ਲਾਅਸ਼ਾਂ ਵਾਲੀਆਂ ਟਰਾਲੀਆਂ ਠਾਣੇ ਅੰਦਰ ਦਾਖਲ
ਹੋ ਗਈਆਂ। ਠਾਣਾ ਕਾਫ਼ੀ ਖੁੱਲ੍ਹਾ ਸੀ। ਟਰਾਲੀਆਂ ਨੂੰ ਸਿਪਾਹੀ ਨੇ ਇਕ ਖੂੰਜੇ ਧੁੱਪੇ
ਹੀ ਖੜ੍ਹੀਆਂ ਕਰਨ ਦਾ ਹੁਕਮ ਦਿੱਤਾ। ਦੋਨੋਂ ਟਰਾਲੀਆਂ ਠਾਣੇ ਦੇ ਇਕ ਖੂੰਜੇ ਹੀ ਲਾ
ਦਿੱਤੀਆਂ ਗਈਆਂ। ਪੁਲੀਸ ਸਾਹਮਣੇਂ ਬੋਲਣ ਦੀ ਕਿਸੇ ਵਿਚ ਹਿੰਮਤ ਨਹੀਂ ਸੀ। ਬੋਲ ਕੇ
ਕਿਸੇ ਨੇ ਮਰਨਾ ਸੀ?
ਠਾਣੇਦਾਰ ਠਾਣੇ ਵਿਚ ਨਹੀਂ ਸੀ। ਸ਼ਾਇਦ ਘਰੇ ਦੁਪਿਹਰ
ਦੀ ਰੋਟੀ ਖਾਣ ਗਿਆ ਸੀ।
-"ਆਹ
ਛੂਛਕ ਐਥੇ ਲਿਆ ਧਰਿਆ?" ਮੁਣਸ਼ੀ ਨੇ ਲਾਅਸ਼ਾਂ ਵੱਲ ਨੂੰ ਉਂਗਲ ਕਰਕੇ ਪੁੱਛਿਆ। ਉਹ
ਦਫ਼ਤਰ ਵਿਚੋਂ ਪੱਖੇ ਥੱਲੇ ਊਂਘਦਾ ਹੁਣੇ ਹੀ ਬਾਹਰ ਨਿਕਲਿਆ ਸੀ।
-"ਲਾਅਸ਼ਾਂ ਐਂ-ਪੋਸਟ ਮਾਰਟਮ ਲਈ ਭੇਜਣੀਐਂ!" ਹੌਲਦਾਰ ਨੇ ਕਿਸੇ ਅੰਦਾਜ਼ ਨਾਲ ਉਤਰ
ਦਿੱਤਾ।
-"ਤੇ
ਐਥੇ ਭੈਣ ਗੜ੍ਹਾਉਣ ਨੂੰ ਲਿਆਂਦੀਐਂ? ਇਹ ਹਸਪਤਾਲ ਐ?" ਮੁਣਸ਼ੀ ਜਿਵੇਂ ਲਾਅਸ਼ਾਂ 'ਤੇ
ਅੰਬਿਆ ਪਿਆ ਸੀ।
-"ਉਹਦੀਆਂ ਉਹੀ ਜਾਣੇ!" ਹੌਲਦਾਰ ਨੇ ਤੋੜਾ ਠਾਣੇਦਾਰ ਸਿਰ ਝਾੜਿਆ।
ਮੁਣਸ਼ੀ
ਅਤੇ ਹੌਲਦਾਰ ਦਫ਼ਤਰ ਅੰਦਰ ਚਲੇ ਗਏ। ਟਰਾਲੀਆਂ ਵਾਲੇ ਮੁੰਡੇ ਅਤੇ ਇੰਦਰ ਵਰਾਂਡੇ
ਥੱਲੇ ਛਾਵੇਂ ਆ ਗਏ। ਢਕੀਆਂ ਲਾਅਸ਼ਾਂ 'ਤੇ ਸੂਰਜ ਬਲਦੀਆਂ ਲਾਟਾਂ ਸੁੱਟ ਰਿਹਾ ਸੀ।
-"ਦੁਹਾਈ ਉਏ ਰੱਬਾ! ਚਾਰ ਕਤਲ ਹੋ ਜਾਣ ਤੇ ਘੁੱਟ ਪੀਣ ਨੂੰ ਵੀ ਨਾ ਮਿਲੇ?" ਹੌਲਦਾਰ
ਦੇ ਕੁਝ ਨਾ ਮਿਲਣ 'ਤੇ ਹੌਲ ਪਈ ਜਾ ਰਹੇ ਸਨ।
-"ਇਹਨੇ
ਕੁਛ ਕਰਨ ਕਰਾਉਣ ਨ੍ਹੀ ਦੇਣਾ-ਬੱਲ੍ਹੀ ਬੂਥੀ ਆਲੇ ਨੇ।" ਮੁਣਸ਼ੀ ਠਾਣੇਦਾਰ 'ਤੇ
ਢਿੱਡੋਂ ਔਖਾ ਸੀ।
-"ਹੁਣ
ਕਿੱਥੇ ਗਿਐ?"
-"ਲੰਗਰ
ਝੁਲਸਣ ਗਿਆ ਹੋਊ ਘਰੇ-।"
ਫਿਰ ਉਹ
ਕੁਝ ਦੇਰ ਲਈ ਚੁੱਪ ਹੋ ਗਏ।
-"ਜਾਂਦਾ ਹੋਇਆ ਹੁਕਮ ਦੇ ਗਿਆ ਸੀ-ਬਈ ਜਦੋਂ ਪਹੁੰਚ ਗਏ ਮੈਨੂੰ ਖਬਰ ਕਰ ਦਿਓ।"
ਕਾਫ਼ੀ ਦੇਰ ਬਾਅਦ ਮੁਣਸ਼ੀ ਨੇ ਚੁੱਪ ਤੋੜੀ।
-"ਫੇਰ
ਭੇਜ ਕਿਸੇ ਸਿਪਾਹੀ ਨੂੰ-ਨਹੀਂ ਆ ਕੇ ਟੱਪੂਗਾ ਮੇਰਾ ਸਹੁਰਾ।"
-"ਐਹੋ
ਜਿਹੇ ਸਾਲੇ ਕਤੀੜ੍ਹ ਨੂੰ ਅੱਤਵਾਦੀ ਵੀ ਨ੍ਹੀ ਮਾਰਦੇ।"
-"ਐਹੋ
ਜਿਆਂ ਨੂੰ ਤਾਂ ਉਹ ਥਾਪੀ ਦਿੰਦੇ ਐ ਥਾਪੀ-ਜਿਹੜੇ ਰਿਸ਼ਵਤ ਨ੍ਹੀ ਲੈਂਦੇ-ਮਾਰਦੇ ਤਾਂ
ਗੇੜੇ ਦੇਣੇਂ ਮੈਂ ਤੂੰ ਨੂੰ ਐਂ-ਜਿਹੜੇ ਸਿੱਧੀ ਈ ਬਿੱਕ ਲਾਹੁੰਦੇ ਐ।" ਹੌਲਦਾਰ ਤੋਂ
ਸੱਚੀ ਗੱਲ ਮੱਲੋਮੱਲੀ ਆਖ ਹੋ ਗਈ।
-"ਪੰਜਵੇਂ ਮੈਂ ਪਿੰਡ ਗਿਆ ਸੀ ਨਾ?" ਮੁਣਸ਼ੀ ਨੇ ਗੱਲ ਸ਼ੁਰੂ ਕੀਤੀ।
-"ਆਹੋ-।" ਹੌਲਦਾਰ ਨੇ ਹੁੰਗਾਰਾ ਭਰਨਾ ਸ਼ੁਰੂ ਕਰ ਦਿੱਤਾ।
-"ਉਥੇ
ਸਾਡੇ ਪਿੰਡ ਇਕ ਜੰਨ ਆਈ ਵੀ ਸੀ-ਜੰਨ ਦੇ ਪੈਂਤੀ ਬੰਦੇ-ਉਥੇ ਆ ਪਏ ਪਤੰਦਰ-ਅਖੇ ਜੰਨ
ਗਿਆਰਾਂ ਬੰਦਿਆਂ ਤੋਂ ਵੱਧ ਕਿਉਂ ਆਈ ਐ? ਅਖੇ ਹਮਾਰਾ ਹੁਕਮ ਐਂ ਕਿ ਗਿਆਰਾਂ ਬੰਦੇ
ਜੰਨ ਦੇ ਆਉਣ ਤੇ ਤੁਮ ਨੇ ਹਮਾਰਾ ਹੁਕਮ ਅਦੂਲ ਕੀਆ-।" ਉਸ ਨੇ ਵਿਅੰਗ ਨਾਲ ਹਿੰਦੀ
ਸ਼ੁਰੂ ਕਰ ਲਈ।
-"ਫੇਰ---?" ਹੌਲਦਾਰ ਨੇ ਕੁਰਸੀ ਖਿੱਚ ਕੇ ਨੇੜੇ ਕਰ ਲਈ।
-"ਫੇਰ
ਕੀ? ਵਿਆਹ ਆਲਾ ਮੁੰਡਾ ਢਾਹ ਲਿਆ ਤੇ ਮੁੰਡੇ ਦੇ ਪਿਉ ਨੂੰ ਬਣਾ ਲਿਆ ਬੋਕ-ਬਚੋਲੇ ਦੇ
ਲਫ਼ੇੜੇ ਠੋਕੇ, ਅਖੇ ਇਹ ਸਾਰਾ ਤੇਰਾ ਕੰਮ ਐਂ -
ਤੇ ਜਾਨੀਆਂ ਤੋਂ ਭਾਈ ਪਾਥੀਆਂ ਪਥਾ-ਛੱਪੜ 'ਚ ਵਾੜ-ਕੁੜੀ ਤੋਂ ਵਿਚੋਲੇ ਦੇ
ਭਾਈ ਲੱਫ਼ੜ ਮਰਵਾਏ-ਘਰਦਿਆਂ ਨੂੰ ਤਾੜ-ਕੁੜੀ ਨੂੰ ਦਾਜ 'ਚ ਦੇਣ ਆਲਾ ਸਕੂਟਰ ਚੱਕ ਕੇ
ਲੈਗੇ-ਅਖੇ ਤੁਸੀਂ ਦਾਜ ਦਿੰਨੇਂ ਐਂ-ਮੀਟ ਆਲੇ ਪਤੀਲੇ ਡੋਲ੍ਹ-ਬੁਰਾ ਹਾਲ ਬੌਂਕੇ
ਦਿਹਾੜ੍ਹੇ-ਮੇਰੇ ਘਰਆਲੀ ਵਿਆਹ ਆਲੇ ਘਰੋਂ ਭੱਜੀ ਆਈ-ਕਹਿੰਦੀ ਖਾੜਕੂ ਆ ਪਏ-ਮੈਂ ਤਾਂ
ਵੀਹੀ ਸੁੰਨੀ ਜੀ ਦੇਖ ਕੇ ਖੇਤਾਂ ਨੂੰ ਤੀੜ ਦੇ ਲਈ-ਸਾਰਾ ਦਿਨ ਖੇਤ 'ਚ ਈ ਲੁਕ ਕੇ
ਕੱਟਿਆ-ਫੇਰ ਆਨੰਦ ਕਾਰਜ ਕਰਵਾ ਕੇ ਸਾਰਾ ਦਿਨ ਪਿੰਡ 'ਚ ਈ ਭਲਵਾਨੀ ਗੇੜੇ ਦਿੰਦੇ ਰਹੇ
ਪਤੰਦਰ-ਆਥਣ ਨੂੰ ਜਾ ਕੇ ਕੁੜੀ ਤੁਰੀ-ਤਾਂ ਗਏ।" ਮੁਣਸ਼ੀ ਨੇ ਰਾਮ ਕਹਾਣੀ ਖ਼ਤਮ
ਕੀਤੀ।
-"ਪਰ
ਯਾਰ ਕਰਦੇ ਤਾਂ ਠੀਕ ਈ ਐ-ਸੜਿਆ ਵਿਆ ਜੱਟ ਉਠ ਕੇ ਕਹਿ ਦਿੰਦੈ: ਸਾਡਾ ਸਕੂਟਰ ਬਿਨਾ
ਨੀ ਜੀ ਸਰਨਾ-ਮੁੰਡੇ ਨੂੰ ਭਲਾ ਭੈਣ ਦੇਣੇ ਨੂੰ ਸੈਕਲ ਚਲਾਉਣਾ ਨਾ ਆਉਂਦਾ ਹੋਵੇ-ਪਰ
ਜਿਹੜੀ ਦੁਰਬੜੀ ਲਾਉਂਦੇ ਐ-ਇਹ ਸਾਲੀ ਮਾੜੀ ਗੱਲ ਐ।" ਹੌਲਦਾਰ ਨੇ ਆਖਿਆ। ਉਹ
ਗਿੱਦੜ-ਕੁੱਟ ਤੋਂ ਚਾਲੂ ਸੀ।
-"ਕੁਛ
ਗੱਲਾਂ ਤਾਂ ਇਹਨਾਂ ਦੀਆਂ ਠੀਕ ਐ।" ਮੁਣਸ਼ੀ ਨੇ ਦਿਲੋਂ ਮੰਨਿਆਂ।
-"ਮੈਂ
ਤਾਂ ਭਾਈ ਡਰਦਾ ਵਿਆਹ ਈ ਨ੍ਹੀ ਜਾਂਦਾ-ਕੀ ਪਤੈ ਕੰਜਰ ਦੇਵਤੇ ਮਾਂਗੂੰ ਕਿੱਥੋਂ ਪ੍ਰਗਟ
ਹੋ ਜਾਣ? ਸਾਰੇ ਪੰਜਾਬ ਦੀ ਅਹੀ ਤਹੀ ਕਰੀ ਫਿਰਦੇ ਐ!"
-"ਤੂੰ
ਵਿਆਹ ਦੀ ਗੱਲ ਕਰਦੈਂ? ਮੈਂ ਪਿੰਡ ਨ੍ਹੀ ਜਾਂਦਾ ਉਦੋਂ ਦਾ-ਜਿਹੜੇ ਪਿੰਡ ਨੂੰ ਪੈ
ਨਿਕਲਣ-ਉਥੇ ਤਾਂ ਫੇਰ ਗੇੜਾ ਈ ਰੱਖਦੇ ਐ-ਬਥੇਰ੍ਹੇ ਮਾਰੀਦੇ ਐ ਪਰ-।"
-"ਮੁਣਸ਼ੀ ਜੀ-ਸਰਦਾਰ ਸਾਹਬ ਨੂੰ ਤਾਂ ਬੁਲਾਓ।" ਅੰਦਰ ਆ ਕੇ ਇੰਦਰ ਨੇ ਉਹਨਾਂ ਦੀਆਂ
ਗੱਲਾਂ ਦੀ ਲੜੀ ਤੋੜੀ।
ਮੁਣਸ਼ੀ
ਦੀਆਂ ਚੁਸਤ ਨਜ਼ਰਾਂ ਨੇ ਇੰਦਰ ਨੂੰ ਤਾੜਿਆ। ਪਰ "ਤੂੰ ਕੌਣ ਐਂ?" ਪੁੱਛਣ ਵਿਚ ਉਹ
ਸੰਕੋਚ ਕਰ ਗਿਆ।
-"ਆਉਂਦੈ, ਬਾਹਰ ਬੈਠ!" ਮੁਣਸ਼ੀ ਨੇ ਕਿਹਾ।
-"ਬਥੇਰ੍ਹੇ ਮਾਰੀਦੇ ਐ-ਫੇਰ ਪਤਾ ਨ੍ਹੀ ਕਿੱਥੋਂ ਹੋਰ ਉਗ ਪੈਂਦੇ ਐ?" ਮੁਣਸ਼ੀ ਨੇ
ਆਪਣੀ ਪਿਛਲੀ ਗੱਲ ਖ਼ਤਮ ਕੀਤੀ, ਜੋ ਵਿਚੇ ਹੀ ਰਹਿ ਗਈ ਸੀ।
-"ਭੇਜ
ਯਾਰ ਕਿਸੇ ਸਿਪਾਹੀ ਨੂੰ-ਗਾਂਹਾਂ ਡਾਕਟਰ ਪਤਾ ਨ੍ਹੀ ਕੀ ਨੁੱਗਾ ਕੱਢ ਦਿਖਾਊ?"
ਹੌਲਦਾਰ ਨੂੰ ਹੋਰ ਫਿਕਰ ਖਾ ਰਿਹਾ ਸੀ।
-"ਉਏ
ਗੁਰਪ੍ਰੀਤ---!"
-"ਹਾਂ
ਜੀ---?" ਨਵਾਂ ਭਰਤੀ ਹੋਇਆ ਸਿਪਾਹੀ ਹਾਜ਼ਰ ਸੀ।
-"ਜਾਹ
ਸਰਦਾਰ ਨੂੰ ਬੁਲਾ ਕੇ ਲਿਆ!"
-"ਅੱਛਾ
ਜੀ---!" ਸਿਪਾਹੀ ਤੁਰ ਗਿਆ।
-"ਜਾਹ
ਬੁਲਾ ਲਿਆ ਬਰੀ ਦੇ ਤਿਔਰ ਨੂੰ -
ਕਹਿ ਨਿਔਂਦਾ ਉਡੀਕਦੈ।" ਹੌਲਦਾਰ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੁਣਸ਼ੀ
ਵਿਅੰਗਮਈ ਹੱਸ ਪਿਆ। ਬੇਰਹਿਮ ਮੁਣਸ਼ੀ 'ਤੇ ਬਾਹਰ ਸੜ ਰਹੀਆਂ ਲਾਅਸ਼ਾਂ ਦਾ ਕੋਈ ਅਸਰ
ਨਹੀਂ ਸੀ।
ਉਹ ਇਕ
ਦੂਜੇ ਨਾਲ ਸੰਖੇਪ ਗੱਲਾਂ ਕਰ ਰਹੇ ਸਨ। ਜਿਵੇਂ ਕੁਝ ਵਾਪਰਿਆ ਹੀ ਨਾ ਹੋਵੇ! ਜਿਵੇਂ
ਸਭ ਸੁੱਖ ਸਾਂਦ ਸੀ। ਪਰ ਇੰਦਰ ਠਾਣੇ ਦੇ ਵਿਹੜੇ ਵਿਚ ਭਰਿਆ ਪੀਤਾ ਗੇੜੇ ਦੇ ਰਿਹਾ
ਸੀ। ਪਰਚਾ ਨਾ ਤਾਂ ਅਜੇ ਬਣਿਆਂ ਸੀ ਅਤੇ ਨਾ ਹੀ ਕੱਟਿਆ ਸੀ। ਸਿਰਫ਼ ਰੋਜ਼ਨਾਮਚੇ ਉਪਰ
ਕੱਚੀ ਜਿਹੀ ਇਤਲਾਹ ਹੀ ਦਰਜ਼ ਕੀਤੀ ਸੀ। ਉਹ ਵੀ ਮੁਣਸ਼ੀ ਨੇ ਪੈਨਸਿਲ ਨਾਲ ਹੀ ਦਰਜ਼
ਕੀਤੀ ਸੀ ਤਾਂ ਕਿ "ਕੋਈ ਟਾਈਮ" ਆਉਣ 'ਤੇ ਅਦਲਾ ਬਦਲੀ ਕੀਤੀ ਜਾ ਸਕੇ! ਠਾਣੇਦਾਰ
ਪਹੁੰਚ ਗਿਆ।
-"ਠਾਣੇਦਾਰ ਸਾਹਬ-ਲਾਅਸ਼ਾਂ ਧੁੱਪੇ ਈ-।" ਇੰਦਰ ਠਾਣੇਦਾਰ ਕੋਲ ਆਇਆ।
-"ਇਹਨਾਂ ਨੂੰ ਇਉਂ ਈ ਹਸਪਤਾਲ ਲੈ ਜਾਓ।" ਠਾਣੇਦਾਰ ਨੇ ਵੱਡਾ ਸਾਰਾ ਡਕਾਰ੍ਹ ਮਾਰਿਆ
ਜਿਸ ਵਿਚੋਂ ਇੰਦਰ ਨੂੰ ਆਲੂਆਂ ਦੀ ਸਬਜ਼ੀ ਦੀ ਹਵਾੜ੍ਹ ਆਈ। ਉਸ ਨੇ ਸਾਹ ਥਾਂ 'ਤੇ ਹੀ
ਰੋਕ ਲਿਆ।
ਪੁਲੀਆਂ
ਪਾ ਕੇ ਟਰੈਕਟਰ ਸਟਾਰਟ ਕੀਤੇ ਗਏ। ਹੌਲਦਾਰ ਅਤੇ ਇਕ ਸਿਪਾਹੀ ਨੂੰ ਰੁੱਕਾ ਦੇ ਕੇ
ਠਾਣੇਦਾਰ ਨੇ ਇੰਦਰ ਹੁਰਾਂ ਨਾਲ ਤੋਰ ਦਿੱਤਾ। ਇੰਦਰ ਅੰਦਰੋਂ ਬਲਿਆ ਪਿਆ ਸੀ ਕਿ
ਲਾਅਸ਼ਾਂ ਦਾ ਆਖਰ ਠਾਣੇ ਵਿਚ ਕੀ ਕੰਮ ਸੀ? ਧੁੱਪੇ ਤਾਂ ਲਾਅਸ਼ਾਂ ਵੈਸੇ ਹੀ ਮੁਸ਼ਕ
ਜਾਣ ਦਾ ਡਰ ਸੀ। ਕਿੰਨੇ ਘੰਟੇ ਹੋ ਗਏ ਸਨ ਮੌਤਾਂ ਹੋਇਆਂ, ਇਹ ਮਾਮਲਾ ਵਿਚ ਵਿਚਾਲੇ
ਹੀ ਦੱਬੀ ਫਿਰਦੇ ਸਨ। ਸੋਚਦਾ ਉਹ ਚੁੱਪ ਸੀ। ਹਸਪਤਾਲ ਠਾਣੇ ਤੋਂ ਕੋਈ ਬਹੁਤਾ ਦੂਰ
ਨਹੀਂ ਸੀ ਜਿਸ ਕਰਕੇ ਇੰਦਰ ਸਮੇਤ ਹੌਲਦਾਰ ਅਤੇ ਸਿਪਾਹੀ ਪੈਦਲ ਹੀ ਹੋ ਤੁਰੇ।
-"ਜਾੜ੍ਹਾਂ ਜੀਆਂ ਕੱਢਦਾ ਨਾਲ ਤੁਰਿਆ ਫਿਰਦੈਂ-ਕੋਈ ਮਾੜੀ ਮੋਟੀ ਜੇਬ ਵੀ ਢਿੱਲੀ
ਕਰ!" ਅਲਕ ਵਹਿੜਕੇ ਇੰਦਰ ਨੂੰ ਹੌਲਦਾਰ ਨੇ 'ਆਰ' ਲਾ ਕੇ ਦੇਖੀ।
-"ਹੈਂ
ਬਈ! ਅਸੀਂ ਕਾਮਰੇਡ ਹੁੰਨੇਂ ਐਂ!" ਕੌੜੀ ਜਿਹੀ ਮੁਸਕਾਨ ਸੁੱਟਦੇ ਇੰਦਰ ਨੇ ਹੌਲਦਾਰ
ਨੂੰ ਆਪਣੀ ਪੁਜੀਸ਼ਨ ਦੱਸੀ।
-"ਕਾਮਰੇਡਾਂ ਦੇ ਪੈਸੇ ਕਿਹੜਾ ਸਾਡੇ ਬੁਰਕ ਮਾਰਦੇ ਐ? ਪੈਸਾ ਤਾਂ ਪੈਸਾ ਈ ਹੁੰਦੈ!"
ਹੌਲਦਾਰ ਨੇ ਮਸ਼ੀਨ ਵਾਂਗ ਮੋੜਵਾਂ ਉਤਰ ਦਿੱਤਾ।
-"ਹੈਂ
ਬਈ! ਅਸੀਂ ਲੈਣ ਦੇਣ ਦੇ ਚੱਕਰ 'ਚ ਤਾਂ ਖਾਸ ਵਿਰੁੱਧ ਐਂ।" ਇੰਦਰ ਨੇ ਵਕਾਲਤ ਸ਼ੁਰੂ
ਕਰ ਦਿੱਤੀ।
-"ਤਾਂ
ਹੀ ਤਾਂ ਬੇੜੀਆਂ 'ਚ ਵੱਟੇ ਪਾਉਂਦੇ ਓਂ।" ਹੌਲਦਾਰ ਵੀ ਘੱਟ ਨਹੀਂ ਸੀ।
-"ਇਹ
ਤਾਂ ਆਖਰ ਨੂੰ ਪੈਣੇ ਈ ਪੈਣੇ ਐਂ-ਦਿਸੀ ਜਾਂਦੈ।" ਇੰਦਰ ਅੰਦਰੋ ਅੰਦਰੀ ਰੋਹ ਖਾ ਗਿਆ।
-"ਆਹੀ
ਗੱਲ ਤਾਂ ਥੋਨੂੰ ਲੈ ਬੈਠਦੀ ਐ-ਨਹੀਂ ਹੁਣ ਨੂੰ ਕੋਈ ਇਲਾਕਾ ਨਾ ਦੱਬੀ ਬੈਠੇ ਹੁੰਦੇ?"
ਹੌਲਦਾਰ ਵਹਿੜਕੇ ਨੂੰ 'ਹਾਲੀ' ਕੱਢਣਾ ਚਾਹੁੰਦਾ ਸੀ। ਪਰ ਇੰਦਰ ਲੱਤ ਨਹੀਂ ਲਾਉਂਦਾ
ਸੀ।
-"ਕਿਸੇ
ਦਾ ਕੁਛ ਦੱਬਣਾ ਮਾਨੁੱਖਤਾ ਦਾ ਕੰਮ ਥੋੜੋ ਐ? ਇਹ ਤਾਂ ਗੱਦਾਰ ਕਰਦੇ ਐ-ਮਹਾਨ
ਸ਼ਖਸੀਅਤਾਂ ਕਾਹਨੂੰ ਕਰਦੀਐਂ? ਹੱਕ ਤਾਂ ਲੜ ਕੇ ਲਿਆ ਜਾਂਦੈ।" ਉਸ ਦਾ ਤਿੰਨ ਉਂਗਲਾਂ
ਵਾਲਾ ਚਿੱਪੜ ਜਿਹਾ ਹੱਥ, ਹੌਲਦਾਰ ਨੂੰ ਰੋਅਬ ਦੇ ਰਿਹਾ ਸੀ।
-"ਅੱਛਾ! ਤੁਸੀਂ ਮਹਾਨ ਸ਼ਖਸੀਅਤਾਂ ਐਂ?" ਹੌਲਦਾਰ ਨੇ ਵਿਅੰਗ ਕਸਿਆ, "ਤੁਸੀਂ ਤਾਂ
ਧੱਫ਼ੇ ਦੇ ਢੋਲ, ਵਜਾਏ ਵੱਜਣ ਆਲੇ ਓਂ-ਸੁੱਕੇ ਸੋਹੜ੍ਹੇ ਆਪ ਮਰਦੇ ਓਂ-ਨਾ ਕਿਸੇ ਨੂੰ
ਖਾਣ ਦਿੰਨੇ ਐਂ।" ਹੌਲਦਾਰ ਆਪਣੀ ਤਲੀ ਨਾ ਗਰਮ ਹੋਣ 'ਤੇ ਔਖਾ ਸੀ।
-"ਹੈਂ
ਬਈ! ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਬਈ ਗੌਰਮਿੰਟ ਥੋਨੂੰ ਤਨਖਾਹ ਕਾਹਦੀ
ਦਿੰਦੀ ਐ? ਬਈ ਸਿੱਧੀ ਗੱਲ ਪੁੱਠੀ ਕਰੋ ਤੇ ਲੋਕਾਂ ਦੀ ਛਿੱਲ ਲਾਹੋ?" ਇੰਦਰ ਅੰਦਰ
ਕਾਮਰੇਡੀ ਢੁੱਡਾਂ ਮਾਰਨ ਲੱਗ ਪਈ ਸੀ।
-"ਤਨਖਾਹ ਨਾਲ ਤੋਰਾ ਨ੍ਹੀ ਤੁਰਦਾ-ਇਕ ਭਾਅ ਦੇਖ ਕਿੱਥੇ ਗਏ ਐ-ਇਕ ਟੱਬਰੀ ਵੱਡੀ
ਐ---।" ਤਿਲ੍ਹਕਦਾ ਤਿਲ੍ਹਕਦਾ ਹੌਲਦਾਰ ਕਬੀਲਦਾਰੀ 'ਤੇ ਆ ਖੜ੍ਹਿਆ ਸੀ। ਉਸ ਨੂੰ
ਜਿਵੇਂ ਘਰ ਦਾ ਫਿਕਰ ਵੱਢ ਵੱਢ ਖਾ ਰਿਹਾ ਸੀ।
-"ਫੇਰ
ਸਰਕਾਰ ਮੂਹਰੇ ਪਿੱਟੋ!" ਇੰਦਰ ਨੇ ਢੰਗ ਦੱਸਿਆ, "ਹੜਤਾਲਾਂ ਕਰੋ-ਹੱਕ 'ਤੇ ਜੂਝੋ!"
-"ਹੈ
ਕਮਲਾ! ਪੁਲਸ ਨੇ ਈ ਹੜਤਾਲ ਕਰਤੀ ਤਾਂ ਅੱਤਵਾਦੀ ਤਾਂ ਰਾਤੋ ਰਾਤ ਅੱਧਾ ਪੰਜਾਬ ਮਾਰ
ਦੇਣਗੇ-ਉਹ ਤਾਂ ਹੁਣ ਨ੍ਹੀ ਮਾਨ!" ਹੌਲਦਾਰ ਨੇ ਪੁਲੀਸ ਦੀ ਜ਼ਿੰਮੇਵਾਰੀ ਰੜਕਾਈ।
-"ਜਿੱਥੇ ਅੱਤਵਾਦੀ ਹੁੰਦੇ ਐ-ਹੈਂ ਬਈ! ਉਧਰ ਨੂੰ ਤਾਂ ਤੁਸੀਂ ਮੂੰਹ ਨ੍ਹੀ ਕਰਦੇ -
ਮਹਾਤੜ ਕੁੱਟ ਧਰਦੇ ਓਂ - ਉਹ ਤਾਂ ਜੇ ਆਹ ਸੀ ਆਰ ਪੀ ਮਾੜਾ ਜਿਆ ਬੰਨ੍ਹ ਨਾ
ਮਾਰਦੀ-ਤੁਸੀਂ ਤਾਂ ਊਂ ਈ ਪਰ੍ਹਾਲ ਹੋਏ ਪਏ ਸੀ!" ਇੰਦਰ ਨੇ ਬਥ੍ਹੇਰਾ ਆਪਾ ਰੋਕਿਆ,
ਪਰ ਸੱਚੀਆਂ ਉਸ ਦੀ ਜ਼ਮੀਰ ਆਖ ਗਈ ਸੀ। ਨਾਲ ਜਾਂਦਾ ਨਵਾਂ ਭਰਤੀ ਹੋਇਆ ਸਿਪਾਹੀ ਚੁੱਪ
ਸੀ। ਸ਼ਾਇਦ ਇੰਦਰ ਦੇ ਮਿਰਜ਼ੇ ਵਾਲੇ ਤੀਰ ਨਿਸ਼ਾਨੇ 'ਤੇ ਹੀ ਵੱਜੇ ਸਨ। ਸਿਪਾਹੀ
ਇੰਦਰ ਨੂੰ ਅੰਦਰੋਂ ਥਾਪੀਆਂ ਦੇ ਰਿਹਾ ਸੀ।
-"ਹੁਣ
ਮੇਰੇ ਪਹਿਲੇ ਸੁਆਲ ਦਾ ਕੋਈ ਮੁੱਲ ਪਊ ਕਿ ਨਹੀਂ?" ਹੌਲਦਾਰ ਨੇ ਫਿਰ ਬੇਸ਼ਰਮ ਜਿਹਾ
ਹੋ ਕੇ ਪੁੱਛਿਆ। ਪੈਸੇ ਲਈ ਉਹ ਮਰ ਮਿਟਣ ਵਾਲਾ ਇਨਸਾਨ ਸੀ।
-"ਜਮਾਂ
ਈ ਨ੍ਹੀ ਮਖ-ਹੈਂ ਬਈ! ਗੱਲ ਈ ਨਿੱਬੜਗੀ।" ਇੰਦਰ ਨੇ ਦੋ ਟੁੱਕ ਗੱਲ ਕਰਨੀ ਹੀ ਠੀਕ
ਸਮਝੀ। ਕਰਿਆ ਕਰਾਇਆ ਉਹ ਖੂਹ ਵਿਚ ਨਹੀਂ ਪਾਉਣਾ ਚਾਹੁੰਦਾ ਸੀ।
-"ਫੇਰ
ਠੀਕ ਐ-।" ਹੌਲਦਾਰ ਨੇ ਜਿਵੇਂ ਹਾਲਾਤਾਂ ਨਾਲ ਸਮਝੌਤਾ ਕਰ ਲਿਆ ਸੀ। ਉਸ ਨੂੰ ਇਹ ਗੱਲ
ਵਾਕਿਆ ਹੀ ਜਚ ਗਈ ਸੀ ਕਿ ਝੋਟੇ ਵਾਲਿਆਂ ਦੇ ਘਰੋਂ ਲੱਸੀ ਮਿਲਣੀ ਮੁਸ਼ਕਿਲ ਸੀ। ਉਹ
ਜਾਭਾਂ ਦਾ ਭੇੜ੍ਹ ਕਰਦੇ ਹਸਪਤਾਲ ਪਹੁੰਚ ਗਏ। ਹਸਪਤਾਲ ਦਾ ਮੱਥਾ ਕਿਸੇ ਮਰੀਜ਼ ਵਾਂਗ
ਤਪ ਰਿਹਾ ਸੀ। ਗਿੱਲ, ਬਰਾੜ ਅਤੇ ਸ਼ਿੰਦਾ ਉਹਨਾਂ ਦੀ ਪਹਿਲਾਂ ਹੀ ਉਡੀਕ ਕਰ ਰਹੇ ਸਨ।
ਇਕ
ਪਾਸੇ ਜੀਪ ਖੜ੍ਹੀ ਸੀ। ਲਾਅਸ਼ਾਂ ਥੱਲੇ ਉਤਾਰ ਲਈਆਂ ਗਈਆਂ ਸਨ।
-"ਅੰਦਰ
ਲੈ ਚੱਲੋ!" ਹੌਲਦਾਰ ਦਾ ਬੋਲ ਮੁੰਡਿਆਂ ਨੂੰ ਖੁੱਸਿਆ ਖੁੱਸਿਆ ਜਿਹਾ ਲੱਗਿਆ। ਇੰਦਰ
ਨੇ ਹੌਲਦਾਰ ਖੱਸੀ ਹੀ ਤਾਂ ਕਰ ਦਿੱਤਾ ਸੀ। ਉਹ ਖਾਲੀ ਖਾਲੀ ਝਾਕਦਾ ਬਾਹਰ ਹੀ ਖੜ੍ਹ
ਗਿਆ।
-"ਇਹ
ਕੀ ਹੋ ਰਿਹੈ?" ਲਾਅਸ਼ਾਂ ਅੰਦਰ ਚੁੱਕੀ ਆਉਂਦੇ ਦੇਖ ਕੇ ਇਕ ਚਿੱਬਾ ਜਿਹਾ ਕੰਪਾਊਡਰ
ਉਹਨਾਂ ਨੂੰ ਭੱਜ ਕੇ ਪਿਆ। ਉਸ ਨੇ ਮੁੰਡਿਆਂ ਨੂੰ ਅੰਦਰ ਆਉਣੋਂ ਵਰਜ ਦਿੱਤਾ। ਇਕ ਨੇ
ਬਾਹਰ ਖੜ੍ਹੇ ਹੌਲਦਾਰ ਨੂੰ ਜਾ ਦੱਸਿਆ।
-"ਇਹਦੀ
ਭੈਣ 'ਤੇ ਚੜ੍ਹਜਾਂ - ਹੁਣ ਇਹ ਨ੍ਹੀ ਲੋਟ ਆਉਣੇਂ-!" ਅੱਕਿਆ ਹੌਲਦਾਰ ਅੰਦਰ ਚਲਾ
ਗਿਆ।
-"ਲਾਅਸ਼ਾਂ ਐਂ-ਪੋਸਟ ਮਾਰਟਮ ਵਾਸਤੇ ਆਈਐਂ-ਸਰਦਾਰ ਦਾ ਹੁਕਮ ਐਂ---!" ਹੌਲਦਾਰ ਨੇ
ਸਰਦਾਰ ਦਾ ਰੁੱਕਾ ਕੰਪਾਊਡਰ ਦੇ ਹੱਥ ਥਮਾ ਦਿੱਤਾ। ਉਸ ਦੇ ਬੋਲਾਂ ਵਿਚ ਪੁਲਸੀਆ ਦਬਾਅ
ਸੀ। ਇਕ ਕਾਮਰੇਡ ਤੋਂ ਛੋਤ ਲੁਹਾ ਕੇ ਉਹ ਕੰਪਾਊਡਰ ਦੇ ਖੰਭਾਂ ਥੱਲੇ ਨਹੀਂ ਆਉਣਾ
ਚਾਹੁੰਦਾ ਸੀ।
-"ਪਰ
ਡਾਕਟਰ ਸਾਹਬ ਤਾਂ ਐਥੇ ਹੈ ਨਹੀਂ।" ਕੰਪਾਊਡਰ ਨੇ ਫ਼ੁਰਮਾਇਆ। ਉਸ ਦਾ ਮਾਤਾ ਦੇ
ਦਾਗਾਂ ਨਾਲ ਭਰਿਆ ਮੂੰਹ ਘੁੱਟਿਆ ਗਿਆ।
-"ਡਾਕਟਰ ਹੈ ਚਾਹੇ ਨਹੀਂ ਹੈ - ਤੂੰ ਲਾਅਸ਼ਾਂ ਅੰਦਰ ਕਰਵਾ ਯਾਰ।" ਹੌਲਦਾਰ ਦੀਆਂ
ਤਿਉੜੀਆਂ ਦੇ ਵਲ ਹੋਰ ਕਸਾਅ ਖਾ ਗਏ। ਬਾਹਰ ਦੀ ਗਰਮੀ ਅਤੇ ਕਾਮਰੇਡ ਦੀਆਂ ਹੁੱਝਾਂ ਉਸ
ਨੂੰ ਤਪਾਈ ਫਿਰਦੀਆਂ ਸਨ।
ਲਾਅਸ਼ਾਂ ਅੰਦਰ ਭੇਜ ਦਿੱਤੀਆਂ ਗਈਆਂ। ਕੰਪਾਊਡਰ ਨੇ ਠਾਣੇਦਾਰ ਦਾ ਰੁੱਕਾ ਸਟੈਥੋਸਕੋਪ
ਦੇ ਹੇਠ ਦੇ ਦਿੱਤਾ ਜਿਵੇਂ ਉਹ ਉਸ ਦੇ ਕਿਸੇ ਕੰਮ ਦਾ ਹੀ ਨਹੀਂ ਸੀ। ਉਹ ਫਿਰ ਬੜੇ
ਅਰਾਮ ਨਾਲ ਕੁਰਸੀ 'ਤੇ ਢੇਰੀ ਜਿਹਾ ਹੋ ਗਿਆ। ਚੱਲਦੇ ਪੱਖੇ ਦੀ ਹਵਾ ਜਾਂ ਘੜੀ ਦੀ
"ਟਿੱਕ-ਟਿੱਕ" ਹੀ ਸੁਣਾਈ ਦੇ ਰਹੀ ਸੀ।
-"ਡਾਕਟਰ ਆਊ ਕਦੋਂ ਕੁ?" ਹੌਲਦਾਰ ਨੇ ਪੁੱਛਿਆ।
-"ਪਤਾ
ਨਹੀਂ-।" ਉਸ ਨੇ ਸੰਖੇਪ ਉਤਰ ਦਿੱਤਾ।
-"ਫ਼ੋਨ
ਕਰਕੇ ਦੇਖਗਾਂ।"
-"ਡੈੱਡ
ਪਿਐ।"
ਹੌਲਦਾਰ
ਖ਼ਾਮੋਸ਼ ਹੋ ਕੇ ਬੈਠ ਗਿਆ। ਉਡੀਕ ਕਰਨੀ ਹੀ ਉਸ ਨੇ ਬਿਹਤਰ ਸਮਝੀ। ਉਸ ਨੇ ਤਾਂ
ਡਿਊਟੀ ਹੀ ਪੂਰੀ ਕਰਨੀ ਸੀ। ਠਾਣੇ ਹੋਈ, ਚਾਹੇ ਹਸਪਤਾਲ। ਲੰਡੇ ਨੇ ਤਾਂ ਪੱਠੇ ਹੀ
ਖਾਣੇਂ ਸਨ, ਜਿੱਥੋਂ ਮਰਜ਼ੀ ਹੋਏ! ਠਾਣੇ ਨਾਲੋਂ ਹਸਪਤਾਲ ਵਿਚ ਉਹ ਆਪਣੀ ਡਿਊਟੀ
ਬਿਹਤਰ ਸਮਝਦਾ ਸੀ। ਠਾਣੇ ਤਾਂ ਪਤਾ ਨਹੀਂ ਕਦੋਂ, ਕੀ ਹੁਕਮ ਹੋ ਜਾਣਾ ਸੀ? ਅਤੇ ਉਸ
ਨੂੰ ਤਿਖੜ ਧੁੱਪ ਵਿਚ ਫਿਰ ਕਿਤੇ ਭੱਜਣਾ ਪੈਣਾ ਸੀ। ਗਰਮੀ ਵਿਚ ਉਸ ਦਾ ਸਰੀਰ
ਅੱਕਲਕਾਨ ਹੋ ਜਾਂਦਾ ਸੀ। ਹੁਣ ਉਹ ਡਾਕਟਰ ਦੇ ਦਫ਼ਤਰ ਵਿਚ ਪੱਖੇ ਦੀ ਹਵਾ ਥੱਲੇ ਬੜੇ
ਅਰਾਮ ਨਾਲ ਬੈਠਾ ਸੀ। ਇਸ ਲਈ ਉਹ ਸ਼ਾਂਤ ਹੋ ਕੇ ਬੈਠ ਗਿਆ। ਫਿਰ ਪਤਾ ਨਹੀਂ ਕਦੋਂ ਉਸ
ਦੀ ਅੱਖ ਲੱਗ ਗਈ। ਸਿਪਾਹੀ ਬੈਠਾ ਕਦੇ ਸੌਂਦਾ ਅਤੇ ਕਦੇ ਜਾਗਦਾ ਸੀ। ਗਿੱਲ ਹੋਰੀਂ
ਬਾਹਰ ਵਰਾਂਡੇ ਵਿਚ ਹੀ ਖੜ੍ਹੇ ਸਨ। ਦੋ ਘੰਟੇ ਬੀਤ ਗਏ। ਪਰ ਡਾਕਟਰ ਨਹੀਂ ਬਹੁੜਿਆ
ਸੀ। ਗਿੱਲ ਨੇ ਅੰਦਰ ਆਣ ਕੇ ਤੱਕਿਆ ਤਾਂ ਹੌਲਦਾਰ, ਕੰਪਾਊਡਰ ਅਤੇ ਸਿਪਾਹੀ ਕੁਰਸੀਆਂ
'ਤੇ ਬੈਠੇ ਹੀ ਸੁੱਤੇ ਹੋਏ ਸਨ। ਉਸ ਦੀਆਂ ਚੜ੍ਹ ਮੱਚੀਆਂ ਸਨ। ਅੰਦਰੋਂ ਉਹ ਬਲ ਗਿਆ
ਸੀ।
-"ਆਇਆ
ਨ੍ਹੀ ਡਾਕਟਰ ਅਜੇ?" ਅੰਦਰੋਂ ਗੁੱਸੇ ਨਾਲ ਪੜੁੱਲ, ਪਰ ਉਹ ਧੀਮਰਤਾ ਨਾਲ ਬੋਲਿਆ।
-"ਹੈਂ!
ਕੀ ਟੈਮ ਹੋ ਗਿਆ---?" ਹੌਲਦਾਰ ਅੱਭੜਵਾਹੇ ਜਿਹੇ ਉਠਿਆ। ਉਸ ਦੀਆਂ ਲਾਲ ਅੱਖਾਂ
ਬੈਟਰੀ ਵਾਂਗ ਜਗੀਆਂ ਸਨ। ਅੱਧ-ਉਨੀਂਦਾ ਜਿਹਾ ਉਹ ਮਧੋਲੇ ਕਤੂਰੇ ਵਾਂਗ ਬੌਂਦਲਿਆ
ਜਿਹਾ ਪਿਆ ਸੀ।
-"ਨਹੀਂ-।" ਸੰਖੇਪ ਕਹਿ ਕੇ ਕੰਪਾਊਡਰ ਨੇ ਅੱਖਾਂ ਬਿੱਲੀ ਵਾਂਗ ਫਿਰ ਮੀਚ ਲਈਆਂ।
ਹੌਲਦਾਰ
ਪਾਣੀ ਪੀਣ ਚਲਾ ਗਿਆ। ਸਿਪਾਹੀ ਨੇ ਖੜ੍ਹਾ ਹੋ ਕੇ ਪੇਟੀ ਕਸਣੀ ਸ਼ੁਰੂ ਕਰ ਦਿੱਤੀ।
-"ਮੈਨੂੰ ਸਮਝ ਨ੍ਹੀ ਆਉਂਦੀ ਕਿ ਐਨੇ ਚਿਰ ਦਾ ਗਿਆ ਕਿੱਥੇ ਐ---?" ਗਿੱਲ ਗੁੱਸੇ
ਨਾਲੋਂ ਹੈਰਾਨ ਵੱਧ ਸੀ।
-"ਘਰੇ
ਗਏ ਐ-ਬੀਵੀ ਠੀਕ ਨਹੀਂ---।" ਅੱਖਾਂ ਮੀਟੀ ਕੰਪਾਊਡਰ ਦੱਸ ਰਿਹਾ ਸੀ। ਕਬੂਤਰ ਵਾਂਗ
ਉਸ ਨੇ ਖੰਭ ਘੁੱਟ ਲਏ ਸਨ।
-"ਬੀਵੀ
ਨੂੰ ਕੀ ਹੋਇਐ?"
-"ਸ਼ਾਇਦ ਮਲੇਰੀਏ ਦੀ ਸ਼ਕਾਇਤ ਐ।"
-"ਟੈਲੀਫ਼ੋਨ ਕਰਕੇ ਦੇਖ ਤਾਂ।"
-"ਡੈੱਡ
ਪਿਐ।"
-"ਇਹਨੂੰ ਭਣੋਈਏ ਨੂੰ ਚੱਕ ਕੇ ਵੀ ਦੇਖ ਲੈ-ਬੈਠੇ ਨੇ ਈ ਜਬਾਨ ਹਲਾਤੀ।" ਗਿੱਲ ਬੱਦਲ
ਵਾਂਗ ਗੱਜਿਆ। ਕੰਪਾਊਡਰ ਦੀਆਂ ਲੂੰਬੜ-ਚਾਲਾਂ ਨੇ ਉਸ ਨੂੰ ਦਧਨ ਕਰ ਰੱਖਿਆ ਸੀ।
-"-----।" ਕੰਪਾਊਡਰ ਨੇ ਕਬੂਤਰ ਵਾਂਗ ਅੱਖਾਂ ਖੋਲ੍ਹ ਲਈਆਂ। ਗਿੱਲ ਦੀਆਂ ਬਿੱਲੀ ਦੀ
ਪੂਛ ਵਰਗੀਆਂ ਮੁੱਛਾਂ ਜਿਵੇਂ ਉਸ ਨੂੰ 'ਤਾੜ' ਰਹੀਆਂ ਸਨ। ਭਿਆਨਕ ਅਵਾਜ਼ ਕੰਪਾਊਡਰ
ਦੇ ਜਿਵੇਂ ਡਾਂਗ ਵਾਂਗ ਵੱਜੀ ਸੀ।
-"ਭੈਣ
ਦੀ ਡਾਕਟਰੀ ਯਹਾਵੇ! ਐਥੇ ਚਾਰ ਲਾਅਸ਼ਾਂ ਪਈਆਂ ਸੜੀ ਜਾਂਦੀਐਂ-ਉਧਰ ਉਹ ਬੀਵੀ ਦੀ
ਸੁੱਥਣ 'ਚ ਵੜਿਆ ਬੈਠੈ-ਕਰ ਫ਼ੋਨ ਉਹਨੂੰ ਭੈਣ ਦੇ ਯਾਰ ਨੂੰ---!"
ਬਰਾੜ,
ਇੰਦਰ ਅਤੇ ਸ਼ਿੰਦਾ ਅਵਾਜ਼ ਸੁਣ ਕੇ ਅੰਦਰ ਆ ਗਏ।
-"ਹੈਂ
ਬਈ! ਕਾਹਨੂੰ ਐਂਵੇਂ--!" ਇੰਦਰ ਨੇ ਗਿੱਲ ਨੂੰ ਵਰਜਿਆ।
-"ਨਹੀਂ
ਯਾਰ ਗੱਲ ਨ੍ਹੀ ਬਾਤ ਨ੍ਹੀ-ਸਾਨੂੰ ਆਹਾ ਖੁਰਕ ਖਾਧਾ ਜਿਆ ਕੰਪੋਡਰ ਈ ਫੁੱਦੂ ਬਣਾਈ
ਜਾਂਦੈ-।"
-"ਕਰ
ਫ਼ੋਨ ਉਹਨੂੰ---!" ਬਰਾੜ ਨੇ ਹੁਕਮ ਕੀਤਾ।
ਸ਼ਿੰਦਾ
ਚੁੱਪ ਚਾਪ ਖੜ੍ਹਾ ਸੀ। ਜਿਵੇਂ ਉਸ ਦੇ ਔਸਾਣ ਹੀ ਮਾਰੇ ਗਏ ਸਨ। ਉਹ ਪਾਗਲਾਂ ਵਾਂਗ
ਖਾਲੀ ਖਾਲੀ ਜਿਹਾ ਝਾਕ ਰਿਹਾ ਸੀ। ਪਰ ਕੰਪਾਊਡਰ ਭਮੱਤਰ ਗਿਆ ਸੀ। ਇਹਨਾਂ ਦਾ ਕੀ
ਇਤਬਾਰ ਐ, ਚਾਰ ਥੱਪੜ ਹੀ ਕੱਢ ਮਾਰਨ? ਉਹ ਸੋਚ ਰਿਹਾ ਸੀ।
ਖ਼ੈਰ!
ਕੰਪਾਊਡਰ ਨੇ ਟੈਲੀਫ਼ੋਨ ਚੁੱਕ ਲਿਆ, ਜੋ ਚੱਲ ਰਿਹਾ ਸੀ। ਡਰ ਨਾਲ ਉਹ ਹੋਰ ਵੀ ਛਹਿ
ਗਿਆ। ਉਸ ਦੀ ਧੌਣ ਕਾਲਰਾਂ ਵਿਚ ਨੂੰ ਧਸਦੀ ਜਾ ਰਹੀ ਸੀ। ਨੰਬਰ ਘੁਮਾਉਂਦਾ ਉਹ
ਟੈਲੀਫ਼ੋਨ ਦੇ ਰਿਸੀਵਰ ਨੂੰ ਘੁੱਟ ਕੇ ਫੜੀ ਬੈਠਾ ਸੀ, ਜਿਵੇਂ ਰਿਸੀਵਰ ਕੋਈ ਕਾਟੋ
ਸੀ, ਜਿਸ ਨੇ ਫੱਟ ਕਿੱਕਰ 'ਤੇ ਜਾ ਚੜ੍ਹਨਾ ਸੀ।
-"ਚੱਲ
ਪਿਆ---?" ਹੌਲਦਾਰ ਰੁਮਾਲ ਨਾਲ ਗਿੱਲੇ ਹੱਥ ਪੂੰਝਦਾ ਅੰਦਰ ਆਇਆ। ਸਿਪਾਹੀ ਫਿਰ ਲੋਟ
ਹੋ ਕੇ ਬੈਠ ਗਿਆ ਸੀ।
-"-----।" ਕੰਪਾਊਡਰ ਨੇ 'ਹਾਂ' ਵਿਚ ਸਿਰ ਹਿਲਾਇਆ। ਪਰ ਬੋਲਿਆ ਕੁਝ ਵੀ ਨਹੀਂ।
-"ਚੱਲਣ
ਨੂੰ ਇਹਨੂੰ ਗੋਲੀ ਵੱਜੀ ਵੀ ਸੀ?" ਗਿੱਲ ਦਾ ਦਿਲ ਕਰਦਾ ਸੀ ਕਿ ਚਰਮਖ ਵਰਗੇ ਕੰਪਾਊਡਰ
ਦੀ ਸੰਘੀ ਨੱਪ ਦੇਵੇ।
-"-----।" ਖ਼ਾਮੋਸ਼ ਹੋਇਆ ਕੰਪਾਊਡਰ ਟੈਲੀਫ਼ੋਨ ਦੀ 'ਟੂੰ-ਟੂੰ' ਅਤੇ ਗਿੱਲ ਦੇ
ਸਲੋਕ ਸੁਣ ਰਿਹਾ ਸੀ। ਟੈਲੀਫ਼ੋਨ ਦੀ 'ਟੂੰ-ਟੂੰ' ਉਸ ਦੇ ਦਿਮਾਗ ਨੂੰ ਸੱਪ ਵਾਂਗ ਚੱਟ
ਰਹੀ ਸੀ। ਅਖੀਰ ਕਿਸੇ ਨੇ ਟੈਲੀਫ਼ੋਨ ਚੁੱਕ ਲਿਆ। ਕੰਪਾਊਡਰ ਨੇ ਸ਼ੁਕਰ ਕੀਤਾ। ਬਿੱਲੀ
ਦੇ ਭਾਗੀਂ ਮਸਾਂ ਹੀ ਛਿੱਕੂ ਟੁੱਟਿਆ ਸੀ। ਕੰਪਾਊਡਰ ਨੇ ਸਾਰੀ ਇਤਲਾਹ ਦੇ ਦਿੱਤੀ।
ਟੈਲੀਫ਼ੋਨ ਰੱਖ ਦਿੱਤਾ ਗਿਆ।
-"ਹੁਣ
ਕਿਮੇਂ ਮਿਲ ਗਿਆ ਤੇਰਾ ਪਿਉ? ਜਿੰਨਾਂ ਚਿਰ ਇਹਨਾਂ ਦੀ ਮਾਂ ਨਾ ਚੋਦੋ - ਕਾਹਨੂੰ
ਬਾਪੂ ਆਖਦੇ ਐ? ਭੈਣ ਦਾ ਲੱਕੜ-ਸਾਲਾ ਚਿਰੜਘੁੱਗ ਜਿਆ!" ਗਿੱਲ ਗਾਲ੍ਹਾਂ ਦੀ ਸੂੜ
ਬੰਨ੍ਹੀ ਫਿਰਦਾ ਸੀ। ਕਿੱਕਰ ਦਾ ਨਿੱਕਾ ਜਿਹਾ ਡੱਕਾ ਉਹ ਇੰਜ ਚਿੱਥ ਰਿਹਾ ਸੀ ਜਿਵੇਂ
ਘੁਲਾੜ੍ਹੀ ਗੰਨੇ ਪੀੜਦੀ ਹੈ!
-"ਕਾਹਨੂੰ ਐਮੇਂ - ਹੈਂ ਬਈ!" ਇੰਦਰ, ਗਿੱਲ ਨੂੰ ਧੱਕ ਕੇ ਬਾਹਰ ਲੈ ਗਿਆ। ਗਿੱਲ
ਸਾਹਣ ਵਾਂਗ ਭੂਸਰਿਆ ਔਖੇ ਔਖੇ ਸਾਹ ਲੈ ਰਿਹਾ ਸੀ। ਉਸ ਦੀਆਂ ਅੱਖਾਂ ਪੁੱਠੀਆਂ ਅਤੇ
ਸਾਹਣ ਵਾਂਗ ਪੈਰਾਂ ਹੇਠੋਂ ਮਿੱਟੀ ਕੱਢ ਰਿਹਾ ਸੀ।
-"ਐਂਮੇਂ ਕਾਹਨੂੰ ਲੋਟ ਆਉਂਦੇ ਐ ਯਾਰ-ਤੜਕੇ ਦੇ ਮੂੰਹ ਅੱਲੀਂ ਦੇਹਨੇ ਐਂ।" ਮੂੰਹ
ਵਿਚੋਂ ਡੱਕਾ ਕੱਢ ਕੇ ਉਸ ਨੇ ਵਗਾਹ ਕੇ ਮਾਰਿਆ।
ਸ਼ਾਮ
ਦੇ ਸੱਤ ਵੱਜ ਗਏ ਸਨ। ਪ੍ਰਛਾਵੇਂ ਧਰਤੀ ਤੋਂ ਉਠ ਕੰਧਾਂ ਦੇ ਘਨੇੜ੍ਹੀਂ ਚੜ੍ਹ ਬੈਠੇ
ਸਨ। ਹਸਪਤਾਲ ਦੇ ਬਾਹਰੋਂ 'ਪੌਂ-ਪੌਂ' ਜਾਂ 'ਪੀਂ-ਪੀਂ' ਦੀਆਂ ਅਵਾਜ਼ਾਂ ਕੁਰਲਾ
ਜਿਹੀਆਂ ਰਹੀਆਂ ਸਨ।
-"ਔਹ ਆ
ਗਿਆ---!" ਬਰਾੜ ਨੇ ਸਕੂਟਰ 'ਤੇ ਆਉਂਦੇ ਡਾਕਟਰ ਨੂੰ ਪਹਿਚਾਣਦਿਆਂ ਕਿਹਾ।
-"ਹੈਂ
ਬਈ! ਹੁਣ ਨਾ ਬੋਲੀਂ!" ਇੰਦਰ ਨੇ ਗਿੱਲ ਦੀ ਇਕ ਤਰ੍ਹਾਂ ਨਾਲ ਮਿੰਨਤ ਜਿਹੀ ਕੱਢੀ।
ਪਰ
ਗਿੱਲ ਚੁੱਪ ਸੀ। ਗੁੱਸਾ ਉਸ ਅੰਦਰ ਪਾਰੇ ਵਾਂਗ ਥਰਕ ਰਿਹਾ ਸੀ।
ਡਾਕਟਰ
ਨੇ ਸਕੂਟਰ ਸਿੱਧਾ ਵਰਾਂਡੇ ਵਿਚ ਲਿਆ ਖੜ੍ਹਾ ਕੀਤਾ ਅਤੇ ਤੇਜ਼ੀ ਨਾਲ ਅੰਦਰ ਚਲਾ ਗਿਆ।
ਮਧਰੇ ਜਿਹੇ ਕੱਦ ਦਾ ਡਾਕਟਰ ਮੁੰਨੀ ਭੇਡ ਵਰਗਾ ਲੱਗਦਾ ਸੀ। ਉਸ ਦੇ ਗੰਜ ਦੇ ਚਾਰ ਕੁ
ਵਾਲ ਕੰਡੇਰਨੇ ਵਾਂਗ ਉਪਰ ਨੂੰ ਖੜ੍ਹੇ ਸਨ ਅਤੇ ਪੈਰਾਂ ਦਾ ਵਾਧੂ ਜਿਹਾ ਮਾਸ ਜੁੱਤੀ
ਤੋਂ ਬਾਹਰ ਲਟਕ ਰਿਹਾ ਸੀ।
-"ਆਈਏ-ਆਈਏ---!" ਹੌਲਦਾਰ ਨੂੰ ਪਹਿਚਾਣ ਕੇ ਡਾਕਟਰ ਨੇ ਬੜੀ ਗਰਮਜੋਸ਼ੀ ਨਾਲ ਹੱਥ
ਮਿਲਾਇਆ। ਪਰ ਸਿਪਾਹੀ ਨੂੰ ਉਸ ਨੇ ਗੌਲਿਆ ਵੀ ਨਹੀਂ ਸੀ।
-"ਬੜੀ
ਦੇਰ ਕਰਤੀ---?" ਹੌਲਦਾਰ ਨੇ ਖਹਿੜਾ ਜਿਹਾ ਛੁਡਾਉਣ ਲਈ ਪੁੱਛਿਆ। ਉਹ ਡਾਕਟਰ ਦੇ
ਗਾਲੜੀ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂੰ ਸੀ। ਉਡੀਕ ਕਰ ਕੇ ਜਿਵੇਂ ਉਹ ਵੀ ਹੰਭ ਗਿਆ
ਸੀ। ਇਕ ਉਸ ਦੀ ਡਿਊਟੀ ਖਤਮ ਹੋਣ ਵਾਲੀ ਸੀ।
-"ਕਾਹਦੀ ਗੱਲ ਕਰਦੇ ਓਂ ਬਾਦਸ਼ਾਹੋ!" ਉਹ ਚਿੱਟਾ ਜਿਹਾ ਕੋਟ ਪਾਉਂਦਾ ਹੋਇਆ ਬੋਲਿਆ,
"ਦਿੱਲੀ ਆਲੀ ਸਾਲੀ ਆਈ ਵੀ ਐ-ਬੱਸ ਉਹਦੇ ਨਾਲ ਈ ਠਰਕ ਭੋਰਦੇ ਰਹੇ!" ਡਾਕਟਰ
'ਖ਼ੀਂ-ਖ਼ੀਂ' ਕਰ ਕੇ ਹੱਸਿਆ। ਸਾਲੀ ਦੇ ਨਾਂ ਨੂੰ ਉਸ ਦੇ ਕੁਤਕੁਤੀਆਂ ਨਿਕਲੀਆਂ ਸਨ।
ਜਿਸ ਕਰਕੇ ਉਸ ਦਾ ਹਾਸਾ ਮੱਲੋਮੱਲੀ ਨਿਕਲਦਾ ਸੀ।
-"----।" ਹੌਲਦਾਰ ਚੁੱਪ ਸੀ।
-"ਲਾਅਸ਼ਾਂ ਕਿੱਥੇ ਐ?" ਠਾਣੇਦਾਰ ਦਾ ਰੁੱਕਾ ਪੜ੍ਹਦਾ ਉਹ ਕੋਚਰ ਵਾਂਗ ਝਾਕ ਰਿਹਾ
ਸੀ।
-"ਅੰਦਰ
ਐ---!"
ਉਹ
ਅੰਦਰ ਚਲੇ ਗਏ। ਡਾਕਟਰ ਨੇ ਐਨਕਾਂ ਚਾੜ੍ਹ ਲਈਆਂ। ਮੋਟੀਆਂ ਜਿਹੀਆਂ ਐਨਕਾਂ ਲਾਈਆਂ
ਹੋਣ ਕਰਕੇ ਉਹ ਖੂਹ 'ਤੇ ਜੋੜੇ ਬੋਤੇ ਵਰਗਾ ਲੱਗਦਾ ਸੀ। ਐਨਕਾਂ ਇਕ ਤਰ੍ਹਾਂ ਨਾਲ
ਖੋਪੇ ਹੀ ਤਾਂ ਜਾਪ ਰਹੀਆਂ ਸਨ। ਉਸ ਨੇ ਲਾਅਸ਼ਾਂ ਦਾ ਚੰਗੀ ਤਰ੍ਹਾਂ ਮੁਆਇਨਾ ਕੀਤਾ।
-"ਕਿਸੇ
ਜ਼ਹਿਰੀਲੀ ਚੀਜ਼ ਨਾਲ ਮੌਤਾਂ ਹੋਈਆਂ ਲੱਗਦੀਐਂ?" ਡਾਕਟਰ ਨੇ ਹੌਲਦਾਰ ਨੂੰ ਸੁਣਾਇਆ।
ਉਸ ਦੀਆਂ ਚੁਸਤ ਅੱਖਾਂ ਫ਼ੱਟ ਸਮਝ ਗਈਆਂ ਸਨ।
-"ਕੁਇੱਕਫ਼ਾਸ ਨਾਲ ਹੋਈਐਂ ਜੀ।" ਇੰਦਰ ਅੰਦਰ ਆ ਗਿਆ ਸੀ।
-"ਇਕ
ਗੱਲ ਹੋਰ ਐ-ਥੋੜਾ ਜਿਆ ਸਮਾਨ ਲਿਆਉਣਾ ਪਵੇਗਾ।" ਡਾਕਟਰ ਐਨਕਾਂ ਉਪਰੋਂ ਦੀ ਇੰਦਰ ਵੱਲ
ਝਾਕਿਆ।
-"ਹੁਕਮ
ਕਰੋ---!"
-"ਤੁਸੀਂ ਬਾਹਰ ਚੱਲੋ-ਮੈਂ ਚਿੱਟ ਭੇਜ ਦਿੰਨੈਂ-ਕਿਸੇ ਕੈਮਿਸਟ ਦੀ ਦੁਕਾਨ ਤੋਂ ਫੜ
ਲਿਆਣਾ।" ਉਸ ਨੇ ਹੱਥ ਬਾਹਰ ਵੱਲ ਨੂੰ ਕੀਤਾ। ਇੰਦਰ ਬਾਹਰ ਆ ਗਿਆ। ਡਾਕਟਰ ਅਤੇ
ਹੌਲਦਾਰ ਅੰਦਰ ਗੱਲਾਂ ਮਾਰਦੇ ਰਹੇ।
-"ਹੁਣ
ਫੇਰ ਸਾਡੀ ਤਾਂ ਨਹੀਂ ਜ਼ਰੂਰਤ?" ਦਫ਼ਤਰ ਅੰਦਰ ਆ ਕੇ ਹੌਲਦਾਰ ਨੇ ਡਾਕਟਰ ਨੂੰ
ਪੁੱਛਿਆ।
-"ਨਹੀਂ
ਕੋਈ ਜ਼ਰੂਰਤ ਨਹੀਂ - ਰਿਪੋਰਟ ਕੱਲ੍ਹ ਠਾਣੇ ਅੱਪੜਦੀ ਕਰ ਦਿਆਂਗੇ---।" ਡਾਕਟਰ ਨੇ
ਉਹਨਾਂ ਦੇ ਰੱਸੇ ਲਾਹ ਦਿੱਤੇ। ਹੌਲਦਾਰ ਅਤੇ ਸਿਪਾਹੀ ਹੱਥ ਮਿਲਾ ਕੇ 'ਦਗੜ-ਦਗੜ'
ਕਰਦੇ ਬਾਹਰ ਆ ਗਏ।
ਬਰਾੜ
ਹੁਰੀਂ ਚਾਰੇ ਜਾਣੇ ਉਹਨਾਂ ਨੂੰ ਜਾਂਦਿਆਂ ਤੱਕ ਰਹੇ ਸਨ। ਹਸਪਤਾਲ ਦਾ ਮੁੱਖ ਦਰਵਾਜਾ
ਟੱਪਦਿਆਂ ਹੀ ਹੌਲਦਾਰ ਨੇ ਮੂੰਹ ਵਿਚ ਪੈਂਦੀਆਂ ਮੁੱਛਾਂ ਨੂੰ ਉਂਗਲ ਅਤੇ ਅੰਗੂਠੇ ਦੇ
ਹੋੜੇ ਨਾਲ ਉਤਾਂਹ ਚੁੱਕਿਆ ਸੀ।
-"ਹੁਣ
ਕੀ ਕਰਦੈ?" ਬਰਾੜ ਨੇ ਇੰਦਰ ਤੋਂ ਪੁੱਛਿਆ।
-"ਕਹਿੰਦਾ ਮਾੜਾ ਮੋਟਾ ਸਮਾਨ ਲੋੜੀਦੈ-ਕੈਮਿਸਟ ਦੀ ਦੁਕਾਨ ਤੋਂ ਲੈ ਕੇ ਆਓ।" ਇੰਦਰ
ਨੇ ਸੁਤੇ ਸੁਭਾਅ ਹੀ ਦੱਸਿਆ ਸੀ।
-"ਸਮਾਨ
ਤਾਂ ਪੋਸਟ ਮਾਰਟਮ ਵਾਸਤੇ ਸਾਰਾ ਸਰਕਾਰੀ ਹਸਪਤਾਲ ਦਾ ਈ ਹੁੰਦੈ।" ਬਰਾੜ ਨੂੰ ਗੱਲ
ਜਚੀ ਨਹੀਂ ਸੀ।
-"ਵਿਚੇ
ਖਾ ਖੂ ਜਾਂਦੇ ਐ ਸਾਲੇ--।" ਗਿੱਲ ਨੇ ਚੁੱਪ ਤੋੜੀ।
-"ਇੱਥੇ
ਤਾਂ ਅੰਨ੍ਹੀਂ ਨੂੰ ਬੋਲਾ ਘੜੀਸੀ ਫਿਰਦੈ।" ਸ਼ਿੰਦਾ ਕਾਫ਼ੀ ਲੰਮੇ ਸਮੇਂ ਬਾਅਦ ਬੋਲਿਆ
ਸੀ।
-"ਹੈਂ
ਬਈ! ਇੱਥੇ ਕੋਈ ਪੁੱਛਦੈ?" ਇੰਦਰ ਨੇ ਕਿਹਾ।
ਉਹ ਅਜੇ
ਗੱਲਾਂ ਕਰ ਹੀ ਰਹੇ ਸਨ ਕਿ ਕਿਸੇ ਹੋਰ ਕੰਪਾਊਡਰ ਨੇ ਉਹਨਾਂ ਹੱਥ ਇਕ ਵੱਡੀ ਸਾਰੀ
ਲਿਸਟ ਲਿਆ ਫੜਾਈ। ਸ਼ਾਇਦ ਪਹਿਲੇ ਕੰਪਾਊਡਰ ਦੀ ਡਿਊਟੀ ਬਦਲ ਗਈ ਸੀ। ਮਾੜਕੂ ਜਿਹੇ
ਸਰੀਰ ਵਾਲਾ ਕੰਪਾਊਡਰ ਕਾਫ਼ੀ ਚੁਸਤ ਨਜ਼ਰ ਆਉਂਦਾ ਸੀ। ਉਹ ਚਿੜੇ ਵਾਂਗ ਟਪੂਸੀਆਂ
ਮਾਰਦਾ ਆਪਣੀ ਡਿਊਟੀ ਭੁਗਤਾ ਰਿਹਾ ਸੀ। ਰਾਤ ਦੀ ਡਿਊਟੀ ਵਾਲੀਆਂ ਨਰਸਾਂ ਵੀ ਆ ਗਈਆਂ
ਸਨ। ਦੁਪਹਿਰੇ ਹਾੜ ਬੋਲਣ ਵਾਲਾ ਹਸਪਤਾਲ ਹੁਣ ਸਫ਼ੈਦ ਵਰਦੀਆਂ ਵਾਲੀਆਂ ਨੱਢੀਆਂ ਨਾਲ
ਚਹਿਕਣ ਲੱਗ ਪਿਆ ਸੀ। ਵਰਾਂਡੇ ਦੇ ਇਕ ਪਾਸਿਓਂ ਮਰੀਜ਼ਾਂ ਦੀ 'ਹਾਏ-ਹਾਏ' ਅਤੇ
ਹੂੰਗਾਂ ਸੁਣਾਈ ਦੇਣ ਲੱਗ ਪਈਆਂ ਸਨ। ਕੋਈ ਜ਼ਿਆਦਾ ਹੀ ਦੁਖੀ, ਦੁਹਾਈ ਪਾ ਰਿਹਾ ਸੀ।
ਪਰ ਨਰਸਾਂ ਮਰੀਜ਼ਾਂ ਤੋਂ ਅਵੇਸਲੀਆਂ, ਦੰਦੀਆਂ ਜਿਹੀਆਂ ਕੱਢਦੀਆਂ ਫਿਰਦੀਆਂ ਸਨ। ਉਹ
ਇਕ ਦੂਜੀ ਨਾਲ ਅੱਖਾਂ ਦੇ ਇਸ਼ਾਰੇ ਨਾਲ ਹੀ ਗੱਲ ਕਰਦੀਆਂ ਸਨ। ਨਜ਼ਰਾਂ ਨਾਲ ਲੱਡੂ
ਭੋਰੇ ਜਾ ਰਹੇ ਸਨ।
ਇੰਦਰ
ਨੇ ਵੱਡੀ ਸਾਰੀ ਲਿਸਟ 'ਤੇ ਸਰਸਰੀ ਨਜ਼ਰ ਮਾਰੀ। ਇਕ ਹਜ਼ਾਰ ਰੁਪਏ ਦੇ ਕਰੀਬ ਸਮਾਨ
ਲਿਖਿਆ ਪਿਆ ਸੀ। ਸਾਰੇ ਹੈਰਾਨ ਜਿਹੇ ਹੋ ਗਏ।
-"ਇਹਦੇ
ਕੱਢਲਾਂ ਮੈਂ ਆਨੇ ਕੁੱਤੇ ਡਾਕਟਰ ਦੇ-!" ਭੂਤਰਿਆ ਗਿੱਲ ਅੰਦਰ ਨੂੰ ਜਾਣ ਲੱਗਿਆ, ਪਰ
ਬਰਾੜ ਨੇ ਰੋਕ ਲਿਆ। ਇੰਦਰ ਗਿੱਲ ਨੂੰ ਧੱਕ ਕੇ ਦਰਵਾਜੇ ਵੱਲ ਨੂੰ ਲੈ ਗਿਆ। ਉਹ ਉਸ
ਨੂੰ ਇੰਜ ਬਾਹਰ ਧੱਕੀ ਜਾ ਰਿਹਾ ਸੀ ਜਿਵੇਂ ਸੈਲਫ਼ ਖਰਾਬ ਹੋਈ ਕਾਰ ਨੂੰ ਧੱਕਾ
ਲਾਈਦੈ।
-"ਬਰਾੜਾ ਜੀਪ ਲਿਆ---!" ਇੰਦਰ ਨੇ ਹੁਕਮੀਆ ਕਿਹਾ।
ਜੀਪ
ਪਹੁੰਚ ਗਈ। ਧੱਕੜ ਜੀਪ ਜਿਵੇਂ ਕਿਸੇ ਪਾਸੇ ਨੂੰ ਉਡਣ ਲਈ ਤਿਆਰ ਸੀ। ਉਹਨਾਂ ਨੇ ਗਿੱਲ
ਨੂੰ ਜੀਪ ਵਿਚ ਬਿਠਾਇਆ ਹੀ ਨਹੀਂ, ਸਗੋਂ ਗਰਨ੍ਹਿਆਂ ਦੀ ਪੂਲੀ ਵਾਂਗ ਲੱਦ ਜਿਹਾ ਲਿਆ।
ਉਹ ਸੂਣ ਵਾਲੀ ਮੱਝ ਵਾਂਗ ਵੱਟ ਜਿਹਾ ਕਰ ਰਿਹਾ ਸੀ। ਜਿਵੇਂ ਉਸ ਅੰਦਰ ਕੜੱਲ ਉਠ ਰਹੇ
ਸਨ। ਦਿਨ ਛੁਪ ਚੁੱਕਾ ਸੀ। ਪ੍ਰਛਾਵੇਂ ਹਨ੍ਹੇਰੇ ਦਾ ਰੂਪ ਧਾਰਨ ਕਰ ਗਏ ਸਨ। ਬੱਤੀਆਂ
ਜਗ ਪਈਆਂ ਸਨ। ਸ਼ਹਿਰ ਦੀ ਗਹਿਮਾਂ ਗਹਿਮੀਂ ਵਧ ਗਈ ਸੀ। ਬਜ਼ਾਰਾਂ ਵਿਚ ਰੌਣਕ ਹੋਰ ਵੀ
ਵਧ ਗਈ। ਕੰਮ ਧੰਦੇ ਨਬੇੜ ਕੇ ਲੋਕ ਮਾੜੀ ਮੋਟੀ ਖ਼ਰੀਦਾ ਫ਼ਰੋਖ਼ਤੀ ਲਈ ਨਿਕਲ ਤੁਰੇ
ਸਨ। ਕਿਤੇ ਕਿਤੇ ਸੀ ਆਰ ਪੀ ਘੋੜਿਆਂ ਉਪਰ ਅਤੇ ਕਿਤੇ ਪੈਦਲ ਗਸ਼ਤ ਕਰ
ਰਹੀ ਸੀ। ਘੁੱਟੇ ਮੂੰਹ ਵਾਲੇ ਕਰਮਚਾਰੀਆਂ ਦੇ ਚਿਹਰੇ ਕੁਰੱਖਤ ਸਨ। ਤਖਤੇ ਦੀ ਚੂਲ
ਵਾਂਗ ਫਿਰਦੀਆਂ ਅੱਖਾਂ ਵਿਚ ਕੋਈ ਖ਼ਾਸ ਭੇਦ ਸੀ। ਉਹ ਹਰ ਅੰਮ੍ਰਿਤਧਾਰੀ ਨੂੰ ਬੜੀ
ਗਹੁ ਨਾਲ ਘੋਖਦੇ ਸਨ। ਜਿਵੇਂ ਉਹਨਾਂ ਦੀ ਨਜ਼ਰ ਵਿਚ ਹਰ ਅੰਮ੍ਰਿਤਧਾਰੀ 'ਅੱਤਿਵਾਦੀ'
ਸੀ!
ਵਾਟਰ ਵਰਕਸ ਲੰਘ ਕੇ ਉਹ ਨਾਨਕ ਨਗਰੀ, ਨੀਲਮ ਮੈਡੀਕਲ ਸਟੋਰ ਪਹੁੰਚ ਗਏ। ਨੀਲਮ
ਮੈਡੀਕਲ ਸਟੋਰ ਦੇ ਮਾਲਕ ਲਾਲੀ ਨੂੰ ਇੰਦਰ ਜਾਣਦਾ ਸੀ। ਛੇ ਫੁੱਟ ਕੱਦ ਵਾਲਾ ਲਾਲੀ
ਬੜਾ ਸੁਨੱਖਾ ਜੁਆਨ ਮੁੰਡਾ ਸੀ। ਉਸ ਦਾ ਸ਼ਰੀਫ਼ ਸੁਭਾਅ, ਹਮੇਸ਼ਾਂ ਹੱਸਣ ਖੇਡਣ ਦਾ
ਸੀ। ਉਹ ਯਾਰਾਂ ਦਾ ਯਾਰ, ਦਿਲਦਾਰ ਅਤੇ ਦਿਲ ਦਰਿਆ ਬੰਦਾ ਸੀ।
ਉਹਨਾਂ
ਜੀਪ ਨੀਲਮ ਮੈਡੀਕਲ ਸਟੋਰ ਦੇ ਅੱਗੇ ਖੜ੍ਹੀ ਕਰ ਦਿੱਤੀ। ਖੰਭੇ 'ਤੇ ਫਿੱਟ ਟਿਊਬ ਦਾ
ਚਾਨਣ ਜੀਪ ਦੇ ਪਿੰਡੇ 'ਤੇ ਵਰ੍ਹ-ਵਰ੍ਹ ਕੇ ਜਿਵੇਂ ਤਿਲ੍ਹਕ ਰਿਹਾ ਸੀ।
-"ਹੈਂ
ਬਈ! ਅਸੀਂ ਤਾਂ ਖੱਜਲ ਖੁਆਰ ਹੋਣਾ ਈ ਐ-ਤੁਸੀਂ ਬੱਸ ਫੜੋ ਤੇ ਪਿੰਡ ਜਾਓ।" ਇੰਦਰ ਨੇ
ਬਰਾੜ ਅਤੇ ਗਿੱਲ ਨੂੰ ਕਿਹਾ।
-"ਜਿੱਥੇ ਤੁਸੀਂ-ਉਥੇ ਈ ਅਸੀਂ।" ਬਰਾੜ ਨੇ ਉਤਰ ਦਿੱਤਾ।
-"ਜੇ
ਬੰਦਾ ਭੀੜ ਪੈਣ 'ਤੇ ਕੰਮ ਨਾ ਆਇਆ-ਫਿਰ ਫੂਕਣੈਂ?" ਗਿੱਲ ਦਿਲੋਂ ਆਖ ਰਿਹਾ ਸੀ।
-"ਨਹੀਂ-ਮੇਰੀ ਮੰਨੋਂ-।"
-"ਅਸੀਂ
ਥੋਨੂੰ ਅੱਡੇ ਤੋਂ ਬੱਸ ਚਾੜ੍ਹ ਆਉਨੇ ਐਂ।" ਸ਼ਿੰਦੇ ਨੇ ਵਿਚਾਰ ਰੱਖਿਆ, "ਕੱਲ੍ਹ ਨੂੰ
ਕੰਜਰਾਂ ਦੇ ਮੱਥੇ ਵੀ ਲੱਗਣੈਂ!" ਪੁਲਸ ਦੇ ਮੱਥੇ ਲੱਗਣਾ ਉਸ ਨੂੰ ਅੱਕ ਦਾ ਦੁੱਧ ਪੀਣ
ਬਰਾਬਰ ਲੱਗ ਰਿਹਾ ਸੀ।
-"ਕਿਉਂ
ਬਈ--?" ਗਿੱਲ ਨੇ ਬਰਾੜ ਦੀ ਰਾਇ ਪੁੱਛੀ।
-"ਠੀਕ
ਐ-ਜਿਵੇਂ ਕਹਿੰਦੇ ਐ-ਕਰ ਲੈਨੇ ਐਂ।" ਬਰਾੜ ਨੇ ਨੀਂਵੀਂ ਜਿਹੀ ਪਾ ਕੇ ਕਿਹਾ ਅਤੇ ਫਿਰ
ਉਸ ਨੇ ਮੌਲੇ ਦੇ ਸਿੰਗਾਂ ਵਰਗੀਆਂ ਮੁੱਛਾਂ ਉਪਰ ਉਗੀਸੀਆਂ। ਉਸ ਦੇ ਅੰਦਰ ਕਈ ਸੋਚਾਂ
ਰਿੱਝ ਰਹੀਆਂ ਸਨ।
ਉਹਨਾਂ
ਲਾਲੀ ਤੋਂ ਲੋੜੀਂਦਾ ਸਮਾਨ ਲਿਆ ਅਤੇ ਬਰਾੜ ਅਤੇ ਗਿੱਲ ਨੂੰ ਪਿੰਡ ਵਾਲੀ ਬੱਸ ਚਾੜ੍ਹ,
ਜੀਪ ਤੋਰ ਲਈ।
-"ਸ਼ਿੰਦਿਆ ਇਕ ਗੱਲ ਆਖਾਂ-ਜੇ ਗੁੱਸਾ ਨਾ ਕਰੇਂ?" ਇੰਦਰ ਜੀਪ ਚਲਾਉਂਦਾ ਹੋਇਆ ਬੋਲਿਆ।
-"ਆਪਾਂ
ਗੁੱਸਾ ਕਾਹਨੂੰ ਕਰਨੈਂ?"
-"ਘੁੱਟ
ਲਾ ਨਾ ਲਈਏ? ਸਰੀਰ ਜਿਹਾ ਟੁੱਟੀ ਜਾਂਦੈ।" ਇੰਦਰ ਨੇ ਫ਼ਟਾਫ਼ਟ ਗੱਲ ਨਬੇੜ ਕੇ ਸ਼ਿੰਦਾ
ਦੇ ਚਿਹਰੇ ਨੂੰ ਨਿਹਾਰਿਆ।
-"ਮੈਂ
ਤਾਂ ਆਪ ਤੈਨੂੰ ਕਹਿਣ ਲੱਗਿਆ ਸੀ-ਪਰ ਚੁੱਪ ਈ ਕਰ ਗਿਆ।"
ਅਸਲ
ਵਿਚ ਸਰੀਰ ਸ਼ਿੰਦੇ ਦਾ ਵੀ ਟੁੱਟ ਰਿਹਾ ਸੀ। ਪਰ ਉਹ ਸਿਰ ਉਪਰ ਪਿਆ ਵਕਤ ਦੇਖ ਕੇ ਚੁੱਪ
ਸੀ ਕਿ ਨਾਲ ਦੇ ਕੀ ਸੋਚਣਗੇ? ਉਹ ਕਦੇ ਦਾ ਕੱਚੀਆਂ ਪੱਕੀਆਂ ਜਿਹੀਆਂ ਉਬਾਸੀਆਂ ਲੈ
ਰਿਹਾ ਸੀ। ਅੱਖਾਂ 'ਚੋਂ ਪਾਣੀ ਵਰ੍ਹ ਰਿਹਾ ਸੀ।
ਉਹਨਾਂ
ਠੇਕੇ ਤੋਂ ਬੋਤਲ ਲੈ ਲਈ ਅਤੇ ਅਹਾਤੇ ਵਿਚ ਵੜ ਗਏ।
-"ਸ਼ਿੰਦਿਆ, ਜੋ ਹੋਣਾ ਸੀ, ਹੋ ਗਿਆ-ਦਿਲ ਨਾ ਛੱਡ-ਪ੍ਰਮਾਤਮਾ ਦੀ ਲੀਲਾ ਨਿਆਰੀ
ਐ-।" ਕਾਮਰੇਡ ਨੇ ਰੱਬ ਸੰਨ੍ਹ ਦੇ ਲਿਆ।
-"ਮੈਂ
ਯਾਰ ਇੰਦਰਾ ਹੋਰ ਸੋਚਦਾ ਸੀ।" ਸ਼ਿੰਦੇ ਨੇ ਗਿਲਾਸ ਭਰ ਕੇ ਅੰਦਰ ਸੁੱਟਿਆ। ਅੰਗਰੇਜ਼ੀ
ਸ਼ਰਾਬ ਦਾ ਲੰਡਾ ਪੈੱਗ ਦੁੱਖ ਵਾਂਗ ਹੀ ਕਾਲਜੇ ਵਿਚ ਲੀਕ ਪਾਉਂਦਾ ਥੱਲੇ ਉਤਰਿਆ ਸੀ।
ਸ਼ਰਾਬ ਦੀ ਗਰਮੀ ਨਾਲ ਉਸ ਦੇ ਮੱਥੇ 'ਤੇ ਪਸੀਨੇ ਦੀਆਂ ਬੂੰਦਾਂ ਫੁੱਟ ਪਈਆਂ ਸਨ।
-"ਕੀ-?" ਇੰਦਰ ਬੋਤਲ 'ਚ ਪੈੱਗ ਪਾਉਂਦਾ ਹੋਇਆ ਬੋਲਿਆ।
-"ਆਪਾਂ
ਕੱਲ੍ਹ ਨੂੰ ਕਰਮੇਂ ਨੂੰ ਬੁਲਾਓ ਲੁਧਿਆਣੇ ਤੋਂ।" ਉਹ ਉਬਲਿਆ ਆਂਡਾ ਚਿੱਥ ਰਿਹਾ ਸੀ।
ਆਂਡਾ ਜਿਵੇਂ ਉਸ ਦੇ ਮੂੰਹ ਅੰਦਰ ਫੁੱਲ ਜਿਹਾ ਗਿਆ ਸੀ। ਉਸ ਨੇ ਮਸਾਂ ਹੀ ਜ਼ੋਰ ਦੇ
ਕੇ ਉਗਾਲੀ ਅੰਦਰ ਲੰਘਾਈ ਸੀ। ਪਈ ਬਿਪਤਾ ਸਮੇਂ ਉਸ ਨੂੰ ਵੱਡਾ ਭਰਾ ਬਹੁਤ ਯਾਦ ਆ
ਰਿਹਾ ਸੀ। 'ਕੱਲੀ ਹੋਵੇ ਨਾ ਵਣਾਂ ਦੇ ਵਿਚ ਲੱਕੜੀ - ਕੱਲਾ ਨਾ ਹੋਵੇ ਪੁੱਤ ਜੱਟ
ਦਾ', ਵਾਲਾ ਸਿਆਣਿਆਂ ਦਾ ਕਿਹਾ ਤੱਥ ਉਸ ਨੂੰ ਬਿਲਕੁਲ ਸਹੀ-ਸਹੀ ਜਚ ਰਿਹਾ ਸੀ।
-"ਨਹੀਂ! ਹੈਂ ਬਈ! ਇਹਦੇ 'ਚ ਵੀ ਰਾਜ ਐ।" ਸਾਬਤਾ ਆਂਡਾ ਮੂੰਹ ਅੰਦਰ ਸੁੱਟ ਕੇ ਇੰਦਰ
ਬਲਦ ਵਾਂਗ ਉਗਾਲਾ ਜਿਹਾ ਕਰਨ ਲੱਗ ਪਿਆ। ਉਸ ਦੀ 'ਅਊਂ-ਅਊਂ' ਦੀ ਸ਼ਿੰਦੇ ਨੂੰ ਅੱਧੀ
ਕੁ ਹੀ ਸਮਝ ਪਈ ਸੀ।
-"ਹੁਣ
ਤਾਂ ਤੁਰੇ ਫਿਰਦੇ ਐਂ-ਜੇ ਉਹਨੂੰ ਪੁਲਸ ਨੇ ਚੱਕ ਲਿਆ-ਕਸੂਤੇ ਹੋਜਾਂਗੇ-ਇਤਲਾਹ
ਪਤਿਉਰਿਆਂ ਨੇ ਉਸੇ 'ਤੇ ਈ ਦਿੱਤੀ ਐ।" ਇੰਦਰ ਦੀ ਗੱਲ ਸ਼ਿੰਦੇ ਦੇ ਦਿਲ ਲੱਗੀ ਸੀ। ਉਹ
ਬੜੀ ਤੇਜ਼ੀ ਨਾਲ ਪੀ ਰਹੇ ਸਨ।
-"ਇੰਦਰਾ! ਬਾਈ ਦਾ ਘਰ ਉਜੜ ਗਿਆ!" ਸ਼ਿੰਦੇ ਨੇ ਧਾਹ ਮਾਰੀ। ਅਹਾਤੇ ਵਿਚ ਪੀ ਰਹੇ ਲੋਕ
ਇਕ ਦਮ ਇੱਧਰ ਨੂੰ ਝਾਕੇ ਸਨ। ਪਰ ਫਿਰ ਆਪਣੇ ਧੰਦੇ ਵਿਚ ਰੁੱਝ ਗਏ। ਜਿਵੇਂ ਉਹਨਾਂ ਲਈ
ਇਹ ਕੋਈ ਖ਼ਾਸ ਗੱਲ ਨਹੀਂ ਸੀ। ਕਿਉਂਕਿ ਲੋਕ ਸ਼ਰਾਬ ਪੀ ਕੇ ਐਵੇਂ ਹੀ ਰੋਣ ਲੱਗ
ਜਾਂਦੇ ਸਨ।
-"ਹੈਂ
ਬਈ! ਕਮਲ ਨ੍ਹੀ ਮਾਰੀਦਾ ਹੁੰਦਾ-ਚੱਕ ਪੀ ਚੱਲੀਏ।" ਜੜ੍ਹੀਂ ਲੱਗੀ ਬੋਤਲ 'ਚੋਂ ਇੰਦਰ
ਨੇ ਆਖਰੀ ਪੈੱਗ ਗਿਲਾਸਾਂ ਵਿਚ ਪਾ ਲਏ।
ਸ਼ਿੰਦਾ
ਦੱਬਿਆ ਘੁੱਟਿਆ ਜਿਹਾ ਰੋਈ ਜਾ ਰਿਹਾ ਸੀ। ਜਿਵੇਂ ਦਾਰੂ ਨੇ ਉਸ ਦੇ ਹੰਝੂਆਂ ਦਾ ਹੜ੍ਹ
ਖੋਲ੍ਹ ਦਿੱਤਾ ਸੀ।
-"ਚੱਕ,
ਫੇਰ ਲੇਟ ਹੋਈ ਜਾਨੇ ਐਂ!" ਇੰਦਰ ਨੇ ਗਿਲਾਸ ਉਸ ਦੇ ਹੱਥ ਫੜਾਇਆ।
-"ਬਾਈ
ਨੂੰ ਕੀ ਅਚੈ---?" ਇਕ ਸ਼ਰਾਬੀ ਜਿਹੇ 'ਖੁੰਢ' ਨੇ ਆ ਕੇ ਪੁੱਛਿਆ। ਸ਼ਾਇਦ ਉਹ
ਪਿਸ਼ਾਬ ਕਰਨ ਬਾਹਰ ਨੂੰ ਜਾ ਰਿਹਾ ਸੀ।
-"ਕੁਛ
ਨ੍ਹੀ-ਘਰ ਦੀ ਗੱਲ ਐ।" ਇੰਦਰ ਨੇ ਉਸ ਨੂੰ ਤੋੜਦਿਆਂ ਕਿਹਾ। ਉਸ ਦੀਆਂ ਅੱਖਾਂ ਵਿਚ
ਨਸ਼ਾ ਡੋਲ ਰਿਹਾ ਸੀ।
-"ਮਰਦ
ਨ੍ਹੀ ਰੋਂਦੇ ਹੁੰਦੇ-ਰੋਣਾ ਤਾਂ ਮਰਦਾਂ ਨੂੰ ਮਿਹਣੈਂ ਭੈੜ੍ਹਿਆ!" ਇਕ ਖੂੰਜੇ ਕੌਲੇ
ਕੋਲੇ ਖੜ੍ਹਾ, ਹਿਲਦਾ ਜਿਹਾ ਉਹ ਆਪਣਾ ਮਾਮਲਾ ਭੁਗਤਾ ਰਿਹਾ ਸੀ। ਉਹ ਬਾਹਰ ਆ ਗਏ।
-"ਦੇਖ
ਭੈਣ ਦੇਣੇਂ ਨੇ ਟੂਬੈਲ ਈ ਚਲਾਤਾ।" ਇੰਦਰ ਦਾ ਪੈਰ ਸ਼ਰਾਬੀ ਦੇ ਪਿਸ਼ਾਬ ਵਿਚ ਪੈ ਗਿਆ
ਸੀ। ਜੋ ਵਗਦਾ-ਵਗਦਾ ਸੜਕ ਤੱਕ ਆ ਗਿਆ ਸੀ। ਇੰਦਰ ਨੇ ਆਪਣੀ ਭਿੱਜੀ ਜੁੱਤੀ
'ਠੱਪ-ਠੱਪ' ਸੜਕ 'ਤੇ ਮਾਰੀ ਅਤੇ ਉਹ ਜੀਪ ਵਿਚ ਬੈਠ ਚੱਲ ਪਏ। ਸ਼ਿੰਦਾ ਰੋਂਦਾ-ਰੋਂਦਾ
ਹੱਸ ਪਿਆ ਸੀ। ਹਨ੍ਹੇਰਾ ਕਾਫ਼ੀ ਗੂਹੜ੍ਹਾ ਹੋ ਗਿਆ ਸੀ। ਸੜਕਾਂ ਤੋਂ ਭੀੜ੍ਹ ਘਟ ਗਈ
ਸੀ। ਪਰ ਸੀ ਆਰ ਪੀ ਗਸ਼ਤ ਉਤਨੀ ਹੀ ਸੀ। ਇਕ ਮੋੜ 'ਤੇ ਉਹਨਾਂ ਨੂੰ ਗਸ਼ਤੀ
ਪਾਰਟੀ ਨੇ ਹੱਥ ਦੇ ਕੇ ਰੋਕ ਲਿਆ। ਜੀਪ ਸਾਊ ਬਲਦ ਵਾਂਗ ਖੜ੍ਹ ਗਈ ਸੀ।
-"ਕਹਾਂ
ਸੇ ਆਏ ਹੋ?" ਸੀ ਆਰ ਪੀ ਦੇ ਜਵਾਨ ਨੇ ਗਹਿਰੀ ਨਜ਼ਰ ਨਾਲ ਜੀਪ ਅੰਦਰ ਝਾਕ ਕੇ
ਪੁੱਛਿਆ।
-"ਯਹਾਂ
ਸੇ ਹੀ।" ਇੰਦਰ ਨੇ ਜਵਾਬ ਦਿੱਤਾ।
-"ਯਹਾਂ
ਕਹਾਂ ਸੇ?"
-"ਨੀਲਮ
ਮੈਡੀਕਲ ਸਟੋਰ ਸੇ।"
-"ਕਿਸ
ਲੀਏ ਗਏ ਥੇ?"
-"ਹਮਾਰੀ ਭਾਬੀ ਕੀ ਮੌਤ ਹੋ ਗਈ-ਪੋਸਟ ਮਾਰਟਮ ਕਾ ਸਾਮਾਨ ਲੇ ਕੇ ਆਏ ਹੈਂ।"
ਪੰਜਾਬੀ-ਹਿੰਦੀ ਦੀ ਖਿਚੜੀ ਜਿਹੀ ਬਣਾ ਕੇ ਇੰਦਰ ਨੇ ਜਵਾਨ ਅੱਗੇ ਪੇਸ਼ ਕੀਤੀ।
-"ਕਹਾਂ
ਜਾ ਰਹੇ ਹੋ?" ਉਸ ਦੇ ਬੁੱਲ੍ਹ ਹੀ ਹਿੱਲਦੇ ਦਿਸਦੇ ਸਨ। ਡਰਾਉਣੀਆਂ ਜਿਹੀਆਂ ਅੱਖਾਂ
ਉਸ ਨੇ ਇੰਦਰ ਦੇ ਮੂੰਹ 'ਤੇ ਗੱਡ ਰੱਖੀਆਂ ਸਨ।
-"ਹਸਪਤਾਲ-।"
-"ਅੱਛਾ
ਜਾਈਏ!" ਉਸ ਨੇ ਉਹਨਾਂ ਦਾ ਜੂੜ ਖੋਲ੍ਹ ਦਿੱਤਾ। ਜੀਪ ਤੁਰ ਪਈ।
-"ਊਂ
ਤਾਂ ਲੋਕ ਜਿਹੜੇ ਦੁਖੀ ਐ-ਦੁਖੀ ਐ-ਐਹਨਾਂ ਨੇ ਵਾਧੂ ਤੰਗ ਕਰ ਰੱਖਿਐ।" ਸ਼ਿੰਦੇ ਨੇ
ਆਪਣੇ ਅੰਦਰੋਂ ਸੜਦੀ ਭੜ੍ਹਾਸ ਕੱਢੀ।
-"ਜੇ
ਪਤਾ ਲੱਗਜੇ ਬਈ ਪਤੰਦਰ ਫਲਾਨੇ ਥਾਂ ਬੈਠੇ ਐ-ਸਾਲੇ ਜਾਗਦੇ ਈ ਸੌਂ ਜਾਂਦੇ ਐ।"
-"ਸੌਂ
ਕੀ? ਅੰਦਰੇ ਈ ਮੋਕੋ ਮੋਕ ਹੋਈ ਜਾਣਗੇ ਬਈ ਕੋਈ ਰਾਕਟ ਲਾਂਚਰ ਨਾ ਆ ਡਿੱਗੇ ਚੌਂਕੀ
'ਤੇ-ਤੇ ਨਿਹੱਕਿਆਂ ਨੂੰ ਕੁੱਕੜਾਂ ਆਲੀਆਂ ਤਾੜਾਂ।"
-"ਲੈ
ਇਕ ਹੋਰ ਗੱਲ ਤੈਨੂੰ ਸੁਣਾਵਾਂ-ਯਾਦ ਆ ਗਈ-।" ਮੋੜ ਕੱਟਦੇ ਇੰਦਰ ਨੇ ਬਰਾਬਰ ਬੈਠੇ
ਸ਼ਿੰਦੇ ਦੇ ਪੱਟ 'ਤੇ ਹੱਥ ਮਾਰਿਆ, "ਆਹ ਮਹੀਨਾ ਕੁ ਹੋ ਗਿਆ-ਸ਼ਾਹਪੁਰ ਦਾ ਅਮਲੀ ਠਾਣੇ
ਜਾ ਵੜਿਆ-ਕਹਿੰਦਾ ਮੈਨੂੰ ਠਾਣੇਦਾਰ ਮਿਲਾਓ-ਅਖੇ ਜੀ ਬਾਹਲੀ ਵੱਡੀ ਗੱਲ ਐ-ਸਿਰਫ਼
ਠਾਣੇਦਾਰ ਨੂੰ ਦੱਸਣ ਆਲੀ ਐ-ਹੈਂ ਬਈ! ਪੁਲਸ ਆਲਿਆਂ ਨੇ ਬਥੇਰ੍ਹਾ ਕਿਹਾ ਬਈ ਸਾਨੂੰ
ਦੱਸ ਦੇ-ਠਾਣੇਦਾਰ ਤਾਂ ਘੰਟੇ ਨੂੰ ਆਊ-ਅਮਲੀ ਜੀ ਆਕੜ ਗਿਆ-ਕਹਿੰਦਾ ਮੈਂ ਘੰਟਾ ਉਡੀਕ
ਲੈਨੈਂ-ਪੁਲਸ ਆਲਿਆਂ ਨੇ ਭਾਈ ਉਹਨੂੰ ਬੈਂਚ 'ਤੇ ਬਿਠਾਤਾ-ਅਮਲੀ ਦੀ ਵੀ ਹਿੰਡ
ਭੈੜ੍ਹੀ-ਉਹ ਇੱਕੋ ਗੱਲ 'ਤੇ ਈ ਅੜਿਆ ਰਿਹਾ ਕਿ ਗੱਲ ਸਿਰਫ਼ ਠਾਣੇਦਾਰ ਨੂੰ ਈ ਦੱਸਣ
ਆਲੀ ਐ-ਤੇ ਭਾਈ ਘੰਟੇ ਕੁ ਬਾਅਦ ਠਾਣੇਦਾਰ ਵੀ ਆ ਗਿਆ-ਜਦੋਂ ਮੁਣਸ਼ੀ ਨੇ ਠਾਣੇਦਾਰ
ਨੂੰ ਦੱਸਿਆ ਤਾਂ ਅਮਲੀ ਨੂੰ ਦਫ਼ਤਰ ਸੱਦ ਲਿਆ-ਪੰਜ ਛੇ ਪੁਲਸ ਆਲੇ ਭਾਈ ਅਮਲੀ ਦੇ
ਦੁਆਲੇ ਹੈਰਾਨ ਜਿਹੇ ਹੋਏ ਖੜ੍ਹੇ-ਬਈ ਪਤਾ ਨ੍ਹੀ ਕੀ ਸੱਪ ਕੱਢੂ? ਤੇ ਜਦੋਂ ਠਾਣੇਦਾਰ
ਨੇ ਪੁੱਛਿਆ, ਹਾਂ ਬਈ ਕੀ ਗੱਲ ਐ? ਤਾਂ ਅਮਲੀ ਬਣਾ ਸੁਆਰ ਕੇ ਕਹਿੰਦਾ, ਜੀ ਫ਼ਲਾਨਾ
ਸਿੰਘ ਖ਼ਾੜਕੂ ਮੈਂ ਟੈਂਪੂ 'ਚ ਬੈਠਾ ਸਾਡੇ ਪਿੰਡ ਵੱਲ ਜਾਂਦਾ ਦੇਖਿਐ-ਤੇ ਉਹਦੇ ਸਿਰ
ਦਾ ਇਨਾਮ ਪੰਜਾਹ ਹਜਾਰ ਰੁਪਏ ਐ-ਕਹਿੰਦਾ ਮੈਨੂੰ ਪੰਜਾਹ ਹਜਾਰ ਦਿਓ ਤੇ ਖਾੜਕੂ
ਫੜੋ-ਚਾਰ ਦਿਨ ਫ਼ੀਮ ਦਾ ਕੰਮ ਤਾਂ ਸੋਹਣਾ ਚਲਾਈਏ-ਅਮਲੀ ਨੇ ਤਾਂ ਬੜੇ ਮਾਣ ਨਾਲ
ਕਿਹਾ-ਤੇ ਭਾਈ ਪੁਲਸ ਆਲੇ ਤਾਂ ਉਸ ਨੂੰ ਕੁੱਟਣ ਲੱਗਪੇ-ਅਮਲੀ ਦਾ ਕੁੱਟ-ਕੁੱਟ ਕੇ
ਬਣਾਤਾ ਪੁਲਸ ਆਲਿਆਂ ਨੇ ਮੋਰ-ਤੇ ਭਾਈ ਅਮਲੀ ਤਾਂ ਲੱਗ ਪਿਆ ਲੇਰਾਂ ਮਾਰਨ-ਨਾਲੇ ਉਹ
ਪੁੱਛੀ ਜਾਵੇ ਬਈ ਮੈਨੂੰ ਤਾਂ ਇਨਾਮ ਦੇਣਾ ਸੀ-ਤੁਸੀਂ ਕੁੱਟਣ ਕਿਉਂ ਲੱਗਪੇ? ਤੇ
ਮੁਣਸ਼ੀ ਕਹਿੰਦਾ, ਮੇਰਿਆ ਸਾਲਿਆ! ਅਸੀਂ ਤਾਂ ਤੇਰੇ ਪਿਉ ਨੂੰ ਮਸਾਂ ਮਿੰਨਤਾਂ ਕਰ ਕੇ
ਟੈਂਪੂ 'ਚ ਬਿਠਾ ਕੇ, ਦਫ਼ਾ ਕਰ ਕੇ ਆਏ ਐਂ ਬਈ ਸਾਡੇ ਇਲਾਕੇ 'ਚ ਕੋਈ ਵਾਰਦਾਤ ਨਾ
ਕਰਦੇ-ਤੇ ਤੂੰ ਉਹਦੀਆਂ ਖ਼ਬਰਾਂ ਲੈ ਲੈ ਆਉਨੈਂ ਤੇ ਭਾਲਦੈਂ ਸੌਂਖੇ-ਮੁਣਸ਼ੀ ਨੇ ਭਾਈ
ਫੇਰ ਭੰਨਿਆਂ-ਫੇਰ ਭਾਈ ਮਸਾਂ ਈ ਵੀਹ ਪੰਜਾਹ ਦੇ ਕੇ ਛੁੱਟਿਆ-ਜਿਹੜੇ ਉਹਦੀ ਜੇਬ 'ਚ
ਸੀਗੇ-ਮਿੰਨਤਾਂ ਵਾਧੂ ਦੀਆਂ ਕੀਤੀਆਂ ਤੇ ਕੁੱਟ ਨਫ਼ੇ 'ਚ ਖਾਧੀ-ਆਹ ਗੱਲਾਂ ਤੇ ਆਹ
ਬਾਤਾਂ ਇਹਨਾਂ ਦੀਆਂ ਤਾਂ-।"
-"ਕਰਦੇ
ਤਾਂ ਇਉਂ ਈ ਐ।" ਸ਼ਿੰਦੇ ਨੂੰ ਗ਼ਮ 'ਚ ਵੀ ਹਾਸਾ ਆ ਰਿਹਾ ਸੀ। ਪਰ ਉਹ ਚੁੱਪ ਸੀ। ਜੀਪ
ਵਿਚ ਬੈਠਾ ਉਹ ਸਿੱਧਾ ਹੀ ਝਾਕ ਰਿਹਾ ਸੀ। ਗੱਲਾਂ ਬਾਤਾਂ ਕਰਦੇ ਉਹ ਹਸਪਤਾਲ ਪਹੁੰਚ
ਗਏ। ਲਿਆਂਦਾ ਸਮਾਨ ਉਹਨਾਂ ਨੇ ਕੰਪਾਊਡਰ ਨੂੰ ਜਾ ਫੜਾਇਆ।
-"ਡਾਕਟਰ ਸਾਹਿਬ ਤਾਂ ਜੀ ਚਲੇ ਗਏ!" ਸਮਾਨ ਫੜਦਾ ਕੰਪਾਊਡਰ ਬਿੰਡੇ ਵਾਂਗ ਟਿਆਂਕਿਆ।
ਉਸ ਦੀ ਤਿੱਖੀ ਜਿਹੀ ਅਵਾਜ਼ ਕਿਸੇ ਅੱਲੜ੍ਹ ਖੁਸਰੇ ਵਰਗੀ ਸੀ। ਉਸ ਦੀਆਂ ਖਚਰੀਆਂ
ਅੱਖਾਂ ਵਿਚ ਸ਼ਰਾਰਤ ਝਲਕਦੀ ਸੀ।
-"ਕਦੋਂ?" ਦੋਨਾਂ ਦੇ ਹਰਾਸ ਮਾਰੇ ਗਏ।
-"ਉਹਨਾਂ ਨੂੰ ਤਾਂ ਘੰਟੇ ਤੋਂ ਵੀ ਉਪਰ ਹੋ ਗਿਆ!"
ਉਹ
ਨਿਰੁੱਤਰ ਸਨ।
-"ਘਰੇ
ਸਾਲੀ ਆਈ ਵੀ ਐ ਮਾਲਕੋ-ਕੋਈ ਮਾੜੀ ਮੋਟੀ ਗੱਲ ਨ੍ਹੀ! ਸਾਲੀ ਦੇ ਨਾਂ ਨੂੰ ਤਾਂ ਬਾਂਦਰ
ਵੀ ਕੱਛਾਂ ਮਾਰਨ ਲੱਗ ਪੈਂਦੈ-ਉਹ ਤਾਂ ਫੇਰ ਵੀ ਬੰਦੈ।" ਕੰਪਾਊਡਰ ਮੇਜ਼ 'ਤੇ ਸਮਾਨ
ਚਿਣਦਾ ਕਹਿ ਰਿਹਾ ਸੀ। ਉਹਨਾਂ ਨੂੰ ਇਉਂ ਜਾਪਿਆ ਜਿਵੇਂ ਕੰਪਾਊਡਰ ਸਮਾਨ ਨਹੀਂ, ਕਿਸੇ
ਮੜ੍ਹੀ ਦੀਆਂ ਇੱਟਾਂ ਚਿਣ ਰਿਹਾ ਸੀ।
-"ਆਊ
ਕਿੰਨ੍ਹੇ ਕੁ ਵਜੇ?" ਇੰਦਰ ਜਿਵੇਂ ਬੂਥ ਪਰਨੇ ਅਸਮਾਨੋਂ ਧਰਤੀ 'ਤੇ ਆ ਡਿੱਗਿਆ ਸੀ।
-"ਹੁਣ
ਤਾਂ ਸਵੇਰੇ ਅੱਠ ਵਜੇ ਈ ਦਰਸ਼ਣ ਦੇਣਗੇ।" ਉਹ ਫ਼ੂਕ ਨਿਕਲੇ ਟਾਇਰ ਵਾਂਗ ਬੈਂਚ 'ਤੇ
ਬੈਠ ਗਏ। ਉਹਨਾਂ ਅੰਦਰ ਜਿਵੇਂ ਕੁਝ ਧੁਖ ਰਿਹਾ ਸੀ।
-"ਇੱਥੇ
ਬੈਠਣ ਦੀ ਇਜਾਜ਼ਤ ਨਹੀਂ-ਬਾਹਰ ਬੈਠੀਏ---!" ਇਕ ਠਿੱਬੜ ਜਿਹੀ ਨਰਸ ਅੰਦਰ ਆਈ ਅਤੇ
ਕਹਿ ਕੇ ਤੇਜ਼ੀ ਨਾਲ ਬਾਹਰ ਨਿਕਲ ਗਈ।
ਇੰਦਰ
ਅਤੇ ਸ਼ਿੰਦਾ ਹੈਰਾਨ ਸਨ। ਉਹਨਾਂ ਨਾਲ ਇਹ ਕੀ ਵਾਪਰ ਰਿਹਾ ਸੀ? ਸ਼ਾਇਦ ਉਹਨਾਂ ਦੀ ਸਮਝ
ਤੋਂ ਬਾਹਰ ਸੀ। ਖ਼ੈਰ! ਕਿਸੇ ਮਗਜ਼ਮਾਰੀ ਤੋਂ ਪਹਿਲਾਂ ਉਹ ਬਾਹਰ ਨਿਕਲ ਕੇ ਵਰਾਂਡੇ
ਵਿਚ ਖੜ੍ਹ ਗਏ।
-"ਕਿਹੜਾ ਪਿੰਡ ਐ ਮਾਲਕੋ?" ਕੰਪਾਊਡਰ ਉਹਨਾਂ ਕੋਲ ਬਾਹਰ ਆ ਗਿਆ।
-"ਪੰਜਗਰਾਂਈਂ।"
-"ਲੈ-ਫੇਰ ਤਾਂ ਆਪਾਂ ਗੁਆਂਢੀ ਨਿਕਲੇ!" ਉਹ ਤਾੜੀ ਮਾਰ ਕੇ ਹੱਸਿਆ ਸੀ। ਉਸ ਦੀਆਂ
ਖਚਰੀਆਂ ਅੱਖਾਂ ਇਕ ਦਮ ਮਿਚ ਗਈਆਂ ਸਨ।
-"ਹੈਂ
ਬਈ! ਇਹ ਕੀ ਕਰੀ ਜਾਂਦੇ ਐ? ਸਾਲੀ ਸਮਝ ਨਹੀਂ ਆਉਂਦੀ!" ਇੰਦਰ ਬੇਹੱਦ ਮਾਯੂਸੀ ਵਿਚ
ਸਿਰ ਫੇਰਿਆ।
-"ਮਾਲਕੋ ਤੁਸੀਂ ਐਂ ਮੇਰੇ ਗੁਆਂਢੀ-ਥੋਨੂੰ ਮੈਂ ਇਕ ਰੈਅ ਦੇਵਾਂ?" ਕੋਡਾ ਜਿਹਾ ਹੋ
ਕੇ ਕੰਪਾਊਡਰ ਨੇ ਉਹਨਾਂ ਦੇ ਚਿਹਰੇ ਦੀ ਜਾਂਚ ਕੀਤੀ। ਤਿਰਮਚੀ ਵਰਗੀਆਂ ਅੱਖਾਂ ਉਸ ਨੇ
ਸਾਰੀਆਂ ਹੀ ਖੋਲ੍ਹ ਲਈਆਂ ਸਨ।
-"ਦੱਸ-?" ਇੰਦਰ ਨੇ ਬਾਂਹਾਂ ਦੇ ਕੁੰਢ ਪਿੱਛੇ ਅੜਾ ਲਏ।
-"ਤੁਸੀਂ ਵੀ ਪੇਂਡੂ ਐਂ ਤੇ ਮੈਂ ਵੀ ਪੇਂਡੂ-ਸੌ ਹੱਥ ਰੱਸਾ ਕਹਿੰਦੇ, ਸਿਰੇ 'ਤੇ
ਗੰਢ! ਪੈਸੇ ਬਿਨਾ ਤਾਂ ਡਾਕਟਰ ਰੱਬ ਨੂੰ ਮੱਥਾ ਨ੍ਹੀ ਟੇਕਦਾ-ਇਥੇ ਤਾਂ ਮਾਲਕੋ ਕੁੱਤੀ
ਚੋਰਾਂ ਨਾਲ ਰਲੀ ਹੋਈ ਐ-ਹੱਡ ਦਿਓ ਮੂੰਹ 'ਚ ਤੇ ਪੋਸਟ ਮਾਰਟਮ ਲਓ ਮਿੰਟਾਂ ਵਿਚ
ਹੋਇਆ-ਇਥੇ ਤਾਂ ਸਾਰੀਆਂ ਇੱਕੋ ਵਾੜੇ ਦੀਆਂ ਭੇਡਾਂ 'ਕੱਠੀਆਂ ਹੋਈਆਂ ਵੀਐਂ-ਸਾਰਾ
ਸਟਾਫ਼ ਈ ਉਸੇ ਦੀ ਪੈੜ 'ਚ ਪੈਰ ਰੱਖਦੈ-ਆਹ ਜਿਹੜੀ ਧੱਤਲ ਜਿਹੀ ਨਰਸ ਹੁਣੇ ਅੰਦਰ ਆਈ
ਸੀ-ਇਹ ਵੀ ਟੰਗਾਂ ਓਸੇ ਤੋਂ ਈ ਚੁਕਵਾਉਂਦੀ ਐ-ਹਾਥੀ ਦੀ ਪੈੜ 'ਚ ਮਾਲਕੋ ਹਰ ਦੀ ਪੈੜ
ਹੁੰਦੀ ਐ-ਮੈਥੋਂ ਕਿਉਂ ਬਾਹਲਾ ਅਖਵਾਉਂਦੇ ਓ-ਪਰ ਮੇਰਾ ਨਾਂ ਨਾ ਲਇਓ-ਦੇਖਿਓ ਰੱਬ ਦੇ
ਵਾਸਤੇ ਮੇਰੀ ਟਿੰਡ ਫ਼ੌਹੜ੍ਹੀ 'ਕੱਠੀ ਹੁੰਦੀ ਫਿਰੇ-।" ਕੰਪਾਊਡਰ ਜਿਵੇਂ ਅੰਨ੍ਹੇ
ਨੂੰ ਰਾਹ ਦੱਸ ਰਿਹਾ ਸੀ।
ਗੱਲ
ਦੋਨਾਂ ਦੇ ਜ਼ਿਹਨ ਵਿਚ ਘਰ ਕਰ ਗਈ ਸੀ।
-"ਇੱਥੇ
ਕਿਸੇ ਨੇ ਪੋਸਟ ਮਾਰਟਮ ਨਹੀਂ ਕਰਨਾ-ਜਿੰਨਾਂ ਚਿਰ 'ਥੇਲੀ ਗਰਮ ਨ੍ਹੀ ਹੁੰਦੀ-ਲਾਅਸ਼ਾਂ
ਚਾਹੇ ਪਈਆਂ ਸੜ ਜਾਣ।" ਵੈਸੇ ਇਹ ਕੰਪਾਊਡਰ ਮਾੜਾ ਨਹੀਂ ਸੀ। ਰੱਬ ਤੋਂ ਡਰਨ ਵਾਲਾ
ਬੰਦਾ ਸੀ। ਉਹ ਉਹਨਾਂ ਨੂੰ ਕੌੜਾ ਸੱਚ ਦੱਸ ਰਿਹਾ ਸੀ।
-"ਫਸਿਆਂ ਤਾਂ ਮਾਰ ਖਾਣੀ ਪਊ।" ਕਾਮਰੇਡ ਇੰਦਰ ਜਿਵੇਂ ਪਰ੍ਹੇ ਵਿਚ ਹਾਰ ਗਿਆ ਸੀ।
ਰਿਸ਼ਵਤ, ਲੈਣ-ਦੇਣ ਦੇ ਖ਼ਿਲਾਫ਼ ਲੜਦਾ ਆ ਰਿਹਾ ਜਿਵੇਂ ਉਹ ਸਮੁੰਦਰ ਵਿਚ ਡਿੱਗ ਪਿਆ
ਸੀ। ਮਜ਼ਬੂਰੀ ਦਾ ਨਾਂ 'ਮਾਸੀ' ਸੀ! ਇਤਨੀ ਜਲਦੀ ਉਹ ਕੋਈ ਹਰਕਤ ਵਿਚ ਵੀ ਨਹੀਂ ਆ
ਸਕਦੇ ਸਨ। ਮੌਤਾਂ ਹੋਈਆਂ ਨੂੰ ਸੋਲਾਂ ਘੰਟੇ ਤੋਂ ਉਪਰ ਸਮਾਂ ਗੁਜ਼ਰ ਚੁੱਕਿਆ ਸੀ।
ਇੰਦਰ ਫ਼ੱਟੜ ਪੰਛੀ ਵਾਂਗ ਤੜਪ ਉਠਿਆ ਸੀ। ਸ਼ਿੰਦਾ ਖ਼ਾਮੋਸ਼ ਸੁਣ ਰਿਹਾ ਸੀ।
-"ਹੁਣ
ਜਮਾਂ ਈ ਨਹੀਂ ਆਉਂਦਾ?" ਇੰਦਰ ਨੇ ਪੁੱਛਿਆ।
-"ਰਾਮ
ਰਾਮ ਕਰੋ ਮਾਲਕੋ! ਅੱਜ ਤਾਂ ਭਾਵੇਂ ਧਰਮਰਾਜ ਆਜੇ-ਤਾਂ ਨ੍ਹੀ ਆਉਂਦਾ-ਸਾਲੀ ਦੇ
ਸਾਹਮਣੇ ਬਾਘੀਆਂ ਪਾਉਂਦਾ ਹੋਊ-ਅੱਬਲ ਤਾਂ ਜੇ ਲੋਟ ਲੱਗ ਗਿਆ ਤਾਂ ਸਾਲਾ ਬਾਂਗੂ
ਉਹਨੂੰ।" ਕੰਪਾਊਡਰ ਗੱਲ 'ਚੋਂ ਸੁਆਦ ਲੈ ਗਿਆ।
-"ਹੈ
ਬਈ! ਉਹਦੇ ਘਰਆਲੀ ਨੀ ਕੁਛ ਕਹਿੰਦੀ ਉਹਨੂੰ?"
-"ਮਾਲਕੋ! ਘਰਆਲੀ ਕਿਹੜਾ ਸਤਬੰਤੀ ਐ? ਸਾਲੀ ਚਗਲ ਉਹ ਐ! ਇਕ ਆਰੀ ਘਰ ਦੇ ਨੌਕਰ ਨਾਲ
ਈ ਫੜੀ ਗਈ-ਬੀਹ ਸਿਆਪੇ ਸਾਲੇ! ਤੇ ਮਾਲਕੋ ਮਾਲਕ ਨੇ ਨੌਕਰ ਨੂੰ ਘਰੋਂ ਕੱਢ-ਤੀਮੀ
ਕੁੱਟ!"
-"ਤੇ
ਇਹਦੇ ਘਰਆਲੀ ਨੂੰ ਨਰਸਾਂ ਬਾਰੇ ਨੀ ਪਤਾ?"
-"ਸਭ
ਪਤੈ ਮਾਲਕੋ! ਭੁੱਲੀ ਉਹ ਕੁਛ ਨ੍ਹੀ-ਇਕ ਆਰੀ ਕੰਜਰ ਦੇ ਨੇ ਆਹ ਧੱਤਲ ਜੀ ਨੂੰ ਢਿੱਡ
ਕਰਤਾ-ਜਦੋਂ ਪਤਾ ਲੱਗਿਆ-ਡਾਕਟਰ ਨੂੰ ਜਲਦੀ ਬੁਲਾਇਆ ਗਿਆ ਬਈ ਸੀਰੀਅਸ ਕੇਸ ਐ-ਜਲਦੀ
ਆਓ! ਫੇਰ ਭਾਈ ਡਾਕਟਰ ਆਇਆ-ਸਾਰੀ ਰਾਤ ਖੌਝਦੇ ਰਹੇ-ਫੇਰ ਜਾ ਕੇ ਜੁਆਕ ਕੱਢਿਆ-ਸਾਲੀ
ਦੇ ਦੋ ਤਿੰਨ ਟੀਕੇ ਤਾਂ ਉਹ ਲਾਏ ਜਿਹੜੇ ਮੱਝਾਂ ਦੇ ਦੁੱਧ ਉਤਾਰਨ ਲਈ ਲਾਈਦੇ ਐ-ਮਾੜੀ
ਮੋਟੀ ਦੁਆਈ ਤਾਂ ਇਹਦੇ 'ਤੇ ਊਂ ਈਂ ਅਸਰ ਨ੍ਹੀ ਕਰਦੀ-ਜੇ ਇਹਨੂੰ ਕੁੜੀ ਚੋਦ ਦੀ ਨੂੰ
ਮਲੇਰੀਆ ਹੋਜੇ-'ਕੱਠੀਆਂ ਦਸ ਗੋਲੀਆਂ ਕੁਨੀਨ ਦੀਆਂ ਅਸਰ ਕਰਦੀਐਂ-ਅੱਬਲ ਤਾਂ ਫ਼ਾਈਵ
ਸੀ ਸੀ ਦਾ ਟੀਕਾ ਲਾਉਣਾ ਪੈਂਦੈ।"
-"ਤੇ
ਸਾਲੀ-?" ਇੰਦਰ ਬੋਲਣ ਲੱਗਿਆ ਹੀ ਸੀ ਕਿ ਕੰਪਾਊਡਰ ਨੇ ਗੱਲ ਫਿਰ ਖੋਹ ਲਈ।
-"ਸਾਲੀ
ਤਾਂ ਮਾਲਕੋ ਅੱਗ ਐ ਅੱਗ! ਘਰਆਲਾ ਬਿੱਜੂ ਜਿਆ ਬਿਹਾਰ 'ਚ ਰਹਿੰਦੈ-ਠੇਕੇਦਾਰੀ
ਕਰਦੈ-ਸਾਲ ਛੇ ਮਹੀਨਿਆਂ ਬਾਅਦ ਈ ਆਉਂਦੈ-ਤੇ ਇਹ ਸਾਲੀ ਪੱਠ ਜੀ ਐਥੇ ਈ ਗੇੜਾ ਰੱਖਦੀ
ਐ-ਠੋਕੂ ਜਿਉਂ ਐਥੋਂ ਲੱਗਦੈ! ਸੱਸ ਨੂੰ ਬਹਾਨਾ ਮਾਰ ਕੇ ਐਥੇ ਆ ਜਾਂਦੀ ਐ-ਅਖੇ ਮੈਂ
ਜੀਜਾ ਜੀ ਤੋਂ ਦੁਆਈ ਲੈਣ ਚੱਲੀ ਐਂ-ਜਿਵੇਂ ਦਿੱਲੀ ਦੇ ਸਾਰੇ ਡਾਕਟਰ ਮਰਗੇ ਹੁੰਦੇ
ਐ-ਐਥੇ ਦਫ਼ਤਰ 'ਚ ਕਦੇ ਕਦੇ ਆ ਜਾਂਦੀ ਐ-ਕਹੂ ਮੈਨੂੰ ਤਾਂ 'ਰਾਮ ਈ ਜੀਜਾ ਜੀ ਤੋਂ
ਆਉਂਦੈ! ਸਭ ਨੂੰ ਈ ਪਤੈ ਬਈ ਜੀਜਾ ਜੀ ਕੀ ਇਹਨੂੰ ਬਨਕਸ਼ਾਂ ਉਬਾਲ ਕੇ ਪਿਆਉਂਦੈ-ਜਦੋਂ
ਸਾਲੀ ਆ ਜਦੀ ਐ ਤਾਂ ਆਹ ਧੱਤਲ ਜੀ ਮੱਚੀ ਰਹਿੰਦੀ ਐ-ਕਰੀਏ ਤਾਂ ਦੱਸੋ ਕੀ ਕਰੀਏ?"
ਦੋਵਾਂ ਪਾਸਿਆਂ ਦੀ ਮਾਰ ਖਾ ਖਾ ਕੇ ਕੰਪਾਊਡਰ ਜਿਵੇਂ ਸੂਤਿਆ ਪਿਆ ਸੀ।
-"ਹੁਣ
ਸਾਨੂੰ ਕਿਹੜੇ ਖੂਹ 'ਚ ਸਿੱਟੇਂਗਾ?" ਇੰਦਰ ਨੇ ਆਖਰੀ ਸੁਆਲ ਪੁੱਛਿਆ। ਘਣ ਵਰਗੀ ਰਾਤ
ਉਹਨਾਂ ਅੱਗੇ ਅਜੇ ਬਾਕੀ ਸੀ।
-"ਆਹ
ਨਾਲ ਪਰ੍ਹੇ ਜਾ ਕੇ ਢਾਬਾ ਐ-ਤੁਸੀਂ ਰੋਟੀ ਖਾ ਆਓ ਤੇ ਜੀਪ 'ਚ ਈ ਪੈ ਜਾਇਓ-ਕੰਬਲਾਂ
ਦਾ ਪ੍ਰਬੰਧ ਥੋਨੂੰ ਮੈਂ ਕਰਦੂੰਗਾ।" ਉਸ ਨੇ ਆਖਿਆ।
-"ਰਾਜੂ---!" ਅੰਦਰੋਂ ਉਸ ਨਰਸ ਦੀ ਅਵਾਜ਼ ਆਈ।
-"ਆਇਆ
ਮਾਲਕੋ---!" ਉਸ ਨੇ ਉਚੀ ਸਾਰੀ ਕਿਹਾ।
-"ਇਹੀ
ਨ੍ਹੀ ਲੋਟ ਆਉਂਦੀ-ਭੈਣ ਦਾ ਮਣਕਾ ਈ ਯ੍ਹਾਵੀ!" ਇੰਦਰ ਹੁਰਾਂ ਕੋਲ ਖੜ੍ਹਾ ਉਹ ਗਾਲ੍ਹ
ਕੱਢ ਕੇ ਅੰਦਰ ਚਲਾ ਗਿਆ।
ਇੰਦਰ
ਹੁਰੀਂ ਢਾਬੇ ਨੂੰ ਤੁਰ ਪਏ।
ਹਸਪਤਾਲ
ਦਾ ਵੱਡਾ ਦਰਵਾਜਾ ਬੰਦ ਹੋ ਚੁੱਕਾ ਸੀ। ਸਿਰਫ਼ ਨਾਲ ਦੀ ਦਰਵਾਜੀ ਜਿਹੀ ਹੀ ਖੁੱਲ੍ਹੀ
ਸੀ। ਜਿੱਥੇ ਚੌਕੀਦਾਰ ਬੈਠਾ ਸੀ। ਉਹ ਚੌਕੀਦਾਰ ਨੂੰ ਵਾਪਿਸ ਆਉਣ ਬਾਰੇ ਜਾਣੂੰ ਕਰਵਾ
ਕੇ ਬਾਹਰ ਨਿਕਲ ਗਏ। ਰਾਤ ਦੇ ਗਿਆਰ੍ਹਾਂ ਵੱਜ ਚੁੱਕੇ ਸਨ। ਜਹਾਨ ਟਿਕ ਗਿਆ ਸੀ।
ਦੁਨੀਆਂ ਸੁਪਨਿਆਂ 'ਚ ਗੁਆਚੀ ਹੋਈ ਸੀ। ਸੜਕ 'ਤੇ ਕੋਈ ਟਾਵਾਂ ਟਾਵਾਂ ਰਿਕਸ਼ਾ ਲੰਘਦਾ
ਸੀ। ਗਰਮੀ ਕੁਝ ਘਟ ਗਈ ਸੀ। ਪਰ ਮੱਛਰ ਆਪਣੀਆਂ ਫ਼ਲਾਈਟਾਂ ਲੈ ਚੁੱਕਾ ਸੀ। ਅਸਮਾਨ
ਵਿਚ ਤਾਰੇ ਖਿੱਲਾਂ ਵਾਂਗ ਖਿੜੇ ਪਏ ਸਨ। ਕਾਲੇ ਅਸਮਾਨ ਦੀ ਬੁੱਕਲ ਵਿਚ ਵੜੇ, ਕਿਸੇ
ਬੱਚੇ ਵਾਂਗ ਹੱਸ ਰਹੇ ਸਨ। ਟਿਊਬਾਂ ਦਾ ਦੁਧੀਆ ਚਾਨਣ ਸੜਕਾਂ ਦੀ ਪਿੱਠ ਧੋ ਰਿਹਾ ਸੀ।
ਜਦ ਉਹ
ਢਾਬੇ 'ਤੇ ਪਹੁੰਚੇ ਤਾਂ ਢਾਬਾ ਬੰਦ ਹੋ ਚੁੱਕਾ ਸੀ। ਢਾਬੇ ਦਾ ਸ਼ਟਰ ਉਹਨਾਂ ਨੂੰ
ਚਿਤੌੜਗੜ੍ਹ ਦੇ ਕਿਲ੍ਹੇ ਵਾਂਗ ਅੰਗੂਠੇ ਦਿਖਾ ਰਿਹਾ ਸੀ। ਠੰਢਾ ਹੋਇਆ ਤੰਦੂਰ ਉਹਨਾਂ
ਨੂੰ ਜਿਵੇਂ ਮਛਕਰੀਆਂ ਕਰਦਾ ਲੱਗਦਾ ਸੀ। ਉਹ ਨਿਰਾਸ਼ ਜਿਹੇ ਹੋ ਗਏ।
-"ਜਦੋਂ
ਕਹਿੰਦੇ ਐ ਬੰਦੇ 'ਤੇ ਬਖਤ ਪੈਂਦੈ-ਉਦੋਂ ਸੁੱਬੀ ਵੀ ਸੱਪ ਬਣ ਜਾਂਦੀ ਐ।" ਸ਼ਿੰਦੇ ਨੇ
ਕਿਹਾ। ਭੁੱਖ ਨਾਲ ਉਸ ਦੀਆਂ ਕੋਕੜਾਂ ਹੋਈਆਂ ਪਈਆਂ ਸਨ। ਅੰਗਰੇਜ਼ੀ ਸ਼ਰਾਬ ਉਸ ਦੇ
ਖਾਲੀ ਪੇਟ ਨੂੰ ਰੰਬੇ ਵਾਂਗ ਖੁਰਚ ਰਹੀ ਸੀ। ਇਕ ਉਹਨਾਂ ਨੇ ਪਿਛਲੀ ਰਾਤ ਦਾ ਖਾਣਾ
ਖਾਧਾ ਹੋਇਆ ਸੀ।
-"ਢੇਰੀ
ਨਾ ਢਾਹ ਯਾਰ-ਸਾਲੀ ਭੁੱਖ ਵੀ ਕੋਈ ਚੀਜ ਐ?" ਹਵਾਲਾਤਾਂ ਵਿਚ ਰਾਤਾਂ ਕੱਟਦਾ ਆਇਆ
ਇੰਦਰ ਪੱਕ ਚੁੱਕਾ ਸੀ। ਹਵਾਲਾਤ ਵਿਚ ਕਿਹੜਾ ਬੇਬੇ ਬੈਠੀ ਹੁੰਦੀ ਐ? ਬਈ ਜਿਸ ਨੇ
ਕਹਿਣਾ ਹੁੰਦੈ, "ਰੋਟੀ ਖਾ ਲੈ ਪੁੱਤ-ਪੱਕੀ ਪਈ ਐ।" ਉਥੇ ਤਾਂ ਸਿਪਾਹੀਆਂ, ਸੰਤਰੀਆਂ
ਦੀਆਂ ਗਾਲ੍ਹਾਂ ਅਤੇ ਠੁੱਡ ਹੀ ਖਾਣ ਨੂੰ ਮਿਲਦੇ ਹਨ।
ਉਹ
ਨਿਰਾਸ਼ ਹੋਏ ਹਸਪਤਾਲ ਵਾਪਿਸ ਪਰਤ ਆਏ।
ਕੰਪਾਊਡਰ ਨੇ ਦੋ ਕੰਬਲ ਜੀਪ ਵਿਚ ਰੱਖੇ ਹੋਏ ਸਨ। ਉਹਨਾਂ ਨੇ ਕੰਬਲ ਸਿੱਧੇ ਕੀਤੇ ਅਤੇ
ਜੀਪ ਦੀਆਂ ਸੀਟਾਂ 'ਤੇ ਹੀ ਗੁੱਛੀ ਜਿਹੀ ਹੋ ਕੇ ਪੈ ਗਏ। ਚਿੱਟੇ ਫੁੱਲਾਂ ਵਾਂਗ ਖਿੜੇ
ਤਾਰਿਆਂ ਵੱਲ ਤੱਕਦਾ ਇੰਦਰ ਕੁਝ ਸੋਚ ਰਿਹਾ ਸੀ। ਕੀ ਬਣੇਗਾ ਦੇਸ਼ ਦਾ? ਦੇਸ਼ ਦਾ
ਭਵਿੱਖ ਕੀ ਹੋਵੇਗਾ? ਹਰ ਥਾਂ 'ਤੇ ਵੱਢੀ, ਹਰ ਥਾਂ 'ਤੇ ਰਿਸ਼ਵਤਖੋਰੀ! ਸ਼ਾਇਦ, ਜੋ
ਖਾੜਕੂ ਕਰ ਰਹੇ ਸਨ, ਠੀਕ ਹੀ ਕਰ ਰਹੇ ਸਨ! ਹਰ ਕੋਈ ਆਪਣੇ ਹੱਕ ਦੀ ਖਾਤਿਰ ਲੜਦਾ ਹੈ,
ਜੂਝਦਾ ਹੈ। ਇਕ ਬੱਚਾ ਵੀ ਆਪਣਾ ਹੱਕ ਰੋ ਕੇ ਲੈ ਹੀ ਲੈਂਦਾ ਹੈ। ਫਿਰ ਬਹਾਦਰ ਸਿੱਖ
ਕੌਮ ਦੇ ਹੱਕ ਸਰਕਾਰ ਕਿੰਨਾਂ ਕੁ ਚਿਰ ਨਾ ਦਿਊਗੀ? ਘਰ ਘਰ ਵਿਚ ਖਾੜਕੂ ਹਨ, ਕਿੰਨਿਆਂ
ਕੁ ਨੂੰ ਮਾਰ ਦੇਵੇਗੀ ਗੌਰਮਿੰਟ? ਕੌਮਾਂ ਵੀ ਕਦੇ ਖਤਮ ਹੋਈਐਂ? ਉਠੀ ਲਹਿਰ ਵਿਚ
ਉਤਰਾਅ-ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਹਨ! ਪਰ ਲਹਿਰਾਂ ਕਦੇ ਦਬੀਐਂ?
ਇਕ
ਪਾਸੇ ਚਾਰ ਲਾਅਸ਼ਾਂ ਪੋਸਟ ਮਾਰਟਮ ਖੁਣੋਂ ਖੱਜਲ ਖੁਆਰ ਹੋ ਰਹੀਆਂ ਸਨ ਅਤੇ ਇਕ ਪਾਸੇ
ਡਾਕਟਰ ਆਪਣੀ ਸਾਲੀ ਨਾਲ ਰੰਗਰਲੀਆਂ ਮਨਾ ਰਿਹਾ ਸੀ! ਰਿਸ਼ਵਤ ਬਗੈਰ ਉਹ ਹੱਥ ਪੈਰ
ਹਿਲਾਉਣਾ ਨਹੀਂ ਚਾਹੁੰਦਾ ਸੀ। ਪੋਸਟ ਮਾਰਟਮ ਲਈ ਵਾਰਸਾਂ ਤੋਂ ਸਮਾਨ ਮੰਗਵਾਇਆ, ਜੋ
ਸਰਕਾਰੀ ਹਸਪਤਾਲ ਦਾ ਆਪਣਾ ਹੁੰਦਾ ਹੈ! ਕੋਈ ਕਿਸੇ ਨੂੰ ਪੁੱਛਣ ਵਾਲਾ ਨਹੀਂ ਸੀ, ਕੋਈ
ਕਿਸੇ ਦੀ ਛਾਣ-ਬੀਣ ਕਰਨ ਵਾਲਾ ਨਹੀਂ ਸੀ। ਜਿਸ ਦਾ ਜਿਵੇਂ ਠੀਕ ਬੈਠਦਾ ਸੀ, ਉਹ ਉਵੇਂ
ਹੀ ਦੱਬ ਤੁਰਦਾ ਸੀ। ਕੋਈ ਸਿਧਾਂਤਕ ਸਿਸਟਮ ਨਹੀਂ ਸੀ! ਇਖ਼ਲਾਕੀ ਜਜ਼ਬਾ ਨਹੀਂ ਸੀ!
ਆਖਰ ਅੰਨ੍ਹੀ ਨੂੰ ਬੋਲਾ ਕਦੋਂ ਘੜ੍ਹੀਸਣਾ ਬੰਦ ਕਰੇਗਾ? ਕੌਮ ਨੂੰ ਫਿਰ ਕਿਸੇ ਸੰਤ
ਸਿਪਾਹੀ ਦੀ ਲੋੜ ਸੀ। ਫਿਰ ਉਹ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਬਾਰੇ ਸੋਚਣ
ਲੱਗ ਪਿਆ। ਇਤਿਹਾਸ ਦੱਸਦਾ ਹੈ ਕਿ ਉਸ ਦੇ ਰਾਜ ਵਿਚ ਕਿੰਨੀ ਸ਼ਾਂਤੀ ਸੀ। ਦੋਸ਼ੀ ਨੂੰ
ਸਜ਼ਾ ਅਤੇ ਮਜ਼ਲੂਮ ਨੂੰ ਇਨਸਾਫ਼ ਮਿਲਦਾ ਸੀ। ਸ਼ਾਇਦ ਖ਼ਾਲਸਾ ਰਾਜ ਫਿਰ ਆ ਜਾਵੇ ਅਤੇ
ਉਤਨੀ ਹੀ ਸ਼ਾਂਤੀ ਅਤੇ ਇਨਸਾਫ਼ ਹੋ ਸਕਣ! ਅੰਦਰੋਂ ਉਹ ਖ਼ਾਲਸਾ ਰਾਜ ਬਾਰੇ ਸੋਚ ਰਿਹਾ
ਸੀ, ਪਰ ਬਾਹਰੋਂ ਉਸ ਨੂੰ ਉਸ ਦੀ ਕਾਮਰੇਡੀ ਹੁੱਝਾਂ ਮਾਰਦੀ ਸੀ।
ਫਿਰ ਉਹ
ਸੋਚਦਾ ਸੋਚਦਾ ਪਤਾ ਨਹੀਂ ਕਦੋਂ ਸੌਂ ਗਿਆ।
ਨਸ਼ੇ
ਦੇ ਢਾਹੇ ਸ਼ਿੰਦੇ ਦੇ ਵੀ ਘੁਰਾੜ੍ਹੇ ਸ਼ੁਰੂ ਹੋ ਚੁੱਕੇ ਸਨ। |