ਸ਼ਾਮ ਢਲ ਚੁੱਕੀ ਸੀ।
ਪਰਛਾਵੇਂ ਅਖੀਰ
ਕੰਧਾਂ ਦੇ ਘਨ੍ਹੇੜਿਆਂ ਤੋਂ ਉੱਡ ਗਏ ਸਨ। ਤਾਰਿਆਂ ਦੀ ਬਹਾਰ ਖਿੜਨੀ ਸ਼ੁਰੂ ਹੋ ਗਈ।
ਅਸਮਾਨ ਦੀ ਗੋਦੀ ਤਾਰਿਆਂ ਨਾਲ ਭਰੀ ਭਰੀ ਜਾਪਦੀ ਸੀ। ਇੱਕ ਪਾਸੇ ਕੱਟੇ ਨਹੁੰ ਵਰਗਾ
ਚੰਦ ਆਪਣੀ ਹੋਂਦ ਦਰਸਾ ਰਿਹਾ ਸੀ। ਦਿਨ ਦੇ ਤਪਾੜ ਤੋਂ ਲੋਕਾਂ ਨੂੰ ਮਸਾਂ ਹੀ ਸਾਹ
ਆਇਆ ਸੀ।
ਬੁੱਕਣ ਸਿੰਘ ਨ੍ਹੇਰੀ ਬੜੀ
ਤੇਜ਼ੀ ਨਾਲ ਪੀ ਰਿਹਾ ਸੀ।
ਸੰਤਰ੍ਹੀ ਬੋਤਲ ਉਸ ਅੱਗੇ
ਬਰੂਦ ਬਣਦੀ ਜਾ ਰਹੀ ਸੀ। ਪਰ ਉਹ ਖ਼ਾਮੋਸ਼ ਸੀ। ਨਸ਼ਾ ਜਿਵੇਂ ਉਸ ਨੂੰ ਚੜ੍ਹਿਆ ਹੀ
ਨਹੀਂ ਸੀ। ਉਸ ਦੀਆਂ ਰੱਤੀਆਂ ਅੱਖਾਂ ਵਿਚ ਕੋਈ ਭੇਦ ਸੀ। ਸੂਣ ਵਾਲੀ ਮੱਝ ਵਾਂਗ ਵੱਟ
ਜਿਹਾ ਕਰਦਾ ਉਹ ਕਿਸੇ ਗਹਿਰੀਆਂ ਸਕੀਮਾਂ ਵਿਚ ਡੁੱਬਿਆ ਹੋਇਆ ਸੀ। ਗਹਿਰੀਆਂ ਸੋਚਾਂ
ਅਤੇ ਨਸ਼ੇ ਨੇ ਉਸ ਨੂੰ ਗੇੜੀਂ ਪਾਇਆ ਹੋਇਆ ਸੀ।
ਅਖੀਰ ਸੋਚਾਂ ਤੋਂ ਪੱਲਾ
ਛੁਡਾਉਂਦੇ ਨ੍ਹੇਰੀ ਨੇ ਆਖਰੀ ਪੈੱਗ ਅੰਦਰ ਸੁੱਟਿਆ ਅਤੇ ਬੱਸ ਅੱਡੇ ਨੂੰ ਰਵਾਨਾ ਹੋ
ਗਿਆ।
ਬੱਸ ਅੱਡੇ ਪਹੁੰਚ ਉਸ ਨੇ
ਕੁਲਵਿੰਦਰ ਦੇ ਪੇਕਿਆਂ ਨੂੰ ਜਾਂਦੀ ਬੱਸ ਫੜ ਲਈ। ਉਸ ਦੇ ਦਿਮਾਗ ਵਿਚ ਸੋਚਾਂ ਨੇ
ਘਮਸਾਨ ਦਾ ਯੁੱਧ ਛੇੜਿਆ ਹੋਇਆ ਸੀ। ਪੂਰੀ ਬੋਤਲ ਅੰਦਰ ਗਈ ਹੋਣ ਦੇ ਬਾਵਜੂਦ ਵੀ ਨਸ਼ੇ
ਉਪਰ ਉਹ ਭਾਰੂ ਸੀ। ਸਕੀਮਾਂ ਤਾਂ ਉਸ ਨੇ ਬਹੁਤ ਘੜ੍ਹ ਕੇ ਪਾਸ ਕਰ ਰੱਖੀਆਂ ਸਨ, ਪਰ
ਅਗਾਂਹ ਜਾ ਕੇ ਮਨਜੂਰ ਹੋਣਗੀਆਂ? ਦਾ ਸ਼ਾਇਦ ਉਸ ਨੂੰ ਪਤਾ ਨਹੀਂ ਸੀ!
-"ਇੱਕ ਝੂਠ 'ਤੇ ਪਰਦਾ ਪਾਉਣ
ਆਸਤੇ ਸੌ ਝੂਠ ਹੋਰ ਬੋਲਣਾ ਪੈਂਦੈ।" ਅਚਾਨਕ ਉਸ ਨੂੰ ਗੁਰਦੁਆਰੇ ਵਾਲੇ ਭਾਈ ਗੁਰਦਿਆਲ
ਸਿੰਘ ਦੀ ਗੱਲ ਚੇਤੇ ਆਈ। ਉਹ ਕੰਬ ਉਠਿਆ।
-"ਬਦਲਾ ਲੈਣਾ ਵੀ ਮਰਦਾਂ ਦਾ
ਕੰਮ ਐਂ--!" ਉਸ ਨੇ ਆਪਣੇ ਆਪ ਨੂੰ ਧਰਵਾਸ ਦਿੱਤਾ। ਕਿਸੇ ਤੋਂ ਸੁਣਿਆਂ ਸੁਣਾਇਆ
ਚੇਤੇ ਕੀਤਾ।
ਬੱਸੋਂ ਉੱਤਰ ਕੇ ਸਿੱਧਾ ਉਹ
ਕੁਲਵਿੰਦਰ ਦੇ ਪੇਕਿਆਂ ਦੇ ਘਰੇ ਪਹੁੰਚ ਗਿਆ।
ਹਨ੍ਹੇਰਾ ਗੂੜ੍ਹਾ ਹੋ ਚੁੱਕਿਆ
ਸੀ।
ਵਰਾਂਡੇ ਵਿਚ ਹੀ ਇੱਕ ਬਜੁਰਗ
ਮੰਜੀ 'ਤੇ ਮੁਰਕੜੀ ਜਿਹੀ ਮਾਰੀ ਬੈਠਾ ਸੀ। ਡਿੰਮ੍ਹ ਲਾਈਟ ਵਿਚ ਬਜੁਰਗ ਨ੍ਹੇਰੀ ਨੂੰ
ਰਿੱਛ ਵਰਗਾ ਜਾਪਿਆ। ਉਸ ਦੀ ਮੰਜੀ ਕੋਲ ਹੇਠਾਂ ਇੱਕ ਥਾਲੀ, ਗਿਲਾਸ ਅਤੇ ਕੌਲੀ ਪਈ
ਸੀ। ਜਾਪਦਾ ਸੀ ਬਜੁਰਗ ਹੁਣੇ ਰੋਟੀ ਖਾ ਕੇ ਹਟਿਆ ਸੀ।
-"ਤਕੜੈਂ ਮਾਸੜਾ--?" ਨ੍ਹੇਰੀ
ਦਾ ਪੈਰ ਭਾਂਡਿਆਂ ਵਿਚ ਵੱਜਿਆ। ਭਾਂਡਿਆਂ ਨੇ ਕਾਂਵਾਂ ਰੌਲੀ ਜਿਹੀ ਮਚਾ ਦਿੱਤੀ।
-"ਆ ਬਈ ਬੁੱਕਣ ਸਿਆਂ--!"
ਬਜੁਰਗ ਨੇ ਹੱਥ ਦੀ ਛਾਂ ਮੱਥੇ 'ਤੇ ਪਾ ਕੇ ਨ੍ਹੇਰੀ ਨੂੰ ਪਛਾਣਿਆਂ। ਉਹ ਹੈਰਾਨ
ਜ਼ਰੂਰ ਹੋ ਗਿਆ ਸੀ, ਕਿਉਂਕਿ ਨ੍ਹੇਰੀ ਕਰਮ ਸਿੰਘ ਦੇ ਵਿਆਹ ਤੋਂ ਬਾਅਦ ਕਦੇ ਨਹੀਂ
ਆਇਆ ਸੀ। ਜਾਣ ਆਉਣ ਕਰਕੇ ਬਜੁਰਗ ਉਸ ਨੂੰ ਜਾਣਦਾ ਸੀ।
-"ਕਿਮੇਂ ਕੁਬੇਲੇ ਆਉਣੇ
ਹੋਏ--?" ਬਜੁਰਗ ਨੇ ਪੁੱਛਿਆ।
-"ਕਾਹਦੇ ਆਉਣੇ ਐਂ
ਮਾਸੜਾ-ਆਪਣਾ ਤਾਂ ਦੁਸ਼ਮਣਾਂ ਨੇ ਘਰ ਉਜਾੜਤਾ--!" ਦੱਸਦਾ ਨ੍ਹੇਰੀ ਭੁੱਬਾਂ ਮਾਰ ਕੇ
ਰੋ ਪਿਆ। ਉਸ ਨੂੰ ਪਤਾ ਸੀ ਕਿ ਖੇਖਨ ਕਰੇ ਬਿਨਾ ਕੰਮ ਸਿਰੇ ਨਹੀਂ ਚੜ੍ਹਨਾ ਸੀ। ਉਹ
ਮੱਝ ਹੱਥ ਨਾਲ 'ਨਵੇਂ-ਦੁੱਧ' ਕਰਵਾਉਣੀ ਹੀ ਬਿਹਤਰ ਸਮਝਦਾ ਸੀ, ਕਿਉਂਕਿ 'ਝੋਟੇ' ਦੇ
ਨਿਸ਼ਾਨੇ 'ਤੇ ਇਤਬਾਰ ਕਰਨਾ ਉਹ ਆਪਣੇ ਆਪ ਨੂੰ ਬੇਵਕੂਫ਼ ਬਣਾਉਣਾ ਹੀ ਸਮਝਦਾ ਸੀ।
ਰੋਏ ਬਗੈਰ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ! ਸੋਚਦਾ ਉਹ ਉਚੀ-ਉਚੀ ਰੋ ਰਿਹਾ ਸੀ।
ਉਚੀ-ਉਚੀ ਰੋਣਾ ਸੁਣਕੇ ਚੌਂਕੇ
ਵਿਚੋਂ ਬੁੜ੍ਹੀਆਂ ਇਕੱਠੀਆਂ ਹੋ ਗਈਆਂ। ਆਂਢੀ-ਗੁਆਂਢੀ ਕੁਵੇਲੇ ਦਾ ਰੋਣਾ ਸੁਣ ਕੇ ਆ
ਗਏ ਸਨ। ਸਾਰੇ ਹੈਰਾਨ ਹੋਏ "ਬਿਟਰ-ਬਿਟਰ" ਤੱਕ ਰਹੇ ਸਨ।
-"ਕੀ ਗੱਲ ਹੋ ਗਈ ਬੁੱਕਣ
ਸਿਆਂ-ਬੋਲ ਕੇ ਤਾਂ ਦੱਸ-ਜੁਆਕਾਂ ਮਾਂਗੂੰ ਰੋਣ ਡਹਿ ਪਿਐਂ--?" ਬਜੁਰਗ ਉਸ ਦੀ ਪਿੱਠ
'ਤੇ ਹੱਥ ਮਾਰ ਕੇ ਬੋਲਿਆ।
-"ਆਪਾਂ ਲੁੱਟੇ ਗਏ ਮਾਸੜਾ!
ਬੱਸ, ਪੱਟੇ ਈ ਗਏ--!" ਤੇ ਉਸ ਨੇ ਹੋਰ ਉਚੀ ਰੋਣਾ ਸ਼ੁਰੂ ਕਰ ਦਿੱਤਾ। ਦੋਹਾਂ ਹੱਥਾਂ
ਨਾਲ ਮੂੰਹ ਢਕੀ ਉਹ ਖ਼ੂਬ ਪਾਖੰਡ ਕਰ ਰਿਹਾ ਸੀ। ਦਾਰੂ ਦੀ ਬੋਤਲ ਨੇ ਉਸ ਨੂੰ ਹੁਣ
ਰੰਗ ਦਿਖਾਏ ਸਨ। ਜਿਸ ਕਰਕੇ ਸੰਤਰ੍ਹੀ ਬੋਤਲ ਨੂੰ ਉਹ ਥਾਪੀਆਂ ਦੇ ਰਿਹਾ ਸੀ। ਦਿਲੋਂ
ਉਸ ਦਾ ਲਲਕਾਰੇ ਮਾਰਨ ਨੂੰ ਦਿਲ ਕਰਦਾ ਸੀ, ਪਰ ਬਾਹਰੋਂ ਉਹ ਕਮਲੀ ਤੀਮੀ ਵਾਂਗ ਡਾਡਾਂ
ਮਾਰੀ ਜਾ ਰਿਹਾ ਸੀ।
-"ਪੁੱਤ! ਬੋਲ ਕੇ ਤਾਂ
ਦੱਸ-ਕੀ ਹੋ ਗਿਆ---?" ਕੁਲਵਿੰਦਰ ਦੀ ਮਾਂ ਨੇ ਉਸ ਦੀ ਪਿੱਠ ਥਾਪੜੀ। ਉਹ ਬੜੀ ਦਿਲ
ਵਾਲੀ ਔਰਤ ਜਾਪਦੀ ਸੀ। ਢਿਲਕੇ ਸਰੀਰ ਵਾਲੀ ਚੰਦ ਕੌਰ ਲੋਹੇ ਦੇ ਜਿਗਰੇ ਵਾਲੀ ਔਰਤ
ਸੀ। ਉਸ ਦੇ ਪੱਟੇ ਘਰ ਰਾਸ ਨਹੀਂ ਆਏ ਸਨ। ਚੱਟੇ ਦਰੱਖਤ ਖੁਰ ਗਏ ਸਨ, ਮੁੜ ਹਰੇ ਨਹੀਂ
ਹੋਏ ਸਨ। ਉਹ ਦਿਲ ਦੀ ਕੌੜੀ ਅਤੇ ਅੱਖ ਦੀ ਬੇਈਮਾਨ ਸੀ।
-"ਮਾਸੀ! ਆਪਣੇ ਨਾਲ ਤਾਂ
ਜੱਗੋਂ ਤੇਹਰਵੀਂ ਹੋਗੀ--!" ਕਹਿੰਦਾ ਉਠ ਕੇ ਉਹ ਪਸ਼ੂਆਂ ਵੱਲ ਨੂੰ ਗਿਆ। ਉਸ ਨੇ ਨੱਕ
ਸੁਣ੍ਹਕਿਆ। ਨੱਕ ਉਸ ਸ਼ਰਾਬੀ ਹੋਏ ਤੋਂ ਕੱਟੇ ਦੀ ਪਿੱਠ 'ਤੇ ਹੀ ਸੁਣ੍ਹਕਿਆ ਗਿਆ।
ਪਾਈਆ ਪੱਕਾ ਸੀਂਢ ਕੱਟੇ ਦੀ ਪਿੱਠ 'ਤੇ ਲਿਸ਼ਕਣ ਲੱਗ ਪਿਆ। ਬੁੱਕਣ ਦਾ ਹਾਸਾ
ਨਿਕਲਦਾ-ਨਿਕਲਦਾ ਮਸਾਂ ਹੀ ਰੁਕਿਆ।
ਉਸ ਨੇ ਪਰਨੇ ਨਾਲ ਨੱਕ ਸਾਫ਼
ਕੀਤਾ ਅਤੇ ਮੰਜੇ ਵੱਲ ਮੁੜਿਆ। ਬੈਠਣ ਲੱਗੇ ਦਾ ਪੈਰ ਫਿਰ ਭਾਂਡਿਆਂ ਵਿਚ ਵੱਜਿਆ।
ਭਾਂਡੇ ਬਜੁਰਗ ਨੇ ਮੰਜੇ ਹੇਠ ਨੂੰ ਕਰ ਦਿੱਤੇ।
-"ਗੱਲ ਤਾਂ ਦੱਸ ਕੀ ਐ?"
ਕੁਲਵਿੰਦਰ ਦਾ ਭਰਾ ਜੰਟਾ ਬੋਲਿਆ। ਉਹ ਕਦੋਂ ਦਾ ਮੂੰਹ ਸੁੰਘਣ ਲਈ ਤਿਆਰ ਖੜ੍ਹਾ ਸੀ।
ਨ੍ਹੇਰੀ ਵਾਂਗ ਜੰਟਾ ਵੀ ਪੂਰਾ ਫਿੱਟਣੀਆਂ ਦਾ ਫੇਟ ਸੀ। ਠਾਣੇ ਨੂੰ ਤਾਂ ਉਹ ਸਹੁਰਾ
ਘਰ ਹੀ ਸਮਝਦਾ। ਪੁਲਸ ਦੀ ਕੁੱਟ ਅਤੇ ਗਾਲ੍ਹਾਂ ਉਸ ਨੂੰ ਦੇਸੀ ਘਿਉ ਵਾਂਗ ਲੱਗਦੀਆਂ
ਸਨ। ਜਿਸ ਕਰਕੇ ਉਹ ਲਾਲ ਰੱਤਾ ਹੋ ਕੇ ਠਾਣੇ ਵਿਚੋਂ ਨਿਕਲਦਾ ਸੀ।
-"ਬਾਈ! ਕੰਜਰਾਂ ਨੇ
ਕੁਲਵਿੰਦਰ ਮਾਰਤੀ--!" ਤੇਜ਼ੀ ਨਾਲ ਦੱਸ ਕੇ ਉਸ ਨੇ ਸਾਰਿਆਂ ਦੀ ਭੂਤਨੀ ਭੁਲਾ
ਦਿੱਤੀ।
-"ਹੈਂ---!" ਸਭ ਦੇ ਜਿਵੇਂ
ਸਾਹ ਸੂਤੇ ਗਏ। ਮਨਹੂਸ ਖ਼ਬਰ ਨੇ ਦਿਲ ਕੱਢ ਲਿਆ ਸੀ। ਉਹ ਠੱਗੇ ਜਿਹੇ ਕਿਸਾਨ ਵਾਂਗ
ਠਠੰਬਰੇ ਜਿਹੇ ਝਾਕ ਰਹੇ ਸਨ। ਆਦਮੀ ਨਹੀਂ ਜਿਵੇਂ ਬੁੱਤ ਖੜ੍ਹੇ ਸਨ। ਬੰਦੇ ਨਹੀਂ
ਜਿਵੇਂ ਮੜ੍ਹੀਆਂ ਸਨ।
-"ਕਿਮੇਂ--?" ਜੰਟੇ ਨੇ
ਜਿਵੇਂ ਕਿਤੋਂ ਪਰਤ ਕੇ ਪੁੱਛਿਆ ਸੀ। ਉਸ ਦੀਆਂ ਗੱਡੇ ਦੀ ਸਧਵਾਈ ਵਰਗੀਆਂ ਲੱਤਾਂ
ਵਿਚੋਂ ਇੱਕ ਝਰਨਾਹਟ ਫੁੱਟੀ ਸੀ, ਜੋ ਸਿੱਧੀ ਸਿਰ ਨੂੰ ਚੜ੍ਹ ਗਈ ਸੀ।
-"ਕਣਕ 'ਚ ਪਾਉਣ ਆਲੀ ਦੁਆਈ
ਪਿਆਤੀ-ਕੀ ਨਾਂ ਐਂ ਸਾਲੀ ਦਾ-ਕੁੱਕਫਾਸ-!" ਉਹ ਪੁੜਪੜੀਆਂ ਫੜ ਕੇ, ਸਿਰ ਮਾਰਨ ਲੱਗ
ਪਿਆ।
-"ਮੈਨੂੰ ਤਾਂ ਪਹਿਲਾਂ ਈ ਪਤਾ
ਸੀ-ਬਈ ਘਾਣੀ ਕੋਈ ਸਿਰ 'ਤੇ ਟੁੱਟਣ ਆਲੀ ਐ।" ਬਜੁਰਗ ਨੇ ਅਥਾਹ ਪੀੜ ਵਿਚੋਂ
ਗੁਜ਼ਰਦਿਆਂ ਕਿਹਾ।
ਜੰਟੇ ਦੀ ਛੋਟੀ ਭੈਣ ਨੇ ਰੋਣਾ
ਸ਼ੁਰੂ ਕਰ ਦਿੱਤਾ।
ਆਂਢਣਾਂ ਗੁਆਂਢਣਾਂ ਨੇ ਦਿਲਾਸਾ ਦਿੱਤਾ।
ਘਰ ਵਿਚ ਚੀਕ ਚਿਹਾੜਾ ਸ਼ੁਰੂ ਹੋ ਚੁੱਕਾ ਸੀ।
ਬੰਦੇ ਵਰਾਂਡੇ ਵਿਚ ਇਕੱਠੇ ਹੋ ਗਏ ਸਨ।
ਜੰਟੇ ਨੇ ਨ੍ਹੇਰੀ ਕੋਲੋਂ
ਕਹਾਣੀ ਵਿਸਥਾਰ ਸਹਿਤ ਸੁਣਨੀ ਚਾਹੀ, ਜੋ ਨ੍ਹੇਰੀ ਨੇ ਬੜਾ ਦਿਲ ਖੋਲ੍ਹ ਕੇ ਸੁਣਾਈ
ਸੀ। ਇੱਕ ਦੀਆਂ ਦੋ ਅਤੇ ਨੌਂ ਦੀਆਂ ਗਿਆਰਾਂ ਬਣਾ ਧਰੀਆਂ ਸਨ। ਗੱਪਾਂ ਨੂੰ ਨ੍ਹੇਰੀ
ਨੇ ਸੈਂਡਲ ਪੁਆ ਦਿੱਤੇ ਸਨ। ਜਿੰਨ੍ਹਾਂ ਨੇ ਮੋਰ ਵਾਂਗ ਪੈਲ੍ਹ ਪਾਈ ਸੀ। ਚਾਰ ਕਤਲ
ਸਾਬਤ ਕਰ ਦਿੱਤੇ ਸਨ।
ਸਾਰੇ ਘਰ ਵਿਚ ਸੋਗ ਵਰ੍ਹ ਪਿਆ
ਸੀ।
ਜੰਟੇ ਨੇ ਬੇਬੇ ਨੂੰ ਬੁਲਾਇਆ।
ਬੇਬੇ ਨੱਕ ਪੂੰਝਦੀ ਹਾਜ਼ਰ ਹੋ ਗਈ।
-"ਲਿਆ ਬੇਬੇ ਪੈਸੇ ਕੱਢ-ਪੈਸੇ ਬਿਨਾ ਕੁੱਤੇ ਜੱਟ ਸੁੱਕੀ ਦੇ ਪੱਤਣ ਨਿਕਲ ਜਾਣਗੇ--!"
ਜੰਟੇ ਨੇ ਦੰਦ ਪੀਹੇ।
-"ਚਾਹੇ ਲੱਖ ਚੱਕ ਪੁੱਤ! ਪਰ
ਜੱਟਾਂ ਦੇ ਗਲੀਂ ਰੱਸੇ ਪੁਆਦੇ-ਉਹ ਨਾ ਹੁਣ ਸੁੱਕੇ ਨਿਕਲ ਜਾਣ ਮੇਰੇ ਪਿਉ ਦੇ
ਸਾਅਲੇ--!" ਚੰਦ ਕੌਰ ਨੇ ਗੱਲ ਨੂੰ ਵਾਢਾ ਪਾਇਆ। ਉਸ ਨੂੰ ਆਪਣੇ ਸ਼ੇਰ 'ਤੇ ਮਾਣ ਸੀ,
ਜਿਹੜਾ ਨਿੱਤ ਸਰਕਾਰੇ ਦਰਬਾਰੇ ਹੀ ਰਹਿੰਦਾ ਸੀ। ਜੇ ਉਸ ਦਾ ਪੁੱਤ ਕਿਸੇ ਨਾਲ ਝਗੜ ਕੇ
ਆਉਂਦਾ ਤਾਂ ਚੰਦ ਕੌਰ ਕਹਿੰਦੀ ਕਿ ਮੇਰਾ ਪੁੱਤ ਤਾਂ ਗੁਰਦੁਆਰਿਓਂ ਆਇਐ! ਉਹ ਕਿਸੇ
ਨੂੰ ਥੜ੍ਹੇ ਥੂਹ ਨਹੀਂ ਲੱਗਣ ਦਿੰਦੀ ਸੀ।
-"ਬੇਬੇ ਤੂੰ ਬਹਿਮ ਨਾ ਕਰ-ਜੇ
ਚਾਰ ਸਿਵੇ ਨਾ ਮੱਚੇ ਤਾਂ ਮੈਨੂੰ ਕੈਪਟਨ ਦਾ ਪੋਤਾ ਨਾ ਆਖੀਂ!" ਉਸ ਨੇ ਬੜ੍ਹਕ ਮਾਰੀ।
ਬੁੱਢੀ ਨੇ ਨੋਟਾਂ ਦਾ ਥੱਬਾ
ਜੰਟੇ ਅੱਗੇ ਲਿਆ ਸੁੱਟਿਆ। ਉਸ ਨੇ ਨੋਟ ਇਉਂ ਸੁੱਟੇ ਜਿਵੇਂ ਪਸੂ ਨੂੰ ਪੱਠੇ ਪਾਈਦੇ
ਐ! ਸਾਹਣ ਦੇ ਬਰਸੀਨ ਦੀ ਭਰੀ ਸੁੰਘਣ ਵਾਂਗ, ਨ੍ਹੇਰੀ ਨੇ ਨੋਟ ਇੱਕ ਤਰ੍ਹਾਂ ਨਾਲ
ਸੁੰਘੇ ਸਨ। ਉਸ ਦਾ ਉਤਰਿਆ ਚਿਹਰਾ ਕਿਸੇ ਲਾਟੂ ਵਾਂਗ ਦਗਣ ਲੱਗ ਪਿਆ ਸੀ। ਟੁੱਟੀ
ਭੇਲੀ ਵਿਚੋਂ ਉਸ ਦੇ ਹਿੱਸੇ ਕੁਛ ਨਾ ਕੁਛ ਆਉਣਾ ਲਾਜ਼ਮੀ ਸੀ। ਹਰਦੁਆਰ ਬਾਂਦਰ
ਖਿੱਲਾਂ ਬਿਨਾ ਭੁੱਖੇ ਨਹੀਂ ਮਰਦੇ। ਹੁਣ ਲੱਗਿਐ ਕਾਰੂੰ ਆਲੇ ਖ਼ਜ਼ਾਨੇ ਨੂੰ ਹੱਥ।
ਨਹੀਂ ਤਾਂ ਪਹਿਲਾਂ
ਨੰਗ ਭੁੱਖ ਨਾਲ ਈ ਘੁਲੀ ਗਏ।
ਨ੍ਹੇਰੀ ਸਿਆਂ ਚਿੜੀਆਂ ਦਾ ਵੀ ਰੱਬ ਤੇ ਬਾਜਾਂ ਦਾ ਵੀ ਰੱਬ। ਵਾਹ ਉਏ ਰੱਬਾ! ਤੇਰੀਆਂ
ਕੁੱਜੇ 'ਚ ਲੱਤਾਂ! ਹੁਣ ਭੇਜਿਐ ਹਰੀ ਅੰਗੂਰੀ ਆਲੇ ਖੇਤਾਂ 'ਚ ਨ੍ਹੇਰੀ ਸਿਉਂ ਨੂੰ,
ਹੁਣ ਚਰੂੰ ਬੁਰਕ ਮਾਰ ਮਾਰ ਕੇ। ਬਾਰ੍ਹਾਂ ਵਰ੍ਹਿਆਂ ਮਗਰੋਂ ਤਾਂ ਕਹਿੰਦੇ ਰੂੜੀ ਦੀ
ਵੀ ਸੁਣੀ ਜਾਂਦੀ ਐ। ਮੈਂ ਤਾਂ ਫੇਰ ਬੁੜ੍ਹਾ ਹੋ ਚੱਲਿਆ ਸੀ। ਜੜਤੇ ਕੋਕੇ, ਹੁਣ ਨਹੀਂ
ਜਰਕਦੇ। ਸੁਣ ਲਈ ਕੰਜ ਬੱਕਰੀ ਦੀ ਅਰਦਾਸ! ਅੰਦਰੋਂ ਬਾਗੋ-ਬਾਗ ਹੋਇਆ ਨ੍ਹੇਰੀ ਸੋਚ
ਰਿਹਾ ਸੀ।
ਪਿੰਡ ਵਿਚੋਂ ਜੰਟੇ ਨੇ ਆਪਣੇ
ਯਾਰ-ਮਿੱਤਰ ਇਕੱਠੇ ਕਰ ਲਏ। ਜੰਟੇ ਵਾਂਗ ਉਹ ਵੀ ਚੜ੍ਹਦੇ ਚੰਦ ਹੀ ਸਨ। ਅਲੱਥ ਨਿਕਲੇ
ਜੱਟਾਂ ਨੂੰ ਆਖਰ ਵੈਲਪੁਣਾ ਹੀ ਬੁੱਕਲ ਵਿਚ ਲੈਂਦਾ ਹੈ, ਚੰਗਿਆਈ ਤਾਂ ਉਹਨਾਂ ਤੋਂ
ਕੋਹਾਂ ਦੂਰ ਰਹਿੰਦੀ ਹੈ! ਵਿਗੜਿਆ ਜੱਟ ਤੇ ਭੂਸਰਿਆ ਸਾਹਣ ਮਾੜਾ ਹੀ ਮਾੜਾ ਹੁੰਦਾ
ਹੈ।
ਡਿੰਮ੍ਹ ਲਾਈਟ ਚਲੀ ਗਈ।
ਲੈਂਪ ਜਗਾ ਲਏ ਗਏ।
ਕੁੜੀਆਂ ਬੁੜ੍ਹੀਆਂ ਰੋ ਰਹੀਆਂ
ਸਨ। ਪਰ ਚੰਦ ਕੌਰ ਖ਼ਾਮੋਸ਼ ਹੋਈ ਬੈਠੀ "ਗਟਰ-ਗਟਰ" ਉਹਨਾਂ ਵੱਲ ਝਾਕ ਰਹੀ ਸੀ। ਉਸ
ਦੀਆਂ ਗੁਟਾਹਰ ਵਰਗੀਆਂ ਅੱਖਾਂ ਔਟਲੀਆਂ ਜਿਹੀਆਂ ਫਿਰਦੀਆਂ ਸਨ। ਸ਼ਾਇਦ ਉਸ ਅੰਦਰ ਕੋਈ
ਲਾਵਾ ਸੁੰਧਕ ਰਿਹਾ ਸੀ, ਜਿਸ ਨੂੰ ਫ਼ਟਣ ਵਿਚ ਬਹੁਤੀ ਦੇਰ ਲੱਗਦੀ ਮਹਿਸੂਸ ਨਹੀਂ
ਹੁੰਦੀ ਸੀ।
-"ਚੰਦ ਕੁਰੇ ਓਸ ਗੱਲ ਦੇ ਆਖਣ
ਮਾਂਗੂੰ-ਆਹ ਬਿੱਜ ਦਾ ਕੀ ਪਤਾ ਸੀ?" ਇੱਕ ਸਿਆਣੀ ਜਿਹੀ ਬਜੁਰਗ ਬੁੜ੍ਹੀ, "ਹਾਏ ਵੇ
ਰੱਬਾ--!" ਕਹਿੰਦੀ ਚੰਦ ਕੌਰ ਦੇ ਗੋਡੇ ਮੁੱਢ ਆ ਬੈਠੀ।
-"ਫੇਰ ਕੀ ਲੋਹੜਾ ਆ ਗਿਆ
ਅੰਮਾਂ ਜੀ? ਸਾਡੀ ਮਾਰਨ ਆਲੀ ਤਾਂ ਉਹਨਾਂ ਨੇ ਮਾਰਤੀ-ਹੁਣ ਤੂੰ ਦੇਖੀਂ ਅਸੀਂ ਕੀ ਚੰਦ
ਚੜ੍ਹਾਉਨੇ ਐਂ-ਜੇ ਜੱਟ ਨਾ ਨਰੜਾ ਕੇ ਮਰਵਾਏ ਤਾਂ ਮੈਨੂੰ ਚੰਦ ਕੁਰ ਜੱਟੀ ਕੌਣ
ਆਖੂ--?" ਬੈਠੀ ਉਹ ਗੈਸ ਸਲੰਡਰ ਵਾਂਗ ਫ਼ਟੀ ਸੀ।
-"ਇਉਂ ਤਾਂ ਭਾਈ ਦਿਨ
ਦਿਹਾੜ੍ਹੇ ਹਨ੍ਹੇਰ ਐ।" ਇੱਕ ਹੋਰ ਬਲਦੀ 'ਤੇ ਤੇਲ ਪਾਉਣ ਆ ਗਈ ਸੀ।
-"ਹਰਬੰਸ ਕੁਰੇ-ਮੈਨੂੰ ਵੀ ਮਾਂ ਨਹੀਂ-ਕੁੱਤੀ ਚੱਕੀ ਫਿਰਦੀ ਰਹੀ ਐ ਜੇ ਜੱਟਾਂ ਨੂੰ
ਹੱਥ ਨਾ ਲੁਆਏ ਤਾਂ!"
-"ਬਾਘਰੂ-ਬਾਘਰੂ--!"
-"ਮੈਂ ਵੀ ਪਿਉ ਦੀ
ਨ੍ਹੀ-ਕਿਸੇ ਚੂਹੜ੍ਹੇ ਦੀ ਹੋਊਂ ਜੇ ਜੱਟ ਨਾ ਫਾਹੇ ਲੁਆਏ--!" ਚੰਦ ਕੌਰ ਮੱਝ ਵਾਂਗ
ਰੰਭਦੀ, ਛਾਤੀ 'ਤੇ "ਧੱਪ-ਧੱਪ" ਹੱਥ ਮਾਰ ਰਹੀ ਸੀ।
ਲਾਈਟ ਆ ਗਈ।
ਚਾਨਣ ਨਾਲ ਘਰ ਭਰ ਗਿਆ।
ਜੰਟੇ ਅਤੇ ਉਸ ਦੇ ਜੁੰਡੀ ਦੇ
ਯਾਰਾਂ ਵਿਚ ਬੋਤਲ ਘੁਕ ਰਹੀ ਸੀ। ਅਚਾਰ ਵਾਲੀ ਕੌਲੀ ਗੇੜੀਂ ਪਈ ਹੋਈ ਸੀ।
ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਨ। ਬੋਲਾਂ ਵਿਚ ਸ਼ਰਾਬ ਦੁਹਾਈਆਂ ਦੇ ਰਹੀ
ਸੀ। ਕੋਈ ਕਰਮ ਸਿੰਘ ਦੇ ਗੋਲੀ ਮਾਰ ਰਿਹਾ ਸੀ। ਕੋਈ ਸ਼ਿੰਦੇ ਦੀ ਲੱਤ ਵੱਢ ਰਿਹਾ ਸੀ।
ਕੋਈ ਪੁਲਸ-ਘੁੰਡੀਆਂ ਨੋਟ ਕਰਵਾ ਰਿਹਾ ਸੀ। ਨ੍ਹੇਰੀ ਬਾਹਰ ਨਾਲੀ ਕੋਲ ਬੈਠਾ ਉਛਲ
ਰਿਹਾ ਸੀ। ਸੰਤਰਾ ਸ਼ਰਾਬ ਉਪਰੋਂ ਦੀ ਪੀਤੀ ਦੇਸੀ ਦਾਰੂ ਉਸ ਦੇ ਫਿੱਟ ਨਹੀਂ ਬੈਠੀ
ਸੀ। ਜੰਗੀਰੇ ਨੇ ਉਸ ਨੂੰ ਕੁਰਲੀ ਕਰਨ ਲਈ ਪਾਣੀ ਦਿੱਤਾ।
ਅੱਧੀ ਰਾਤ ਹੋ ਚੁੱਕੀ ਸੀ।
ਬਜੁਰਗ ਉਹਨਾਂ ਦੀਆਂ ਗੱਲਾਂ ਕੰਨ ਦੇ ਕੇ ਸੁਣ ਰਿਹਾ ਸੀ।
ਉਹ ਕਿਸੇ ਪਾਸੇ ਤੁਰਨ ਲੱਗੇ,
ਪਰ ਬਜੁਰਗ ਨੇ ਰੋਕ ਲਏ। ਘਰ ਵਿਚ ਇਕੱਲਾ ਬਜੁਰਗ ਹੀ ਸਿਆਣਾ ਜਾਪਦਾ ਸੀ, ਬਾਕੀ ਸਾਰੇ
ਦੇ ਸਾਰੇ "ਹੱਟ ਕੁੱਤੀਏ---!" ਨਹੀਂ ਕਹਿਣ ਦਿੰਦੇ ਸਨ।
-"ਤੁਸੀਂ ਹੁਣ ਕੁਬੇਲੇ ਕਿੱਧਰ
ਨੂੰ ਤੁਰ ਪਏ?"
-"ਠਾਣੇਂ ਚੱਲੇ ਆਂ ਬਾਪੂ--!"
ਜੰਟੇ ਨੇ ਕਿਹਾ। ਉਹ ਬੈਠਕ ਦੇ ਦਰਵਾਜੇ ਵਿਚ ਅੜਿਆ ਜਿਹਾ ਖੜ੍ਹਾ ਸੀ। ਨਸ਼ੇ ਦਾ ਆਦੀ
ਹੋਣ ਕਰਕੇ ਉਸ ਦਾ ਫਿੱਟਿਆ ਮੂੰਹ ਬੰਦੂਕ ਦੇ ਬੁੱਗ ਵਰਗਾ ਲੱਗਦਾ ਸੀ।
-"ਕੁਬੇਲੇ ਨ੍ਹੀ ਜਾਣਾ
ਸ਼ੇਰੋ! ਨਾਕੇ ਆਲੇ ਅਲੀ ਅਲੀ ਕਰਕੇ ਪੈਂਦੇ ਐ-ਇੱਕ ਥੋਡੀ ਪੀਤੀ ਵੀ ਐ-ਜੋ ਹੋਣਾ ਸੀ
ਹੋ ਗਿਆ-ਬਾਧੂ ਆਬਦਾ ਕੋਈ ਨਛਕਾਨ ਨਾ ਕਰਾ ਲਿਓ-ਤੜਕੇ ਜਾਇਓ--!" ਬਜੁਰਗ ਨੇ ਸਿਆਣੀ
ਮੱਤ ਦਿੱਤੀ।
ਸਾਰੇ ਕੰਨ ਜਿਹੇ ਝੇਪ ਗਏ।
ਜੰਟਾ ਬਾਪੂ ਤੋਂ ਕੰਨ ਭੰਨਦਾ
ਸੀ। ਸਾਰੀ ਜ਼ਮੀਨ ਜਾਇਦਾਦ ਅਜੇ ਬਾਪੂ ਦੇ ਨਾਂ ਹੀ ਸੀ। ਜੇ ਬਾਪੂ ਹੀ ਆਕੜ ਗਿਆ, ਫੇਰ
ਵਿਚੋਂ ਲੈਣ ਦੇਣ ਨੂੰ ਕੀ ਐ? ਜੰਟਾ ਸੋਚਦਾ ਰਹਿੰਦਾ।
ਸਾਰੇ ਹਟ ਕੇ ਫਿਰ ਬੈਠਕ ਵਿਚ
ਬੈਠ ਗਏ।
ਦਾਰੂ ਫਿਰ ਸ਼ੁਰੂ ਕਰ ਲਈ।
ਨ੍ਹੇਰੀ ਪੀਣ ਤੋਂ ਮੁਨੱਕਰ
ਸੀ। ਪਹਿਲਾਂ ਹੀ ਉਲਟੀਆਂ ਕਰ ਕਰ ਉਸ ਦੀਆਂ ਨਾੜਾਂ ਇਕੱਠੀਆਂ ਹੋਈਆਂ ਪਈਆਂ ਸਨ। ਉਹ
ਠੰਢ ਨਾਲ ਕੂੰਗੜੇ ਪਠੋਰੇ ਵਾਂਗ ਵੱਖੀਆਂ ਫੜੀ ਬੈਠਾ ਸੀ।
-"ਇੱਕ ਦੋਂਹ ਨੂੰ ਕਰਾਓ ਅੰਦਰ
ਤੇ ਬਾਕੀਆਂ ਨੂੰ ਲੰਮੇ ਹੱਥੀਂ ਲਓ--!" ਜੱਗਰ ਨੇ ਪੈੱਗ ਪੀਣ ਤੋਂ ਬਾਅਦ ਅਚਾਰੀ ਆਉਲਾ
ਮੂੰਹ ਵਿਚ ਪਾਇਆ। ਆਉਲੇ ਦੀ ਗਿਟਕ "ਕੜੱਕ-ਕੜੱਕ" ਉਸ ਦੇ ਦੰਦਾਂ ਵਿਚ ਖੜਕਣ ਲੱਗ ਪਈ।
-"ਅੱਬਲ ਤਾਂ ਤੱਤੇ ਘਾਹ ਇੱਕ
ਅੱਧੇ ਦੀ ਲੱਤ ਬਾਂਹ ਵੱਢ ਕੇ ਪਰ੍ਹਾਂ ਕਰੋ--!" ਜੰਗੀਰਾ ਬੋਲਿਆ। ਦਾਰੂ ਨੇ ਉਸ ਦੀ
ਜੀਭ ਪੱਛ ਦਿੱਤੀ ਸੀ। ਫਿਰ ਕੌੜੀ ਮਿਰਚ ਨਾਲ ਉਸ ਦਾ ਮੂੰਹ ਆਪਣੇ ਆਪ ਖੁੱਲ੍ਹ ਗਿਆ।
-"ਤੂੰ ਮੰਜਾ ਲੈ ਕੇ ਦੋ ਘੰਟੇ
'ਰਾਮ ਕਰਲਾ-ਕੱਲ੍ਹ ਨੂੰ ਤਾਂ ਪਤਾ ਨ੍ਹੀ ਕਿਹੜੇ ਪੱਤਣ ਹੋਵਾਂਗੇ---!" ਸ਼ੇਰੂ ਨੇ
ਕਿਹਾ। ਉਹ ਥੋੜ੍ਹੇ ਚਿਰ ਬਾਅਦ ਦਾਰੂ ਦੀ ਗਿਲਾਸੀ ਮਾਰਦਾ ਸੀ।
-"ਤੁਸੀਂ ਮੇਰਾ ਫਿਕਰ ਨਾ ਕਰੋ
ਬਾਈ! ਮੈਂ ਤਾਂ ਪਾਦੂੰ ਘੁਕਾਹਟ--!" ਨ੍ਹੇਰੀ ਨੇ ਕਿਹਾ। ਹੁਣ ਉਹ ਕੁਝ ਸੰਭਲ ਗਿਆ
ਸੀ।
-"ਤੇਰੇ ਦਾਰੂ ਤਾਂ ਪਚਦੀ
ਨ੍ਹੀ-ਘੁਕਾਹਟ ਕਿਹੜੇ ਪਾਸਿਓਂ ਪਾਵੇਂਗਾ?" ਬਖਤੌਰ ਨੇ ਉਸ ਨੂੰ ਗੱਲ ਰੜਕਾਈ।
-"ਸਮਝ ਨ੍ਹੀ ਲੱਗਦੀ ਬਈ ਥੋਡੇ
ਢਿੱਡ ਐ ਕਿ ਟੋਏ ਐ?" ਸਮੇਂ ਸਿਰ ਸਹੀ ਗੱਲ ਨਾ ਸੁੱਝੀ ਕਰਕੇ ਉਸ ਨੇ ਸਿੱਧੀ ਹੀ ਛੱਡ
ਦਿੱਤੀ।
-"ਅਜੇ ਤਾਂ ਜਾਗ ਈ ਲਾਇਐ-ਜੇ
ਊਂ ਪੀਣ ਲੱਗੀਏ ਤਾਂ ਡਰੰਮ ਖਤਮ ਕਰਦੀਏ-ਊਠਾਂ ਨੂੰ ਗੁੜ੍ਹਤੀਆਂ ਨਾਲ ਕੀ ਬਣਦੈ?"
ਜੱਗਰ ਨੇ ਪੈੱਗ ਪੀ ਕੇ ਘੁੱਟ ਕੁ ਪਾਣੀ ਪੀਤਾ ਅਤੇ ਫਿਰ ਡੋਲ੍ਹ ਦਿੱਤਾ। ਉਸ ਕੁਰਲੀ
ਕਰਦੇ ਦੀ "ਕੂਰਬ-ਕੂਰਬ" ਨ੍ਹੇਰੀ ਦੇ ਪਾਸੀਂ ਵੱਜਦੀ ਸੀ।
-"ਹਲਾ--!" ਨ੍ਹੇਰੀ ਦੀਆਂ
ਅੱਖਾਂ ਅੱਗੇ ਭੰਬੂਤਾਰੇ ਨੱਚੇ ਸਨ। ਬਹਾਰ 'ਚ ਆਈ ਕੁੱਤੀ ਵਾਂਗ ਉਹ ਆਪਣੇ ਆਪ ਨੂੰ
ਕੁੱਤਿਆਂ ਵਿਚ ਘਿਰਿਆ ਮਹਿਸੂਸ ਕਰ ਰਿਹਾ ਸੀ।
ਫਿਰ ਪਤਾ ਨਹੀਂ ਕਦੋਂ ਉਹ ਸੌਂ
ਗਏ। |