗੀ ਝੂਟੇ ਨਾਲੋਂ ਘੱਟ ਨਹੀਂ ਸੀ। ਉਹਨਾਂ ਜਿੰਦਗੀ ਭਰ ਇਕੱਠੇ
ਰਹਿਣ ਦਾ ਪ੍ਰਣ ਪ੍ਰਪੱਕ ਕੀਤਾ ਅਤੇ ਖਾਧੀਆਂ ਕਸਮਾਂ ਨੂੰ ਇਕ ਤਰ੍ਹਾਂ ਨਾਲ ਵਿਚੋਲਾ
ਧਰ ਲਿਆ। ਪ੍ਰਮਾਤਮਾ ਉਹਨਾਂ ਦਾ ਜ਼ਾਮਨ ਸੀ। ਇਕ ਵਿਆਹੀ ਔਰਤ ਅਤੇ ਕੁਆਰੇ ਮੁੰਡੇ ਦੇ
ਜਜ਼ਬਾਤੀ ਪ੍ਰੇਮ ਦਾ ਪਹਾੜ੍ਹ ਹਿੱਲਿਆ ਸੀ! ਪਤਾ ਨਹੀਂ ਕੀ ਭੂਚਾਲ ਆਉਣ ਵਾਲਾ ਸੀ?
ਕੁਲਵਿੰਦਰ ਨੇ ਤਨ ਦੇ ਕੱਪੜੇ
ਲਾਹ-ਲਾਹ ਕੇ ਸੁੱਟਣੇ ਸੁਰੂ ਕਰ ਦਿੱਤੇ।
-"ਮੈਥੋਂ ਨ੍ਹੀ ਰੱਖੇ ਜਾਂਦੇ ਅੱਗ ਲੱਗੜੇ--!" ਉਹ ਡਲੀ ਵਾਂਗ ਬਿੱਲੂ ਸਾਹਮਣੇ ਪਈ
ਸੀ।
ਬਿੱਲੂ
ਨੂੰ ਗਧੇ ਵਾਂਗ ਹੀਂਗਣਾਂ ਛੁੱਟ ਪਿਆ। ਜਿਵੇਂ ਉਹ ਹਲਕ ਗਿਆ ਸੀ!
ਤੀਜੇ
ਦਿਨ ਵੀ ਕੁਲਵਿੰਦਰ ਘਰ ਨਾ ਪਹੁੰਚੀ!
ਸੱਸ ਨੇ
ਫਿਕਰ ਕੀਤਾ।
ਉਸ ਨੇ
ਸਾਰੀ ਗੱਲ ਸ਼ਿੰਦੇ ਦੇ ਕੰਨ ਵਿਚ ਪਾਈ।
-"ਉਏ
ਬੇਬੇ ਆਜੂਗੀ! ਫੇਰ ਵੀ ਵਿਚੋਲਣ ਐਂ! ਦੋ ਘਰਾਂ ਦੇ ਪਰੌਂਠੇ ਛਕਦੀ ਹੋਊ-ਘਰੇ ਮੁੜਨ ਦੀ
ਉਹਨੂੰ ਕੋਈ ਸੁਰਤ ਐ?"
ਪਰ
ਬੇਬੇ ਨੇ ਹਿੰਡ ਕੀਤੀ।
ਬਿੱਲੂ
ਕੇ ਘਰੋਂ, ਪਿੰਡ ਜਾ ਕੇ ਪਤਾ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਕੁਲਵਿੰਦਰ ਤਾਂ ਇੱਥੇ
ਆਈ ਹੀ ਨਹੀਂ ਸੀ! ਬਿੱਲੂ ਦੀ ਬੇਬੇ ਹੈਰਾਨੀ ਜਿਹੀ ਵਿਚ ਪੇਸ਼ ਆਈ ਸੀ।
ਬਿੱਲੂ
ਦੇ ਸਹੁਰਿਆਂ ਤੋਂ ਪਤਾ ਕੀਤਾ ਗਿਆ।
ਪਰ
ਕੁਲਵਿੰਦਰ ਦੀ ਉਘ-ਸੁੱਘ ਨਹੀਂ ਸੀ।
ਘਰੇ
ਜੁਆਕ ਮਾਂ ਨੂੰ ਬਿਲਕ ਰਹੇ ਸਨ।
ਸਾਰਾ
ਟੱਬਰ ਹੀ ਹੱਥਾਂ ਪੈਰਾਂ ਵਿਚ ਆ ਗਿਆ ਸੀ।
ਕਰਮੇਂ ਨੂੰ ਸੱਦਾ ਭੇਜਿਆ
ਗਿਆ। ਸ਼ਾਮ ਨੂੰ ਹੀ ਕਰਮਾਂ ਪਹੁੰਚ ਗਿਆ। ਸਾਰੇ ਰਿਸ਼ਤੇਦਾਰਾਂ ਤੋਂ ਪਤਾ ਕੀਤਾ ਗਿਆ।
ਪਰ ਕੁਲਵਿੰਦਰ ਦੀ ਕਿਤੇ ਪੈੜ ਨਹੀਂ ਲੱਭਦੀ ਸੀ। ਸਾਰੇ ਹੈਰਾਨ ਜਿਹੇ ਹੋਏ ਜਿਵੇਂ
ਅੱਕਾਂ ਵਿਚ ਡਾਂਗਾਂ ਮਾਰ ਰਹੇ ਸਨ। ਹਰ ਕਿਸੇ ਦੀ ਗੱਲ ਵੱਖਰੀ ਹੀ ਸੀ। ਅੱਡੋ-ਅੱਡੀ
ਸਾਰੇ ਦਿਮਾਗ ਨੂੰ ਸੋਚਾਂ ਦੇ ਗੇੜ ਵਿਚ ਪਾਈ ਫਿਰਦੇ ਸਨ। ਕਿਸੇ ਨੂੰ ਕਿਸੇ ਗੱਲ ਦਾ
ਲੱਲ ਨਹੀਂ ਲੱਗ ਰਿਹਾ ਸੀ। ਸਾਰੇ ਹੀ ਘੋਰ ਹੈਰਾਨ ਸਨ ਕਿ ਘਰ ਵਿਚ ਸਭ ਸੁੱਖ-ਸਾਂਦ
ਸੀ। ਕੋਈ ਲੜਾਈ ਝਗੜਾ ਨਹੀਂ ਹੋਇਆ ਸੀ। ਜਿਸ ਕਰਕੇ ਕੋਈ ਸ਼ੱਕ ਕੀਤੀ ਜਾ ਸਕਦੀ? ਸਾਰਾ
ਪ੍ਰੀਵਾਰ ਹੀ ਰੰਗੀਂ ਵਸਦਾ ਸੀ।
ਸ਼ਾਮ ਨੂੰ ਗਿੱਲ ਹੋਰੀਂ ਆ
ਗਏ।
ਸਹੁਰੀ ਗੱਲ ਹੀ ਕੁਝ ਇਹੋ
ਜਿਹੀ ਸੀ, ਜਿਸ 'ਤੇ ਕੋਈ ਮੂੰਹ ਪਾੜ ਕੇ ਕੁਝ ਆਖ ਨਹੀਂ ਸਕਦਾ ਸੀ। ਹਰ ਇਕ ਦੇ ਚਿਹਰੇ
'ਤੇ ਗੰਭੀਰਤਾ ਛਾਈ ਹੋਈ ਸੀ। ਕੋਈ ਬੋਲ ਨਹੀਂ ਰਿਹਾ ਸੀ। ਅਜੀਬ ਚੁੱਪ ਸੀ। ਵੱਖੋ-ਵੱਖ
ਚਿਹਰੇ ਕਿਸੇ ਡੂੰਘੀ ਸੋਚ ਵਿਚ ਸਕੋੜੇ ਹੋਏ ਸਨ।
-"ਸਾਥੀ ਮੈਂ ਇਕ ਗੱਲ ਕਹਾਂ?
ਪਰ ਗੁੱਸਾ ਨਾ ਕਰਿਓ!" ਕਾਮਰੇਡ ਭੂੰਡ ਬੋਲਿਆ। ਉਸ ਨੇ ਕਾਫ਼ੀ ਦੇਰ ਬਾਅਦ ਸਿਰ ਉਪਰ
ਚੁੱਕਿਆ ਸੀ।
-"ਬੋਲ---?" ਗਿੱਲ ਨੇ ਕਿਹਾ।
ਉਹ ਮੁੱਛ ਨੂੰ ਵਟਾ ਦੇਣਾ ਛੱਡ ਕੇ ਭੂੰਡ ਵੱਲ ਤੱਕਣ ਲੱਗ ਪਿਆ। ਭੂੰਡ ਦੀ ਲੰਮੀਂ
ਦਾਹੜੀ ਅਤੇ ਬਿੱਜੜੇ ਦੇ ਆਲ੍ਹਣੇਂ ਵਰਗੇ ਵਾਲਾਂ ਤੋਂ ਉਹ 'ਟੈਗੋਰ' ਨਜ਼ਰ ਆਉਂਦਾ ਸੀ।
-"ਗੱਲ ਵੱਡੀ ਐ-ਮੂੰਹ ਛੋਟੈ!"
ਭੂੰਡ ਕੁਝ ਜਕ ਰਿਹਾ ਸੀ।
-"ਸਾਰੇ ਘਰ ਦੇ ਈ ਬੈਠੇ ਐਂ।"
ਬਰਾੜ ਨੇ ਹੱਲਾਸ਼ੇਰੀ ਦਿੱਤੀ। ਉਸ ਦੀ ਭਰਵੀਂ ਦਾਹੜੀ ਦੇ ਹੇਠਾਂ ਖੱਬੇ ਪਾਸੇ ਬੱਗੇ
ਵਾਲਾਂ ਦਾ ਰਕਬਾ ਜਿਵੇਂ ਸਾਰਿਆਂ 'ਤੇ ਹੱਸ ਰਿਹਾ ਸੀ।
-"ਸਾਥੀ! ਖੈਰ ਸੱਚ ਕਹਿਣ ਵਿਚ
ਕੋਈ ਸੰਕੋਚ ਵੀ ਨਹੀਂ! ਮੁਆਫ਼ ਕਰਨਾ, ਸ਼ਾਇਦ ਇਹ ਸੱਚ ਨਾ-ਸਿਰਫ਼ ਮੇਰਾ ਸ਼ੱਕ ਹੋਵੇ?
ਪਰ ਮੈਨੂੰ ਬਿੱਲੂ ਦੀ ਚਾਲ ਢਾਲ 'ਤੇ ਜਰੂਰ ਸ਼ੱਕ ਐ।" ਆਖ ਕੇ ਭੂੰਡ ਨੇ ਸਾਰਿਆਂ 'ਤੇ
ਗਹਿਰੀ, ਘੋਖਵੀਂ ਨਜ਼ਰ ਸੁੱਟੀ। ਸਾਰਿਆਂ ਦੇ ਚਿਹਰੇ ਰੇਲ ਗੱਡੀ ਦੇ ਸਿਗਨਲ ਵਾਂਗ ਉਪਰ
ਨੂੰ ਉਠੇ। ਬਰਾੜ ਟੇਢਾ ਬੈਠਾ ਸਿੱਧਾ ਹੋ ਕੇ ਬੈਠ ਗਿਆ, ਜਿਵੇਂ ਉਸ ਦੀ ਗੱਡੀ ਨੇ
ਅਚਾਨਕ ਕਾਟਾ ਬਦਲਿਆ ਸੀ। ਗਿੱਲ ਨੇ ਮੂੰਹ 'ਚੋਂ ਡੱਕਾ ਚਲਾ ਕੇ ਮਾਰਿਆ, ਜਿਵੇਂ ਉਸ
ਦੀ ਜਾੜ੍ਹ ਹੇਠਾਂ ਡੱਕਾ ਨਹੀਂ, ਕੋਈ ਸੁੰਡ ਆ ਗਿਆ ਸੀ।
ਕਾਮਰੇਡਾਂ ਨੇ ਬਿੱਲੂ ਕੇ
ਪਿੰਡ ਜਾ ਕੇ ਪਤਾ ਕੀਤਾ। ਪਰ ਕੁਝ ਹੱਥ ਪੱਲੇ ਨਾ ਪਿਆ। ਪਰ ਬਿੱਲੂ ਦਾ ਸਿੱਧੜ ਪਿਉ
ਅੱਕਿਆ ਹੋਇਆ ਬੋਲਣੋਂ ਨਾ ਰਹਿ ਸਕਿਆ।
-"ਮੈਨੂੰ ਤਾਂ ਉਹਦੀਆਂ
ਭਦਰਕਾਰੀਆਂ ਦਾ ਪਹਿਲਾਂ ਈ ਪਤਾ ਸੀ-ਪਰ ਤੁਸੀਂ ਉਹਨੂੰ ਜਲਸਿਆਂ ਡਰਾਮਿਆਂ 'ਚ
ਲਿਜਾਣੋਂ ਬਾਜ ਨਾ ਆਏ-ਉਹ ਤਾਂ ਚੋਬਰੋ ਓਸ ਗੱਲ ਦੇ ਆਖਣ ਮਾਂਗੂੰ ਆਬਦਾ ਇੰਨ-ਉਨਕਲਾਬ
ਲੈ ਗਿਆ-ਹੁਣ ਤੁਸੀਂ ਕੋਈ ਇੰਨਕਲਾਬ ਲੈ ਆਓ!" ਬਜੁਰਗ ਸਿੱਧਾ-ਸਾਧੂ ਬੰਦਾ ਸੀ।
ਕਾਮਰੇਡ ਛਿੱਥੇ ਜਿਹੇ ਪੈ ਕੇ
ਵਾਪਸ ਆ ਗਏ। ਅਚਾਨਕ ਹੀ ਕੱਛ ਵਿਚੋਂ ਮੂੰਗਲਾ ਵੱਜਿਆ ਸੀ। ਕਾਮਰੇਡਾਂ ਦੀ ਹਾਲਤ ਉਸ
ਬਿੱਲੇ ਵਰਗੀ ਸੀ, ਜਿਸ ਦੇ ਵਿਚਾਲੇ ਮਾਸ ਅਤੇ ਪਿੱਛੇ ਗਿੱਦੜਮਾਰ ਖੜ੍ਹੇ ਸਨ। ਉਹ
ਭਿੱਜੇ ਚੂਹੇ ਵਾਂਗ ਰੀਂਘਦੇ ਜਿਹੇ ਵਾਪਸ ਮੁੜ ਆਏ। ਹੁਣ ਸਿਰਫ਼ ਇਕ ਹੀ ਸੁਆਲ ਉਹਨਾਂ
ਦੇ ਮੂੰਹ ਪਿੱਟ ਰਿਹਾ ਸੀ ਕਿ ਬਿੱਲੂ ਅਤੇ ਕੁਲਵਿੰਦਰ ਨੂੰ ਕਿੱਥੋਂ ਭਾਲਿਆ ਜਾਵੇ?
ਉਸ ਰਾਤ ਤੋਂ ਬਾਅਦ ਬਿੱਲੂ
ਕੁਲਵਿੰਦਰ ਨੂੰ ਲੈ ਕੇ ਆਕਲੀਏ ਵਾਲੇ ਜਗਦੇਵ ਦੇ ਖੇਤ ਜਾ ਵੜਿਆ ਸੀ। ਆਕਲੀਏ ਵਾਲੇ
ਜਗਦੇਵ ਦਾ ਬਿਹਾਰ ਵਿਚ ਠੇਕੇਦਾਰੀ ਦਾ ਪੂਰਾ ਕੰਮ ਚੱਲਿਆ ਹੋਇਆ ਸੀ। ਉਹ ਕਦੇ ਕਦਾਈਂ
ਹੀ ਪਿੰਡ ਚੱਕਰ ਮਾਰਦਾ ਸੀ। ਹੁਣ ਉਹ ਕੁਦਰਤੀਂ ਹੀ ਪਿੰਡ ਆਇਆ ਹੋਇਆ ਸੀ। ਜਦੋਂ ਉਸ
ਨੇ ਬਿੱਲੂ ਤੋਂ ਅਸਲ ਖਬਰ ਸੁਣੀਂ ਤਾਂ ਉਹ ਭੂਤਰ ਗਿਆ।
-"ਮੇਰਿਆ ਛਾਲਿਆ-ਏਛ ਕੁੱਤੀ
ਨੂੰ ਲੈ ਕੇ ਤੂੰ ਛਾਡੇ ਖੇਤ ਆਇਆ ਤਾਂ ਕਿਉਂ ਆਇਆ?" ਉਸ ਨੇ ਬਿੱਲੂ ਅਤੇ ਕੁਲਵਿੰਦਰ
ਨੂੰ ਜੁੱਤੀ ਲਾਹ ਲਈ। ਖਿੜਿਆ ਮੱਥਾ ਘੁੱਟਿਆ ਗਿਆ ਸੀ।
-"ਬੱਸ ਬਾਈ ਆਹ ਚਾਰ ਦਿਨਾਂ
ਦੀ ਤਾਂ ਘਾਣੀਂ ਐਂ-ਜਦੋਂ ਕੋਈ ਟਿਕਾਣਾ ਬਣ ਗਿਆ-ਅਸੀਂ ਇੱਥੋਂ ਕਿਨਾਰਾ ਕਰਜਾਂਗੇ-ਹੁਣ
ਮੂਲੋਂ ਨਾ ਲੋਹੇ ਦਾ ਥਣ ਬਣ!" ਬਿੱਲੂ ਤਰਲਿਆਂ 'ਤੇ ਉਤਰ ਆਇਆ। ਉਹ ਜਗਦੇਵ ਦੇ ਪੈਰੀਂ
ਪਿਆ ਖੜ੍ਹਾ ਸੀ।
-"ਤੁਛੀਂ ਆਬਦਾ ਛੇਤੀ
ਬੰਦੋਬਛਤ ਕਰੋ ਤੇ ਉਜੜੋ ਏਥੋਂ! ਲੰਗਰ ਥੋਨੂੰ ਪਹੁੰਚ ਜਾਇਆ ਕਰੂ-ਤੁਛੀਂ ਭੈਣ ਦਿਓ
ਜਾਰੋ ਛਾਨੂੰ ਕੰਜਰ ਈ ਛਮਝ ਲਿਆ?" ਕਰੜ-ਬਰੜੀ ਦਾਹੜੀ ਖੁਰਕਦਾ ਉਹ ਚੋਰ ਅੱਖ ਨਾਲ
ਕੁਲਵਿੰਦਰ ਵੱਲ ਵੇਖ ਰਿਹਾ ਸੀ। ਕੁਲਵਿੰਦਰ ਉਸ ਨੂੰ ਸੱਜਰੀ ਧੋਤੀ ਮੂਲੀ ਵਾਂਗ ਲੱਗ
ਰਹੀ ਸੀ। ਜਿਸ ਨੂੰ ਸਿਰਫ਼ "ਗਰਚ" ਕਰਨ ਦੀ ਹੀ ਲੋੜ ਸੀ?
-"ਨਾਲੇ ਕੋਠੇ ਦੇ ਅੰਦਰ ਈ
ਰਹਿਣੈਂ-ਜੇ ਬਾਹਰ ਨਿਕਲੇ ਛਿੱਤਰ ਫੇਰੂੰ!" ਉਸ ਨੇ ਆਖਰੀ ਸੁਣਵਾਈ ਕੀਤੀ।
ਸੁਬਾਹ ਸ਼ਾਮ ਕੁਲਵਿੰਦਰ ਅਤੇ
ਬਿੱਲੂ ਦੀ ਰੋਟੀ ਜਗਦੇਵ ਦੇ ਘਰਵਾਲੀ ਬਲਬੀਰ ਉਹਨਾਂ ਨੂੰ ਪਕਾ ਕੇ ਪਹੁੰਚਦੀ ਕਰ
ਦਿੰਦੀ। ਪਰ ਉਹ ਫ਼ਸੀ-ਫ਼ਸੀ ਮਾਰ ਖਾ ਰਹੀ ਸੀ। ਬਿੱਲੂ ਅਤੇ ਕੁਲਵਿੰਦਰ ਦਾ ਉਹਨਾਂ ਦੇ
ਖੇਤ ਆਉਣਾ ਉਸ ਨੂੰ ਚੰਗਾ ਨਹੀਂ ਲੱਗਿਆ ਸੀ।
-"ਤੁਸੀਂ ਕਾਹਨੂੰ ਐਂਵੇਂ ਕਿਸੇ ਦੀ ਬਲਦੀ 'ਚ ਹੱਥ ਸੇਕਦੇ ਐਂ? ਅਗਲਿਆਂ ਨੂੰ ਡਾਂਟ
ਕੇ ਕਹੋ-ਆਬਦਾ ਰਾਹ ਫੜਨ!" ਬਲਬੀਰ ਨੇ ਇਸ ਵਾਰ ਜਗਦੇਵ ਨੂੰ ਆਖ ਵੀ ਦਿੱਤਾ ਸੀ।
ਜਗਦੇਵ ਉਸ ਨੂੰ ਪਿਆਰ ਨਾਲ "ਬਲਬੀਰੋ ਭਾਬੀ" ਆਖ ਕੇ ਬੁਲਾਉਂਦਾ ਸੀ। ਪਰ ਅੱਜ ਉਹ
ਜਿੰਨ ਵਾਂਗ ਟੱਪਿਆ।
-"ਮੈਂ
ਦੱਛ ਕੀ ਫੇਰੇ ਦੇਮਾਂ-ਜਦੋਂ ਮੇਰਾ ਛਾਅਲਾ ਉਹਨੂੰ ਕੁੱਤੀ ਨੂੰ ਲੈ ਕੇ ਈ ਏਥੇ ਆ
ਗਿਆ?" ਉਸ ਨੂੰ ਭੱਜਣ ਨੂੰ ਕਿਸੇ ਪਾਸੇ ਰਾਹ ਨਹੀਂ ਦਿਖਾਈ ਦਿੱਤਾ ਸੀ।
-"ਤੁਸੀਂ ਉਹਨਾਂ ਦੇ ਘਰਦਿਆਂ ਨੂੰ ਖਬਰ ਕਰੋ ਖਾਂ! ਐਮੇਂ ਕਿਸੇ ਨਾਲ ਬਾਧੂ ਦੀ
ਦੁਸ਼ਮਣੀਂ ਚੰਗੀ ਨ੍ਹੀ ਹੁੰਦੀ!" ਬਲਬੀਰ ਨੇ ਉਸ ਦੇ ਦਿਮਾਗ ਨੂੰ ਠ੍ਹੋਕਰਿਆ।
ਜਗਦੇਵ ਦੇ ਦਿਮਾਗ ਨੂੰ
ਹਲ੍ਹੋਰਾ ਵੱਜਿਆ। ਉਸ ਨੇ ਜਾੜ੍ਹਾਂ ਜਿਹੀਆਂ ਕੱਢ ਕੇ ਬਲਬੀਰ ਵੱਲ ਤੱਕਿਆ। ਗੱਲ ਉਸ
ਨੂੰ ਸਾਫ਼ ਜਚੀ ਸੀ। ਉਸ ਨੇ ਸਕੂਟਰ ਚੁੱਕਿਆ ਅਤੇ ਕਰਮੇਂ ਕੇ ਪਿੰਡ ਪਹੁੰਚ ਗਿਆ।
ਖ਼ਬਰ ਸੁਣ ਕੇ ਸਾਰਿਆਂ ਦੇ
ਥੰਮ੍ਹ ਹਿੱਲ ਗਏ। ਉਹਨਾਂ ਜੀਪ ਲਈ ਅਤੇ ਆਕਲੀਏ ਨੂੰ ਚਾਲੇ ਪਾ ਦਿੱਤੇ।
ਜੀਪ ਜਗਦੇਵ ਦੇ ਖੇਤ ਜਾ
ਰੁਕੀ।
ਉਹਨਾਂ ਅੰਦਰ ਜਾ ਕੇ ਦੇਖਿਆ
ਤਾਂ ਕੋਠਾ ਛੜੇ ਦੇ ਚੁੱਲ੍ਹੇ ਵਾਂਗ "ਭਾਂ-ਭਾਂ" ਕਰ ਰਿਹਾ ਸੀ। ਸਾਰਿਆਂ ਨੇ ਲੰਮੇ
ਸਾਹ ਲੈ ਕੇ ਇਕ ਦਮ ਛੱਡੇ ਸਨ। ਸਭ ਆਵਾਕ ਸਨ। ਕੋਈ ਸੁਆਲ ਉਹਨਾਂ ਦੇ ਚਿਹਰਿਆਂ 'ਤੇ
ਇੱਲ੍ਹ ਵਾਂਗ ਗੇੜੇ ਦੇ ਰਿਹਾ ਸੀ।
-"ਸਰਦਾਰ ਜੀ ਸੱਸਰੀਕਾਲ---!" ਜਗਦੇਵ ਦਾ ਖੇਤ ਰੱਖਿਆ ਭਈਆ ਹੱਥ ਜੋੜੀ ਖੜ੍ਹਾ ਸੀ।
ਉਸ ਦੇ ਕਾਲੇ ਜਿਹੇ ਮੂੰਹ 'ਚੋਂ ਬੀੜੀਆਂ ਦੀ ਬਦਬੂ ਆ ਰਹੀ ਸੀ।
-"ਉਏ
ਬੱਈਆ ਤੂੰ ਕਿੱਥੇ ਗਿਆ ਥਾ?" ਸਕੂਲ ਕੋਲ ਦੀ ਕੱਟਾ ਲੈ ਕੇ ਲੰਘੇ ਜਗਦੇਵ ਨੇ ਹਿੰਦੀ
ਨੂੰ ਪੰਜਾਬੀ ਵਿਚ ਰੋਲ ਕੇ ਜਿਹੇ ਪੁੱਛਿਆ।
-"ਮੈਂ
ਤੋ ਜੀ ਅਪਨੇ ਭਾਈ ਕੋ ਮਿਲਨੇ ਕੇ ਲੀਏ ਗਯਾ ਥਾ।" ਉਹ ਪਿਚਕ ਕੇ ਅੱਧਾ ਕੁ ਹੀ ਰਹਿ
ਗਿਆ ਸੀ।
-"ਕੰਮ
ਤੇਰਾ ਪਿਉ ਕਰੂ? ਛਾਲਿਆ ਕੁੱਤੇ ਖੱਛੀ ਕਰਦਾ ਰਹਿੰਨੈਂ?"
ਭਈਏ
ਨੂੰ ਅੱਧੀਆਂ ਗਾਲ੍ਹਾਂ ਦੀ ਸਮਝ ਆਈ, ਅੱਧੀਆਂ ਦੀ ਸ਼ਾਇਦ ਨਹੀਂ ਆਈ ਸੀ।
-"ਉਏ
ਛੱਚ! ਯਹਾਂ ਤੀਮੀਂ ਆਦਮੀ ਥੇ-ਮਾਲੂਮ ਹੈ ਕਿਧਰ ਗਏ?" ਜਗਦੇਵ ਨੂੰ ਅਚਾਨਕ ਯਾਦ ਆਇਆ।
-"ਵੋਹ
ਬੋਲਤਾ ਥਾ ਲੁਧਿਆਨਾ ਜਾ ਰਹੇ ਹੈਂ।"
ਸਾਰਿਆਂ
ਨੇ ਇਕ ਦਮ ਇਕ-ਦੂਜੇ ਵੱਲ ਤੱਕਿਆ।
-"ਲੁਧਿਆਣੇ ਕੀਹਦੇ ਕੋਲੇ ਗਏ
ਹੋਏ?" ਭੂੰਡ ਨੇ ਦਿਮਾਗ 'ਤੇ ਜੋਰ ਪਾ ਕੇ ਸੋਚਿਆ। ਉਸ ਨੇ ਆਪਣੇ ਦਿਮਾਗ 'ਤੇ
ਦੋ-ਤਿੰਨ ਵਾਰ ਹੱਥ ਮਾਰਿਆ। ਜਿਵੇਂ "ਘਿਰੜ੍ਹ-ਘਿਰੜ੍ਹ" ਕਰਦੇ ਰੇਡੀਓ ਨੂੰ ਧੱਫ਼ੇ
ਮਾਰ-ਮਾਰ ਕੇ ਦੇਖੀਦੈ ਕਿ ਸ਼ਾਇਦ ਚੱਲ ਹੀ ਪਵੇ?
-"ਉਏ ਭਈਆ! ਇਹ ਨਹੀਂ ਬਤਾ ਕਰ
ਗਏ ਬਈ ਕਿਛ ਕੋਲ ਚੱਲੇ ਹੈਂ?"
ਭਈਏ ਨੇ ਸਿਰ ਫੇਰ ਦਿੱਤਾ। ਆਮ
ਪੰਜਾਬੀਆਂ ਵਿਚ ਰਹਿੰਦਾ ਉਹ ਕਾਫ਼ੀ ਪੰਜਾਬੀ ਬੋਲ ਅਤੇ ਸਮਝ ਲੈਂਦਾ ਸੀ।
ਉਹਨਾਂ ਨੇ ਜੀਪ ਲੁਧਿਆਣੇਂ
ਨੂੰ ਸਿੱਧੀ ਕਰ ਲਈ। |