ਸਵੇਰ ਹੋਈ।
ਹਰ ਕੌਰ ਅਤੇ ਉਸ ਦਾ ਭਰਾ
ਗੱਜਣ ਸਿੰਘ ਫੁੱਲ ਲੈ ਕੇ ਤੁਰਨ ਲਈ ਤਿਆਰ ਸਨ। ਜਿਸ ਨੂੰ ਜਿੰਨਾਂ ਕੁ ਸਰਿਆ, ਉਨਾਂ
ਦਾਨ ਉਹਨਾਂ ਫੁੱਲਾਂ ਨੂੰ ਅਰਪਨ ਕਰ ਦਿੱਤਾ। ਫੁੱਲ ਲੈ ਕੇ ਤੁਰਦੀ ਹਰ ਕੌਰ ਨੂੰ ਆਪਣੇ
ਪੈਰ ਗੱਡੇ ਵਾਂਗ ਭਾਰੇ ਲੱਗ ਰਹੇ ਸਨ। ਦਾਦੀ ਪੋਤੀਆਂ ਦੇ ਫੁੱਲ ਲੈ ਕੇ ਚੱਲੀ ਸੀ।
ਸੱਸ ਨੂੰਹ ਦੇ ਫੁੱਲ ਲੈ ਕੇ ਚੱਲੀ ਸੀ। ਧਰਤੀ ਦਾ ਜਿਵੇਂ ਪੁੜ ਹਿੱਲਿਆ ਸੀ। ਅਸਮਾਨ
ਜਿਵੇਂ ਪਸੀਜਿਆ ਜਿਹਾ ਖੜ੍ਹਾ ਸੀ। ਕੀ ਰੱਬ ਦਾ ਕਹਿਰ ਸੀ? ਫੁੱਲਾਂ ਵਰਗੀਆਂ ਪੋਤੀਆਂ
ਨੂੰ ਖਿਡਾਉਣਾ ਤਾਂ ਸ਼ਾਇਦ ਹਰ ਕੌਰ ਦੇ ਭਾਗਾਂ ਵਿਚ ਨਹੀਂ ਲਿਖਿਆ ਸੀ। ਜੇ ਲਿਖਿਆ ਸੀ
ਤਾਂ ਉਹਨਾਂ ਦੇ ਫੁੱਲ ਤਾਰਨੇ ਹੀ ਰੱਬ ਦਾ ਹੁਕਮ ਸੀ। ਜੋ ਕਿਸੇ ਹਾਲਤ ਵਿਚ ਵੀ ਅਦੂਲ
ਨਹੀਂ ਕੀਤਾ ਜਾ ਸਕਦਾ ਸੀ। ਉਸ ਦਾ ਭਾਣਾ ਸਿਰ ਮੱਥੇ ਮੰਨਣਾ ਪੈਣਾ ਸੀ। ਉਸ ਦਾ ਕਰਿਆ
ਹੱਸ ਕੇ ਭੋਗਣਾ ਪੈਣਾ ਸੀ। ਉਸ ਦਾ ਫ਼ੈਸਲਾ ਮਿੱਠਾ ਕਰਕੇ ਹੀ ਜਰਨਾ ਪੈਣਾ ਸੀ।
ਇੰਦਰ ਅਤੇ ਸ਼ਿੰਦਾ ਬੇਬੇ ਅਤੇ
ਮਾਮੇਂ ਗੱਜਣ ਸਿੰਘ ਨੂੰ ਜੀਪ 'ਤੇ ਅੱਡਿਓਂ ਬੱਸ ਚਾੜ੍ਹ ਗਏ। ਬੱਸ ਦੀਆਂ ਪੌੜੀਆਂ
ਚੜ੍ਹਦੀ ਬੇਬੇ ਨੇ ਰੋ ਕੇ, "ਕੁਲਵਿੰਦਰੇ ਆਜਾ ਭਾਈ!" ਅਤੇ "ਬਬਲੀ, ਗੁੱਡੋ, ਪਰਮੀਂ
ਤੁਸੀਂ ਵੀ ਆਜੋ ਭਾਈ!" ਕਿਹਾ ਸੀ। ਇਹ ਜੱਗ ਦੀ ਰੀਤ ਸੀ। ਇਹ ਆਖਣਾ ਹੀ ਪੈਣਾ ਸੀ।
ਸਿਆਣਿਆਂ ਦੀਆਂ ਰੀਤਾਂ ਤੋਰੀਆਂ ਹੋਈਆਂ ਸਨ ਕਿ ਜੇ ਲੜ ਲਮਕਾ ਕੇ ਇੰਜ ਨਾ ਬੁਲਾਵੋ
ਤਾਂ ਮਰਨ ਵਾਲੇ ਕਦੇ ਗੰਗਾ ਤੱਕ ਨਾਲ ਨਹੀਂ ਜਾਂਦੇ! ਜੱਗ ਦੀਆਂ ਅੰਨ੍ਹੀਆਂ ਰੀਤਾਂ
ਸਨ। ਵੀਹਵੀਂ ਸਦੀ ਵਿਚ ਪੈਰ ਧਰਕੇ ਸੰਸਾਰ ਅਜੇ ਵੀ ਅੰਧ-ਵਿਸ਼ਵਾਸਾਂ ਦੇ ਸਕੰਜਿਆਂ
ਵਿਚ ਜਕੜਿਆ ਪਿਆ ਸੀ।
ਬੱਸ ਤੁਰ ਗਈ।
ਇੰਦਰ ਹੋਰੀਂ ਪਰਤ ਆਏ।
-"ਟੈਮ ਬਹੁਤ ਹੋ ਗਿਆ-ਸਰਪੈਂਚ
ਕੋਲੇ ਵੀ ਜਾਣੈਂ।" ਬਰਾੜ ਨੇ ਵਾਅਦਾ ਯਾਦ ਕਰਵਾਇਆ। ਵਾਅਦਾ ਕਰਕੇ ਮੁਕਰਨ ਵਾਲੇ ਨੂੰ
ਉਹ ਬੰਦਾ ਹੀ ਨਹੀਂ ਸਮਝਦਾ ਸੀ, "ਅੰਨ੍ਹਾਂ ਬਾਂਗਿਆ ਸਾਧ ਬਿਸਤਰੇ" ਵਾਲੀ ਗੱਲ 'ਤੇ
ਉਸ ਨੂੰ ਖ਼ਾਸ ਚਿੜ੍ਹ ਸੀ।
ਉਹ ਸਰਪੰਚ ਵੱਲ ਨੂੰ ਹੋ
ਤੁਰੇ। ਸੂਰਜ ਥੋੜ੍ਹਾ ਗਲ ਉਗੀਸ ਕੇ ਉਚਾ ਹੋ ਗਿਆ ਸੀ। ਸਾਰੇ ਸਰਪੰਚ ਦੇ ਘਰੇ
ਪਹੁੰਚੇ। ਸਰਪੰਚ ਪਹਿਲਾਂ ਹੀ ਤਿਆਰ ਸੀ। ਸਭ ਨੇ ਫ਼ਤਹਿ ਬੁਲਾਈ ਅਤੇ ਬੈਠ ਗਏ।
-"ਉਏ ਗੱਗੜ੍ਹਾ ਚਾਹ ਲੈ ਕੇ
ਆ!" ਸਰਪੰਚ ਨੇ ਆਪਣੇ ਸੀਰੀ ਨੂੰ ਅਵਾਜ਼ ਮਾਰੀ।
ਚਾਹ ਆ ਗਈ।
-"ਗੱਲ ਧਹੱਮਲ ਨਾਲ ਕਰਨ ਦੀ
ਜਰੂਰਤ ਹੁੰਦੀ ਐ-ਪੁਲਸ ਮੂਹਰੇ ਅੱਜ ਕੱਲ੍ਹ ਬੰਦੇ ਦਾ ਕੋਈ ਜੋਰ ਨਹੀਂ-ਤੱਤਾ ਲੱਕਿਆਂ
ਮੂੰਹ ਮੱਚ ਜਾਂਦੈ।" ਚਾਹ ਪੀਂਦਾ ਸਰਪੰਚ ਉਹਨਾਂ ਨੂੰ ਸਮਝਾ ਰਿਹਾ ਸੀ।
-"ਅਸੀਂ ਥੋਡੇ ਮਗਰ ਈ
ਐਂ-ਜਿਵੇਂ ਕਹੋਂਗੇ ਇੰਚ ਬਾਹਰ ਨਹੀਂ ਹੁੰਦੇ!" ਬਰਾੜ ਨੇ ਕਿਹਾ। ਉਹ ਸਰਪੰਚ ਦੀ
ਸਾਦਗੀ ਦੀ ਦਿਲੋਂ ਦਾਦ ਦੇ ਰਿਹਾ ਸੀ।
-"ਅੱਬਲ ਤਾਂ ਤੁਸੀਂ ਠਾਣੇਂ
ਚੱਲੋ ਹੀ ਨਾ-ਜੇ ਜਾਣਾ ਈ ਐ ਤਾਂ ਬਾਹਰ ਈ ਖੜ੍ਹ ਜਾਇਓ।" ਸਰਪੰਚ ਨੇ ਚਾਹ ਵਾਲਾ
ਗਿਲਾਸ ਥੱਲੇ ਰੱਖ ਦਿੱਤਾ।
-"ਹੈਂ ਬਈ! ਗੱਲ ਠੀਕ ਐ-ਆਪਾਂ ਬਾਹਰ ਈ ਖੜ੍ਹਾਂਗੇ।"
-"ਠੀਕ ਐ-ਆਪਾਂ ਬਾਹਰ ਈ ਠੀਕ ਐਂ।"
-"ਜਦੋਂ ਮੈਂ ਹਾਂ-ਤੁਹਾਨੂੰ ਫਿਕਰ ਕਰਨ ਦੀ ਲੋੜ ਈ ਨ੍ਹੀ-ਕੋਈ ਚੰਦ 'ਤੇ ਥੁੱਕੇ
ਤੁਸੀਂ ਪ੍ਰਵਾਹ ਨ੍ਹੀ ਕਰਨੀ।" ਸਰਪੰਚ ਨੇ ਹਿੱਕ ਠੋਕੀ।
ਉਹ ਜੀਪ ਲੈ ਠਾਣੇ ਨੂੰ ਸਿੱਧੇ
ਹੋ ਗਏ। ਪਿੰਡ ਵਿਚੋਂ ਲੰਘੀ ਜੀਪ ਵਿਚ ਬੈਠੇ ਸਰਪੰਚ ਸਮੇਤ ਬੰਦਿਆਂ ਨੂੰ ਤੱਕ ਕੇ ਲੋਕ
ਭਾਂਤ-ਭਾਂਤ ਦੇ ਲੱਖਣ ਲਾ ਰਹੇ ਸਨ। ਹਵਾ ਚੀਰਦੀ, ਸੜਕਾਂ ਦਾ ਸੀਨਾਂ ਲਤਾੜਦੀ, ਜੀਪ
ਠਾਣੇ ਦੇ ਅੱਗੇ ਤਣ ਗਈ।
ਸਰਪੰਚ ਅਤੇ ਕਰਮਾਂ ਉਤਰੇ।
ਜੀਪ ਅੱਗੇ ਤੁਰ ਗਈ।
-"ਸਤਿ ਸ੍ਰੀ ਅਕਾਲ--!"
ਪਹਿਰੇ 'ਤੇ ਖੜ੍ਹੇ ਸੰਤਰੀ ਨੇ ਸਰਪੰਚ ਨੂੰ ਕਿਹਾ।
-"ਸਤਿ ਸ੍ਰੀ ਅਕਾਲ--!"
ਸਰਪੰਚ ਕਰਮੇਂ ਸਮੇਤ ਅੰਦਰ
ਲੰਘ ਗਿਆ। ਜਿਉਂ-ਜਿਉਂ ਕਰਮਾਂ ਠਾਣੇ ਦੇ ਅੰਦਰ ਨੂੰ ਜਾ ਰਿਹਾ ਸੀ, ਉਸ ਦਾ ਕਾਲਜਾ
ਘਿਰਦਾ ਸੀ। ਜਿੰਦ ਸਹਿ-ਸਹਿ ਕਰਦੀ ਸੀ। ਜਾਨ ਕਿਰ-ਕਿਰ ਪੈਂਦੀ ਸੀ। ਲੱਤਾਂ ਥਿੜਕ
ਰਹੀਆਂ ਸਨ ਅਤੇ ਸਰੀਰ ਕੰਬ ਰਿਹਾ ਸੀ।
-"ਜਦੋਂ ਉਖਲੀ 'ਚ ਸਿਰ ਦੇ ਈ
ਲਿਆ-ਹੁਣ ਮੂੰਗਲੀਆਂ ਦਾ ਕਾਹਦਾ ਡਰ?" ਸੋਚ ਕੇ ਕਰਮੇਂ ਨੇ ਦਿਲ ਕਰੜਾ ਕੀਤਾ। ਪਰ
ਅੰਦਰੋਂ ਉਹ ਧੀਰਜ ਨਹੀਂ ਬੰਨ੍ਹ ਰਿਹਾ ਸੀ।
-"ਧੰਨਭਾਗ-ਧੰਨਭਾਗ! ਮਸਾਂ ਈ
ਦਰਸ਼ਣ ਦਿੱਤੇ ਐ-ਸਰਪੈਂਚ ਸਾਹਬ?" ਮੁਣਸ਼ੀ ਦਫ਼ਤਰ ਵਿਚੋਂ ਭੱਜਿਆ ਹੀ ਆਇਆ। ਉਸ ਨੇ
ਪੂਛੋਂ ਫੜ ਕੇ ਬੱਕਰਾ ਤੋਲਣ ਵਾਂਗ, ਇਕਹਿਰੀ ਜਿਹੀ ਨਜ਼ਰ ਨਾਲ ਕਰਮੇਂ ਨੂੰ ਤਾੜਿਆ
ਸੀ।
-"ਸੁੱਖ ਵੇਲੇ ਤਾਂ ਥੋਡੇ
ਕੋਲੇ ਆਈਦਾ ਈ ਨਹੀਂ।" ਸਰਪੰਚ ਨੇ ਕਿਹਾ।
-"ਕਿਹੜੀਆਂ ਗੱਲਾਂ ਕਰਦੇ ਓਂ ਅੱਡ ਹੋਣ ਆਲੀਆਂ? ਆਓ ਅੰਦਰ ਬੈਠੋ!"
ਉਹ ਦਫ਼ਤਰ ਅੰਦਰ ਚਲੇ ਗਏ।
-"ਸਰਦਾਰ ਕਿੱਥੇ ਐ?"
-"ਰਾਤ ਦੇਰ ਗਈ ਤੱਕ ਡਿਊਟੀ 'ਤੇ ਸੀ-ਬੱਸ ਆਉਣ ਈ ਆਲੇ ਐ-ਉਏ ਗੁਰਮੀਤ---!"
-"ਹਾਂ ਜੀ--?" ਬੰਦੂਕ ਸੰਭਾਲਦਾ ਸਿਪਾਹੀ ਹਾਜ਼ਰ ਸੀ।
-"ਜਾਹ ਬਿੱਲੇ ਨੂੰ ਤਿੰਨ ਕੱਪ ਚਾਹ ਕਹਿ ਕੇ ਆ-ਚੰਗੀ ਜ੍ਹੀ।"
-"ਜੀ ਹਜੂਰ--!" ਸਿਪਾਹੀ ਚਲਾ ਗਿਆ।
-"ਚਾਹ ਤਾਂ ਮੁਣਸ਼ੀ ਜੀ ਹੁਣੇ ਬੱਸ ਪੀ ਕੇ ਈ ਤੁਰੇ ਸੀ।"
-"ਫੇਰ ਕੀ ਹੋ ਗਿਆ? ਇਹ ਕਿਹੜਾ ਚਿੱਥਣੀ ਐਂ?" ਮੁਣਸ਼ੀ ਨੇ ਰਵਾਇਤੀ ਜਿਹੀ ਗੱਲ ਕਹੀ।
ਉਹਨਾਂ ਦੇ ਚਾਹ ਪੀਂਦੇ-ਪੀਂਦੇ
ਠਾਣੇਦਾਰ ਆ ਗਿਆ। ਉਸ ਨੇ ਬੜੀ ਗਰਮਜੋਸ਼ੀ ਨਾਲ ਸਰਪੰਚ ਨਾਲ ਹੱਥ ਮਿਲਾਇਆ। ਉਸ ਦੇ
ਮੋਢੇ 'ਤੇ ਲੱਗੇ ਸਟਾਰ ਲਿਸ਼ਕ ਰਹੇ ਸਨ। ਫ਼ੱਬਦੀ ਵਰਦੀ, ਚੁੱਕਵੀਆਂ ਮੁੱਛਾਂ ਅਤੇ
ਸਿਰ 'ਤੇ ਬੰਨ੍ਹੀ ਪਟਿਆਲਾ ਸ਼ਾਹੀ ਪੱਗ ਨਾਲ ਉਹ ਕੋਈ 'ਸਰਦਾਰ' ਨਜ਼ਰ ਆਉਂਦਾ ਸੀ।
ਸਰਪੰਚ ਉਸ ਨੂੰ ਠਾਣੇ ਦੇ ਇੱਕ
ਪਾਸੇ ਲੈ ਗਿਆ।
ਘੋੜਿਆਂ ਦੇ ਤਬੇਲੇ 'ਚੋਂ
ਅਜੀਬ ਜਿਹੀ ਹੌਂਕ ਆ ਰਹੀ ਸੀ। ਇਕ ਪਾਸੇ ਹਵਾਲਾਤ ਵਿਚ ਬੰਦੇ ਕੁੱਕੜਾਂ ਵਾਂਗ ਤਾੜੇ
ਹੋਏ ਸਨ। ਕੋਈ ਗੁੱਝੀਆਂ ਸੱਟਾਂ ਨਾਲ ਹੂੰਗਾ ਮਾਰ ਰਿਹਾ ਸੀ।
-"ਸਰਦਾਰ ਬੰਦਾ ਤਾਂ ਹਾਜਰ ਕਰ
ਦਿੱਤਾ-ਪਰ ਹੁਣ ਇਕ ਬੇਨਤੀ ਐ।" ਸਰਪੰਚ ਦਿਲੋਂ ਪਾਣੀ-ਪਾਣੀ ਹੋਇਆ ਖੜ੍ਹਾ ਸੀ।
-"ਬੇਨਤੀ ਨਹੀਂ-ਹੁਕਮ ਫ਼ੁਰਮਾਓ!" ਠਾਣੇਦਾਰ ਸਰਪੰਚ 'ਤੇ ਅੰਤਾਂ ਦਾ ਖੁਸ਼ ਲੱਗਦਾ
ਸੀ। ਕਿਸੇ ਖ਼ੁਸ਼ੀ ਵਿਚ ਉਸ ਦੇ ਅੰਦਰ ਜਲੂਣ ਹੋ ਰਹੀ ਸੀ।
-"ਸਰਦਾਰ ਰੱਬ ਨੂੰ ਜਾਨ ਦੇਣੀ ਐਂ-ਬੱਸ ਮੁੰਡੇ ਨੂੰ ਕੁਛ ਨਾ ਆਖਿਓ-ਸਹੁੰ ਢਾਂਡੀ ਦੀ
ਵਿਚਾਰਾ ਜਮਾਂ ਈ ਬੇਕਸੂਰ ਐ।"
-"ਫੁੱਲ ਦੀ ਨਹੀਂ ਲਾਉਂਦੇ।" ਠਾਣੇਦਾਰ ਨੇ ਉਸ ਦਾ ਸੰਸਾ ਨਵਿਰਤ ਕਰ ਦਿੱਤਾ।
-"ਦੇਖਿਓ ਸਰਦਾਰ ਮੈਨੂੰ ਫੇਰ ਨਾ ਆਉਣਾ ਪਵੇ?"
-"ਤੁਸੀਂ ਬੇਚਿੰਤ ਰਹੋ!" ਠਾਣੇਦਾਰ ਬੜੀਆਂ ਹੀ ਸਰਸਰੀ ਗੱਲਾਂ ਨਬੇੜ ਰਿਹਾ ਸੀ।
ਉਹ ਵਾਪਿਸ ਆ ਗਏ। ਫਿਰ ਸਰਪੰਚ
ਨੇ ਕਰਮੇਂ ਨੂੰ ਵੱਖ ਕਰ ਲਿਆ।
-"ਮੈਂ ਠਾਣੇਦਾਰ ਨੂੰ ਠੋਕ ਕੇ
ਕਹਿਤੈ-ਸਿਪਾਹੀਆਂ ਦੇ ਫੁੱਦੂ ਦਬਕਾੜਿਆਂ ਤੋਂ ਡਰਨ ਦੀ ਲੋੜ ਨ੍ਹੀ-ਜੇ ਕੋਈ ਚਿਰ-ਫਿਰ
ਕਰਨ-ਸੁਨੇਹਾਂ ਭੇਜ ਦੇਈਂ-ਖੜ੍ਹਾ ਖੜੋਤਾ ਈ ਪਹੁੰਚੂੰ।" ਉਸ ਨੇ ਕਰਮੇਂ ਨੂੰ ਸਮਝਾਇਆ।
-"----।"
-"ਇਕ ਗੱਲ ਯਾਦ ਰੱਖੀਂ! ਇਹ
ਮਾਰ ਕੁੱਟ ਘੱਟ ਕਰਦੇ ਐ ਤੇ ਜਰਕਾਉਂਦੇ ਬਾਹਲਾ ਹੁੰਦੇ ਐ-ਬੱਸ ਮੇਰੀ ਗੱਲ ਪੱਲੇ
ਬੰਨ੍ਹ ਲਈਂ-ਇਹਨਾਂ ਦੇ ਫੈਂਟਰਾਂ 'ਚ ਨਾ ਆਈਂ--!" ਕਰਮਾਂ ਸੁਣ ਰਿਹਾ ਸੀ। ਪਰ
ਚੁੱਪ ਸੀ।
-"ਇਕ ਗੱਲ ਹੋਰ ਐ! ਜਿੰਨਾਂ
ਡਰੇਂਗਾ-ਓਨਾਂ ਈ ਜਿਆਦਾ ਡਰਾਉਣਗੇ।" ਸਰਪੰਚ ਨੇ ਕਰਮੇਂ ਨੂੰ ਨਹਿਬ ਦਿੱਤਾ ਸੀ। ਉਹ
ਵਾਪਿਸ ਆ ਗਏ।
-"ਚੰਗਾ ਸਰਦਾਰ ਮੈਂ ਤਾਂ ਫਿਰ
ਚੱਲਦੈਂ।" ਸਰਪੰਚ ਨੇ ਕਿਹਾ।
-"ਰੋਟੀ ਖਾ ਕੇ ਜਾਂਦੇ ਰਿਹੋ?" ਮੁਣਸ਼ੀ ਪਹਿਲਾਂ ਹੀ ਬੋਲ ਪਿਆ।
-"ਬੱਸ ਇਕੋ ਈ ਗੱਲ ਐ-ਐਧਰ ਮਾੜਾ ਜਿਆ ਖਿਆਲ ਰੱਖਿਓ!" ਹੱਥ ਮਿਲਾਉਂਦਾ ਸਰਪੰਚ ਇਕ
ਤਰ੍ਹਾਂ ਨਾਲ ਤਾੜਨਾ ਕਰ ਰਿਹਾ ਸੀ।
-"ਫਿਕਰ ਈ ਨਾ ਕਰੋ!"
-"ਚੰਗਾ ਕਰਮਿਆਂ---!" ਜਾਂਦੇ ਸਰਪੰਚ ਨੇ ਹੱਥ ਚੁੱਕਿਆ।
ਕਰਮੇਂ ਦਾ ਧਾਹ ਮਾਰਨ ਨੂੰ
ਦਿਲ ਕੀਤਾ। ਪਰ ਉਹ ਵਿਚੇ-ਵਿਚ ਹੀ ਘੁੱਟ ਕੇ ਰਹਿ ਗਿਆ। ਕਸਾਈਆਂ ਕੋਲ ਬੱਕਰੇ ਨੂੰ
ਛੱਡ ਕੇ ਜਾਂਦਾ ਮਾਲਕ ਜਿਵੇਂ ਬੱਕਰੇ ਨੂੰ ਪਿਆਰ ਕਰਕੇ ਗਿਆ ਸੀ, ਜਿਸ ਨੇ ਕੁਝ ਪਲਾਂ
ਵਿਚ ਹੀ ਸੂਲੀ ਚੜ੍ਹ ਜਾਣਾ ਸੀ! ਸਰਪੰਚ ਬਾਹਰ ਨਿਕਲ ਗਿਆ।
ਬਰਾੜ ਹੋਰਾਂ ਦੀ ਜੀਪ ਉਸ ਨੂੰ
ਬਿਠਾ ਕੇ ਲੈ ਗਈ। ਧੂੜ ਦਾ ਬੱਦਲ ਖਿੰਡ ਗਿਆ ਸੀ। ਕਰਮਾਂ ਠਾਣੇ ਦੇ ਵਿਹੜੇ ਵਿਚ ਹੀ
ਸੁੰਨ ਹੋਇਆ ਖੜ੍ਹਾ ਸੀ। ਠਾਣੇਦਾਰ ਹਾਜ਼ਰੀ ਪਾ ਕੇ ਘਰ ਚਲਾ ਗਿਆ।
-"ਆਹ ਕਿਵੇਂ ਮੀਲ ਪੱਥਰ
ਬਣਿਆਂ ਖੜ੍ਹੈ?" ਇਕ ਸਿਆਣੀ ਜਿਹੀ ਉਮਰ ਦੇ ਸਿਪਾਹੀ ਨੇ ਮੁਣਸ਼ੀ ਨੂੰ ਆ ਕੇ ਪੁੱਛਿਆ।
ਕਰਮੇਂ ਵੱਲ ਨੂੰ ਸਿੱਧੀ ਕੀਤੀ ਉਂਗਲੀ, ਤਿੰਨ ਸੌ ਤਿੰਨ ਬੰਦੂਕ ਦੀ ਗੋਲੀ ਵਰਗੀ
ਲੱਗਦੀ ਸੀ।
-"ਇਹਨੂੰ ਬਹੂ ਮਾਰਨੇ ਨੂੰ
ਚੱਕ ਕੇ ਹਵਾਲਾਤ 'ਚ ਤੁੰਨੋਂ-ਇਹਦੀ ਮੈਂ ਭੈਣ ਨੂੰ ਨਵੇਂ ਦੁੱਧ ਕਰ ਦਿਆਂ---!"
ਮੁਣਸ਼ੀ ਨੇ ਇਕ ਦਮ ਹੁਕਮ ਦਾ ਮਰੋੜਾ ਚਾੜ੍ਹਿਆ। ਠਾਣੇਦਾਰ ਤੋਂ ਬਾਅਦ ਉਹ ਹੀ ਠਾਣੇ
ਦਾ ਰਿੰਡ ਪ੍ਰਧਾਨ ਹੁੰਦਾ ਸੀ। ਪੁਰਾਣਾ ਬੰਦਾ ਹੋਣ ਕਰਕੇ ਸਾਰੇ ਪੁਲਸ ਵਾਲੇ ਉਸ ਦਾ
ਤਹਿਤ ਮੰਨਦੇ ਸਨ।
-"ਇਹਨੂੰ ਕੁੱਟੋ ਘੱਟ ਤੇ
ਘੜ੍ਹੀਸੋ ਜਿਆਦਾ ਗੜ੍ਹਾਵੇ ਨੂੰ।" ਪਾਸਿਓਂ ਹੌਲਦਾਰ ਨੇ ਅੜੀ 'ਚ ਅੜੀ ਫ਼ਸਾਈ।
-"ਅੱਬਲ ਤਾਂ ਇਹਦਾ ਮੁਕਾਬਲਾ ਬਣਾਓ ਅੱਜ ਰਾਤ ਨੂੰ।" ਪਾਸਿਓਂ ਕਿਸੇ ਸਿਪਾਹੀ ਨੇ
ਬਲਦੀ 'ਤੇ ਤੇਲ ਛਿੜਕਿਆ।
-"ਝਾਕਦਾ ਦੇਖ ਮੇਰਾ ਸਾਲਾ ਕਿਵੇਂ ਐਂ!"
-"ਪਤਾ ਤਾਂ ਪੁੱਤ ਉਦੋਂ ਲੱਗੂ ਜਦੋਂ ਤੁੰਗ-ਭੱਦਰਾਂ ਬਣਾਇਆ।"
-"ਜਦੋਂ ਜੰਮੂਰਾਂ ਨਾਲ ਖਿੱਚੇ ਨਹੁੰ-ਭੁੱਟ ਭੁੱਟ ਬੋਲੇਂਗਾ।" ਇਕ ਨੇ ਉਸ ਨੂੰ ਧੱਕ
ਕੇ ਹਵਾਲਾਤ ਅੰਦਰ ਤਾੜ ਦਿੱਤਾ। ਜਿਵੇਂ ਆਜੜੀ ਭੇਡ ਨੂੰ ਧੱਕ ਕੇ ਵਾੜੇ 'ਚ ਵਾੜਦੈ!
ਹਵਾਲਾਤ ਅੰਦਰੋਂ ਇੰਜ
ਸੜ੍ਹਾਂਦ ਮਾਰ ਰਹੀ ਸੀ, ਜਿਵੇਂ ਕੋਈ ਜਾਨਵਰ ਅੰਦਰ ਮਰ ਕੇ ਸੜ ਗਿਆ ਸੀ। ਕਰਮੇਂ ਦਾ
ਸਾਹ ਗੁੱਟ ਹੋਇਆ। ਉਸ ਨੇ ਸੀਖਾਂ ਕੋਲੇ ਹੋ ਕੇ, ਨਾਸਾਂ ਰਾਹੀਂ ਬਾਹਰੋਂ ਹਵਾ ਲੈਣੀ
ਸ਼ੁਰੂ ਕਰ ਦਿੱਤੀ। ਹਨ੍ਹੇਰੀ ਜਿਹੀ ਹਵਾਲਾਤ ਵਿਚੋਂ ਮੱਛਰ ਬੁਰਕੀਆਂ ਵੱਢਦਾ ਸੀ।
ਕਰਮਾਂ ਆਪਣੇ ਪਿੰਡੇ ਨੂੰ ਬੁਰੀ ਤਰ੍ਹਾਂ ਨਾਲ ਖੁਰਕ ਨਹੀਂ, ਸਗੋਂ ਵੱਢ ਰਿਹਾ ਸੀ।
-"ਕੋਈ ਨਾ ਜੁਆਨਾਂ ਇਕ ਦੋ
ਦਿਨ ਈ ਤਕਲੀਪ ਹੁੰਦੀ ਐ-ਫੇਰ ਉਹੋ ਜਿਆ ਈ ਹੋਜੇਂਗਾ।" ਇਕ ਬਜੁਰਗ ਹਵਾਲਾਤੀ ਨੇ
ਕਿਹਾ।
-"ਪਹਿਲਾਂ ਪਹਿਲ ਮੱਛਰ ਬੰਦੇ ਨੂੰ ਖਾਂਦੈ-ਫੇਰ ਬੰਦਾ ਮੱਛਰ ਨੂੰ ਖਾਣ ਲੱਗ ਪੈਂਦੈ।"
ਦੂਜੇ ਨੇ ਹੱਸ ਕੇ 'ਖ਼ੀਂ-ਖ਼ੀਂ' ਕੀਤਾ।
-"ਇੱਥੇ ਕਿਹੜਾ ਬੇਬੇ ਰੋਟੀ ਲਈ ਬੈਠੀ ਐ।"
ਬੇਬੇ ਦੇ ਨਾਂ ਨੂੰ ਕਰਮੇਂ
ਦੀਆਂ ਅੱਖਾਂ ਵਿਚ ਹੰਝੂ ਆ ਗਏ। ਦਿਲ ਪਸੀਜਿਆ ਗਿਆ। ਉਹ ਦਰੱਖਤ ਦੇ ਦੁਸਾਂਗ ਵਿਚ
ਫ਼ਸੇ ਪੰਛੀ ਵਾਂਗ ਬੇਵੱਸ ਸੀ। ਕੁਝ ਨਹੀਂ ਕਰ ਸਕਦਾ ਸੀ। ਉਸ ਦਾ ਦਿਲ ਕਰਦਾ ਸੀ ਕਿ
ਕਾਸ਼! ਉਸ ਅੰਦਰ ਕੋਈ ਗ਼ੈਬੀ ਸ਼ਕਤੀ ਆ ਜਾਵੇ ਅਤੇ ਉਹ ਠਾਣੇ ਦੀਆਂ ਕੰਧਾਂ ਤੋੜ ਕੇ
ਗਾਇਬ ਹੋ ਜਾਵੇ! ਪਰ ਮੁੰਡੇ ਦੀ ਸੋਚ ਕਲਪਨਾ ਵਿਚ ਧੱਕਾ ਖਾ ਕੇ ਹੀ ਸਾਹ ਛੱਡ ਜਾਂਦੀ।
ਉਸ ਦਾ ਦਿਲ ਜਿਵੇਂ ਕਪੜਛਾਣ ਹੋ ਕੇ ਦੇਹ ਵਿਚੋਂ ਛਣ-ਛਣ ਬਾਹਰ ਡਿੱਗ ਰਿਹਾ ਸੀ।
ਮੁਣਸ਼ੀ ਤੋਂ ਪੀਤੀ ਹੋਈ ਚਾਹ ਬਾਹਰ ਨੂੰ ਆ ਰਹੀ ਸੀ।
ਦੁਪਿਹਰਾ ਹਵਾਲਾਤੀਆਂ ਨੇ
ਬਾਹਵਾ ਸੁਖ-ਅਰਾਮ ਨਾਲ ਕੱਟਿਆ। ਪ੍ਰਛਾਵੇਂ ਢਲਦਿਆਂ ਹੀ ਸਿਪਾਹੀਆਂ ਨੇ ਜਾਨੀਆਂ ਵਾਂਗ
ਠਾਣੇ ਦੇ ਵਿਹੜੇ ਵਿਚ ਗੇੜੇ ਦੇਣੇ ਸ਼ੁਰੂ ਕਰ ਦਿੱਤੇ। ਦੁਪਿਹਰ ਦੀ ਨੀਂਦ ਲਾਹ ਕੇ ਉਹ
ਹੌਲੇ ਫੁੱਲ ਹੋਏ ਜਾਪਦੇ ਸਨ। ਕੁਝ ਕੁ ਅੜਬ ਕੁੱਕੜ ਵਾਂਗ ਹਵਾਲਾਤੀਆਂ ਨੂੰ ਤਾੜਾਂ
ਮਾਰਨ ਲੱਗ ਪਏ ਸਨ। ਖ਼ਾਕੀ ਚਾਦਰੇ ਵਿਹੜਾ ਹੂੰਝਦੇ ਸਨ।
-"ਅੱਜ ਆਥਣੇ ਕਿਮੇਂ ਪ੍ਰਬੰਧ
ਹੋਊ?" ਇਕ ਬੇਸ਼ਰਮ ਜਿਹੇ ਸਿਪਾਹੀ ਨੇ ਦੂਸਰੇ ਨੂੰ ਹਵਾਲਾਤੀਆਂ ਦੇ ਸਾਹਮਣੇ ਹੀ ਪੁੱਛ
ਲਿਆ।
-"ਅੱਜ ਬਹੂ ਮਾਰ ਤੋਂ
ਪੀਵਾਂਗੇ---!" ਦੂਜੇ ਨੇ ਫੱਟ ਜਵਾਬ ਸੁੱਟਿਆ। ਕਰਮੇਂ ਦਾ ਸਾਰੇ ਸਿਪਾਹੀਆਂ ਨੇ
"ਬਹੂ-ਮਾਰ" ਹੀ ਨਾਂ ਧਰ ਲਿਆ ਸੀ। ਜਿਵੇਂ ਕਿਸੇ ਨਵੇਂ ਜਨਮੇ ਬਾਲ ਦਾ ਮਾਂ-ਬਾਪ ਲਾਡ
ਨਾਲ ਨਾਂ ਧਰਦੇ ਹਨ!
ਕਰਮੇਂ ਦਾ ਦਿਲ ਥਾਵੇਂ ਆਇਆ
ਕਿ ਮਾਰਦੇ ਕੁੱਟਦੇ ਨਹੀਂ, ਖਾਣ-ਪੀਣ 'ਚ ਹੀ ਬੁੱਤਾ ਸਾਰ ਲੈਣਗੇ।
-"ਕਿਉਂ ਉਏ ਬਹੂਮਾਰਾ! ਝੱਲਦੀ
ਐ ਜੇਬ ਭਾਰ ਕਿ ਨਹੀਂ?" ਇਕ ਨੇ ਉਸ ਨੂੰ ਦੰਦੀਆਂ ਜਿਹੀਆਂ ਕੱਢ ਕੇ ਪੁੱਛਿਆ।
ਕਰਮੇਂ ਨੇ ਚੁੱਪ-ਚਾਪ
ਪੰਜਾਹਾਂ ਦਾ ਨੋਟ ਕੱਢ ਕੇ ਸਿਪਾਹੀ ਵੱਲ ਨੂੰ ਕੀਤਾ। ਜੋ ਸਿਪਾਹੀ ਨੇ ਉਂਗਲਾਂ ਦਾ
ਮੋਚਨਾ ਬਣਾ ਕੇ ਫੜ ਲਿਆ। ਸਿਪਾਹੀ ਦਾ ਦਿਲ ਠਰ ਗਿਆ। ਹੁਣ ਉਸ ਨੂੰ ਪੈਂਦੀ ਸ਼ਾਮ
ਚੂੰਢੀਆਂ ਵੱਢਦੀ ਨਜ਼ਰ ਨਹੀਂ ਆਉਂਦੀ ਸੀ।
-"ਸਾਲੇ 'ਚ ਰੰਘੜ੍ਹਊ ਦੇਖ
ਕਿੱਡੈ-ਮੂੰਹੋਂ ਈ ਨ੍ਹੀ ਬੋਲਦਾ-ਜਿਮੇਂ ਰੋਪਨਾ 'ਤੇ ਬੈਠਾ ਹੁੰਦੈ!"
-"ਇਹਨੂੰ ਆਬਦੀ ਬਹੂ ਦੀਆਂ ਗੱਲਾਂ ਚੇਤੇ ਆਉਂਦੀਆਂ ਹੋਣਗੀਆਂ-ਜਦੋਂ ਕਹਿੰਦੀ ਹੋਊ ਸੇਜ
'ਤੇ ਪਈ: ਆਜੋ ਜੀ ਮੈਂ ਤਾਂ ਤਿਆਰ ਐਂ!"
-"ਉਏ ਉਥੇ ਕਿਹੜਾ ਇਹ ਵੰਝ ਗੱਡ ਦਿੰਦਾ ਹੋਣੈਂ?"
-"ਵੰਝ ਗੱਡਣ ਨੂੰ ਇਹਦੇ ਕਿਹੜਾ ਚਿੜੇ ਖਾਧੇ ਵੇ ਸੀ?"
ਗੱਲਾਂ ਕਰਦੇ, ਮੱਛਰੇ ਸਿਪਾਹੀ
ਪਰ੍ਹਾਂ ਨੂੰ ਤੁਰ ਗਏ।
-"ਮੱਲਾ ਇਹਨਾਂ ਨੂੰ ਕਾਹਨੂੰ
ਹੱਡ ਦੇਣਾ ਸੀ? ਇਹ ਤਾਂ ਮਾਂਗੇਆਲੀਏ ਤੇਰੀ ਪੀ ਕੇ ਤੇਰੇ ਈ ਮੋਛੇ ਪਾਉਣਗੇ!" ਇਕ
ਹਵਾਲਾਤੀ ਨੇ ਦੱਸਿਆ। ਉਸ ਦੀ ਬੱਗੀ ਦਾਹੜ੍ਹੀ ਵਿਚ ਸਾਰੇ ਭੇਦ ਹੀ ਲੁਕੇ ਹੋਏ ਸਨ।
-"ਪਰ ਬਾਬਾ ਕੀ ਕਰੀਏ---?"
ਘੋਰ ਮਾਯੂਸੀ ਵਿਚ ਕਰਮੇਂ ਨੇ ਸਿਰ ਫੇਰਿਆ, "ਕੁੱਟੋਂ ਡਰਦੇ ਕਰਦੇ ਐਂ!"
-"ਇਹਨਾਂ ਨੂੰ ਤੂੰ ਭਾਵੇਂ ਸੌ ਹੋਰ ਦੇ-ਦੇ-ਪਰਾਗਾ ਇਹਨਾਂ ਨੇ ਤੇਰਾ ਪਾਉਣਾ ਈ
ਪਾਉਣੈਂ-ਤੂੰ ਖੁਦ ਸਿਆਣੈਂ-ਖੂਹ 'ਚ ਡਿੱਗੀ ਇੱਟ ਕਦੇ ਸੁੱਕੀ ਨਿਕਲੀ ਐ?" ਕਰਮਾਂ ਰੋਣ
ਲੱਗ ਪਿਆ।
-"ਰੋਣ ਨਾਲ ਕੁਛ ਨ੍ਹੀ
ਬਣਨਾ-ਜੇਰਾ ਮਹਿੰ ਵਰਗਾ ਕਰੇਂਗਾ-ਤਾਂ ਸਰੂ--!"
-"ਨਹੀਂ ਤਾਂ ਲੱਲ੍ਹੇ ਮਾਰ ਮਾਰ ਤੈਥੋਂ ਸਾਰਾ ਕੁਛ ਬਕਵਾ ਲੈਣਗੇ! ਕੁੱਟ ਤਾਂ ਇਕ
ਪਾਸੇ ਰਹੀ।"
-"ਪਰ ਬਾਬਾ ਮੈਂ ਤਾਂ ਬਿਲਕੁਲ ਬੇਕਸੂਰ ਐਂ।" ਉਸ ਨੇ ਦੁੱਧ ਵਰਗੀ ਸੱਚਾਈ ਜ਼ਾਹਿਰ
ਕਰਨੀ ਚਾਹੀ। ਉਸ ਨੇ ਰੋਂਦੇ ਹੋਏ ਦੱਸਿਆ ਸੀ।
-"ਹੈ ਕਮਲਾ! ਕਸੂਰ ਬੇਕਸੂਰ ਨੂੰ ਐਥੇ ਕੋਈ ਨ੍ਹੀ ਪੁੱਛਦਾ!"
-"ਦਿਲ ਕਰੜਾ ਕਰ-ਮਰਦ ਬਣ! ਸਾਡੇ ਅੱਲੀਂ ਦੇਖਲੈ-ਪੂਰਾ ਮਹੀਨਾਂ ਹੋ ਗਿਆ 'ਸੀ' ਨ੍ਹੀ
ਕੀਤੀ।"
ਕਰਮਾਂ ਚੁੱਪ ਕਰ ਗਿਆ। ਸ਼ਾਮ
ਪੈ ਗਈ। ਠਾਣੇਦਾਰ ਪੁੱਜ ਗਿਆ।
ਠਾਣੇਦਾਰ ਅਤੇ ਮੁਣਸ਼ੀ ਨੇ
ਸਾਂਝਾ ਪੈੱਗ ਪੀਤਾ। ਇਕ ਨਹੀਂ ਸਗੋਂ ਕਈ ਪੈੱਗ ਪੀਤੇ। ਉਪਰੋਥਲੀ ਪੀਤੀ ਦਾਰੂ ਨੇ
ਉਹਨਾਂ ਅੰਦਰ ਭੰਦਰੋਲ ਪਾ ਦਿੱਤਾ ਸੀ। ਠਾਣੇਦਾਰ ਨੇ ਗਰਮੀ ਹੋਣ ਕਾਰਨ ਪੱਗ ਲਾਹ ਰੱਖੀ
ਸੀ। ਮੱਥੇ ਨੂੰ ਸੱਖਣੀਂ ਲਾਲ ਫਿਫ਼ਟੀ ਸੱਜ ਵਿਆਹੀ ਵਾਂਗ ਚਿੰਬੜੀ ਪਈ ਸੀ।
ਕਰਮੇਂ ਨੂੰ ਹਵਾਲਾਤ ਵਿਚੋਂ
ਬਾਹਰ ਕੱਢ ਲਿਆ ਅਤੇ ਉਸ ਨੂੰ ਠਾਣੇ ਦੇ ਦੂਸਰੇ ਵਿਹੜ੍ਹੇ ਵਿਚ ਲੈ ਗਏ। ਸਿਪਾਹੀਆਂ ਦੀ
ਖਿੱਚੀ ਤਿਆਰੀ ਦੇਖ ਕੇ ਉਸ ਦੇ ਪ੍ਰਾਣ ਖੁਸ਼ਕ ਹੋ ਗਏ। ਬੁੱਲ੍ਹਾਂ 'ਤੇ ਝੱਗ ਜੰਮ ਗਈ।
-"ਧੀ ਦਿਆ ਯਾਰਾ-ਤੂੰ ਆਬਦੀ
ਬਹੂ ਮਾਰਤੀ-ਤੇਰਾ ਕੀ ਖਾਂਦੀ ਸੀ ਉਏ?" ਪੈਂਦੀ ਸੱਟੇ ਠਾਣੇਦਾਰ ਨੇ ਸਲੋਕ ਪੜ੍ਹਿਆ।
-"ਮਾਪਿਓ ਧੀ ਆਲੀ ਆਣ ਐਂ-ਮੈਂ
ਤਾਂ ਬਿਲਕੁਲ ਈ ਬੇਕਸੂਰ ਐਂ-ਕਹੋਂ ਤਾਂ ਗਾਂ ਦੀ ਪੂਛ ਨੂੰ ਹੱਥ ਲਾ ਦਿੰਨੈਂ-ਸਾਰੇ
ਪਿੰਡ ਨੂੰ ਪਤੈ।" ਕਰਮੇਂ ਦੇ ਜੋੜੇ ਹੱਥ ਕੰਬ ਰਹੇ ਸਨ।
-"ਕੁੱਟ ਤੋਂ ਡਰਦਾ ਤਾਂ ਤੂੰ
ਗਧੇ ਨੂੰ ਵੀ ਬਾਪੂ ਆਖੇਂਗਾ।"
-"ਪਿੰਡ ਕਿਹੜਾ ਤੇਰਾ ਸੁਪੱਤਾ
ਐ? ਜਿਹੋ ਜਿਆ ਤੂੰ ਉਹੋ ਜਿਆ ਤੇਰਾ ਪਿੰਡ!" ਮੁਣਸ਼ੀ ਦੀ ਦਿੱਤੀ ਉਂਗਲ 'ਤੇ ਠਾਣੇਦਾਰ
ਕੁੜ੍ਹਿਆ ਪਿਆ ਸੀ।
-"ਜਿਹੋ ਜੀ ਨੰਦੋ ਬਾਹਮਣੀਂ
ਉਹੋ ਜਿਆ ਘੁੱਦੂ ਜੇਠ!" ਠਾਣੇਦਾਰ ਨੇ ਕਰਮੇਂ 'ਤੇ ਡੰਡਿਆਂ ਦਾ ਮੀਂਹ ਵਰ੍ਹਾ ਦਿੱਤਾ।
ਹੱਥਾਂ ਪੈਰਾਂ ਦੀਆਂ ਉਂਗਲਾਂ 'ਤੇ ਵੱਜਦੇ ਡੰਡੇ "ਟੱਕ-ਟੱਕ" ਦੀ ਅਵਾਜ਼ ਕਰਦੇ ਸਨ।
ਲੈਂਦੇ ਹੱਥੀਂ ਠਾਣੇਦਾਰ ਨੇ
ਕਰਮੇਂ ਨੂੰ ਰੂੰ ਵਾਂਗ ਪਿੰਜ ਸੁੱਟਿਆ ਸੀ। ਉਸ ਦਾ ਬਰੜਾਹਟ ਕੰਧਾਂ ਵਿਚ ਵੱਜ-ਵੱਜ
ਮੁੜਦਾ ਸੀ। ਉਹ ਉਹਨਾਂ ਦਾ ਮਿੰਨਤ ਤਰਲਾ ਕਰਦਾ ਰਿਹਾ ਸੀ। ਉਸ ਦੀਆਂ ਨਾਸਾਂ 'ਚੋਂ
ਖੂਨ ਧਰਾਲੀਂ ਵਹਿ ਰਿਹਾ ਸੀ। ਪਤਾ ਨਹੀਂ ਠਾਣੇਦਾਰ ਦਾ ਡੰਡਾ ਕਦੋਂ ਨੱਕ 'ਤੇ ਵਾਰ ਕਰ
ਗਿਆ ਸੀ?
-"ਬੋਲ! ਬੋਲਦਾ ਨ੍ਹੀ ਕਰੇਵਾ
ਦੇਣਿਆਂ-ਤੇਰੀ ਮੈਂ ਭੈਣ 'ਤੇ ਚੜ੍ਹਜਾਂ ਬੁੱਕ ਕੇ!" ਠਾਣੇਦਾਰ ਨੇ ਇੱਕ ਕਰੜੀ ਝੁੱਟੀ
ਹੋਰ ਲਾਈ। ਕਰਮੇਂ ਵਿਚ ਸਾਹ ਸਤ ਨਹੀਂ ਛੱਡਿਆ ਸੀ।
-"ਇਕ ਸਾਨੂੰ ਅੱਤਵਾਦੀ
ਵਾਹਣੀਂ ਪਾਈ ਫਿਰਦੇ ਐ-ਦੂਜੇ ਮੇਰੇ ਸਾਲੇ ਹੁਣ ਬਹੂ ਮਾਰ ਉਠ ਖੜ੍ਹੇ!" ਠਾਣੇਦਾਰ ਨੇ
ਪੈਂਦੀ ਸੱਟੇ ਉਸ ਨੂੰ ਝੋਨੇ ਵਾਂਗ ਝਾੜ ਦਿੱਤਾ ਸੀ।
ਧਰਤੀ 'ਤੇ ਪਿਆ ਕਰਮਾਂ ਬੱਕਰੇ
ਵਾਂਗ ਮਿਆਂਕ ਰਿਹਾ ਸੀ।
ਫੜ ਕੇ ਨਹੀਂ, ਇਕ ਤਰ੍ਹਾਂ
ਨਾਲ ਮਰੇ ਹੋਏ ਕੱਟੇ ਵਾਂਗ ਘੜ੍ਹੀਸ ਕੇ ਸਿਪਾਹੀ ਕਰਮੇਂ ਨੂੰ ਹਵਾਲਾਤ ਵਿਚ ਸੁੱਟ ਗਏ।
ਉਹ ਬੁਰੀ ਤਰ੍ਹਾਂ ਪੀੜਿਆ ਪਿਆ ਸੀ। ਹੂੰਗਾ ਮਾਰਦਾ "ਹਾਏ-ਹਾਏ" ਕੂਕ ਰਿਹਾ ਸੀ।
-"ਪਹਿਲੀ ਤਾਂ ਪਾਸ ਕਰ ਆਇਆ।"
ਬਜੁਰਗ ਹਵਾਲਾਤੀ ਨੇ ਦੂਜੇ ਹਵਾਲਾਤੀਏ ਨੂੰ ਕਿਹਾ।
-"ਬੱਸ ਕੈਮ ਹੋ ਜੁਆਨਾ-ਪਸ਼ੂ
ਦੀ ਮੋਕ ਦਾ ਤੇ ਗੌਰਮਿਲਟ ਦੇ ਝਿੜ੍ਹਕੇ ਦਾ ਰੋਸ ਨ੍ਹੀ ਕਰੀਦਾ ਹੁੰਦਾ!" ਦੂਜਾ
ਬੋਲਿਆ।
-"ਸਾਹਨ ਬਣ ਸਾਹਨ! ਇਹੀ
ਸੱਟਾਂ ਤੈਨੂੰ ਘਿਉ ਮਾਂਗੂੰ ਲੱਗਣਗੀਆਂ-ਜਾਹ ਕਦੇ ਨ੍ਹੀ ਡੋਲਦਾ।" ਉਸ ਨੇ ਮੁੱਠੀ ਬੰਦ
ਕਰ, ਖੋਲ੍ਹ ਕੇ ਫਿਰ ਲਹਿਰਾਈ।
-"ਸਾਡੇ ਅੱਲੀਂ
ਦੇਖਲਾ-ਕਿੰਨੇਂ ਦਿਨਾਂ ਦੇ ਬੈਠੇ ਐਂ-ਕੋਈ ਹੱਥ ਨ੍ਹੀ ਲਾਉਂਦਾ-ਪਹਿਲਾਂ ਪਹਿਲ ਮੇਰੇ
ਸਾਲੇ ਸਾਹਣ ਮਾਂਗੂੰ ਗੇੜਾ ਦੇ ਕੇ ਉਤੇ ਚੜ੍ਹ ਜਾਂਦੇ ਸੀ।"
ਉਹ ਭਾਂਤ-ਭਾਂਤ ਦੀਆਂ ਗੱਲਾਂ
ਕਰ ਰਹੇ ਸਨ। ਕਾਫ਼ੀ ਰਾਤ ਗਈ ਇੰਦਰ ਰੋਟੀ ਲੈ ਕੇ ਪਹੁੰਚ ਗਿਆ। ਕਰਮੇਂ ਦੀ ਹੂੰਗਰ
ਸੁਣ ਕੇ ਉਹ ਮਿੱਟੀ ਹੋ ਗਿਆ। ਕਰਮੇਂ ਨੇ ਨਹੀਂ, ਹਵਾਲਾਤੀ ਨੇ ਸਾਰੀ ਕਹਾਣੀ ਦੱਸੀ।
ਇੰਦਰ ਸੋਚਾਂ ਵਿਚ ਡੁੱਬ ਗਿਆ।
-"ਹੈਂ ਬਈ! ਮੂੰਹ 'ਚ ਹੱਡ
ਦਿੱਤੇ ਬਿਨਾ ਕੁੱਤੇ ਲੋਟ ਨ੍ਹੀ ਆਉਣੇ।" ਉਸ ਨੇ ਕਾਫ਼ੀ ਦੇਰ ਬਾਅਦ ਗੱਲ ਕਹੀ ਸੀ।
-"ਸਰਦਾਰ ਦਾ ਮੂੰਹ
ਸੁੰਘੋ-ਨਹੀਂ ਤਾਂ ਮੈਨੂੰ ਮੇਰੇ ਸਾਲੇ ਪਾਰ ਬੁਲਾ ਦੇਣਗੇ-।" ਕਰਮਾਂ ਬੜੀ ਮੁਸ਼ਕਿਲ
ਨਾਲ ਬੋਲਿਆ। ਉਸ ਦੇ ਸਾਰੇ ਸਰੀਰ ਵਿਚ ਚਸਕਾਂ ਵੱਜ ਰਹੀਆਂ ਸਨ। ਅਫ਼ੀਮ ਛੱਡੀ ਵਾਲੇ
ਅਮਲੀ ਵਾਂਗ ਉਸ ਦੇ ਕੜੱਲਾਂ ਪੈ ਰਹੀਆਂ ਸਨ। ਉਹ ਖੱਸੀ ਹੋਏ ਬਲਦ ਵਾਂਗ ਪੀੜ ਨਾਲ
ਕਸੀਸ ਵੱਟੀ ਬੈਠਾ ਸੀ।
-"ਹੈਂ ਬਈ! ਮਾੜੀ ਮੋਟੀ ਰੋਟੀ
ਤਾਂ ਖਾ ਲੈ-ਕੱਲ੍ਹ ਨੂੰ ਅਸੀਂ ਸਾਰਾ ਕੁਛ ਸਾਂਭ ਲਵਾਂਗੇ।"
-"ਤੂੰ ਰੋਟੀ ਦੀ ਗੱਲ ਕਰਦੈਂ?
ਮੈਂ ਮਰਨ 'ਤੇ ਪਿਐਂ--।" ਕਰਮੇਂ ਨੇ ਲੱਤ ਸਿੱਧੀ ਕਰਨੀ ਚਾਹੀ। ਪਰ ਲੱਤ ਸਿੱਧੀ ਨਾ
ਹੋ ਸਕੀ।
-"ਅਖੇ ਬੁੜ੍ਹੀ ਮਰਨ ਨੂੰ
ਫਿਰੇ ਤੇ ਬਾਬਾ --- ਨੂੰ ਫਿਰੇ!" ਕਿਸੇ ਹੋਰ ਨੇ ਟਾਂਚ ਕੀਤੀ।
-"ਹੈ ਬਈ! ਕਰਲੈ ਟਿੱਚਰਾਂ।"
ਉਸ ਨੇ ਹਵਾਲਾਤੀ ਨੂੰ ਕਿਹਾ।
-"ਟਿੱਚਰਾਂ ਕਾਹਦੀਐਂ ਬਾਈ!
ਸਾਰਿਆਂ ਤੇ ਈ ਇਹੋ ਟੈਮ ਬੀਤ ਕੇ ਗਏ ਐ-ਅਸੀਂ ਕਿਹੜਾ ਮਾਸੀ ਕੋਲੇ ਆਏ ਵੇ ਐਂ?"
-"ਮੇਰੇ ਸਹੁਰੇ ਭੱਬੂ ਸਾਨੂੰ
ਬਣਾ ਲੈਂਦੇ ਸੀ।"
ਕੱਲ੍ਹ ਦਾ ਵਾਅਦਾ ਕਰਕੇ ਇੰਦਰ
ਚਲਾ ਗਿਆ।
ਠਾਣੇ ਵਿਚ ਸੁੰਨ ਵਰਤ ਗਈ ਸੀ।
ਕਦੇ-ਕਦੇ ਤਬੇਲੇ ਵਿਚੋਂ ਕਿਸੇ ਘੋੜੇ ਦੇ ਹਿਣਕਣ ਦੀ ਅਵਾਜ਼ ਆਉਂਦੀ ਸੀ ਅਤੇ ਕਦੇ
ਸ਼ਰਾਬੀ ਸਿਪਾਹੀਆਂ ਦਾ ਹਾਸਾ ਉਚਾ ਹੋ ਜਾਂਦਾ ਸੀ। ਕਦੇ ਕਿਸੇ ਦੀ ਹਵਾਲਾਤ 'ਚੋਂ
ਘੁਰਾੜ੍ਹਿਆਂ ਦੀ ਅਵਾਜ਼ ਸੁਣਦੀ ਸੀ ਅਤੇ ਕਦੇ ਕਰਮੇਂ ਦਾ ਲੰਮਾਂ ਹੂੰਗਾ!
ਕਰਮਾਂ ਪੂੜੇ ਵਾਂਗ ਉਠੇ ਸਰੀਰ
ਨੂੰ ਪਲੋਸਦਾ ਸੋਚਾਂ ਵਿਚ ਡੁੱਬ ਗਿਆ----! |