WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਮਾਂ-ਦਿਵਸ 'ਤੇ
ਜਗਦਿਆਂ ਸਾਹਾਂ ਦੀ ਆਰਤੀ
ਡਾ: ਗੁਰਮਿੰਦਰ ਸਿੱਧੂ, ਪੰਜਾਬ

  
 

ਸਾਰੀ ਦੁਨੀਆਂ ਵਿੱਚ ਮਾਂ-ਦਿਵਸ ਮਨਾਇਆ ਜਾ ਰਿਹੈ...ਤੇ ਇਹ ਬੇਹੱਦ ਜ਼ਰੂਰੀ ਵੀ ਹੈ...ਉਸ ਮਮਤਾ, ਉਸ ਰੂਹ, ਉਸ ਜਿਸਮ ਦਾ ਸ਼ੁਕਰੀਆ ਕਰਨਾ, ਉਹਦਾ ਜਸ਼ਨ ਮਨਾਉਣਾ, ਜਿਸ ਨੇ ਸਾਨੂੰ ਇਹ ਜੱਗ ਦਿਖਾਇਆ ਹੈ..ਆਪਣਾ ਹਰ ਸੁੱਖ ਸਾਡੇ ਸਿਰ ਉਤੋਂ ਵਾਰ ਕੇ ਸਾਨੂੰ ਇਹ ਜ਼ਿੰਦਗੀ ਜਿਉਣ ਦੇ ਯੋਗ ਬਣਾਇਆ ਹੈ..ਪਰ ਇਕ ਦਿਨ ਹੀ ਕਿਉਂ? ਹਰ ਦਿਨ ਕਿਉਂ ਨਹੀਂ? ਅਸੀਂ ਤਾਂ ਆਪਣੇ ਪੂਰੇ ਜਨਮ ਵਿੱਚ ਵੀ ਇਹ ਕਰਜ਼ ਨਹੀਂ ਉਤਾਰ ਸਕਦੇ। ਕੀ ਉਤਾਰ ਸਕਦੇ ਹਾਂ? ਤਾਂ ਫਿਰ ਆਓ ਨਾ ਕੁਝ ਸੋਚੀਏ ਕਿ ਅਜੇਹਾ ਕੀ ਕਰੀਏ? ਜੋ ਸੱਚਮੁਚ ਉਸ ਦੇ ਲਈ ਖੁਸ਼ੀ ਤੇ ਉਤਸ਼ਾਹ ਦਾ ਸਿਰਨਾਵਾਂ ਹੋ ਨਿੱਬੜੇ ...ਕੀ ਇਕ ਦਿਨ ਕਾਫੀ ਹੈ? ਕੀ ਕੁਝ ਫੁੱਲ ਜਾਂ ਕਾਰਡ ਆਦਿ ਦੇ ਕੇ ਅਸੀਂ ਹਮੇਸ਼ਾ ਲਈ ਭਾਰ-ਮੁਕਤ ਹੋ ਸਕਦੇ ਹਾਂ? ਨਹੀ ਨਾ ? ਤਾਂ ਫਿਰ ਆਓ ਨਾ ਉਸ ਦੇ ਇਕ ਇਕ ਸਾਹ ਨੂੰ ਫੁੱਲਾਂ ਦੀ ਮਹਿਕ ਦੇਣ ਦੀ ਕੋਸ਼ਿਸ਼ ਕਰੀਏ..ਢਲਦੀ ਉਮਰ ਦਾ ਇਕ ਇਕ ਪਲ ਸੁਖਾਲਾ ਕਰਨ ਦਾ ਉਪਰਾਲਾ ਕਰੀਏ..ਜੀ ਹਾਂ..ਮੈਂ ਗੱਲ ਕਰ ਰਹੀ ਹਾਂ ਮਾਂ ਦੀ ਸਿਹਤ ਦੀ..ਜੇ ਉਹ ਬੀਮਾਰ ਹੈ..ਪੀੜ ਵਿੱਚ ਹੈ ਤਾਂ ਕੀ ਸੁਆਰੇਗਾ ਉਸਦੇ ਕੰਨ ਵਿਚ ਕਿਹਾ, " ਹੈਪੀ ਮਦਰਜ਼ ਡੇ ਮੰਮੀ !.."

ਤਾਂ ਸੱਚਮੁਚ ਦੋਸਤੋ! ਮਾਂ ਦੀ ਸਿਹਤ, ਮਾਂ ਦੀ ਦੇਖ-ਭਾਲ, ਮਾਂ ਦੀ ਸੇਵਾ ਇੱਕ ਅਜੇਹਾ ਅਹਿਮ ਵਿਸ਼ਾ ਹੈ ਜਿਸ ਬਾਰੇ ਵਿਚਾਰ ਵਟਾਂਦਰਾ ਕਰਨਾ ਅੱਜ ਦੇ ਸਮੇ ਦੀ ਬਹੁਤ ਵੱਡੀ ਲੋੜ ਹੈ। ਇਹ ਨਹੀਂ ਕਿ ਅਸੀਂ ਆਪਣੀ ਮਾਂ ਨੂੰ ਪਿਆਰ ਨਹੀਂ ਕਰਦੇ, ਬਹੁਤ ਪਿਆਰ ਕਰਦੇ ਹਾਂ, ਪਰ ਅੱਤ ਦੇ ਰੁਝੇਵਿਆਂ ਵਿੱਚ, ਦਿਨ ਰਾਤ ਦੀ ਭੱਜ ਦੌੜ ਵਿੱਚ ਹਫੇ ਹੋਏ, ਤਲਖੀਆਂ ਤੁਰਸ਼ੀਆਂ ਵਿੱਚ ਗੁਆਚੇ ਹੋਏ ਕਈ ਵਾਰ ਅਣਦੇਖੀ ਕਰ ਦਿੰਦੇ ਹਾਂ ਉਸ ਮੋਹ-ਵਿਗੁੱਤੇ ਕਲਬੂਤ ਦੀ, ਉਸ ਸਰੀਰ ਦੀ, ਉਸ ਆਤਮਾ ਦੀ, ਜਿਹਦੇ ਕਰਕੇ ਸਾਡਾ ਵਜੂਦ ਹੈ, ਜਿਹਦੇ ਕਰਕੇ ਅਸੀਂ ਜੀਅ ਰਹੇ ਹਾਂ..ਹੱਸ-ਖੇਡ ਰਹੇ ਹਾਂ..ਇਹ ਰੰਗਲਾ ਮੇਲਾ ਮਾਣ ਰਹੇ ਹਾਂ।

ਪੰਜਾਬ ਵਿੱਚ ਕਈ ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਹੈ,
" ਦੁੱਧ ਨਾਲ ਪੁੱਤ ਪਾਲ ਕੇ, ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ "

ਸਾਥੀਓ ! ਇਹ ਦੁੱਧ ਸਿਰਫ ਉਹ ਅੰਮ੍ਰਿਤ ਹੀ ਨਹੀਂ, ਜੋ ਮਾਂ ਦੇ ਅੰਦਰੋਂ, ਉਹਦੇ ਲਹੂ ਵਿੱਚੋਂ ਸਾਰੀ ਖੁਰਾਕ ਲੈ ਕੇ ਸਾਡੇ ਤੱਕ ਆਇਆ, ਇਹ ਦੁੱਧ ਉਹ ਹਰ ਪਲ ਹੈ ਜੋ ਮਾਂ ਨੇ ਸਾਡੇ ਤੋਂ ਵਾਰਿਆ..ਸਾਨੂੰ ਪਾਲਣ-ਪੜ੍ਹਾਉਣ, ਵਿਆਹੁਣ ਤੇ ਜ਼ਿੰਦਗੀ ਜਿਉਣ ਦੇ ਯੋਗ ਬਣਾਉਣ ਲਈ ਕੀਤੀ ਉਹਦੀ ਮਿਹਨਤ, ਮੁਸ਼ੱਕਤ..ਸਾਡੇ ਲਈ ਕੀਤੀ ਇਕ ਇਕ ਦੁਆ, ਸਾਡੀ ਖੈਰ ਮੰਗਣ ਲਈ ਹਰ ਦਹਿਲੀਜ਼ 'ਤੇ ਰਗੜਿਆ ਉਹਦਾ ਮੱਥਾ, ਉਨੀਂਦਰੀਆਂ ਰਾਤਾਂ, ਸਾਡੇ ਦੁੱਖ-ਦਰਦ ਵਿਚ ਵਗੇ ਉਹਦੇ ਹੰਝੂ, ਕੀ ਕੀ ਚੇਤੇ ਕਰੀਏ..ਕੀ ਕਿਤੇ ਕੋਈ ਅੰਤ ਹੈ ਉਹਦੀਆਂ ਦੇਣਾਂ ਦਾ?..ਜੇ ਨਹੀਂ ਯਕੀਨ ਤਾਂ ਆਪਣੀ ਜ਼ਿੰਦਗੀ ਵੱਲ ਝਾਤੀ ਮਾਰੋ...ਬਿਲਕੁਲ ਉਵੇਂ ਹੀ ਜਿਵੇਂ ਤੁਸੀਂ ਆਪਣੇ ਬਾਲਾਂ ਨੂੰ ਪਾਲਿਐ......ਉਹਨਾਂ ਦੇ ਸਾਹਾਂ ਵਿੱਚ ਸਾਹ ਲੈਂਦੇ ਓ..ਉਂਜ ਹੀ ਮਾਂ ਅਰਪਿਤ ਹੈ ਸਾਡੇ ਲਈ,ਹੁਣ ਵੀ ਜਦੋਂ ਉਹਦੇ ਹੱਥ ਪੈਰ ਜਵਾਬ ਦੇ ਰਹੇ ਨੇ..ਉਹਦੀ ਇਕ ਇਕ ਧੜਕਣ ਸਾਡੀ ਹੀ ਸੁੱਖ ਭਾਲਦੀ ਹੈ.ਅਰਦਾਸਾਂ ਕਰਦੀ ਹੈ। ਕਿਸੇ ਨੇ ਕਿੰਨਾ ਖੂਬਸੂਰਤ ਕਿਹੈ, " ਰੱਬ ਨੂੰ ਲੱਗਿਆ ਕਿ ਉਹ ਹਰ ਵੇਲੇ ਤੁਹਾਡੇ ਕੋਲ ਨਹੀਂ ਹੋ ਸਕਦਾ, ਇਸ ਲਈ ਉਹਨੇ ਮਾਂ ਬਣਾ ਦਿੱਤੀ "

..ਤੇ ਪੰਜਾਬੀ ਦੇ ਸਿਰਮੌਰ ਕਵੀ ਪ੍ਰੋ: ਮੋਹਨ ਸਿੰਘ ਨੇ ਜੋ ਲਿਖਿਆ ਉਸ ਤੋਂ ਸੋਹਣਾ ਮਾਂ ਨੂੰ ਹੋਰ ਕੌਣ ਬਿਆਨ ਕਰ ਸਕਦੈ,

" ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ,
ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ,
ਬਾਕੀ ਸਭ ਦੁਨੀਆਂ ਦੇ ਬੂਟੇ, ਜੜ੍ਹ ਸੁੱਕਿਆਂ ਮੁਰਝਾਉਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ ਏਹ ਬੂਟਾ ਸੁੱਕ ਜਾਏ "

ਉਂਜ ਤੁਸੀਂ ਸਾਰੇ ਜਾਣਦੇ ਓ ਇਹ ਸਭ ਕੁਝ, ਪਰ ਮੈਨੂੰ ਫਿਰ ਤੋਂ ਤੁਹਾਡੇ ਚੇਤੇ ਨੂੰ ਇਸ ਲਈ ਉਘੇੜਨਾ ਪਿਐ ਕਿ ਤੁਹਾਨੂੰ ਇਸ ਲਿਖਤ ਲਈ ਵਕਤ ਕੱਢਣਾ ਜ਼ਰੂਰੀ ਲੱਗੇ, ਸਾਰਥਿਕ ਲੱਗੇ...ਬੱਸ..ਤੁਹਾਡੇ ਪੂਰੇ ਧਿਆਨ ਦੇ ਕੁਝ ਛਿਣ ਲੈਣਾ ਚਾਹੁੰਦੀ ਹਾਂ ਮੈਂ ....ਹਾਂ ! ਪੁੱਛਿਓ ਜ਼ਰਾ ਆਪਣੇ-ਆਪ ਨੂੰ ! ਕੀ ਇਹ ਸੱਚ ਨਹੀਂ ਕਿ ਜਿਹੜੀ ਮਾਂ ਨੇ ਆਪਣੀ ਉਮਰ ਦੇ ਹਰ ਸਾਲ ਦੇ ਬਾਰਾਂ ਦੇ ਬਾਰਾਂ ਮਹੀਨੇ, ਸੱਤੇ ਦਿਨ, ਚੌਵੀ ਘੰਟੇ ਦਿੱਤੇ ਨੇ ਸਾਡੇ ਲਈ, ਉਹਦੇ ਲਈ ਚੌਵੀ ਮਿੰਟ ਤਾਂ ਕੀ ਚਾਰ ਮਿੰਟ ਕੱਢਣੇ ਵੀ ਔਖੇ ਲੱਗਦੇ ਨੇ ਸਾਨੂੰ?...ਤੇ ਸਾਡੀ ਏਹੋ ਕੁਤਾਹੀ ਮਾਂ ਦੀ ਸਿਹਤ ਨੂੰ ਢਾਅ ਲਾਉਂਦੀ ਹੈ...ਜੀ ਹਾਂ...ਮਾਂ ਦੀ ਮਾਨਸਿਕ ਸਿਹਤ..ਜ਼ਜ਼ਬਾਤੀ ਤੰਦਰੁਸਤੀ ਜਿਹਨੂੰ ਆਪਾਂ Emotional Health, Mental Health.ਆਖਦੇ ਹਾਂ ਤੇ ਤੁਸੀਂ ਜਾਣਦੇ ਹੀ ਓ ਕਿ ਬਹੁਤੀਆਂ ਸਰੀਰਕ ਬੀਮਾਰੀਆਂ ਵੀ ਮਨ ਦੀ ਕਮਜ਼ੋਰੀ ਕਰਕੇ ਹੁੰਦੀਆਂ ਨੇ...ਮਾਨਸਿਕ ਤਨਾਓ ਕਰਕੇ ਹੁੰਦੀਆਂ ਨੇ..ਇਸ ਲਈ ਸਭ ਤੋਂ ਪਹਿਲਾਂ ਮੈਂ ਇਸੇ ਦਾ ਜ਼ਿਕਰ ਕਰਾਂਗੀ....ਉਂਜ ਇਹ ਕਥਨੀਆਂ ਉਸ 'ਮਾਂ' ਲਈ ਵੀ ੳਨੀਆਂ ਹੀ ਅਹਿਮ ਹਨ ਜਿਹੜੀ ਤੁਹਾਨੂੰ ਵਿਆਹ ਤੋਂ ਬਾਅਦ ਮਿਲੀ ਹੈ ..ਮੇਰੀ ਇਹ ਗੁਜ਼ਾਰਿਸ਼ ਮਰਦਾਂ ਲਈ ਤਾਂ ਹੈ ਹੀ,ਪਰ ਉਸ ਤੋਂ ਵੱਧ ਔਰਤਾਂ ਲਈ ਹੈ..ਸਖੀਓ !ਭੈਣੋ ! ਮੈਂ ਉਸ 'ਮਾਂ' ਬਾਰੇ ਕਹਿ ਰਹੀ ਹਾਂ, ਜਿਸਨੇ ਲੱਖ ਮੁਸੀਬਤਾਂ ਝੱਲ ਕੇ,ਪਾਲ-ਪੋਸ ਕੇ ਪਿਆਰਾ ਜਿਹਾ ਜੀਵਨਸਾਥੀ ਤੁਹਾਡੇ ਹਵਾਲੇ ਕਰ ਦਿੱਤਾ।

ਹਾਂ..ਤੇ ਮੈਂ ਕਹਿ ਰਹੀ ਸੀ ਨਾਨੂੰ ਕਿ ਅਸੀਂ ਮਾਂ ਲਈ ਪੂਰੇ ਚੌਵੀ ਘੰਟਿਆਂ ਵਿਚੋਂ ਚਾਰ ਮਿੰਟ ਕੱਢਣ ਵਿੱਚ ਵੀ ਔਖ ਸਮਝਦੇ ਹਾਂ...ਇਹ ਸਾਰਿਆਂ ਲਈ ਸੱਚ ਨਹੀਂ ਪਰ ਬਹੁਤਿਆਂ ਲਈ ਜ਼ਰੂਰ ਹੈ....ਉਹ ਮਾਂ ਜਿਸਦੀਆਂ ਅੱਖਾਂ ਸਾਡੇ ਘਰੋਂ ਬਾਰ ਜਾਣ 'ਤੇ ਹੀ ਸਾਡੀ ਉਡੀਕ ਵਿੱਚ ਦਰਵਾਜ਼ੇ 'ਤੇ ਲੱਗ ਜਾਂਦੀਆਂ ਨੇ...ਵਾਪਿਸ ਆ ਕੇ ਉਹਦੇ ਕੋਲੋਂ ਮਾੜੀ ਜਿਹੀ ' ਹੈਲੋ..ਹਾਇ ' ਆਖ ਕੇ ,ਜਾਂ 'ਕੀ ਹਾਲ ਹੈ ਮਾਂ?' ਕਹਿ ਕੇ ਹੀ ਲੰਘ ਜਾਂਦੇ ਹਾਂ..ਕਈ ਵਾਰ ਤਾਂ ਉਹਦਾ ਜਵਾਬ ਵੀ ਨਹੀਂ ਸੁਣਦੇ ਅਸੀਂ...ਤੇ ਉਹ ਸਲ੍ਹਾਬੀਆਂ ਅੱਖਾਂ ਨਾਲ ਸਾਡੀ ਪੈੜਚਾਲ ਸੁਣਦੀ ਰਹਿੰਦੀ ਹੈ...

ਉਹਦੇ ਕੋਲ ਬੈਠ ਕੇ ਉਹਦਾ ਹਾਲ ਜਾਨਣਾ, ਖਾਧੇ-ਪੀਤੇ ਬਾਰੇ ਪੁੱਛਣਾ, ਦਵਾਈ ਲੈਣ ਬਾਰੇ ਜਾਣਕਾਰੀ ਲੈਣੀ ਜਾਂ ਨਿੱਕਾ ਜਿਹਾ ਦੁਖ-ਸੁਖ ਕਰਨਾ ਅੰਤਾਂ ਦਾ ਸਕੂਨ ਦਿੰਦਾ ਹੈ ਉਹਦੀ ਤਿਹਾਈ ਆਤਮਾ ਨੂੰ..ਮਾੜਾ ਜਿਹਾ ਉਹਦਾ ਹੱਥ ਫੜ ਕੇ ਗੱਲ ਕਰੋ, ਪਿੱਠ 'ਤੇ ਹੱਥ ਫੇਰੋ ਤੇ ਜੇ ਗਲਵੱਕੜੀ ਵਿੱਚ ਲੈ ਲਓ ਤਾਂ ਉਹਦੇ ਵਰਗੀ ਵੱਡੀ ਗਿਜ਼ਾ ਤਾਂ ਹਕੀਮ ਲੁਕਮਾਨ ਕੋਲ ਵੀ ਨਹੀਂ.. ਸੁਣਿਆ ਹੈ ਨਾ ' ਜਾਦੂ ਦੀ ਜੱਫੀ '?..ਤੇ ਸਭ ਤੋਂ ਪਹਿਲਾਂ ਤਾਂ ਸਾਡੀ ਮਾਂ ਹੈ ਇਹਦੀ ਹੱਕਦਾਰ..ਜਿਹੜੀ ਸਾਨੂੰ ਗੋਦੀ ਵਿੱਚ ਚੁੱਕ ਕੇ ਸਾਰੀ ਸਾਰੀ ਰਾਤ ਜਾਗਦੀ ਰਹਿੰਦੀ ਸੀ..ਤੇ ਇਹ ਸਭ ਕਰਨ ਨੂੰ ਭਲਾ ਕਿੰਨੇ ਕੁ ਮਿੰਟ ਲੱਗਦੇ ਨੇ? ਤੁਹਾਡਾ ਕੁਝ ਖਰਚ ਨਹੀਂ ਹੋਏਗਾ ਤੇ ਤੁਸੀਂ ਬਹੁਤ ਕੁਝ ਕਮਾ ਲਓਗੇ..ਮਾਂ ਦੇ ਦਿਲੋਂ ਨਿੱਕਲਦੀਆਂ ਅਸੀਸਾਂ ਜੋ ਲੱਖਾਂ ਕਰੋੜਾਂ ਖਰਚ ਕੇ ਵੀ ਦੁਨੀਆਂ ਦੇ ਕਿਸੇ ਬਜ਼ਾਰ ਵਿੱਚ ਨਹੀਂ ਮਿਲਦੀਆਂ,ਅਸੀਸਾਂ ਜੋ ਬਲਦੀਆਂ ਧੁੱਪਾਂ ਤੇ ਵਰ੍ਹਦੇ ਮੀਹਾਂ ਵਿੱਚ ਤੁਹਾਡੇ ਲਈ ਛਤਰੀ ਬਣਨਗੀਆਂ, ਤੁਹਾਡਾ ਇਹ ਨਿੱਕਾ ਜਿਹਾ ਕਰਮ ਉਹਨੂੰ ਰੋਗਾਂ ਨਾਲ ਲੜਨ ਲਈ ਬੇਅੰਤ ਤਾਕਤ ਦਏਗਾ..ਤੇ ਸੱਚ ਜਾਣਿਓ! ਤੁਸੀਂ ਖੁਦ ਵੀ ਉਸ ਵਕਤ ਬਹੁਤ ਚੰਗਾ ਚੰਗਾ ਮਹਿਸੂਸ ਕਰੋਗੇ ਤੇ ਤੁਹਾਡੀ ਜ਼ਮੀਰ ਕਿਸੇ ਨਿਰਮਲ ਸ਼ਾਂਤੀ ਦੀ ਗੰਗਾ ਵਿੱਚ ਇਸ਼ਨਾਨ ਕਰ ਲਏਗੀ।

ਦੂਜੀ ਚੀਜ਼ ਜਿਹੜੀ ਮਾਂ ਦਾ ਮਾਨਸਿਕ ਘਾਤ ਕਰਦੀ ਹੈ..ਉਹ ਹੈ ਸਾਡੀ ਖਿਝ ...ਕਈਆਂ ਦੇ ਤਾਂ ਇਸ ਖਿਝ ਵਿਚੋਂ ਉੱਗੇ ਕੌੜੇ ਬੋਲ ਉਹਦੇ ਆਤਮ-ਸਨਮਾਨ ਦੇ ਟੋਟੇ ਟੋਟੇ ਕਰ ਦਿੰਦੇ ਹਨ..ਜਿਉਂ ਜਿਉਂ ਉਮਰ ਵਧਦੀ ਹੈ ਉੱਚਾ ਸੁਣਨ ਲੱਗਦਾ ਹੈ,ਝੌਲਾ ਦਿਸਣ ਲੱਗਦਾ ਹੈ. ਗੱਲ ਵਾਰ ਵਾਰ ਭੁੱਲ ਜਾਂਦੀ ਹੈ...ਤੇ ਜੇ ਉਹ ਕੋਈ ਗੱਲ ਦੁਬਾਰਾ ਜਾਂ ਤੀਜੀ ਚੌਥੀ ਵਾਰ ਪੁੱਛੇ ਤਾਂ ਸਾਡੀ ਖਿਝ ਅਸਮਾਨੇ ਚੜ੍ਹ ਜਾਂਦੀ ਹੈ ਤੇ ਜ਼ੁਬਾਨ ਤੱਤੀ ਹੋਣ ਲੱਗਦੀ ਹੈ..ਕੀ ਇਹ ਸਹੀ ਹੈ ਸਾਡੇ ਲਈ? ਕੀ ਅਸੀਂ ਨਹੀਂ ਜਾਣਦੇ ਕਿ ਉਹ ਇਹ ਸਭ ਜਾਣੁਬੁੱਝ ਕੇ ਨਹੀਂ ਕਰਦੀ?

ਏਵੇਂ ਹੀ ਅੰਨ-ਪਾਣੀ ਦੀ ਗੱਲ ਹੈ..ਦੋ ਫੁਲਕੇ ਸਬਜ਼ੀ ਉਹਦੇ ਸਾਹਮਣੇ ਰੱਖ ਕੇ ਸੁਰਖਰੂ ਹੋ ਜਾਂਦੇ ਹਾਂ..ਭੁੱਲ ਜਾਂਦੇ ਹਾਂ ਕਿ ਉਮਰ ਦੇ ਨਾਲ ਨਾਲ ਦੰਦ ਸਾਥ ਛੱਡ ਦਿੰਦੇ ਨੇ..ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ. ਜਾਂ ਕਿਸੇ ਬੀਮਾਰੀ ਕਰਕੇ ਹਰ ਖੁਰਾਕ ਮਾਫਿਕ ਨਹੀਂ ਹੁੰਦੀ ਤੇ ਅਸੀਂ ਸੋਚਦੇ ਹਾਂ, ਜੋ ਕੁਝ ਰਿੱਧਾ ਪੱਕਾ ਹੈ ਉਹੋ ਹੀ ਖਾਵੇ...ਐਨੀ ਰੁਝੇਵੇਂ ਭਰੀ ਜ਼ਿੰਦਗੀ ਵਿੱਚ ਉਹਦੇ ਲਈ ਵੱਖਰਾ ਭੋਜਨ ਕੌਣ ਬਣਾਵੇ? ਕੀ ਇਹ ਅਕ੍ਰਿਤਘਣਤਾ ਨਹੀਂ ਉਸ ਅੰਨਪੂਰਨਾ ਨਾਲ ਜੋ ਤੁਹਾਡੀ ਪਸੰਦ ਦਾ ਖਾਣਾ ਬਣਾਉਣ ਲਈ ਦਿਨ ਰਾਤ ਇਕ ਕਰ ਦਿੰਦੀ ਸੀ? ਤੁਸੀਂ ਆਪਣੇ ਮੂੰਹ ਵਿੱਚ ਬੁਰਕੀ ਪਾਉਂਦੇ ਸੀ ਤੇ ਰੱਜ ਉਹਨੂੰ ਆਉਂਦਾ ਸੀ...ਕਈ ਵਾਰ ਆਪਣੇ ਹਿੱਸੇ ਦੀ ਰੋਟੀ ਜਾਂ ਕੋਈ ਹੋਰ ਸੁਆਦੀ ਵਸਤ ਵੀ ਬਿਨਾਂ ਪ੍ਰਗਟਾਵੇ ਦੇ ਤੁਹਾਨੂੰ ਖੁਆ ਕੇ ਤ੍ਰਿਪਤ ਹੁੰਦੀ ਸੀ.....ਤੇ ਹੁਣ ਤੁਹਾਡੀ ਵਾਰੀ ਹੈ...ਕਿੰਨੀ ਕੁ ਦੇਰ ਲੱਗਦੀ ਹੈ ਉਹਦੇ ਲਈ ਲੋੜੀਂਦਾ ਭੋਜਨ ਤਿਆਰ ਕਰਨ ਵਿੱਚ ? ਅੱਵਲ ਤਾਂ ਘਰ ਵਿੱਚ ਬਣਦੀ ਦਾਲ ਸਬਜ਼ੀ ਵਿਚੋਂ ਹੀ ਘੱਟ ਨਮਕ ਮਿਰਚ ,ਘਿਓ ਆਦਿ ਵਾਲੀ ਇਕ ਅੱਧੀ ਕੌਲੀ ਕੱਢ ਕੇ ਬਾਕੀ ਨੂੰ ਆਪਣੇ ਸੁਆਦ ਅਨੁਸਾਰ ਤੜਕਾ ਲਗਾਇਆ ਜਾ ਸਕਦੈ..ਕੀ ਇਹ ਸੱਚਮੁੱਚ ਬਹੁਤ ਵੱਡਾ ਤਰੱਦਦ ਹੈ ?

ਜੀ ਹਾਂ ਵੱਡੀ ਉਮਰ ਵਿੱਚ ਇਹੋ ਜਿਹਾ ਸਾਦਾ ਭੋਜਨ ਹੀ ਠੀਕ ਰਹਿੰਦਾ ਹੈ...ਘੱਟ ਨਮਕ, ਮਿਰਚ, ਚੀਨੀ, ਘਿਓ ਆਦਿ ਤੇ ਜੇ ਕਿਸੇ ਬੀਮਾਰੀ ਕਰਕੇ ਹੋਰ ਕੋਈ ਪਰਹੇਜ਼ ਹੋਵੇ ਤਾਂ ਉਹ ਵੀ...ਪਰ ਜਿਹੜੀ ਮਾਂ ਦੀ ਦੇਹ ਨੇ ਅਜੇ ਤੱਕ ਵਫਾ ਕੀਤੀ ਹੋਈ ਹੈ, ਸਭ ਦੇ ਨਾਲ ਦਾ ਖਾਣਾ ਹਜ਼ਮ ਕਰ ਸਕਦੀ ਹੈ..ਤਾਂ ਉਹਨੂੰ ਇਹਨਾਂ ਸੁਆਦਾਂ ਤੋਂ ਵਿਰਵਾ ਨਾ ਕੀਤਾ ਜਾਵੇ..ਡਾਕਟਰ ਦੀ ਕਥਨੀ ਨੂੰ ਹਥਿਆਰ ਬਣਾ ਕੇ ਨਾ ਵਰਤਿਆ ਜਾਵੇ..ਉਂਜ ਵੀ ਕਦੀ ਕਦੀ ਉਹਦੀ ਮਨ ਮਰਜ਼ੀ ਦਾ ਖਾਣਾ ਜ਼ਰੂਰ ਦਿੱਤਾ ਜਾਵੇ ..ਹਰੀਆਂ ਸਬਜ਼ੀਆਂ,ਫਲ ਆਦਿ ਜ਼ਿਆਦਾ ਦਿੱਤੇ ਜਾਣ। ਇਸ ਉਮਰ ਵਿੱਚ ਸਰੀਰ ਦੀ ਟੁੱਟ-ਭੱਜ ਬਹੁਤ ਹੁੰਦੀ ਹੈ, ਜਿਹਨੂੰ Senile Degeneration ਆਖਦੇ ਨੇ..ਇਸ ਦੀ ਭਰਪਾਈ ਕਰਨ ਲਈ ਪਰੋਟੀਨ ਦੀ ਬਹੁਤ ਲੋੜ ਹੈ, ਜਿਹੜਾ ਦੁੱਧ ਦਹੀਂ, ਪਨੀਰ, ਮੱਛੀ ਮੀਟ ਆਦਿ ਵਿੱਚ ਭਰਪੂਰ ਮਾਤਰਾ ਵਿੱਚ ਮਿਲਦਾ ਹੈ, ਏਵੇਂ ਹੀ ਐਂਟੀ ਔਕਸੀਡੈਂਟਸ (ਯਾਨੀ ਜੰਗਾਲ ਨੂੰ ਬਚਾਉਣ ਵਾਲੇ, ਬੁਢਾਪੇ ਵਿੱਚ ਜੰਗਾਲ ਹੀ ਤਾਂ ਲੱਗਦੈ ਜਿਸਮ ਨੂੰ) ੳਮੈਗਾ-3, 6 ਆਦਿ ਲਾਭਦਾਇਕ ਫੈਟੀ ਏਸਿਡ ਜਿਹੜੇ ਬਦਾਮਾਂ, ਅਖਰੋਟਾਂ, ਮੂੰਗਫਲੀ, ਅਲਸੀ, ਜ਼ੈਤੂਨ ਦਾ ਤੇਲ ਯਾਨਿ ਕਿ ੳਲਿਵ ਆਇਲ ਆਦਿ ਵਿੱਚ ਖੂਬ ਹੁੰਦੇ ਹਨ, ਲਾਲ ਅਨਾਰ, ਨੀਲੀ ਬੈਰੀ , ਹਰੀ ਚਾਹ ਵੀ ਐਂਟੀ ਆਕਸੀਡੈਂਟਸ ਦੇ ਨਾਯਾਬ ਸੋਮੇ ਹਨ...ਸੈਲੋਮਨ ਮੱਛੀ ਵੀ ਪਰੋਟੀਨ, ੳਮੈਗਾ-3, ਵਿਟਾਮਿਨ ਡੀ ਤੇ ਹੋਰ ਵਿਟਾਮਿਨਜ਼ ਨਾਲ ਭਰਪੂਰ ਹੈ, ਕੈਲਰੀਜ਼ ਵੀ ਬਹੁਤ ਜ਼ਿਆਦਾ ਨਹੀਂ ਤੇ ਹਫਤੇ ਵਿੱਚ ਇਕ ਦਿਨ ਜ਼ਰੂਰ ਖਾਣੀ ਚਾਹੀਦੀ ਹੈ । ਇਹ ਸਾਰੇ ਖਾਧ-ਪਦਾਰਥ ਬੁਢਾਪੇ ਨੂੰ ਹਰਾਉਣ ਲਈ ਖਾਸ ਕਰਕੇ ਐਲਜ਼ੀਮਰ ਤੋਂ ਬਚਾਓ ਲਈ ਬਹੁਤ ਫਾਇਦੇ ਮੰਦ ਹਨ,ਦਿਲ ਦੇ ਦੌਰੇ ਤੋਂ,ਕੈਂਸਰ ਆਦਿ ਤੋਂ ਬਚਾਉਂਦੇ ਹਨ।

ਅੱਗੇ ਮਾਂ ਰਾਤ ਨੂੰ ਬਦਾਮ ਭਿਉਂ ਕੇ ਸਵੇਰੇ ਮੱਖਣ ਨਾਲ ਖੁਆਉਂਦੀ ਹੁੰਦੀ ਸੀ..ਚੇਤੇ ਐ ਨਾ? ਹੁਣ ਤੁਸੀਂ ਖੁਆਉਣੇ ਨੇ, ਜੇ ਸਾਬਤੇ ਸਣੇ ਛਿਲਕੇ ਦੇ ਖਾ ਸਕਦੀ ਐ ਤਾਂ ਬਹੁਤ ਵਧੀਆ, ਨਹੀਂ ਤਾਂ ਮਿਕਸੀ ਵਿੱਚ ਪੀਸ ਲਓ..ਉਹ ਤਾਂ ਕੂੰਡੀ-ਘੋਟਣੇ ਜਾਂ ਮਾਨ-ਦਸਤੇ ਵਿੱਚ ਪੀਸਦੀ ਹੁੰਦੀ ਸੀ...ਕਹੋਗੇ ਇਹ ਤਾਂ ਅੱਗੇ ਈ ਅੱਗੇ ਕੰਮ ਵਧਦਾ ਜਾਂਦੈ....ਤਾਂ ਇਉਂ ਨਹੀਂ ਠੀਕ? ਕਿ ਬਦਾਮ ਪੀਸ ਕੇ ਵਿੱਚ ਦੁੱਧ ਮਿਲਾ ਲਓ..ਬਾਲਾਂ ਨੂੰ ਵੀ ਪਿਆਓ..ਖੁਦ ਵੀ ਪੀਓ ਤੇ ਇਕ ਅੱਧ ਗਲਾਸ ਮਾਂ ਨੂੰ ਵੀ ਦੇ ਦਿਓ...ਮੈਨੂੰ ਯਾਦ ਐ ਮੇਰੇ ਪਾਪਾ ਇੰਜੇ ਕਰਿਆ ਕਰਦੇ ਸਨ...ਤੇ ਵਿਟਾਮਿਨ ਆਦਿ ਸਬਜ਼ੀਆਂ, ਫਲਾਂ ਵਿੱਚ ਬਹੁਤ ਹੁੰਦੇ ਨੇ, ਖਾਸ ਕਰਕੇ ਬਰੌਕਲੀ, ਐਵੋਕਾਡੋ ਆਦਿ ਤਾਂ ਇਸ ਨਾਲ ਪੂਰੇ ਅਮੀਰ ਹਨ ,ਹੱਡੀਆਂ ਮਜ਼ਬੂਤ ਰੱਖਣ ਲਈ ਕੈਲ਼ਸ਼ੀਅਮ ਲੋੜੀਂਦਾ ਹੈ...ਇਹ ਤਾਂ ਦੁੱਧ, ਦਹੀਂ, ਪਨੀਰ ਆਦਿ ਤੋਂ ਹੀ ਮਿਲ ਜਾਏਗਾ...ਲੋਹੇ ਦੀ ਕਮੀ ਪੂਰੀ ਕਰਨ ਲਈ ਹਰੀਆਂ ਸਬਜ਼ੀਆਂ, ਪਾਲਕ, ਸਾਗ ਆਦਿ ਹੀ ਕਾਫੀ ਹਨ..ਕੱਚਾ ਲਸਣ ਤੇ ਪਿਆਜ਼ ਕੋਲੈਸਟਰੋਲ ਘਟਾ ਸਕਦਾ ਹੈ..ਉਂਜ ਇਹ ਸਭ ਤਾਂ ਮਾਂ ਦੇ ਬਹਾਨੇ ਤੁਹਾਡੇ ਤੇ ਸਾਰੇ ਪਰਿਵਾਰ ਦੀ ਭਲਾਈ ਦੇ ਨੁਕਤੇ ਹਨ ..ਹੈ ਨਾ? ਇਹਨਾਂ ਪੌਸ਼ਟਿਕ ਤੱਤਾਂ ਦੇ ਗੋਲੀਆਂ-ਕੈਪਸੂਲ ਵੀ ਮਿਲਦੇ ਹਨ..ਪਰ ਮੋਟਾ ਨਿਯਮ ਇਹ ਹੈ ਕਿ ਇਕ ਦਿਨ ਵਿੱਚ ਪੰਜ ਰੰਗਾਂ ਦੀਆਂ ਸਬਜ਼ੀਆਂ ਫਲ ਆਦਿ ਜ਼ਰੂਰ ਖਾਧੇ ਜਾਣ..ਜਿਵੇਂ ਬਰੌਕਲੀ ਹਰਾ, ਤਰਬੂਜ਼ ਲਾਲ, ਬੈਰੀ ਨੀਲਾ, ਸੇਬ ਪੀਲਾ, ਬੈਂਗਣ ਜਾਮਨੀ ..ਏਵੇਂ ਹੀ ਹੋਰ ਫਲਾਂ ਸਬਜ਼ੀਆਂ ਦਾ ਸੰਗਮ ਬਣਾ ਸਕਦੇ ਓ..ਜ਼ਰੂਰੀ ਇਹ ਹੈ ਕਿ ਭੋਜਨ ਸੰਤੁਲਿਤ ਹੋਵੇ... ਰੋਟੀ, ਸਬਜ਼ੀ, ਦਾਲ, ਚਾਵਲ, ਦਹੀਂ, ਫਲ ਆਦਿ ਹਰ ਪਦਾਰਥ ਹੀ ਸ਼ਾਮਿਲ ਹੋਵੇ ਤੇ ਇਕ ਗੱਲ ਹੋਰ, ਸਵੇਰੇ ਜੱਗ ਪਾਣੀ ਦਾ ਭਰ ਕੇ ਵਿੱਚ ਅੱਧਾ ਨਿੰਬੂ ਨਿਚੋੜ ਕੇ ਰੱਖ ਲਿਆ ਜਾਵੇ..ਨਿਚੋੜਿਆ ਨਿੰਬੂ ਵੀ ਵਿੱਚੇ ਪਾ ਦਿੱਤਾ ਜਾਵੇ..ਕਿਉਂਕਿ ਨਿੰਬੂ ਦੀ ਛਿਲਕ ਵੀ ਬਹੁਤ ਫਾਇਦੇ ਮੰਦ ਹੈ..ਬੱਸ ਉਸ ਵਿਚੋਂ ਪਾਣੀ ਪੀਓ ਤੇ ਮਾਂ ਨੂੰ ਪਿਆਓ..ਮੁੱਕ ਜਾਏ ਤਾਂ ਉਸੇ ਵਿੱਚ ਹੋਰ ਪਾਣੀ ਪਾਈ ਜਾਓ... ਰਾਤ ਨੂੰ ਨਿੰਬੂ ਕੱਢ ਕੇ ਜੱਗ ਧੋ ਦਿਓ...ਇਹ ਪਾਣੀ ਕੈਂਸਰ, ਦਿਲ ਦਾ ਦੌਰਾ ਆਦਿ ਦੇ ਬਚਾਅ ਲਈ ਬਹੁਤ ਸਹਾਈ ਹੈ..ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦੈ...ਇਹ ਝੁਰੜੀਆਂ ਨੂੰ ਬਚਾਉਣ ਵਿੱਚ ਵੀ ਮੱਦਦ ਕਰਦੈ...ਹਾਂ ਜੇ ਮਾਂ ਨੂੰ ਕੋਈ ਖਾਸ ਬੀਮਾਰੀ ਹੈ ਜਿਵੇਂ ਸ਼ੱਕਰ ਰੋਗ(Diabetes) ਜਾਂ ਵਧਿਆ ਖੂਨ ਦਬਾਓ (High Blood Pressure ) ਵਧਿਆ ਯੂਰਿਕ ਏਸਿਡ ਜਾਂ, ਦਿਲ ਦੀ ਕਮਜ਼ੋਰੀ (Heart Disease) ਆਦਿ ਤਾਂ ਖੁਰਾਕ ਬਾਰੇ ਡਾਕਟਰ ਯੋਗ ਸਲਾਹ ਦੇ ਸਕਦਾ ਹੈ..ਉਸ ਸਲਾਹ ਦਾ ਪੂਰੀ ਇਮਾਨਦਾਰੀ ਨਾਲ ਪਾਲਣ ਕੀਤਾ ਜਾਵੇ ਤੇ ਮਾਂ ਉੱਤੇ ਇਹ ਥੋਪਿਆ ਨਾ ਜਾਵੇ ,ਸਗੋਂ ਪਿਆਰ ਨਾਲ ਸਮਝਾਇਆ ਜਾਵੇ..ਇਸ ਉਮਰ ਵਿੱਚ ਵਿਚ ਬਜ਼ੁਰਗ ਬਾਲਾਂ ਵਰਗੇ ਹੋ ਜਾਂਦੇ ਨੇ।

ਤੇ ਜਿੱਥੋਂ ਤੱਕ ਬੁਢਾਪੇ ਦੀਆਂ ਬੀਮਾਰੀਆਂ ਦਾ ਸਵਾਲ ਹੈ, ਉਹ ਤਾਂ ਅਨੇਕਾਂ ਹਨ ,ਵਿਸਥਾਰ ਵਿਚ ਜਾਣਾ ਇਸ ਲੇਖ ਨੂੰ ਬਹੁਤ ਵੱਡਾ ਕਰ ਦਏਗਾ..ਹਾਂ ਉਹਨਾਂ ਵਿਚੋਂ ਵੀ ਦਿਲ ਦਾ ਦੌਰਾ, ਦਿਮਾਗ ਦਾ ਸਟਰੋਕ, ਐਲਜ਼ੀਮਰ, ਅੱਖਾਂ , ਫੇਫੜਿਆਂ, ਜੋੜਾਂ ਦੀਆਂ ਬੀਮਾਰੀਆਂ ਆਦਿ ਪ੍ਰਮੁਖ ਹਨ,ਹੋਰ ਵੀ ਬਹੁਤ ਹਨ, ਸਿਰਫ ਇਹੋ ਕਹਾਂਗੀ ਕਿ ਜਦੋਂ ਵੀ ਮਾੜੀ ਜਿਹੀ ਤਕਲੀਫ ਹੋਵੇ, ਉਹਨੂੰ ਡਾਕਟਰ ਕੋਲ ਲੈ ਕੇ ਜਾਓ... ਏਥੇ ਤਾਂ ਅਪਾਇੰਟਮੈਂਟ ਬਣਾਉਦੇ ਹਨ, ਫੋਨ 'ਤੇ ਡਾਕਟਰ ਨੂੰ ਸਾਰੀ ਅਹੁਰ ਬਾਰੇ ਦੱਸੋ..ਉਹ ਦੱਸ ਦਏਗਾ ਕਿ ਐਮਰਜੈਂਸੀ ਹੈ ਜਾਂ ਉਡੀਕ ਕੀਤੀ ਜਾ ਸਕਦੀ ਹੈ..ਪਰ ਮਾਂ ਦਾ ਇਲਾਜ ਤੁਹਾਡੇ ਕੰਮਾਂ ਦੀ ਸੂਚੀ ਵਿਚ ਪਹਿਲੇ ਨੰਬਰ 'ਤੇ ਹੋਣਾ ਚਾਹੀਦਾ ਹੈ, ਅਖੀਰਲੇ 'ਤੇ ਨਹੀਂ..ਇਹ ਰਿਣ ਚੁਕਾਉਣ ਦਾ ਵੇਲਾ ਹੈ. (ਮਰਨ ਪਿਛੋਂ ਪਿੱਤਰਾਂ ਦਾ ਕੋਈ ਰਿਣ ਨਹੀਂ ਚੁਕਾਇਆ ਜਾ ਸਕਦਾ).ਇਹ ਸਭ ਕੁਝ ਤੁਸੀਂ ਲੈ ਚੁੱਕੇ ਹੋ..ਬੱਸ ਜਿੰਨਾ ਹੋ ਸਕੇ ਵਾਪਿਸ ਮੋੜਨਾ ਹੀ ਹੈ..ਸੱਚੀਂ ਕਿਸੇ ਵੇਲੇ ਮਾਂ ਕੋਲ ਬਹਿ ਕੇ ਆਪਣੇ ਬਚਪਨ ਦੀਆਂ ਗੱਲਾਂ ਸੁਣਿਓ ! ਸ਼ਰਾਰਤਾਂ ਬਾਰੇ ਪੁੱਛਿਓ ! ਦੇਖਿਓ ਉਹ ਲੋਰ ਵਿੱਚ ਆ ਕੇ ਤੁਹਾਨੂੰ ਕਿਹੜੇ ਕਿਹੜੇ ਖੂਬਸੂਰਤ ਮੌਸਮਾਂ ਦੀ ਯਾਦ ਕਰਾਉਂਦੀ ਹੈ, ਪੁਰਾਣੀਆਂ ਫੋਟੋਆਂ ਦੇਖਿਓ !..ਜਿਹਨਾਂ ਕੋਲ ਆਡੀਓ/ਵੀਡੀਓ ਹੈ..ਉਸ ਨੂੰ ਮਾਣਿਓ !ਮਾਂ ਹੀ ਨਹੀਂ ਤੁਸੀਂ ਖੁਦ ਵੀ ਸ਼ਰਬਤੀ ਅਹਿਸਾਸਾਂ ਨਾਲ ਭਰਪੂਰ ਹੋ ਜਾਓਗੇ ਤੇ ਇਹ ਤੁਹਾਡੀ ਆਪਣੀ ਮਾਨਸਿਕ ਸਿਹਤ ਵਾਸਤੇ ਵੀ ਅਣਮੁੱਲੀ ਦਵਾਈ ਹੈ.. ।

ਤੇ ਹਾਂ ਜਦੋਂ ਵੀ ਹਰ ਸਾਲ ਮਾਂ-ਦਿਵਸ ਮਨਾਉਂਦੇ ਹਾਂ, ਉਸ ਦਿਨ ਨੂੰ ਆਪਣੀ ਸਹੂਲਤ ਅਨੁਸਾਰ ਨਹੀਂ, ਉਹਦੀ ਖੁਸ਼ੀ ਦੇ ਰੰਗ ਵਿੱਚ ਮਨਾਈਏ...ਹੋ ਸਕਦੈ ਫੁੱਲਾਂ ਜਾਂ ਕਾਰਡ ਦੀ ਥਾਂ ਉਹਦੀ ਰੀਝ ਕਿਸੇ ਸ਼ਾਲ ਜਾਂ ਸੂਟ 'ਤੇ ਹੋਵੇ, ਕੋਈ ਫਿਲਮ ਦੇਖਣਾ ਚਾਹੁੰਦੀ ਹੋਵੇ, ਕਿਸੇ ਮੰਦਿਰ ਗੁਰਦੁਆਰੇ ਜਾਣਾ, ਕਿਤੇ ਬਾਹਰ ਘੁੰਮਣਾ, ਕਿਸੇ ਰਿਸ਼ਤੇਦਾਰ ਨੂੰ ਮਿਲਣਾ..ਹੋਰ ਅਨੇਕਾਂ ਚਾਹਤਾਂ ਹੋ ਸਕਦੀਆਂ ਨੇ..ਜ਼ਰ ਜ਼ਰ ਹੋਏ ਜਿਸਮ ਵਿੱਚ ਵੀ ਲਟ ਲਟ ਬਲਦਾ ਦਿਲ ਹੁੰਦਾ ਹੈ, ਸੁਫਨਿਆਂ ਦੀ ਛਹਿਬਰ ਹੁੰਦੀ ਹੈ ..ਮਾਂ ਤਾਂ ਬਿਨਾਂ ਕਹੇ ਤੁਹਾਡੇ ਦਿਲ ਦੀਆਂ ਬੁੱਝ ਲੈਂਦੀ ਸੀ, ੳਦੋਂ ਵੀ ਜਦੋਂ ਤੁਸੀਂ ਅਜੇ ਬੋਲਣਾ .ਨਹੀਂ ਸਿੱਖਿਆ ਸੀ...ਜਦੋਂ ਤੁਹਾਨੂੰ ਭੁੱਖ ਪਿਆਸ ਦੇ ਅਰਥ ਵੀ ਨਹੀਂ ਆਉਂਦੇ ਸਨ..ਤੇ ਉਹ ਤਾਂ ਤੁਹਾਡੇ ਨਾਲ ਬੋਲਦੀ ਵਰਤਦੀ ਹੈ..ਕੀ ਤੁਸੀਂ ਨਹੀਂ ਜਾਣ ਸਕਦੇ ਉਹ ਉਮੰਗ..ਉਹ ਰੀਝ ? ਜਿਹੜੀ ਉਹਨੂੰ ਖੁਸ਼ੀ ਨਾਲ ਸਰਾਬੋਰ ਕਰ ਦੇਵੇ...ਤੇ ਮਾਂ-ਦਿਵਸ ਬਣਾਉਣਾ ਇਕ ਦਿਖਾਵਾ ਨਾ ਹੋ ਕੇ ਆਰਤੀ ਬਣ ਸਕੇ ਉਹਨਾਂ ਸਾਹਾਂ ਦੀ..ਜੋ ਤੁਹਾਡੇ ਲਈ ਜਗਦੇ ਹਨ, ਤੁਹਾਡੇ ਲਈ ਜਿਉਂਦੇ ਹਨ.. ਬੱਸ ਏਹੀ ਉਹ ਸਮਾਂ ਹੈ..ਮਾਂ ਦੇ ਨਿੱਘ ਨੂੰ, ਉਹਦੀ ਖੁਸ਼ੀ ਨੂੰ ਰੱਜ ਰੱਜ ਕੇ ਮਾਨਣ ਦਾ....ਜਦੋਂ ਉਹ ਚਲੀ ਜਾਂਦੀ ਹੈ ਅਸੀਂ ਬੜਾ ਪਛਤਾਉਂਦੇ ਹਾਂ..ਬੀਤੇ ਵੇਲੇ ਨੂੰ ਝੂਰਦੇ ਹਾਂ..ਪਰ ਅਟੱਲ ਸਚਾਈ ਤਾਂ ਇਹੋ ਹੈ ਕਿ,

" ਜ਼ਖਮਾਂ ਲਈ ਜੋ ਮੱਲ੍ਹਮ ਹੁੰਦੀਆਂ,ਧੁੱਪਾਂ ਦੇ ਵਿੱਚ ਛਾਵਾਂ,
ਲੱਖ ਆਵਾਜ਼ਾਂ ਮਾਰੋ ਜਾ ਕੇ ਫੇਰ ਨਾ ਆਉਂਦੀਆਂ ਮਾਵਾਂ "

ਡਾ: ਗੁਰਮਿੰਦਰ ਸਿੱਧੂ, ਪੰਜਾਬ
ਸੀਨੀਅਰ ਮੈਡੀਕਲ ਅਫਸਰ (ਸੇਵਾ-ਮੁਕਤ),
ਸਿਹਤ ਵਿਭਾਗ,ਪੰਜਾਬ,ਭਾਰਤ
ਕੈਨੇਡਾ ਫੋਨ 1 416 619 0348

10/05/2014

 
ਮਾਂ-ਦਿਵਸ 'ਤੇ
ਜਗਦਿਆਂ ਸਾਹਾਂ ਦੀ ਆਰਤੀ
ਡਾ: ਗੁਰਮਿੰਦਰ ਸਿੱਧੂ, ਪੰਜਾਬ
ਫ਼ਿਲਮਸਾਜ਼ ਗੁਲਜ਼ਾਰ ਦੇ ਜੱਦੀ ਪਿੰਡ ਦੀਨਾ-ਜੇਹਲਮ ਚੋਂ ਲੰਘਦਿਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਭਾਰਤ ਦੀਆਂ ਚੋਣਾ-ਕੀ ਨਵੀਆਂ ਸੰਭਾਵਨਾਵਾਂ ਵਾਲ਼ੀਆਂ ਹੋ ਨਿਬੜਨਗੀਆਂ
ਡਾ. ਸਾਥੀ ਲੁਧਿਆਣਵੀ, ਲੰਡਨ
ਮੇਰੇ ਮੰਮੀ ਜੀ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਗੁਰੂਆਂ ਨਾਂ 'ਤੇ ਵਸਦੇ ਪੰਜਾਬ 'ਚ ਪਾਠੀ ਬੋਲਣ ਤੋਂ ਪਹਿਲਾਂ ਵਿਕਦੀ ਹੈ ਪ੍ਰਭਾਤ ਵੇਲੇ ਸਮੈਕ
ਮਿੰਟੂ ਖੁਰਮੀ ਹਿੰਮਤਪੁਰਾ
ਸਿਆਸੀ ਪਾਰਟੀਆਂ ਦਾ ਖੋਖਲਾਪਨ-ਕਲਾਕਾਰਾਂ ਅਤੇ ਅਧਿਕਾਰੀਆਂ ਦੀ ਚਾਂਦੀ
ਉਜਾਗਰ ਸਿੰਘ, ਪਟਿਆਲਾ
ਖੁਸ਼ਵੰਤ ਸਿੰਘ ਨਾਲ ਦੋ ਸੰਖੇਪ ਮੁਲਾਕਾਤਾਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਵਿਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਮਾਂ-ਬੋਲੀ ਦਾ ਮਹੱਤਵ
ਹਰਬੀਰ ਸਿੰਘ ਭੰਵਰ, ਲੁਧਿਆਣਾ
ਅੰਤਰਰਾਸ਼ਟਰੀ ਮਾਂ-ਬੋਲੀ ਦਿਨ ’ਤੇ ਪੰਜਾਬੀ ਬਾਰੇ ਕੁਝ ਵਿਚਾਰ
ਸਾਧੂ ਬਿਨਿੰਗ, ਕਨੇਡਾ
ਸਿਆਸੀ ਦਾਅਪੇਚ: ਪੁੱਤ ਦੀ ਨਾ ਧੀ ਦੀ, ਸਹੁੰ ਖਾਈਏ 'ਟੱਬਰ' ਦੀ....?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਓਲੰਪਿਕ ਵਿੱਚ ਭਾਰਤ ਦੀ ਵਾਪਸੀ ਲਈ ਖੁਲਿਆ ਬੂਹਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਵਿੱਚ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ
ਉਜਾਗਰ ਸਿੰਘ, ਪਟਿਆਲਾ
‘ਮੱਤ ਦਾ ਦਾਨ’ ਕਰਨ ਵਾਲੇ ਆਮ ਆਦਮੀ ਨੂੰ ‘ਖਾਸ’ ਸਮਝਣ ਦੀ ਬੇਹੱਦ ਲੋੜ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਇੰਗਲੈਂਡ ਦੇ 'ਮਿੰਨੀ ਪੰਜਾਬ' ਸਾਊਥਾਲ 'ਚ ਹਸਤਰੇਖਾ ਦੇ ਮਾਹਿਰ ਅਤੇ ਤਾਂਤਰਿਕਾਂ ਦਾ ਹੜ੍ਹ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਰੌਚਕਤਾ ਦਾ ਪ੍ਰਤੀਕ ਕੈਲੰਡਰ...2014
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2014, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi।com