WWW 5abi.com  ਸ਼ਬਦ ਭਾਲ

ਨਾਵਲ
ਕਾਂਡ ਪੰਜਵਾਂ

ਉੱਜੜ ਗਏ ਗਰਾਂ
ਸ਼ਿਵਚਰਨ ਜੱਗੀ ਕੁੱਸਾ


ਸੁਬਾਹ ਹੋ ਚੁੱਕੀ ਸੀ।

ਚੜ੍ਹਦੀ ਵਾਲੇ ਪਾਸਿਓਂ ਸੂਰਜ ਦੀ ਲਾਲੀ ਨੇ ਸੰਸਾਰ ਨੂੰ 'ਸਲਾਮ' ਕਹੀ ਸੀ। ਤਾਰੇ ਫ਼ਿੱਕੇ ਪੈ ਚੁੱਕੇ ਸਨ। ਗੁਰਦੁਆਰੇ ਦੇ ਸਪੀਕਰ ਵਿਚੋਂ ਰਸਭਿੰਨੀ ਅਵਾਜ਼ ਆ ਰਹੀ ਸੀ:

-"ਅਸੀਂ ਖੱਤੇ ਬਹੁਤ ਕਮਾਂਵਾਦੇ ਅੰਤਿ ਨ ਪਾਰਾਵਾਰ।।"

ਉਠ ਕੇ ਇੰਦਰ ਨੇ ਸ਼ਿੰਦੇ ਨੂੰ ਜਗਾਇਆ।
ਸ਼ਿੰਦਾ ਉਠਿਆ।
ਇੰਦਰ ਮੂੰਹ ਧੋਣ ਚਲਾ ਗਿਆ।

-"ਲਓ ਮਾਲਕੋ-ਚਾਹ ਪੀਓ!" ਜਦੋਂ ਇੰਦਰ ਮੂੰਹ ਧੋ ਕੇ ਵਾਪਿਸ ਪਰਤਿਆ ਤਾਂ ਕੰਪਾਊਡਰ ਦੋ ਕੱਚ ਦੇ ਭੈੜ੍ਹੇ ਜਿਹੇ ਗਿਲਾਸਾਂ ਵਿਚ ਮੂਤ ਵਰਗੀ ਚਾਹ ਪਾਈ ਖੜ੍ਹਾ ਸੀ। ਇੰਦਰ ਨੂੰ ਕੰਪਾਊਡਰ ਵੱਲ ਤੱਕ ਕੇ ਪ੍ਰਤੀਤ ਹੋਇਆ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਸਨ। ਉਸ ਨੇ ਆਪਣਾ ਚ੍ਹੀਚੀ-ਹੀਣਾਂ, ਤਿੰਨ ਉਂਗਲਾਂ ਵਾਲਾ ਹੱਥ ਅਕੜਾ ਕੇ ਦੇਖਿਆ ਸੀ। ਉਸ ਦੇ ਦਿਲ ਵਿਚ ਆਇਆ ਬੰਦਿਆਂ ਵਿਚੋਂ ਅਜੇ ਮਾਨੁੱਖਤਾ ਮਰੀ ਨਹੀਂ ਸੀ। ਸਿਰਫ਼ ਜਿਉਂਦੀ ਜ਼ਮੀਰ ਵਾਲਿਆਂ ਵਿਚ ਹੀ ਹਮਦਰਦੀ ਕਾਇਮ ਸੀ। ਉਸ ਨੇ ਬੜੇ ਅਹਿਸਾਸ ਨਾਲ ਕੰਪਾਊਡਰ ਵੱਲ ਤੱਕਿਆ ਸੀ। ਜਿਸ ਦਾ ਉਨੀਂਦਰਾ ਮੂੰਹ ਅਜੇ ਵੀ ਮੁਸਕਰਾ ਰਿਹਾ ਸੀ। ਇੰਦਰ ਨੂੰ ਸਪੱਸ਼ਟ ਪਤਾ ਸੀ ਕਿ ਉਹ ਉਹਨਾਂ ਦਾ ਦਰਦ ਧੁਰ-ਦਿਲੋਂ ਸਮਝਦਾ ਸੀ।

ਉਸ ਨੇ ਚਾਹ ਫੜ ਕੇ ਜੀਪ 'ਤੇ ਰੱਖ ਲਈ।

-"ਕੀ ਨਾਂ ਐਂ ਦੋਸਤਾ ਤੇਰਾ?"
-"ਜੀ ਬੁੜ੍ਹੀ ਨੇ ਤਾਂ ਰਾਜਵੰਤ ਰੱਖਿਆ ਸੀ-ਪਰ ਆਖਣ ਵਾਲੇ ਰਾਜੂ ਕਹਿ ਕੇ ਈ ਫ਼ਾਹਾ ਵੱਢ ਦਿੰਦੇ ਐ।"
-"ਕਿਹੜਾ ਧਰਮ ਐਂ-ਹਿੰਦੂ ਹੁੰਨੈਂ ਕਿ ਸਿੱਖ?"
-"ਧਰਮ? ਧਰਮ ਆਪਣਾ ਹੈ ਮਾਲਕੋ ਇਨਸਾਨੀਅਤ!"

ਇੰਦਰ ਚਾਹ ਦੇ ਸੜ੍ਹਾਕੇ ਮਾਰਦਾ ਉਸ ਵੱਲ ਇੱਕ ਦਮ ਝਾਕਿਆ। ਕੰਪਾਊਡਰ ਦੇ ਸੱਚੇ-ਸੁੱਚੇ ਉਤਰ ਨੇ ਉਸ ਦੇ ਜਿਵੇ ਸਿਰ ਵਿਚ ਸੱਟ ਮਾਰੀ ਸੀ।

-"ਹੈਂ ਬਈ! ਫੇਰ ਤੂੰ ਇਹਨਾਂ ਬੇਈਮਾਨਾਂ ਵਿਚ ਕਿਵੇਂ ਕੱਟੀ ਜਾਨੈਂ?"
-"ਬੱਸ ਮਾਲਕੋ! ਘਰਾਂ ਦੇ ਵੀਹ ਝਮੇਲੇ ਹੁੰਦੇ ਐ-।" ਉਹ ਘੋਰ ਉਦਾਸ ਹੋ ਗਿਆ।
-"ਮਾਲਕੋ ਨੌਕਰੀਆਂ ਕਿਹੜਾ ਕਿਤੇ ਧਰੀਆਂ ਪਈਐਂ? ਆਹ ਮਸਾਂ ਐਥੇ ਪੈਰ ਜੇ ਅੜਾਏ ਐ-ਬਾਪੂ ਸੀ, ਮੇਰਾ ਬਾਹਵਾ ਸਹਾਰਾ ਸੀ-ਉਹ ਪੁਲਸ ਤੋਂ ਕਿਤੇ ਭੁਲੇਖੇ 'ਚ ਮਾਰਿਆ ਗਿਆ-ਅਗਲੇ ਦਿਨ ਡੌਂਡੀ ਪਿੱਟਤੀ ਅਖੇ ਜੀ ਕਰਾਸ ਫ਼ਾਇਰਿੰਗ 'ਚ ਮਾਰਿਆ ਗਿਆ-ਇਕ ਜੁਆਨ ਭੈਣ ਐਂ ਘਰੇ ਤੇ ਇੱਕ ਬਜੁਰਗ ਮਾਤਾ ਐ-ਭੈਣ ਦੇ ਵਿਆਹ ਵਾਸਤੇ ਮਾੜੀ ਮੋਟੀ ਪੂੰਜੀ ਜੋੜੀ ਸੀ-ਉਹ ਇੱਕ ਰਾਤ ਕਾਲੇ ਕੱਛਿਆਂ ਆਲੇ ਲੁੱਟ ਕੇ ਲੈ ਗਏ-ਜਾਂਦੇ ਹੋਏ ਸਾਲਿਆਂ ਨੇ ਬੁੜ੍ਹੀ ਦੀ ਲੱਤ 'ਤੇ ਪਤਾ ਨ੍ਹੀ ਕੀ ਮਾਰਿਆ? ਮਾਈ ਦਾ ਗੋਡਾ ਉਤਰ ਗਿਆ-ਹੁਣ ਵਿਚਾਰੀ ਮੰਜੇ 'ਤੇ ਬੈਠੀ ਐ-ਬਥ੍ਹੇਰੀ ਦੁਆਈ ਬੂਟੀ ਕੀਤੀ-ਗੋਡਾ ਵੀ ਚੜ੍ਹਾਇਆ-ਪਰ ਕਾਹਨੂੰ ਮਾਲਕੋ ਬੁੱਢੇ ਹੱਡ ਜੁੜਦੇ ਐ? ਵਿਚਾਰੀ ਮੰਜੇ 'ਤੇ ਬੈਠੀ ਈ ਚੂਕੀ ਜਾਂਦੀ ਐ-ਕੀ ਕਰੀਏ? ਬਹੁਤ ਤੰਗ ਐਂ ਜ਼ਿੰਦਗੀ ਤੋਂ-ਆਹ ਭੈਣ ਦੇ ਵਿਆਹ ਤੱਕ ਸਬਰ ਐ-ਫਿਰ ਆਪਾਂ ਤਾਂ ਸਾਧ ਹੋ ਜਾਣੈਂ।"

-"ਹੈਂ ਬਈ! ਤੂੰ ਨ੍ਹੀ ਸੀ ਘਰੇ-ਜਦੋਂ ਕਾਲੇ ਕੱਛਿਆਂ ਆਲੇ ਆਏ ਸੀ?"

-"ਕਿੱਥੇ ਮਾਲਕੋ! ਮੇਰੀ ਤਾਂ ਰਾਤ ਦੀ ਡਿਊਟੀ ਸੀ-ਨਾਲੇ ਮੈਂ ਕਿਹੜਾ ਮਾਲਕੋ ਦਾਰਾ ਭਲਵਾਨ ਸੀ ਬਈ ਇੱਕ ਅੱਧੇ ਨੂੰ ਫੜ ਕੇ ਸਿੱਟ ਲੈਂਦਾ-ਵਿਚੇ ਉਹ ਚਾਰ ਮੇਰੇ ਝਾੜ ਦਿੰਦੇ-ਅੱਬਲ ਤਾਂ ਇੱਕ ਅੱਧੀ ਹੱਡੀ ਪੱਸਲੀ ਗਾਇਬ ਹੁੰਦੀ।" ਉਹ ਪਈ ਲੁੱਟ ਤੋਂ ਕਾਫ਼ੀ ਮਾਯੂਸ ਸੀ। ਉਸ ਦੀਆਂ ਅੱਖਾਂ ਅੱਗ ਛੱਡ ਰਹੀਆਂ ਸਨ।

-"ਹੈਂ ਬਈ! ਜ਼ਿੰਦਗੀ ਸਾਧ ਬਣਨ ਲਈ ਨਹੀਂ-ਮਾਨਣ ਲਈ-ਬਸਰ ਕਰਨ ਲਈ ਹੁੰਦੀ ਐ।"

-"ਪਰ ਮਾਲਕੋ! ਸਮਝ ਨਹੀਂ ਆਉਂਦੀ-ਬਸਰ ਹੋਊ ਕਿਵੇਂ? ਕੱਲ੍ਹ ਨੂੰ ਭੈਣ ਆਬਦੇ ਘਰੇ ਤੁਰਗੀ-ਮਾਈ ਵੀ ਬਹੁਤਾ ਚਿਰ ਕਟਾਉਂਦੀ ਨਹੀਂ ਦੀਂਹਦੀ-ਫਿਰ ਤੁਸੀਂ ਆਪ ਈ ਸਿਆਣੇ ਐਂ ਬਈ ਇਕਲਾਪਾ ਤਾਂ ਬੰਦੇ ਨੂੰ ਘੁਣ ਮਾਂਗੂੰ ਖਾ ਜਾਂਦੈ।"

-"ਜ਼ਿੰਦਗੀ ਦਾ ਨਾਂ ਹੈ, ਜੱਦੋਜਹਿਦ! ਹਾਸੇ ਤੇ ਹਾਦਸਿਆਂ ਦਾ ਨਾਂ ਐਂ, ਜ਼ਿੰਦਗੀ!"

ਕੰਪਾਊਡਰ ਚੁੱਪ ਚਾਪ ਸੁਣ ਰਿਹਾ ਸੀ। ਉਸ ਨੂੰ ਇੰਦਰ ਦੀ ਗੱਲ ਵਾਕਿਆ ਹੀ ਵਜ਼ਨਦਾਰ ਲੱਗੀ ਸੀ। ਉਸ ਅੰਦਰ ਕੋਈ ਬਲ ਪ੍ਰਵੇਸ਼ ਹੋਇਆ ਸੀ। ਜਿਵੇਂ ਕਿਸੇ ਨਵੇਂ ਖੂਨ ਨੇ ਉਸ ਅੰਦਰ ਸੰਚਾਰ ਕੀਤਾ ਸੀ।

ਚਾਹ ਪੀ ਕੇ ਸ਼ਿੰਦੇ ਨੇ ਗਿਲਾਸ ਨਲਕੇ ਤੋਂ ਧੋ ਲਿਆਂਦੇ। ਗਿਲਾਸ ਇਕੱਠੇ ਕਰਦੇ ਕੰਪਾਊਡਰ ਨੂੰ ਇੰਦਰ ਨੇ ਇਕ ਵੀਹਾਂ ਦਾ ਨੋਟ ਦੇਣਾ ਚਾਹਿਆ। ਪਰ ਉਹ ਪਟੱਕ ਬੋਲਿਆ, "ਨਾ ਮਾਲਕੋ! ਮੇਰਾ ਈਮਾਨ ਪਰਖਣ ਦੀ ਕੋਸ਼ਿਸ਼ ਨਾ ਕਰੋ! ਇਹਨਾਂ ਬੇਈਮਾਨਾਂ ਵਿਚ ਰਹਿ ਕੇ ਫਿਰ ਵੀ ਮੇਰੀ ਜ਼ਮੀਰ ਅਜੇ ਅੱਗੇ ਦੀ ਤਰ੍ਹਾਂ ਜਿਉਂਦੀ ਜਾਗਦੀ ਐ-ਐਨਾ ਚਿਰ ਹੋ ਗਿਆ ਇੱਥੇ ਨੌਕਰੀ ਕਰਦੇ ਨੂੰ-ਕਦੇ ਕਿਸੇ ਤੋਂ ਇਕ ਪੈਸੇ ਦੇ ਵੀ ਰਵਾਦਾਰ ਨਹੀਂ ਹੋਏ-ਰੱਬ ਬਖ਼ਸ਼ੀ ਰੱਖੇ! ਮੈਂ ਤਾਂ ਦਸਾਂ ਨੌਹਾਂ ਦੀ ਕਿਰਤ ਕਰਨ ਆਲਾ ਇਨਸਾਨ ਐਂ।" ਤੇ ਉਹ ਗਿਲਾਸ ਲੈ ਕੇ ਚਲਾ ਗਿਆ।

ਇੰਦਰ ਜਾਂਦੇ ਕੰਪਾਊਡਰ ਵੱਲ ਤੱਕ ਕੇ ਸੋਚ ਰਿਹਾ ਸੀ ਕਿ ਵਾਕਿਆ ਹੀ ਸਾਡੇ ਲੋਕਾਂ ਦੇ ਦਿਲਾਂ ਵਿਚ ਅਜੇ ਰੱਬ ਵਸਦਾ ਸੀ। ਜ਼ਮੀਰ ਅਜੇ ਜਾਗਦੀ ਸੀ। ਈਮਾਨ ਅਜੇ ਮਰਿਆ ਨਹੀਂ ਸੀ। ਬੇਈਮਾਨ ਸਨ ਤਾਂ ਡਾਕਟਰ ਵਰਗੇ, ਜੋ ਲੋਕਾਂ ਦੀ ਮਜ਼ਬੂਰੀ ਦਾ ਫ਼ਾਇਦਾ ਉਠਾ ਕੇ ਦੋਨੀਂ ਹੱਥੀਂ ਲੁੱਟਦੇ ਸਨ। ਕਿਸੇ ਨੂੰ ਕਿਸੇ 'ਤੇ ਟੁੱਟੀ ਬਿਪਤਾ ਦੀ ਕੋਈ ਪ੍ਰਵਾਹ ਨਹੀਂ ਸੀ। ਹੁਣ ਤਾਂ ਵਾਕਿਆ ਹੀ ਕੌਮ ਨੂੰ ਕਿਸੇ ਕਲਗੀਧਰ ਪਾਤਿਸ਼ਾਹ, ਸਰਬੰਸ ਨੂੰ ਕੁਰਬਾਨ ਕਰ ਦੇਣ ਵਾਲੇ, ਆਪੇ ਗੁਰੂ ਅਤੇ ਆਪੇ ਚੇਲਾ ਅਖਵਾਉਣ ਵਾਲੇ, ਚਿੜੀਆਂ ਤੋਂ ਬਾਜ਼ ਤੁੜਵਾਉਣ ਵਾਲੇ, ਸੰਤ ਸਿਪਾਹੀ, ਯੋਧੇ ਦੀ ਲੋੜ ਸੀ। ਜੋ ਬੇਈਮਾਨਾਂ ਦੀਆਂ ਖਲਪਾੜਾਂ ਕਰ ਸੁੱਟੇ ਅਤੇ ਬਾਕੀ ਰਹਿ ਜਾਣ ਪਾਕ-ਕੁੰਦਨ ਰੂਹਾਂ! ਜੋ ਇੱਕ ਦੂਜੇ ਦੇ ਦੁੱਖ-ਸੁੱਖ ਦੀਆਂ ਸਾਂਝੀ ਹੋਣ, ਇੱਕ ਦੂਜੇ ਨੂੰ ਪਿਆਰ ਜਤਾਉਣ ਅਤੇ ਹਮਦਰਦੀ ਪ੍ਰਗਟ ਕਰਨ। ਇੱਕ ਦੂਜੇ ਦੀ ਬਿਪਤਾ ਵਿਚ ਹੱਥ ਵਟਾਉਣ।

ਅੱਠ ਵੱਜ ਗਏ ਸਨ।
ਪਰ ਡਾਕਟਰ ਅਜੇ ਤੱਕ ਨਹੀਂ ਬਹੁੜਿਆ ਸੀ।
ਉਹ ਟੁੱਟੇ-ਟੁੱਟੇ ਇੱਕ ਦੂਜੇ ਵੱਲ ਝਾਕ ਰਹੇ ਸਨ।
ਅਖੀਰ ਨੌਂ ਕੁ ਵਜੇ ਡਾਕਟਰ ਨੇ ਦਰਸ਼ਣ ਦਿੱਤੇ।
ਇੰਦਰ ਤੇਜ਼ੀ ਨਾਲ ਅੰਦਰ ਚਲਾ ਗਿਆ।

-"ਡਾਕਟਰ ਸਾਹਬ-ਸਮਾਨ ਲੈ ਕੇ ਤਾਂ ਅਸੀਂ ਉਦੋਂ ਈ ਆ ਗਏ ਸੀ-ਪਰ ਤੁਸੀਂ-!"

-"ਫੇਰ ਮੈਂ ਕੀ ਕਰਾਂ? ਸਾਡੀ ਵੀ ਭੈਣਚੋ ਕੋਈ ਪ੍ਰਾਈਵੇਟ ਲਾਈਫ਼ ਐ! ਤੁਸੀਂ ਲੋਕ ਸਮਝਦੇ ਕਿਉਂ ਨਹੀਂ? ਮੈਂ ਕੋਹਲੂ ਦਾ ਬੈਲ ਤਾਂ ਹੈ ਨਹੀਂ ਬਈ ਦਿਨ ਰਾਤ ਤੁਰਿਆ ਫਿਰੂੰ!" ਡਾਕਟਰ ਨੇ ਜਿਵੇਂ ਕੋਈ ਗੁੱਸਾ ਇੰਦਰ 'ਤੇ ਕੱਢਿਆ ਸੀ। ਉਸ ਨੇ ਮਗਰਮੱਛ ਵਾਂਗ ਮੂੰਹ ਖੋਲ੍ਹ ਕੇ ਲਫ਼ਜ਼ ਕਹੇ ਸਨ।

ਇੰਦਰ ਡਾਕਟਰ ਦੇ ਅੱਖੜ ਬੋਲ ਸੁਣ ਕੇ ਤ੍ਰਹਿ ਗਿਆ।

-"ਆਹ ਲਓ ਜਨਾਬ ਆਪਣੀ ਨਜ਼ਰ ਤੇ ਲਾਸ਼ਾਂ ਦੀ ਖ਼ੇਹ ਖ਼ਰਾਬੀ ਨਾ ਕਰੋ-ਮੇਰੀ ਰੁਕਿਸਟ ਐ!" ਉਸ ਨੇ ਪੰਜ ਸੌ ਰੁਪਏ ਡਾਕਟਰ ਦੇ ਮੇਜ਼ ਉਪਰ ਰੱਖ ਦਿੱਤੇ। ਕੰਪਾਊਡਰ ਦੀਆਂ ਗੱਲਾਂ ਜਿਵੇਂ ਚੀਕਾਂ ਵਾਂਗ ਉਸ ਦੇ ਕੰਨਾਂ ਵਿਚ ਵੱਜ ਰਹੀਆਂ ਸਨ। ਉਸ ਦੀ ਕਾਮਰੇਡੀ ਜਿਵੇਂ ਭੁੱਬਾਂ ਮਾਰ ਰਹੀ ਸੀ।

-"ਦੋ ਸੌ ਨਰਸ ਦਾ ਤੇ ਪੰਜਾਹ ਚੌਕੀਦਾਰ ਦੇ-!" ਡਾਕਟਰ ਨੋਟ ਗਿਣਦਾ ਹੋਇਆ ਬੋਲਿਆ।

-"ਚੌਕੀਦਾਰ ਦੇ---?" ਇੰਦਰ ਨੇ ਹੈਰਾਨਗੀ ਵਿਚ ਮੂੰਹ ਅੱਡ ਲਿਆ। ਜਿਵੇਂ ਉਸ ਨੂੰ ਸਾਫ਼ ਸੁਣਾਈ ਨਹੀਂ ਦਿੱਤਾ ਸੀ। ਜਿਵੇਂ ਉਹ ਬੋਲਾ ਹੋ ਗਿਆ ਸੀ!

-"ਜੀ ਹਾਂ! ਪੋਸਟ ਮਾਰਟਮ ਦਾ ਸਾਰਾ ਗੰਦ ਪਿੱਲ ਉਸੇ ਨੇ ਈ ਸਾਫ਼ ਕਰਨੈਂ-ਆਖਰ ਨੂੰ ਉਹ ਵੀ ਤਾਂ ਇੱਕ ਇਨਸਾਨ ਐਂ!" ਡਾਕਟਰ 'ਇਨਸਾਨੀਅਤ' ਦੀ ਜਿਵੇਂ ਕਾਫ਼ੀ 'ਕਦਰ' ਕਰਦਾ ਸੀ। ਇਨਸਾਨੀਅਤ 'ਤੇ ਉਹ ਮਰਿਆ ਪਿਆ ਸੀ।

ਢਾਈ ਸੌ ਰੁਪਏ ਉਸ ਨੇ ਕੱਢ ਕੇ ਡਾਕਟਰ ਨੂੰ ਫੜਾ ਦਿੱਤੇ। ਜੋ ਡਾਕਟਰ ਨੇ ਉਂਗਲਾਂ ਦਾ ਚਿਮਟਾ ਬਣਾ ਕੇ ਫੜ ਲਏ ਅਤੇ ਬੜੇ ਅਰਾਮ ਨਾਲ ਜੇਬ ਵਿਚ ਪਾ ਲਏ। ਜਿਵੇਂ ਇੰਦਰ ਨੇ ਉਸ ਨੂੰ ਰਿਸ਼ਵਤ ਨਹੀਂ, ਕੋਈ ਸ਼ਗਨ ਦਿੱਤਾ ਸੀ।

-"ਰਾਜੂ---!" ਡਾਕਟਰ ਨੇ ਅਵਾਜ਼ ਮਾਰੀ।
-"ਉਹਦੀ ਤਾਂ ਜੀ ਡਿਊਟੀ ਬਦਲ ਗਈ--!" ਕੱਲ੍ਹ ਵਾਲਾ ਕੰਪਾਊਡਰ ਪਰਦੇ ਪਿੱਛੋਂ ਅੰਦਰ ਝਾਕਦਾ ਹੋਇਆ ਬੋਲਿਆ।
-"ਖ਼ੈਰ! ਸੁਰੇਖਾ ਨੂੰ ਬੁਲਾਓ--!" ਉਸ ਨੇ ਹੁਕਮ ਕੀਤਾ।
-"ਅੱਛਾ ਜੀ!" ਉਹ ਮੁੜ ਗਿਆ।
ਪਰਦਾ ਚੁੱਕ ਕੇ ਇਕ ਨਰਸ ਅੰਦਰ ਆ ਗਈ।

-"ਤੁਸੀਂ ਮੈਨੂੰ ਬੁਲਾਇਆ, ਸਰ?" ਉਸ ਦੀਆਂ ਮੋਟੀਆਂ ਅੱਖਾਂ ਵਿਚ ਸੁਰਮਾ ਲੋਹੜੇ ਮਾਰਦਾ ਸੀ। ਉਸ ਦੇ ਕਾਲੇ ਲੰਬੇ ਵਾਲ ਉਸ ਦੀ ਪਿੱਠ 'ਤੇ ਸੱਪ ਵਾਂਗ ਮੇਹਲ ਰਹੇ ਸਨ। ਭਰਵੀਂ ਛਾਤੀ ਗਿੱਧਾ ਪਾਉਂਦੀ ਸੀ। ਚਿੱਟੀ ਵਰਦੀ ਵਿਚ ਉਸ ਦਾ ਗੋਰਾ ਰੰਗ ਦੁਹਾਈਆਂ ਦੇ ਰਿਹਾ ਸੀ ਅਤੇ ਛਮਕ ਵਰਗਾ ਪਤਲਾ ਸਰੀਰ "ਉਡਜੂੰ-ਉਡਜੂੰ" ਕਰਦਾ ਸੀ। ਉਹ ਕਿਸੇ ਨਖਰੇ, ਕਿਸੇ ਖ਼ਾਸ ਅੰਦਾਜ਼ ਨਾਲ ਡਾਕਟਰ ਦੇ ਘਨੇੜ੍ਹੇ ਚੜ੍ਹੀ ਖੜ੍ਹੀ ਸੀ! ਉਸ ਦੇ ਅਨੋਖੇ ਲਹਿਜੇ ਤੋਂ ਜਾਪਦਾ ਸੀ ਕਿ ਉਸ ਨੂੰ ਸੁਰਮਾ ਸਿਰਫ਼ ਪਾਉਣਾ ਹੀ ਨਹੀਂ, ਮਟਕਾਉਣਾ ਵੀ ਆਉਂਦਾ ਸੀ।

-"ਆਹ ਲਓ-ਸਰਦਾਰ ਜੀ ਖ਼ੁਸ਼ੀ ਨਾਅਵੇਂ ਦੇ ਰਹੇ ਐ।" ਡਾਕਟਰ ਨੇ ਉਸ ਨੂੰ ਦੋ ਸੌ-ਸੌ ਦੇ ਨੋਟ ਦਿੰਦਿਆਂ ਕਿਹਾ।
-"ਥੈਂਕਯੂ--!" ਉਸ ਨੇ ਝੁਕ ਕੇ ਇੰਦਰ ਨੂੰ ਕਿਹਾ। ਉਸ ਦੀਆਂ ਜਵਾਨ ਛਾਤੀਆਂ ਥਰਕੀਆਂ ਸਨ। ਝੁਕਦੀ ਨਰਸ ਉਸ ਨੂੰ ਸਤਰੰਗੀ ਪੀਂਘ ਵਰਗੀ ਲੱਗੀ ਸੀ।
-"ਆਹ ਪੰਜਾਹ ਟੀਟੂ ਨੂੰ ਦੇ ਦਿਓ-ਇਹ ਵੀ ਇਹਨਾਂ ਨੇ ਦਿੱਤੇ ਐ।"

ਇੰਦਰ ਅੰਦਰੋਂ ਕਰੋਧ ਨਾਲ ਸੜ ਉਠਿਆ ਸੀ ਕਿ ਉਸ ਦੇ ਕਿਹੜਾ ਮੁੰਡੇ ਦਾ ਮੰਗਣਾ ਹੋਇਆ ਸੀ, ਬਈ ਖ਼ੁਸ਼ੀ ਨਾਅਵੇਂ ਦੇ ਰਿਹਾ ਸੀ? ਬੱਸ ਮਜ਼ਬੂਰੀ ਸੀ, ਇੱਕ ਸੌਦਾ ਸੀ। ਉਹ ਹੌਲਦਾਰ ਵਾਂਗ ਡਾਕਟਰ ਨੂੰ ਵੀ ਪੁੱਛਣਾ ਚਾਹੁੰਦਾ ਸੀ ਕਿ ਗੌਰਮਿੰਟ ਤਨਖ਼ਾਹ ਤੁਹਾਨੂੰ ਕਿਸ ਕੰਮ ਲਈ ਦਿੰਦੀ ਹੈ? ਪਰ ਹੁਣ ਉਹ ਰੇੜ੍ਹੇ ਪਈ ਗੱਡੀ ਨੂੰ ਰੋਕਣਾ ਨਹੀਂ ਚਾਹੁੰਦਾ ਸੀ। ਉਹ ਅੱਖੀਂ ਦੇਖ ਕੇ ਮੱਖੀ ਚਿੱਥ ਰਿਹਾ ਸੀ। ਪਰ ਚੁੱਪ ਸੀ। ਜਿਵੇਂ ਉਸ ਨੇ ਅੱਖਾਂ ਮੀਟ ਰੱਖੀਆਂ ਸਨ ਅਤੇ ਕੰਨ ਮੁੰਦੇ ਹੋਏ ਸਨ।

ਪੋਸਟ ਮਾਰਟਮ ਹੋ ਗਿਆ।
ਇੱਕ ਵੱਜ ਗਿਆ ਸੀ।
ਪਾੜੀਆਂ-ਝੀੜੀਆਂ ਲਾਅਸ਼ਾਂ ਦੀ ਸ਼ਨਾਖ਼ਤ ਡਾਕਟਰ ਨੇ ਇੰਦਰ ਤੋਂ ਹੀ ਕਰਵਾਈ।

-"ਪੋਸਟ ਮਾਰਟਮ ਦੀ ਰਿਪੋਰਟ ਠਾਣੇ ਭੇਜ ਦਿੱਤੀ ਜਾਵੇਗੀ।" ਉਹ ਤੌਲੀਏ ਨਾਲ ਹੱਥ ਸਾਫ਼ ਕਰਦਾ ਕਹਿ ਰਿਹਾ ਸੀ। ਫਿਰ ਉਹ ਦੋਨੋਂ ਹੱਥ ਮੇਜ਼ 'ਤੇ ਮਾਰ ਕੇ ਕੁਰਸੀ 'ਤੇ ਬੈਠਿਆ ਸੀ।
-"ਅਸੀਂ ਕਿਸੇ ਟਰੱਕ ਦਾ ਪ੍ਰਬੰਧ ਕਰ ਕੇ ਲਿਆਉਨੇ ਐਂ, ਡਾਕਟ-ਸਾਹਬ।"
-"ਡੂ! ਐਜ਼ ਯੂ ਲਾਈਕ!" ਡਾਕਟਰ ਬੋਲਿਆ। ਪੰਜ ਸੌ ਰੁਪਈਏ ਦੇ ਨਿਘਾਸ ਨਾਲ ਉਸ ਨੇ ਅੰਗਰੇਜ਼ੀ ਸ਼ੁਰੂ ਕਰ ਦਿੱਤੀ।

ਇੰਦਰ ਚਲਾ ਗਿਆ।

-"ਇੱਜ਼ ਐਵਰੀਥਿੰਗ ਓ ਕੇ, ਸੁਰੇਖਾ?"
-"ਯੈਸ! ਆਫ਼ ਕੋਰਸ, ਸਰ!" ਉਸ ਦੀ ਮਿੱਠੀ ਅਵਾਜ਼ ਡਾਕਟਰ ਨੂੰ ਰਾਂਝੇ ਦੀ ਵੰਝਲੀ ਵਰਗੀ ਲੱਗਦੀ ਸੀ। ਉਹ ਸਟੂਲ ਖਿੱਚ ਕੇ ਡਾਕਟਰ ਨਾਲ ਅੜ ਕੇ ਜਿਹੇ ਬੈਠ ਗਈ। ਉਹ ਕਾਮਰੇਡ ਇੰਦਰ ਦੀ ਨਹੀਂ, ਇੰਦਰ ਦੇਵਤਾ ਦੀ ਪਰੀ ਲੱਗ ਰਹੀ ਸੀ।
-"ਹੁਣ ਤੁਸੀਂ ਬੁੱਢੇ ਨਜ਼ਰ ਆਉਣ ਲੱਗ ਪਏ ਓ, ਸਰ!" ਉਹ ਅਚਾਨਕ ਬੋਲੀ। ਬੁੱਢੇ ਖੁੰਢ ਡਾਕਟਰ ਨੂੰ ਉਹ ਦਿਲੋਂ ਘ੍ਰਿਣਾ ਕਰਦੀ ਸੀ। ਪਰ "ਸਰ-ਸਰ" ਕਹੇ ਬਗੈਰ ਉਸ ਦੀ ਸੁਰਖੀ-ਬਿੰਦੀ ਨਹੀਂ ਤੁਰਦੀ ਸੀ।
-"ਮੈਂ ਬੁੱਢਾ ਨਹੀਂ ਏਨਸ਼ੈਂਟ ਆਂ!" ਡਾਕਟਰ ਨੇ ਕਿਹਾ।

ਉਹ ਦੋਨੋਂ ਹੱਸ ਪਏ।

-"ਪਰ ਮਸ਼ੀਨ ਅਜੇ ਵੀ ਕਾਇਮ ਐਂ ਸੁਰੇਖਾ!" ਡਾਕਟਰ ਹੱਸਦੇ ਦੇ, ਕਰੇੜੇ ਖਾਧੇ ਦੰਦ ਜਿਵੇਂ ਉਸ ਨੂੰ ਖਾਣ ਆਏ ਸਨ। ਡਾਕਟਰ ਨਹੀਂ, ਜਿਵੇਂ ਮੁਰਦੇ ਦੀ ਕੋਈ ਖੋਪੜੀ ਹੱਸੀ ਸੀ।

ਡਾਕਟਰ ਮੁਸ਼ਕੜੀਏਂ ਹੱਸਦਾ ਸਿਰ ਫੇਰ ਰਿਹਾ ਸੀ।

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com