ਸੂਰਜ ਦੀ ਪਹਿਲੀ ਕਿਰਨ ਨਾਲ ਹੀ ਪੁਲਸ ਮਾਣੂੰਕੀਂ
ਪਹੁੰਚੀ। ਸਾਰਾ ਪਿੰਡ ਹੀ ਅਸਚਰਜ ਸੀ। ਸਾਰਾ ਠਾਣਾ ਹੀ ਉਲਰ ਕੇ ਜਿਵੇਂ ਮਾਣੂੰਕੀਂ
ਢੇਰੀ ਹੋ ਗਿਆ ਸੀ। ਪੁਲਸ ਆਹਣ ਵਾਂਗ ਉਤਰ ਆਈ ਸੀ।
-"ਜਨਾਬ ਹੁਣ ਕਾਹਦੇ ਆਸਤੇ
ਖੇਚਲ ਕੀਤੀ?" ਹੱਥ ਜੋੜੀ ਚੌਂਕੀਦਾਰ ਪੁੱਛ ਰਿਹਾ ਸੀ। ਉਹ ਬਗੈਰ ਵਲ ਤੋਂ ਠਾਣੇਦਾਰ
ਦੇ ਸਾਹਮਣੇ ਖੜ੍ਹਾ ਸੀ।
-"ਸਾਰਾ ਪਿੰਡ ਈ
ਗੁੰਡੈ-ਜਿਹੜਾ ਨਿੱਤ ਸਾਡੀ ਭੈਣ ਦੀ---ਦੇਈ ਰੱਖਦੈ!" ਹੌਲਦਾਰ ਨੇ ਉਤਰ ਮੋੜਿਆ।
-"ਫੇਰ ਵੀ ਹਜੂਰ? ਕੋਈ ਹੁਕਮ ਤਾਂ ਕਰੋ?" ਚੌਂਕੀਦਾਰ ਨੂੰ ਲੱਲ ਨਹੀਂ ਲੱਗ ਰਿਹਾ ਸੀ
ਕਿ ਉਹ ਕਿਸ ਨੂੰ ਬੁਲਾ ਕੇ ਲਿਆਵੇ?
-"ਪੰਚੈਤ 'ਕੱਠੀ ਕਰੋ!" ਹੁਕਮ
ਹੋ ਗਿਆ। ਮਧਰੇ ਜਿਹੇ ਕੱਦ ਦਾ ਹੌਲਦਾਰ ਮੂੰਗਰਿਆਂ ਵਰਗੀਆਂ ਮੁੱਛਾਂ ਨੂੰ ਛਾਂਟੇ ਮਾਰ
ਰਿਹਾ ਸੀ। ਉਸ ਦੀ ਬਾਜ਼ ਵਰਗੀ ਨਜ਼ਰ ਸੀਤ ਕੱਢਦੀ ਸੀ।
ਹੈਰਾਨ ਜਿਹੀ ਹੋ ਕੇ ਪੰਚਾਇਤ ਇਕੱਤਰ ਹੋ ਗਈ।
-"ਦੁੱਧ ਛਕੋਂਗੇ ਹਜੂਰ?" ਨੰਬਰਦਾਰ ਹਾਜ਼ਰ ਸੀ।
-"ਦੁੱਧ ਦੀ ਲੋੜ ਨਹੀਂ-ਬੰਦਾ ਹਾਜਰ ਕਰੋ!" ਠਾਣੇਦਾਰ ਨੇ ਕਿਹਾ।
ਨੰਬਰਦਾਰ ਚੁੱਪ ਹੋ ਗਿਆ।
-"ਬੰਦਾ, ਬੰਦੇ ਆਲੇ ਹਾਜਰ
ਕਰਨ! ਮੈਂ ਤਾਂ ਜਿੰਨੀ ਜੋਗਾ ਹਾਂ-ਸਾਹਮਣੇ ਆਂ!" ਨੰਬਰਦਾਰ ਅੰਦਰੋਂ ਸੋਚ ਰਿਹਾ ਸੀ।
ਉਹ ਤਨੋਂ-ਮਨੋਂ ਨ੍ਹੇਰੀ ਨੂੰ ਥਾਪੀਆਂ ਦੇਈ ਜਾ ਰਿਹਾ ਸੀ। ਨ੍ਹੇਰੀ ਨਰ ਬੰਦਾ ਹੋ
ਨਿੱਬੜਿਆ ਸੀ। ਜੋ ਇਕੱਲਾ ਹੀ ਸਾਰੇ ਪਿੰਡ ਦੀ ਪੂਛ ਚੁਕਾਈ ਫਿਰਦਾ ਸੀ।
-"ਵਾਹ ਉਏ ਨ੍ਹੇਰੀ! ਲਾਅਤੀ
ਅੱਗ-ਹੁਣ ਛੇਤੀ ਕੀਤੇ ਨ੍ਹੀ ਬੁਝਦੀ! ਮਰਦ ਹੋਣ ਤਾਂ ਤੇਰੇ ਅਰਗੇ! ਮਿੰਟਾਂ 'ਚ
ਕਾਮਰੇਟੀ ਘੋਲਤੀ-ਨਹੀਂ ਤਾ ਪਤਿਆਉਰ੍ਹੇ ਸੜੇ ਵੇ ਜੱਟ ਰੱਬ 'ਤੇ ਹੋ ਹੋ ਕੇ ਬੁੱਕਦੇ
ਸੀ-ਨਹੀਂ ਰੀਸਾਂ ਮਾਂ ਦੇ ਸ਼ੇਰ ਦੀਆਂ--!" ਨੰਬਰਦਾਰ ਅੰਦਰੋ ਅੰਦਰੀ ਬਾਂਦਰ ਵਾਂਗ
ਲਾਚੜਿਆ ਹੋਇਆ ਸੀ।
ਸਰਪੰਚ ਪਹੁੰਚ ਗਿਆ।
ਸਾਰੇ ਪਿੰਡ ਦੇ ਸਾਹਮਣੇ ਹੀ
ਠਾਣੇਦਾਰ ਨੇ ਉਸ ਨੂੰ ਐੱਫ਼ ਆਈ ਆਰ ਦੀ 'ਨਕਲ' ਦਿਖਾਈ। ਸਰਪੰਚ ਦੇ ਹੋਸ਼ ਉੱਡ ਗਏ।
ਉਸ ਨੂੰ ਆਪਣੇ ਹੀ ਪੈਰ ਘੁਕਦੇ ਦਿਸੇ। ਪਰ ਉਹ ਸੰਭਲਿਆ।
-"ਠਾਣੇਦਾਰ ਸਾਹਬ-ਇੱਕ ਬੇਨਤੀ ਕਰਾਂ?" ਸਰਪੰਚ ਜਿਵੇਂ ਕਿਸੇ ਪਹਾੜ੍ਹ ਉਹਲਿਓਂ ਡੂੰਘਾ
ਜਿਹਾ ਬੋਲਿਆ ਸੀ।
-"ਹੁਕਮ ਕਰੋ---!" ਠਾਣੇਦਾਰ ਸਰਪੰਚ ਨਾਲ ਮਿੱਠਾ-ਸ਼ੱਕਰ ਹੋਇਆ ਪਿਆ ਸੀ। ਜਿਵੇਂ
ਸਰਪੰਚ ਉਸ ਦਾ ਬਾਪੂ ਲੱਗਦਾ ਸੀ।
-"ਪਰਚਾ ਲਿਖਿਆ ਈ ਐ ਜਾਂ ਕੱਟ ਵੀ ਦਿੱਤਾ?" ਉਸ ਨੇ ਮੋਟੀ ਘੁੰਡੀ ਫੜੀ।
-"ਲਿਖਿਆ ਈ ਐ-ਕੱਟਿਆ ਨਹੀਂ!" ਠਾਣੇਦਾਰ ਨੇ ਸਾਫ਼ ਸਿੱਧਾ ਜਵਾਬ ਦਿੱਤਾ।
-"ਫੇਰ ਇੱਕ ਕ੍ਰਿਪਾ ਜਰੂਰ ਕਰੋ!"
-"ਦੱਸੋ?"
-"ਤਿੰਨ ਸੌ ਦੋ ਨਹੀਂ-ਕੋਈ ਹੋਰ ਦਫ਼ਾ ਲਾ ਦਿਓ।" ਕਤਲਾਂ ਵਿਚ ਹੰਢਿਆ ਹੋਇਆ ਸਰਪੰਚ
ਠਾਣੇਦਾਰ ਨੂੰ ਵਲੀ ਤੁਰਿਆ ਆ ਰਿਹਾ ਸੀ।
ਕਾਫ਼ੀ ਦੇਰ ਮਾਹੌਲ ਗੰਭੀਰ ਬਣਿਆ ਰਿਹਾ।
ਠਾਣੇਦਾਰ ਨੂੰ 'ਹੂੰ-ਹਾਂ'
ਤੋਂ ਬਿਨਾ ਕੁਝ ਸੁੱਝ ਨਹੀਂ ਰਿਹਾ ਸੀ। ਉਸ ਨੇ ਆਪਣੇ ਲਿਸ਼ਕਦੇ ਬੂਟਾਂ 'ਤੇ ਰੂਲ ਨਾਲ
ਮਿੱਟੀ ਝਾੜੀ।
-"ਹੁਣ ਦੱਸੋ ਸਾਨੂੰ ਕਿਹੜੀ
ਵੀਹੀ ਕੱਢਦੇ ਐਂ?" ਸਰਪੰਚ ਨੇ ਪੈਂਤਰੇ ਦੀ ਆਖਰੀ ਧੌਲ ਮਾਰੀ।
-"ਇਕ ਘੁੰਡੀ ਹੈ-!" ਉਸ ਨੇ ਮੰਜੇ ਦੇ ਸੇਰੂ 'ਤੇ ਰੂਲ ਖੜਕਾਇਆ।
-"ਬੋਲੋ--?"
-"ਦਫ਼ਾ ਤਿੰਨ ਸੌ ਦੋ ਕੱਟ ਕੇ ਤਿੰਨ ਸੌ ਛੇ ਲਾ ਦਿੰਨੇ ਐਂ-ਪਰ ਮੁਣਸ਼ੀ ਮੁਸੱਦਿਆਂ
ਦਾ ਮੂੰਹ ਬੰਦ ਕਰਨਾ ਪਊ!" ਉਹ ਕੰਮ ਦੀ ਗੱਲ ਕਰਨ ਦੇ ਨਾਲ ਨਾਲ ਘੁਮਿਆਰੀ ਦੇ ਭਾਂਡੇ,
ਸਰਪੰਚ ਨੂੰ ਟੁਣਕਾ ਕੇ ਦੇਖ ਰਿਹਾ ਸੀ।
-"ਤੁਸੀਂ ਮੂੰਹ ਬੰਦ ਕਰਨ ਦੀ
ਗੱਲ ਕਰਦੇ ਓਂ-ਅਸੀਂ ਲਾ ਦਿਆਂਗੇ ਥੋਬੇ! ਪਰ ਤੁਸੀਂ ਇਹ ਤਾਂ ਦੱਸੋ ਬਈ ਦਫ਼ਾ ਤਿੰਨ
ਸੌ ਛੇ ਹੁੰਦੀ ਕੀ ਬਲਾਅ ਐ?" ਸਰਪੰਚ ਟਾਸ ਪਾਉਣ ਦੇ ਹੱਕ ਵਿਚ ਨਹੀਂ ਸੀ। ਉਹ ਸਿੱਕੇ
ਦਾ ਇਕ ਪਾਸਾ ਹੀ ਦੇਖਣਾ ਚਾਹੁੰਦਾ ਸੀ। ਦੇਰ ਹਨ੍ਹੇਰ ਸੀ।
-"ਦਫ਼ਾ ਤਿੰਨ ਸੌ ਛੇ ਦਾ
ਮਤਲਬ ਹੁੰਦੈ ਬਈ ਕਿਸੇ ਨੂੰ ਮਰਨ ਲਈ ਕੰਪੈੱਲ ਕਰਨਾ।"
-"ਕੀ ਕਰਨਾ?"
-"ਕਿਸੇ ਨੂੰ ਤੰਗ ਕਰਕੇ ਮਰਨ ਲਈ ਮਜ਼ਬੂਰ ਕਰਨਾ।"
-"----।"
-"ਇਸ ਤੋਂ ਵੱਧ ਸਰਪੰਚ ਸਾਹਬ ਮੈਂ ਕੁਛ ਨਹੀਂ ਕਰ ਸਕਦਾ-ਮੈਂ ਵੀ ਬਾਲ ਬੱਚੜਦਾਰ
ਐਂ-ਮਜ਼ਬੂਰ ਐਂ।" ਠਾਣੇਦਾਰ ਨੇ ਦੋਨੋਂ ਹੱਥ ਚੁੱਕ ਦਿੱਤੇ। ਉਹ ਝੀਥ ਵਿਚ ਮੱਲੋਮੱਲੀ
ਇੱਟ ਠੋਕੀ ਆ ਰਿਹਾ ਸੀ।
-"ਥੋਡੇ ਖਿਆਲ 'ਚ ਸਜਾ ਕਿੰਨੀ ਕੁ ਹੋ ਸਕਦੀ ਐ?"
-"ਕੁਛ ਕਹਿ ਨਹੀਂ ਸਕਦੇ-ਪਰ ਬਰੀ ਵੀ ਹੋ ਸਕਦੈ।" ਠਾਣੇਦਾਰ ਸੱਚ ਨਾਲੋਂ ਚਲਾਕੀ ਵੱਧ
ਵਰਤ ਗਿਆ ਸੀ।
-"ਖ਼ੈਰ ਜਨਾਬ! ਥੋਡੀ ਮਰਜੀ ਐ-ਪਰ ਮੁੰਡਾ ਹੈ ਬਿਲਕੁਲ ਬੇਕਸੂਰ।" ਸਰਪੰਚ ਨੇ ਆਖਰੀ
ਸੱਚ ਸੁਣਾਇਆ।
-"ਗੱਲ ਕੰਨੋਂ ਕੰਨੀਂ ਬਹੁਤ ਦੂਰ ਤੱਕ ਪਹੁੰਚ ਚੁੱਕੀ ਐ-ਹੁਣ ਵੇਲਾ ਹੱਥੋਂ ਨਾ ਗੁਆਓ
ਸਰਦਾਰੋ! ਬੰਦਾ ਪੇਸ਼ ਕਰ ਦਿਓ-ਮੈਂ ਦਫ਼ਾ ਤਿੰਨ ਸੌ ਛੇ ਤੋਂ ਵੱਧ ਨਹੀਂ ਲਾਉਂਦਾ।"
ਸਰਪੰਚ ਦੇ ਛਾਂਟਿਆਂ ਤੋਂ ਬਚਦਾ ਬਚਦਾ ਠਾਣੇਦਾਰ ਫਿਰ ਵੀ ਕੰਮ ਦੀ ਗੱਲ ਕਰ ਗਿਆ।
-"ਠਾਣੇਦਾਰ ਸਾਹਬ-ਵਾਅਦਾ ਰਿਹਾ?"
-"ਬਿਲਕੁਲ!"
ਦੋਨਾਂ ਨੇ ਹੱਥ ਮਿਲਾਏ।
ਲਾਗ-ਡਾਟ ਵਾਲਿਆਂ ਦਾ ਸੀਤ ਨਿਕਲ ਗਿਆ।
-"ਬੰਦਾ ਪੇਸ਼ ਕਦੋਂ
ਕਰੋਂਗੇ?" ਠਾਣੇਦਾਰ ਨੇ ਜਾਂਦੇ ਸਰਪੰਚ ਦੀ ਜਿਵੇਂ ਪੂਛ ਫੜ ਕੇ ਪੁੱਛਿਆ ਸੀ।
-"ਕੱਲ੍ਹ ਨੂੰ ਈ ਲਓ ਜਨਾਬ! ਉਹਨੂੰ ਤਾਂ ਵਿਚਾਰੇ ਨੂੰ ਘਰਦਿਆਂ ਨੇ ਮੌਤਾਂ ਬਾਰੇ ਵੀ
ਨ੍ਹੀ ਦੱਸਿਆ-ਪੁਲਸ ਦੀ ਅੱਖ ਤੋਂ ਬਚਾਉਣ ਵਾਸਤੇ।"
-"ਖ਼ੈਰ! ਬੰਦਾ ਪੇਸ਼ ਕਰ ਦਿਓ!"
ਪੁਲਸ ਵਿਦਾਅ ਹੋ ਗਈ।
ਰਾਤ ਨੂੰ ਨ੍ਹੇਰੀ ਅਤੇ
ਨੰਬਰਦਾਰ ਪੀ ਰਹੇ ਸਨ। ਘਰ ਦੀ ਕੱਢੀ ਦਾਰੂ ਉਹਨਾਂ ਅੰਦਰ ਭੰਦਰੋਲ ਪਾਈ ਫਿਰਦੀ ਸੀ।
ਨਸ਼ਾ ਖਿੜੇ ਦੇ ਬਾਵਜੂਦ ਵੀ ਉਹ ਗੰਭੀਰ ਸਨ। ਸਮੁੱਚੀ ਸੋਚ ਉਹਨਾਂ ਦੇ ਦਿਲ-ਦਿਮਾਗ
'ਤੇ ਭਾਰੂ ਸੀ। ਕੱਚੇ-ਪੱਕੇ ਜਿਹੇ ਨਸ਼ੇ ਵਿਚ ਉਹ ਦੁਖੀ ਜਿਹੇ ਨਜ਼ਰ ਆ ਰਹੇ ਸਨ।
-"ਆਪਾਂ ਤਾਂ ਕੋਈ ਕਸਰ ਨ੍ਹੀਂ
ਛੱਡੀ ਸੀ-ਪਰ ਸਰਪੈਂਚ ਨ੍ਹੀਂ ਪੱਟੀ ਬੱਝਣ ਦਿੰਦਾ ਚਾਚਾ!" ਆਖਰ ਨ੍ਹੇਰੀ ਨੇ ਚੁੱਪ
ਤੋੜੀ। ਉਸ ਦੇ ਸਬਰ ਦਾ ਪਾਣੀ ਸਿਰ ਉਪਰੋਂ ਦੀ ਵਗਣ ਲੱਗ ਪਿਆ ਸੀ।
-"ਕੀ ਕਰੀਏ-ਸਾਲੀ ਕੋਈ ਸਮਝ
ਨ੍ਹੀਂ ਆਉਂਦੀ।" ਨੰਬਰਦਾਰ ਨੇ ਉਦਾਸੀ ਵਿਚ ਸਿਰ ਮਾਰਿਆ। ਉਹ ਵਾੜ ਵਿਚ ਫ਼ਸੇ ਬਿੱਲੇ
ਵਾਂਗ ਝਾਕ ਰਿਹਾ ਸੀ। ਉਸ ਦੇ ਖੁਸ਼ਕ ਜਿਹੇ ਚਿਹਰੇ ਤੋਂ ਸਿੱਕਰੀ ਦੇ ਲਿਉੜ ਡਿੱਗ ਰਹੇ
ਸਨ।
-"ਚਾਚਾ, ਹੋਰ ਸਭ ਕੁਛ ਤਾਂ
ਰਿਹਾ ਇਕ ਪਾਸੇ-ਜੇ ਜੱਟ ਬਰੀ ਹੋ ਗਿਆ ਤਾਂ ਆਪਣੇ ਆਲਾ ਘੋਗਾ ਜਰੂਰ ਚਿੱਤ ਕਰਨਗੇ।"
ਨ੍ਹੇਰੀ ਅੰਦਰੋਂ ਮੋਕੋ-ਮੋਕ ਹੋਇਆ ਪਿਆ ਸੀ। ਉਸ ਦਾ ਸਰੀਰ 'ਟੱਸ' ਨਹੀਂ ਫੜਦਾ ਸੀ।
-"ਤੂੰ 'ਦਾਸ ਕਿਉਂ ਹੁੰਨੈਂ?
ਚਾਰ ਮਾਰਾਂਗੇ ਲਫ਼ੜੇ ਸਾਲਿਆਂ ਦੇ-ਕੀ ਉਹ ਸਾਹਣ ਐਂ?" ਨੰਬਰਦਾਰ ਨ੍ਹੇਰੀ ਦਾ ਦਿਲ
ਧਰਾ ਰਿਹਾ ਸੀ।
-"----।"
-"ਜਿੰਨਾਂ ਚਿੱਤ ਹੌਲਾ
ਕਰੇਂਗਾ-ਉਨੇ ਈ ਉਹ ਗਲ 'ਤੇ ਚੜ੍ਹਨਗੇ-ਡਰੇ ਆਦਮੀ ਨੂੰ ਕੁੱਤਾ ਬਾਹਲੇ ਹੱਲੇ ਕਰ ਕਰ
ਪੈਂਦੈ-ਆਕੜ ਕੇ ਖੜ੍ਹਜਾ-ਜਮਾਂ ਈ ਨ੍ਹੀ ਵੱਢਦਾ।" ਨੰਬਰਦਾਰ ਨੇ ਦਲੀਲ ਦੇ ਕੇ ਉਸ ਦਾ
ਦਿਲ ਟਿਕਾਣੇ ਲਿਆਉਣ ਦੀ ਕੋਸ਼ਿਸ਼ ਕੀਤੀ।
-"ਜੇ ਕਰਮਾਂ ਬਰੀ ਹੋ
ਗਿਆ-ਫੇਰ ਕੀ ਕਰਾਂਗੇ?"
-"ਤੂੰ ਕਿਉਂ ਬਾਧੂ ਨੀਕਰ
ਲਬੇੜੀ ਜਾਨੈਂ? ਬਾਹਲਾ ਗਿਆ ਅਸਲਾ ਉਸਲਾ ਪੁਆ ਦਿਆਂਗੇ ਸਾਲਿਆਂ 'ਤੇ!"
-"ਚਾਚਾ ਮੈਂ ਤਾਂ ਬਾਹਲਾ ਈ
ਕਲੋਟਾ ਫਸ ਗਿਆ-ਹੁਣ ਤਾਂ ਸੱਪ ਦੇ ਮੂੰਹ ਕੋਹੜ ਕਿਰਲੀ ਆਈ ਵੀ ਐ-ਜੇ ਖਾਂਦੈ
ਕੋਹੜੀ-ਛੱਡਦੈ ਕਲੰਕੀ!" ਨ੍ਹੇਰੀ ਨੂੰ ਚਾਰ-ਚੁਫ਼ੇਰੇ ਹਨ੍ਹੇਰ ਹੀ ਨਜ਼ਰ ਆ ਰਿਹਾ ਸੀ।
-"ਫਿੱਟ੍ਹੇ ਮੂੰਹ ਭੈਣ ਦੇ
ਮੁੰਡਿਆਂ ਈ ਯ੍ਹਾਵਾ! ਜਿੱਦੇਂ ਜੰਮਿਆਂ ਹੋਊ ਬੁੜ੍ਹੀ ਡੰਡ ਬੈਠਕਾਂ ਕੱਢਦੀ ਫਿਰਦੀ
ਹੋਊ-ਮੇਰੇ ਬੁੱਕਣ ਸਿਉਂ ਜੰਮਿਐਂ! ਤੇ ਬੁੱਕਣ ਸਿਉਂ ਬਣਿਆ ਬੈਠੇ ਬੋਂਡੀ!" ਨੰਬਰਦਾਰ
ਨੇ ਨ੍ਹੇਰੀ 'ਤੇ ਨੱਕ ਚੜ੍ਹਾਇਆ। ਜਿਵੇਂ ਉਹ ਉਸ ਨੂੰ ਬੰਦਾ ਹੀ ਨਹੀਂ ਸਮਝ ਰਿਹਾ ਸੀ।
-"ਗੱਲ ਸੁਣ ਉਏ ਜਨਾਨਿਆਂ!
ਹੁਣ ਤਾਂ ਗੌਰਮਿੰਟ ਦੇ ਐਡੇ ਐਡੇ ਕਾਨੂੰਨ ਐਂ-ਬੰਦਾ ਭਾਲਿਆ ਨਾ ਥਿਆਵੇ।"
ਬੁੱਕਣ ਸੁਣ ਰਿਹਾ ਸੀ।
-"ਹੁਣ ਤਾਂ ਮਾੜੀ ਜੀ ਪੁਲਸ
ਦੇ ਕੰਨ 'ਚ ਫੂਕ ਮਾਰ ਬਈ ਇਹਨਾਂ ਕੋਲੇ ਅੱਤਬਾਦੀ ਆਉਂਦੇ ਐ-ਲੈ ਟਾਡਾ ਅਧੀਨ ਸਿੱਧਾ
ਅੰਦਰ ਕੀਤਾ-ਜਦੋਂ ਬੰਦਾ ਟਾਡਾ ਅਧੀਨ ਗ੍ਰਿਫਦਾਰ ਹੋ ਗਿਆ ਤਾਂ ਸਿੱਧਾ ਧਰਮਰਾਜ ਮੂਹਰੇ
ਈ ਜਾ ਕੇ ਅੱਖਾਂ ਖੋਲ੍ਹਦੈ-ਏਥੇ ਕਹਿੰਦੀ ਰੁੜ੍ਹ ਗਏ ਕਲਗੀਆਂ ਵਾਲੇ ਰੋਂਦੀ ਐ ਕਾਲੇ
ਚੰਮ ਨੂੰ-ਅਗਲਿਆਂ ਨੇ ਵਕੀਲ ਗੁੰਮ ਕਰਤੇ-ਤੂੰ ਇਹਨਾਂ ਕਛਨੀਆਂ 'ਚ ਮੂਤਣ ਆਲਿਆਂ ਦੀ
ਗੱਲ ਕਰਦੈਂ?" ਨੰਬਰਦਾਰ ਕੌੜ ਬੋਤੇ ਵਾਂਗ ਬੁੱਕਿਆ ਸੀ।
-"----।"
-"ਗਧੇ ਨੂੰ ਦਿੰਦੇ ਸੀ ਨੂਣ
ਕਹਿੰਦਾ ਮੇਰੇ ਕੰਨ ਪਾੜਦੇ ਐ-ਮੈਂ ਤੇਰੇ ਨਾਲ ਗੱਲ ਕਰਦੈਂ-ਹੁੰਗਾਰਾ ਤਾਂ ਭਰ-ਘੁੱਗੂ
ਈ ਹੋ ਗਿਐਂ!"
-"ਦੇਖ ਲੈ ਚਾਚਾ।"
-"ਕਹਿੰਦੇ ਐ ਕਿਸੇ ਨੇ ਝੋਟੇ
ਨੂੰ ਪੁੱਛਿਆ ਸੀ-ਅਖੇ ਬੜ੍ਹਕ ਮਾਰਦੈਂ? ਕਹਿੰਦਾ ਮੈਂ ਸਾਹਨ ਐਂ-ਤੇ ਫੇਰ ਕਹਿੰਦਾ ਮੋਕ
ਮਾਰਦੈਂ? ਕਹਿੰਦਾ ਅਖੇ ਬਾਣੀਆਂ ਦਾ ਛੱਡਿਆ ਹੋਇਐਂ-ਮਰਦ ਬਣ ਮਰਦ! ਤੀਮੀਆਂ ਆਲੀ ਗੱਲ
ਨਾ ਕਰ-ਨਾਲੇ ਟੰਗਾਂ ਚੁਕਾਈ ਜਾਣੀਆਂ ਤੇ ਨਾਲੇ ਰੋਅਬ ਰੱਖਣਾ-ਜੇ ਆਕੜ ਕੇ ਘੁਲਾੜ੍ਹੀ
'ਚ ਹੱਥ ਦੇ ਦੇਈਏ-ਫੇਰ 'ਸੀ' ਨਾ ਕਰੀਏ-ਜੇ ਉਖਲੀ 'ਚ ਸਿਰ ਦੇ ਈ ਦਿੱਤਾ ਤਾਂ ਹੁਣ
ਸੱਟਾਂ ਤੋਂ ਨਾ ਡਰ!" ਨੰਬਰਦਾਰ ਨੇ ਨ੍ਹੇਰੀ ਨੂੰ ਥਾਪੀ ਦਿੱਤੀ।
ਨ੍ਹੇਰੀ ਨੇ ਕੁਝ ਕੁ ਜਲਾਲ
ਫੜਿਆ।
-"ਉਏ ਧੱਤੂਆ ਬੋਤਲ ਲਿਆ!"
ਨੰਬਰਦਾਰ ਨੇ ਆਪਣੇ ਸੀਰੀ ਨੂੰ ਆਖਿਆ। ਧੱਤੂ ਬੋਤਲ ਲਿਆ ਕੇ ਰੱਖ ਗਿਆ। ਗੰਗਾ ਜਲ
ਵਰਗੀ ਘਰ ਦੀ ਕੱਢੀ ਦਾਰੂ ਆਪਣੀ ਮਿਸਾਲ ਆਪ ਸੀ। ਸੋਲ੍ਹਾਂ ਬੋਤਲਾਂ ਵਿਚੋਂ ਧੱਤੂ ਨੇ
ਦੁਬਾਰਾ ਕੱਢ ਕੇ ਚਾਰ ਬੋਤਲਾਂ ਬਣਾਈਆਂ ਸਨ। ਦਾਰੂ ਨਿਰੀ ਲਾਟ ਵਰਗੀ ਸੀ।
-"ਭਤੀਜ! ਫਿਕਰ ਕਾਹਦਾ
ਕਰਦੈਂ? ਲੈ ਪੀ!" ਨੰਬਰਦਾਰ ਨੇ ਖੱਦਰ ਦਾ ਗਿਲਾਸ ਕੰਗਣੀਂ ਤੱਕ ਭਰ ਕੇ ਨ੍ਹੇਰੀ ਨੂੰ
ਦਿੱਤਾ। ਨ੍ਹੇਰੀ ਇੱਕੋ ਸੜ੍ਹਾਕੇ ਨਾਲ ਸੂਤ ਗਿਆ। ਉਸ ਨੇ ਧੁੜਧੜ੍ਹੀ ਲੈ ਕੇ ਸਾਗ ਦਾ
ਚਮਚਾ ਮੂੰਹ ਵਿਚ ਪਾਇਆ।
-"ਜਿੰਨ੍ਹਾਂ ਨੇ ਸੁੱਥਣਾਂ
ਸੁਆਈਐਂ-ਓਸ ਕੰਮ ਨੂੰ ਥਾਂ ਪਹਿਲਾਂ ਰੱਖਿਐ! ਲੈ ਤੇਹਰਵੇਂ ਰਤਨ ਦੀ ਕਸਮ ਐਂ-ਜਿੱਥੇ
ਮਰਜੀ ਐ ਝੋਕ ਦੇਈਂ!"
-"ਚਾਚਾ ਮੈਂ ਮਾਰ ਖਾਨੈਂ
ਨਾਂਅਵੇਂ ਛਾਂਅਵੇਂ ਅੱਲੋਂ-ਹੋਰ ਮੈਂ ਕਾਹਨੂੰ-।" ਨ੍ਹੇਰੀ ਨੂੰ ਆਰਥਿਕ ਹਾਲਤ ਲਈ
ਬੈਠੀ ਸੀ।
-"ਤੇ ਮੈਂ ਮਰ ਗਿਆ? ਜਦੋਂ
ਕਹੇਂ ਕਿੱਲਾ ਫੂਕ ਦਿਆਂਗੇ! ਹਰਾਮਦਾ ਹੋਵੇ ਜਿਹੜਾ ਝੂਠ ਬੋਲੇ-ਹੋਰ ਦੱਸ?" ਨੰਬਰਦਾਰ
ਨੇ ਉਸ ਦੇ ਚਿਹਰੇ ਦਾ ਨਿਰਨਾ ਲਿਆ।
ਜਿਵੇਂ ਬੇਸੁਰਤ, ਫੱਟੜ ਸੱਪ
ਦੇ ਸਿਰ ਉਤੇ ਕਿਸੇ ਨੇ ਅੱਕ ਚੋਅ ਦਿੱਤਾ ਸੀ। ਨ੍ਹੇਰੀ ਨੇ ਇਕ ਤਰ੍ਹਾਂ ਨਾਲ ਫ਼ਣ
ਚੁੱਕਿਆ। ਉਸ ਦੇ ਦਿਲ ਨੇ ਕੋਈ ਹਾਮੀਂ ਭਰੀ ਸੀ। ਉਸ ਨੇ ਸਾਹਮਣੇ ਬੈਠੇ ਚਾਚੇ
ਨੰਬਰਦਾਰ ਵੱਲ ਤੱਕਿਆ। ਘਰਾਂ 'ਚੋਂ ਲੱਗਦਾ ਚਾਚਾ ਉਸ ਸਾਹਮਣੇ ਗੰਧਾਲੇ ਵਾਂਗ ਗੱਡਿਆ
ਬੈਠਾ ਸੀ। ਦਾਰੂ ਦੇ ਨਸ਼ੇ ਨੇ ਜਿਵੇਂ ਨ੍ਹੇਰੀ ਨੂੰ ਲਾਹਣਤ ਪਾਈ। ਉਹ ਤਾਂ ਚਾਚੇ 'ਤੇ
ਐਵੇਂ ਹੀ ਸ਼ੱਕ ਕਰੀ ਜਾ ਰਿਹਾ ਸੀ?
-"ਚਾਅਚਾ---!" ਨ੍ਹੇਰੀ ਨੇ
ਚਾਚੇ ਗਲ ਲੱਗ ਕੇ ਧਾਹ ਮਾਰੀ।
-"ਤੇਰੀ ਖਾਤਰ ਮੈਂ ਫਾਕੜਾਂ
ਹੋਜਾਂ-ਤੂੰ ਗੱਲਾਂ ਕਿਹੜੀਆਂ ਕਰਦੈਂ? ਮੌਜਾਂ ਕਰ-ਬੁੱਲੇ ਲੁੱਟ-ਉਹਦੀ ਮਾਂ
ਦੀ---ਜਿਹੜਾ ਆਪਣਾ ਮੂਤ ਵੀ ਉਲੰਘ ਜਾਏ!" ਰੋਂਦੇ ਨ੍ਹੇਰੀ ਨੂੰ ਨੰਬਰਦਾਰ ਥਾਪੜੀ ਜਾ
ਰਿਹਾ ਸੀ।
-"ਚਾਚਾ! ਜੇ ਤੂੰ ਮੇਰੀ ਪਿੱਠ
'ਤੇ ਰਹੇਂ-ਮੈਂ ਤਾਂ ਸਾਰਾ ਪਿੰਡ ਫਨਾਂਹ ਕਰ ਦਿਆਂ!" ਦੂਜੀ ਬੋਤਲ ਦੇ ਹਾੜੇ ਨ੍ਹੇਰੀ
ਨੂੰ ਭੂਚਾਲ ਵਾਂਗ ਚੜ੍ਹੇ ਸਨ।
-"ਮਰਦਾਂ ਦਾ ਬਚਨ ਐਂ-ਜਿਹੜਾ ਪਿੱਛੇ ਹਟੇ-ਆਪਣੀ ਭੈਣ ਨਾਲ ਮਾੜਾ ਕਰੇ।" ਨੰਬਰਦਾਰ
ਨ੍ਹੇਰੀ ਨੂੰ ਸਿਆਸੀ ਨਿਆਣੇ ਮਾਰ-ਮਾਰ ਸੁੱਟ ਰਿਹਾ ਸੀ।
-"ਉਏ ਧੱਤੂਆ! ਸਾਡੇ ਭਤੀਜ ਆਸਤੇ ਮੰਜਾ ਵਿਛਾਅ!"
ਧੱਤੂ ਨੇ ਮੰਜਾ ਵਿਛਾਅ ਦਿੱਤਾ।
ਅਲਕ ਵਹਿੜਕੇ ਵਾਂਗ ਝੂਲਦੇ
ਨ੍ਹੇਰੀ ਨੂੰ ਮੰਜੇ ਉਪਰ ਲਿਟਾ ਦਿੱਤਾ। ਉਸ ਦੇ ਨੱਕ ਵਿਚੋਂ ਘੁਰਾੜ੍ਹਿਆਂ ਦੀ ਨਹੀਂ,
ਜਿਵੇਂ ਭੜ੍ਹਾਕਿਆਂ ਦੀ ਅਵਾਜ਼ ਆ ਰਹੀ ਸੀ!
ਕਮਰੇ ਅੰਦਰ ਦਾਰੂ ਦੀ ਬੂਅ
ਫ਼ੈਲੀ ਹੋਈ ਸੀ।
ਨੰਬਰਦਾਰ ਰੋਟੀ ਖਾ ਕੇ ਕੋਠੇ ਉਤੇ ਪੈ ਗਿਆ।
ਧੱਤੂ ਨ੍ਹੇਰੀ ਸਿਰਹਾਣੇ ਪਾਣੀ ਰੱਖ ਗਿਆ।
-"ਤੂੰ ਜਿਹੜੇ ਤਾਣੇ ਬੁਣਦਾ
ਫਿਰਦੈਂ-ਕੁਛ ਨ੍ਹੀ ਮਿਲਣਾ ਇਹਦੇ 'ਚੋਂ-ਬਦਨਾਮੀ ਈ ਬਦਨਾਮੀ ਐਂ ਨੰਬਰਦਾਰਾ!"
ਨੰਬਰਦਾਰ ਦੀ ਘਰਵਾਲੀ ਚਿੰਤ ਕੌਰ ਨੇ ਸ਼ਰਾਬੀ ਨੰਬਰਦਾਰ ਨੂੰ ਸਮਝਾਇਆ।
-"ਬੰਦਿਆਂ ਦੀ ਗੱਲ 'ਚ
ਬੁੜ੍ਹੀਆਂ ਦਾ ਬੋਲਣ ਦਾ ਕੋਈ ਕੰਮ ਨ੍ਹੀ-ਤੂੰ ਆਬਦਾ ਮੂੰਹ ਬੰਦ ਰੱਖਿਆ ਕਰ!"
ਨੰਬਰਦਾਰ ਪਹਿਲੇ ਝਟਕੇ ਹੀ ਚਿਮਟੇ ਨਾਲੋਂ ਸੁਆਹ ਝਾੜਣ ਦਾ ਆਦੀ ਸੀ।
-"ਕੋਲਿਆਂ ਦੀ ਦਲਾਲੀ 'ਚ
ਕਿਸੇ ਨੇ ਸ਼ਾਬਾਸ਼ੇ ਨਹੀਂ ਲਈ-ਆਖਰ ਮੂੰਹ ਈ ਕਾਲਾ ਹੁੰਦੈ ਨੰਬਰਦਾਰਾ!" ਉਹ ਬੜੀ
ਹੌਲੀ ਹੌਲੀ ਬੋਲ ਰਹੀ ਸੀ। ਇੰਜ ਜਾਪ ਰਿਹਾ ਸੀ ਕਿ ਉਹ ਕਾਫ਼ੀ ਚਿਰ ਤੋਂ ਨੰਬਰਦਾਰ ਦੀ
ਉਡੀਕ ਵਿਚ ਸੀ।
-"ਬਿੱਲੀਆਂ ਸੰਨ੍ਹ ਬਾਂਦਰ
ਆਇਐ-ਖਾ ਲੈਣ ਦੇ ਬੁਰਕੀ ਮੈਨੂੰ ਵੀ।" ਨੰਬਰਦਾਰ ਸ਼ਰਾਬੀ ਹੋਣ ਦੇ ਬਾਵਜੂਦ ਵੀ ਸੰਭਲ
ਕੇ ਗੱਲ ਕਰ ਰਿਹਾ ਸੀ। ਉਸ ਨੇ ਪਾਸਾ ਮਾਰਿਆ, ਮੰਜੇ ਦੀਆਂ ਚੂਲਾਂ ਨੇ ਦੁਹਾਈ ਮਚਾ
ਦਿੱਤੀ।
-"ਸੱਪ ਨੂੰ ਸੱਪ ਲੜੇ ਤੇ
ਵਿਹੁ ਕੀਹਨੂੰ ਚੜ੍ਹੇ? ਇਹ ਤਾਂ ਘਰ ਦਾ ਘਰ ਐ-ਕੱਲ੍ਹ ਨੂੰ ਇਕ ਹੋ ਜਾਣਗੇ-ਤੂੰ ਤਾਂ
ਜੁਆਕਾਂ ਦੀ ਦੁਸ਼ਮਣੀ ਪੁਆ ਦੇਵੇਂਗਾ-ਨਾ ਜੁਆਕਾਂ ਨੂੰ ਬਲਦੀ ਦੇ ਬੂਥੇ ਦੇਹ! ਅਖੀਰ
ਗੁਆਂਢੀਆਂ ਦੀ ਅੱਗ ਆਬਦੇ ਘਰ ਨੂੰ ਪੈਂਦੀ ਐ।" ਉਹ ਗੱਲਾਂ ਨੂੰ ਰੇਤ ਕੇ ਧਾਰ ਦੇ ਰਹੀ
ਸੀ।
-"ਤੂੰ ਮੈਥੋਂ ਬਾਹਲੀ ਸਿਆਣੀ
ਐਂ? ਕੁੜੀ ਦੇਣੇ ਜੱਟ ਮੇਰਾ ਬਿੱਘਾ ਦੱਬੀ ਬੈਠੇ ਐ-ਮੇਰੀ ਹਿੱਕ 'ਤੇ ਨਿੱਤ ਸੱਪ
ਲਿਟਦੈ-ਹੁਣ ਜਾੜ੍ਹ ਹੇਠ ਆਏ ਵੇ ਵੀ ਸੁੱਕੇ ਛੱਡ ਦਿਆਂ?" ਉਹ ਚਿੰਤ ਕੌਰ ਨੂੰ ਦੱਬਵੇਂ
ਦਬਕੇ ਮਾਰ ਰਿਹਾ ਸੀ।
-"ਵੇ ਅੱਗ ਲੱਗੜਿਆ! ਬਿੱਘੇ
ਤਾਂ ਹੱਥਾਂ ਦੀ ਮੈਲ ਐ! ਆਬਦੇ ਘਰੇ ਮੱਚੀ ਬਸੰਤਰ ਹਰ ਇਕ ਨੂੰ ਕੇੜਾ ਚਾੜ੍ਹਦੀ ਐ-ਕਦੇ
ਦਾਦੇ ਦੀਆਂ ਕਦੇ ਪੋਤੇ ਦੀਆਂ-ਝੱਗਾ ਚੁੱਕਿਆਂ ਆਬਦਾ ਢਿੱਡ ਈ ਨੰਗਾ ਹੁੰਦੈ! ਹਾੜ੍ਹੇ
ਰੱਬ ਦੇ ਵਾਸਤੇ! ਹੱਟ ਜਾਹ ਘਤਿੱਤਾਂ ਕਰਨੋਂ! ਸਿਆਣਾ ਬਿਆਣੈਂ-ਧੌਲੇ ਮੂੰਹ 'ਤੇ
ਐ-ਇੱਜਤ ਆਬਦੀ ਆਬਦੇ ਹੱਥ ਹੁੰਦੀ ਐ-ਜੇ ਕਿਸੇ ਨਾਲ ਚੰਗੀ ਨਹੀਂ ਤਾਂ ਮਾੜੀ ਤਾਂ ਨਾ
ਕਰ!"
-"ਤੈਥੋਂ ਹੁਣ ਪਈਦਾ ਨ੍ਹੀ
ਕੁੱਤੀਏ? ਮੈਂ ਮਾਰ ਮਾਰ ਜਾਭਾਂ ਭੰਨਦੂੰ!" ਨੰਬਰਦਾਰ ਨੇ ਗੁੱਝਾ ਘੂਰਿਆ। ਉਹ ਨਹੀਂ
ਚਾਹੁੰਦਾ ਸੀ ਕਿ ਗੁਆਂਢੀਆਂ ਨੂੰ ਤਮਾਸ਼ਾ ਦਿਖਾਇਆ ਜਾਵੇ। ਪਰ ਅੰਦਰੋਂ ਉਹ ਜ਼ਰੂਰ
ਥਿੜਕ ਗਿਆ ਸੀ। ਉਸ ਦੇ ਗੁੰਮ ਹੋਸ਼ਾਂ ਨੂੰ ਤੁਣਕਾ ਵੱਜਿਆ ਸੀ। ਚਿੰਤ ਕੌਰ ਦੀਆਂ
ਕਹੀਆਂ ਠੋਸ ਗੱਲਾਂ ਉਸ ਦੇ ਦਿਲ 'ਤੇ ਅਸਮਾਨੋਂ ਟੁੱਟੇ ਤਾਰੇ ਵਾਂਗ ਲੀਕ ਪਾ ਗਈਆਂ
ਸਨ।
ਚਿੰਤ ਕੌਰ ਵਾਕਿਆ ਹੀ ਚਿੰਤਾ
ਦੀ ਚਿਖ਼ਾ ਵਾਂਗ ਧੁਖ ਰਹੀ ਸੀ। ਕਿਸੇ ਕਲੇਸ਼ ਦਾ ਡਰ ਉਸ ਅੰਦਰ ਵਰਮੇਂ ਵਾਂਗ ਸੱਲ
ਮਾਰ ਰਿਹਾ ਸੀ। ਕੋਈ ਘੁਣ ਉਸ ਨੂੰ ਅੰਦਰੇ ਅੰਦਰ ਖਾ ਰਿਹਾ ਸੀ। ਦੋ ਜੁਆਨ ਪੁੱਤਾਂ ਦੀ
ਪੂੰਜੀ ਉਸ ਨੂੰ ਖੁਰਦੀ ਖੁਰਦੀ ਪ੍ਰਤੀਤ ਹੋ ਰਹੀ ਸੀ। ਅਜੋਕੇ ਸਮੇਂ ਦੇ ਕਾਲੇ
ਕਾਨੂੰਨਾਂ ਬਾਰੇ ਸੁਣ, ਸੋਚ ਕੇ ਉਹ ਧੁਰ ਅੰਦਰੋਂ ਕੰਬ ਕੇ ਰਹਿ ਜਾਂਦੀ। ਅੱਜ ਕੱਲ੍ਹ
ਤਾਂ ਸਿੱਖਾਂ ਦੇ ਮੁੰਡੇ ਆਟੇ ਦੇ ਦੀਵੇ ਵਾਂਗ ਸਨ। ਅੰਦਰੋਂ ਚੂਹਿਆਂ ਦਾ ਅਤੇ ਬਾਹਰੋਂ
ਕਾਵਾਂ ਦਾ ਡਰ ਸੀ। ਕੀ ਕਿਸੇ ਸ਼ਰੀਕ ਦਾ ਮੂੰਹ ਫੜ ਲੈਣਾ ਸੀ? ਅਗਲੇ ਨੇ ਠਾਣੇ ਜਾ ਕੇ
ਜ਼ਬਾਨ ਹੀ ਹਿਲਾ ਦੇਣੀਂ ਸੀ ਬਈ ਇਹਦੇ ਅੱਤਿਵਾਦੀਆਂ ਨਾਲ ਸਬੰਧ ਐ! ਸੋਚਦੀ ਸੋਚਦੀ
ਚਿੰਤ ਕੌਰ ਪੁਰਾਣੇ ਖਣਾਂ ਵਾਂਗ ਅੰਦਰੋ ਅੰਦਰੀ ਕਿਰਦੀ ਰਹਿੰਦੀ।
-"ਹੇ ਵਾਖਰੂ--!" ਬਲਦੀ ਚਿਤਾ
ਵਾਂਗ ਹਾਉਕਾ ਲੈ ਕੇ ਚਿੰਤੀ ਨੇ ਪਾਸਾ ਪਰਤਿਆ। ਉਸ ਨੂੰ ਨੀਂਦ ਨਹੀਂ ਆ ਰਹੀ ਸੀ। ਉਹ
ਘੁੰਮਦੀਆਂ ਖਿੱਤੀਆਂ ਵੱਲ ਬੜੇ ਗਹੁ ਨਾਲ ਤੱਕ ਰਹੀ ਸੀ। ਫਿਰ ਇਕ ਤਾਰਾ ਲੀਕ ਪਾਉਂਦਾ
ਟੁੱਟਿਆ। ਚਿੰਤੀ ਨੇ ਥੁੱਕ ਕੇ "ਵਾਹਿਗੁਰੂ" ਕਿਹਾ। ਜਦੋਂ ਕੋਈ ਤਾਰਾ ਟੁੱਟਦੈ ਤਾਂ
ਕੋਈ ਮਰਦੈ। ਉਹ ਆਪਣੀ ਦਾਦੀ ਤੋਂ ਸੁਣਿਆ ਕਰਦੀ ਸੀ। ਹੁਣ ਜਿਵੇਂ ਮੁੰਡੇ ਮਰਦੇ ਐ,
ਇਉਂ ਤਾਂ ਹੁਣ ਤੱਕ ਅੱਧਾ ਅਸਮਾਨ ਖਾਲੀ ਹੋਇਆ ਹੁੰਦਾ! ਉਸ ਨੂੰ ਆਪਣੀ ਦਾਦੀ ਦੀ ਗੱਲ
'ਤੇ ਯਕੀਨ ਨਹੀਂ ਆ ਰਿਹਾ ਸੀ। ਜਿਵੇਂ ਦਾਦੀ ਝੂਠ ਬੋਲਦੀ ਰਹੀ ਸੀ। ਫਿਰ ਪਤਾ ਨਹੀਂ
ਕਦੋਂ ਚਿੰਤ ਕੌਰ ਨੂੰ ਨੀਂਦ ਨੇ ਘੇਰ ਲਿਆ। ਬਰਾਬਰ ਪਏ ਨੰਬਰਦਾਰ ਦੇ ਘੁਰਾੜ੍ਹੇ ਘਰਾਟ
ਵਾਂਗ ਚੱਲ ਰਹੇ ਸਨ। |