ਗਰਮੀਆਂ ਦੇ ਦਿਨ ਸਨ।
ਹਾੜ੍ਹ ਦਾ ਤਕਰੀਬਨ
ਪਿਛਲਾ ਪੱਖ ਚੱਲ ਰਿਹਾ ਸੀ। ਗਰਮੀ ਵੀ ਲੋਹੜ੍ਹਿਆਂ ਦੀ ਸੀ। ਸੁਬਾਹ ਦੇ ਚਾਰ ਕੁ ਵਜੇ
ਸੌਣ ਦਾ ਕੁਝ ਨਜ਼ਾਰਾ ਜਿਹਾ ਆਉਂਦਾ ਸੀ। ਨਹੀਂ ਤਾਂ ਮੱਛਰ ਹੀ ਕੰਨਾਂ ਵਿਚ ਬੀਨਾਂ
ਵਜਾਈ ਜਾਂਦਾ ਸੀ। ਤਕਰੀਬਨ ਸੁਬਾਹ ਦੇ ਦਸ ਕੁ ਵਜੇ ਤੱਕ ਕੁਝ ਟਿਕਾਅ ਰਹਿੰਦਾ ਸੀ ਅਤੇ
ਫਿਰ ਸੂਰਜ ਤੰਦੂਰ ਵਾਂਗ ਭਖ਼ਣ ਲੱਗ ਪੈਂਦਾ ਸੀ।
ਮਾਸਟਰ ਭਗਵੰਤ ਸਿੰਘ ਦੇ ਘਰ ਦੀ ਉਸਾਰੀ ਹੋ ਰਹੀ
ਸੀ। ਪਹਿਲਾਂ ਮਾਸਟਰ ਮੋਗੇ ਸ਼ਹਿਰ ਵਿਚ ਰਹਿੰਦਾ ਸੀ। ਪਰ ਸਾਰੀ ਕਬੀਲਦਾਰੀ ਕਿਉਂਟਣ
ਤੋਂ ਬਾਅਦ ਉਸ ਨੇ ਬਾਹਰ-ਬਾਹਰ ਪਲਾਟ ਖਰੀਦ ਕੇ ਆਪਣੇ ਮਕਾਨ ਦੀ ਉਸਾਰੀ ਸ਼ੁਰੂ ਕਰਵਾ
ਦਿੱਤੀ ਸੀ।
ਅਜੇ ਸਵੇਰ ਦਾ ਹੀ ਸਮਾਂ ਸੀ।
ਇੰਦਰ ਅਤੇ ਸ਼ਿੰਦਾ, ਮਿਸਤਰੀ ਦੀ ਮੱਦਦ ਕਰਵਾ
ਰਹੇ ਸਨ। ਰਾਤ ਦੀ ਪੀਤੀ ਦਾਰੂ ਦੇ ਉਹ ਦੋਨੋਂ ਹੀ ਭੰਨੇ ਜਿਹੇ ਜਾਪਦੇ ਸਨ। ਘਰ ਦੀ
ਕੱਢੀ ਮਾੜੀ ਦਾਰੂ ਦੇ ਮਧੋਲੇ ਉਹ ਮਾੜੇ ਗੱਡੇ ਵਾਂਗ ਚੂਕ ਜਿਹੇ ਰਹੇ ਸਨ। ਬਾਕੀ
ਦਿਹਾੜੀਏ ਆਪਣੇ ਕੰਮਾਂ ਵਿਚ ਮਘਨ ਸਨ।
- "ਟੁੰਡਿਆ ਫੀਮ ਹੈ ਭੋਰਾ?" ਸ਼ਿੰਦੇ ਨੇ ਇੰਦਰ
ਨੂੰ ਪੁੱਛਿਆ। ਉਹ ਇੰਦਰ ਨੂੰ ਕਦੇ ਲਾਚੜ ਕੇ ਅਤੇ ਕਦੇ ਅੱਕਿਆ ਹੋਇਆ "ਟੁੰਡਾ" ਆਖ
ਦਿੰਦਾ ਸੀ। ਇੰਦਰ, ਮਾਸਟਰ ਭਗਵੰਤ ਸਿੰਘ ਦਾ ਜੁਆਈ ਸੀ ਅਤੇ ਸ਼ਿੰਦਾ ਇੰਦਰ ਦਾ ਅਟੁੱਟ
ਦੋਸਤ!
- "ਹੈਂ ਬਈ! ਕਦੇ ਤਾਂ ਸਿੱਧਾ ਨਾਂ ਲੈ ਕਿਆ ਕਰ
ਗਿੱਡਲਾ! ਮੇਰਾ ਪੁੱਠਾ ਨਾਂ ਪਕਾ ਦੇਵੇਂਗਾ।" ਇੰਦਰ ਨੇ ਚੂਹੇ-ਦੰਦੀ ਮੁਸ਼ਕੜੀ
ਸੁੱਟਦਿਆਂ, ਗੁਣਗੁਣਾ ਕੇ ਆਖਿਆ। "ਗਿੱਡਲਾ" 'ਤੇ ਉਸ ਨੇ ਕਾਫ਼ੀ ਜ਼ੋਰ ਦਿੱਤਾ ਸੀ।
ਇੱਕ ਤਰ੍ਹਾਂ ਨਾਲ ਬਦਲਾ ਲਿਆ ਸੀ।
- "ਨਾ ਟੁੰਡਾ ਕਹੇ ਤੋਂ ਤੈਨੂੰ ਗੋਲੀ ਪੈਂਦੀ ਐ?
ਲਿਆ ਭੋਰਾ ਹੈ ਤਾਂ ਸਰੀਰ ਬੰਨ੍ਹੀਏਂ-ਜੜਾਕੀਂ ਪਿਆ ਫਿਰਦੈ।" ਸ਼ਿੰਦੇ ਦਾ ਸਰੀਰ
ਵਾਕਿਆ ਹੀ ਜਰਖਲਿਆ ਜਿਹਾ ਪਿਆ ਸੀ।
- "ਕੱਲ੍ਹ ਘਣੀਏਂ ਆਲੇ ਬਰਾੜ ਤੋਂ ਲਿਆਂਦੀ ਸੀ
ਭੋਰਾ ਆਬਦੇ ਆਸਤੇ-ਲੈ, ਤੂੰ ਮੱਚ ਲਾ!" ਹੱਥਾਂ ਉਤੋਂ ਮਿੱਟੀ ਝਾੜਦੇ ਇੰਦਰ ਨੇ ਮੋਮੀ
ਕਾਗਜ਼ ਦੇ ਟੁਕੜੇ ਵਿਚ ਬੱਝੀ ਅਫ਼ੀਮ ਉਸ ਨੂੰ ਫੜਾ ਦਿੱਤੀ। ਸ਼ਿੰਦੇ ਦੀਆਂ ਅੱਖਾਂ
ਵਿਚ ਇੱਕ ਅਜ਼ੀਬ ਝਲਕ ਫੁੱਟੀ। ਮੋਮੀ ਕਾਗਜ਼ ਨੂੰ ਟੋਹਣ 'ਤੇ ਉਸ ਨੂੰ ਸ਼ੱਕ ਜਿਹਾ
ਪਿਆ।
- "ਇਹ ਤਾਂ ਡਲੀ ਜੀ ਲੱਗਦੀ ਐ।"
- "ਹੋਰ ਕਿਤੇ ਬਰਾੜ ਮਾੜੀ ਖਾਂਦੈ?"
-"-----।" ਸ਼ਿੰਦਾ ਚੁੱਪ ਚਾਪ ਮੋਮੀ ਕਾਗਜ਼
ਖੋਲ੍ਹ ਰਿਹਾ ਸੀ।
- "ਯੂ ਪੀ ਤੋਂ ਆਉਂਦੀ ਐ ਸਹੁਰੀ - ਆਪਣੇ ਤਾਂ ਨਿਰਾ
ਗੁੜ ਈ ਦਿੰਦੇ ਐ ਮੇਰੇ ਸਾਲੇ - ਅੱਬਲ ਤਾਂ ਮਿਲਦੀ ਈ ਨ੍ਹੀ!" ਇੰਦਰ ਨੇ ਸਿਫ਼ਤਾਂ ਦੇ ਪੜੁੱਲ ਬੰਨ੍ਹਣੇ
ਸ਼ੁਰੂ ਕਰ ਦਿੱਤੇ।
ਸ਼ਿੰਦੇ ਨੇ ਚਾਕੂ ਨਾਲ ਕੱਟ ਕੇ ਮਾਵਾ 'ਟਾਂਕਿਆ'
ਅਤੇ ਮੋਮੀ ਕਾਗਜ਼ ਨੂੰ ਗੰਢ ਦੇਣੀ ਸ਼ੁਰੂ ਕਰ ਦਿੱਤੀ।
- "ਤੇ ਮੈਂ ਚੂੜ੍ਹਿਆਂ ਦਾ ਜਮਾਈ ਐਂ?" ਮੋਮੀ
ਕਾਗਜ਼ ਦੀ ਗੰਢ ਬੱਝੀਦੀ ਦੇਖ ਕੇ ਇੰਦਰ ਹਲਕ ਗਿਆ ਸੀ। ਸ਼ਿੰਦੇ ਤੋਂ ਕਾਗਜ਼ ਖੋਹ ਕੇ
ਉਸ ਨੇ ਵੀ ਮਾਵਾ ਖਾ ਲਿਆ। ਉਸ ਦੀ ਵਾਰੀ ਤਾਂ ਕੱਟੀ ਗਈ ਸੀ!
- "ਹੈਂ ਬਈ! ਹੈ ਸਾਲੀ ਇੱਕ ਚੀਜ - ਸਰੀਰ ਫੜ ਕੇ
ਖੜਾ ਕਰ ਦਿੰਦੀ ਐ - ਗੰਡੇ ਗਿਣ ਦਿੰਦੀ ਐ ਗੰਡੇ!"
- "ਉਏ ਕੌਮਨਸ਼ਟੋ! ਇੱਟਾਂ ਥੋਡਾ ਪਿਉ ਫੜਾਊ?
ਇਹਦੀਆਂ ਮਾਂ ਦੀਆਂ ਸਿਫਤਾਂ ਕਰੀ ਜਾਨੇ ਐਂ - ਇਹ ਕਰੇਨ ਐ ਜਿਹੜੀ ਫੜ ਕੇ ਖੜਾ ਕਰ
ਦਿੰਦੀ ਐ? ਕਦੋਂ ਦੇ ਯੱਭ ਯੱਭ ਕਰੀ ਜਾਨੇ ਐ - ਕੰਮ ਨ੍ਹੀ ਕਰਦੇ ਕਾਰ ਨ੍ਹੀ ਕਰਦੇ!"
ਸਾਬਤ ਸੂਰਤ ਨਸ਼ਿਆਂ ਤੋਂ ਰਹਿਤ ਮਿਸਤਰੀ ਕਾਮਰੇਡਾਂ 'ਤੇ ਔਖਾ ਹੀ ਰਹਿੰਦਾ ਸੀ। ਉਹ
ਉਹਨਾਂ ਨੂੰ ਕੌਮਿਊਨਿਸਟ ਨਹੀਂ, "ਕੌਮ-ਨਸ਼ਟ" ਹੀ ਦੱਸਦਾ ਸੀ।
- "ਇੱਟਾਂ ਕਿਤੇ ਭੱਜੀਆਂ ਜਾਂਦੀਐਂ? ਮਾੜਾ ਜਿਆ
ਸਰੀਰ ਤਾਂ ਕੰਡੇ 'ਚ ਕਰ ਲਈਏ!" ਸ਼ਿੰਦੇ ਨੇ ਕਰੜ ਬਰੜੀ ਦਾਹੜੀ 'ਤੇ ਹੱਥ ਫੇਰ ਕੇ ਇੱਟਾਂ ਵਗਾਉਣੀਆਂ
ਸ਼ੁਰੂ ਕਰ ਦਿੱਤੀਆਂ। ਇੱਟਾਂ ਰੇਲ ਬਣੀਆਂ ਉਪਰ ਨੂੰ ਜਾ ਰਹੀਆਂ ਸਨ।
- "ਹੈਂ ਬਈ! ਜੇ ਇੰਜਣ 'ਚ ਤੇਲ ਨਾ ਹੋਊ, ਤਾਂ
ਚੱਲੂੰ ਕਿਵੇਂ?" ਇੰਦਰ ਨੇ ਸ਼ਿੰਦੇ ਮਗਰ ਹੀ ਵੋਟ ਪਾਈ। ਉਸ ਨੂੰ "ਧੱਕਾ ਸਟਾਰਟ"
ਬੰਦਾ ਪਸੰਦ ਨਹੀਂ ਸੀ।
- "ਰਾਤ ਕੁੜੀ ਚੋਦ ਦੇ ਚੂਹੜੇ ਨੇ ਐਹੋ ਜੀ ਮਾੜੀ
ਮੱਥੇ ਮਾਰੀ - ਇਉਂ ਹੋਇਆ ਪਿਐ ਜਿਮੇਂ ਸਪਰੇਅ ਆਲੀ ਦੁਆਈ ਪੀਤੀ ਹੁੰਦੀ ਐ।"
ਸ਼ਿੰਦਾ
ਰਾਤ ਵਾਲੀ ਘਸਮੈਲੀ ਜਿਹੀ ਦਾਰੂ ਭੁੱਲਿਆ ਨਹੀਂ ਸੀ। ਖੱਟੀ-ਟੀਟ, ਘਰ ਦੀ ਦਾਰੂ ਉਸ ਨੇ
ਅਚਾਰੀ ਤੁੱਕੇ ਨਾਲ ਮਸਾਂ ਹੀ ਅੰਦਰ ਸੁੱਟੀ ਸੀ। ਯਾਦ ਕਰ ਕਰ ਉਸ ਨੂੰ ਹੁਣ ਵੀ
ਧੁੜਧੁੜੀਆਂ ਜਿਹੀਆਂ ਆ ਰਹੀਆਂ ਸਨ। ਦੋ ਤਿੰਨ ਵਾਰ ਉਸ ਨੂੰ ਅਵੱਲੇ ਜਿਹੇ 'ਵੱਤ' ਵੀ
ਆ ਚੁੱਕੇ ਸਨ।
- "ਹੈਂ ਬਈ! ਆਥਣੇ ਚੱਲਾਂਗੇ ਮੇਰੇ ਸਾਲੇ
ਕੋਲੇ-!"
-"----।" ਸ਼ਿੰਦਾ ਹੁਣ ਕੁਝ ਹੌਸਲੇ ਨਾਲ ਕੋਠੇ
ਉੱਪਰ ਨੂੰ ਇੱਟਾਂ ਵਗਾਹ ਵਗਾਹ ਕੇ ਮਾਰ ਰਿਹਾ ਸੀ।
- "ਕੁੱਤਾ ਚੂਹੜਾ ਸਾਲਾ! ਕਹਿੰਦਾ ਲੈਣੇ ਵੀ
ਸੋਲਾਂ ਐਂ - ਚੀਜ ਪੂਰੀ ਵਧੀਐ - ਚੀਜ ਕਹਿੰਦਾ ਨਿੰਦਣ ਦੀ ਨ੍ਹੀਂ - ਇਹਦੀ ਭੈਣ ਨੂੰ ਮੈਂ
ਗੜ੍ਹ ਦਿਆਂ!" ਸ਼ਿੰਦੇ ਨੇ ਮਜ੍ਹਬੀ 'ਤੇ ਕਚੀਰ੍ਹਾ ਛੱਡਿਆ ਨਹੀਂ ਸੀ।
- "ਚੂਹੜੇ ਦੀ ਮਾਂ ਭੈਣ ਇੱਕ ਕਰੀ ਜਾਨੇ ਐਂ - ਜੇ
ਨਾ ਡੱਫਿਆ ਕਰੋਂ? ਨਾਲੇ ਪੱਲਿਓਂ ਪੈਸੇ ਲਾਉਨੇ ਓਂ - ਨਾਲੇ ਸਰੀਰ ਖਰਾਬ ਕਰਦੇ ਓਂ -ਨਾਲੇ
ਤੜਕੋ ਤੜਕੀ ਪਾਠ ਸ਼ੁਰੂ ਕਰਤਾ!" ਸਾਬਤ ਸੂਰਤ ਮਿਸਤਰੀ ਫਿਰ ਅੱਕ ਕੇ ਬੋਲਿਆ।
- "ਹੈਂ ਬਈ! ਅਸੀਂ ਅੰਮ੍ਰਿਤਧਾਰੀ ਥੋੜੋ ਐਂ?
ਅਸੀਂ ਹੁੰਨੇ ਐਂ ਕੋਮਨਿਸਟ - ਖਾਂਦੇ ਪੀਂਦੇ ਮਰਦੇ ਐਂ - ਸੌ ਆਰੀ ਮਰਜੀਏ - ਪੈਸਾ ਕਿਹੜਾ
ਕਿਸੇ ਨੇ ਨਾਲ ਲੈ ਜਾਣੈਂ?" ਇੰਦਰ ਨੇ ਠੁਣਾਂ ਮਿਸਤਰੀ ਸਿਰ ਹੀ ਭੰਨਿਆਂ।
- "ਤੂੰ ਵੀ ਮਿਸਤਰੀ ਜੀ ਘੁੱਟ ਲਾ ਕੇ ਦੇਖਿਆ
ਕਰ - ਦੇਖ ਨੀਂਦ ਸਹੁਰੀ ਕਿਵੇਂ ਆਉਂਦੀ ਐ - ਨਾਲੇ ਮੱਛਰ ਨ੍ਹੀ ਲੜਦਾ।" ਸ਼ਿੰਦੇ ਦਾ
ਬੱਝਿਆ ਸਰੀਰ ਮਿਸਤਰੀ ਨੂੰ ਕਿੱਲੇ ਵਾਂਗ ਜੋਹ ਕੇ ਦੇਖ ਰਿਹਾ ਸੀ।
- "ਹੈਂ ਬਈ! ਮੱਛਰ ਨੇ ਲੜ ਕੇ ਮਰਨੈਂ? ਖੂਨ ਤਾਂ
ਜਹਿਰ ਬਣਿਆਂ ਪਿਐ ਪੀ ਪੀ ਕੇ।"
- "ਕੋਮਨਸ਼ਟੋ! ਗੁਰਬਾਣੀ ਕਹਿੰਦੀ ਐ: ਨਾਮ
ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ।" ਆਪਣੇ ਵੱਲੋਂ ਮਿਸਤਰੀ ਮੱਤ ਦੇ ਰਿਹਾ ਸੀ।
ਇੱਕ ਤਰ੍ਹਾਂ ਨਾਲ ਪੱਥਰਾਂ 'ਤੇ ਬੂੰਦਾਂ ਪਾ ਰਿਹਾ ਸੀ। ਜਿਸ ਦਾ ਸ਼ਾਇਦ ਕੋਈ ਅਸਰ
ਨਹੀਂ ਸੀ।
- "ਹੈਂ ਬਈ! ਗੁਰਬਾਣੀ ਨੂੰ ਅਸੀਂ ਵੀ ਮੰਨਦੇ
ਐਂ - ਪਰ ਥੋਡੇ ਮਾਂਗੂੰ ਨ੍ਹੀ।" ਇੰਦਰ ਨੂੰ ਕੋਈ ਟਿਕਾਣੇ ਦੀ ਗੱਲ ਨਹੀਂ ਔੜੀ ਸੀ।
- "ਨਾਲੇ ਘਰਆਲੀਆਂ ਖੁਸ਼ ਕਰੀਦੀਐਂ ਮਿਸਤਰੀ
ਜੀ - ਚੜ੍ਹਾਈ ਸਾਡੀ ਹਿਟਲਰ ਨਾਲੋਂ ਘੱਟ ਨਹੀਂ ਹੁੰਦੀ।" ਸ਼ਿੰਦੇ ਦੇ ਸਰੀਰ ਨੂੰ ਅਫ਼ੀਮ
ਦੇ ਨਸ਼ੇ ਨੇ ਇੱਕ ਤਰ੍ਹਾਂ ਨਾਲ ਨਰੜ ਦਿੱਤਾ ਸੀ। ਕੁੰਡਲੀ ਵਿਚ ਲੈ ਲਿਆ ਸੀ।
- "ਹੈਂ ਬਈ! ਥਾਪੀ ਦਿੰਦੀਐਂ, ਥਾਪੀ!" ਅਫ਼ੀਮ ਦੇ
ਸਰੂਰ ਨਾਲ ਇੰਦਰ ਬਾਂਦਰ ਵਾਂਗ ਲਾਚੜ ਗਿਆ ਸੀ।
- "ਉਏ ਰਹਿਣ ਦਿਓ ਉਏ - ਰਹਿਣ ਦਿਓ ਥਾਪੀ ਨੂੰ!
ਸ਼ਰਾਬੀ ਨੂੰ ਕੀ ਪਤਾ ਲੱਗਦੈ? ਅਗਲੀ ਵਿਚਾਰੀ ਭਲਾ ਥੱਲੇ ਪਈ ਮਰਜੇ - ਕਿਹੜਾ ਕੋਈ ਸੁਰਤ
ਹੁੰਦੀ ਐ?" ਮਿਸਤਰੀ ਫੋੜੇ ਵਾਂਗ ਅੰਬਿਆ ਪਿਆ ਸੀ।
- "ਹੈਂ ਬਈ! ਤੂੰ ਮਿਸਤਰੀ ਜੀ ਜੋ ਮਰਜੀ ਕਹੀ
ਜਾਹ - ਆਥਣੇਂ ਤਾਂ ਰੱਬ ਵੀ ਸਾਡੇ ਕੋਲੋਂ ਪਾਸਾ ਵੱਟ ਕੇ ਲੰਘਦੈ!" ਇੰਦਰ ਨੂੰ ਕੋਈ ਸਹੀ
ਜਵਾਬ ਨਹੀਂ ਲੱਭ ਰਿਹਾ ਸੀ।
- "ਗਾਰਾ ਲਿਆਓ ਗਾਰਾ! ਗੱਲੀਂ ਬਾਤੀਂ ਅਖੇ ਮੈਂ
ਵੱਡੀ - ਕਰਤੂਤੋਂ ਵੱਡੀ ਜਿਠਾਣੀ - ਕੰਮ ਕਰੋ ਕੰਮ! ਕਰੋਂਗੇ ਤਾਂ ਈ ਨਿੱਬੜੂ-ਗਾਰਾ ਤਾਂ
ਖਤਮ ਹੋ ਚੱਲਿਆ - ਗਾਰਾ ਲਿਆਓ!"
- "ਜਿੰਨਾਂ ਕਹੇਂ!" ਗਾਰੇ ਦਾ ਕੜਾਹੀਆ ਭਰ ਕੇ
ਸ਼ਿੰਦਾ ਪੌੜੀ ਚੜ੍ਹ ਗਿਆ। ਅਚਾਨਕ ਉਸ ਦੀ ਨਜ਼ਰ ਆਪਣੇ ਛੋਟੇ ਭਾਈ ਸਵਰਨੇ 'ਤੇ ਪਈ।
ਉਹ ਬੇਹਾਲ ਹੋਇਆ ਦੂਰੋਂ ਸਿਰਤੋੜ ਭੱਜਿਆ ਆਉਂਦਾ ਸੀ। ਉਸ ਦਾ ਮੱਥਾ ਠਣਕਿਆ।
ਪੈਰਾਂ ਹੇਠੋਂ ਜ਼ਮੀਨ ਖ਼ਿਸਕਦੀ ਜਾਪੀ। ਆਪਣਾ ਆਪ
ਕੋਠੇ ਤੋਂ ਡਿੱਗਦਾ ਜਾਪਿਆ। ਆਲਾ ਦੁਆਲਾ ਹਲਦੀ ਵਾਂਗ ਪੀਲਾ ਅਤੇ ਧਰਤੀ ਘੁੰਮਦੀ
ਦਿਸੀ। ਉਹ ਪੈਰਾਂ ਭਾਰ ਕੋਠੇ 'ਤੇ ਹੀ ਬੈਠ ਗਿਆ।
- "ਇੰਦਰਾ ਸਵਰਨਾ ਆਉਂਦੈ - ਘਰੇ ਸੁੱਖ ਨ੍ਹੀ!" ਉਸ
ਨੇ ਹੇਠਾਂ ਝਾਕ ਕੇ ਇੰਦਰ ਨੂੰ ਕਿਹਾ। ਉਸ ਦਾ ਮੱਥਾ ਹੋਰ ਜੋਰ ਨਾਲ ਠਣਕਿਆ ਸੀ।
ਅਚਾਨਕ ਸ਼ਿੰਦੇ ਦੇ ਮੂੰਹੋਂ ਸੁਣ ਕੇ ਇੰਦਰ ਵੀ
ਸੀਤ ਹੋ ਗਿਆ। ਸ਼ਿੰਦੇ ਕੇ ਘਰੇ ਕਾਫ਼ੀ ਦੇਰ ਤੋਂ ਘਰੇਲੂ ਕਲੇਸ਼ ਚੱਲਦਾ ਆ ਰਿਹਾ ਸੀ।
ਮਿਸਤਰੀ ਨੇ ਕੰਮ ਛੱਡ ਕੇ, ਭੱਜੇ ਆ ਰਹੇ ਸਵਰਨੇ ਵੱਲ ਤੱਕਣਾਂ ਸ਼ੁਰੂ ਕਰ ਦਿੱਤਾ।
ਸੂਰਜ ਦੀਆਂ ਕਿਰਨਾਂ ਜਿਵੇਂ ਭੱਜੇ ਆ ਰਹੇ ਸਵਰਨੇ ਦੇ ਵਿਚ ਦੀ ਲੰਘ ਰਹੀਆਂ ਸਨ।
- "ਹੇ ਮੇਰਿਆ ਸਤਿਗੁਰਾ! ਸੁੱਖ ਸਾਂਦ ਹੀ
ਰੱਖੀਂ!" ਮਿਸਤਰੀ ਨੇ ਰੱਬ ਨੂੰ ਧਿਆਇਆ।
ਸਾਰੇ ਹੇਠਾਂ ਉੱਤਰ ਆਏ।
ਸਵਰਨਾ ਉਹਨਾਂ ਕੋਲ ਆ ਕੇ ਡਿੱਗ ਪਿਆ। ਉਸ ਦੇ
ਮੂੰਹ 'ਚੋਂ ਝੱਗ ਡਿੱਗ ਰਹੀ ਸੀ। ਸਾਹ ਇੰਜਣ ਵਾਂਗ ਚੱਲ ਰਿਹਾ ਸੀ। ਉਸ ਨੇ ਆਪਣਾ
ਅੱਘੜ ਦੁਘੜਾ ਪਰਨਾਂ ਹੱਥ ਵਿਚ ਹੀ ਘੁੱਟਿਆ ਹੋਇਆ ਸੀ। ਬੁੱਲ੍ਹ ਪੱਤ ਵਾਂਗ ਸੁੱਕੇ
ਅਤੇ ਚਿਹਰਾ ਬੱਗਾ ਪੂਣੀਂ ਵਾਂਗ ਹੋਇਆ ਪਿਆ ਸੀ।
- "ਉਏ ਕੀ ਹੋ ਗਿਆ ਤੈਨੂੰ? ਤੂੰ ਕੋਈ ਦੁਆਈ ਦਊਈ
ਤਾਂ ਨ੍ਹੀ ਪੀ ਗਿਆ?" ਸ਼ਿੰਦੇ ਨੇ ਉਸ ਨੂੰ ਸ਼ਤੀਰ ਵਾਂਗ ਹਲੂਣਿਆਂ। ਉਹ ਹਰਫ਼ਲਿਆ
ਪਿਆ ਸੀ।
- "ਬਾਈ--!" ਉਸ ਨੇ ਮਸਾਂ ਹੀ ਮੂੰਹ ਪੱਟਿਆ।
- "ਹਾਂ-ਹਾਂ ਬੋਲ ਕੀ ਗੱਲ ਐ?" ਘਬਰਾਹਟ ਵਿਚ
ਸ਼ਿੰਦਾ ਇੱਕ ਤਰ੍ਹਾਂ ਨਾਲ ਚੀਕਿਆ ਸੀ। ਉਸ ਦੀ ਸੱਤਿਆ ਸੂਤੀ ਗਈ ਸੀ।
- "ਬਾਈ--!" ਸਵਰਨਾਂ ਵੀ ਜਵਾਬ ਵਿਚ ਇੱਕ ਤਰ੍ਹਾਂ
ਨਾਲ ਚੀਕਿਆ। ਉਸ ਦੇ ਸੁੱਕੇ ਸੰਘ ਵਿਚੋਂ ਘੱਗੀ ਜਿਹੀ ਅਵਾਜ਼ ਨਿਕਲਦੀ ਸੀ।
- "ਬੋਲ ਤਾਂ ਸਹੀ ਕੀ ਹੋ ਗਿਆ?" ਅੱਧਾ ਪਾਗਲ
ਹੋਇਆ ਸ਼ਿੰਦਾ ਉਸ ਨੂੰ ਟਾਹਣ ਵਾਂਗ ਹਲੂਣੀਂ ਜਾ ਰਿਹਾ ਸੀ।
- "ਬਾਈ-ਭਾਬੀ ਮਰਗੀ--!" ਕਹਿ ਕੇ ਸਵਰਨੇ ਨੇ
ਸਾਰਿਆਂ ਦੇ ਹੱਥਾਂ ਦੇ ਤੋਤੇ ਉਡਾ ਦਿੱਤੇ।
- "ਹੇ ਵਾਹਿਗੁਰੂ!" ਮਿਸਤਰੀ ਦੇ ਮੂੰਹ 'ਚੋਂ
ਅਚਾਨਕ ਨਿਕਲਿਆ। ਸਾਰੇ ਹੀ ਇਕਦਮ ਠਠੰਬਰ ਜਿਹੇ ਗਏ ਸਨ। ਕਿਸੇ ਨੂੰ ਕੁਝ ਸੁੱਝ ਨਹੀਂ
ਰਿਹਾ ਸੀ। ਚੌਂਧੀ ਜਿਹੀ ਲੱਗ ਗਈ ਸੀ। ਉਹ ਬੁੱਤਾਂ ਵਾਂਗ ਇੱਕ ਦੂਸਰੇ ਵੱਲ ਸੁੰਨੇ
ਸੁੰਨੇ ਜਿਹੇ ਤੱਕ ਰਹੇ ਸਨ।
ਘਰ ਵਾਲਿਆਂ ਨੇ ਤਾਂ ਸਵਰਨੇਂ ਨੂੰ ਇਹ ਕਹਿ ਕੇ
ਤੋਰਿਆ ਸੀ ਕਹੀਂ, "ਘਰੇ ਥੋੜੀ ਗੜਬੜ ਹੈ-ਹੋਰ ਕੋਈ ਗੱਲ ਨਹੀਂ।" ਪਰ ਨਰਮ ਉਮਰ ਦੇ
ਸਵਰਨੇ ਨੂੰ ਇਹ ਸਦਮਾਂ ਅਸਹਿ ਸੀ। ਉਸ ਨੇ ਸੱਚ ਦੱਸਣਾ ਹੀ ਸਹੀ ਸਮਝਿਆ। ਝੂਠ ਬੋਲਣ
ਲਈ ਉਸ ਦੀ ਜ਼ਮੀਰ ਨੇ ਇਜਾਜ਼ਤ ਹੀ ਨਹੀਂ ਦਿੱਤੀ ਸੀ। ਸ਼ਾਇਦ! ਸੱਚ ਦਿਲ ਪਾੜ ਕੇ
ਬਾਹਰ ਆ ਗਿਆ ਸੀ। ਉਹ ਪਿਆ ਤੇਈਏ ਤਾਪ ਦੇ ਮਰੀਜ਼ ਵਾਂਗ ਕੰਬ ਰਿਹਾ ਸੀ, ਧਰਤੀ 'ਤੇ
ਲਿਟਿਆ, ਰੋਈ ਜਾ ਰਿਹਾ ਸੀ।
- "ਇੰਦਰਾ, ਇਹਨੂੰ ਪਾਣੀ ਪਿਆਓ!" ਮਿਸਤਰੀ ਨੇ
ਕਿਹਾ।
ਦਿਹਾੜੀਏ ਨੇ ਪਾਣੀ ਲਿਆ ਕੇ ਦਿੱਤਾ। ਸ਼ਿੰਦੇ ਨੇ
ਕੰਬਦੇ ਹੱਥਾਂ ਨਾਲ ਸਵਰਨੇ ਦੇ ਮੂੰਹ ਨੂੰ ਲਾ ਦਿੱਤਾ। ਜੋ ਉਸ ਨੇ ਅੱਧਾ ਕੁ ਤਾਂ ਪੀ
ਲਿਆ ਅਤੇ ਅੱਧਾ ਕੁ ਬਰਾਛਾਂ ਰਾਹੀਂ ਥੱਲੇ ਡੁੱਲ੍ਹ ਗਿਆ।
- "ਜੁਆਨਾਂ ਗੱਲ ਕੀ ਹੋਈ-ਇਹ ਤਾਂ ਦੱਸ?" ਸਿਆਣੀ
ਉਮਰ ਦੇ ਮਿਸਤਰੀ ਨੇ ਮੌਕਾ ਸਾਂਭਿਆ। ਹੰਢੇ ਮਿਸਤਰੀ ਦੀ ਅੱਧਬੱਗੀ ਦਾਹੜੀ 'ਚੋਂ
ਸਿਆਣਪ ਦੀ ਭਾਅ ਮਾਰ ਰਹੀ ਸੀ। ਉਹ ਅਫ਼ਸੋਸਿਆ ਜਿਹਾ, ਸੰਜੀਦਾ ਹੋਇਆ ਖੜ੍ਹਾ ਸੀ।
- "ਕੁਇੱਕਫ਼ਾਸ ਪੀ ਗਈ-ਤੇ ਨਾਲੇ ਤਿੰਨਾਂ ਕੁੜੀਆਂ
ਨੂੰ ਪਿਆਤੀ।" ਦੱਸ ਕੇ ਸਵਰਨੇ ਨੇ ਹਾਲਾਤਾਂ ਦੀ ਹੋਰ ਜੱਖਣਾਂ ਪੱਟ ਦਿੱਤੀ।
- "ਬਖਸ਼ ਮਾਲਕਾ!" ਮਿਸਤਰੀ ਦਾ ਅੰਦਰ ਕੰਬਿਆ।
- "ਕੁੜੀਆਂ ਵੀ ਮਰਗੀਆਂ?" ਸ਼ਿੰਦੇ ਦੇ ਪੈਰ ਘੁਕਣ
ਲੱਗ ਪਏ।
- "ਦੋ ਤਾਂ ਮਰਗੀਆਂ ਸੀ -ਇੱਕ ਅਜੇ ਜਿਉਂਦੀ ਸੀ-ਊਂ
ਤਾਂ ਭਾਬੀ ਵੀ ਜਿਉਂਦੀ ਸੀ-ਪਰ ਹਾਲਤ ਬਹੁਤ ਖਰਾਬ ਸੀ-ਮੈਨੂੰ ਮੈਦ ਐ-!" ਸਵਰਨੇ ਨੇ
ਹੌਲੀ ਹੌਲੀ ਗੱਲ ਸਿਰੇ ਲਾਈ। ਅਸਲੀ ਗੱਲ ਕਹਿਣ ਲਈ ਸ਼ਾਇਦ ਉਸ ਕੋਲ ਸਾਹਸ ਨਹੀਂ ਸੀ।
ਉਹ ਗੱਲ ਪੂਰੀ ਨਾ ਕਹਿ ਸਕਿਆ।
ਸ਼ਿੰਦੇ ਸਾਹਮਣੇ ਧਰਤੀ ਘੁਕ ਰਹੀ ਸੀ।
ਉਸ ਨੇ ਜਲਦੀ ਜਲਦੀ ਲਿੱਬੜੇ ਹੋਏ ਕੱਪੜੇ ਬਦਲੇ
ਅਤੇ ਸਕੂਟਰ ਚੁੱਕ ਤੁਰ ਪਿਆ। ਸਵਰਨਾ ਅਤੇ ਸ਼ਿੰਦੇ ਸਕੂਟਰ 'ਤੇ ਹਵਾ ਹੋਏ ਜਾ ਰਹੇ
ਸਨ।
ਮਿਸਤਰੀ ਨੂੰ ਇੰਦਰ ਨੇ ਤੋਰ ਦਿੱਤਾ ਅਤੇ ਆਪ
ਕੁਲਦੀਪ ਸਿੰਘ ਬਰਾੜ ਅਤੇ ਗੁਰਮੇਲ ਸਿੰਘ ਗਿੱਲ ਨੂੰ ਲੈ ਕੇ, ਜੀਪ ਵਿਚ ਸਵਾਰ ਹੋ ਕੇ
ਸ਼ਿੰਦੇ ਦੇ ਪਿੰਡ ਨੂੰ ਰਵਾਨਾ ਹੋ ਗਏ। ਗਿੱਲ ਅਤੇ ਬਰਾੜ ਇਲਾਕੇ ਦੇ ਬਾਰਸੂਖ਼ ਆਦਮੀ
ਸਨ। ਯਾਰਾਂ ਦੀ ਥਾਂ ਜਾਨ ਵਾਰਨ ਵਾਲੇ ਝੰਡੇ ਹੇਠਲੇ ਬੰਦੇ ਸਨ।
ਉਹ ਸਾਰੇ ਤਕਰੀਬਨ ਇੱਕੋ ਸਮੇਂ ਹੀ ਪਿੰਡ
ਪਹੁੰਚੇ। ਘਰ ਵਿਚ ਜਾ ਕੇ ਵੇਖਿਆ ਤਾਂ ਹਾਂਬੜ ਮੱਚੀ ਪਈ ਸੀ। ਤਿੰਨ ਬੱਚੀਆਂ ਮਰ
ਚੁੱਕੀਆਂ ਸਨ ਅਤੇ ਸ਼ਿੰਦੇ ਦੀ ਭਾਬੀ ਕੁਲਵਿੰਦਰ ਅਜੇ ਸਹਿਕ ਰਹੀ ਸੀ। ਤਿੰਨ ਮਾਸੂਮ
ਬੱਚੀਆਂ ਦੀਆਂ ਲਾਸ਼ਾਂ ਖ਼ਾਮੋਸ਼, ਬੇਸੁੱਧ, ਬੇਫਿਕਰ ਅਤੇ ਅਹਿਲ ਪਈਆਂ ਸਨ। ਤਿੰਨ
ਕਲੀਆਂ ਖਿੜਨ ਤੋਂ ਪਹਿਲਾਂ ਹੀ ਸੜ ਗਈਆਂ ਸਨ। ਕਿਸੇ ਨੂੰ ਸਮਝਣ ਤੋਂ ਅਸਮਰੱਥ
ਜ਼ਮਾਨੇਂ ਦੀ ਬਲੀ ਚੜ੍ਹ ਗਈਆਂ ਸਨ। ਕੀ ਲੋਹੜ੍ਹਾ ਸੀ?
ਅੱਤ ਕਹਿਰਾਂ ਭਰਿਆ ਸੀਨ ਦੇਖ ਕੇ ਸਾਰਿਆਂ ਦੇ
ਕਾਲਜੇ ਜਿਵੇਂ ਜੰਗਾਲਿਆ ਕਿੱਲ ਖੁੱਭ ਗਿਆ ਸੀ। ਉਹ ਕਸੀਸ ਜਿਹੀ ਵੱਟੀ, ਘਬਰਾਏ ਖੜ੍ਹੇ
ਸਨ।
- "ਘਬਰਾਉਣ ਨਾਲ ਕੁਛ ਨ੍ਹੀ ਬਣਨਾਂ-ਡਾਕਟਰ
ਬੁਲਾਓ!" ਗਿੱਲ ਨੇ ਜਿਵੇਂ ਉਡਣ ਲੱਗੇ ਸਮੇਂ ਦੇ ਖੰਭ ਫੜ ਲਏ ਸਨ। ਉਸ ਦੀਆਂ ਮੁੱਛਾਂ
ਦੇ ਕੁੰਢ ਕਿਸੇ ਗਹਿਰੀ ਸੋਚ ਦਾ ਹੁੰਗਾਰਾ ਭਰ ਰਹੇ ਸਨ।
ਕੋਈ ਡਾਕਟਰ ਵੱਲ ਭੱਜ ਗਿਆ।
ਪਿੰਡ ਦਾ ਸਿੱਖਿਆ ਸਿਖਾਇਆ ਡਾਕਟਰ ਪਹੁੰਚ ਗਿਆ।
ਆਉਣਸਾਰ ਉਸ ਨੇ ਮਾਸੂਮ ਬੱਚੀਆਂ ਨੂੰ ਤਾਂ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਕੁਲਵਿੰਦਰ
ਕੌਰ ਬਾਰੇ ਉਸ ਨੇ ਕਿਹਾ, "ਇਸ ਨੂੰ ਸ਼ਹਿਰ ਲੈ ਜਾਓ ਤਾਂ ਕੋਈ ਬਚਣ ਦੀ ਉਮੀਦ ਹੈ।"
- "ਡਾਕਟਰਾ, ਜੇ ਤੂੰ ਮੇਰਾ ਧਰਮ ਦਾ ਭਰਾ ਐਂ ਤਾਂ
ਮੇਰੇ ਕੋਈ ਮਰਨ ਆਲਾ ਟੀਕਾ ਲਾ ਦੇ - ਮੈਂ ਵੀਰ ਮੇਰਿਆ ਜਿਉਣਾ ਨ੍ਹੀ ਚਾਹੁੰਦੀ--!"
ਸਹਿਕਦੀ ਹੋਈ ਕੁਲਵਿੰਦਰ ਨੇ ਮਸਾਂ ਹੀ ਡਾਕਟਰ ਨੂੰ ਆਖਿਆ। ਉਸ ਦਾ ਸਰੀਰ ਜਵਾਬ ਦਿੰਦਾ
ਲੱਗਦਾ ਸੀ।
- "ਟੈਮ ਨਾ ਲਾਓ-ਜਲਦੀ ਕਰੋ! ਇਹਨੂੰ ਸ਼ਹਿਰ ਲੈ
ਜਾਓ - ਨਹੀਂ ਤਾਂ ਗੱਲ ਵਿਤੋਂ ਬਾਹਰ ਹੋਜੂ!" ਕਹਿ ਕੇ ਡਾਕਟਰ ਆਪਣਾ ਬੈਗ ਚੁੱਕ ਤੁਰ
ਗਿਆ। ਉਥੇ ਖੜ੍ਹਨਾ ਉਸ ਲਈ ਸ਼ਾਇਦ ਅਸਹਿ ਸੀ। ਉਸ ਦੀ ਸਹਿਣਸ਼ੀਲਤਾ ਮਾਰ ਖਾ ਗਈ
ਲੱਗਦੀ ਸੀ ਅਤੇ ਉਹ ਦਿਲੋਂ ਬੇਦਿਲ ਹੋ ਗਿਆ ਲੱਗਦਾ ਸੀ।
ਪਿੰਡ ਵਿਚੋਂ ਟਰੈਕਟਰ-ਟਰਾਲੀ ਲਿਆਂਦੀ ਗਈ।
ਕੁਲਵਿੰਦਰ ਨੂੰ ਵਿਚ ਲੱਦਿਆ ਅਤੇ ਤੁਰ ਗਏ।
ਟਰੈਕਟਰ ਡਰਾਈਵਰ ਆਪਣਾ ਪੂਰਾ ਤਾਣ ਲਾ ਰਿਹਾ ਸੀ।
ਪਰ ਕੁਲਵਿੰਦਰ, "ਮੈਂ ਨਹੀਂ ਬਚਣਾ ਚਾਹੁੰਦੀ - ਮੇਰੇ ਮਰਨ ਆਲਾ ਟੀਕਾ ਲੁਆ ਦਿਓ।"
ਕਹਿੰਦੀ ਕਹਿੰਦੀ ਰਾਹ ਵਿਚ ਹੀ ਸੁਆਸ ਤਿਆਗ ਗਈ। ਉਸ ਦੀਆਂ ਅੱਧ-ਖੁੱਲ੍ਹੀਆਂ ਅੱਖਾਂ
ਖੜ੍ਹੀਆਂ ਸਨ। ਜਿਵੇਂ ਕਿਸੇ ਨੂੰ ਦੇਖਣ ਲਈ ਤਰਸ ਰਹੀਆਂ ਹੋਣ। ਦਿਲ ਦੀ ਧੜਕਣ ਬੰਦ ਹੋ
ਚੁੱਕੀ ਸੀ। ਨਬਜ਼ਾਂ ਟੁੱਟ ਚੁੱਕੀਆਂ ਸਨ ਅਤੇ ਭੌਰ ਉਡਾਰੀ ਮਾਰ ਗਿਆ ਸੀ। ਮੰਜੇ 'ਤੇ
ਪਈ ਲਾਅਸ਼ ਸ਼ਾਇਦ ਅਜੇ ਹੋਰ ਖੱਜਲ ਖ਼ੁਆਰੀ ਦੀ ਉਡੀਕ ਵਿਚ ਸੀ।
- "ਟਰਾਲੀ ਮੋੜੋ ਭਾਈ-ਇਸ ਵਿਚਾਰੀ ਵਿਚ ਹੁਣ ਕੁਛ
ਨ੍ਹੀ ਰਿਹਾ-ਬਾਧੂ ਡਾਕਦਾਰ ਈ ਖੁਆਰ ਕਰਨਗੇ।" ਕੁਲਵਿੰਦਰ ਦੀਆਂ ਅੱਧ-ਖੁੱਲ੍ਹੀਆਂ
ਅੱਖਾਂ ਬੰਦ ਕਰਦੀ ਹੋਈ ਉਸ ਦੀ ਸੱਸ ਹਰ ਕੌਰ ਨੇ ਘੋਰ ਦੁੱਖ ਨਾਲ ਕਿਹਾ।
-"ਹੈਂ--!" ਸਾਰਿਆਂ ਦੇ ਜਿਵੇਂ ਸਾਹ ਸੂਤੇ ਗਏ
ਸਨ। ਉਹ ਇੱਕ ਦਮ ਇੱਧਰ ਨੂੰ ਝਾਕੇ ਸਨ।
ਖ਼ੈਰ! ਟਰਾਲੀ ਮੋੜ ਲਈ ਗਈ। ਕਿਉਂਕਿ ਹੁਣ ਲੀਹ
ਕੁੱਟਣ ਦਾ ਕੋਈ ਫ਼ਾਇਦਾ ਨਹੀਂ ਸੀ, ਸੱਪ ਤਾਂ ਲੰਘ ਚੁੱਕਾ ਸੀ! ਭਾਵੀ ਸੀ, ਜੋ ਬੀਤ
ਚੁੱਕੀ ਸੀ! ਇੱਕ ਭਾਣਾ ਸੀ, ਜੋ ਵਰਤ ਚੁੱਕਾ ਸੀ! ਕਿਸੇ ਦੇ ਵੱਸ ਨਹੀਂ ਰਹੀ ਸੀ।
ਬੇਵਸੀ ਗੱਲ ਹੋ ਗਈ ਸੀ!
ਟਰਾਲੀ ਪਿੰਡ ਪਹੁੰਚ ਗਈ।
ਅੱਧਾ ਪਿੰਡ ਇਕੱਠਾ ਹੋ ਗਿਆ ਸੀ। ਲਾਅਸ਼ ਵਾਲਾ
ਮੰਜਾ ਥੱਲੇ ਉਤਾਰਿਆ ਗਿਆ।
- "ਅੰਦਰ ਲੈ ਚੱਲੋ।" ਸ਼ਿੰਦੇ ਨੇ ਆਖਿਆ।
- "ਲਾਅਸ਼ ਨੂੰ ਘਰ ਅੰਦਰ ਨਹੀਂ ਲੈ ਕੇ ਜਾਂਦੇ
ਹੁੰਦੇ, ਭਾਈ!" ਕਿਸੇ ਸਿਆਣੀ ਬੁੜ੍ਹੀ ਨੇ ਮੱਤ ਦਿੱਤੀ। ਅੱਖਾਂ ਪੂੰਝ ਕੇ ਨੱਕ
ਸੁਣਕਿਆ।
-"ਇਹ ਘਰ ਨਹੀਂ ਕਬਰਸਤਾਨ ਐਂ! ਅੰਦਰ ਲੈ ਚੱਲੋ
ਜਦੋਂ ਮੈਂ ਕਿਹੈ!" ਸ਼ਿੰਦਾ ਕਿਸੇ ਭਿਆਨਕ ਬਿਜਲੀ ਵਾਂਗ ਕੜਕਿਆ ਸੀ।
ਬੁੜ੍ਹੀ ਦੜ ਵੱਟ ਗਈ।
ਲਾਸ਼ ਨੂੰ ਅੰਦਰ ਲੈ ਗਏ।
ਗਿੱਲ ਹੋਰਾਂ ਨੇ ਮਾਮਲਾ ਦਬਾਉਣ ਦੀ ਖਾਤਰ
ਪੰਚਾਇਤ ਇਕੱਠੀ ਕਰ ਲਈ।
ਪਹਿਲੇ ਬੋਲ ਹੀ ਪੰਚਾਇਤ ਇਕੱਤਰ ਹੋ ਗਈ।
- "ਜੋ ਕੁਛ ਹੋਇਆ ਭਾਈ ਮਾੜਾ ਈ ਹੋਇਆ-ਪਰ ਹੁਣ
ਸਸਕਾਰ ਕਰੋ ਤੇ ਗੱਲ 'ਤੇ ਮਿੱਟੀ ਪਾਓ।" ਸੱਠਾਂ ਸਾਲਾਂ ਨੂੰ ਪਹੁੰਚੇ ਸੁੱਘੜ ਸਿਆਣੇ
ਸਰਪੰਚ ਨੇ ਦੁੱਖ ਭਰੀ ਹਮਦਰਦੀ ਪ੍ਰਗਟਾਈ। ਮੂੰਹ 'ਤੇ ਪਈਆਂ ਝੁਰੜੀਆਂ ਇਕ ਦਮ ਸੁੰਗੜ
ਜਿਹੀਆਂ ਗਈਆਂ ਸਨ। ਉਹ ਕਿਸੇ ਸੁਆਲ ਵਿਚ ਉਲਝਿਆ ਜਿਹਾ ਪਿਆ ਸੀ।
-"ਮਿੱਟੀ ਕਿਮੇਂ ਪਊ ਸਰਪੈਂਚਾ? ਇਉਂ ਘਰ ਘਰ ਹੋਣ
ਲੱਗ ਪਈ ਤਾਂ ਜਹਾਨ 'ਚ ਤਾਂ ਪਰਲੋਂ ਆ ਜਾਊ।" ਇਕ ਪਾਸੇ ਬੈਠਾ ਸ਼ਿੰਦੇ ਦੇ ਤਾਏ ਦਾ
ਲੜਕਾ ਬੁੱਕਣ ਸਿੰਘ ਟੱਲ ਵਾਂਗ ਖੜਕਿਆ। ਜਿਵੇਂ ਕਿਸੇ ਗੁੱਸੇ ਨਾਲ ਉਹ ਇਕ ਦਮ
ਬੁੜ੍ਹਕਿਆ ਸੀ। ਲੋਕੀ ਉਸ ਨੂੰ ਆਮ ਤੌਰ 'ਤੇ "ਨ੍ਹੇਰੀ" ਆਖਦੇ ਸਨ। ਉਹਨਾਂ ਦੀ
ਸ਼ਿੰਦੇਕੇ ਘਰ ਨਾਲ ਕਾਫ਼ੀ ਚਿਰ ਤੋਂ ਖੜਕਦੀ ਆ ਰਹੀ ਸੀ। ਹੋਰ ਕੁਝ ਤਾਂ ਉਹ ਕਦੀ ਕਰ
ਨਹੀਂ ਸਕਿਆ ਸੀ। "ਕਾਮਰੇਟਾਂ" ਨਾਲ ਪੰਗਾ ਲੈਣਾ ਉਹ ਡੂਮਣੇ ਮਖਿਆਲ ਨੂੰ ਛੇੜਨ ਬਰਾਬਰ
ਸਮਝਦਾ ਸੀ।
-"ਇਹਨਾਂ ਸਾਲੇ ਬੇਡਮਾਕਿਆਂ ਦਾ ਕੀ ਐ? ਮਾਰ ਕੇ
ਪਰ੍ਹਾਂ ਕਰਨਗੇ! ਜੇ ਊਂ ਜਾਨ ਬਖਸ਼ੀ ਕਰ ਦਿੱਤੀ ਤਾਂ ਲੱਤ ਬਾਂਹ ਤਾਂ ਜਰੂਰ ਘਸਾ ਕੇ
ਵੱਢਣਗੇ।" ਉਹ ਆਪਣੇ ਅੰਦਰ ਆਪ ਹੀ ਸੋਚ ਲਿਆ ਕਰਦਾ ਸੀ। ਪਰ ਅੱਜ ਉਹ ਉਸ ਦੀ ਜਾੜ੍ਹ
ਹੇਠ ਮਸਾਂ ਆਏ ਸਨ। ਜਿਸ ਲਈ ਉਹ ਕੀਮਤੀ ਸਮਾਂ ਸਮਝ ਕੇ ਕੜਾਕਾ ਪਾਉਣਾ ਚਾਹੁੰਦਾ ਸੀ।
ਕਿਸੇ ਕੀਮਤ ਉਪਰ ਵੀ ਉਹ ਸੁਨਿਹਰੀ ਮੌਕਾ ਹੱਥੋਂ ਗੁਆਉਣਾ ਨਹੀਂ ਚਾਹੁੰਦਾ ਸੀ।
-"ਪੰਚੈਤ ਰੱਬ ਵਰਗੀ ਹੁੰਦੀ ਐ ਭਾਈ-ਜਿਮੇਂ
ਕਹਿੰਦੀ ਐ-ਮੰਨ ਲਵੋ!" ਦੂਰੋਂ ਕਿਸੇ ਬਜ਼ੁਰਗ ਨੇ ਕਿਹਾ। ਉਸ ਦੇ ਹੱਥ ਵਿਚ ਮਾਲਾ ਸੀ।
ਬੱਗੀ ਬੀਬੀ ਦਾਹੜ੍ਹੀ 'ਚੋਂ ਨੂਰ ਵਰ੍ਹ ਰਿਹਾ ਸੀ।
-"ਤੂੰ ਵਿਚੋਂ ਕੀ ਲੈਣੈ ਬਾਬਾ? ਸਾਡਾ ਘਰ ਦਾ
ਮਸਲੈ-ਤੂੰ ਆਬਦਾ ਰਾਮ ਰਾਮ ਕਰ ਬਹਿ ਕੇ!" ਨ੍ਹੇਰੀ ਜਿਵੇਂ ਬਾਬੇ ਦੇ ਗਲ 'ਤੇ ਚੜ੍ਹ
ਗਿਆ ਸੀ।
-"ਜੋ ਭਾਵੈ ਕਰਤਾਰ।" ਕਹਿੰਦਾ ਬਜ਼ੁਰਗ ਬਾਬਾ
ਮਾਲਾ ਫੇਰਦਾ ਤੁਰ ਗਿਆ।
-"ਹੋਰ ਤੂੰ ਕੀ ਕਰੇਂਗਾ?" ਇੱਕ ਬੇਵੱਸ ਜਿਹਾ
ਹੋਇਆ ਪੰਚਾਇਤ ਮੈਂਬਰ ਦੀਵੇ ਦੀ ਲਾਟ ਵਾਂਗ ਭੜ੍ਹੱਕਿਆ ਸੀ।
- "ਮਿੰਬਰਾ! ਇਹ ਮਾਮਲਾ ਪੰਚੈਤ ਦੇ ਸੁਲਝਾਉਣ ਦਾ
ਨਹੀਂ-ਇਹਨੂੰ ਪੁਲਸ ਹਵਾਲੇ ਕਰੋ!" ਨ੍ਹੇਰੀ ਨੇ ਸਾਰੀ ਪੰਚਾਇਤ ਨੂੰ ਨਿਕੰਮੀ ਕਰਾਰ ਦੇ
ਦਿੱਤਾ।
ਸਾਰਾ ਪਿੰਡ ਖ਼ਾਮੋਸ਼ ਸੁਣ ਰਿਹਾ ਸੀ। ਇਕ
ਸੰਨਾਟਾ ਛਾਇਆ ਹੋਇਆ ਸੀ। ਇਕ ਦੂਜੇ ਦੇ ਸਾਹ ਵੀ ਸਾਫ਼ ਸੁਣਾਈ ਦੇ ਰਹੇ ਸਨ।
- "ਸ਼ੇਰਾ ਪੰਚੈਤ ਧੱਕੀਦੀ ਨ੍ਹੀ ਹੁੰਦੀ।" ਇਕ
ਮੈਂਬਰ ਨੇ ਨ੍ਹੇਰੀ ਨੂੰ ਮੱਤ ਦਿੱਤੀ।
-"ਪੰਚੈਤ ਕਿਹੜਾ ਤਾਇਆ ਅਸਮਾਨੋਂ ਉਤਰੀ ਐ?
ਬੰਦਿਆਂ ਦੀ ਪੰਚੈਤ ਐ-ਜਿਹਨਾਂ ਨਾਲ ਨਿੱਤ ਖਾਨੇ ਪੀਨੇ ਐਂ।" ਖਾਣ ਪੀਣ ਦੀ ਤੜ੍ਹ ਪਾ
ਕੇ ਬੁੱਕਣ ਨੇ ਪੰਚਾਇਤ ਖੂੰਜੇ ਲਾ ਦਿੱਤੀ।
-"ਤੂੰ ਕਹਿਣਾ ਕੀ ਚਾਹੁੰਨੈ?" ਵਿਹੜੇ ਵਿਚੋਂ
ਬਣੇ ਮੈਂਬਰ ਨੇ ਆਪਣੀ ਜ਼ੁਬਾਨ ਖੋਲ੍ਹੀ।
-"ਬਹੁੜ੍ਹੀ ਉਏ ਜਹਾਨਾ! ਸਾਡੀ ਜੂਠ ਖਾਣ ਆਲੀ
ਝੜ੍ਹੰਮ ਸਾਥੋਂ ਸੁਆਲ ਪੁੱਛਦੀ ਐ!" ਨ੍ਹੇਰੀ ਦੇ ਜਿਵੇਂ ਸੱਤੀਂ ਕੱਪੜੀਂ ਅੱਗ ਲੱਗ ਗਈ
ਸੀ।
ਸਾਰਾ ਪਿੰਡ ਬੁੱਕਣ 'ਤੇ ਹੈਰਾਨ ਸੀ। ਪਰ ਚੁੱਪ
ਸੀ। ਇਸ ਮਨਹੂਸ ਸਮੇਂ 'ਤੇ ਬਲਦੀ 'ਤੇ ਤੇਲ ਪਾਉਣਾ ਸ਼ੋਭਾ ਨਹੀਂ ਦਿੰਦਾ ਸੀ।
-"ਹੱਦ ਹੋਗੀ ਯਾਰ! ਸਾਡੇ ਜਿਤਾਏ ਚੂਹੜ੍ਹੇ ਈ
ਨ੍ਹੀ ਮਾਨ?" ਨ੍ਹੇਰੀ ਨੇ ਚੁੱਪ ਤੋੜੀ।
-"ਮੂੰਹ ਬੰਦ ਕਰ ਮੁੰਡਿਆ!" ਮੈਂਬਰਨੀਂ ਸੂਈ
ਕੁੱਤੀ ਵਾਂਗ ਨ੍ਹੇਰੀ ਨੂੰ ਪਈ।
-"ਮੂੰਹ ਤਾਂ ਮੈਂ ਤਾਈ ਬੰਦ ਕਰ ਲੈਨੈ-ਪਰ ਮੈਨੂੰ
ਇਹ ਵੀ ਦੱਸ ਬਈ ਪੰਚੈਤ ਹੁੰਦੀ ਕਾਹਦੇ ਆਸਤੇ ਐ? ਇਨਸਾਫ ਕਰਨ ਆਸਤੇ ਜਾਂ ਬੇਨਸਾਫੀ
ਆਸਤੇ?"
-"ਕੀ ਮਤਲਬ?" ਸਰਪੰਚ ਨੇ ਪੁੱਛਿਆ।
-"ਮਤਬਲ ਤਾਂ ਇਹ ਐ ਬਈ ਬਿਆਹ ਕਰਵਾਓ-ਜੁਆਕ
ਜੰਮੋਂ-ਫਿਰ ਸਾਰਿਆਂ ਨੂੰ ਕੁਛ ਖੁਆ ਕੇ ਮਾਰ ਦਿਓ ਤੇ ਪੰਚੈਤ ਸ਼ਾਬਾਸ਼ੇ ਸ਼ਾਬਾਸ਼ੇ
ਕਰੀ ਜਾਵੇ?" ਨ੍ਹੇਰੀ ਨੇ ਫ਼ਜ਼ੂਲ ਮਗਜ਼ਮਾਰੀ ਸ਼ੁਰੂ ਕਰ ਦਿੱਤੀ।
-"ਤੂੰ ਸ਼ੇਰਾ ਕਹਿਣਾ ਕੀ ਚਾਹੁੰਨੈਂ?" ਇਕ
ਮੈਂਬਰ ਨੇ ਅਖ਼ੀਰ ਫ਼ੈਸਲਾ ਲੈਣਾ ਚਾਹਿਆ। ਟਾਂਡਿਆਂ ਜਾਂ ਭਾਂਡਿਆਂ ਵਾਲੀ ਵਿਚ ਉਹ
ਪੈਣਾ ਨਹੀਂ ਚਾਹੁੰਦਾ ਸੀ।
- "ਗੱਲ ਮਿੰਬਰ ਸਾਹਬ ਸਾਫ ਐ-ਬਈ ਕਰਮੇਂ ਨੇ ਭਾਬੀ
ਨੂੰ ਤੇ ਸਾਡੀਆਂ ਭਤੀਜੀਆਂ ਨੂੰ ਕੁਛ ਦਿੱਤੈ-ਉਸੇ ਨੇ ਮਾਰੀਐਂ।" ਨ੍ਹੇਰੀ ਨੇ ਭੌਣ
ਤੋਂ ਲਾਹ ਦਿੱਤੀ।
-"ਉਹ ਤਾਂ ਲੁਧਿਆਣੇ ਰਹਿੰਦੈ!" ਸਰਪੰਚ ਨੇ ਫੱਟ
ਗੱਲ ਮੋੜੀ।
-"ਲੁੱਦੇਆਣਾ ਕਿਹੜਾ ਮਰੀਕਾ ਐ ਸਰਪੈਂਚਾ? ਕਤਲ
ਕਰਨ ਆਸਤੇ ਤਾਂ ਲੋਕ ਫੌਜਾਂ 'ਚੋਂ ਭੱਜ ਕੇ ਆ ਕੇ ਬੰਦੇ ਮਾਰ ਜਾਂਦੇ ਐ।" ਨ੍ਹੇਰੀ ਨੇ
ਸਰਪੰਚ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ। ਗੱਲ ਰੜਕਾਈ। ਕਿਉਂਕਿ ਸਰਪੰਚ ਦੇ
ਮਾਮੇਂ ਦੇ ਪੁੱਤ ਨੇ ਫ਼ੌਜ ਵਿਚੋਂ ਭੱਜ ਕੇ ਕਤਲ ਕਰ ਦਿੱਤਾ ਸੀ, ਆਪਣੇ ਪਿਉ ਦਾ ਬਦਲਾ
ਠੋਕ ਕੇ ਲਿਆ ਸੀ ਅਤੇ ਹਾਜ਼ਰੀ ਵੀ ਸਮੇਂ ਸਿਰ ਜਾ ਦਿੱਤੀ ਸੀ। ਜਿਸ ਕਰਕੇ ਉਹ ਕੇਸ
ਦਰਜ਼ ਹੋਣ ਦੇ ਬਾਵਜੂਦ ਵੀ ਬਰੀ ਹੋ ਗਿਆ ਸੀ। ਤਾਜ਼ੀਰਾਤੇ ਹਿੰਦ ਦੇ ਤਹਿਤ, ਦਫ਼ਾ
302 ਦੇ ਅਧੀਨ ਲਿਖੀ ਐਫ਼ ਆਈ ਆਰ (ਫ਼ਾਸਟ ਇੰਨਫ਼ਾਰਮੇਸ਼ਨ ਰਿਪੋਰਟ) ਪੁਲੀਸ ਦੇ ਥੱਪੜ
ਮਾਰ ਗਈ ਸੀ। ਮਿਹਰਬਾਨ ਜੱਜ ਪੁਲੀਸ ਦੇ ਖਿਲਾਫ਼ ਕਾਫ਼ੀ ਪਿੱਟਿਆ ਸੀ। ਉਸ ਨੇ ਆਪਣੇ
ਅੱਧਗੰਜੇ ਸਿਰ ਦੇ ਵਾਲ ਆਪ ਹੀ ਪੱਟੇ ਸਨ।
ਪੰਚਾਇਤ ਸਮੇਤ ਸਾਰਾ ਪਿੰਡ ਹੀ ਸ਼ਾਂਤ ਸੀ, ਦੰਗ
ਸੀ। ਪਰ ਬੁੱਕਣ ਸਿੰਘ ਨ੍ਹੇਰੀ ਆਪਣੀ ਹੁੰਦੀ ਜਿੱਤ 'ਤੇ ਪੂਰਾ ਬਾਗੋਬਾਗ ਸੀ।
-"ਪਿੰਡਾ ਹੁਣ ਕੀ ਹੋਣਾ ਚਾਹੀਦੈ?" ਸਰਪੰਚ ਨੇ
ਸਾਰੇ ਪਿੰਡ ਵੱਲ ਬੇਥਵ੍ਹੀ ਗੱਲ ਸੁੱਟੀ।
-"ਕਰਨ ਦਿਓ ਜਿਮੇਂ ਕਰਦੇ ਐ-ਘਰ ਦਾ ਘਰ ਐ-ਡਹਿ
ਕੇ ਮਰਦੇ ਐ ਤਾਂ ਮਰਨ ਦਿਓ!" ਕਿਸੇ ਨੇ ਕਿਹਾ। ਨ੍ਹੇਰੀ ਨੂੰ ਪਤਾ ਨਹੀਂ ਲੱਗ ਸਕਿਆ
ਸੀ ਕਿ ਇਤਨੇ ਇਕੱਠ ਵਿਚ ਇਹ ਕੌਣ ਆਖ ਗਿਆ ਸੀ? ਨਹੀਂ ਤਾਂ ਖਾਧੀ ਭੁੱਕੀ ਉਸ ਨੂੰ
ਪੂਰਾ 'ਵਕੀਲ' ਬਣਾਈ ਬੈਠੀ ਸੀ।
-"ਲੈ ਪਿੰਡਾ! ਗੱਲ ਸਾਡੇ ਵਿਤੋਂ ਬਾਹਰ ਐ-ਹੁਣ
ਨ੍ਹੇਰੀ ਹੀ ਕਰੇ ਜੋ ਕਰਦੈ!" ਮਾਯੂਸ ਸਰਪੰਚ ਨੇ ਪਿੰਡ ਨੂੰ ਸੰਬੋਧਨ ਕੀਤਾ। ਨੇਕੀ
ਬਦੀ ਤੋਂ ਪ੍ਰਤੱਖ ਹਾਰ ਖਾ ਗਈ ਸੀ। ਵੀਹਾਂ ਸਾਲਾਂ ਤੋਂ ਸਰਬ ਸੰਮਤੀ ਨਾਲ ਬਣਦੇ ਹੋਏ
ਸਰਪੰਚ ਨੇ ਹੱਥ ਖੜ੍ਹੇ ਕਰ ਦਿੱਤੇ।
ਨ੍ਹੇਰੀ ਚਾਂਭੜਾਂ ਮਾਰਦਾ ਅਲੋਪ ਹੋ ਗਿਆ।
ਬਰਾੜ ਨੇ ਕੌੜ ਬੋਤੇ ਵਾਂਗ ਦੰਦ ਪੀਹੇ। ਦੰਦਾਂ
'ਚੋਂ ਇੰਜ ਅਵਾਜ਼ ਆਈ ਸੀ, ਜਿਵੇਂ ਮਿਸਤਰੀ ਦਾਤੀ ਦੇ ਦੰਦੇ ਕੱਢਦੈ! ਬਿਗਾਨੇ ਪਿੰਡ
ਵਿਚ ਉਸ ਦੀ ਕੋਈ ਪੇਸ਼ ਨਹੀਂ ਗਈ ਸੀ।
- "ਇਹਦੇ ਆਲਾ ਕੰਮ ਕਰੋ-ਬਾਕੀ ਫੇਰ ਦੇਖਾਂਗੇ।"
ਗਿੱਲ ਨੇ ਹਲਕੇ ਸਾਹਣ ਵਾਂਗ ਮੂੰਹ 'ਚੋਂ ਝੱਗ ਸੁੱਟੀ। ਕੋਹੜ ਕਿਰਲੇ ਜਿੱਡੀ ਮੁੱਛ ਦੇ
ਕੁੰਢ ਨੂੰ ਉਸ ਨੇ ਰੱਸੀ ਵਾਂਗ ਵੱਟ ਚਾਹੜ੍ਹਿਆ ਸੀ, "ਇਹਨੂੰ ਚੱਕੋ ਸਿੰਗਾਂ 'ਤੇ
ਮੇਰੇ ਸਾਲੇ ਨੂੰ---!"
-"ਹੈਂ ਬਈ! ਕੰਮ ਕੱਢੇ ਬਿਨਾਂ ਸਰਨਾ ਨ੍ਹੀ-ਇਹ
ਕੋਈ ਹੋਰ ਪੰਗਾ ਖੜ੍ਹਾ ਕਰੂ।" ਇੰਦਰ ਨੇ ਕਿਹਾ। ਲੰਡੀ ਜਿਹੀ ਮੁੱਛ ਉਸ ਨੇ ਵੱਟ ਦੇ
ਦੇ ਕੇ ਹੀ ਭੋਰ ਲਈ ਸੀ।
ਬਰਾੜ, ਗਿੱਲ ਅਤੇ ਇੰਦਰ ਦੀ ਸਲਾਹ ਖਤਮ ਹੋਣ ਤੋਂ
ਪਹਿਲਾਂ ਹੀ ਬੁੱਕਣ ਸਿੰਘ ਨ੍ਹੇਰੀ ਫ਼ਰੀਦਕੋਟ ਸਦਰ ਠਾਣੇ ਪਹੁੰਚ ਗਿਆ।
ਦਰਵਾਜੇ ਦੀ ਛਾਂ ਥੱਲੇ ਪਹਿਰਾ ਦੇ ਰਿਹਾ ਸੰਤਰੀ
ਫਿਰ ਵੀ ਮੁੜ੍ਹਕੋ ਮੁੜ੍ਹਕੀ ਹੋਇਆ ਪਿਆ ਸੀ। ਬੰਦੂਕ ਪਿੱਛੇ ਕਰੀ ਉਹ ਅੜਬ ਕੁੱਕੜ
ਵਾਂਗ ਟੱਪ ਟੱਪ ਪੈਰ ਮਾਰ ਰਿਹਾ ਸੀ। ਪਿੱਠ ਪਿੱਛੋਂ ਵਰਦੀ ਪਸੀਨੇ ਨਾਲ ਤਰਬਤਰ ਸੀ।
ਪਰ ਅੱਗਿਓਂ ਉਸ ਨੇ ਢਿੱਡ ਤੱਕ ਬਟਨ ਖੋਲ੍ਹ ਰੱਖੇ ਸਨ। ਉਸ ਦੇ ਲੰਮੇ ਮੂੰਹ ਵਾਲੇ ਸਿਰ
'ਤੇ ਕੁੱਲੇ ਵਾਲੀ ਪੱਗ ਚਿਪੀ ਜਿਹੀ ਪਈ ਸੀ।
-"ਕਿੱਧਰ ਨੂੰ ਧੁੱਸ ਦੇਈ ਜਾਨੈਂ ਉਏ-ਇਹ
ਗੁਰਦੁਆਰੈ?" ਮੁੰਨਿਆਂ ਮੂੰਹ ਬੋਕ ਵਾਂਗ ਖੋਲ੍ਹ ਕੇ ਸੰਤਰੀ ਬੁੱਕਣ ਨੂੰ ਪਿਆ।
ਅਸਲ ਵਿਚ ਸੋਚਾਂ ਵਿਚ ਡੁੱਬੇ ਬੁੱਕਣ ਨੂੰ ਪਤਾ
ਹੀ ਨਹੀਂ ਲੱਗਿਆ ਸੀ ਕਿ ਉਹ ਠਾਣੇ ਅੰਦਰ ਦਾਖਲ ਹੋ ਗਿਆ ਸੀ।
-"ਸੰਤਰੀ ਜੀ ਸਾਸਰੀਕਾਲ!" ਨ੍ਹੇਰੀ ਨੇ ਹੱਥ ਜੋੜ
ਕੇ ਕਿਹਾ।
-"ਮੈਂ ਸਿੱਖ ਨਹੀਂ ਹਿੰਦੂ ਆਂ-ਨਮਸਤੇ ਆਖ!"
ਪੰਜਾਬ ਦੇ ਬਦਲੇ ਹਾਲਾਤਾਂ ਨਾਲ ਸੰਤਰੀ ਵੀ ਬਦਲ ਗਿਆ ਲੱਗਦਾ ਸੀ। ਉਹ ਇੱਕ ਸਿੱਖ ਤੋਂ
"ਨਮਸਤੇ" ਅਖਵਾ ਕੇ ਹੇਠੀ ਕਰਨੀ ਚਾਹੁੰਦਾ ਸੀ। ਉਸ ਨੇ ਇਕ ਤਰ੍ਹਾਂ ਨਾਲ ਹੁਕਮੀਆ
ਕਿਹਾ ਸੀ।
-"ਨਮਸਤੇ ਮਾਲਕੋ! ਤੁਸੀਂ ਭਾਵੇਂ ਬਾਪੂ ਕਹਾ
ਲਵੋ! ਥੋਡਾ ਪੰਜਾਬ 'ਤੇ ਰਾਜ ਐ-ਜੋ ਮਰਜੀ ਐ ਕਰੋਂ!" ਨ੍ਹੇਰੀ ਪੂਰਾ ਬੇਸ਼ਰਮ ਬੰਦਾ
ਸੀ। ਇੱਕ ਮਤਲਬ-ਪ੍ਰਸਤ, ਮਤਲਬੀ ਲਈ ਸਿੱਖੀ ਕੋਈ ਮਾਹਨਾ ਨਹੀਂ ਰੱਖਦੀ ਸੀ। ਸਿੱਖੀ ਦੀ
ਮਹੱਤਤਾ ਤਾਂ ਇੱਕ ਸਿੱਖ ਹੀ ਜਾਣ ਸਕਦਾ ਸੀ। ਨ੍ਹੇਰੀ ਤਾਂ ਕੁੱਤੇ ਵਾਂਗ ਪੂਛ ਹਿਲਾ
ਰਿਹਾ ਸੀ।
-"ਮਾਲਕੋ ਚਾਰ ਕਤਲ ਹੋ ਗਏ!" ਨ੍ਹੇਰੀ ਨੇ ਆਪਣੇ
ਵੱਲੋਂ ਪੂਰਾ ਤਾਣ ਲਾ ਕੇ ਦੱਸਿਆ ਸੀ। ਡੱਬੀਆਂ ਵਾਲਾ ਪਰਨਾ ਉਸ ਨੇ ਦੁਬਾਰੇ ਖੋਲ੍ਹ
ਕੇ ਬੰਨ੍ਹਿਆਂ ਸੀ।
-"ਕਤਲ ਤਾਂ ਹੁੰਦੇ ਈ ਰਹਿੰਦੇ ਐ!" ਸੰਤਰੀ ਨੇ
ਬੜੇ ਅਰਾਮ ਨਾਲ ਆਖਿਆ ਸੀ, "ਰਾਤ ਅੱਤਵਾਦੀਆਂ ਨੇ ਬਾਰਾਂ ਭਈਏ ਮਾਰ ਦਿੱਤੇ ਤੇ ਉਸ
ਤੋਂ ਬਾਅਦ ਇੱਕ ਠਾਣੇ ਨੂੰ ਪੈ ਨਿਕਲੇ - ਛੋਕਰੀ ਯਹਾਵੇ ਤਿੰਨ ਬੰਦੇ ਉਥੇ ਸਾਡੇ
ਮਾਰਗੇ!" ਉਸ ਨੇ ਬੜੇ ਅਰਾਮ ਨਾਲ ਦੱਸਿਆ।
-"ਹਲਾ---!" ਨ੍ਹੇਰੀ ਹੈਰਾਨ ਸੀ।
-"ਜਦੋਂ ਲੋਟ ਲੱਗਦੈ ਉਹ ਸਾਡੇ ਮਾਰ ਜਾਂਦੇ
ਐ-ਜਦੋਂ ਸਾਡੇ ਕੋਈ ਧੱਕੇ ਚੜ੍ਹਦੈ-ਅਸੀਂ ਗਾਂਹਾਂ ਕਰ ਦਿੰਨੇ ਐਂ!" ਸੰਤਰੀ "ਉਹਨਾਂ"
ਅਤੇ "ਆਪਣੇ" ਬੰਦਿਆਂ ਵਿਚ ਫ਼ਰਕ ਸਮਝਦਾ ਸੀ। ਸ਼ਾਇਦ ਉਸ ਨੂੰ ਇਹ ਨਹੀਂ ਸੀ ਪਤਾ ਕਿ
ਮਰਦੀ ਤਾਂ ਅਕਸਰ "ਮਾਨੁੱਖਤਾ" ਹੀ ਸੀ।
-"ਪਰ ਮੋਤੀਆਂ ਆਲੀ ਸਰਕਾਰ ਇਹ ਕੋਈ ਅੱਤਬਾਦੀਆਂ
ਦਾ ਕੇਸ ਨਹੀਂ!" ਨ੍ਹੇਰੀ ਨੇ ਬੜ੍ਹੇ ਠਰੰਮੇਂ ਨਾਲ ਆਖਿਆ। ਉਹ ਅੱਖਾਂ ਮੀਟ ਮੀਟ ਕੇ
ਖੋਲ੍ਹ ਰਿਹਾ ਸੀ।
-"ਹੋਰ ਕਾਹਦੈ?" ਸੰਤਰੀ ਨੇ ਸੁਭਾਇਕੀ ਜਾਣਕਾਰੀ
ਲੈਣੀ ਜਾਇਜ਼ ਸਮਝੀ।
-"ਮੇਰੇ ਚਾਚੇ ਦੇ ਪੁੱਤ ਨੇ ਆਬਦੀ ਘਰਾਂਆਲੀ ਤੇ
ਤਿੰਨ ਕੁੜੀਆਂ ਨੂੰ ਕੁਛ ਦੇ ਕੇ ਮਾਰਤਾ!" ਨ੍ਹੇਰੀ ਨੇ ਨੇੜੇ ਹੋ ਕੇ ਸੰਤਰੀ ਦੇ ਕੰਨ
ਵਿਚ ਆਖਿਆ।
ਬੁੱਕਣ ਦੀ ਗੱਲ 'ਤੇ ਸੰਤਰੀ ਨੇ ਧਿਆਨ ਨਾਲ ਉਸ
ਵੱਲ ਦੇਖਿਆ।
-"ਤਾਂ ਤੂੰ ਚਾਚੇ ਦੇ ਮੁੰਡੇ 'ਤੇ ਰਪਟ ਲਿਖਾਉਣ
ਆਇਐਂ?"
-"ਹਾਂ ਜੀ---!"
-"ਤੇਰੀ ਉਹਦੇ ਨਾਲ ਕੋਈ ਲਾਗ ਡਾਟ ਐ?" ਚਾਰ
ਸਾਲਾਂ ਤੋਂ ਪੁਲੀਸ ਵਿਚ ਕੰਮ ਕਰਦੇ ਆ ਰਹੇ ਸੰਤਰੀ ਨੇ ਉਸ ਦਾ ਅੰਦਰ ਟੋਹਿਆ।
-"ਲਾਗ ਡਾਟ ਜੀ ਵੀ ਮਾੜੀ ਜਿਹੀ ਹੈਗੀ ਐ ਜੀ-ਪਰ
ਕੰਨਿਆਂ ਦੇ ਕਤਲ? ਬਾਖਰੂ ਬਾਖਰੂ-ਧਰਤੀ ਕੰਬ ਜਾਂਦੀ ਐ ਸਰਕਾਰ ਜੀ-ਮੈਂ ਤਾਂ ਕਿਹੜੇ
ਬਾਗ ਦੀ ਮੂਲੀ ਐਂ?" ਨ੍ਹੇਰੀ ਆਪਣੀਆਂ ਗੱਲਾਂ ਦਾ ਸੰਤਰੀ ਉਤੇ ਚਲਦਾ ਜਾਦੂ ਸਪੱਸ਼ਟ
ਤੱਕ ਰਿਹਾ ਸੀ। ਉਸ ਨੇ ਆਪਣੇ ਆਪ ਨੂੰ ਥਾਪੀ ਦਿੱਤੀ।
-"ਖ਼ੈਰ ਛੱਡ! ਅਸਲ ਗੱਲ ਕਰ!" ਸੰਤਰੀ ਬੋਲਿਆ।
-"ਹੁਕਮ ਗੌਰਮਿੰਟ ਜੀ?" ਨ੍ਹੇਰੀ ਨੇ ਦੋਨੋਂ ਹੱਥ
ਬੰਨ੍ਹ ਦਿੱਤੇ।
-"ਮੇਰੇ ਮੂਹਰੇ ਹੱਥ ਬੰਨ੍ਹੀ ਜਾਨੈਂ-ਮੈਂ
ਹਨੂਮਾਨ ਦੇਵਤੈਂ?" ਸੰਤਰੀ ਨੇ ਉਸ ਨੂੰ ਧੱਫ਼ਾ ਜਿਹਾ ਮਾਰਿਆ। ਸੰਤਰੀ ਨੂੰ ਪ੍ਰਤੀਤ
ਹੋਇਆ ਕਿ ਜਿਵੇਂ ਉਸ ਨੇ ਨ੍ਹੇਰੀ ਦੇ ਨਹੀਂ, ਕਿਸੇ ਪਠੋਰੇ ਦੇ ਮਾਰਿਆ ਹੋਵੇ!
-"ਬੋਲ ਕੇ ਦੱਸੋ ਸਰਕਾਰ!"
-"ਸਾਡੀ ਫੀਸ?"
-"ਆਹ ਲਓ ਜਨਾਬ-ਮੈਂ ਤੁਹਾਥੋਂ ਨਾਬਰ ਆਂ?"
ਨ੍ਹੇਰੀ ਨੇ ਇਕ ਦਸਾਂ ਦਾ ਨੋਟ ਸੰਤਰੀ ਨੂੰ ਦਿੰਦੇ ਆਖਿਆ।
-"ਇਹਦਾ ਤਾਂ ਅਧੀਆ ਵੀ ਨ੍ਹੀ ਆਉਣਾ-ਇਕ ਮਾਂਚੋ
ਠੇਕੇ ਆਲੇ ਫੇਰੇ ਦੇਈ ਜਾਂਦੇ ਐ-ਨਿੱਤ ਮਹਿੰਗੀ-ਨਿੱਤ ਮਹਿੰਗੀ-ਦੱਸ ਮਹਾਤੜ ਕੀ ਕਰਨ?"
ਸੰਤਰੀ ਨ੍ਹੇਰੀ ਅੱਗੇ ਪੁਲਸ ਵਾਲਾ ਨਹੀਂ, ਮੰਗਤਾ ਬਣਿਆਂ ਖੜ੍ਹਾ ਸੀ।
-"ਆਹ ਲਓ ਮਾਲਕੋ-ਹੁਣ ਨਾ ਆਖਿਓ-ਅੰਦਰ ਜਾ ਕੇ ਵੀ
ਤੜਕਾ ਲਾਉਣੈ।" ਨ੍ਹੇਰੀ ਨੇ ਇਕ ਦਸ ਦਾ ਨੋਟ ਸੰਤਰੀ ਨੂੰ ਹੋਰ ਦਿੰਦਿਆਂ ਕਿਹਾ।
-"ਅੰਦਰ ਤਾਂ ਦੇਸੀ ਘਿਉ ਦਾ ਈ ਤੜਕਾ ਲੱਗੂ-ਸਾਡਾ
ਤਾਂ ਦਸੌਰੀ ਨਾਲ ਈ ਸਰ ਗਿਆ।" ਦਸਾਂ ਦਸਾਂ ਦੇ ਦੋ ਨੋਟ ਜੇਬ ਵਿਚ ਪਾਉਂਦਾ ਸੰਤਰੀ
ਬੋਲਿਆ। ਉਸ ਨੇ ਆਪਣੀ ਬੁਨੈਣ ਦੇ ਅੰਦਰ ਜੇਬ ਲੁਆਈ ਹੋਈ ਸੀ। ਸੰਤਰੀ ਪੂਰਾ ਘਤਿੱਤੀ
ਸੀ। ਇਕ ਵਾਰ ਸਪੈਸ਼ਲ ਸਟਾਫ਼ ਵੱਲੋਂ ਤਲਾਸ਼ੀ ਹੋਣ 'ਤੇ ਉਸ ਦਾ ਇਕ ਮਿੱਤਰ ਸਸਪੈਂਡ
ਕਰ ਦਿੱਤਾ ਗਿਆ ਸੀ। ਸੰਤਰੀ ਉਦੋਂ ਤੋਂ ਹੀ ਹੁਸਿਆਰ ਰਹਿੰਦਾ ਸੀ।
ਬੁੱਕਣ ਸਿੰਘ ਨ੍ਹੇਰੀ ਹਨੇਰੀ ਵਾਂਗ ਹੀ ਅੰਦਰ
ਚਲਾ ਗਿਆ।
ਮੁਣਸ਼ੀ ਕੁਝ ਲਿਸਟਾਂ ਜਿਹੀਆਂ ਤਿਆਰ ਕਰ ਰਿਹਾ
ਸੀ। ਪੱਗ ਲਾਹ ਕੇ ਉਸ ਨੇ ਸਾਹਮਣੇ ਮੇਜ਼ 'ਤੇ ਰੱਖੀ ਹੋਈ ਸੀ। ਪੀਚ੍ਹੀ ਜਿਹੀ ਗੰਢ
ਵਾਲੀ ਜੂੜੀ ਵਾਲੇ ਸਿਰ 'ਤੇ ਲਾਲ ਫਿਫ਼ਟੀ ਜੀਭਾਂ ਮਾਰਦੀ ਨਜ਼ਰ ਆਉਂਦੀ ਸੀ। ਉਸ
ਦੀਆਂ ਘੁੱਟੀਆਂ ਜਿਹੀਆਂ ਨਾਸਾਂ 'ਚੋਂ ਸਾਹ ਅੜ ਅੜ ਕੇ ਬਾਹਰ ਆ ਰਿਹਾ ਸੀ। ਰੱਸੀ ਨਾਲ
ਬੰਨ੍ਹੀ ਦਾਹੜ੍ਹੀ ਕਰਕੇ ਉਸ ਦਾ ਮੂੰਹ ਸੁੱਜਿਆ ਜਿਹਾ ਨਜ਼ਰ ਆਉਂਦਾ ਸੀ।
-"ਸਾਸਰੀਕਾਲ-ਸਰਦਾਰ ਸਾਹਬ!" ਉਸ ਨੇ ਵੱਡੀ ਸਾਰੀ
"ਸਾਸਰੀਕਾਲ" ਕਿਹਾ।
-"------।" ਲਿਖਣਾ ਵਿਚੇ ਹੀ ਛੱਡ ਕੇ ਮੁਣਸ਼ੀ
ਨੇ ਕਹਿਰ ਭਰੀਆਂ ਅੱਖਾਂ ਨਾਲ ਨ੍ਹੇਰੀ ਵੱਲ ਤੱਕਿਆ। ਕੁਝ ਪੁੱਛਣ ਤੋਂ ਪਹਿਲਾਂ ਹੀ ਉਹ
ਬੁੱਕਣ ਦਾ ਅੰਦਰ ਫਰੋਲ ਲੈਣਾ ਚਾਹੁੰਦਾ ਸੀ। ਫ਼ਾਈਲ ਉਪਰ ਪੈੱਨ ਸੁੱਟ ਕੇ ਉਹ ਕੁਰਸੀ
ਉਪਰ ਖਿਲਰ ਕੇ ਜਿਹੇ ਬੈਠ ਗਿਆ।
-"ਬੋਲ?" ਲੰਬਾ ਸਾਹ ਲੈ ਕੇ ਉਸ ਨੇ ਉਂਗਲ ਨਾਲ
ਰੱਸੀ ਢਿੱਲੀ ਕਰਨ ਦਾ ਯਤਨ ਕੀਤਾ।
ਬੁੱਕਣ ਸਿੰਘ ਉਰਫ਼ "ਨ੍ਹੇਰੀ" ਨੇ ਸਾਰੀ ਕਹਾਣੀ
ਕਹਿ ਸੁਣਾਈ।
ਮੁਣਸ਼ੀ ਨੇ ਬੜੇ ਅਰਾਮ ਨਾਲ ਸੁਣੀ ਸੀ।
ਮਨਘੜਤ ਕਹਾਣੀ ਨ੍ਹੇਰੀ ਨੇ ਬੜੇ ਅਰਾਮ ਨਾਲ
ਮੁਣਸ਼ੀ ਦੇ ਦਿਮਾਗ ਵਿਚ ਫਿੱਟ ਕਰ ਦਿੱਤੀ। ਕੇਸ ਦਾ ਉਲਝਾਅ ਦੇਖ ਕੇ ਮੁਣਸ਼ੀ ਨੇ
ਠਾਣੇਦਾਰ ਨੂੰ ਬੁਲਾਇਆ।
ਠਾਣੇਦਾਰ ਹਾਜ਼ਰ ਸੀ।
-"ਮਾਲਕੋ 'ਨਸਾਫ ਕਰ ਦਿਓ-ਕੰਨਿਆਂ ਦੀਆਂ
ਲਾਅਸ਼ਾਂ ਦੇਖ ਕੇ ਮੇਰਾ ਤਾਂ ਸਰੀਰ ਜਿਲੂੰ ਜਿਲੂੰ ਕਰੀ ਜਾਂਦੈ-ਥੋਡੇ ਤੇ ਮੇਰੇ
ਸੰਨ੍ਹ ਰੱਬ ਐ!" ਨ੍ਹੇਰੀ ਨੇ ਰੋਣਹਾਕਾ ਮੂੰਹ ਬਣਾ ਕੇ ਕਿਹਾ। ਸੌ ਸੌ ਦੇ ਚਾਰ ਨੋਟ
ਉਸ ਨੇ ਤਾਸ਼ ਦੀ ਸਰ ਵਾਂਗ ਮੇਜ਼ 'ਤੇ ਟਿਕਾਅ ਦਿੱਤੇ।
-"ਮੇਰੇ ਸਹੁਰੇ ਜੱਟਾਂ ਨੂੰ ਲਕਸ਼ਮੀ ਵੀ ਨਹੀਂ
ਸਾਂਭਣੀ ਆਉਂਦੀ।" ਮੁਣਸ਼ੀ ਨੇ ਨੋਟਾਂ ਵੱਲ ਤੱਕਦਿਆਂ ਕਿਹਾ। ਫਿਰ ਉਸ ਨੇ ਦਰਾਜ਼ ਵਿਚ
ਰੱਖ ਕੇ ਦਰਾਜ਼ ਬੰਦ ਕਰ ਦਿੱਤਾ। ਬੰਦ ਹੋਣ ਵੇਲੇ ਲੱਕੜ ਦੇ ਦਰਾਜ਼ ਨੇ
"ਚੀਕੂੰ-ਚੀਕੂੰ" ਜਿਹਾ ਕੀਤਾ। ਜਿਵੇਂ ਮੁਣਸ਼ੀ ਨੂੰ ਗਾਲ੍ਹਾਂ ਕੱਢ ਰਿਹਾ ਹੋਵੇ।
-"ਪੈਸ਼ਲ ਛਟਾਪ ਭੇਜੋਗੇ ਸਰਕਾਰ?" ਨ੍ਹੇਰੀ
'ਸ਼ਪੈਸ਼ਲ ਸਟਾਫ਼' ਨੂੰ ਬਹੁਤਾ ਖ਼ਤਰਨਾਕ ਮੰਨਦਾ ਸੀ।
-"ਮੁੱਖ ਮੰਤਰੀ ਨਾ ਭੇਜ ਦੇਈਏ?" ਮੁਣਸ਼ੀ
ਬੋਲਿਆ।
ਨ੍ਹੇਰੀ ਬਾਹਰ ਨਿਕਲ ਆਇਆ। |