ਪੰਜਾਬ ਰੋਡਵੇਜ਼ ਦੀ ਪਹਿਲੀ ਬੱਸ ਤੋਂ ਕਰਮਾਂ
ਉਤਰਿਆ।
ਉਸ ਨੇ ਪੂਰੀਆਂ ਨਾਸਾਂ ਖੋਲ੍ਹ
ਕੇ ਸਾਹ ਲਿਆ ਸੀ। ਪਿੰਡ ਦੀ ਮਿੱਟੀ ਦੀ ਮਹਿਕ ਉਸ ਨੂੰ ਚੰਦਨ ਦੀ ਮਹਿਕ ਵਰਗੀ ਜਾਪੀ
ਸੀ। ਤਰੇਲ ਨਾਲ ਭਿੱਜੀ ਮਿੱਟੀ ਜਿਵੇਂ ਕਿਸੇ ਸ਼ੁਕਰਾਨੇ ਵਿਚ ਅਡੋਲ ਪਈ ਸੀ। ਉਸ ਨੇ
ਅਗਵਾੜੀ ਭੰਨੀ। ਆਸਾ ਪਾਸਾ ਮੋਹ ਨਾਲ ਤੱਕਿਆ। ਉਸ ਦਾ ਦਿਲ ਹਾਮੀਂ ਭਰ ਗਿਆ ਕਿ ਇਹ
ਉਸੀ ਦਾ ਹੀ ਪਿੰਡ ਸੀ।
ਅੱਡੇ ਤੋਂ ਸਿੱਧਾ ਉਹ ਸੜਕ ਪੈ
ਗਿਆ। ਉਸ ਕੋਲ ਦੀ ਇਕ ਟਰੱਕ ਚੰਘਿਆੜਦਾ ਲੰਘਿਆ। ਐਵੇਂ ਨਹੀਂ ਲੋਕ ਗਾਉਂਦੇ, "ਜੀ
ਟੀ ਰੋਡ 'ਤੇ ਦੁਹਾਈਆਂ ਪਾਵੇ-ਨੀ ਯਾਰਾਂ ਦਾ ਟਰੱਕ ਬੱਲੀਏ---!" ਉਹ ਅੰਦਰੋ
ਅੰਦਰੀ ਹੱਸ ਪਿਆ। ਟਰੱਕ ਨਹੀਂ ਜਿਵੇਂ ਉਸ ਕੋਲ ਦੀ ਕੋਈ ਜੰਗਲੀ ਹਾਥੀ ਗੁਜ਼ਰਿਆ ਸੀ।
ਕਰਮਾਂ ਲੁਧਿਆਣੇ ਪਟੇ,
ਕਮਾਨੀਆਂ ਦਾ ਕੰਮ ਕਰਦਾ ਸੀ। ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲਾ ਕਰਮਾਂ
ਸਿੱਧਾ ਸਾਧੂ ਬੰਦਾ ਸੀ। ਸਰੀਰ ਦਾ ਮਾੜਚੂ ਜਿਹਾ ਹੋਣ ਕਰਕੇ ਉਹ ਖੇਤੀਬਾੜੀ ਦੇ ਡਰੋਂ
ਲੁਧਿਆਣੇ ਆਪਣਾ ਬਾਹਵਾ ਕੰਮ ਤੋਰ ਕੇ ਬੈਠ ਗਿਆ ਸੀ।
ਸਵੇਰੇ ਸਵੇਰੇ
ਲੋਕ ਜੰਗਲ ਪਾਣੀ ਲਈ ਨਿਕਲ ਤੁਰੇ ਸਨ। ਜਾਨਵਰ ਚਹਿਕ ਰਹੇ ਸਨ। ਚੜ੍ਹਦੇ ਸੂਰਜ ਦੀ
ਲਾਲੀ ਧਰਤੀ 'ਤੇ ਰੋਸ਼ਨੀ ਬਣ ਡੁੱਲ੍ਹ ਪਈ ਸੀ। ਘਾਹ 'ਤੇ ਪਈ ਤਰੇਲ ਦੇ ਤੁਪਕੇ ਕਿਸੇ
ਮੋਤੀ ਵਾਂਗ ਡਲਕ ਰਹੇ ਸਨ। ਕਿਸੇ ਘਰੋਂ ਪਸ਼ੂ ਰੰਭਣ ਦੀ ਆਵਜ਼ ਆ ਰਹੀ ਸੀ। ਕਿਸੇ ਘਰੇ
ਜੁਆਕ ਚਾਹ ਪਿੱਛੇ ਕਲੇਸ਼ ਪਾਈ ਬੈਠੇ ਸਨ। ਕਿਸੇ ਘਰੋਂ ਕਿਸੇ ਅਮਲੀ ਦਾ ਹੂੰਗਾ ਸੁਣ
ਰਿਹਾ ਸੀ ਅਤੇ ਕਿਤੇ ਕੋਈ ਲੰਡਰ ਜਿਹਾ ਕੁੱਤਾ ਭੌਂਕ ਰਿਹਾ ਸੀ।
ਸੰਸਾਰ ਵਿਚ ਜ਼ਿੰਦਗੀ ਫਿਰ
ਧੜਕਣ ਲੱਗ ਪਈ ਸੀ।
-"ਤਾਇਆ ਜੀ ਸਤਿ ਸ੍ਰੀ
ਅਕਾਲ---!" ਖੁਸ਼ ਦਲੀਲ ਕਰਮੇਂ ਨੇ ਚੰਨਣ ਸਿੰਘ ਨੂੰ ਕਿਹਾ। ਉਹ ਪਾਣੀ ਵਾਲਾ ਲੀਟਰ
ਭਰੀ 'ਮੈਦਾਨ ਮਾਰਨ' ਜਾ ਰਿਹਾ ਸੀ।
-"ਉਏ ਆ ਬਈ ਕਰਮਿਆਂ-ਸਤਿਗੁਰੂ
ਰਾਜੀ ਰੱਖੇ! ਅੱਜ ਆਇਐਂ?" ਉਸ ਨੇ ਕਰਮੇਂ ਨੂੰ ਪੁੱਛਿਆ। ਭਰੜਾਈ ਅਵਾਜ਼ ਵਿਚ ਪੀਤੀ
ਚਾਹ ਦਾ ਤਹਿਤ ਨਜ਼ਰ ਨਹੀਂ ਆਉਂਦਾ ਸੀ। ਉਸ ਦੇ ਹੱਡ ਪੈਰ ਖਿੱਲਰੇ ਜਿਹੇ ਨਜ਼ਰ ਆ ਰਹੇ
ਸਨ।
-"ਬੱਸ ਤਾਇਆ ਜੀ ਤੁਰਿਆ ਈ
ਆਉਨੈਂ-ਹੋਰ ਕੋਈ ਨਵੀਂ ਤਾਜੀ--?" ਕਰਮੇਂ ਨੇ ਪੁੱਛਿਆ।
-"ਕਾਹਦੀ ਨਵੀਂ ਤਾਜੀ ਐ ਸ਼ੇਰਾ-ਤੇਰਾ ਤਾਂ ਕਰਮਿਆਂ ਘਰ ਈ ਉਜੜ ਗਿਆ-ਇਹ ਤਾਂ ਜਿਵੇਂ
ਰੱਬ ਨੇ ਕੋਠੇ ਚੜ੍ਹ ਕੇ ਵੈਰ ਲਿਐ--।" ਕਹਿਰਾਂ ਦੇ ਦੁੱਖ ਨਾਲ ਚੰਨਣ ਸਿੰਘ ਦੱਸ
ਰਿਹਾ ਸੀ। ਉਸ ਦੇ ਹੱਥ ਵਿਚ ਫੜਿਆ ਤਾਰ ਦਾ ਕੁੰਡਾ ਕੰਬ ਰਿਹਾ ਸੀ।
-"ਕੀ ਗੱਲ ਹੋਗੀ ਤਾਇਆ ਜੀ--?" ਉਹ ਚੌਂਕਿਆ। ਬਾਬੇ ਦੀ ਮਨਹੂਸ ਗੱਲ ਨੇ ਉਸ ਦਾ
ਕਾਲਜਾ ਕੱਢ ਲਿਆ ਸੀ।
-"ਉਏ ਸ਼ੇਰਾ ਤੇਰਾ ਤਾਂ ਘਰ ਪੱਟਿਆ ਗਿਆ-ਤੇਰੇ ਘਰੋਂ ਤਿੰਨ ਕੁੜੀਆਂ ਨੂੰ ਲੈ ਕੇ
ਸੁਰਗਵਾਸ ਹੋਗੀ।" ਬਜੁਰਗ ਦੇ ਮੂੰਹੋਂ ਜਿਵੇਂ ਲਾਟ ਨਿਕਲੀ ਸੀ। ਜਿਸ ਨੇ ਕਰਮੇਂ ਦਾ
ਦਿਲ ਸਾੜ ਦਿੱਤਾ ਸੀ। ਕਰਮੇ ਦੇ ਦਿਮਾਗ 'ਚ ਬਿੰਡੇ ਟਿਆਂਕਣ ਲੱਗ ਪਏ। ਉਸ ਦਾ ਸਰੀਰ
ਸੁੰਨ ਅਤੇ ਕੰਨ "ਟੀਂ-ਟੀਂ" ਕਰ ਰਹੇ ਸਨ। ਚੜ੍ਹਦਾ ਸੂਰਜ ਕਰਮੇਂ ਨੂੰ ਆਪਣੇ ਉਤੇ
ਡਿੱਗਦਾ ਜਾਪਿਆ।
ਪਰ੍ਹਿਓਂ ਹੱਡਾਂ ਰੋੜੀ ਕੋਲੋਂ
ਕੋਈ ਗਿਰਝ ਕੁਰਲਾਉਂਦੀ ਅਸਮਾਨ ਨੂੰ ਉਡ ਗਈ। ਗੁੰਮ ਸੁੰਮ ਹੋਇਆ ਕਰਮਾਂ ਸਿਰਤੋੜ ਆਪਣੇ
ਘਰ ਵੱਲ ਨੂੰ ਦੌੜ ਪਿਆ। ਉਸ ਨੂੰ ਸੁਰਤ ਸੰਭਾਲ ਦੀ ਕੋਈ ਹੋਸ਼ ਨਹੀਂ ਸੀ।
ਬਾਹਰ ਅੰਦਰ ਜਾਂਦੀਆਂ
ਬੁੜ੍ਹੀਆਂ ਨੇ ਭੱਜੇ ਜਾਂਦੇ ਕਰਮੇਂ ਵੱਲ ਤੱਕਿਆ। ਪਰ ਚੁੱਪ ਕਰ ਗਈਆਂ। ਉਹ ਡਰੀ ਗਊ
ਵਾਂਗ ਚੁੱਪ-ਚਾਪ ਘਰ ਨੂੰ ਭੱਜਿਆ ਹੀ ਜਾ ਰਿਹਾ ਸੀ।
ਘਰ ਜਾ ਕੇ ਤੱਕਿਆ ਤਾਂ ਘਰ
ਕੋਈ ਭੂਤਾਂ ਦਾ ਖੂਹ ਨਜ਼ਰ ਆਉਂਦਾ ਸੀ। ਹਰ ਕੌਰ ਕਿਸੇ ਪੀਚੀ ਗੰਢ ਵਾਂਗ ਭੁੰਜੇ ਹੀ
ਦੋੜਾ ਵਿਛਾਈ ਪਈ ਸੀ। ਧਰਤੀ 'ਤੇ ਪਈ ਉਹ ਹੱਡੀਆਂ ਦੀ ਮੁੱਠ ਹੀ ਤਾਂ ਨਜ਼ਰ ਆਉਂਦੀ
ਸੀ।
-"ਬੇਬੇ--!" ਕਰਮੇਂ ਨੇ ਜਾ
ਕੇ ਹਰ ਕੌਰ ਨੂੰ ਹਲੂਣਿਆਂ।
-"-----?" ਹਰ ਕੌਰ ਕਾਫ਼ੀ
ਦੇਰ ਅੱਡੀਆਂ ਅੱਖਾਂ ਨਾਲ ਕਰਮੇਂ ਨੂੰ ਦੇਖਦੀ ਰਹੀ। ਜਿਵੇਂ ਸ਼ਾਇਦ ਉਸ ਨੂੰ ਪਹਿਚਾਣ
ਨਹੀਂ ਆ ਰਹੀ ਸੀ। ਉਹ 'ਕਸਰ' ਵਾਲਿਆਂ ਵਾਂਗ ਓਪਰੀ-ਓਪਰੀ ਜਿਹੀ ਝਾਕ ਰਹੀ ਸੀ। ਕਾਫ਼ੀ
ਚਿਰ ਬਾਅਦ ਉਹ ਉਠ ਕੇ ਬੈਠੀ।
-"ਕਰਮਾਂ ਐਂ--?" ਉਸ ਨੇ
ਕਾਫ਼ੀ ਦੇਰ ਬਾਅਦ ਪੁੱਛਿਆ। ਕਾਫ਼ੀ ਚਿਰ ਬਾਅਦ ਜਿਵੇਂ ਉਸ ਨੂੰ ਵਿਸ਼ਵਾਸ ਆਇਆ ਸੀ।
-"ਹਾਂ ਬੇਬੇ--!" ਕਰਮੇਂ ਨੇ
ਜਿਵੇਂ ਲੇਰ ਮਾਰੀ ਸੀ।
-"ਆ ਗਿਐਂ ਪੁੱਤ---!" ਉਸ ਨੇ
ਪੁੱਤ ਦਾ ਸਿਰ ਪਲੋਸਿਆ। ਢਿੱਡ ਦੀ ਅੱਗ ਨੂੰ ਆਪਣੇ ਪਿੰਜਰ ਹੋਏ ਸਰੀਰ ਨਾਲ ਘੁੱਟਿਆ।
ਕਰਮੇਂ ਨੂੰ ਬੇਬੇ ਦੀਆਂ ਹੱਡੀਆਂ ਚੁਭੀਆਂ। ਜੋ ਉਸ ਨੂੰ ਪਿਆਰੀਆਂ-ਪਿਆਰੀਆਂ ਜਿਹੀਆਂ
ਲੱਗੀਆਂ। ਪਤਾ ਨਹੀਂ ਅੱਜ ਉਸ ਨੂੰ ਬੇਬੇ ਦਾ ਬਹੁਤਾ ਹੀ ਮੋਹ ਜਿਹਾ ਆ ਰਿਹਾ ਸੀ।
ਜਿਵੇਂ ਉਹ ਬੇਬੇ ਦੀ ਬੁੱਕਲ ਲਈ ਹਾਬੜਿਆ ਪਿਆ ਸੀ। ਪਤਾ ਨਹੀਂ ਉਸ ਨੂੰ ਕਿਉਂ ਬੇਬੇ
ਦੇ ਪਿੰਡੇ ਵਿਚੋਂ ਆਉਂਦੀ ਪਸੀਨੇ ਦੀ ਹੌਂਕ ਮਿੱਠੀ-ਮਿੱਠੀ ਲੱਗ ਰਹੀ ਸੀ। ਉਸ ਨੇ
ਘੁੱਟ ਕੇ ਬੇਬੇ ਨੂੰ ਜੱਫ਼ੀ ਪਾ ਲਈ। ਮਾਂ ਨਿਤਾਣੇ ਜਿਹੇ ਹੱਥਾਂ ਨਾਲ ਉਸ ਨੂੰ ਟੋਹ
ਰਹੀ ਸੀ।
-"ਤੂੰ ਪੁੱਤ ਕਾਹਨੂੰ ਆਉਣਾ
ਸੀ-ਅੱਗ ਲੱਗੜੇ ਹੱਥ ਧੋ ਕੇ ਮਗਰ ਪਏ ਵੇ ਐ?" ਜਿਵੇਂ ਬੇਬੇ ਨੇ ਮੂੰਹ ਵਿਚ ਹੀ ਆਖਿਆ।
ਕਰਮੇਂ ਨੂੰ ਸ਼ਾਇਦ ਸੁਣਿਆ ਨਹੀਂ ਸੀ।
-"----।" ਉਹ ਚੁੱਪ ਸੀ।
-"ਪੁੱਤ! ਆਹ ਦਿਨ ਵੀ ਦੇਖਣੇ ਸੀ--!" ਬੇਬੇ ਦੇ ਨੱਕ ਦੀਆਂ ਅੱਸੀਆਂ ਫ਼ਰਕੀਆਂ। ਉਸ
ਦਾ ਕੋਈ ਬੰਨ੍ਹਿਆਂ
ਬੰਨ੍ਹ ਖੁੱਲ੍ਹ ਗਿਆ। ਉਹ
ਪੁੱਤ ਗਲ ਲੱਗ ਕੇ ਧਾਹਾਂ ਮਾਰ ਰੋਣ ਲੱਗ ਪਈ।
ਕਰਮਾ ਵੀ ਚੁੱਪ ਚਾਪ ਰੋਈ ਜਾ
ਰਿਹਾ ਸੀ।
ਹੌਲੀ-ਹੌਲੀ ਘਰ ਦੇ ਜੀਅ ਅਤੇ
ਫਿਰ ਗੁਆਂਢੀ ਇਕੱਠੇ ਹੋ ਗਏ। ਕਰਮੇਂ ਨੂੰ ਬੇਬੇ 'ਤੇ ਬੇਤਹਾਸ਼ਾ ਤਰਸ ਜਿਹਾ ਆਇਆ।
ਜਿਸ ਨੇ ਸਾਰੀ ਉਮਰ ਸੁਖ ਨਹੀਂ ਦੇਖਿਆ ਸੀ। ਬਚਪਨ ਮਤਰੇਈ ਮਾਂ ਹੇਠ ਕੱਟਿਆ ਸੀ।
ਜਵਾਨੀ ਸ਼ਰਾਬੀ ਪਤੀ ਅਤੇ ਅੜਬ ਸੱਸ ਥੱਲੇ ਕੱਟੀ ਸੀ। ਫਿਰ ਹੁਣ ਤਾਂ ਬੇਬੇ ਵਿਚਾਰੀ
ਦਾ ਤਾਂ ਬੁੜ੍ਹੇਪਾ ਵੀ ਰੁਲ ਗਿਆ ਸੀ। ਨੂੰਹਾਂ ਅਤੇ ਪੋਤੀਆਂ ਦਾ ਦੁੱਖ ਕਿਹੜਾ ਘੱਟ
ਹੁੰਦਾ ਹੈ? ਬੇਬੇ ਦੀ ਮਲੂਕੜੀ ਜਿਹੀ ਜਿੰਦ ਜਿਵੇਂ ਦਿਨਾਂ ਵਿਚ ਹੀ ਹਾਰ ਗਈ ਸੀ।
ਝੱਖੜ ਦੇ ਝੰਬੇ ਦਰੱਖਤ ਵਾਂਗ ਬੇਬੇ ਦੁੱਖਾਂ ਨੇ ਖਾ ਹੀ ਤਾਂ ਲਈ ਸੀ।
ਚੁੱਪ-ਚਾਪ ਰੋਂਦਾ ਕਰਮਾਂ ਸੋਚ
ਰਿਹਾ ਸੀ।
ਆਂਢੀ-ਗੁਆਂਢੀ ਧਰਵਾਸ ਦੇ ਰਹੇ
ਸਨ। ਗੁਆਂਢੀਆਂ ਦੇ ਘਰੋਂ ਚਾਹ ਆ ਗਈ।
ਸ਼ਿੰਦੇ ਨੇ ਦੋ ਗਿਲਾਸਾਂ ਵਿਚ
ਚਾਹ ਪਾ ਕੇ ਬੇਬੇ ਅਤੇ ਕਰਮੇਂ ਨੂੰ ਫੜਾਈ। ਦੋਹਾਂ ਨੇ ਚਾਹ ਫੜ ਕੇ ਹੇਠਾਂ ਹੀ ਰੱਖ
ਦਿੱਤੀ।
-"ਪੀਓ ਭਾਈ ਪੀਓ! ਜਾਣ ਵਾਲੇ
ਤੁਰ ਜਾਂਦੇ ਐ-ਪਰ ਜਿਉਂਦੇ ਜੀਆਂ ਤੋਂ ਕੁਛ ਨ੍ਹੀ ਛੁੱਟਦਾ---!" ਕਿਸੇ ਬਜੁਰਗ ਨੇ
ਕਿਹਾ।
-"ਹੈਂ ਬੇਬੇ! ਉਹ ਸੱਚੀਂ
ਮਰਗੀ---?" ਕਰਮੇਂ ਨੇ ਜਿਵੇਂ ਪਾਗਲਾਂ ਵਾਂਗ ਬੇਬੇ ਨੂੰ ਪੁੱਛਿਆ ਸੀ। ਉਹ ਸ਼ੁਦਾਈਆਂ
ਵਾਂਗ ਸਿੱਧਾ-ਸਲੋਟ ਬੇਬੇ ਵੱਲ ਤੱਕ ਰਿਹਾ ਸੀ। ਬੇਬੇ ਨੇ ਫ਼ੌਰਨ ਕਰਮੇਂ ਵੱਲ ਦੇਖਿਆ।
ਉਸ ਦੀਆਂ ਗਿੱਦੜ ਦੀ ਖੱਡ ਵਾਂਗ ਡੂੰਘੀਆਂ ਹੋਈਆਂ ਅੱਖਾਂ ਵਿਚ ਕੋਈ ਡਰ ਕੰਬਿਆ। ਉਸ
ਦਾ ਦਿਲ ਧੜਕਿਆ। ਕੰਨਾਂ ਵਿਚ 'ਸਾਂ-ਸਾਂ' ਹੋਈ।
-"ਪੁੱਤ ਡਾਢੇ ਰੱਬ ਅੱਗੇ ਕੋਈ
ਜੋਰ ਐ--?" ਬੇਬੇ ਨੇ ਆਪਣੇ ਧੁਖਦੇ ਦਿਲ ਦੀ ਫ਼ੂਕ ਨਾਲ ਜਿਵੇਂ ਕਰਮੇਂ ਦੇ ਹਿਰਦੇ ਦੀ
ਅੱਗ ਬੁਝਾਉਣੀ ਚਾਹੀ।
-"ਬੇਬੇ ਮੈਨੂੰ ਸੱਦਿਆ ਕਾਹਤੋਂ ਨਾ--?" ਉਸ ਨੇ ਦਿਲ ਦੀ ਭੜ੍ਹਾਸ ਕੱਢੀ।
-"ਵੇ ਸ਼ੇਰਾ! ਅਸੀਂ ਐਥੇ ਬੈਠੇ ਪੰਦਰਾਂ ਜੀਆਂ ਨੇ ਕੀ ਕਰ ਲਿਆ--?" ਬੇਬੇ ਜਿਵੇਂ
ਕੁੜਿੱਕੀ ਵਿਚ ਆ ਗਈ ਸੀ। ਢਿੱਡੋਂ ਜੰਮੇਂ ਪੁੱਤ ਤੋਂ ਉਸ ਨੂੰ ਭੈਅ ਆਇਆ।
-"ਮੈਂ ਜਾਂਦੀ ਆਰੀ ਮੂੰਹ ਤਾਂ ਦੇਖ ਲੈਂਦਾ--!" ਉਹ ਚੀਕਿਆ।
-"ਵੇ ਸ਼ੇਰਾ! ਕਿਹੜਾ ਕੋਈ ਸੁਰਤ ਰਹੀ ਐ? ਵੇ ਮੈਂ ਤਾਂ ਬਥੇਰ੍ਹੇ ਵਾੜੇ ਵਲੇ-ਮੇਰੀ
ਕਿਹੜਾ ਕੋਈ ਪੇਸ਼ ਗਈ ਐ ਕਰਮਿਆਂ--?" ਆਖ ਕੇ ਬੇਬੇ ਨੇ ਭਰਿਆ ਮਨ ਫਿਰ ਹੌਲਾ ਕਰਨਾ
ਸ਼ੁਰੂ ਕਰ ਦਿੱਤਾ।
ਬਾਕੀ ਸਭ ਚੁੱਪ-ਚਾਪ ਧਰਤੀ
ਖੁਰਲ ਰਹੇ ਸਨ। ਝੱਖੜ ਲੰਘ ਜਾਣ ਤੋਂ ਬਾਅਦ ਵਾਲੀ ਸ਼ਾਂਤੀ ਸੀ।
-"ਤੂੰ ਸ਼ੇਰਾ ਚਾਹ ਤਾਂ
ਪੀਅ--!" ਕਿਸੇ ਨੇ ਕਿਹਾ।
-"ਮੈਂ ਨ੍ਹੀ ਪੀਣੀਂ ਚਾਹ
ਚੂਹ-!" ਉਸ ਨੇ ਗਿਲਾਸ ਚਲਾ ਕੇ ਮਾਰਿਆ। ਉਸ ਦਾ ਮੱਲੋਜ਼ੋਰੀ ਰੋਣ ਨਿਕਲੀ ਜਾ ਰਿਹਾ
ਸੀ। ਫਿਰ ਉਸ ਨੂੰ ਪਤਾ ਨਹੀਂ ਕੀ ਸੁੱਝਿਆ? ਬਾਵਰਿਆਂ ਵਾਂਗ ਸਿਵਿਆਂ ਨੂੰ ਦੌੜ ਪਿਆ।
-"ਵੇ ਰੋਕੋ ਵੇ ਲੋਕੋ ਹਾੜ੍ਹੇ! ਕਿਤੇ ਡੁੱਬੜਾ ਖੂਹ ਖਾਤੇ ਨਾ ਪੈ ਜਾਵੇ--!" ਬੇਬੇ
ਕੁਰਲਾਈ। ਲੋਕ ਇੱਕ ਦਮ ਪਿੱਛੇ ਦੌੜ ਪਏ।
-"ਹੌਂਸਲਾ ਰੱਖ ਹਰ ਕੁਰੇ।" ਕਿਸੇ ਸਿਆਣੀ ਔਰਤ ਨੇ ਦਿਲ ਧਰਾਇਆ।
-"ਨੀ ਹੌਂਸਲਾ ਕਾਹਦੇ ਸਿਰ
'ਤੇ ਰੱਖਾਂ ਅੰਮਾਂ ਜੀ? ਪਤਾ ਨ੍ਹੀ ਕਿਹੜੇ ਜਰਮਾਂ ਦੇ ਦੁੱਖ ਭੋਗਦੇ ਐਂ? ਭਰਿਆ
ਭਰਾਇਆ ਘਰ ਮਿੰਟਾਂ 'ਚ ਖੋਲਾ ਬਣ ਗਿਆ-ਚਿੜੀ ਚੂਕਦੀ ਨ੍ਹੀ ਸੁਣਦੀ ਸੀ-ਚਾਰ ਦਿਨ ਮਸਾਂ
ਸੌਖ ਦੇ ਆਏ ਸੀ-ਪਤਾ ਨ੍ਹੀ ਕਿਹੜੇ ਭੁੰਨ ਕੇ ਬੀਜੇ ਦਾਣੇ ਅੱਗੇ ਆ ਗਏ?" ਹਰ ਕੌਰ ਦਾ
ਅੰਦਰ ਝੁਲਸਿਆ ਪਿਆ ਸੀ। ਉਹ ਉਠਣੋਂ ਬੈਠਣੋਂ ਵੀ ਆਹਰੀ ਹੋ ਗਈ ਸੀ। ਕਮਜ਼ੋਰੀ ਨੇ
ਸਰੀਰ ਨਿਰਬਲ ਕਰ ਦਿੱਤਾ ਸੀ। ਫੱਕਾ ਨਹੀਂ ਛੱਡਿਆ ਸੀ।
ਕਰਮਾਂ ਜਾਣ ਸਾਰ ਸਿਵਿਆਂ ਦੀ
ਸੁਆਹ 'ਤੇ ਢੇਰੀ ਹੋ ਗਿਆ। ਉਸ ਦਾ ਸਾਰਾ ਮੂੰਹ ਮੱਥਾ ਪੀਕ ਵਿਚ ਲਿਬੜ ਗਿਆ ਸੀ। ਉਹ
ਹਾਲੋਂ ਬੇਹਾਲ ਹੋਇਆ ਉਚੀ-ਉਚੀ ਰੋ ਰਿਹਾ ਸੀ। ਜਾਂਦੇ ਰਾਹੀ ਖੜ੍ਹ ਗਏ ਸਨ। ਚਰਨ ਜਾ
ਰਹੇ ਪਸੂ ਬੁਥਾੜ ਚੁੱਕ ਕੇ ਇਧਰ ਨੂੰ ਤੱਕਣ ਲੱਗ ਪਏ ਸਨ।
ਪਿੰਡ ਦੇ ਤਕੜੇ ਗੱਭਰੂਆਂ ਨੇ
ਕਰਮੇਂ ਨੂੰ ਸਾਂਭਿਆ ਅਤੇ ਘਰ ਲੈ ਗਏ। ਕਰਮੇਂ ਦੀ ਹਾਲਤ ਦੇਖ ਕੇ ਬੇਬੇ ਹੋਰ ਵੀ
ਡੁੱਬਦੀ ਜਾ ਰਹੀ ਸੀ। ਅਚਾਨਕ ਗਿੱਲ ਹੋਰੀਂ ਪਹੁੰਚ ਗਏ।
ਉਹਨਾਂ ਕਰਮੇਂ ਦੀ ਹਾਲਤ ਤੱਕੀ
ਤਾਂ ਦਿਲ ਵਿਚ ਸੱਟ ਜਿਹੀ ਵੱਜੀ। ਅਸਲ ਵਿਚ ਉਹ ਸਾਰੇ ਸਿੱਧੇ ਲੁਧਿਆਣੇਂ ਤੋਂ ਹੀ ਆ
ਰਹੇ ਸਨ। ਪਿਛਲੀ ਰਾਤ ਉਹਨਾਂ ਨੇ ਚਚਰਾੜੀ ਕੱਟੀ ਸੀ।
ਜੁੰਡੀ ਦੇ ਯਾਰ ਕਰਮੇਂ ਦੀ ਇਹ
ਹਾਲਤ ਦੇਖ ਕੇ ਦੁਖੀ ਹੋ ਗਏ। ਜਿਗਰੀ ਮਿੱਤਰ ਦੀ ਇਹ ਹਾਲਤ ਉਹਨਾਂ ਤੋਂ ਜਰੀ ਨਹੀਂ ਗਈ
ਸੀ। ਦਿਲੋਂ ਸਿੱਧੀ ਚੀਸ ਉਠੀ ਸੀ। ਕਾਲਜਾ ਕੂਕਿਆ ਸੀ। ਬਰਾੜ ਖ਼ਾਮੋਸ਼ ਸੀ। ਪਰ ਉਸ
ਦੇ ਦਿਮਾਗ ਅੰਦਰ, ਬਰਾਬਰ ਸੋਚਾਂ ਦੀ ਘੋੜ-ਦੌੜ ਜਾਰੀ ਸੀ।
-"ਇੰਦਰਾ ਉਰ੍ਹੇ ਆ--!" ਬਰਾੜ
ਨੇ ਕਿਹਾ। ਇੰਦਰ ਬਰਾੜ ਕੋਲ ਇਕ ਪਾਸੇ ਆ ਗਿਆ।
-"ਇਹਦੇ ਬਾਰੇ ਸੋਚੋ-ਇਹ ਪਾਗਲ ਹੋਜੂ! ਜੋ ਕੁਛ ਹੋਣਾ ਸੀ-ਉਹ ਹੋ ਗਿਆ!"
-"ਹੈਂ ਬਈ! ਸੋਚੀਏ ਕੀ? ਕਿਸੇ ਡਾਕਟਰ ਤੋਂ ਭਾਵੇਂ ਟੀਕਾ ਟੂਕਾ ਲੁਆ ਦੇਈਏ--?" ਇੰਦਰ
ਨੂੰ ਕੁਝ ਸੁੱਝ ਨਹੀਂ ਰਿਹਾ ਸੀ। ਉਸ ਦੇ ਦਿਮਾਗ ਅੰਦਰ ਵਦਾਣ ਚੱਲੀ ਜਾ ਰਹੇ ਸਨ।
-"ਹਾਸੇ ਨਾਲ ਰਿਹਾ ਹਾਸਾ! ਇਹਨੂੰ ਘੁੱਟ ਲੁਆ ਕੇ ਕੈਮ ਕਰੋ-ਨਹੀਂ ਤਾਂ ਸਹੁਰਾ
ਹੈਂਮ੍ਹ ਕੇ ਈ ਮਰਜੂ-!" ਆ ਕੇ ਗਿੱਲ ਨੇ ਰਾਇ ਦਿੱਤੀ।
ਬਰਾੜ ਲਕੋ ਕੇ ਜੀਪ ਵਿਚੋਂ
ਬੋਤਲ ਚੁੱਕ ਲਿਆਇਆ। ਇੰਦਰ ਨੇ ਪਾਣੀ ਦਾ ਪ੍ਰਬੰਧ ਕੀਤਾ। ਗਿੱਲ ਬੁੜ੍ਹੀਆਂ ਨੂੰ
"ਹਟੀਂ ਬੇਬੇ-ਦੇਖੀਂ ਭਾਈ" ਕਰਦਾ, ਕਰਮੇਂ ਨੂੰ ਰਾਹ ਵਾਲੀ ਬੈਠਕ ਵਿਚ ਲੈ ਆਇਆ।
ਕਰਮਾਂ ਸੁੰਨਾਂ-ਸੁੰਨਾਂ ਜਿਹਾ ਝਾਕ ਰਿਹਾ ਸੀ।
-"ਮੁਸੀਬਤਾਂ ਮਰਦਾਂ 'ਤੇ ਈ
ਪੈਂਦੀਐਂ-ਦਿਲ ਨ੍ਹੀ ਸਿੱਟੀਦਾ ਹੁੰਦਾ--!" ਬਰਾੜ ਨੇ ਅੱਖਾਂ ਫ਼ੁਰਕਾ ਕੇ ਕਿਹਾ। ਉਹ
ਨੀਵੀਂ ਪਾਈ ਧਰਤੀ ਵੱਲ ਦੇਖ ਰਿਹਾ ਸੀ।
-"ਜਿੰਨੀ ਜੋਕਰੇ ਹਾਂ-ਤੇਰੇ
ਸਾਹਮਣੇਂ ਖੜ੍ਹੇ ਐਂ-ਚਾਹੇ ਵੱਢ ਕੇ ਨਿਉਂ ਹੇਠਾਂ ਦੇ-ਦੇ।" ਗਿੱਲ ਨੇ ਇਕ ਹੱਥ ਕੱਛਾਂ
ਵਿਚ ਲਕੋਇਆ ਹੋਇਆ ਸੀ ਅਤੇ ਦੂਜੇ ਹੱਥ ਨਾਲ ਨੱਕ ਦੀ ਕਰੂੰਬਲ ਪਲੋਸਦਾ ਬੋਲਿਆ।
-"ਹੈਂ ਬਈ! ਲੈ ਦੁਆਈ ਸਮਝ ਕੇ
ਸਿੱਟ ਅੰਦਰ--!" ਇੰਦਰ ਨੇ ਪੌਣਾ ਗਿਲਾਸ ਕਰਕੇ ਕਰਮੇਂ ਨੂੰ ਦਿੱਤਾ।
ਸੁੱਧੀ ਦਾਰੂ ਕਰਮਾਂ ਇਕ ਦਮ
ਚਾੜ੍ਹ ਗਿਆ। ਦੁੱਖ ਵਾਂਗ ਸੀਨਾਂ ਪਾੜਦੀ ਦਾਰੂ ਥੱਲੇ ਉਤਰੀ ਸੀ। ਦੁੱਖਾਂ ਵਿਚ ਦਾਰੂ
ਕਰਮੇਂ ਨੂੰ ਚਰਨਾਮਤ ਵਰਗੀ ਜਾਪੀ ਸੀ। ਜਿਸ ਨੇ ਸਰੀਰ ਅੰਦਰ ਜਾ ਕੇ ਨਿੱਘ ਭਰਿਆ ਸੀ।
-"ਵੇਲੇ ਕੁਵੇਲੇ ਮਰਦਾਂ 'ਤੇ
ਈ ਆਉਂਦੇ ਐ-ਉਹ ਬੰਦਾ ਈ ਕੀ ਜੀਹਨੇ ਖਿੜੇ ਮੱਥੇ ਨਾ ਮੜਿੱਕਿਆ?" ਗਿੱਲ ਨੇ ਕਿਹਾ।
ਕਰਮੇਂ ਨੇ ਦੋ ਪੈੱਗ ਹੋਰ ਪੀ
ਲਏ ਸਨ। ਹੁਣ ਉਹ ਕੁਝ ਸੰਭਲ ਗਿਆ ਸੀ। ਕਿਸੇ ਰੌਂਅ ਵਿਚ ਸਾਂਅਵਾਂ ਜਿਹਾ ਹੀ ਹੋ
ਤੁਰਿਆ ਸੀ। ਸਭ ਨੂੰ ਸੰਤੁਸ਼ਟੀ ਹੋਈ ਸੀ ਕਿ ਕਰਮਾਂ ਵਾਕਿਆ ਹੀ ਦਿਲ ਧਰ ਗਿਆ ਸੀ।
ਜਿਗਰੀ ਯਾਰ ਦੇ ਦੁੱਖ ਵਿਚ ਸਾਂਝੀ ਹੋ ਕੇ ਉਹ ਆਪਣੇ ਆਪ ਨੂੰ ਹਲਕਾ-ਹਲਕਾ ਮਹਿਸੂਸ ਕਰ
ਰਹੇ ਸਨ।
-"ਫੁੱਲ ਵੀ ਚੁਗਣੇਂ ਐਂ ਭਾਈ
ਅੱਜ--!" ਅੰਦਰ ਆ ਕੇ ਬੇਬੇ ਨੇ ਆਖਿਆ।
ਸਾਰੇ ਡਰ ਜਿਹੇ ਗਏ!
ਇੰਦਰ ਬੇਬੇ ਨੂੰ ਬਾਹਰ ਲੈ
ਗਿਆ। ਜਿਤਨੀ ਜਲਦੀ ਬੇਬੇ ਅੰਦਰ ਆਈ ਸੀ, ਉਤਨੀ ਤੇਜ਼ੀ ਨਾਲ ਹੀ ਉਹ ਬਾਹਰ ਲੈ ਗਿਆ
ਸੀ।
-"ਮਸਾਂ ਬਾਈ ਨੇ ਦਿਲ ਧਰਿਐ
ਬੇਬੇ! ਬਿੰਦੇ-ਬਿੰਦੇ ਉਸ ਨੂੰ ਗੱਲਾਂ ਨਾ ਚੇਤੇ ਕਰਾਓ--!" ਸ਼ਿੰਦੇ ਦੀ ਰੀਸ ਨਾਲ
ਇੰਦਰ ਹਰ ਕੌਰ ਨੂੰ ਬੇਬੇ ਹੀ ਆਖਦਾ ਸੀ।
-"ਮੈਂ ਤੇਰੀ ਗੱਲ ਸਮਝਦੀ ਐਂ ਸ਼ੇਰਾ! ਪਰ ਫੁੱਲ ਚੁਗਣੇਂ ਅੱਜ ਜਰੂਰੀ ਐ।"
-"ਬੇਬੇ ਤੂੰ ਸਾਡੇ ਹੁੰਦੇ ਫਿਕਰ ਕਿਉਂ ਕਰਦੀ ਐਂ?"
-"ਵੇ ਸ਼ੇਰਾ! ਮੈਂ ਤਾਂ ਇਉਂ ਝੁਰਦੀ ਐਂ ਬਈ ਕਿਤੇ ਪੁਲਸ ਫੇਰ ਨਾ ਆਜੇ-ਫੁੱਲ ਕਿਤੇ
ਵਿਚੇ ਈ ਨਾ ਰਹਿ ਜਾਣ? ਕਹਿੰਦੇ ਐ ਜੇ ਸਮੇਂ ਸਿਰ ਫੁੱਲ ਨਾ ਚੁਗੇ ਜਾਣ-ਬੰਦੇ ਦੀ ਗਤੀ
ਨ੍ਹੀ ਹੁੰਦੀ।" ਬੇਬੇ ਫਿਰ ਫਿ਼ੱਸ ਪਈ।
-"ਫੇਰ ਓਹੀ ਬੁੜ੍ਹੀਆਂ ਆਲੀ
ਗੱਲ ਬੇਬੇ! ਤੂੰ ਅਰਾਮ ਨਾਲ ਬੈਠ ਕੇ ਰੱਬ-ਰੱਬ ਕਰ-ਬਾਕੀ ਸਾਡਾ ਕੰਮ ਐਂ।" ਇੰਦਰ ਨੇ
ਕਿਹਾ।
-"ਵੇ ਔਤਰੇ ਰੱਬ ਨੂੰ ਕਿਹੜੀ
ਖੁਸ਼ੀ 'ਚ ਧਿਆਮਾਂ--?" ਬੇਬੇ ਦੀ ਅਵਾਜ਼ ਵਿਚ ਸਪੱਸ਼ਟ ਹੰਝੂ ਬੋਲ ਰਹੇ ਸਨ। ਉਸ ਦਾ
ਰੱਬ ਤੋਂ ਵਿਸ਼ਵਾਸ ਉਠ ਗਿਆ ਜਾਪਦਾ ਸੀ। ਗਾਲ੍ਹ ਕੱਢਣੋਂ ਉਹ ਸੰਕੋਚ ਕਰ ਗਈ।
-"ਅਖੀਰ ਨੂੰ ਤਾਂ ਉਹੀ
ਬਹੁੜਦੈ ਭਾਈ!" ਕਿਸੇ ਬਜੁਰਗ ਨੇ ਪਾਸਿਓਂ ਕਿਹਾ, "ਉਹਤੋਂ ਮੁਨੱਕਰ ਕਿਮੇਂ ਹੋ ਸਕਦੇ
ਐਂ? ਅਖੀਰ ਓਸੇ ਦੀ ਰਜਾ ਵਿਚ ਰਾਜੀ ਰਹਿਣਾ ਪੈਂਦੈ।" ਬਾਬਾ ਖੂੰਡੇ ਦੇ ਸਹਾਰੇ ਬੈਠਾ
ਸੀ।
ਇੰਦਰ ਅੰਦਰ ਚਲਾ ਗਿਆ।
ਸ਼ਾਮ ਤੱਕ ਫੁੱਲ ਚੁਗ ਲਏ ਗਏ।
ਫੁੱਲਾਂ ਵਾਲੀ ਪੋਟਲੀ ਘਰ ਦੇ ਬਾਹਰ ਇਕ ਦਰੱਖਤ 'ਤੇ ਟੰਗ ਦਿੱਤੀ ਗਈ। ਅਗਲੀ ਸਵੇਰ
ਫੁੱਲ ਲੈ ਕੇ ਗੰਗਾ ਨੂੰ ਤੁਰਨ ਦਾ ਫ਼ੈਸਲਾ ਕਰ ਲਿਆ। ਹਰ ਕੌਰ ਗੰਗਾ ਨਾਲ ਜਾਣ ਦੀ
ਜਿਦ ਕਰ ਰਹੀ ਸੀ। ਜੋ ਅਖੀਰ ਮੰਨ ਲਈ ਗਈ। ਉਹ ਨੂੰਹ ਅਤੇ ਪੋਤੀਆਂ ਦੀ ਹੱਥੀਂ 'ਗਤ'
ਕਰਵਾਉਣੀ ਆਪਣਾ ਧਰਮ ਅਤੇ ਫ਼ਰਜ਼ ਸਮਝਦੀ ਸੀ। ਉਹ ਨਹੀਂ ਚਾਹੁੰਦੀ ਸੀ ਕਿ ਉਸ ਦੀ
ਨੂੰਹ ਅਤੇ ਪੋਤੀਆਂ ਦੀਆਂ ਰੂਹਾਂ ਕਿਤੇ ਭਟਕਦੀਆਂ ਫਿਰਨ। ਵਾਰੀ ਤਾਂ ਹੁਣ ਹਰ ਕੌਰ ਦੀ
ਸੀ। ਪਰ ਵਿਚਾਰੀ ਉਲਟਾ ਆਪਣੀ ਨੂੰਹ ਅਤੇ ਪੋਤੀਆਂ ਦੀ ਗਤ ਕਰਵਾਉਂਦੀ ਫਿਰਦੀ ਸੀ। ਰੱਬ
ਵੀ ਕਿਤਨਾ ਕਹਿਰਵਾਨ ਹੈ! ਇਨਸਾਫ਼ ਨਹੀਂ ਕਰਦਾ!
-"ਹੇ ਰੱਬ ਸੱਚਿਆ! ਤੇਰੀਆਂ
ਕੁਦਰਤਾਂ ਐਂ।" ਹਾਉਕਾ ਲੈ ਕੇ ਹਰ ਕੌਰ ਚੁੱਪ ਕਰ ਗਈ। ਚੌਂਕੀਦਾਰ ਹੱਥ ਸਰਪੰਚ ਦਾ
ਸੱਦਾ ਆ ਗਿਆ।
ਕਰਮੇਂ ਸਮੇਤ ਸਾਰੇ ਸਰਪੰਚ ਦੇ
ਘਰ ਨੂੰ ਚੱਲ ਪਏ। ਸਰਪੰਚ ਪੱਖਾ ਛੱਡੀ ਬੈਠਕ ਵਿਚ ਬੈਠਾ ਸੀ।
-"ਆਓ ਬਈ ਕਾਮਰੇਡੋ--!" ਉਹ
ਬੜੇ ਤਪਾਕ ਨਾਲ ਮਿਲਿਆ। ਕੱਢਵੀਂ ਜੁੱਤੀ ਉਸ ਨੇ ਪਾਸੇ ਲਾਹ ਕੇ ਰੱਖੀ ਹੋਈ ਸੀ।
-"ਸਤਿ ਸ੍ਰੀ ਅਕਾਲ--!" ਸਾਰੇ ਸਾਂਝੇ ਬੋਲੇ।
-"ਆਓ ਬੈਠੋ--!" ਉਸ ਨੇ ਨਿਉਂ ਕੇ 'ਸਤਿ ਸ੍ਰੀ ਅਕਾਲ' ਮੰਨੀ ਅਤੇ ਜੁੱਤੀ ਫਿਰ ਪਾ
ਲਈ। ਸਾਰੇ ਬੈਠ ਗਏ।
-"ਜਾਹ ਉਏ ਟੈਟੋ ਆਬਦੀ ਚਾਚੀ
ਨੂੰ ਆਖ ਚਾਹ ਧਰੇ!" ਸਰਪੰਚ ਨੇ ਚੌਂਕੀਦਾਰ ਨੂੰ ਹੁਕਮ ਕੀਤਾ। ਟੈਟੋ ਚਲਾ ਗਿਆ।
-"ਕਾਮਰੇਡੋ ਥੋਨੂੰ ਤਾਂ ਪਤਾ
ਈ ਐ ਬਈ ਪੰਚੈਤ ਨੇ ਗੱਲ ਠੱਪਣ ਦੀ ਕਿੰਨੀ ਵਾਹ ਲਾਈ-ਪਰ ਸ਼ਰੀਕਾਂ ਨੇ ਡੰਡਾ ਚਾੜ੍ਹੀ
ਰੱਖਿਆ-।"
ਸਾਰੇ ਸੁਣ ਰਹੇ ਸਨ। ਸਰਪੰਚ
ਦੀ ਗੱਲ ਉਕਾ ਹੀ ਝੂਠ ਨਹੀਂ ਸੀ। ਕੋਈ ਵਾਕਿਆ ਹੀ ਸਰਪੰਚ ਵੱਲ ਉਂਗਲ ਨਹੀਂ ਉਠਾ ਸਕਦਾ
ਸੀ। ਸੱਚੇ ਬੰਦੇ 'ਤੇ ਕਾਹਦਾ ਰੰਜ?
-"ਪਰ ਮੱਲੋ! ਗੱਲ ਓਨੀ ਵਿਗੜੀ
ਨਹੀਂ-ਜਿੰਨਾਂ ਸ਼ਰੀਕਾਂ ਨੇ ਜੋਰ ਲਾਇਐ।" ਉਸ ਦਾ ਦਿਲ ਹਾਮੀਆਂ ਭਰ ਰਿਹਾ ਸੀ।
-"ਸਰਪੈਂਚਾ! ਜਿਹੜਾ ਸ਼ਰੀਕਾਂ
ਨੇ ਚੁਹਾਰ੍ਹਾ ਧਰਿਐ-ਦਿਸੀ ਜਾਂਦੈ-ਤੇ ਹੁਣ ਸਾਡੇ ਹੱਥ ਦੇਖੀਂ!" ਡਲਾ ਮਾਰ ਕੇ ਬੇਰ
ਵੱਲ ਝਾਕੀ ਜਾਣਾ, ਗਿੱਲ ਦੀ ਆਦਤ ਨਹੀਂ ਸੀ। ਉਹ ਕਿੱਕਰ ਤੋਂ ਕਾਟੋ ਲਾਹੁੰਣ ਦਾ
ਸ਼ੌਕੀਨ ਸੀ।
-"ਮਾੜਾ ਜਿਹਾ ਕਾਰਵਾਈ ਤੋਂ
ਵਿਹਲੇ ਹੋ ਲੈਣ ਦੇ ਸਰਪੈਂਚਾ! ਜੇ ਨਾ ਚੱਪਣੀਆਂ ਖਿੱਲਰਦੀਆਂ ਫਿਰੀਆਂ ਤਾਂ ਆਖੀਂ!"
ਬਰਾੜ ਬੋਲਿਆ। ਕੁੰਢੀ ਮੁੱਛ ਨੂੰ ਉਸ ਨੇ ਕਸੀਸ ਵੱਟ ਕੇ ਤਾਅ ਦਿੱਤਾ ਸੀ। ਜੜ੍ਹਾਂ
'ਚੋਂ ਤਣੇਂ ਖਿੱਚੇ ਗਏ ਸਨ।
-"ਜੇ ਨਾ ਬੱਕਰੇ ਮਾਂਗੂੰ
ਉਲੱਦ ਕੇ ਸਿੱਟਿਆ ਤਾਂ ਹੈਂ ਬਈ, ਸਾਨੂੰ ਕਾਮਰੇਡ ਕੌਣ ਕਹੂ?" ਇੰਦਰ ਨੇ ਮੱਲੋਮੱਲੀ
ਹੁੰਗਾਰਾ ਭਰਵਾਉਣ ਦਾ ਯਤਨ
ਕੀਤਾ। ਲੰਡੇ ਨੂੰ ਮੀਣਾਂ ਸੌ ਕੋਹ ਦਾ ਵਲ ਪਾ ਕੇ ਮਿਲਿਆ ਹੋਇਆ ਸੀ।
-"ਇਹ ਗੱਲਾਂ ਬਾਅਦ ਦੀਆਂ
ਨੇ-ਤੁਸੀਂ ਹੁਣ ਦੀ ਸੋਚੋ!" ਸਰਪੰਚ ਨੇ ਗੱਲ ਕੱਟੀ। ਚਾਦਰੇ ਦਾ ਲੜ ਉਸ ਨੇ ਖੁੱਚਾਂ
ਹੇਠ ਦੱਬ ਲਿਆ ਸੀ।
-"ਹੈਂ ਬਈ! ਤੁਸੀਂ ਹਮੇਸ਼ਾ
ਸਾਡੇ ਪੱਖ ਦੀ ਗੱਲ ਕੀਤੀ ਐ-ਤੁਸੀਂ ਆਖੋਂ-ਅਸੀਂ ਫਾਹੇ ਲੱਗਣ ਨੂੰ ਤਿਆਰ ਐਂ।" ਇੰਦਰ
ਨੇ ਕੱਢ ਕੇ ਜਿਵੇਂ ਤਲੀ 'ਤੇ ਰੱਖ ਲਈ ਸੀ। ਮੈਦਾਨ ਵਿਚ ਖੜ੍ਹਾ ਉਹ ਜਿਵੇਂ ਬਹੁੜੀਆਂ
ਪਾਈ ਜਾ ਰਿਹਾ ਸੀ।
-"ਆਪਾਂ ਬੰਦਾ ਪੇਸ਼ ਕਰੋ ਤੇ
ਮਗਰ ਕਰੋ ਤਕੜੀ ਪੈਰਵਾਈ-ਫੇਰ ਕਿਤੇ ਜਾ ਕੇ ਤਣ ਪੱਤਣ ਲੱਗਾਂਗੇ।" ਸਰਪੰਚ ਨੇ ਅਸਲੋਂ
ਸੱਚੀ ਗੱਲ ਆਖੀ। ਬਾਂਦਰ-ਵੰਡ ਦੇ ਵਿਚ ਉਹ ਕਦੇ ਨਹੀਂ ਪੈਂਦਾ ਸੀ। ਸਾਰੇ ਚੁੱਪ ਹੋ
ਗਏ।
-"ਜਿੱਥੇ ਸਰਪੈਂਚਾ ਉਹ
ਮਰਗੀ-ਉਥੇ ਮੈਂ ਮਰਜੂੰ-ਕੀ ਫਰਕ ਪੈਂਦੈ? ਤੁਸੀਂ ਗੱਲ ਕਿਸੇ ਸਿਰੇ ਲਾਓ।" ਕਰਮੇਂ ਨੇ
ਕਿਹਾ। ਉਹ ਢੇਰੀ ਢਾਹੀ ਬੈਠਾ ਸੀ।
-"ਗੱਲ ਘਰ 'ਚ ਈ ਨਿੱਬੜ ਜਾਣੀ
ਸੀ-ਜੇ ਨ੍ਹੇਰੀ ਨਾ ਕੋਈ ਚੱਕ ਚੱਕਦਾ।" ਸਰਪੰਚ ਦਿਲੋਂ ਉਧੜ੍ਹੀ ਜਾ ਰਿਹਾ ਸੀ।
-"ਪਹਿਲਾਂ ਉਹਦੇ ਆਲਾ ਨਾ ਟੈਂਟਾ ਨਬੇੜੀਏ?" ਗਿੱਲ ਫਿਰ ਹਿੱਲ ਪਿਆ।
-"ਸਿੱਧਾ ਈ ਕਮਲ ਮਾਰੋਂਗੇ-ਸਿਆਣਾ ਬੰਦਾ ਉਹ ਜਿਹੜਾ ਮੌਕਾ ਸਾਂਭਲੇ।" ਸਰਪੰਚ ਨੇ ਮੱਤ
ਦਿੱਤੀ।
-"ਜਿਮੇਂ ਕਹੋਂ ਕਰ ਲੈਨੇਂ ਐਂ।" ਬਰਾੜ ਨੇ ਅਖੀਰਲੀ ਸੁਣਨੀ ਚਾਹੀ।
-"ਕੇਸ ਮਸਾਂ ਈ ਦਫ਼ਾ ਤਿੰਨ
ਸੌ ਦੋ ਕਟਾ ਕੇ ਤਿੰਨ ਸੌ ਛੇ ਦਾ ਬਣਾਇਐ-ਬੰਦਾ ਪੇਸ਼ ਕਰ ਦਿਆਂਗੇ-ਪੁਲਸ ਦੇ ਮੂੰਹ
ਮੱਥੇ ਲੱਗਣ ਜੋਗੇ ਰਹਿਜਾਂਗੇ-ਨਹੀਂ ਪੁਲਸ ਕੀਹਦੀ ਮਿੱਤ ਐ? ਫ਼ਸਲਾਂ ਉਜਾੜੂ-ਪਸ਼ੂ
ਖੋਹਲੂ-ਬੀਹ ਕੁਛ ਕਰੂ! ਇਹਨਾਂ ਮੂਹਰੇ ਕਿਹੜਾ ਕੋਈ ਜੋਰ ਐ? ਬਾਹਲਾ ਗਿਆ ਅੱਤਬਾਦੀ
ਬਣਾ ਧਰਨਗੇ---!" ਸਰਪੰਚ ਦੀਆਂ ਗੱਲਾਂ ਨੇ ਉਹਨਾਂ ਨੂੰ ਕੀਲ ਲਿਆ ਸੀ। ਝੂਠ ਬੋਲਣ
ਅਤੇ ਲਾਰਾ ਲਾਉਣ ਵਾਲਾ ਸਰਪੰਚ ਹੈ ਨਹੀਂ ਸੀ।
ਖ਼ੈਰ! ਅਗਲੀ ਸਵੇਰ ਬੰਦਾ
ਪੇਸ਼ ਕਰਨ ਦਾ ਫ਼ੈਸਲਾ ਹੋ ਗਿਆ। ਸਾਰੀ ਜਿੰਮੇਵਾਰੀ ਸਰਪੰਚ ਨੇ ਓਟੀ। ਜੁਆਕਾਂ ਦੇ
ਮਿੱਟੀ ਦੇ ਬਾਵੇ ਬਣਾਉਣ ਵਾਂਗ, ਉਹ ਸਕੀਮਾਂ ਢਾਹ-ਢਾਹ ਕੇ ਬਣਾ ਰਹੇ ਸਨ।
ਚਾਹ ਆ ਗਈ।
ਚਾਹ ਪੀਤੀ ਗਈ।
ਸਵੇਰੇ ਸਾਝਰੇ ਮਿਲਣ ਦਾ
ਵਾਅਦਾ ਸਰਪੰਚ ਨਾਲ ਕਰਕੇ ਸਾਰੇ ਚਲੇ ਗਏ। ਸਰਪੰਚ ਦੇ ਸਿਰੋਂ ਜਿਵੇਂ ਮਣਾਂਮੂੰਹੀਂ
ਭਾਰ ਲੱਥ ਗਿਆ ਸੀ। ਸਾਰੇ ਪਿੰਡ ਦੀ ਜਿੰਮੇਵਾਰੀ ਨਿਭਾਉਣੀ ਉਹ ਆਪਣਾ ਪਹਿਲਾ ਫ਼ਰਜ਼
ਸਮਝਦਾ ਸੀ। |