WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
ਲਗ ਪਗ ਅੱਧੀ ਸਦੀ ਤੋਂ, ਆਜ਼ਾਦ ਭਾਰਤ ਵਿਚ, ਪੰਜਾਬੀ ਭਾਸ਼ਾ ਨੂੰ ਉਸਾਰਨ ਅਤੇ ਉੱਚ ਕੋਟੀ ਦੀ ਸਿੱਖਿਆ ਦਾ ਮਾਧਿਅਮ ਬਣਾਉਣ ਦੇ ਚਰਚੇ ਲਗਾਤਾਰ ਚਲਦੇ ਆ ਰਹੇ ਹਨ। ਇਸ ਵਿਸ਼ੇ 'ਤੇ ਹਰ ਰਾਜਨੀਤਕ ਰੰਗ ਦੇ ਆਗੂ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਂਦੇ ਅਤੇ ਉਕਸਾਉੰਦੇ ਰਹੇ ਅਤੇ ਰਹਿੰਦੇ ਹਨ। ਉਹ ਪੰਜਾਬੀ ਨੂੰ 'ਵਿਗਿਆਨਕ' ਭਾਸ਼ਾ ਬਣਾਉਣ ਦੇ ਲਗਾਤਾਰ ਵੱਡੇ ਵੱਡੇ ਦਾਅਵੇ ਕਰਦੇ ਹਨ ... ਪਰ ਹੋਇਆ ਅੱਜ ਤਕ ਕੁੱਝ ਵੀ ਨਹੀ! ਸਗੋਂ ਇਸ ਦੇ ਉਲਟ ਪੰਜਾਬੀ ਭਾਸ਼ਾ ਦੀ ਹਾਲਤ ਖਰਾਬ ਹੀ ਹੋਈ ਹੈ। ਉਪਨਿਵੇਸ਼ੀ ਭਾਸ਼ਾ ਕੈਂਸਰ ਦੇ ਰੋਗ ਵਾਂਗੂ ਸਮਾਜ ਨੂੰ ਚਿੰਬੜੀ ਹੋਈ ਹੈ; ਕੌਨਵੈਂਟ ਸਕੂਲਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਵਿਸ਼ਵਿਦਿਆਲਿਆਂ ਦੀ ਬੇਤਹਾਸ਼ਾ ਭਰਮਾਰ ਨਾਲ ਵਿਦਿਆ ਦੇ ਮਿਆਰ ਵਿਚ ਫਿਕਰਮੰਦ ਗਿਰਾਵਟ ਆਈ ਹੈ। ਸਮਾਜ ਦੀ ਸੋਚਣ ਸ਼ਕਤੀ ਨੂੰ ਜੜ੍ਹੋਂ ਖਤਮ ਕਰਕੇ 'ਨਕਲਚੀ' ਸਮਾਜ ਸਿਰਜਣ ਵਿੱਚ ਕੋਈ ਕਸਰ ਨਹੀਂ ਛੱਡੀ। ਅੱਜ ਕੱਲ ਦੇ ਸਕੂਲਾਂ, ਕਾਲਜਾਂ ਅਤੇ ਵਿਸ਼ਵਵਿਦਿਆਲਿਆਂ ਤੋਂ "ਪੜ੍ਹੇ ਲਿਖੇ" ਲੋਕ ਆਪਣੇ ਆਪ ਨੂੰ ਪੰਜਾਬੀ ਵਿਚ ਪ੍ਰਗਟਾਉਣ ਦੇ ਅਸਮਰੱਥ ਹਨ। ਸੰਚਾਰ ਮਾਧਿਅਮ ਅਤੇ ਸਮਾਜਕ ਅਦਾਨ ਪ੍ਰਦਾਨ ਵਿਚ ਵਰਤੀ ਜਾਂਦੀ ਅਸ਼ਲੀਲ ਅਤੇ ਕੂੜ ਕਿਸਮ ਦੀ ਭਾਸ਼ਾ ਇਸ ਦਾ ਜਿਉਂਦਾ ਜਾਗਦਾ ਸਬੂਤ ਹੈ। ਪੰਜਾਬ ਦੇ ਵਿਦਿਅਕ ਅਤੇ ਸਰਕਾਰੀ ਅਦਾਰੇ ਇਸ ਅਪਰਾਧ ਦੇ ਬਰਾਬਰ ਦੇ ਭਾਗੀਦਾਰ ਹਨ। 5abi.com 'ਤੇ ਸਾਡੀ ਮੁੱਢ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਆਧੁਨਿਕ, ਵਿਗਿਆਨਕ ਅਤੇ ਤਕਨੀਕੀ ਵਿਸ਼ਿਆਂ 'ਤੇ ਖਾਸ ਅਤੇ ਲੋੜੀਂਦੀ ਜਾਣਕਾਰੀ ਮੁਹੱਈਆ ਕਰਾਈ ਜਾਵੇ। ਪਰ, ਕਿਉਂਕਿ ਪੰਜਾਬੀ ਭਾਸ਼ਾ ਵਿਚ ਇਸ ਤਰ੍ਹਾਂ ਦਾ ਸਾਹਿਤ ਰਚਿਆ ਨਹੀ ਜਾਂਦਾ, ਇਸ ਲਈ ਸਾਡੀ ਇਹ ਕੋਸ਼ਿਸ਼ ਨਿਰਾਸ਼ਾਜਨਕ ਰਹੀ ਹੈ ... ਪਰ ਸਮੇ ਸਮੇ ਅਸੀਂ ਇਹ ਕੋਸ਼ਿਸ਼ ਕਰਦੇ ਹੀ ਰਹਿੰਦੇ ਹਾਂ। ਸਾਡੇ ਬਹੁਤ ਸਾਰੇ ਸੂਝਵਾਨ ਪਾਠਕਾਂ ਵਲੋਂ ਵਾਰ ਵਾਰ ਇਸ਼ਾਰਾ ਮਾਤਰ ਉਂਗਲ ਉਠਾਈ ਜਾਂਦੀ ਰਹੀ ਹੈ ਕਿ ਕਿਉਂ ਨਹੀਂ ਯੁਨੀਵਰਸਿਟੀਆਂ ਦੇ ਵਿਦਿਵਾਨ ਇਸ ਤਰ੍ਹਾਂ ਦਾ ਸਾਹਿਤ ਪੈਦਾ ਕਰਦੇ? 

ਪਿਛਲੇ ਕੁੱਝ ਸਾਲਾਂ ਤੋਂ ਸੰਚਾਰ ਮਾਧਿਅਮ ਅਤੇ ਸੂਚਨਾ ਤਕਨੀਕ ਵਿਚ ਬੜੀ ਸ਼ਾਨਦਾਰ ਅਤੇ ਸ਼ਲਾਘਾਯੋਗ ਵਿਕਾਸ ਹੋਇਆ ਹੈ, ਜ਼ਾਹਰ ਹੈ ਪੰਜਾਬੀ ਭਾਸ਼ਾ ਨੂੰ ਵੀ ਇਸਨੇ ਪ੍ਰਭਾਵਿਤ ਕੀਤਾ ਹੈ। ਕੰਪਿਊਟਰ ਤਕਨੀਕ ਵਿੱਚ ਵੀ ਪੰਜਾਬੀ ਭਾਸ਼ਾ ਪਿੱਛੇ ਨਹੀਂ ਰਹੀ। ਪਰ ਬੇਹੱਦ ਅਫਸੋਸ-ਜਨਕ ਗੱਲ ਇਹ ਹੈ ਕਿ ਇਸ ਦੀ ਵਰਤੋਂ, ਪੰਜਾਬੀਆਂ ਵਿਚ, ਵਿਸ਼ਾਲ ਪੱਧਰ 'ਤੇ ਨਹੀ ਹੋਈ ਤੇ ਨਾ ਹੀ ਹੋ ਰਹੀ ਦਿਸ ਰਹੀ ਹੈ। ਇਸ ਦੇ ਬਹੁਤ ਸਾਰੇ ਸਮਾਜਕ, ਆਰਥਿਕ, ਵਿਦਿਅਕ ਅਤੇ ਰਾਜਨੀਤਕ ਕਾਰਨ ਹੋ ਸਕਦੇ ਹਨ। ਪਰ ਮੌਜੂਦਾ ਸਮੇਂ ਦੀ ਮੁੱਖ ਲੋੜ ਹੈ ਪੰਜਾਬੀ ਵਿਚ "ਵਿਗਿਆਨਕ ਸੱਭਿਆਚਾਰ" ਪੈਦਾ ਕਰਨ ਦੀ ਜੋ ਇਕ "ਠੋਸ ਅਤੇ ਧੜੱਲੇਦਾਰ ਮੁਹਿੰਮ"  ਹੀ ਸੰਭਵ ਹੋ ਸਕਦਾ ਹੈ। ਇਸ ਮੁਹਿੰਮ ਦਾ ਝੰਡਾ ਅਤੇ ਨਗਾਰਾ ਬਣਾਇਆ ਜਾਵੇ ‘ਪੰਜਾਬੀ ਯੂਨੀਕੋਡ’ ਜਿਸ ਤੋਂ ਬਿਨਾਂ ਹੋਰ ਕੋਈ ਚਾਰਾ ਨਜ਼ਰ ਨਹੀਂ ਆ ਰਿਹਾ। ਇਸ ਮੁਹਿੰਮ ਵਿੱਚ ਹਰ ਪੰਜਾਬੀ ਦਾ ਅਤੇ ਅਦਾਰੇ ਦਾ ਪਾਰਦਰਸ਼ ਅਤੇ ਪ੍ਰਤੀਬੱਧ ਯੋਗਦਾਨ ਬਹੁਤ ਜ਼ਰੂਰੀ ਲੋੜੀਂਦਾ ਹੈ। ਇਸ ਮੰਤਵ ਨੂੰ ਮੁੱਖ ਰੱਖਦੇ ਹੋਏ ਅਸੀ, 5abi.com, 'ਤੇ ਯੂਨੀਕੋਡ ਦੇ ਵਿਸ਼ੇ 'ਤੇ ਇਕ ਛੋਟਾ ਜਿਹਾ ਉਪਰਾਲਾ ਸ਼ੁਰੂ ਕਰ ਰਹੇ ਹਾਂ। ਅਸੀਂ ਉਮੀਦ ਰੱਖਾਂਗੇ ਕਿ ਸਾਡੇ ਸੁਹਿਰਦ ਪਾਠਕ ਇਸ ਵਿੱਚ ਉਤਸ਼ਾਹਪੂਰਵਕ ਹਿੱਸਾ ਲੈ ਕੇ ਅਤੇ ਬਣਦਾ ਯੋਗਦਾਨ ਪਾ ਕੇ ਪੰਜਾਬੀ ਭਾਸ਼ਾ ਦੀ ਤਰੱਕੀ ਅਤੇ ਪਾਸਾਰ ਕਰਨ ਵਿੱਚ ਆਪਣਾ ਬਣਦਾ ਫਰਜ਼ ਜ਼ਰੂਰ ਨਿਭਾਉਣਗੇ।
.... ਸੰਪਾਦਕ,  25 ਦਿਸੰਬਰ 2015.

ਪੰਜਾਬੀ ਭਾਸ਼ਾ ਅਤੇ ਸੰਚਾਰ ਮਾਧਿਅਮ
ਸ਼ਿੰਦਰ ਪਾਲ ਸਿੰਘ

ਸਤਿਕਾਰਯੋਗ ਸੰਪਾਦਕ, ਡਾ. ਬਲਦੇਵ ਸਿੰਘ ਕੰਦੋਲਾ ਜੀ

ਬਹੁਤ ਅਰਸੇ ਬਾਅਦ ਆਪਜੀ ਨੂੰ ਇਹ ਖਤ, ਉਹ ਵੀ ਪੰਜਾਬੀ:XL ਕੀ-ਬੋਰਡ ਦੀ ਵਰਤੋਂ ਕਰਕੇ, ਯੂਨੀਕੋਡ ਅੱਖਰਾਂ ‘ਚ ਲਿਖਿਆ ਜਾ ਰਿਹਾ ਹੈ।

ਆਪਜੀ ਨੂੰ ਯਾਦ ਹੋਵੇਗਾ ਕਿ ਸਾਲ 2004/2005 ਵਿੱਚ ਇੱਕ ਵਾਰ, ਏਸੇ ਹੀ ਸਾਈਟ ਤੇ, ਆਪਸੀ ਵਿਚਾਰ ਵਟਾਂਦਰੇ ਲਈ ਪੰਜਾਬੀ ‘ਚ ਖਤ ਲਿਖਣ ਲਈ ਮੁਹਿੰਮ ਵਿੱਢੀ ਗਈ ਸੀ। ਉਸਦਾ ਅਸਰ ਅਤੇ ਨਤੀਜਾ ਬਹੁਤੇ ਪਾਠਕਾਂ ਨੂੰ ਸ਼ਾਇਦ ਅੱਜ ਵੀ ਯਾਦ ਹੋਵੇ। ਪਰ ਉਸ ਨਤੀਜੇ/ਮੁਕਾਮ ਤੇ ਪਹੁੰਚਣ ਲਈ ਕਿਹੜੇ ਢੰਗ ਤਰੀਕੇ ਅਪਨਾਏ ਗਏ ਹੋਣਗੇ, ਯਾਦ ਕਰਕੇ ਕੇ ਅੱਜ ਸੋਚ ਅਜੀਬ ਦੁਬਿਧਾ ਵਿੱਚ ਹੈ। ਪ੍ਰਚਾਰ ਅਤੇ ਸੰਚਾਰ ਸਾਧਨਾਂ ‘ਚ ਇਨ੍ਹਾਂ ਦਸ ਸਾਲਾਂ ਵਿੱਚ ਕਿੰਨੀ ਤਬਦੀਲੀ ਹੋ ਗਈ ਜੋ ਸ਼ਾਇਦ ਬਹੁਤਿਆਂ ਲਈ ਸਮਝ ਤੋਂ ਬਾਹਰ ਹੈ। ਕਈ ਵਾਰ ਜਾਪਦਾ ਹੈ ਕਿ ਬੰਦਾ ਤੇ ਸਮਾਂ ਵਿਪਰੀਤ ਦਿਸ਼ਾਵਾਂ ‘ਚ ਸਫਰ ਕਰ ਰਹੇ ਹਨ ਤੇ ਉਹ ਇੱਕ ਦੂਜੇ ਦੇ ਕੋਲੋਂ ਜਾਂ ਦੂਰੋਂ ਏਨੀ ਤੇਜ਼ੀ ਨਾਲ਼ ਗੁਜ਼ਰ ਜਾਂਦੇ ਹਨ ਕਿ ਕਿਸੇ ਨੂੰ ਕੋਈ ਖ਼ਬਰ ਵੀ ਨਹੀਂ ਹੁੰਦੀ।

ਖੁਸ਼ੀ ਦੀ ਗੱਲ ਕਿ ਪੰਜਾਬੀ ਨੂੰ ਕੰਪਿਊਟਰ ਦੇ ਸਮਰੱਥ ਭਾਸ਼ਾ ਬਣਾਉਣ ਲਈ ਅਤੇ ਕੰਪਿਊਟਰ ਤੇ ਇਸਦੀ ਨਿੱਜੀ ਵਰਤੋਂ ਕਰਨ ਅਤੇ ਵਿਸ਼ਵ ਪੱਧਰ ਤੇ ਆਪਸੀ ਸਾਂਝ ਅਤੇ ਸੰਚਾਰ ਵਧਾਉਣ ਹਿੱਤ ਪੰਜਾਬੀ ਲਿਖਣ ਵਾਲ਼ਿਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਸਹੀ ਹੱਲ, ਪੰਜਾਬੀ:XL ਦੇ ਰੂਪ ‘ਚ ਪੇਸ਼ ਹੋਇਆ ਹੈ। ਇਸ ਕੀ-ਬੋਰਡ ਦਾ ਆਪਣੀ ਸੰਪੂਰਨ ਸਮਰੱਥਾ ਦੀ ਪਰਖ ਵਾਸਤੇ ਇੰਗਲੈਂਡ ਦੇ ਬੁੱਧੀਜੀਵੀਆਂ ਦੀ ਕਚਹਿਰੀ ਵਿੱਚ ਪੇਸ਼ ਹੋਣਾ ਜਿੱਥੇ ਆਪਣੇ ਆਪ ਵਿੱਚ ਅਹਿਮ ਘਟਨਾ ਹੈ ਉੱਥੇ ਸ਼ੁੱਭ ਸ਼ਗਨ ਵੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿੱਥੇ ਬਹੁਮਤ ਵਲੋਂ ਇਸਦਾ ਬਣਦਾ ਭਰਵਾਂ ਸਵਾਗਤ ਕੀਤਾ ਗਿਆ ਉੱਥੇ ਕੁੱਝ ਤੇਜ ਨਜਰ ਪਾਰਖੂਆਂ ਵਲੋਂ ਇਸਦੀ ਯੋਗ ਕਾਰਗੁਜ਼ਾਰੀ ਅਤੇ ਇਸਦੇ ਪਿਛੋਕੜ ਤੇ ਇਤਿਹਾਸ ਸਬੰਧੀ ਢੁੱਕਵੇਂ ਸਵਾਲ ਵੀ ਉਠਾਏ ਗਏ। ਪਰ ਖ਼ਾਸ ਗੱਲ ਕਿ ਇਨਾਂ ਵਿੱਚ ਕਿਸੇ ਕਿਸਮ ਦੀ ਸ਼ੰਕਾ ਕੋਈ ਨਹੀਂ ਸੀ। ਹਰ ਇੱਕ ਨੂੰ ਆਪਣੇ ਸਵਾਲ ਦਾ ਤਰਕਸ਼ੀਲ ਤੇ ਤਸੱਲੀਬਖਸ਼ ਜਵਾਬ ਮਿਲ਼ਿਆ। ਇਨ੍ਹਾਂ ਸਵਾਲਾਂ ‘ਚੋਂ ਜ਼ਿਆਦਾਤਰ ਕੰਪਿਊਟਰ ਤੇ, ਮਸਾਂ ਮਸਾਂ ਜਾਂ ਬੜੀ ਮੁਸ਼ਕਿਲ ਨਾਲ, ਪੰਜਾਬੀ ਲਿਖਣੀ ਸਿੱਖਣ ਵਾਲ਼ਿਆਂ ਦੇ ਮਨਾਂ ‘ਚ ਨਵੀਆਂ ਪੈਦਾ ਹੋਈਆਂ ਮੁਸ਼ਕਿਲਾਂ ਦੇ ਡਰ ‘ਚੋਂ ਉਪਜੇ ਜਾਪਦੇ ਹਨ। ਇਹ ਵੀ ਸਹੀ ਹੈ ਕਿ ਉਨਾਂ ਨੂੰ ਦਿਸਦੀਆਂ ਮੁਸ਼ਕਿਲਾਂ ਜਾਂ ਉਨਾਂ ਦੇ ਮਨਾਂ ‘ਚ ਵਸੇ ਡਰ ਵੀ ਕਿਸੇ ਹੱਦ ਤੱਕ ਜਾਇਜ ਹਨ। ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਡਰ ਬੜੇ ਓਪਰੇ ਜਾਂ ਥੋੜ੍ਹ ਚਿਰੇ ਹੀ ਹਨ।

ਵਿਸ਼ਾ ਬਹੁਤ ਵਿਸ਼ਾਲ ਹੈ, ਸ਼ਾਇਦ ਕੁੱਝ ਇੱਕ ਲਈ ਗੁੰਝਲਦਾਰ ਵੀ ਪਰ ਡਰਾਉਣਾ ਕਤਈ ਨਹੀਂ। ਹਾਂ ਇਕੱਲਿਆਂ ਇਕਹਿਰਿਆਂ ਲਈ ਸ਼ਾਇਦ ਇਹ ਜ਼ਰੂਰ ਹੋਵੇ। ਸਿਖਲਾਈ ਵਰਕਸ਼ਾਪਸ ਤੋਂ ਬਾਅਦ, ਇਹ ਗੱਲ ਵੀ ਸ਼ਾਇਦ ਠੀਕ ਹੋਵੇ ਕਿ, ਬਹੁਤਿਆਂ ਦੀ ਅਜੇ ਪੂਰੀ ਤਸੱਲੀ ਨਾ ਵੀ ਹੋਈ ਹੋਵੇ ਜਾਂ ਫਿਰ ਉਨ੍ਹਾਂ ਦੇ ਮਨਾਂ ਵਿੱਚ ਕੁੱਝ ਹੋਰ, ਨਵੇਂ ਸਵਾਲ ਵੀ ਪੈਦਾ ਹੋ ਗਏ ਹੋਣ, ਹੋ ਸਕਦਾ ਹੈ ਕਿਸੇ ਨੂੰ ਸਵਾਲ ਕਰਨ ਦਾ ਮੌਕਾ ਹੀ ਨਾ ਮਿਲ਼ਿਆ ਹੋਵੇ, ਹੋ ਸਕਦਾ ਹੈ ਕੋਈ ਮਨ ਹੀ ਮਨ ਡਰਦਾ ਪੁੱਛਣ ਤੋਂ ਝਿਜਕ ਗਿਆ ਹੋਵੇ, ਹੌਸਲਾ ਹੀ ਨਾ ਕਰ ਸਕਿਆ ਹੋਵੇ.... ਜਾਂ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ। ਇਸ ਲਈ ਸਾਰਿਆਂ ਵਾਸਤੇ ਸਾਂਝੇ ਪਲੇਟ ਫਾਰਮ ਤੇ ਜੁੜ ਬੈਠਣਾ ਬਹੁਤ ਹੀ ਜ਼ਰੂਰੀ ਹੈ। ਜਿੱਥੇ ਸਾਰੇ ਆਪਣਾ ਆਪਣਾ ਫਿਕਰ, ਡਰ ਜਾਂ ਸ਼ੰਕਾ ਨਵਿਰਤ ਕਰਨ ਦਾ ਮੌਕਾ ਸਹਿਜ ਸੁਭਾਅ ਹੀ ਪ੍ਰਾਪਤ ਕਰ ਸਕਦੇ ਹਨ, ਬਿਨਾ ਕਿਸੇ ਝਿਜਕ ਦੇ।

ਵਿਸ਼ੇ ਦੇ ਸੰਦਰਭ ਵਿੱਚ ਆਪਣੇ ਨਿੱਜੀ ਤਜਰਬੇ ਤੋਂ, ਇੱਕ ਗੱਲ ਹੋਰ ਸ਼ਾਮਿਲ ਕਰਨੀ ਚਾਹਾਂਗਾ ਕਿ ਵਿਦਿਆਰਥੀ ਅਕਸਰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਅਧਿਆਪਕ ਤੋਂ ਸਿੱਖਣ ਦੇ ਨਾਲ਼ ਨਾਲ਼ ਆਪਣੇ ਸੰਗੀ ਸਾਥੀਆਂ ਤੋਂ ਵੀ ਸਿੱਖਦੇ ਹਨ। ਮੈਂ ਸੋਚਦਾਂ ਕਿ ਇਹ ਬਹੁਤ ਜ਼ਰੂਰੀ ਹੈ ਕਿ ਨਵੇਂ ਸਿਖਾਂਦਰੂਆਂ ਲਈ ਅਜੇਹਾ ਮੌਕਾ ਸਿਰਜਿਆ ਜਾਵੇ ਤਾਂ ਕਿ ਉਹ ਬੇਝਿਜਕ ਆਪਣੇ ਮਨ ਦੇ ਸ਼ੰਕੇ ਤੇ ਸਵਾਲ ਬਾਕੀਆਂ ਨਾਲ਼ ਸਾਂਝੇ ਕਰ ਸਕਣ। ਪਰ ਇਸ ਤੋਂ ਪਹਿਲਾਂ ਇੱਕ ਸੁਝਾਅ ਹੋਰ ਹੈ ਕਿ ਇਸ ਕੀ-ਬੋਰਡ ਨੂੰ ਕੰਪਿਊਟਰ ਤੇ ਉਤਾਰਨ ਭਾਵ ਡਾਊਨਲੋਡ ਕਰਨ ਲਈ ਇਸਦਾ ਲਿੰਕ, ਸਭ ਹਦਾਇਤਾਂ ਸਮੇਤ, ਉਪਲਬਧ ਕਰਾ ਦਿੱਤਾ ਜਾਵੇ ਤਾਂ ਕਿ ਬਾਕੀ ਸਾਰੇ ਇਸਨੂੰ ਡਾਊਨਲੋਡ ਕਰਕੇ ਇਸਦਾ ਅਭਿਆਸ ਅਤੇ ਪਰਖ ਕਰ ਸਕਣ। (ਪੰਜਾਬੀ:XL ਡਾਊਨਲੋਡ ਸਿਰਫ ਵਿੰਡੋਜ਼ ਲਈ) ਇਸਦੇ ਨਾਲ ਹੀ ਸਾਰੇ ਪਾਠਕਾਂ ਖਾਸ ਪੰਜਾਬੀ ਲਿਖਣ ਦੇ ਚਾਹਵਾਨਾਂ ਨੂੰ ਅਪੀਲ ਹੈ ਕਿ ਉਹ ਆਪਣਾ ਤਜਰਬਾ ਅਤੇ ਪ੍ਰਤੀਕਰਮ ਬਾਕੀਆਂ ਨਾਲ ਜ਼ਰੂਰ ਸਾਂਝਾ ਕਰਨ ਤਾਂ ਕਿ ਵੱਧ ਤੋਂ ਵੱਧ ਲੋਕ ਇਸਨੂੰ ਅਮਲ ‘ਚ ਲਿਆ ਸਕਣ। ਇਸ ਕਾਰਜ ਲਈ ਉਹ ਰਾਵੀ ਫੌਂਟ/ਅੱਖਰ, ਜੋ ਕਿ ਨਵੇਂ ਕੰਪਿਊਟਰ ਤੇ ਲੈਪ-ਟੌਪਸ ਤੇ ਪਹਿਲਾਂ ਹੀ ਉਪਲਬਧ ਹਨ, ਜਾਂ ਫਿਰ ਅਨਮੋਲਯੂਨੀ ਅੱਖਰ ਹੀ ਵਰਤਣ। ਅਜਿਹਾ ਕਰਨ ਨਾਲ਼ ਉਹ 'ਅਸੀਸ', 'ਸਤਲੁਜ', 'ਧਨੀ ਰਾਮ ਚਾਤ੍ਰਿਕ', 'ਗੁਰਬਾਣੀ ਲਿੱਪੀ', 'ਸਮਤੋਲ' ਆਦਿ ਸੈਂਕੜੇ ਅੱਖਰਾਂ ਤੋਂ ਛੁਟਕਾਰਾ ਪਾ ਸਕਦੇ ਹਨ। ਮੇਰੇ ਨਿੱਜੀ ਖਿਆਲ ਮੁਤਾਬਿਕ ਅਨਮੋਲਯੂਨੀ (AnmolUni)ਅੱਖਰਾਂ ਦੀ ਦਿੱਖ ਰਾਵੀ (Raavi) ਨਾਲ਼ੋਂ ਚੰਗੀ ਹੈ।

ਅਖ਼ੀਰ ਵਿੱਚ ਮੈਂ ਏਸੇ ਸੁਨੇਹੇ ਨਾਲ਼ ਆਪਣੀ ਗੱਲ ਖ਼ਤਮ ਕਰਨ ਦੀ ਇਜਾਜ਼ਤ ਲਵਾਂਗਾ ਕਿ ਯੂਨੀਕੋਡ ਅਤੇ Windows XP ਦੀ ਆਮਦ ਨੇ ਪੰਜਾਬੀ ਭਾਸ਼ਾ ਲਈ ਨਵੇਂ ਦਿਸਹੱਦੇ ਸਿਰਜੇ ਸਨ ਪਰ ਅਫਸੋਸ ਕਿ ਪੰਜਾਬੀ ਇਨ੍ਹਾਂ ਤੋਂ ਪਾਰ ਦੇਖ ਹੀ ਨਾ ਸਕੇ। ਪਰ ਹੁਣ ਇੱਕ ਵਾਰ ਫੇਰ ਪੰਜਾਬੀ:XL ਨੇ ਪੰਜਾਬੀਆਂ ਲਈ ਸਾਰੇ ਬੂਹੇ ਬਾਰੀਆਂ ਇੱਕ ਵਾਰ ਫੇਰ ਖ੍ਹੋਲ ਦਿੱਤੇ ਹਨ। ਸਾਰੇ ਇਸਦਾ ਫਾਇਦਾ ਉਠਾਓ ਤੇ ਆਪਣੇ ਅਤੇ ਪੰਜਾਬੀ ਭਾਸ਼ਾ ਦੇ ਚਿਰਾਂ ਤੋਂ ਸੁੱਤੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਆਪਣੀ ਮੱਦਦ ਆਪ ਕਰੋ। ਭਾਵ ਹਰ ਇੱਕ ਦਾ ਏਹੋ ਅਕੀਦਾ ਹੋਵੇ ਕਿ ਆਪਸੀ ਸੰਪਰਕ, ਚਿੱਠੀ ਪੱਤਰ, ਤਾਲ਼-ਮੇਲ਼, ਵਿਚਾਰ ਵਟਾਂਦਰਾ, ਜਾਣਕਾਰੀ ਦੀ ਭਾਲ਼, ਖੋਜ ਕਾਰਜ ਪੰਜਾਬੀ ਵਿੱਚ ਹੀ ਕਰਨਾ ਹੈ ਅਤੇ ਉਹ ਵੀ ਯੂਨੀਕੋਡ ਵਿੱਚ, ਜਿਸਨੂੰ ਕੋਈ ਵੀ, ਦੁਨੀਆਂ ਦੇ ਕਿਸੇ ਵੀ ਖੂੰਜੇ ਬੈਠਾ ਪੰਜਾਬੀ ਬਿਨਾ ਕਿਸੇ ਮੁਸ਼ਕਿਲ ਦੇ ਪੜ੍ਹ ਸਕਦਾ ਹੈ। ਇਸ ਵਾਸਤੇ ਕਿਸੇ ਵੀ ਕਿਸਮ ਦੇ ਕਨਵਰਟਰ  ਜਾਂ ਵਿਚੋਲੇ ਦੀ ਲੋੜ ਜਾਂ ਕੋਈ ਹੋਰ ਝੰਜਟ ਹੀ ਨਾ ਹੋਵੇ। ਇਹ ਕੋਈ ਔਖਾ ਕਾਰਜ ਨਹੀਂ। ਕਿਸੇ ਨੂੰ ਵੀ, ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਆਉਂਦੀ ਹੋਵੇ, ਕੋਈ ਗੱਲ ਸਮਝ ਨਾ ਲੱਗਦੀ ਹੋਵੇ ਤਾਂ ਕਿਸੇ ਵੀ ਤਰਾਂ ਦੀ ਹੀਣਤਾ, ਸ਼ਰਮ, ਡਰ ਜਾਂ ਝਿਜਕ ਮਹਿਸੂਸ ਕੀਤੇ ਬਿਨਾ, ਕੋਈ ਵੀ ਸਲਾਹ ਇੱਕ ਦੂਜੇ ਨੂੰ ਪੁੱਛ ਦੱਸ ਸਕਦੇ ਹੋ।

ਨਵੇਂ ਸਾਲ਼ ਦਾ ਆਪਣੇ ਆਪ ਨਾਲ਼ ਏਹੋ ਪ੍ਰਣ (ਰੈਜ਼ੋਲੂਸ਼ਨ) ਹੋਵੇ ਕਿ "ਮੈਂ ਪੰਜਾਬੀ ਯੂਨੀਕੋਡ ਸਿੱਖਣਾ ਤੇ ਪੰਜਾਬੀ:XL ਅਪਨਾਉਣਾ ਹੀ ਹੈ!! "
ਇਸ ਭਰਪੂਰ ਆਸ ਨਾਲ਼ ਸਭ ਨੂੰ ਤੇ ਪੰਜਾਬੀ ਦੇ ਉੱਜਲ ਭਵਿੱਖ ਨੂੰ

ਨਵੇਂ ਸਾਲ਼ ਦੀਆਂ ਮੁਬਾਰਕਾਂ
ਅਤੇ ਦਿਲੀ ਸ਼ੁੱਭ ਇੱਛਾਵਾਂ ਸਹਿਤ
ਸ਼ਿੰਦਰ ਪਾਲ ਸਿੰਘ

ਆਪਣੇ ਵਿਚਾਰ ਸਾਨੂੰ ਲਿਖੋ (info@5abi.com)

ਪਾਠਕਾਂ ਦੀ ਪ੍ਰਤੀਕਿਰਿਆ ...
 

ਰਵੇਲ ਸਿੰਘ ਇਟਲੀ  (20/03/16)
ਆਦਰ ਯੇਗ ਕੰਦੋਲਾ ਜੀਓ ਸੱਤ ਸ੍ਰੀ ਅਕਾਲ ,ਇਕ ਲੇਖ ਭੇਜ ਰਿਹਾਂ ਹਾਂ ,.ਆਸ ਹੈ ਪ੍ਰਵਾਨ ਕਰੋਗੇ ।

ਪਿਆਰੇ ਰਵੇਲ ਜੀ,
ਤੁਸੀਂ ਤਾਂ ਕਮਾਲ ਹੀ ਕਰ ਦਿਖਾਇਆ!!!
ਬਰਤਾਨੀਆ ਦੇ ਲਿਖਾਰੀ ਜਿਹੜਾ ਕੰਮ ਕਈ ਸਾਲਾਂ ਵਿਚ ਨਹੀ ਕਰ ਸਕੇ ਤੁਸੀਂ ਕੁੱਝ ਦਿਨਾਂ ਵਿੱਚ ਹੀ ਕਰ ਦਿਖਾਇਆ।
ਬਹੁਤ ਬਹੁਤ ਮੁਬਾਰਕਾਂ!!!!
ਉੱਦਮ ਅੱਗੇ ਲੱਛਮੀ।

ਬਹੁਤ ਬਹੁਤ ਧੰਨਵਾਦ ਅਤੇ ਸ਼ੁੱਭ ਇਛਾਵਾਂ ਨਾਲ,
ਡਾ. ਬਲਦੇਵ ਸਿੰਘ ਕੰਦੋਲਾ (20/03/16)

ਸ਼ਿੰਦਰ ਅਤੇ ਪਰਸ਼ੋਤਮ ਲਾਲ (18/03/2016)

ਪੰਜਾਬੀ ਦੇ ਖ਼ੈਰ-ਖਵਾਹੋ ਅਦੀਬ ਦੋਸਤੋ

ਮਾਂ ਬੋਲੀ ਨੂੰ ਪ੍ਰਣਾਮ ਨਾਲ਼ ਹੀ ਮੈਂ ਆਪਣੀ ਗੱਲ ਸ਼ੁਰੂ ਕਰਦਾ ਹਾਂ।

ਦੋਸਤੋ ਪੰਜਾਬੀ ਬੋਲੀ ਅੱਜ ਦੁਨੀਆਂ ਭਰ ਤੇ ਆਪਣਾ ਸਿਰ ਮਾਣ ਨਾਲ਼ ਉੱਚਾ ਉਠਾ ਕੇ, ਦੁਨੀਆਂ ਭਰ ਦੀਆਂ ਬਾਕੀ ਜ਼ੁਬਾਨਾਂ ਨਾਲ਼ ਮੋਢਾ ਡਾਹ ਕੇ ਤੁਰਨ ਜੋਗੀ ਹੋ ਗਈ ਹੈ। ਜਿਸ ਨਾਲ਼ ਹਰ ਪੰਜਾਬੀ ਦਾ ਵੀ ਸਿਰ ਉੱਚਾ ਹੋਇਆ ਹੈ।

ਆਪ ਸਭ ਲਈ ਸ਼ਾਇਦ ਇਹ ਵੀ ਖੁਸ਼ੀ ਦੀ ਗੱਲ ਹੋਵੇ ਕਿ ਹਰ ਨਵੇਂ ਕੰਪਿਊਟਰ ਜਾਂ ਲੈਪ-ਟੌਪ ਤੇ, ਜਿਸ ਤੇ ਵਿੰਡੋਜ਼ ਸਿਸਟਮ ਹੈ, ਪੰਜਾਬੀ ਲਿਖਣ ਲਈ ਕੀ-ਬੋਰਡ ਉਪਲੱਬਧ ਹੈ ਜੋ ਯੂਨੀਕੋਡ ਪ੍ਰਣਾਲੀ ਤੇ ਅਧਾਰਤ ਹੈ। ਇਸ ਨੂੰ ਵਰਤਣ ਲਈ ਹਰ ਮਸ਼ੀਨ, ਸੰਸਕਰਣ, ਤੇ 'ਰਾਵੀ' ਨਾਮ ਦੇ ਅੱਖਰ, ਫੌਂਟਸ, ਉਪਲੱਬਧ ਨੇ। ਪਰ ਤੁਸੀਂ ਆਪਣੀ ਪਸੰਦ ਮੁਤਾਬਿਕ ਹੋਰ ਸੋਹਣੇ ਦਿਖਣ/ਲੱਗਣ ਵਾਲ਼ੇ ਫੌਂਟਸ ਵੀ ਇੰਟਰਨੈੱਟ ਤੋਂ ਉਤਾਰ ਸਕਦੇ ਹੋ। ਯਾਦ ਰਹੇ ਕਿ ਯੂਨੀਕੋਡ ਪ੍ਰਨਾਲ਼ੀ ਦੁਆਰਾ ਲਿਖੀ ਪੰਜਾਬੀ ਦੁਨੀਆਂ ਦੇ ਕਿਸੇ ਕੋਨੇ ਵਿੱਚ ਵੀ ਆਸਾਨੀ ਨਾਲ਼ ਪੜ੍ਹੀ ਜਾ ਸਕਦੀ ਹੈ। ਕਿਸੇ ਕਨਵਰਟਰ  ਦੇ ਸਹਾਰੇ ਦੀ ਲੋੜ ਨਹੀਂ ਪੈਂਦੀ।

ਪਿਛਲੇ ਦਿਨੀਂ ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਵਿਖੇ ਕੰਪਿਊਟਰ ਜਾਂ ਲੈਪ-ਟੌਪ ਤੇ ਕੰਪਿਊਟਰ ਤੇ ਪੰਜਾਬੀ ਦੀ ਵਰਤੋਂ ਹੋਰ ਸੌਖੀ ਤੇ ਸਰਲ ਕਰਨ ਲਈ ਪੰਜਾਬੀ ਦੇ ਨਵੇਂ ਕੀ-ਬੋਰਡ ਪੰਜਾਬੀ:XL ਨੂੰ ਸਮੂਹ ਪੰਜਾਬੀਆਂ ਦੇ ਰੂ-ਬਰੂ ਕੀਤਾ ਗਿਆ ਹੈ। ਦੁਨੀਆਂ ਭਰ ਦੇ ਪੰਜਾਬੀ ਇਸਨੂੰ 5abi.com ਤੋਂ ਇਸਦਾ ਉਤਾਰਾ ਕਰ ਸਕਦੇ ਹਨ।
ਜਾਂ ਇਸ ਲਿੰਕ ਤੇ ਕਲਿੱਕ ਕਰਕੇ ਵੀ ਉਸ ਵੈੱਬ-ਸਾਈਟ ਤੇ ਜਾਇਆ ਜਾ ਸਕਦਾ ਹੈ : PunjabiXL Keyboard

ਕਿਸੇ ਨੂੰ ਵੀ ਕਿਸੇ ਕਿਸਮ ਦੀ ਮੁਸ਼ਕਿਲ ਆਵੇ ਤਾਂ ਇਹ ਜਾਣਕਾਰੀ ਭੇਜੇ ਜਾਣ ਵਾਲ਼ੇ ਸਿਰਨਾਵੇਂ ਤੇ ਜਾਂ ਫੇਰ PanjabiXL@5abi.com ਤੇ ਬੇ-ਝਿਜਕ ਸੰਪਰਕ ਕੀਤਾ
ਜਾ ਸਕਦਾ ਹੈ। ਤੁਹਾਡੀ ਹਰ ਮੱਦਦ ਕਰਨ ਦਾ ਯਤਨ ਕੀਤਾ ਜਾਵੇਗਾ।

ਜਿਹੜੇ ਪਾਠਕ ਯੂਨੀਕੋਡ ਦੀ ਜਾਣਕਾਰੀ ਤੋਂ ਬਿਲਕੁਲ ਕੋਰੇ ਹਨ ਉਨ੍ਹਾਂ ਦੇ ਗਿਆਤ ਲਈ ਹੇਠਾਂ ਮੁੱਢਲੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ:

ਇਸ ਕੀ-ਬੋਰਡ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਸ੍ਵਰ ਅੱਖਰਾਂ ਦੇ ਨਾਲ਼ ਲੱਗਦੀ ਢੁਕਵੀਂ ਲਗਾ-ਮਾਤਰਾ ਨਾਲ਼ ਹੀ ਮਿਲ਼ਦੀ ਹੈ ਤੇ ਲਿਖਣ ਵਾਲ਼ੇ ਲਈ ਗ਼ਲਤੀ ਕਰਨ ਦੇ ਮੌਕੇ ਘੱਟ ਹਨ।

ਮਿਸਾਲ ਦੇ ਤੌਰ ਤੇ : (ਸ਼ਿਫਟ ਨਾਲ਼)

Q ਨਾਲ਼ ;  W ਨਾਲ਼ ਐ;  E ਨਾਲ਼ ਆ;   R ਨਾਲ਼ ਈ;  T ਨਾਲ਼
A ਨਾਲ਼ ਓ;   S ਨਾਲ਼ ਏ;  D ਨਾਲ਼ ਅ;  F ਨਾਲ਼ ਇ;  G ਨਾਲ਼   ਪਾਏ ਜਾ ਸਕਦੇ ਹਨ।

ਬਾਕੀ ਅੱਖਰਾਂ ਲਈ ਦੇਖੋ : ਬ੍ਰੈਕਟ ਵਿੱਚ ਵੱਡੇ ਅੱਖਰਾਂ (ਸ਼ਿਫਟਦੱਬਣ) ਨਾਲ਼ ਪੈਣਵਾਲ਼ੇ ਅੱਖਰ:
y - ਬ(ਭ)u - ਹ(ਙ)i - ਗ(ਘ)o ਦ(ਧ),  p ਜ(ਝ)[ - ਡ(ਢ)] ਖਾਲੀ(ਞ)
hਪ(ਫ)j ਰ(ੜ),  k – ਕ(ਖ)l ਤ(ਥ); - ਚ(ਛ), ਟ(ਠ),  ≠ - ‘ (“)
\ - ਖ਼ਾਲੀ,  z- ;  (J-x– ਟਿੱਪੀ(ਬਿੰਦੀ),   c– ਮ(ਣ),v– ਨ(ਜ਼),b– ਵ(ੲ),n– ਲ(ਲ਼),m– ਸ(ਸ਼),, - ,(ਁ).- .(। ਡੰਡੀ)/- ਯ(?)

ਰੋਜ਼ ਰੋਜ਼ ਥੋੜ੍ਹਾ ਅਭਿਆਸ ਕਰਨ ਨਾਲ਼ ਲਿਖਣਾ ਆਸਾਨ ਲੱਗਣ ਲੱਗੇਗਾ ਤੇ ਤੁਸੀਂ ਬਿਨਾ ਕਿਸੇ ਕਨਵਰਟਰ ਦੀ ਮੱਦਦ ਦੇ ਆਪਣਾ ਮੁਨੇਹਾ ਆਪਣੀ ਮਾਂ ਬੋਲੀ ਵਿੱਚ ਦੇਸ਼ ਵਿਦੇਸ਼ ਦੇ ਲੱਖਾਂ ਪਾਠਕਾਂ ਤੱਕ ਪੁਚਾਅ ਸਕਦੇ ਹੋ, ਬਿਨਾਂ ਕਿਸੇ ਵਿਚੋਲੇ ਦੇ।

ਸ਼ੁਰੂਆਤ ਹੌਲ਼ੀ ਹੀ ਸਹੀ ਪਰ ਇਹ ਸਭ ਤੋਂ ਆਸਾਨ ਤਰੀਕਾ ਹੈ ਬਾਕੀ ਸਾਰੇ ਝੰਜਟਾਂ ਤੋਂ ਬਚਣ ਦਾ। ਤੁਸੀਂ ਆਪਣਾ ਸੰਦੇਸ਼ ਹੋਰਨਾਂ ਹਜ਼ਾਰਾਂ ਤੱਕ ਕਿਵੇਂ ਪਚਾਉਣਾ ਹੈ, ਕਿਹੜਾ ਰਾਹ ਚੁਣਨਾ ਹੈ, ਸੌਖਾ ਤੇ ਸਿੱਧਾ, ਜਾਂ ਬਿਖੜਾ ਜਾਂ ਔਖਾ ਇਸਦਾ ਫ਼ੈਸਲਾ ਤੁਹਾਡੇ ਸਭ ਤੇ ਛੱਡਦੇ ਹਾਂ।

ਤੁਹਾਡੇ ਫੈਸਲੇ ਜਾਂ ਚੋਣ ਬਾਰੇ ਜਾਨਣ ਦੀ ਉਤਸੁਕਤਾ ਨਾਲ਼
ਪੰਜਾਬੀ ਬੋਲੀ, ਭਾਸ਼ਾ ਅਤੇ ਤੁਹਾਡਾ ਸਭ ਦਾ ਸਨੇਹੀ
ਸ਼ਿੰਦਰ


ਮਾਂ ਬੋਲੀ ਨੂੰ ਪੰਜਾਬੀ ਨੂੰ ਪਰਿਣਾਮ ਕਹਾਂ
ਪਰਸ਼ੋਤਮ ਲਾਲ ਸਰੋਏ, ਜਲੰਧਰ

ਮਾਂ ਬੋਲੀ ਪੰਜਾਬੀ ਨੂੰ ਪਰਿਣਾਮ ਕਹਾਂ--ਅ।
ਲੁਕ-ਛਿਪ ਨੇ ਆਖਾਂ, ਮੈਂ ਸ਼ਰੇਆਮ ਕਹਾਂ। 2।
ਚਾਚੀਆਂ-ਤਾਈਆਂ ਤੋਂ ਉੱਚਾ, ਏਸ ਮਾਂ ਦਾ ਰੁਤਬਾ ਏ।
ਕੋਈ ਵੀ ਵੇਲਾ ਹੋਵੇ, ਇਹ ਗੱਲ ਆਮ ਕਹਾਂ।
ਮਾਂ ਬੋਲੀ ਪੰਜਾਬੀ ਨੂੰ ਪਰਿਣਾਮ ਕਹਾਂ--ਅ।

ਬਚਪਨ ਵਿੱਚ ਮਾਂ ਕਹਿਣਾ ਸਿੱਖਿਆ,
ਮਾਂ ਬੋਲੀ ਪੰਜਾਬੀ ਵਿੱਚ, ਪਹਿਲਾਂ ਮਾਂ ਹੀ ਲਿਖਿਆ। 2।
ਇਸਦੀ ਛਤਰ ਦਾ ਮਿਲੇ ਆਰਾਮ ਕਹਾਂ।
ਮਾਂ ਬੋਲੀ ਪੰਜਾਬੀ ਨੂੰ ਪਰਿਣਾਮ ਕਹਾਂ--ਅ।

ਮਾਂ ਦੀ ਛਤਰ ਛਾਇਆ ਵਿੱਚ ਖੇਡੇ, ਵਿਦਿਆ ਇਸਤੋਂ ਪਾਈ।
ਵੱਡੇ ਹੋ ਗਏ, ਪੈਰੀਂ ਖੜ• ਗਏ, ਮਾਂ ਕਿਉਂ ਦਿਲੋਂ ਭੁਲਾਈ। 2।
ਪਰ ਨਾ ਸੋਚਿਆ ਕਿਉਂ ਨਾ ਇਸਨੂੰ ਧਾਮ ਕਹਾਂ।
ਮਾਂ ਬੋਲੀ ਪੰਜਾਬੀ ਨੂੰ ਪਰਿਣਾਮ ਕਹਾਂ--ਅ।

ਇਸਦੇ ਨਿੱਘ-ਪਿਆਰ ਨੂੰ ਭੁੱਲ ਕੇ, ਗ਼ੈਰਾਂ ਦਾ ਬਣ ਜੋ ਬਹਿੰਦਾ,
ਸੌਂਹ ਰੱਬ ਦੀ ਗੱਲ ਝੂਠ ਨਾ ਆਖਾਂ, ਵਾਰਸ ਨਾ ਉਹ ਰਹਿੰਦਾ,
ਪੰਜਾਬੀ ਨਾ ਭੁੱਲ ਜਾਇਓ! ਏਸ ਮਾਂ ਨੂੰ ਨਾ ਭੁੱਲ ਜਾਇਓ!
ਪੰਜਾਬੀਆਂ ਨੂੰ ਪੈਗ਼ਾਮ ਕਹਾਂ।
ਮਾਂ ਬੋਲੀ ਪੰਜਾਬੀ ਨੂੰ ਪਰਿਣਾਮ ਕਹਾਂ--ਅ।

ਪਰਸ਼ੋਤਮ ਕਹਿੰਦਾ ਮਾਤ ਭਾਸ਼ਾ ਨੂੰ, ਕਦੇ ਨਾ ਤੁਸੀਂ ਭੁਲਾਇਓ,
ਚਾਚੀਆਂ ਤਾਈਆਂ ਆਪਣੀ ਥਾਂ ਰੱਖ,
ਪਰ ਮਾਂ ਨੂੰ ਨਾ ਭੁਲ ਜਾਇਓ। 2।
ਪÎੰਜਾਬੀ ਬੋਲੀ ਸਾਨੂੰ ਰੱਬ ਦਾ ਦਿੱਤਾ, ਇਨਮਾ ਕਹਾਂ।
ਮਾਂ ਬੋਲੀ ਪੰਜਾਬੀ ਨੂੰ ਪਰਿਣਾਮ ਕਹਾਂ--ਅ।
ਪਰਸ਼ੋਤਮ ਲਾਲ ਸਰੋਏ, ਮੋਬਾ: 91-92175-44348

 

ਸ਼ਿੰਦਰ (15/03/2016)
ਪੰਜਾਬੀ ਟ੍ਰਿਬਿਊਨ ਤੇ ਪੰਜਾਬੀ ਦੀ ਦਸ਼ਾ (Microsoft Internet Explorer ਨਾਲ)

ਪਿਆਰੇ ਹਰੀਸ਼ ਖਰੇ ਤੇ ਡਾ. ਬਲਦੇਵ ਕੰਦੋਲਾ ਜੀ

ਵਿਸ਼ੇ ਦੇ ਸਬੰਧ ਵਿੱਚ ਮੈਂ ਤੇ ਡਾ. ਬਲਦੇਵ ਜੀ ਅਕਸਰ ਹੀ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਹਾਂ। ਅੱਜ ਪੇਸ਼ ਨੇ ਦੋ ਖ਼ਬਰਾਂ - ਫਰਕ ਸਿਰਫ ਏਨਾ ਕਿ ਪਹਿਲੀ ਟ੍ਰਿਬਿਉਨ ਦੇ ਪਤਾ ਨਹੀਂ ਕਿਸ ਫੌਂਟ ਵਿੱਚ ਤਿਆਰ ਕੀਤੀ ਹੈ ਜਿਸ ਵਿੱਚ ਅਨੇਕਾਂ ਹੀ ਗ਼ਲਤੀਆਂ ਮੇਰੇ ਲੈਪ ਟੌਪ ਤੇ ਨਜ਼ਰ ਆ ਰਹੀਆਂ ਹਨ ਅਤੇ ਦੂਜੀ ਕੈਲਗਰੀ ਦੇ ਪੱਕਰ-ਪ੍ਰੇਰਕ ਨੇ ਯੂਨੀਕੋਡ ਵਿੱਚ ਲਿਖ ਕੇ ਭੇਜੀ ਲੱਗਦੀ ਹੈ ਕਿ ਉਸ ਵਿੱਚ ਸਿਰਫ ੜ ਅੱਖਰ ਦੀ ਹੀ ਕਮੀ ਹੀ ਵਾਰ ਵਾਰ ਰੜਕੀ ਹੈ।

ਇਸ ਵਿਸ਼ੇ ਅਤੇ ਇਸਦੇ ਸੁਧਾਰ ਬਾਰੇ ਤੁਹਾਡੇ ਵਰਗੇ ਅਦੀਬਾਂ ਦੇ ਵਿਚਾਰਾਂ ਦੀ ਮੈਂ ਤੇ ਮੇਰੇ ਵਰਗੇ ਹੋਰ ਬਹੁਤ ਸਾਰੇ ਪੰਜਾਬੀ ਦੇ ਸੁਹਿਰਦ ਪਾਠਕ ਆਸ ਰੱਖਣਗੇ -
ਇਸ ਉਮੀਦ ਨਾਲ਼ -
ਸ਼ਿੰਦਰ

ਸਾਇਨਾ ਤੇ ਸ੍ਰੀਕਾਂਤ ਦੀਆਂ ਨਜ਼ਰਾਂ ਸਵਿਸ ਓਪਨ ਖ਼ਿਤਾਬ ੳੁੱਤੇ
ਬਾਸੇਲ, 14 ਮਾਰਚ - ਦੋ ਵਾਰ ਦੀ ਜੇਤੂ ਸਾਇਨਾ ਨੇਹਵਾਲ ਅਤੇ ਪਿਛਲੇ ਚੇੈਂਪੀਅਨ ਕੇ ਸ੍ਰੀ ਕਾਂਤ ਆਲ ਇੰਗਲੇੈਂਡ ਚੇੈਂਪੀਅਨਸ਼ਿਪ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਪਿੱਛੇ ਛੱਡਦਿਆਂ ਭਲਕੇ ੲਿੱਥੇ ਕੁਆਲੀਫਾਇਰ ਦੇ ਨਾਲ ਸ਼ੁਰੂ ਹੋ ਰਹੇ ਸਵਿਸ ਓਪਨ ਗ੍ਰਾਂ ਪ੍ਰੀ ਗੋਲਡ ਬੇੈਡਮਿੰਟਨ ਟੂਰਨਾਮੇੈਂਟ ਵਿੱਚ ਖ਼ਿਤਾਬ ਦੀ ਉਮੀਦ ਨਾਲ ਉਤਰਨਗੇ।
ਸਾਲ 2011 ਅਤੇ 2012 ਵਿੱਚ ਖ਼ਿਤਾਬ ਜਿੱਤਣ ਵਾਲੀ ਸਿਖਰਲਾ ਦਰਜਾ ਪ੍ਰਾਪਤ ਸਾਇਨਾ ਮਹਿਲਾ ਸਿੰਗਲਜ਼ ਵਿੱਚ ਆਪਣੇ ਖ਼ਿਤਾਬ ਦੀ ਸ਼ੁਰੂਆਤ ਜਰਮਨੀ ਦੀ ਕਾਰਿਨ ਸ਼ਨਾਮੇ ਦੇ ਖਿਲਾਫ਼ ਕਰੇਗੀ। ਦੂਜੇ ਖਿਤਾਬ ਦੀ ਉਮੀਦ ਵਿੱਚ ਦੁਨੀਆਂ ਦੇ ਦਸਵੇਂ ਨੰਬਰ ਦਾ ਖਿਡਾਰੀ ਅਤੇ ਤੀਜਾ ਦਰਜਾ ਸ੍ਰੀਕਾਂਤ ਪਹਿਲੇ ਦੌਰ ਵਿੱਚ ਇੰਡੋਨੇਸ਼ੀਆ ਦੇ ਮੁਹੰਮਦ ਬਾੳੂ ਪਾਂਗੀਸਤੂ ਨਾਲ ਭਿਡ਼ੇਗਾ। ਬਰਮਿੰਘਮ ਵਿੱਚ ਸਾਇਨਾ ਨੂੰ ਆਲ ਇੰਗਲੇੈਂਡ ਚੇੈਂਪੀਅਨਸ਼ਿਪ ਵਿੱਚ ਸਾਇਨਾ ਨੂੰ ਕੁਆਰਟਰ ਫਾਈਨਲ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਸੀ ਜਦੋਂ ਕਿ ਸ੍ਰੀਕਾਂਤ ਦੂਜੇ ਗੇਡ਼ ਵਿੱਚ ਹੀ ਹਾਰ ਗਿਆ ਸੀ। ਪੁਰਸ਼ ਸਿੰਗਲਜ਼ ਵਿੱਚ ਪੰਜ ਹੋਰ ਭਾਰਤੀ ਵੀ ਚੁਣੌਤੀ ਪੇਸ਼ ਕਰਨਗੇ। ਆਲ ਇੰਗਲੇੈਂਡ ਵਿੱਚ ਦੁਨੀਆਂ ਦੇ ਸਾਬਕਾ ਨੰਬਰ ਇੱਕ ਅਤੇ ਦੋ ਵਾਰ ਦੇ ਓਲੰਪਿਕ ਵਿੱਚੋਂ ਚਾਂਦੀ ਦਾ ਤਗਮਾ ਜੇਤੂ ਮਲੇਸ਼ੀਆ ਦੇ ਲੀ ਚੇਂਗ ਵੇਈ ਨੂੰ ਹਰਾਉਣ ਵਾਲੇ ਬੀਸਾਈਂ ਪਰਣੀਤ ਪਹਿਲੇ ਦੌਰ ਵਿੱਚ ਫਰਾਂਸ ਦੇ ਲੁਕਾਸ ਕੋਰਵੀ ਦਾ ਸਾਹਮਣਾ ਕਰੇਗਾ। ਗਿਆਰਵਾਂ ਦਰਜਾ ਅਜੈ ਜੈਰਾਮ ਮਲੇਸ਼ੀਆ ਦੇ ਜਿਅਾਨ ਸ਼ਿਆਰੰਗ ਚਿਆਂਗ ਨਾਲ ਅਤੇ 13ਵਾਂ ਦਰਜਾ ਅੇੈੱਚ ਅੇੈੱਸ ਪਰਣਾਏ ਫਿਨਲੇੈਂਡ ਦੇ ਕੇਲ ਕੋਲੋਨੇਨ ਦੇ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕਰਨਗੇ। ਗੈਰ ਦਰਜਾ ਸਮੀਰ ਵਰਮਾ ਡੈਨਮਾਰਕ ਦੇ ਅੇੈਮਿਲ ਹੋਲਸਟ ਨਾਲ ਟੱਕਰ ਲਵੇਗਾ। ਭਾਰਤ ਦਾ ਆਨੰਦ ਪਵਾਰ ਜਰਮਨੀ ਦੇ ਸੱਤਵਾਂ ਦਰਜਾ ਮਾਰਕ ਜਵੈਬਲਰ ਨਾਲ ਟੱਕਕ ਲਵੇਗਾ।

ਲਿਖਾਰੀ ਸਭਾ ਕੈਲਗਰੀ ਵੱਲੋਂ ਪੰਜਾਬੀ ਕਵਿਤਾ ਮੁਕਾਬਲੇ
ਪੱਤਰ ਪ੍ਰੇਰਕ
ਕੈਲਗਰੀ, 14 ਮਾਰਚ - ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਇੱਥੋਂ ਦੇ ਵਾਈਟਹੌਰਨ ਹਾਲ ਵਿੱਚ ਕਰਵਾਏ ਪੰਜਵੇਂ ਸਾਲਾਨਾ ਪੰਜਾਬੀ ਕਵਿਤਾ ਉਚਾਰਣ ਮੁਕਾਬਲੇ ਵਿੱਚੋਂ ਕੁਡ਼ੀਆਂ ਦੀ ਚਡ਼੍ਹਤ ਰਹੀ। ਮੁਕਾਬਲੇ ਲਈ ਕੁੱਲ 9 ਤਗ਼ਮਿਆਂ ਵਿੱਚੋਂ ਅੱਠ ਉਪਰ ਕੁਡ਼ੀਆਂ ਦਾ ਕਬਜ਼ਾ ਰਿਹਾ। ਇਸ ਮੁਕਾਬਲੇ ਵਿੱਚ 80 ਦੇ ਕਰੀਬ ਬੱਚਿਆਂ ਨੇ ਤਿੰਨ ਵਰਗਾਂ ਵਿੱਚ ਭਾਗ ਲਿਆ।
ਪਹਿਲਾ ਵਰਗ ਭਾਵੇਂ ਤੀਜੀ ਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ ਸੀ ਪਰ ਇਸ ਤੋਂ ਵੀ ਛੋਟੀ ਉਮਰ ਦੇ ਬੱਚੇ ਇਸ ਵਰਗ ਵਿੱਚ ਨਿੱਤਰੇ। ਇਸ ਵਰਗ ਵਿੱਚੋਂ ਸੁਕਿਰਤ ਕੌਰ ਸਿੱਧੂ ਨੇ ਪਹਿਲਾ, ਪੁਨੀਤ ਕੌਰ ਢੱਡਾ ਨੇ ਦੂਜਾ ਅਤੇ ਕੁਸ਼ਿਕ ਸਿੰਘ ਚੀਮਾ ਨੇ ਤੀਜਾ ਸਥਾਨ ਹਾਸਲ ਕੀਤਾ। ਪੰਜਵੀਂ ਤੇ ਛੇਵੀਂ ਜਮਾਤ ਦੇ ਵਰਗ ਵਿੱਚੋਂ ਰੀਆ ਕੌਰ ਸੇਖੋਂ ਨੇ ਪਹਿਲਾ, ਸੁਖਰੂਪ ਕੌਰ ਸੰਘਾ ਨੇ ਦੂਜਾ ਅਤੇ ਪ੍ਰਭਲੀਨ ਕੌਰ ਗਰੇਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੱਤਵੀਂ ਤੇ ਅੱਠਵੀਂ ਜਮਾਤ ਦੇ ਤੀਜੇ ਵਰਗ ਵਿੱਚੋਂ ਚੰਨਪ੍ਰੀਤ ਕੌਰ ਮੁੰਜਾਲ ਨੇ ਪਹਿਲਾ, ਅਮਰੀਤ ਕੌਰ ਗਿੱਲ ਨੇ ਦੂਜਾ ਅਤੇ ਕੋਮਲ ਕੌਰ ਧਾਲੀਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੱਚਿਆਂ ਨੇ ਅਮਰੀਕ ਸਿੰਘ ਤਲਵੰਡੀ, ਮਨਮੋਹਨ ਸਿੰਘ ਦਾਊਂ, ਕਰਮਜੀਤ ਗਰੇਵਾਲ, ਮਿੰਟੂ ਗੁਰੂਸਰੀਆ ਅਤੇ ਬਲਜਿੰਦਰ ਸੰਘਾ ਦੀਆਂ ਰਚਨਾਵਾਂ ਪੇਸ਼ ਕਰ ਕੇ ਸਮਾਗਮ ਨੂੰ ਬਾਲ ਕਵੀ ਦਰਬਾਰ ਦਾ ਰੂਪ ਦੇ ਦਿੱਤਾ।
ਇਸ ਮੌਕੇ ਲਿਖਾਰੀ ਸਭਾ ਨੇ ਮਾਸਟਰ ਭਜਨ ਗਿੱਲ ਨੂੰ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਕਰ ਕੇ ਸਨਮਾਨਿਤ ਕੀਤਾ। ਗੁਰਬਚਨ ਸਿੰਘ ਬਰਾਡ਼ ਨੇ ਮਾਸਟਰ ਭਜਨ ਗਿੱਲ ਬਾਰੇ ਸੰਖੇਪ ਪਰਚਾ ਪਡ਼੍ਹਿਆ। ਯੰਗ ਭੰਗਡ਼ਾ ਕਲੱਬ ਵੱਲੋਂ ਪੇਸ਼ ਭੰਗਡ਼ੇ ਦੀਆਂ ਦੋ ਵੰਨਗੀਆਂ ਨੇ ਚੰਗੀ ਪ੍ਰਸੰਸਾ ਖੱਟੀ। ਇਸ ਮੌਕੇ ਲਵਪ੍ਰੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਲਡ਼ਕੀ ਨੇ ਅਪਾਹਜ ਹੋਣ ਦੇ ਬਾਵਜੂਦ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ। ਮੰਚ ਸੰਚਾਲਨ ਸਕੱਤਰ ਬਲਵੀਰ ਗੋਰਾ ਨੇ ਕੀਤਾ। ਪ੍ਰਧਾਨ ਤਰਲੋਚਨ ਸੈਹਿੰਬੀ ਨੇ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਲਿਖਾਰੀ ਸਭਾ ਵੱਲੋਂ ਹਰੀਪਾਲ, ਮਹਿੰਦਰਪਾਲ, ਸੁਖਪਾਲ ਪਰਮਾਰ, ਬਲਜਿੰਦਰ ਸੰਘਾ, ਮੰਗਲ ਚੱਠਾ, ਜੋਗਿੰਦਰ ਸੰਘਾ, ਅਵਨਿੰਦਰ ਨੂਰ ਅਤੇ ਰਾਜਿੰਦਰ ਲਾਡੀ ਹਾਜ਼ਰ ਸਨ। (15/03/2016)
ਨਛੱਤਰ ਬੇਲੀ (11/03/16)

ਪਿਆਰੇ ਸੰਪਾਦਕ ਸਾਹਬ ਜੀ,
ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਓ ਤੇ ਵਧਾਈ ਦੇ ਪੂਰੇ ਹੱਕਦਾਰ ਹੋ ਜੀ। ਮੈਨੂੰ ਵੀ ਤੁਹਾਡੇ ਪਾਠਕਾਂ ਵਾਂਗ ਹੀ ਬੌਹਤ ਸ਼ੌਂਕ ਹੈ ਜੀ ਕੰਪੂਟਰ ਤੇ ਪੰਜਾਬੀ ਲਿਖਣ ਦਾ। ਤੁਹਾਡੀਆਂ ਕੋਸ਼ਿਸ਼ਾਂ ਨੂੰ ਸਲਾਮ। ਏਕਮਦੀਪ ਜੀ ਦੇ ਲੋਖ ਬੀ ਪੜੇ ਤੇ ਸ਼ਿੰਦਰ ਪਾਲ ਸਿੰਘ ਦੇ ਵਿਚਾਰ ਪੜਕੇ ਅਤੇ ਇਸ ਨਵੇਂ ਕੀ-ਬੋਰਡ ਬਾਰੇ ਜਾਣ ਕੇ ਬਹੁਤ ਖੁਸ਼ੀ ਹੋਈ ਤੇ ਲੱਗਿਆ ਕਿ ਉਮੀਦਾਂ ਵਧੀਆਂ ਹਨ। ਇਹੋ ਹੀ ਹੋ ਸਕਦਾ ਹੈ ਮੌਜੂਦਾ ਸਮੇਂ ਵਿੱਚ ਪੰਜਾਬੀ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ। ਮੈਂ ਕੁਛ ਸਮੇਂ ਤੋਂ ਵਿੱਚ ਤੁਹਾਡੀ ਸਾਈਟ ਤੋਂ ਪੰਜਾਬੀ:XL ਦਾ ਉਤਾਰਾ ਕੀਤਾ ਹੈ ਤੇ ਪਹਿਲੇ ਦਿਨ ਤੋਂ ਹੀ ਅਭਿਆਸ ਸ਼ੁਰੂ ਹੈ। ਇੱਕ ਗੱਲ ਜ਼ਰੂਰ ਹੈ ਕਿ ਇਸ ਦੀ ਵਰਤੋਂ ਕਰਨ ‘ਚ ਅਜੇ ਬਹੁਤ ਕਠਨਾਈਆਂ ਵੀ ਆ ਰਹੀਆਂ ਹਨ। ਨਵੇਂ ਸਾਜ਼ ਦੀਆਂ ਸੁਰਾਂ ਵੀ ਨਵੀਆਂ। ਇਹ ਵੀ ਗੱਲ ਸਹੀ ਹੈ ਕਿ ਤਬਦੀਲੀ ਪਰਿਵਰਤਨ ਦੀ ਨਿਸ਼ਾਨੀ ਹੈ। ਪਰ ਤਾਂ ਵੀ ਬਹੁਤ ਹੈਰਾਨੀ ਅਤੇ ਦੁੱਖ ਦੀ ਗੱਲ ਕਿ ਇਸ ਮਹਾਨ ਭਾਸ਼ਾ ਦੇ ਨਿਯਮ ਬਣਾਉਣ ਤੇ ਇਨਾਂ ਨੂੰ ਲਾਗੂ ਕਰਨ ਜਾਂ ਕਰਾਉਣ ਵਾਲ਼ੀ ਕੋਈ ਵੀ ਸੰਸਥਾ ਨਹੀਂ ਜੋ ਅੱਗੇ ਆ ਕੇ ਕਹਿ ਸਕੇ ਕਿ ਕੰਪਿਊਟਰ ਤੇ ਪੰਜਾਬੀ ਦੀ ਵਰਤੋਂ ਲਈ ਕਿਹੜੀ ਵਿਧਾ ਸਹੀ ਹੈ। ਪਰ ਪੰਜਾਬੀ ਨੂੰ ਵਿਸ਼ਵ ਪੱਧਰ ਦੀਆਂ ਭਾਸ਼ਾਵਾਂ ਦੇ ਬਰਾਬਰ ਦਰਜਾ ਦਿਵਾਉਣ ਲਈ ਜਿੱਥੇ ਸੱਭ ਤੋਂ ਪਹਿਲਾ ਸਿਹਰਾ ਯੂਨੀਕੋਡ ਸੰਸਥਾ ਦੇ ਸਿਰ ਬੱਝਦਾ ਹੈ ਉੱਥੇ ਪੰਜਾਬੀ ਦੇ ਇਸ ਢੁਕਵੇਂ ਕੀ-ਬੋਰਡ ਲਈ ਪੰਜਾਬੀ ਵਿਕਾਸ ਮੰਚ ਸਿਰਫ ਵਧਾਈ ਦੇ ਲਾਈਕ ਹੀ ਨਹੀਂ ਬਲਕਿ ਵਡਮੁੱਲੇ ਸਿਹਰੇ ਦਾ ਪੂਰਾ ਅਤੇ ਸਹੀ ਹੱਕਦਾਰ ਵੀ ਹੈ।
ਮੈਂ ਪੰਜਾਬੀ:XL ਦ ਉਤਾਰਾ (ਡਾਊਨਲੋਡ) ਕਰਨ ਬਾਅਦ ਪਹਿਲਾ ਕੰਮ ਏਹੋ ਕੀਤਾ ਹੈ ਕਿ ਬਾਕੀ ਦੇ ਅੱਖਰਾਂ ਨੂੰ ਇੱਕ ਪਾਸੇ ਰੱਖ ਦਿੱਤਾ ਹੈ ਤੇ ਉਹ ਸਿਰਫ ਪੜਨ ਲਈ ਰੱਖ ਲਏ ਹਨ। ਪਰ ਲਿਖਣ ਲਈ ਸਿਰਫ ਤੁਹਾਡੇ ਵਾਲ਼ਾ ਪਂਜਾਬੀ:XL ਹੀ ਵਰਤਣਾ ਸ਼ੁਰੂ ਕੀਤਾ ਹੈ। ਕੱਲਾ ਕੱਲਾ ਬਟਨ ਦੱਬਕੇ ਦੇਖਦੇ ਰਹਿਣ ਨਾਲ਼ ਹੌਲ਼ੀ ਹੌਲ਼ੀ ਪਤਾ ਲਗਦੇ ਪੈ। ਮਮੂਲੀ ਅੜਚਣਾਂ ਦੇ ਬਾਵਜੂਦ ਇਸ ਕੀ-ਬੋਰਡ ਦੇ ਬਹੁਤ ਜ਼ਿਆਦਾ ਫਾਇਦੇ ਵੀ ਹਨ। ਜੋ ਅਗਲੀ ਬਾਰ ਸਾਂਝੇ ਕੀਤੇ ਜਾਣਗੇ ਤੇ ਤੁਹਾਡੀ ਮੱਦਦ ਦੀ ਲੋੜ ਪਵੇਗੀ। ਹਾਲ ਦੀ ਘੜੀ ਐਨਾ ਹੀ ਕਿ ਬਹੁਤ ਬਹੁਤ ਵਧਾਈ। ਲਿਖਣ ਵੇਲੇ ਸ਼ਬਦ ਜੋੜ ਦੀਆਂ ਕਈ ਗਲਤੀਆਂ/ਕਮੀਆਂ ਰਹਿ ਗਈਆਂ ਹੋਣੀਆਂ ਪਰ ਮਾਫ ਕਰੀਓ।
ਆਹ ਲਿਖਣ ਨੂੰ ਕਈ ਘੰਟੇ ਲੱਗੇ ਪਰ ਲਿਖ ਕੇ ਬਹੁਤ ਖੁਸ਼ੀ ਹੋਈ ਆ। ਮੈਂ ਤਾਂ ਸੋਚਿਆ ਤੁਸੀਂ ਵਿਚਾਰ ਬਟਾਂਦਰਾ ਬੰਦ ਹੀ ਕਰਤਾ - ਪਰ ਨਹੀਂ ਹੁਣ ਦੇਖ ਕੇ ਖੁਸ਼ੀ ਹੈ ਕਿ ਏਹ ਫੇਰ ਆ ਗਿਆ। ਤਹਾਡਾ ਸ਼ੁਕਰੀਆ ਜੀ।
ਮੈਨੂੰ ਪੈਰੀਂ ਰਾਰਾ ਤੇ ਹਾਹਾ ਪੌਣ 'ਚ ਮੁਸ਼ਕਲ ਔਂਦੀ ਹੈ ਅਜੇ। ਹੌਲ਼ੀ ਹੌਲ਼ੀ ਸਿੱਖੀ ਜਾ ਰਿਹਾ ਹਾਂ ਜੀ।
ਬੌਹਤ ਸਨੇਹ ਨਾਲ
ਨਛੱਤਰ ਬੇਲੀ
11/03/2016

 

ਸ਼ੁੱਭ ਆਗ਼ਾਜ਼
ਏਕਮ.ਦੀਪ

ਸਭ ਤੋਂ ਪਹਿਲਾਂ 5abi.com ਦੇ ਸਾਰੇ ਨਵੇਂ ਅਤੇ ਪੁਰਾਣੇ ਪਾਠਕਾਂ ਨੂੰ ਸਨਿਮਰ ਸਤਿਕਾਰਤ ਆਦਾਬ !
ਨਵੇਂ ਸਾਲ ਦੀ ਆਮਦ ਤੇ ਸਭ ਨੂੰ ਦਿਲ ਦੀਆਂ ਗਹਿਰਾਈਆਂ 'ਚੋਂ ਨਿੱਘੀ ਮੁਬਾਕਬਾਦ !!

ਜੇ ਸਉ ਚੰਦਾ ਉਗਵਿਹ ਸੂਰਜ ਚੜਹਿ ਹਜਾਰ ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥ {ਪੰਨਾ463}

ਪਿਆਰੇ ਸੂਝਵਾਨ ਲੇਖਕੋ ਅਤੇ ਪਾਠਕੋ !
ਇਸਤੋਂ ਪਹਿਲਾਂ ਕਿ ਮੈਂ ਇਸ ਸਟੇਜ ਤੋਂ ਸ਼ੁਰੂ ਕੀਤੇ ਮੁਹਿੰਮ ਕਾਰਜ ਵਿੱਚ ਸ਼ਿਰਕਤ ਕਰਾਂ, ਮੈਂ ਇਸ ਵਿਸ਼ੇ ਦੇ ਸੰਦਰਭ ਵਿੱਚ ਤੇ ਆਪਣੇ ਵਿਚਾਰਾਂ ਦੇ ਸ਼ੁਰੂ ਵਿੱਚ ਇਹ ਕਹਿਣਾ ਜ਼ਰੂਰੀ ਸਮਝਾਂਗਾ ਕਿ ਲੱਗਦਾ ਹੈ ਪੰਜਾਬੀ ਅਤੇ ਇਸਦੇ ਸੁਹਿਰਦ ਫਿਕਰਮੰਦਾਂ ਦੀ ਸੁਣੀ ਜਾਵੇਗੀ, ਅਗਰ ਸਾਰੇ ਰਲ਼ ਮਿਲਕੇ ਸਾਂਝੇ ਯਤਨ ਕਰਨ ਤਾਂ। ਸਾਰਿਆਂ ਲਈ ਇਹ ਸੁਨਹਿਰੀ ਮੌਕਾ ਹੈ ਇਕੱਠੇ ਹੋ ਬਹਿਣ ਦਾ ਅਤੇ ਆਪਣੇ ਦਿਲ ਦੀ ਗੱਲ ਕਹਿਣ ਦਾ। ਇਸ ਕਾਰਜ ਨੂੰ ਸ਼ੁੱਭ ਆਗ਼ਾਜ਼ ਕਿਹਾ ਜਾਣਾ ਬਣਦਾ ਹੈ।
ਇਸ ਲਈ ਡਾ. ਕੰਦੋਲਾ ਜੀ, ਸ਼ਿੰਦਰ ਮਾਹਲ ਜੀ, ਨਿਰਮਲ ਸੰਘਾ ਜੀ ਤੇ ਪੰਜਾਬੀ ਵਿਕਾਸ ਮੰਚ ਦੀ ਸਮੂਹ ਟੀਮ, ਸਾਰੇ ਹੀ ਵਧਾਈ ਦੇ ਪਾਤਰ ਹਨ। ਸਭ ਨੂੰ, ਸਭ ਤੋਂ ਪਹਿਲੀ ਬੇਨਤੀ ਇਹ ਹੋਵੇਗੀ ਕਿ ਇਸ ਬਹਿਸ ਵਿੱਚ ਪੈ ਕਿ ਸਮਾਂ ਬਰਬਾਦ ਨਾ ਕੀਤਾ ਜਾਵੇ ਕਿ ਸਰਕਾਰ ਨੇ ਜਾਂ ਕਿਸੇ ਸੰਸਥਾ ਨੇ ਆਹ ਨੀ ਕੀਤਾ...ਔਹ ਨੀ ਕੀਤਾ। ਕਿਸੇ ਤੋਂ ਕਿਸੇ ਕਿਸਮ ਦੀ ਆਸ ਰੱਖਣੀ ਖੁਦ ਨੂੰ ਹਨੇਰੇ 'ਚ ਰੱਖਣ ਵਾਲ਼ੀ ਗੱਲ ਹੋਵੇਗੀ। ਇਸਦੀ ਤਾਜ਼ਾ ਮਿਸਾਲ ਹਾਲ ਹੀ ਵਿੱਚ ਸੀਰੀਅਨ ਸ਼ਰਨਾਰਥੀਆਂ ਦੀ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਨੇ ਹਿੰਮਤ ਕਰਕੇ, ਆਪਣੇ ਬਲਬੂਤੇ ਤੇ ਹੌਸਲਾ ਕਰਕੇ, ਦੋਜ਼ਖ਼ ਵਰਗੀ ਜ਼ਿੰਦਗੀ ਤੋਂ ਨਿਜਾਤ ਪਾਉਣ ਲਈ ਸਣੇ ਬੱਚਿਆਂ ਦੇ ਖ਼ੁਦ ਨੂੰ ਖ਼ੌਫ਼ਨਾਕ ਸਮੁੰਦਰ ਵਿੱਚ ਠ੍ਹੇਲ ਦਿੱਤਾ ਤੇ ਕਿਸੇ ਟਿਕਾਣੇ ਪੁੱਜ ਗਏ। ਸ਼ਾਇਦ ਇਹ ਮਿਸਾਲ ਬਹੁਤ ਸਾਰੇ ਪੰਜਾਬੀਆਂ ਤੇ ਵੀ ਢੁੱਕਦੀ ਹੈ। ਸਭ ਨੇ ਹੀ ਆਪਣੇ ਬਲਬੂਤੇ ਮਿਹਨਤ ਕਰਕੇ ਖ਼ੁਦ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਧਰਤੀਆਂ ਤੇ ਪੱਕੇ ਪੈਰੀਂ ਸਥਾਪਤ ਕਰ ਲਿਆ ਹੈ। ਖ਼ਾਸ ਕਰ ਜਰਮਨੀ, ਹੌਲੈਂਡ, ਸਪੇਨ, ਪੁਰਤਗਾਲ ਦੇ ਨਾਲ਼ ਨਾਲ਼ ਸਕੈਂਡਨੇਵੀਅਨ ਅਤੇ ਅਰਬ ਮੁਲਕਾਂ ਦੇ ਪੰਜਾਬੀਆਂ ਦੀ ਮਿਸਾਲ ਦਿੱਤੀ ਜਾ ਸਕਦੀ ਹੈ ਜਿੱਥੋਂ ਦੀ ਪਰ ਚੀਜ਼ ਉਨ੍ਹਾਂ ਲਈ ਓਪਰੀ ਅਤੇ ਅਜਨਬੀ ਸੀ। ਪਰ ਉਨ੍ਹਾਂ ਖ਼ੁਦ ਨੂੰ ਸਥਾਪਤ ਕਰਨ ਦੀ ਮਨ 'ਚ ਠਾਣ ਲਈ ਸੀ।
ਦੂਜੀ ਜ਼ਰੂਰੀ ਗੱਲ ਕਿ ਅਜੋਕੇ ਗਰਮ ਬਾਜ਼ਾਰ ਵਿੱਚ ਕੁਛ ਚੰਗੇ ਦੇ ਨਾਲ਼ ਨਾਲ਼ ਬਹੁਤ ਕੁਛ ਜਾਅਲੀ, ਨਕਲੀ, ਫਰੇਬੀ ਅਤੇ ਭੁਲੇਖਾ ਪਾਊ ਵੀ ਹੈ। ਜਿਸਦੇ ਜਾਲ਼ ਵਿੱਚ ਸਧਾਰਨ ਤੇ ਭੋਲ਼ੇ ਲੋਕਾਂ ਲਈ ਫਸ ਜਾਣਾ ਬਹੁਤ ਸੌਖੀ ਗੱਲ ਹੁੰਦੀ ਹੈ। ਫੇਰ ਉਨ੍ਹਾਂ ਕੋਲ਼ ਪਛਤਾਵਾ ਹੀ ਰਹਿ ਜਾਂਦਾ ਹੈ। ਏਹੋ ਹਾਲ ਹੈ ਸੰਸਾਰ ਦੇ ਸ਼ਕਤੀਸ਼ਾਲੀ ਸੰਚਾਰ ਮਾਧਿਅਮ "ਇੰਟਰਨੈੱਟ" ਤੇ ਪੰਜਾਬੀ ਬਾਰੇ। ਸੈਂਕੜੇ ਵੈੱਬ-ਸਾਈਟਸ ਹਨ ਜੋ ਲੋਕਾਂ ਨੂੰ ਪੰਜਾਬੀ ਸਿਖਾਉਣ ਦਾ ਦਾਅਵਾ ਕਰਦੀਆਂ ਪਨ। ਭੁਲੇਖਾ ਪਾਊ ਸਮਗਰੀ ਦੀ ਭਰਮਾਰ ਏਨੀ ਹੈ ਕਿ ਸਧਾਰਨ ਬੰਦਾ ਦੇਖ-ਸੋਚ ਕੇ ਬੌਂਦਲ਼ ਜਾਂਦਾ ਹੈ। ਉਹ ਇਸ ਚੱਕ੍ਰਵਿਊ ਦੇ ਭਰਮ ਜਾਲ਼ ਵਿੱਚ ਐਸਾ ਫਸਦਾ ਹੈ ਕਿ ਉਸਨੂੰ ਬਾਹਰ ਜਾਣ ਦਾ ਰਾਹ ਹੀ ਭੁੱਲ ਜਾਂਦਾ ਹੈ। ਉਸਦੇ ਦਿਮਾਗ਼ 'ਚ ਏਨਾ ਕੁ ਬੇਲੋੜਾ ਭਰ ਜਾਂਦਾ ਹੈ ਜਾਂ ਭਰ ਦਿੱਤਾ ਜਾਂਦਾ ਹੈ ਕਿ ਉਸਨੂੰ ਜੋ ਸ਼ੁਰੂ ਵਿੱਚ ਚੰਗਾ ਕਰਨਾ ਆਉਂਦਾ ਸੀ ਉਹ ਵੀ ਭੁੱਲ ਜਾਂਦਾ ਹੈ ਤੇ ਉਸਦੀ ਹਾਲਤ ਫੁੱਟਬਾਲ ਜਾਂ ਹਾਕੀ ਦੇ ਮੈਚ ਵਿੱਚ 'ਬਾਲ' ਵਰਗੀ ਹੋ ਜਾਂਦੀ ਹੈ। ਸ਼ਾਇਦ ਏਹੋ ਹਾਲ ਬਹੁਤ ਸਾਰੇ ਉਨ੍ਹਾਂ ਪੰਜਾਬੀਆਂ ਦਾ ਵੀ ਹੋਵੇ ਜਿਨ੍ਹਾਂ ਦਾ ਕੰਪਿਊਟਰ ਉੱਤੇ ਪੰਜਾਬੀ ਲਿਖਣੀ ਸਿੱਖਣ ਦੇ ਸ਼ੌਂਕ ਜਾਂ ਦਿਲ ਦੀ ਰੀਝ ਨੂੰ ਪੂਰਿਆਂ ਕਰਨ ਦਾ ਚਿਰੋਕਾ ਸੁਪਨਾ ਅਜੇ ਵੀ ਅੱਧ ਵਿਚਕਾਰ ਹੀ ਲਟਕ ਰਿਹਾ ਹੋਵੇ।
ਅਤੀਤ ਵੱਲ੍ਹ ਦੇਖੀਏ ਤਾਂ ਵਾਕਈ ਪੰਜਾਬੀ ਨੇ ਕੰਪਿਊਟਰ ਤੇ ਜਗਾਹ ਬਣਾਉਣ ਲਈ ਬੜੇ ਪਾਪੜ ਵੇਲੇ ਹਨ। ਇਸਦੀ ਬਾਂਹ ਦੀ ਸਾਰੇ ਦਾਅਵੇ ਕਰਦੇ ਹਨ ਇਸਦੀ ਅਸਲ ਹਾਲਤ ਇੱਕ ਲਾਵਾਰਿਸ ਬੱਚੇ ਵਰਗੀ ਹੈ। ਇਸ ਬਾਰੇ ਸ਼ਾਇਦ ਇਹ ਅਖਾਣ ਵੀ ਇੱਥੇ ਢੁਕਵਾਂ ਹੋਵੇ; “ਸਿਰ ਤੇ ਹੈ ਨੀ ਕੁੰਡਾ ..." ਬਾਕੀ ਸਾਰੇ ਜਾਣਦੇ ਹੀ ਹਨ। ਜਿਸ ਅਨਾਥ ਦੇ ਸਿਰ ਤੇ ਕੋਈ ਸਹਾਰਾ ਨਾ ਹੋਵੇ ਉਸਦੀ ਹਾਲਤ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ। ਇਹ ਕੋਈ ਮਹਿਜ਼ ਜਜ਼ਬਾਤੀ ਗੱਲਾਂ ਨਹੀਂ ਬਲਕਿ ਇਨ੍ਹਾਂ ਪਿੱਛੇ ਗਹਿਰਾ ਦਰਦ ਹੈ।
ਬਹੁਤ ਸਾਰੇ ਵਿਦਵਾਨ ਫਿਕਰਮੰਦ ਆਪਣੀ ਮਾਂ ਬੋਲੀ ਦੀ ਸ਼ਰਨਾਰਥੀ ਕੈਂਪਾਂ 'ਚ ਹੋ ਰਹੀ ਮਨੁੱਖਤਾ ਦੀ ਦੁਰਦਸ਼ਾ ਵਰਗੀ ਇਸਦੀ ਹਾਲਤ ਵੇਖ ਰੋ ਕੁਰਲਾਅ ਕੇ ਚੁੱਪ ਕਰ ਬੈਠ ਗਏ ਹਨ। ਬੇਵਸੀ ਅਤੇ ਲਾਚਾਰੀ ਦੇ ਇਸ ਆਲਮ ਵਿੱਚ ਪੰਜਾਬੀ ਦੇ ਸਿਰ ਤੇ ਹੱਥ ਰੱਖਣ ਵਾਲ਼ੀ ਕੋਈ ਸਰਕਾਰ ਜਾਂ ਕੋਈ ਸਰਕਾਰੀ ਜਾਂ ਕੋਈ ਲੋਕ-ਸੰਸਥਾ ਅਜਿਹੀ ਨਹੀਂ ਜੋ ਇਸਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਕੋਈ ਠੋਸ ਫੈਸਲਾ ਕਰ ਸਕੇ, ਗ਼ਲਤ ਸ਼ਬਦਾਂ ਦੀ ਵਰਤੋਂ ਨੂੰ ਰੋਕ ਸਕੇ, ਨਵੇਂ ਵਿਗਿਆਨਕ ਸ਼ਬਦ ਘੜ ਕੇ ਵਿਗਿਆਨ ਵਰਗੇ ਮੁੱਖ ਵਿਸ਼ੇ ਨੂੰ ਬੁੱਕਲ਼ 'ਚ ਲੈ ਸਕੇ, ਸਰਕਾਰ, ਸੰਸਥਾਵਾਂ ਅਤੇ ਲੋਕਾਂ 'ਚ ਪ੍ਰਸਪਰ ਸੰਚਾਰ ਬਣਾ ਸਕੇ ਜਾਂ ਮਿਲ਼ਣੀਆਂ ਦੇ ਮੌਕੇ ਪੈਦਾ ਕਰ ਸਕੇ। ਅਫਸੋਸ ਅਜਿਹਾ ਕੁਛ ਵੀ ਨਹੀਂ।
ਆਪਣੇ ਮੁਢਲੇ ਲੇਖਾਂ ਵਿੱਚ ਪੰਜਾਬੀ 'ਕੀ-ਬੋਰਡ' ਦੇ ਇਤਿਹਾਸਕ ਪਿਛੋਕੜ, ਪੰਜਾਬੀ ਪ੍ਰਤੀ ਸਰਕਾਰੀ ਤੇ ਗ਼ੈਰ-ਸਰਕਾਰੀ ਰੁਝਾਨ ਤੋਂ ਇਲਾਵਾ ਪੰਜਾਬੀ ਵਿਕਾਸ ਮੰਚ, ਯੂ.ਕੇ, ਤੇ ਖ਼ਾਸ ਕਰ ਡਾ. ਬਲਦੇਵ ਸਿੰਘ ਕੰਦੋਲਾ ਦੇ ਉੱਦਮੀ ਉਪ੍ਰਾਲਿਆਂ ਸਦਕਾ, ਪੰਜਾਬੀ ਨੂੰ ਦਰਪੇਸ਼ ਚਣੌਤੀਆਂ ਦਾ ਟਾਕਰਾ ਕਰਨ ਲਈ 'ਕੰਪਿਊਟਰ ਤੇ ਪੰਜਾਬੀ ਲਿਖਣ ਦੇ 'ਸੰਪੂਰਨ ਹੱਲ' ਲਈ ਪੇਸ਼ ਹੋਏ ਨਵੇਂ ਅੰਤਰਰਾਸ਼ਟਰ ਅਤੇ ਭਾਰਤ ਦੇ ਮਿਆਰੀ ਕੀ-ਬੋਰਡ 'ਪੰਜਾਬੀ:XL' ਤੋਂ ਪੈਦਾ ਹੋਈਆਂ ਸੰਭਾਵਨਾਵਾਂ ਦਾ ਵਿਸਤ੍ਰਿਤ ਜ਼ਿਕਰ ਕੀਤਾ ਗਿਆ ਹੈ ਜਿਸ ਬਾਰੇ ਕਈ ਪਾਠਕਾਂ/ਮਿੱਤਰਾਂ ਦੇ ਤਲਖ਼ ਤਜਰਬੇ ਵੀ ਸੁਣਨ ਨੂੰ ਮਿਲੇ ਹਨ। ਪਰ ਕਿਉਂਕਿ ਹਰ ਪੰਜਾਬੀ ਸਿੱਧੀ ਉਂਗਲ ਨਾਲ਼ ਘਿਉ ਕੱਢਣ ਦਾ ਹੀ ਆਦੀ ਹੋ ਚੁੱਕਾ ਹੈ। ਕਿਸੇ ਵੀ ਪੰਜਾਬੀ ਨੂੰ ਪੁੱਛ ਵੇਖੋ ਕਿ ਜਰਮਨੀ, ਇਟਲੀ, ਸਪੇਨ 'ਚ ਟੈਕਸੀ ਦਾ ਟੈਸਟ ਪਾਸ ਕਰਕੇ ਲਾਇਸੰਸ ਲੈਣਾ ਕਿੰਨਾ ਕੁ ਸੌਖਾ ਹੈ। ਪਰ ਜਿਵੇਂ ਸ਼ਿੰਦਰ ਜੀ ਨੇ ਠੀਕ ਹੀ ਕਿਹਾ ਹੈ, ਮਿੱਤਰੋ ਇਹ ਤਲਖ਼ੀਆਂ, ਇਹ ਡਰ ਥੋੜ੍ਹ ਚਿਰੇ ਹਨ। ਸਿਰਫ ਮਨ ਨੂੰ ਟਿਕਾਉਣ ਅਤੇ ਅਭਿਆਸ ਦੀ ਲੋੜ ਹੈ। ਪਰ ਜੇ ਤੁਸੀਂ ਇਹ ਵੀ ਨਹੀਂ ਕਰ ਸਕਦੇ ਤਾਂ ਦਿੱਲੀ ਤੁਹਾਡੇ ਤੋਂ ਵਾਕਈ ਹੋਰ ਵੀ ਬਹੁਤ ਦੂਰ ਹੋ ਜਾਵੇਗੀ ਤੇ ਭੁੱਲ ਜਾਇਓ ਕਿ ਤੁਸੀਂ ਪਹੁੰਚ ਵੀ ਪਾਓਗੇ। 'ਅਸਮਾਨ ਸੇ ਗਿਰੇ, ਖਜੂਰ ਮੇੰ ਲਟਕੇ' ਵਾਲ਼ੀ ਹਾਲਤ ਤੁਹਾਡੀ ਸਦਾ ਬਣੀ ਰਹੇਗੀ। ਫ਼ੈਸਲਾ ਤੁਹਾਡੇ ਹੱਥ ਹੈ।
ਅਖ਼ੀਰ 'ਚ ਸਭ ਨੂੰ ਏਹੋ ਕਹਾਂਗਾ ਕਿ ਕਿਸੇ ਨੇ ਤੁਹਾਡੇ ਲਈ ਕੁਛ ਨੀ ਕਰਨਾ, ਤੁਹਾਨੂੰ ਖ਼ੁਦ ਨੂੰ ਹੀ ਕਰਨਾ ਪੈਣਾ ਹੈ। ਜੇ ਅਜੇ ਤੱਕ ਪੰਜਾਬੀ:XL ਡਾਊਨਲੋਡ ਨਹੀਂ ਕੀਤਾ ਤਾਂ ਜ਼ਰੂਰ ਕਰ ਲਵੋ। ਪਿਛਲਾ ਯਾਦ ਕੀਤਾ (ਅਣ-ਮਿਆਰੀ ਕੀ-ਬੋਰਡ, ਜੈਸੇ ਫੋਨੈਟਿਕ, ਰਮਿੰਗਟਨ ਆਦਿ) ਸਭ ਮਿਟਾ ਕੇ, ਇਕਾਗਰ ਚਿੱਤ ਹੋ ਕੇ, ਸਿੱਖਣਾ ਤੇ ਅਭਿਆਸ ਸ਼ੁਰੂ ਕਰ ਦਿਓ। ਯਾਦ ਰੱਖਿਓ ਕਿ ਅਰੰਭ ਵਿੱਚ ਜ਼ਰਾ ਮੁਸ਼ਕਿਲ ਜ਼ਰੂਰ ਆਵੇਗੀ ਜਿਵੇਂ ਤੁਹਾਨੂੰ ਪਹਿਲਾਂ ਪਹਿਲ ਸਾਈਕਲ ਸਿੱਖਣ ਵੇਲੇ ਆਈ ਸੀ। ਪਰ ਘਬਰਾਇਓ ਨਾ। ਫਿਲਹਾਲ ਇਸ ਕੀ-ਬੋਰਡ ਬਾਰੇ ਸਿਰਫ ਏਨਾ ਕੁ ਕਹਿਣਾ ਜ਼ਰੂਰ ਬਣਦਾ ਹੈ; ": "ਮਨ ਨੂੰ ਟਿਕਾ ਕੇ, ਸਾਰੀ ਗਲਬਾਤ ਪੰਜਾਬੀ 'ਚ ਕਹੋ ਤੇ ਸਾਰੇ ਕੰਮ ਪੰਜਾਬੀ 'ਚ ਕਰੋ ਜੀ "" - ਤੁਸੀਂ ਇਹ ਸਤਰ ਇੱਕ ਉਂਗਲ਼ ਨਾਲ਼ ਹੀ ਲਿਖ ਸਕਦੇ ਹੋ ਤੇ ਸ਼ਾਇਦ ਹੀ ਕਿਸੇ ਹੋਰ ਕੀ-ਬੋਰਡ ਨੂੰ ਇਹ ਕਮਾਲ ਹਾਸਿਲ ਹੋਵੇ। ਪਰ 'ਸਿਤਾਰੋਂ ਕੇ ਆਗੇ ਜਹਾਂ ਔਰ ਭੀ ਹੈਂ"। ਭਵਿੱਖ 'ਚ ਹੋਰ ਤਜਰਬੇ ਹੋਣਗੇ, ਹੋਰ ਨਵੇਂ ਕਮਾਲ ਸਾਹਮਣੇ ਆਉਣਗੇ - ਆਮਿਨ !

01/01/2016

 

ਨਿਰਮਲ ਸੰਘਾ
ਪੰਜਾਬੀ ਭਾਸ਼ਾ ਦੇ ਸਤਿਕਾਰਯੋਗ ਤੇ ਸੁਹਿਰਦ ਚਿੰਤਕੋ
ਸੱਭ ਤੋਂ ਪਹਿਲਾਂ ਤਾਂ ‘ਪੰਜਾਬੀ:XL’ ਦੇ ਲਾਂਚ/ਮਹੂਰਤ ਦੀ ਤੁਹਾਡੀ ਸਮੁੱਚੀ ਟੀਮ ਨੂੰ ਦਿਲ ਦੀਆਂ ਗਹਿਰਾਈਆਂ ‘ਚੋਂ ਸੱਚੀ ਅਤੇ ਸੁੱਚੀ ਮੁਬਾਰਕਬਾਦ !
ਇਸ ਦੀ ਪੰਜਾਬੀ ਜਗਤ ਨੂੰ ਸਖ਼ਤ ਲੋੜ ਸੀ - ਸੋ ਸੱਭ ਨੂੰ ਸ਼ਾਬਾਸ਼ !!

ਸਭ ਤੋਂ ਪਹਿਲਾਂ ਤਾਂ ਤੁਹਾਡੀ ਲਗਨ, ਮੁਸ਼ੱਕਤ ਅਤੇ ਚੁਫੇਰੇ ਦੀ ਨਜ਼ਰਸਾਨੀ ਨੂੰ ਸਲਾਮ - ਕਬੂਲ ਕਰਿਓ।
ਅੱਜ ਇੱਕ ਦੋ ਹੀ ਜ਼ਰੂਰੀ ਗੱਲਾਂ ਹੀ ਤੁਹਾਡੇ ਤੇ ਸਮੂਹ ਪਾਠਕਾਂ ਦੇ ਸਨਮੁੱਖ ਕਰਨੀਆਂ ਹਨ।
ਬਹੁਤ ਹੀ ਜ਼ਰੂਰੀ ਹੈ ਅੱਜ ਦੇ ਯੁੱਗ ਵਿੱਚ ਕਿ ਆਪਣੀਆਂ ਅੱਖਾਂ ਖੋਹਲ ਕੇ ਤੁਰਨਾ ਤੇ ਉਹ ਵੀ ਪੂਰੀਆਂ। ਬਹੁਤ ਸਾਰੇ ਹੈਨ ਜੋ ਅੱਧ ਖੁੱਲੀਆਂ ਨਾਲ਼ ਡੰਗ ਟਪਾਈ ਜਾਂਦੇ ਹੋਣਗੇ ਤੇ ਦੇਖਦਿਆਂ ਦੇਖਦਿਆਂ ਮੱਖੀ ਨਿਗਲ਼ੀ ਜਾ ਰਹੇ ਹੋਣਗੇ। ਬਹੁਤ ਦੇਰ ਪਹਿਲਾਂ ਤੁਹਾਡੇ ਵਰਗੇ ਹੀ ਇੱਕ ਅਦੀਬ ਦਾ ਲੇਖ ਪੜ੍ਹਿਆ ਸੀ ਜਿਸ ਦਾ ਸਿਰਲੇਖ ਸੀ “ਪੰਜਾਬੀ ਦਾ ਸੱਤਿਆਨਾਸ”। ਮੈ ਇਸ ਸਮੱਸਿਆ ਬਾਰੇ ਆਪ ਜੀ ਨੂੰ ਲਿਖਣਾ ਹੀ ਚਾਹੁੰਦਾ ਸੀ ਕਿ ਕਿ ਅੱਜ ਸ਼ਿੰਦਰ ਵੀਰ ਜੀ ਦੀ ਨਿਗਰਾਨੀ ਨੇ ਪਹਿਲ ਕਰ ਦਿੱਤੀ ਹੈ ਤਾਂ ਦਿਲ ਵਿੱਚੋਂ ਸੁੱਚੀ ਦਾਦ ਉਨ੍ਹਾਂ ਵਾਸਤੇ ਆਪ ਮੁਹਾਰੇ ਨਿੱਕਲ਼ ਗਈ। ਕਿੰਨੇ ਕੁ ਹੋਣਗੇ ਐਹੋ ਜਹੇ ਫਿਕਰਮੰਦ ਜੋ ਅੱਜ ਪੰਜਾਬੀ ਦੇ ਹੋ ਰਹੇ ਸੱਤਿਆਨਾਸ ਬਾਰੇ ਚਿੰਤਤ ਹੋਣਗੇ। ਬਹੁਤ ਵਿਰਲੇ ਟਾਵੇਂ ਤੁਹਾਡੇ ਵਰਗੇ ਜੋ ਸਾਨੂੰ ਇਹ ਸਾਰਾ ਕੁੱਝ ਦਿਖਾ ਕੇ ਸਾਡੀਆਂ ਅੱਖਾਂ ਵੀ ਖੋਹਲ ਰਹੇ ਹਨ। ਇੱਕ ਵਾਰ ਫੇਰ ਤੁਸੀਂ ਵਧਾਈ ਦੇ ਪਾਤਰ ਹੋ।

ਮੈਂ ਇੱਕ ਗੱਲ ਜ਼ਰੂਰ ਆਪ ਜੀ ਨਾਲ਼ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਸ਼ਾਇਦ ਅਜੇਹਾ ਸਾਰੇ ਕੰਪਿਊਟਰਾਂ ਜਾਂ ਲੈਪ ਟੌਪਾਂ ਤੇ ਨਾ ਹੋਵੇ। ਜਦ ਮੈਂ ਆਪਣੇ ਦੋਸਤ ਨਾਲ਼ ਗੱਲ ਕੀਤੀ ਤਾਂ ਉਸਦਾ ਕਹਿਣਾ ਸੀ ਕਿ ਉਸਦੇ ਕੰਪਿਊਟਰ ਤੇ ਇਹ ਮੁਸ਼ਕਲ ਨਹੀਂ ਹੈ। ਮੈਨੂੰ ਯਕੀਨ ਨਾ ਆਇਆ ਤਾਂ ਮੈਂ ਜਾ ਕੇ ਦੇਖਇਆ ਤਾਂ ਉਹ ਵੀ ਆਪਣੀ ਥਾਂ ਠੀਕ ਸੀ। ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਜ਼ਰੂਰ ਹੈ ਨਹੀਂ ਤਾਂ ਕੈਲਗਰੀ ਵਾਲ਼ੀ ਖਬਰ ਵਿੱਚ ਵੀ ਅਜਿਹੀਆਂ ਗ਼ਲਤੀਆਂ ਜ਼ਰੂਰ ਦਿਸਣੀਆਂ ਸਨ। ਜਾਂ ਫਿਰ ਇਹ ਗੱਲ ਕੈਲਗਰੀ ਵਾਲ਼ੇ ਪੱਤਰਕਾਰ ਵੀਰ ਹੀ ਦੱਸ ਸਕਦੇ ਹਨ ਕਿ ਉਹ ਲਿਖਣ ਲਈ ਕਿਹੜੀ ਵਿਧਾ ਵਰਤਦੇ ਹਨ ਕਿ ਗ਼ਲਤੀਆਂ ਘੱਟ ਹੁੰਦੀਆਂ ਹਨ। ਇਸ ਭਲੇ ਕਾਰਜ ਵਿੱਚ ਸਭ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਆਪਣੇ ਕੌੜੇ ਮਿੱਠੇ ਤਜਰਬੇ ਸਭ ਨਾਲ਼ ਸਾਂਝੇ ਕਰਨਾ ਚਾਹੀਦੇ ਹਨ ਤਾਂ ਕਿ ਵੱਧ ਤੋਂ ਵੱਧ ਸਿੱਖਣ ਵਾਲ਼ੇ ਮੇਰੇ ਵਰਗੇ ਨਾ-ਚੀਜ਼ ਜਗਿਆਸੂ, ਪਾਠਕ/ਲੇਖਕ ਸਿੱਖ ਸਕਣ ਅਤੇ ਕੰਪਿਊਟਰ ਤੇ ਪੰਜਾਬੀ ਲਿਖਣ ਦਾ ਅਭਿਆਸ ਕਰ ਸਕਣ।
ਲਿਖਣ ਦੀ ਰਫਤਾਰ ਵਿੱਚ ਵਾਧਾ ਹੋ ਰਿਹਾ ਹੈ। ਗਲਤੀਆਂ ਘਟ ਗਈਆਂ ਹਨ।
‘ਉੱਦਮ ਅੱਗੇ ਲੱਛਮੀ ਤੇ ਪੱਖੇ ਅੱਗੇ ... ਹਵਾ ਨੂੰ ਛੱਡੋ ... ਹੁਣ ਤਾਂ ਨ੍ਹੇਰੀ’ ਵਾਲ਼ੀ ਗੱਲ ਹੋ ਰਹੀ ਹੈ।
ਭੁੱਲ ਚੁੱਕ ਦੀ ਖ਼ਿਮਾਂ
ਨਿਰਮਲ ਸੰਘਾ ਲੰਡਨ(16/03/16)


ਸ਼ੁੱਭ-ਸ਼ਗਨ,
ਸੰਪਾਦਕ ਜੀ, ਇੱਕ ਲੰਬੀ ਸੋਚ ਅਤੇ ਝਿਜਕ ਬਾਅਦ ਪੱਤਰ ਲਿਖ ਰਿਹਾ ਹਾਂ। ਸਭ ਤੋਂ ਪਹਿਲਾਂ ਤਾਂ ਜੋ ਤੁਸੀਂ ਪੰਜਾਬੀ ਦੇ ਮਿਆਰੀ ਕੀ-ਬੋਰਡ ਦੇ ਬਹੁਤ ਹੀ ਲੋੜੀਂਦੇ ਅਤੇ ਅਹਿਮ ਮੁੱਦੇ ਨੂੰ ਅਤੇ ਇਸ ਦੀ ਲੋੜ ਨੂੰ ਉਭਾਰਿਆ ਹੈ ਉਸ ਲਈ ਵਧਾਈ ਦੇ ਪਾਤਰ ਹੋ। ਇਸ ਕੀ-ਬੋਰਡ ਸਬੰਧੀ ਦੋਸਤਾਂ ਨਾਲ਼ ਸਲਾਹ ਮਸ਼ਵਰਾ ਹੁੰਦਾ ਰਹਿੰਦਾ ਹੈ ਜੋ ਕਿ ਪਹਿਲਾਂ ਹੀ ਕੰਪਿਊਟਰ ਤੇ ਪੰਜਾਬੀ ਲਿਖਣ ਦੇ ਮਾਹਰ ਹਨ। ਪਰ ਅਫਸੋਸ ਕਿ ਸਾਰਿਆਂ ਵਲੋਂ ਹੀ ਖਾਸ ਉਤਸ਼ਾਹ ਜਨਕ ਹੁੰਗਾਰਾ ਨਹੀਂ ਮਿਲ਼ਿਆ। ਕੁਛ ਦਾ ਕਹਿਣਾ ਹੈ ਕਿ ਕੀ-ਬੋਰਡ ਬਦਲਣ ਨਾਲ਼ ਕੀ ਫਰਕ ਪੈਂਦਾ ਹੈ? ਕੁੱਝ ਇੱਕ ਦਾ ਕਹਿਣਾ ਹੈ ਕਿ ਇਹ ਨਵਾਂ ਕੀ ਬੋਰਡ ਬਹੁਤ ਮੁਸ਼ਕਿਲ ਹੈ। ਜਦ ਕਿ ਇੱਕ ਦੋ ਨੇ ਭਰਪੂਰ ਤਸੱਲੀ ਵੀ ਪ੍ਰਗਟਾਈ ਹੈ। ਕਹਿ ਸਕਦਾ ਹਾਂ ਕਿ ਕੁੱਲ ਮਿਲ਼ਾ ਕੇ ਪ੍ਰਤੀਕਰਮ ਰਲ਼ਵਾਂ-ਮਿਲ਼ਵਾਂ ਹੀ ਹੈ। ਪਰ ਸ਼ੁਰੂਆਤ ਸ਼ੁੱਭ ਸ਼ਗਨ ਹੈ।

ਫੇਰ ਵੀ ਸੋਚਿਆ ਕਿ ਆਪਣੀ ਕੋਸ਼ਿਸ਼ ਜਾਰੀ ਰੱਖੀ ਜਾਵੇ। ਤੁਹਾਡੀ ਸਾਈਟ ਤੋਂ ਮਿਲ਼ੀ ਜਾਣਕਾਰੀ ਦੇ ਨਾਲ਼ ਨਾਲ਼ ਹੁਣ ਤੱਕ ਦੀ ਕੀਤੀ ਮਾੜੀ ਮੋਟੀ ਖੋਜ ਤੋਂ ਬਾਅਦ ਏਸ ਨਤੀਜੇ ਤੇ ਪਹੁੰਚਿਆ ਹਾਂ ਕਿ ਯੂਨੀਕੋਡ ਅੱਖਰਾਂ ਦੀ ਵਰਤੋਂ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ। ਹੈਰਾਨੀ ਦੇ ਨਾਲ਼ ਅਫਸੋਸ ਵੀ ਹੁੰਦਾ ਹੈ ਕਿ ਕਿਸੇ ਵੀ ਪੰਜਾਬੀ ਬੁੱਧੀਜੀਵੀ ਨੇ ਇਸ ਵੱਲ ਧਿਆਨ ਦਿੱਤਾ ਹੀ ਕਿਉਂ ਨਹੀਂ? ਪਰ ਪੰਜਾਬੀ ਸੁਭਾਅ ਜਾਂ ਆਦਤ ਦੀ ਥੋੜੀ ਕੁ ਸਮਝ ਹੋਣ ਕਰਕੇ ਇਸ ਸਵਾਲ ਤੇ ਚੁੱਪ ਕਰ ਜਾਣਾ ਹੀ ਠੀਕ ਹੈ। ਇਹ ਨਾ ਸੋਚਿਆ ਜਾਵੇ ਕਿ ਪਿੱਛੇ ਕੀ ਹੋਇਆ ਸਗੋਂ ਹੁਣ ਇਹ ਸੋਚਿਆ ਜਾਵੇ ਕਿ ਅੱਗੇ ਕੀ ਹੋ ਸਕਦਾ ਹੈ ਜਾਂ ਅੱਗੇ ਕੀ ਕਰਨਾ ਹੈ। ਕਿਸੇ ਸ਼ਬਦ ਜੋੜ ਦੀ ਗਲਤੀ ਲਈ ਖਿਮਾ।

ਆਉਣ ਵਾਲ਼ੇ ਸਮੇਂ ਵਿੱਚ ਤੁਹਾਡੇ ਵਲੋਂ ਸਾਕਾਰਤਮਿਕ ਸਹਿਯੋਗ, ਸਹੀ ਦਿਸ਼ਾ ਵੱਲ ਸੇਧ, ਹੋਰ ਸਿੱਖਣ ਦੀ ਜਗਿਆਸਾ ਅਤੇ ਪੂਰੀਆਂ ਉਮੀਦਾਂ ਸਹਿਤ
ਆਪ ਜੀ ਦਾ ਸ਼ੁੱਭ ਚਿੰਤਕ
ਨਿਰਮਲ ਸੰਘਾ, ਲੰਡਨ (29/12/15)


ਗੁਰਮੀਤ ਸਿੰਘ

Anyone can see that signboards of Central Govt institutions rarely use Punjabi boards in cities of Punjab. What we can say for states in which Punjabi is second language E.g Haryana, Himachal Pradesh etc. What we can expect from Punjabi institutions?: Gurmeet Singh (29/12/15)।

 


ਆਪਣੇ ਵਿਚਾਰ ਸਾਨੂੰ ਲਿਖੋ (info@5abi.com)


ਹੋਰ ਜਾਣਕਾਰੀ ਭਰਪੂਰ ਕੜੀਆਂ

ਵਾਇਰਸ ਨੂੰ ‘ਬਿਗੜ’ ਨਾ ਬਣਾਓ
ਡਾ ਸੀ ਪੀ ਕੰਬੋਜ
ਸੱਚ ਸੋਹੇ ਸਿਰ ਪੱਗ ਜਿਓਂ
ਹੁਣ ਬੱਚੇ ਸਿੱਖਣਗੇ ਉਂਗਲੀ ਦੀ ਛੋਹ ਰਾਹੀਂ ਪੰਜਾਬੀ
ਪੰਜਾਬੀ ਫੌਂਟਾਂ ਨਾਲ ਜੁੜੇ ਮਸਲੇ

ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਯੂਨੀਕੋਡ ਪ੍ਰਣਾਲੀ ਦੀ ਮਹਤੱਤਾ

ਡਾ. ਥਿੰਦ ਵਲੋਂ ਹੁਣ ਕੰਪੂਟਰ ਲਈ ਯੂਨੀਕੋਡ ਗੁਰਮੁਖੀ ਅੱਖਰਮਾਲਾ ਦਾ ਪਹਿਲਾ ਸੈਟ ਤਿਆਰ।
ਪੰਜਾਬੀ ਸੌਫਟਵੇਅਰਜ਼ ਦਾ ਪੂਰਾ ਲਾਭ ਨਹੀਂ ਲੈ ਰਹੇ ਲੋਕ
ਯੂਨੀਕੋਡ ਪ੍ਰਣਾਲੀ (Unicode System)
ਪੰਜਾਬੀ ਦੀਆਂ ਦੁਸ਼ਵਾਰੀਆਂ ਤੇ ਆਸ ਦੀ ਕਿਰਨ
ਪੰਜਾਬੀ ਦਾ ਕੰਪਿਊਟਰ ਕੀ-ਬੋਰਡ – ਇੱਕ ਚੁਣੌਤੀ
ਪੰਜਾਬੀ ਭਾਸ਼ਾ - ਦੁਰਦਸ਼ਾ ਦੀ ਦਾਸਤਾਨ

ਪੰਜਾਬੀ:XL ਡਾਊਨਲੋਡ

ਪੰਜਾਬੀ ਭਾਸ਼ਾ ਚੇਤਨਾ

ਪੰਜਾਬੀ:XL ਸਿਖਲਾਈ ਕੋਰਸ

ਭਾਸ਼ਾ ਬਾਰੇ ਟੀ ਵੀ ਵਿਚਾਰ ਵਿਮਰਸ਼

ਮਾਤ ਭਾਸ਼ਾ ਮੰਥਨ


Terms and Conditions
Privacy Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com