WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
ਲਗ ਪਗ ਅੱਧੀ ਸਦੀ ਤੋਂ, ਆਜ਼ਾਦ ਭਾਰਤ ਵਿਚ, ਪੰਜਾਬੀ ਭਾਸ਼ਾ ਨੂੰ ਉਸਾਰਨ ਅਤੇ ਉੱਚ ਕੋਟੀ ਦੀ ਸਿੱਖਿਆ ਦਾ ਮਾਧਿਅਮ ਬਣਾਉਣ ਦੇ ਚਰਚੇ ਲਗਾਤਾਰ ਚਲਦੇ ਆ ਰਹੇ ਹਨ। ਇਸ ਵਿਸ਼ੇ 'ਤੇ ਹਰ ਰਾਜਨੀਤਕ ਰੰਗ ਦੇ ਆਗੂ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਂਦੇ ਅਤੇ ਉਕਸਾਉੰਦੇ ਰਹੇ ਅਤੇ ਰਹਿੰਦੇ ਹਨ। ਉਹ ਪੰਜਾਬੀ ਨੂੰ 'ਵਿਗਿਆਨਕ' ਭਾਸ਼ਾ ਬਣਾਉਣ ਦੇ ਲਗਾਤਾਰ ਵੱਡੇ ਵੱਡੇ ਦਾਅਵੇ ਕਰਦੇ ਹਨ ... ਪਰ ਹੋਇਆ ਅੱਜ ਤਕ ਕੁੱਝ ਵੀ ਨਹੀ! ਸਗੋਂ ਇਸ ਦੇ ਉਲਟ ਪੰਜਾਬੀ ਭਾਸ਼ਾ ਦੀ ਹਾਲਤ ਖਰਾਬ ਹੀ ਹੋਈ ਹੈ। ਉਪਨਿਵੇਸ਼ੀ ਭਾਸ਼ਾ ਕੈਂਸਰ ਦੇ ਰੋਗ ਵਾਂਗੂ ਸਮਾਜ ਨੂੰ ਚਿੰਬੜੀ ਹੋਈ ਹੈ; ਕੌਨਵੈਂਟ ਸਕੂਲਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਵਿਸ਼ਵਿਦਿਆਲਿਆਂ ਦੀ ਬੇਤਹਾਸ਼ਾ ਭਰਮਾਰ ਨਾਲ ਵਿਦਿਆ ਦੇ ਮਿਆਰ ਵਿਚ ਫਿਕਰਮੰਦ ਗਿਰਾਵਟ ਆਈ ਹੈ। ਸਮਾਜ ਦੀ ਸੋਚਣ ਸ਼ਕਤੀ ਨੂੰ ਜੜ੍ਹੋਂ ਖਤਮ ਕਰਕੇ 'ਨਕਲਚੀ' ਸਮਾਜ ਸਿਰਜਣ ਵਿੱਚ ਕੋਈ ਕਸਰ ਨਹੀਂ ਛੱਡੀ। ਅੱਜ ਕੱਲ ਦੇ ਸਕੂਲਾਂ, ਕਾਲਜਾਂ ਅਤੇ ਵਿਸ਼ਵਵਿਦਿਆਲਿਆਂ ਤੋਂ "ਪੜ੍ਹੇ ਲਿਖੇ" ਲੋਕ ਆਪਣੇ ਆਪ ਨੂੰ ਪੰਜਾਬੀ ਵਿਚ ਪ੍ਰਗਟਾਉਣ ਦੇ ਅਸਮਰੱਥ ਹਨ। ਸੰਚਾਰ ਮਾਧਿਅਮ ਅਤੇ ਸਮਾਜਕ ਅਦਾਨ ਪ੍ਰਦਾਨ ਵਿਚ ਵਰਤੀ ਜਾਂਦੀ ਅਸ਼ਲੀਲ ਅਤੇ ਕੂੜ ਕਿਸਮ ਦੀ ਭਾਸ਼ਾ ਇਸ ਦਾ ਜਿਉਂਦਾ ਜਾਗਦਾ ਸਬੂਤ ਹੈ। ਪੰਜਾਬ ਦੇ ਵਿਦਿਅਕ ਅਤੇ ਸਰਕਾਰੀ ਅਦਾਰੇ ਇਸ ਅਪਰਾਧ ਦੇ ਬਰਾਬਰ ਦੇ ਭਾਗੀਦਾਰ ਹਨ। 5abi.com 'ਤੇ ਸਾਡੀ ਮੁੱਢ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਆਧੁਨਿਕ, ਵਿਗਿਆਨਕ ਅਤੇ ਤਕਨੀਕੀ ਵਿਸ਼ਿਆਂ 'ਤੇ ਖਾਸ ਅਤੇ ਲੋੜੀਂਦੀ ਜਾਣਕਾਰੀ ਮੁਹੱਈਆ ਕਰਾਈ ਜਾਵੇ। ਪਰ, ਕਿਉਂਕਿ ਪੰਜਾਬੀ ਭਾਸ਼ਾ ਵਿਚ ਇਸ ਤਰ੍ਹਾਂ ਦਾ ਸਾਹਿਤ ਰਚਿਆ ਨਹੀ ਜਾਂਦਾ, ਇਸ ਲਈ ਸਾਡੀ ਇਹ ਕੋਸ਼ਿਸ਼ ਨਿਰਾਸ਼ਾਜਨਕ ਰਹੀ ਹੈ ... ਪਰ ਸਮੇ ਸਮੇ ਅਸੀਂ ਇਹ ਕੋਸ਼ਿਸ਼ ਕਰਦੇ ਹੀ ਰਹਿੰਦੇ ਹਾਂ। ਸਾਡੇ ਬਹੁਤ ਸਾਰੇ ਸੂਝਵਾਨ ਪਾਠਕਾਂ ਵਲੋਂ ਵਾਰ ਵਾਰ ਇਸ਼ਾਰਾ ਮਾਤਰ ਉਂਗਲ ਉਠਾਈ ਜਾਂਦੀ ਰਹੀ ਹੈ ਕਿ ਕਿਉਂ ਨਹੀਂ ਯੁਨੀਵਰਸਿਟੀਆਂ ਦੇ ਵਿਦਿਵਾਨ ਇਸ ਤਰ੍ਹਾਂ ਦਾ ਸਾਹਿਤ ਪੈਦਾ ਕਰਦੇ? 

ਪਿਛਲੇ ਕੁੱਝ ਸਾਲਾਂ ਤੋਂ ਸੰਚਾਰ ਮਾਧਿਅਮ ਅਤੇ ਸੂਚਨਾ ਤਕਨੀਕ ਵਿਚ ਬੜੀ ਸ਼ਾਨਦਾਰ ਅਤੇ ਸ਼ਲਾਘਾਯੋਗ ਵਿਕਾਸ ਹੋਇਆ ਹੈ, ਜ਼ਾਹਰ ਹੈ ਪੰਜਾਬੀ ਭਾਸ਼ਾ ਨੂੰ ਵੀ ਇਸਨੇ ਪ੍ਰਭਾਵਿਤ ਕੀਤਾ ਹੈ। ਕੰਪਿਊਟਰ ਤਕਨੀਕ ਵਿੱਚ ਵੀ ਪੰਜਾਬੀ ਭਾਸ਼ਾ ਪਿੱਛੇ ਨਹੀਂ ਰਹੀ। ਪਰ ਬੇਹੱਦ ਅਫਸੋਸ-ਜਨਕ ਗੱਲ ਇਹ ਹੈ ਕਿ ਇਸ ਦੀ ਵਰਤੋਂ, ਪੰਜਾਬੀਆਂ ਵਿਚ, ਵਿਸ਼ਾਲ ਪੱਧਰ 'ਤੇ ਨਹੀ ਹੋਈ ਤੇ ਨਾ ਹੀ ਹੋ ਰਹੀ ਦਿਸ ਰਹੀ ਹੈ। ਇਸ ਦੇ ਬਹੁਤ ਸਾਰੇ ਸਮਾਜਕ, ਆਰਥਿਕ, ਵਿਦਿਅਕ ਅਤੇ ਰਾਜਨੀਤਕ ਕਾਰਨ ਹੋ ਸਕਦੇ ਹਨ। ਪਰ ਮੌਜੂਦਾ ਸਮੇਂ ਦੀ ਮੁੱਖ ਲੋੜ ਹੈ ਪੰਜਾਬੀ ਵਿਚ "ਵਿਗਿਆਨਕ ਸੱਭਿਆਚਾਰ" ਪੈਦਾ ਕਰਨ ਦੀ ਜੋ ਇਕ "ਠੋਸ ਅਤੇ ਧੜੱਲੇਦਾਰ ਮੁਹਿੰਮ"  ਹੀ ਸੰਭਵ ਹੋ ਸਕਦਾ ਹੈ। ਇਸ ਮੁਹਿੰਮ ਦਾ ਝੰਡਾ ਅਤੇ ਨਗਾਰਾ ਬਣਾਇਆ ਜਾਵੇ ‘ਪੰਜਾਬੀ ਯੂਨੀਕੋਡ’ ਜਿਸ ਤੋਂ ਬਿਨਾਂ ਹੋਰ ਕੋਈ ਚਾਰਾ ਨਜ਼ਰ ਨਹੀਂ ਆ ਰਿਹਾ। ਇਸ ਮੁਹਿੰਮ ਵਿੱਚ ਹਰ ਪੰਜਾਬੀ ਦਾ ਅਤੇ ਅਦਾਰੇ ਦਾ ਪਾਰਦਰਸ਼ ਅਤੇ ਪ੍ਰਤੀਬੱਧ ਯੋਗਦਾਨ ਬਹੁਤ ਜ਼ਰੂਰੀ ਲੋੜੀਂਦਾ ਹੈ। ਇਸ ਮੰਤਵ ਨੂੰ ਮੁੱਖ ਰੱਖਦੇ ਹੋਏ ਅਸੀ, 5abi.com, 'ਤੇ ਯੂਨੀਕੋਡ ਦੇ ਵਿਸ਼ੇ 'ਤੇ ਇਕ ਛੋਟਾ ਜਿਹਾ ਉਪਰਾਲਾ ਸ਼ੁਰੂ ਕਰ ਰਹੇ ਹਾਂ। ਅਸੀਂ ਉਮੀਦ ਰੱਖਾਂਗੇ ਕਿ ਸਾਡੇ ਸੁਹਿਰਦ ਪਾਠਕ ਇਸ ਵਿੱਚ ਉਤਸ਼ਾਹਪੂਰਵਕ ਹਿੱਸਾ ਲੈ ਕੇ ਅਤੇ ਬਣਦਾ ਯੋਗਦਾਨ ਪਾ ਕੇ ਪੰਜਾਬੀ ਭਾਸ਼ਾ ਦੀ ਤਰੱਕੀ ਅਤੇ ਪਾਸਾਰ ਕਰਨ ਵਿੱਚ ਆਪਣਾ ਬਣਦਾ ਫਰਜ਼ ਜ਼ਰੂਰ ਨਿਭਾਉਣਗੇ।
.... ਸੰਪਾਦਕ,  25 ਦਿਸੰਬਰ 2015.

ਪੰਜਾਬੀ ਭਾਸ਼ਾ ਅਤੇ ਸੰਚਾਰ ਮਾਧਿਅਮ
ਸ਼ਿੰਦਰ ਪਾਲ ਸਿੰਘ

ਸਤਿਕਾਰਯੋਗ ਸੰਪਾਦਕ, ਡਾ. ਬਲਦੇਵ ਸਿੰਘ ਕੰਦੋਲਾ ਜੀ

ਬਹੁਤ ਅਰਸੇ ਬਾਅਦ ਆਪਜੀ ਨੂੰ ਇਹ ਖਤ, ਉਹ ਵੀ ਪੰਜਾਬੀ:XL ਕੀ-ਬੋਰਡ ਦੀ ਵਰਤੋਂ ਕਰਕੇ, ਯੂਨੀਕੋਡ ਅੱਖਰਾਂ ‘ਚ ਲਿਖਿਆ ਜਾ ਰਿਹਾ ਹੈ।

ਆਪਜੀ ਨੂੰ ਯਾਦ ਹੋਵੇਗਾ ਕਿ ਸਾਲ 2004/2005 ਵਿੱਚ ਇੱਕ ਵਾਰ, ਏਸੇ ਹੀ ਸਾਈਟ ਤੇ, ਆਪਸੀ ਵਿਚਾਰ ਵਟਾਂਦਰੇ ਲਈ ਪੰਜਾਬੀ ‘ਚ ਖਤ ਲਿਖਣ ਲਈ ਮੁਹਿੰਮ ਵਿੱਢੀ ਗਈ ਸੀ। ਉਸਦਾ ਅਸਰ ਅਤੇ ਨਤੀਜਾ ਬਹੁਤੇ ਪਾਠਕਾਂ ਨੂੰ ਸ਼ਾਇਦ ਅੱਜ ਵੀ ਯਾਦ ਹੋਵੇ। ਪਰ ਉਸ ਨਤੀਜੇ/ਮੁਕਾਮ ਤੇ ਪਹੁੰਚਣ ਲਈ ਕਿਹੜੇ ਢੰਗ ਤਰੀਕੇ ਅਪਨਾਏ ਗਏ ਹੋਣਗੇ, ਯਾਦ ਕਰਕੇ ਕੇ ਅੱਜ ਸੋਚ ਅਜੀਬ ਦੁਬਿਧਾ ਵਿੱਚ ਹੈ। ਪ੍ਰਚਾਰ ਅਤੇ ਸੰਚਾਰ ਸਾਧਨਾਂ ‘ਚ ਇਨ੍ਹਾਂ ਦਸ ਸਾਲਾਂ ਵਿੱਚ ਕਿੰਨੀ ਤਬਦੀਲੀ ਹੋ ਗਈ ਜੋ ਸ਼ਾਇਦ ਬਹੁਤਿਆਂ ਲਈ ਸਮਝ ਤੋਂ ਬਾਹਰ ਹੈ। ਕਈ ਵਾਰ ਜਾਪਦਾ ਹੈ ਕਿ ਬੰਦਾ ਤੇ ਸਮਾਂ ਵਿਪਰੀਤ ਦਿਸ਼ਾਵਾਂ ‘ਚ ਸਫਰ ਕਰ ਰਹੇ ਹਨ ਤੇ ਉਹ ਇੱਕ ਦੂਜੇ ਦੇ ਕੋਲੋਂ ਜਾਂ ਦੂਰੋਂ ਏਨੀ ਤੇਜ਼ੀ ਨਾਲ਼ ਗੁਜ਼ਰ ਜਾਂਦੇ ਹਨ ਕਿ ਕਿਸੇ ਨੂੰ ਕੋਈ ਖ਼ਬਰ ਵੀ ਨਹੀਂ ਹੁੰਦੀ।

ਖੁਸ਼ੀ ਦੀ ਗੱਲ ਕਿ ਪੰਜਾਬੀ ਨੂੰ ਕੰਪਿਊਟਰ ਦੇ ਸਮਰੱਥ ਭਾਸ਼ਾ ਬਣਾਉਣ ਲਈ ਅਤੇ ਕੰਪਿਊਟਰ ਤੇ ਇਸਦੀ ਨਿੱਜੀ ਵਰਤੋਂ ਕਰਨ ਅਤੇ ਵਿਸ਼ਵ ਪੱਧਰ ਤੇ ਆਪਸੀ ਸਾਂਝ ਅਤੇ ਸੰਚਾਰ ਵਧਾਉਣ ਹਿੱਤ ਪੰਜਾਬੀ ਲਿਖਣ ਵਾਲ਼ਿਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਸਹੀ ਹੱਲ, ਪੰਜਾਬੀ:XL ਦੇ ਰੂਪ ‘ਚ ਪੇਸ਼ ਹੋਇਆ ਹੈ। ਇਸ ਕੀ-ਬੋਰਡ ਦਾ ਆਪਣੀ ਸੰਪੂਰਨ ਸਮਰੱਥਾ ਦੀ ਪਰਖ ਵਾਸਤੇ ਇੰਗਲੈਂਡ ਦੇ ਬੁੱਧੀਜੀਵੀਆਂ ਦੀ ਕਚਹਿਰੀ ਵਿੱਚ ਪੇਸ਼ ਹੋਣਾ ਜਿੱਥੇ ਆਪਣੇ ਆਪ ਵਿੱਚ ਅਹਿਮ ਘਟਨਾ ਹੈ ਉੱਥੇ ਸ਼ੁੱਭ ਸ਼ਗਨ ਵੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿੱਥੇ ਬਹੁਮਤ ਵਲੋਂ ਇਸਦਾ ਬਣਦਾ ਭਰਵਾਂ ਸਵਾਗਤ ਕੀਤਾ ਗਿਆ ਉੱਥੇ ਕੁੱਝ ਤੇਜ ਨਜਰ ਪਾਰਖੂਆਂ ਵਲੋਂ ਇਸਦੀ ਯੋਗ ਕਾਰਗੁਜ਼ਾਰੀ ਅਤੇ ਇਸਦੇ ਪਿਛੋਕੜ ਤੇ ਇਤਿਹਾਸ ਸਬੰਧੀ ਢੁੱਕਵੇਂ ਸਵਾਲ ਵੀ ਉਠਾਏ ਗਏ। ਪਰ ਖ਼ਾਸ ਗੱਲ ਕਿ ਇਨਾਂ ਵਿੱਚ ਕਿਸੇ ਕਿਸਮ ਦੀ ਸ਼ੰਕਾ ਕੋਈ ਨਹੀਂ ਸੀ। ਹਰ ਇੱਕ ਨੂੰ ਆਪਣੇ ਸਵਾਲ ਦਾ ਤਰਕਸ਼ੀਲ ਤੇ ਤਸੱਲੀਬਖਸ਼ ਜਵਾਬ ਮਿਲ਼ਿਆ। ਇਨ੍ਹਾਂ ਸਵਾਲਾਂ ‘ਚੋਂ ਜ਼ਿਆਦਾਤਰ ਕੰਪਿਊਟਰ ਤੇ, ਮਸਾਂ ਮਸਾਂ ਜਾਂ ਬੜੀ ਮੁਸ਼ਕਿਲ ਨਾਲ, ਪੰਜਾਬੀ ਲਿਖਣੀ ਸਿੱਖਣ ਵਾਲ਼ਿਆਂ ਦੇ ਮਨਾਂ ‘ਚ ਨਵੀਆਂ ਪੈਦਾ ਹੋਈਆਂ ਮੁਸ਼ਕਿਲਾਂ ਦੇ ਡਰ ‘ਚੋਂ ਉਪਜੇ ਜਾਪਦੇ ਹਨ। ਇਹ ਵੀ ਸਹੀ ਹੈ ਕਿ ਉਨਾਂ ਨੂੰ ਦਿਸਦੀਆਂ ਮੁਸ਼ਕਿਲਾਂ ਜਾਂ ਉਨਾਂ ਦੇ ਮਨਾਂ ‘ਚ ਵਸੇ ਡਰ ਵੀ ਕਿਸੇ ਹੱਦ ਤੱਕ ਜਾਇਜ ਹਨ। ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਡਰ ਬੜੇ ਓਪਰੇ ਜਾਂ ਥੋੜ੍ਹ ਚਿਰੇ ਹੀ ਹਨ।

ਵਿਸ਼ਾ ਬਹੁਤ ਵਿਸ਼ਾਲ ਹੈ, ਸ਼ਾਇਦ ਕੁੱਝ ਇੱਕ ਲਈ ਗੁੰਝਲਦਾਰ ਵੀ ਪਰ ਡਰਾਉਣਾ ਕਤਈ ਨਹੀਂ। ਹਾਂ ਇਕੱਲਿਆਂ ਇਕਹਿਰਿਆਂ ਲਈ ਸ਼ਾਇਦ ਇਹ ਜ਼ਰੂਰ ਹੋਵੇ। ਸਿਖਲਾਈ ਵਰਕਸ਼ਾਪਸ ਤੋਂ ਬਾਅਦ, ਇਹ ਗੱਲ ਵੀ ਸ਼ਾਇਦ ਠੀਕ ਹੋਵੇ ਕਿ, ਬਹੁਤਿਆਂ ਦੀ ਅਜੇ ਪੂਰੀ ਤਸੱਲੀ ਨਾ ਵੀ ਹੋਈ ਹੋਵੇ ਜਾਂ ਫਿਰ ਉਨ੍ਹਾਂ ਦੇ ਮਨਾਂ ਵਿੱਚ ਕੁੱਝ ਹੋਰ, ਨਵੇਂ ਸਵਾਲ ਵੀ ਪੈਦਾ ਹੋ ਗਏ ਹੋਣ, ਹੋ ਸਕਦਾ ਹੈ ਕਿਸੇ ਨੂੰ ਸਵਾਲ ਕਰਨ ਦਾ ਮੌਕਾ ਹੀ ਨਾ ਮਿਲ਼ਿਆ ਹੋਵੇ, ਹੋ ਸਕਦਾ ਹੈ ਕੋਈ ਮਨ ਹੀ ਮਨ ਡਰਦਾ ਪੁੱਛਣ ਤੋਂ ਝਿਜਕ ਗਿਆ ਹੋਵੇ, ਹੌਸਲਾ ਹੀ ਨਾ ਕਰ ਸਕਿਆ ਹੋਵੇ.... ਜਾਂ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ। ਇਸ ਲਈ ਸਾਰਿਆਂ ਵਾਸਤੇ ਸਾਂਝੇ ਪਲੇਟ ਫਾਰਮ ਤੇ ਜੁੜ ਬੈਠਣਾ ਬਹੁਤ ਹੀ ਜ਼ਰੂਰੀ ਹੈ। ਜਿੱਥੇ ਸਾਰੇ ਆਪਣਾ ਆਪਣਾ ਫਿਕਰ, ਡਰ ਜਾਂ ਸ਼ੰਕਾ ਨਵਿਰਤ ਕਰਨ ਦਾ ਮੌਕਾ ਸਹਿਜ ਸੁਭਾਅ ਹੀ ਪ੍ਰਾਪਤ ਕਰ ਸਕਦੇ ਹਨ, ਬਿਨਾ ਕਿਸੇ ਝਿਜਕ ਦੇ।

ਵਿਸ਼ੇ ਦੇ ਸੰਦਰਭ ਵਿੱਚ ਆਪਣੇ ਨਿੱਜੀ ਤਜਰਬੇ ਤੋਂ, ਇੱਕ ਗੱਲ ਹੋਰ ਸ਼ਾਮਿਲ ਕਰਨੀ ਚਾਹਾਂਗਾ ਕਿ ਵਿਦਿਆਰਥੀ ਅਕਸਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਅਧਿਆਪਕ ਤੋਂ ਸਿੱਖਣ ਦੇ ਨਾਲ਼ ਨਾਲ਼ ਆਪਣੇ ਸੰਗੀ ਸਾਥੀਆਂ ਤੋਂ ਵੀ ਸਿੱਖਦੇ ਹਨ। ਮੈਂ ਸੋਚਦਾਂ ਕਿ ਇਹ ਬਹੁਤ ਜ਼ਰੂਰੀ ਹੈ ਕਿ ਨਵੇਂ ਸਿਖਾਂਦਰੂਆਂ ਲਈ ਅਜੇਹਾ ਮੌਕਾ ਸਿਰਜਿਆ ਜਾਵੇ ਤਾਂ ਕਿ ਉਹ ਬੇਝਿਜਕ ਆਪਣੇ ਮਨ ਦੇ ਸ਼ੰਕੇ ਤੇ ਸਵਾਲ ਬਾਕੀਆਂ ਨਾਲ਼ ਸਾਂਝੇ ਕਰ ਸਕਣ। ਪਰ ਇਸ ਤੋਂ ਪਹਿਲਾਂ ਇੱਕ ਸੁਝਾਅ ਹੋਰ ਹੈ ਕਿ ਇਸ ਕੀ-ਬੋਰਡ ਨੂੰ ਕੰਪਿਊਟਰ ਤੇ ਉਤਾਰਨ ਭਾਵ ਡਾਊਨਲੋਡ ਕਰਨ ਲਈ ਇਸਦਾ ਲਿੰਕ, ਸਭ ਹਦਾਇਤਾਂ ਸਮੇਤ, ਉਪਲਬਧ ਕਰਾ ਦਿੱਤਾ ਜਾਵੇ ਤਾਂ ਕਿ ਬਾਕੀ ਸਾਰੇ ਇਸਨੂੰ ਡਾਊਨਲੋਡ ਕਰਕੇ ਇਸਦਾ ਅਭਿਆਸ ਅਤੇ ਪਰਖ ਕਰ ਸਕਣ। (ਪੰਜਾਬੀ:XL ਡਾਊਨਲੋਡ ਸਿਰਫ ਵਿੰਡੋਜ਼ ਲਈ) ਇਸਦੇ ਨਾਲ ਹੀ ਸਾਰੇ ਪਾਠਕਾਂ ਖਾਸ ਪੰਜਾਬੀ ਲਿਖਣ ਦੇ ਚਾਹਵਾਨਾਂ ਨੂੰ ਅਪੀਲ ਹੈ ਕਿ ਉਹ ਆਪਣਾ ਤਜਰਬਾ ਅਤੇ ਪ੍ਰਤੀਕਰਮ ਬਾਕੀਆਂ ਨਾਲ ਜ਼ਰੂਰ ਸਾਂਝਾ ਕਰਨ ਤਾਂ ਕਿ ਵੱਧ ਤੋਂ ਵੱਧ ਲੋਕ ਇਸਨੂੰ ਅਮਲ ‘ਚ ਲਿਆ ਸਕਣ। ਇਸ ਕਾਰਜ ਲਈ ਉਹ ਰਾਵੀ ਫੌਂਟ/ਅੱਖਰ, ਜੋ ਕਿ ਨਵੇਂ ਕੰਪਿਊਟਰ ਤੇ ਲੈਪ-ਟੌਪਸ ਤੇ ਪਹਿਲਾਂ ਹੀ ਉਪਲਬਧ ਹਨ, ਜਾਂ ਫਿਰ ਅਨਮੋਲਯੂਨੀ ਅੱਖਰ ਹੀ ਵਰਤਣ। ਅਜਿਹਾ ਕਰਨ ਨਾਲ਼ ਉਹ 'ਅਸੀਸ', 'ਸਤਲੁਜ', 'ਧਨੀ ਰਾਮ ਚਾਤ੍ਰਿਕ', 'ਗੁਰਬਾਣੀ ਲਿੱਪੀ', 'ਸਮਤੋਲ' ਆਦਿ ਸੈਂਕੜੇ ਅੱਖਰਾਂ ਤੋਂ ਛੁਟਕਾਰਾ ਪਾ ਸਕਦੇ ਹਨ। ਮੇਰੇ ਨਿੱਜੀ ਖਿਆਲ ਮੁਤਾਬਿਕ ਅਨਮੋਲਯੂਨੀ (AnmolUni)ਅੱਖਰਾਂ ਦੀ ਦਿੱਖ ਰਾਵੀ (Raavi) ਨਾਲ਼ੋਂ ਚੰਗੀ ਹੈ।

ਅਖ਼ੀਰ ਵਿੱਚ ਮੈਂ ਏਸੇ ਸੁਨੇਹੇ ਨਾਲ਼ ਆਪਣੀ ਗੱਲ ਖ਼ਤਮ ਕਰਨ ਦੀ ਇਜਾਜ਼ਤ ਲਵਾਂਗਾ ਕਿ ਯੂਨੀਕੋਡ ਅਤੇ Windows XP ਦੀ ਆਮਦ ਨੇ ਪੰਜਾਬੀ ਭਾਸ਼ਾ ਲਈ ਨਵੇਂ ਦਿਸਹੱਦੇ ਸਿਰਜੇ ਸਨ ਪਰ ਅਫਸੋਸ ਕਿ ਪੰਜਾਬੀ ਇਨ੍ਹਾਂ ਤੋਂ ਪਾਰ ਦੇਖ ਹੀ ਨਾ ਸਕੇ। ਪਰ ਹੁਣ ਇੱਕ ਵਾਰ ਫੇਰ ਪੰਜਾਬੀ:XL ਨੇ ਪੰਜਾਬੀਆਂ ਲਈ ਸਾਰੇ ਬੂਹੇ ਬਾਰੀਆਂ ਇੱਕ ਵਾਰ ਫੇਰ ਖ੍ਹੋਲ ਦਿੱਤੇ ਹਨ। ਸਾਰੇ ਇਸਦਾ ਫਾਇਦਾ ਉਠਾਓ ਤੇ ਆਪਣੇ ਅਤੇ ਪੰਜਾਬੀ ਭਾਸ਼ਾ ਦੇ ਚਿਰਾਂ ਤੋਂ ਸੁੱਤੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਆਪਣੀ ਮੱਦਦ ਆਪ ਕਰੋ। ਭਾਵ ਹਰ ਇੱਕ ਦਾ ਏਹੋ ਅਕੀਦਾ ਹੋਵੇ ਕਿ ਆਪਸੀ ਸੰਪਰਕ, ਚਿੱਠੀ ਪੱਤਰ, ਤਾਲ਼-ਮੇਲ਼, ਵਿਚਾਰ ਵਟਾਂਦਰਾ, ਜਾਣਕਾਰੀ ਦੀ ਭਾਲ਼, ਖੋਜ ਕਾਰਜ ਪੰਜਾਬੀ ਵਿੱਚ ਹੀ ਕਰਨਾ ਹੈ ਅਤੇ ਉਹ ਵੀ ਯੂਨੀਕੋਡ ਵਿੱਚ, ਜਿਸਨੂੰ ਕੋਈ ਵੀ, ਦੁਨੀਆਂ ਦੇ ਕਿਸੇ ਵੀ ਖੂੰਜੇ ਬੈਠਾ ਪੰਜਾਬੀ ਬਿਨਾ ਕਿਸੇ ਮੁਸ਼ਕਿਲ ਦੇ ਪੜ੍ਹ ਸਕਦਾ ਹੈ। ਇਸ ਵਾਸਤੇ ਕਿਸੇ ਵੀ ਕਿਸਮ ਦੇ ਕਨਵਰਟਰ  ਜਾਂ ਵਿਚੋਲੇ ਦੀ ਲੋੜ ਜਾਂ ਕੋਈ ਹੋਰ ਝੰਜਟ ਹੀ ਨਾ ਹੋਵੇ। ਇਹ ਕੋਈ ਔਖਾ ਕਾਰਜ ਨਹੀਂ। ਕਿਸੇ ਨੂੰ ਵੀ, ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਆਉਂਦੀ ਹੋਵੇ, ਕੋਈ ਗੱਲ ਸਮਝ ਨਾ ਲੱਗਦੀ ਹੋਵੇ ਤਾਂ ਕਿਸੇ ਵੀ ਤਰਾਂ ਦੀ ਹੀਣਤਾ, ਸ਼ਰਮ, ਡਰ ਜਾਂ ਝਿਜਕ ਮਹਿਸੂਸ ਕੀਤੇ ਬਿਨਾ, ਕੋਈ ਵੀ ਸਲਾਹ ਇੱਕ ਦੂਜੇ ਨੂੰ ਪੁੱਛ ਦੱਸ ਸਕਦੇ ਹੋ।

ਨਵੇਂ ਸਾਲ਼ ਦਾ ਆਪਣੇ ਆਪ ਨਾਲ਼ ਏਹੋ ਪ੍ਰਣ (ਰੈਜ਼ੋਲੂਸ਼ਨ) ਹੋਵੇ ਕਿ "ਮੈਂ ਪੰਜਾਬੀ ਯੂਨੀਕੋਡ ਸਿੱਖਣਾ ਤੇ ਪੰਜਾਬੀ:XL ਅਪਨਾਉਣਾ ਹੀ ਹੈ!! "
ਇਸ ਭਰਪੂਰ ਆਸ ਨਾਲ਼ ਸਭ ਨੂੰ ਤੇ ਪੰਜਾਬੀ ਦੇ ਉੱਜਲ ਭਵਿੱਖ ਨੂੰ

ਨਵੇਂ ਸਾਲ਼ ਦੀਆਂ ਮੁਬਾਰਕਾਂ
ਅਤੇ ਦਿਲੀ ਸ਼ੁੱਭ ਇੱਛਾਵਾਂ ਸਹਿਤ
ਸ਼ਿੰਦਰ ਪਾਲ ਸਿੰਘ

ਆਪਣੇ ਵਿਚਾਰ ਸਾਨੂੰ ਲਿਖੋ (info@5abi.com)

ਪਾਠਕਾਂ ਦੀ ਪ੍ਰਤੀਕਿਰਿਆ ...
ਨਿਰਮਲ ਸੰਘਾ, ਲੰਡਨ

ਸ਼ੁੱਭ-ਸ਼ਗਨ,
ਸੰਪਾਦਕ ਜੀ, ਇੱਕ ਲੰਬੀ ਸੋਚ ਅਤੇ ਝਿਜਕ ਬਾਅਦ ਪੱਤਰ ਲਿਖ ਰਿਹਾ ਹਾਂ। ਸਭ ਤੋਂ ਪਹਿਲਾਂ ਤਾਂ ਜੋ ਤੁਸੀਂ ਪੰਜਾਬੀ ਦੇ ਮਿਆਰੀ ਕੀ-ਬੋਰਡ ਦੇ ਬਹੁਤ ਹੀ ਲੋੜੀਂਦੇ ਅਤੇ ਅਹਿਮ ਮੁੱਦੇ ਨੂੰ ਅਤੇ ਇਸ ਦੀ ਲੋੜ ਨੂੰ ਉਭਾਰਿਆ ਹੈ ਉਸ ਲਈ ਵਧਾਈ ਦੇ ਪਾਤਰ ਹੋ। ਇਸ ਕੀ-ਬੋਰਡ ਸਬੰਧੀ ਦੋਸਤਾਂ ਨਾਲ਼ ਸਲਾਹ ਮਸ਼ਵਰਾ ਹੁੰਦਾ ਰਹਿੰਦਾ ਹੈ ਜੋ ਕਿ ਪਹਿਲਾਂ ਹੀ ਕੰਪਿਊਟਰ ਤੇ ਪੰਜਾਬੀ ਲਿਖਣ ਦੇ ਮਾਹਰ ਹਨ। ਪਰ ਅਫਸੋਸ ਕਿ ਸਾਰਿਆਂ ਵਲੋਂ ਹੀ ਖਾਸ ਉਤਸ਼ਾਹ ਜਨਕ ਹੁੰਗਾਰਾ ਨਹੀਂ ਮਿਲ਼ਿਆ। ਕੁਛ ਦਾ ਕਹਿਣਾ ਹੈ ਕਿ ਕੀ-ਬੋਰਡ ਬਦਲਣ ਨਾਲ਼ ਕੀ ਫਰਕ ਪੈਂਦਾ ਹੈ? ਕੁੱਝ ਇੱਕ ਦਾ ਕਹਿਣਾ ਹੈ ਕਿ ਇਹ ਨਵਾਂ ਕੀ ਬੋਰਡ ਬਹੁਤ ਮੁਸ਼ਕਿਲ ਹੈ। ਜਦ ਕਿ ਇੱਕ ਦੋ ਨੇ ਭਰਪੂਰ ਤਸੱਲੀ ਵੀ ਪ੍ਰਗਟਾਈ ਹੈ। ਕਹਿ ਸਕਦਾ ਹਾਂ ਕਿ ਕੁੱਲ ਮਿਲ਼ਾ ਕੇ ਪ੍ਰਤੀਕਰਮ ਰਲ਼ਵਾਂ-ਮਿਲ਼ਵਾਂ ਹੀ ਹੈ। ਪਰ ਸ਼ੁਰੂਆਤ ਸ਼ੁੱਭ ਸ਼ਗਨ ਹੈ।

ਫੇਰ ਵੀ ਸੋਚਿਆ ਕਿ ਆਪਣੀ ਕੋਸ਼ਿਸ਼ ਜਾਰੀ ਰੱਖੀ ਜਾਵੇ। ਤੁਹਾਡੀ ਸਾਈਟ ਤੋਂ ਮਿਲ਼ੀ ਜਾਣਕਾਰੀ ਦੇ ਨਾਲ਼ ਨਾਲ਼ ਹੁਣ ਤੱਕ ਦੀ ਕੀਤੀ ਮਾੜੀ ਮੋਟੀ ਖੋਜ ਤੋਂ ਬਾਅਦ ਏਸ ਨਤੀਜੇ ਤੇ ਪਹੁੰਚਿਆ ਹਾਂ ਕਿ ਯੂਨੀਕੋਡ ਅੱਖਰਾਂ ਦੀ ਵਰਤੋਂ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ। ਹੈਰਾਨੀ ਦੇ ਨਾਲ਼ ਅਫਸੋਸ ਵੀ ਹੁੰਦਾ ਹੈ ਕਿ ਕਿਸੇ ਵੀ ਪੰਜਾਬੀ ਬੁੱਧੀਜੀਵੀ ਨੇ ਇਸ ਵੱਲ ਧਿਆਨ ਦਿੱਤਾ ਹੀ ਕਿਉਂ ਨਹੀਂ? ਪਰ ਪੰਜਾਬੀ ਸੁਭਾਅ ਜਾਂ ਆਦਤ ਦੀ ਥੋੜੀ ਕੁ ਸਮਝ ਹੋਣ ਕਰਕੇ ਇਸ ਸਵਾਲ ਤੇ ਚੁੱਪ ਕਰ ਜਾਣਾ ਹੀ ਠੀਕ ਹੈ। ਇਹ ਨਾ ਸੋਚਿਆ ਜਾਵੇ ਕਿ ਪਿੱਛੇ ਕੀ ਹੋਇਆ ਸਗੋਂ ਹੁਣ ਇਹ ਸੋਚਿਆ ਜਾਵੇ ਕਿ ਅੱਗੇ ਕੀ ਹੋ ਸਕਦਾ ਹੈ ਜਾਂ ਅੱਗੇ ਕੀ ਕਰਨਾ ਹੈ। ਕਿਸੇ ਸ਼ਬਦ ਜੋੜ ਦੀ ਗਲਤੀ ਲਈ ਖਿਮਾ।

ਆਉਣ ਵਾਲ਼ੇ ਸਮੇਂ ਵਿੱਚ ਤੁਹਾਡੇ ਵਲੋਂ ਸਾਕਾਰਤਮਿਕ ਸਹਿਯੋਗ, ਸਹੀ ਦਿਸ਼ਾ ਵੱਲ ਸੇਧ, ਹੋਰ ਸਿੱਖਣ ਦੀ ਜਗਿਆਸਾ ਅਤੇ ਪੂਰੀਆਂ ਉਮੀਦਾਂ ਸਹਿਤ
ਆਪ ਜੀ ਦਾ ਸ਼ੁੱਭ ਚਿੰਤਕ
ਨਿਰਮਲ ਸੰਘਾ, ਲੰਡਨ (29/12/15)


ਗੁਰਮੀਤ ਸਿੰਘ

Anyone can see that signboards of Central Govt institutions rarely use Punjabi boards in cities of Punjab. What we can say for states in which Punjabi is second language E.g Haryana, Himachal Pradesh etc. What we can expect from Punjabi institutions?: Gurmeet Singh (29/12/15)।

 


ਆਪਣੇ ਵਿਚਾਰ ਸਾਨੂੰ ਲਿਖੋ (info@5abi.com)


ਹੋਰ ਜਾਣਕਾਰੀ ਭਰਪੂਰ ਕੜੀਆਂ

ਵਾਇਰਸ ਨੂੰ ‘ਬਿਗੜ’ ਨਾ ਬਣਾਓ
ਡਾ ਸੀ ਪੀ ਕੰਬੋਜ
ਸੱਚ ਸੋਹੇ ਸਿਰ ਪੱਗ ਜਿਓਂ
ਹੁਣ ਬੱਚੇ ਸਿੱਖਣਗੇ ਉਂਗਲੀ ਦੀ ਛੋਹ ਰਾਹੀਂ ਪੰਜਾਬੀ
ਪੰਜਾਬੀ ਫੌਂਟਾਂ ਨਾਲ ਜੁੜੇ ਮਸਲੇ

ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਯੂਨੀਕੋਡ ਪ੍ਰਣਾਲੀ ਦੀ ਮਹਤੱਤਾ

ਡਾ. ਥਿੰਦ ਵਲੋਂ ਹੁਣ ਕੰਪੂਟਰ ਲਈ ਯੂਨੀਕੋਡ ਗੁਰਮੁਖੀ ਅੱਖਰਮਾਲਾ ਦਾ ਪਹਿਲਾ ਸੈਟ ਤਿਆਰ।
ਪੰਜਾਬੀ ਸੌਫਟਵੇਅਰਜ਼ ਦਾ ਪੂਰਾ ਲਾਭ ਨਹੀਂ ਲੈ ਰਹੇ ਲੋਕ
ਯੂਨੀਕੋਡ ਪ੍ਰਣਾਲੀ (Unicode System)
ਪੰਜਾਬੀ ਦੀਆਂ ਦੁਸ਼ਵਾਰੀਆਂ ਤੇ ਆਸ ਦੀ ਕਿਰਨ
ਪੰਜਾਬੀ ਦਾ ਕੰਪਿਊਟਰ ਕੀ-ਬੋਰਡ – ਇੱਕ ਚੁਣੌਤੀ
ਪੰਜਾਬੀ ਭਾਸ਼ਾ - ਦੁਰਦਸ਼ਾ ਦੀ ਦਾਸਤਾਨ

ਪੰਜਾਬੀ:XL ਡਾਊਨਲੋਡ

ਪੰਜਾਬੀ ਭਾਸ਼ਾ ਚੇਤਨਾ

ਪੰਜਾਬੀ:XL ਸਿਖਲਾਈ ਕੋਰਸ

ਭਾਸ਼ਾ ਬਾਰੇ ਟੀ ਵੀ ਵਿਚਾਰ ਵਿਮਰਸ਼

ਮਾਤ ਭਾਸ਼ਾ ਮੰਥਨ


Terms and Conditions
Privacy Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com