ਤਿੱਖੜ ਦੁਪਿਹਰ ਕਾਂ ਅੱਖ ਨਿਕਲ ਰਹੀ ਸੀ। ਧਰਤੀ
ਦੀ ਰੇਤ ਕਿਸੇ ਭੱਠੀ ਦੇ ਰੇਤੇ ਵਾਂਗ ਤਪ ਰਹੀ ਸੀ। ਸਿਖਰੋਂ ਸੂਰਜ ਅੱਗ ਵਰ੍ਹਾ ਰਿਹਾ
ਸੀ। ਤਿੰਨ ਵੱਜਣ ਵਾਲੇ ਸਨ।
ਟਰੱਕ ਚਾਰੇ ਲਾਅਸ਼ਾਂ ਲੈ ਕੇ
ਪਹੁੰਚ ਗਿਆ। ਆਂਢੀਆਂ ਗੁਆਂਢੀਆਂ ਨੇ ਨਾਲ ਲੱਗ ਕੇ ਲਾਅਸ਼ਾਂ ਉਤਾਰੀਆਂ। ਕੰਮ ਕਰਨਾ
ਤਾਂ ਜਿਵੇਂ ਸਾਰਾ ਪਿੰਡ ਹੀ ਭੁੱਲ ਗਿਆ ਸੀ। ਇਸ ਪਿੰਡ ਵਿਚ ਹੀ ਨਹੀਂ, ਸਗੋਂ ਗੁਆਂਢੀ
ਪਿੰਡਾਂ ਵਿਚ ਵੀ ਇਹਨਾਂ ਚਾਰ ਮੌਤਾਂ ਦੀ ਚਰਚਾ ਸੀ। ਲੋਕ ਸੁਣਦੇ ਤਾਂ "ਤਰਾਸ-ਤਰਾਸ"
ਕਰ ਉਠਦੇ। ਕੋਈ ਕੁਝ ਬੋਲਦਾ ਕੋਈ ਕੁਝ! ਜਿਤਨੇ ਮੂੰਹ, ਉਤਨੀਆਂ ਗੱਲਾਂ ਹੋ ਰਹੀਆਂ
ਸਨ। ਪਿੰਡ ਦੇ ਲੋਕ ਹੋਰ ਵੀ ਤ੍ਰਹਿ ਗਏ ਸਨ ਕਿ ਪਤਾ ਨਹੀਂ ਅੱਗੇ ਕੀ ਹੋਣ ਵਾਲਾ ਸੀ?
ਕੰਧ ਦੀ ਆੜ ਉਹਲੇ ਬੁੜ੍ਹੀਆਂ
ਨੇ ਲਾਅਸ਼ਾਂ ਦਾ ਮਾੜਾ ਮੋਟਾ ਇਸ਼ਨਾਨ ਕਰਵਾਇਆ। ਡਾਕਟਰ ਨੇ ਲਾਅਸ਼ਾਂ ਦਾ ਅੱਧ ਵੀ
ਨਹੀਂ ਛੱਡਿਆ ਸੀ। ਪੋਸਟ ਮਾਰਟਮ ਤੋਂ ਬਾਅਦ ਉਸ ਨੇ ਟਾਂਕੇ ਨਹੀਂ "ਸੜੋਪੇ" ਹੀ ਭਰੇ
ਸਨ।
ਕਮਜ਼ੋਰ ਦਿਲ ਬੁੜ੍ਹੀਆਂ
ਬੇਦਿਲ ਹੋ ਗਈਆਂ ਸਨ।
ਹਰ ਕੌਰ ਰੋ ਨਹੀਂ ਰਹੀ ਸੀ,
ਸਗੋਂ ਪੱਥਰ ਬਣੀਆਂ ਅੱਖਾਂ ਨਾਲ ਝਾਕ ਰਹੀ ਸੀ।
-"ਬਾਖਰੂ-ਬਾਖਰੂ-ਦੇਖ ਨ੍ਹੀ ਬਿਚਾਰੀਆਂ ਦੇ ਮੂੰਹ-ਜਿਹੀਆਂ ਜੱਗ 'ਤੇ ਆਈਆਂ-ਜਿਹੀਆਂ
ਨਾ ਆਈਆਂ।" ਕਿਸੇ ਬੁੜ੍ਹੀ ਨੇ ਕੁੜੀਆਂ ਦੀਆਂ ਨੁਹਾਈਆਂ ਸੁਆਰੀਆਂ ਲਾਅਸ਼ਾਂ ਵੱਲ ਹੱਥ
ਕਰਕੇ ਕਿਹਾ। ਉਹ ਅੰਦਰੋਂ ਫ਼ਿੱਸੀ ਜਿਹੀ ਪਈ ਸੀ।
-"ਲਿਖੀਆਂ ਕੌਣ ਮੋੜੇ ਅੰਮਾਂ
ਜੀ!" ਇੱਕ ਹੋਰ ਬੈਠੀ ਚੁੱਪ ਚਾਪ ਰੋਈ ਜਾ ਰਹੀ ਸੀ।
-"ਨੀ ਮਾਸੂਮ ਚਿਹਰੇ ਤਾਂ
ਦੇਖ-ਫੁੱਲਾਂ ਮਾਂਗੂੰ ਮੁਰਝਾਗੇ!"
ਹਰ ਕੌਰ ਦੇ ਸਬਰ ਦਾ ਬੰਨ੍ਹ
ਟੁੱਟ ਗਿਆ।
-"ਹਾਏ ਨੀ ਤੁਸੀਂ ਮੈਨੂੰ
'ਕੱਲੀ ਨੂੰ ਛੱਡ ਕੇ ਤੁਰਗੀਆਂ ਨੀ ਮੇਰੇ ਪੁੱਤ ਦੀਓ ਧੀਓ--!"
-"ਨੀ ਮੈਂ ਆਪਣੇ ਪੁੱਤ ਨੂੰ
ਕਿਹੜਾ ਮੂੰਹ ਦਿਖਾਊਂ ਨੀ ਮੇਰੀਓ ਲਾਡਲੀਓ ਧੀਓ! ਨੀ ਤੁਸੀਂ ਮੈਨੂੰ ਜਿਉਂਦੀ ਨੂੰ ਮਾਰ
ਕੇ ਸਿੱਟਗੀਆਂ ਨੀ ਧੀਓ! ਨੀ ਤੁਸੀਂ ਮੇਰੀ ਜੂਨ ਖਰਾਬ ਕਰਗੀਆਂ ਨੀ ਧੀਓ! ਨੀ ਤੁਸੀਂ
ਮੇਰਾ ਬੁੜ੍ਹਾਪਾ ਰੋਲਤਾ ਨੀ ਮੇਰੇ ਪੁੱਤ ਦੀਓ ਧੀਓ! ਹਾਏ ਮੈਂ ਥੋਨੂੰ ਹੱਥੀਂ ਛਾਵਾਂ
ਕਰਾਂ ਨੀ ਮੇਰੀਓ ਪਿਆਰੀਓ ਧੀਓ--!" ਹਰ ਕੌਰ ਨੇ ਵੈਣ ਪਾਉਣੇ ਸ਼ੁਰੂ ਕਰ ਦਿੱਤੇ।
ਹਰ ਕੌਰ ਦੇ ਵੈਣ ਹਰ ਇੱਕ ਦਾ
ਕਾਲਜਾ ਪਾੜਦੇ ਸਨ। ਕਿਸੇ ਦੀਆਂ ਅੱਖਾਂ ਦਾ ਨੀਰ ਰੋਕਿਆਂ ਵੀ ਨਹੀਂ ਰੁਕਦਾ ਸੀ। ਪੱਥਰ
ਦਿਲ ਵੀ ਮੋਮ ਹੋ ਗਏ ਸਨ। ਲੋਹੇ ਵਰਗੇ ਜਿਗਰੇ ਪਿਘਲ ਗਏ ਸਨ।
-"ਬੱਸ ਵੀ ਕਰੀਦਾ ਹੁੰਦੈ,
ਹਰਕੁਰੇ-!" ਕਿਸੇ ਬੁੜ੍ਹੀ ਨੇ ਰੋਕਿਆ।
-"ਉਹਨਾਂ ਨਾਲ ਆਪਣਾ ਐਨਾ ਕੁ
ਈ ਸੀ।" ਕੋਈ ਹੋਰ ਸਿਆਣੀ ਜਿਹੀ ਬੋਲੀ।
-"ਹਾਏ ਵੇ ਡਾਢਿਆ
ਰੱਬਾ-ਮੈਨੂੰ ਵੀ ਕਿਉਂ ਨ੍ਹੀ ਚੱਕ ਲਿਆ?" ਉਸ ਦੇ ਵੈਣ ਹਾਉਕਿਆਂ ਵਿਚ ਬਦਲ ਗਏ ਸਨ।
ਹੰਝੂ ਧਰਾਲੀਂ ਵਗ ਰਹੇ ਸਨ। ਦਿਲ ਜਿਵੇਂ ਨਿਕਲ ਕੇ ਬਾਹਰ ਨੂੰ ਆਉਂਦਾ ਸੀ।
ਰੋਂਦੀ-ਰੋਂਦੀ ਦੀਆਂ, ਉਸ ਦੀਆਂ ਪੁੜਪੜੀਆਂ ਬੁਰੀ ਤਰ੍ਹਾਂ ਨਾਲ ਵੱਜਣ ਲੱਗ ਪਈਆਂ ਸਨ।
ਪਰ ਉਸ ਨੂੰ ਕੋਈ ਸੁਰਤ ਨਹੀਂ ਸੀ। ਉਹ ਬੌਂਦਲੀ ਪਈ ਸੀ।
ਇੰਦਰ ਹੁਰਾਂ ਨੇ ਸ਼ਮਸ਼ਾਨ
ਘਾਟ ਵਿਖੇ ਲੱਕੜਾਂ ਅਤੇ ਪਾਥੀਆਂ ਦਾ ਪ੍ਰਬੰਧ ਕਰ ਲਿਆ ਸੀ। ਉਹ ਸਸਕਾਰ ਦੀ ਤਿਆਰੀ ਕਰ
ਕੇ ਘਰ ਆ ਗਏ। ਸੋਲ੍ਹਾਂ ਜਾਣਿਆਂ ਨੇ ਚਾਰ ਲਾਅਸ਼ਾਂ ਆਪਣੇ ਕੰਧੀਂ ਚੁੱਕ ਲਈਆਂ। ਪਿੰਡ
ਦਾ ਦਿਲ ਹਿੱਲਿਆ ਸੀ। ਲਾਅਸ਼ਾਂ ਮਗਰ ਕੀਰਨੇ ਪੈਂਦੇ ਆ ਰਹੇ ਸਨ। ਹਰ ਕੌਰ ਨੂੰ ਸਹਾਰਾ
ਦੇ ਕੇ ਬੁੜ੍ਹੀਆਂ ਨਾਲ ਲਈ ਆ ਰਹੀਆਂ ਸਨ। ਉਹ ਨਿਰਬਲ, ਤੁਰਨ ਜੋਗੀ ਨਹੀਂ ਰਹੀ ਸੀ।
ਉਹ ਤੁਰਦੀ ਇਕ ਲਾਅਸ਼ ਹੀ ਦਿਖਾਈ ਦੇ ਰਹੀ ਸੀ।
ਚਾਰੇ ਲਾਅਸ਼ਾਂ ਉਤਾਰ ਕੇ
ਸਿਵਿਆਂ 'ਤੇ ਰੱਖ ਦਿੱਤੀਆਂ ਗਈਆਂ।
ਅੰਤਿਮ ਦਰਸ਼ਣ ਕਰਵਾਏ ਗਏ।
ਲਾਅਸ਼ਾਂ ਉਪਰ ਹੋਰ ਲੱਕੜਾਂ
ਚਿਣ ਕੇ, ਦੋ ਨੂੰ ਇੰਦਰ ਨੇ ਅਤੇ ਦੋ ਨੂੰ ਸ਼ਿੰਦੇ ਨੇ ਦਾਗ ਦਿੱਤਾ। ਬੇਸਬਰੀ ਅੱਗ ਇੱਕ
ਦਮ ਭਾਂਬੜ ਬਣ ਗਈ। ਲਾਟਾਂ ਅਸਮਾਨ ਨੂੰ ਛੂਹਣ ਲੱਗ ਪਈਆਂ। ਹਰ ਮੂੰਹੋਂ "ਵਾਹਿਗੁਰੂ"
ਨਿਕਲਿਆ ਸੀ।
ਹਰ ਕੌਰ ਅੱਗ ਵਿਚ ਛਾਲ ਮਾਰਨ
ਲਈ ਅਹੁਲੀ। ਪਰ ਬੁੜ੍ਹੀਆਂ ਨੇ ਫੜ ਲਈ। ਜਿਵੇਂ ਬੁੜ੍ਹੀਆਂ ਨੂੰ ਪਹਿਲਾਂ ਹੀ ਪਤਾ ਸੀ
ਕਿ ਹਰ ਕੌਰ ਅਜਿਹੀ ਹਰਕਤ ਕਰੇਗੀ। ਬੇਵੱਸ ਜਿਹੀ ਹੋਈ ਉਹ ਬੁਰੀ ਤਰ੍ਹਾਂ ਆਪਣੀ ਛਾਤੀ
ਪਿੱਟ ਰਹੀ ਸੀ। ਉਸ ਦੇ ਕੇਸ ਖੁੱਲ੍ਹ ਕੇ ਗਲ ਵਿਚ ਪੈ ਗਏ ਸਨ। ਮੁੜ੍ਹਕੋ-ਮੁੜ੍ਹਕੀ
ਹੋਈ ਹਰ ਕੌਰ ਦਾ ਬੜਾ ਹੀ ਬੁਰਾ ਹਾਲ ਸੀ। ਉਸ ਦੀ ਕੋਈ ਪੇਸ਼ ਨਹੀਂ ਜਾਂਦੀ ਸੀ। ਇਸ
ਟਾਈਮ ਉਸ ਨੂੰ ਜੇ ਰੱਬ ਵੀ ਮਿਲ ਪੈਂਦਾ ਤਾਂ ਉਹ ਦੁਖੀ ਹੋਈ ਉਸ ਨੂੰ ਵੀ ਭਰਾੜ੍ਹ ਕਰ
ਸੁੱਟਦੀ!
ਅਖੀਰ ਹਰ ਇੱਕ ਨੇ ਆਖਰੀ ਡੱਕੇ
ਸੁੱਟ ਦਿੱਤੇ।
ਗੁਰਦੁਆਰੇ ਦੀ ਖੂਹੀ 'ਤੇ ਆ
ਕੇ ਹੱਥ ਪੈਰ ਸੁੱਚੇ ਕੀਤੇ। ਗੁਰਦੁਆਰੇ ਅੰਦਰ ਜਾ ਕੇ ਮਰਨ ਵਾਲਿਆਂ ਦੀਆਂ ਰੂਹਾਂ ਦੀ
ਸ਼ਾਂਤੀ ਲਈ ਅਰਦਾਸ ਕੀਤੀ। ਅਕਾਲ ਪੁਰਖ ਨੂੰ ਵਿਛੜੀਆਂ ਰੂਹਾਂ ਲਈ ਆਪਣੇ ਚਰਨਾਂ ਵਿਚ
ਜਗ੍ਹਾ ਦੇਣ ਲਈ ਬੇਨਤੀਆਂ ਹੋਈਆਂ ਸਨ।
ਹਰ ਕੌਰ ਨੂੰ ਬੁੜ੍ਹੀਆਂ ਇਕ
ਤਰ੍ਹਾਂ ਨਾਲ ਸਾਂਭੀ ਘਰ ਨੂੰ ਲਈ ਜਾ ਰਹੀਆਂ ਸਨ। ਉਸ ਵਿਚ ਸਾਹ ਸਤ ਨਹੀਂ ਰਿਹਾ ਸੀ।
ਉਹ ਕਬਰ ਵਿਚੋਂ ਕੱਢੇ ਮੁਰਦੇ ਵਾਂਗ ਜਾਪਦੀ ਸੀ। ਸਰੀਰ ਉਸ ਦਾ ਸੁੱਕ ਕੇ ਤਾਂਬੜ ਬਣ
ਗਿਆ ਸੀ। ਹੌਲੀ ਹੌਲੀ ਆਸਰਾ ਦੇ ਕੇ ਬੁੜ੍ਹੀਆਂ ਨੇ ਉਸ ਨੂੰ ਘਰ ਲੈ ਆਂਦਾ। ਘਰ
ਸੁੰਨਾਂ ਸੁੰਨਾਂ ਜਾਪਦਾ ਸੀ। ਘਰ ਇੱਕ ਤਰ੍ਹਾਂ ਨਾਲ ਹਰ ਕੌਰ ਨੂੰ ਜਿਵੇਂ ਖਾਣ ਨੂੰ ਆ
ਰਿਹਾ ਸੀ। ਉਸ ਨੇ ਡੂੰਘੇ, ਵੈਰਾਗੀ ਵੈਣ ਸ਼ੁਰੂ ਕਰ ਦਿੱਤੇ। |