ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

 

 

   ਜਨਮੇਜਾ ਸਿੰਘ ਜੌਹਲ


ਸਾਂਝੀ ਕੰਧ

ਪਿੰਡਾਂ ਵਿਚ ਸਾਂਝੀ ਕੰਧ ਦੀ ਬਹੁਤ ਅਹਿਮੀਅਤ ਰੱਖਦੀ ਹੈ। ਇਹ ਆਪਸੀ ਪਿਆਰ ਤੋਂ ਲੈਕੇ ਪਰਿਵਾਰਾਂ ਦੇ ਉਜਾੜੇ ਤਕ ਦਾ ਕਾਰਣ ਬਣ ਜਾਂਦੀ ਹੈ। ਪੁਸ਼ਤ ਦਰ ਪੁਸ਼ਤ ਜ਼ਮੀਨਾਂ ਦੀ ਵੰਡ ਤੋਂ ਲੈ ਕੇ, ਵਿਹੜਿਆਂ ਨੂੰ ਸੁੰਗੜ ਜਾਣ ਲਈ ਮਜਬੂਰ ਕਰ ਦਿੰਦੀ ਹੈ। ਕਦੇ ਸਮਾਂ ਸੀ ਪਰਿਵਾਰਾਂ ਦੀ ਬਾਹਰਲੀ ਕੰਧ ਉੱਤੇ ਰੰਗ ਬਿਰੰਗੇ ਕੱਚ ਦੇ ਟੁਕੜੇ ਲਗਾਏ ਜਾਂਦੇ ਸਨ ਤਾਂ ਕਿ ਜੰਗਲੀ ਜਾਨਵਰ, ਅਵਾਰਾ ਕੁੱਤੇ, ਚੋਰ ਉੱਚਕੇ ਜਾਂ ਵਿਰੋਧੀ ਸਰੀਕੇ ਵਾਲੇ ਰਾਤ ਬਰਾਤੇ ਹਮਲਾ ਨਾ ਕਰ ਸਕਣ। ਪਰ ਜਿਵੇਂ ਜਿਵੇਂ ਪਰਿਵਾਰਾਂ ਦੀ ਵੰਡ ਹੁੰਦੀ ਗਈ, ਘਰ ਤੇ ਵਿਹੜੇ ਵੀ ਵੰਡੇ ਗਏ। ਸਾਂਝੀ ਕੰਧ ਪਾਉਂਦੇ ਹੋਏ, ਕਈ ਵਾਰੀ ਪੋਟਾ ਥਾਂ ਲਈ ਕਤਲ ਤਕ ਹੋ ਗਏ। ਲੋਕ ਚੰਗੇ ਗੁਆਂਡੀ ਵਾਂਗ ਰਹਿਣਾ ਹੀ ਨਹੀ਼ ਭੁੱਲੇ, ਸਗੋਂ ਇਕ ਦੂਜੇ ਦੀ ਲੋੜ ਵੇਲੇ ਕੰਮ ਆਉਣ ਦੀ ਥਾਂ , 'ਮੈਨੂੰ ਕੀ' ਤਕ ਪਹੁੰਚ ਗਏ ਹਨ। ਇਸੇ ਲਈ ਹੁਣ ਲੋਕੀਂ ਸਾਂਝੀ ਕੰਧ ਤੇ ਵੀ ਕੱਚ ਦੇ ਟੁੱਕੜੇ ਲਾਉਣ ਲੱਗ ਪਏ ਹਨ। ਜਿੱਥੇ ਆਰਥਿਕ, ਸਿਆਸੀ ਤੇ ਸਮਾਜਿਕ ਰੁਤਬੇ ਦੇ ਵੱਖਰੇਵੇਂ ਵੱਧ ਹਨ, ਉੱਥੇ ਇਹ ਨਫਰਤ ਜ਼ਿਆਦਾ ਹੈ। ਆਪਸੀ ਭਾਈਚਾਰੇ ਵਾਲੀ ਸਾਂਝੀ ਕੰਧ ਕੱਚ ਰਹਿਤ ਤਾਂ ਹੁੰਦੀ ਹੀ ਹੈ, ਨੀਵੀਂ ਵੀ ਹੁੰਦੀ ਹੈ। ਕਦੇ ਕਦੇ ਮਹਿਸੂਸ ਹੁੰਦਾ ਹੈ ਕਿ ਜਿਸ ਮਨੁੱਖ ਦੇ ਅੰਦਰ ਕੱਚ ਹੋਵੇਗਾ, ਬਸ ਉਸੇ ਦੀ ਕੰਧ ਤੇ ਕੱਚ ਹੋਵੇਗਾ (12/04/2019, 1086)

1086
ਕਿਹੜੇ ਸ਼ਹਿਰ ਚੱਲੀਏ?

ਜਲਦੀ ਹੀ ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਹੋਣ ਵਾਲੀਆਂ ਹਨ। ਹਰ ਪਰਿਵਾਰ ਦੀ ਇੱਛਾ ਹੁੰਦੀ ਹੈ ਕੇ ਬੱਚਿਆਂ ਨੂੰ ਕਿਸੇ ਰਮਣੀਕ ਥਾਂ ਤੇ ਘੁੰਮਣ ਲੈ ਕੇ ਜਾਣ। ਜਿੰਨਾਂ ਕੋਲ ਚੋਖੀ ਮਾਇਆ ਹੁੰਦੀ ਹੈ ਉਹ ਤਾਂ ਵਿਦੇਸ਼ਾਂ ਨੂੰ ਵੀ ਚਲੇ ਜਾਂਦੇ ਜਨ। ਪਰ ਆਮ ਕੰਮਕਾਜੀ ਪਰਵਾਰ ਲਈ ਪੈਸਾ ਤੇ ਸਮਾਂ ਕੱਢਣਾ ਮੁਸ਼ਕਲ ਹੁੰਦਾ ਹੈ, ਪਰ ਫਿਰ ਵੀ ਜੇ ਥੋੜੀ ਸਕੀਮ ਘੜ ਲਈ ਜਾਵੇ ਤਾਂ ਕਾਫੀ ਖਰਚਾ ਬਚ ਸਕਦਾ ਹੈ। ਪੰਜਾਬ ਦੇ ਲਾਗੇ ਹਿਮਾਚਲ ਦੇ ਕਈ ਸ਼ਹਿਰ ਤੇ ਕਸਬੇ ਹਨ ਜਿੱਥੇ ਰੇਲ ਵੀ ਜਾਂਦੀ ਹੈ, ਇਹ ਕਾਫੀ ਸਸਤੀ ਹੈ, 60 ਸਾਲ ਤੋਂ ਉੱਤੇ ਦੀ ਸਵਾਰੀ  ਨੂੰ ਕਿਰਾਏ ਵਿਚ ਤੀਜਾ ਹਿੱਸਾ ਛੋਟ ਵੀ ਮਿਲ ਜਾਂਦੀ ਹੈ। ਉੱਥੇ ਹਰ ਸ਼ਹਿਰ ਕਸਬੇ ਵਿਚ ਕਈ ਕਈ ਸਰਾਵਾਂ ਹੁੰਦੀਆਂ ਹਨ, ਬਹੁਤ ਸਾਰੀਆਂ ਥਾਵਾਂ ਤੇ ਧਾਰਮਿਕ ਸਰਾਵਾਂ ਵੀ ਹਨ। ਇੱਥੇ ਕਿਰਾਇਆ ਨਾਮਾਤਰ ਹੁੰਦਾ ਹੈ, ਬਹੁਤ ਥਾਵਾਂ ਤੇ ਮੁਫਤ ਕਮਰੇ ਦੇ ਨਾਲ ਲੰਗਰ ਵੀ ਮਿਲ ਜਾਂਦਾ ਹੈ। ਜਿਹਨਾਂ ਕੋਲ ਜਾਣ ਦੇ ਆਪਣੇ ਸਾਧਨ ਹਨ ਉਹ ਕੋਸ਼ਿਸ਼ ਕਰਨ ਕੇ ਵੱਡੇ ਸ਼ਹਿਰ ਤੋਂ ਦੋ ਚਾਰ ਮੀਲ ਪਹਿਲੋਂ ਜਾਂ ਬਾਅਦ ਰੁੱਕਣ, ਇੱਥੇ ਹੋਟਲਾਂ ਦਾ ਕਿਰਾਇਆ ਤਿੰਨ ਤੋਂ ਚਾਰ ਗੁਣਾਂ ਘੱਟ ਹੁੰਦਾ ਹੈ। ਜੇ ਤੁਰਨ ਲੱਗੇ ਆਪਣੇ ਨਾਲ ਸੁੱਕੀ ਸਬਜ਼ੀ ਤੇ ਪਰੌਂਠੇ ਬਣਾ ਕੇ ਲੈ ਜਾਵੋ ਤਾਂ ਇਹ ਬਹੁਤ ਕੰਮ ਆਉਂਦੇ ਹਨ। ਇਕ ਚਾਹ ਬਨਾਉਣ ਵਾਲੀ ਕੇਤਲੀ, ਸੁੱਕਾ ਦੁੱਧ ਤੇ ਚਾਹ ਪੱਤੀ ਵੀ ਲਿਜਾਣਾ ਨਾ ਭੁੱਲੋ। ਸਫਰ ਵਿਚ ਫਾਲਤੂ ਤੇ ਸੁੰਦਰ ਦਿਸਦੀਆਂ ਚੀਜ਼ਾਂ ਖਾਣ ਨਾਲ ਬੱਚੇ ਬਿਮਾਰ ਹੋ ਸਕਦੇ ਹਨ। ਜੇ ਮੌਸਮ ਸੋਹਣਾ ਹੋਵੇ ਤਾਂ ਸ਼ਹਿਰ ਸਾਰੇ ਸੁੰਦਰ ਹਨ। ਆਲੇ ਦੁਆਲੇ ਤੁਰ ਕੇ ਜਾਣ ਨਾਲ ਬੱਚਿਆਂ ਦੇ ਗਿਆਨ ਵਿਚ ਬਹੁਤ ਵਾਧਾ ਹੁੰਦਾ ਹੈ ਤੇ ਕੁਦਰਤ ਨਾਲ ਪਿਆਰ ਵੀ ਵੱਧਦਾ ਹੈ। ਲਓ ਫਿਰ ਕਰ ਲਓ ਤਿਆਰੀ, ਹਾਂ ਸੱਚ ਪਹਾੜ ਚੋਂ ਕਦੇ ਗਰਮ ਕਪੜਾ ਨਾ ਖਰੀਦੋ, ਇਹ ਸਭ ਲੁਧਿਆਣਿਓਂ ਹੀ ਬਣ ਕੇ ਜਾਂਦਾ ਹੈ ਤੇ, ਪਹਾੜਾਂ ਤੇ ਤਿਗਣੇ ਭਾਅ ਵਿੱਕਦਾ ਹੈ । (06/05/2019, 1085)

1085
ਓ ਜੱਟਾ ਕਿੱਥੇ ਵਿਸਾਖੀ ?

ਹਾਲਾਤ ਬਦਲ ਗਏ ਹਨ। ਸਮਾਂ ਬਦਲ ਗਿਆ ਹੈ। ਹੁਣ ਕਣਕ ਖੇਤ ਚੋਂ 22 ਕੁਇੰਟਲ ਨਿਕਲਦੀ ਹੈ, ਉਦੋਂ  4 ਮਣ ਨਿਕਲਦੀ ਸੀ । ਮਸੀਂ ਦਾਣੇ ਘਰ ਆਉ਼ਦੇ ਸੀ। ਖੁਸ਼ੀ ਤਾਂ ਹੋਣੀ ਹੀ ਸੀ। ਖੇਤਾਂ ਨਾਲ ਨੱਚ ਕੇ ਸਾਂਝ ਪਾਉਣੀ ਹੀ ਸੀ। ਉਪਰਲੇ ਦੇ ਸ਼ੁਕਰਾਨੇ ਚ ਹੇਕਾਂ ਲੱਗਣੀਆਂ ਹੀ ਸਨ। ਧੋਤੇ ਲੀੜੇ ਸੰਦੂਕਾਂ ਚੋਂ  ਨਿਕੱਲਣੇ ਹੀ ਸਨ, ਤੇ ਇਹ ਸਭ ਵਿਸਾਖੀ ਬਣਨਾ ਹੀ ਸੀ। ਹੁਣ ਦਾਣੇ ਸਿੱਧੇ ਮੰਡੀ ਵਿਚ ਜਾਂਦੇ ਹਨ। ਕੰਬਾਇਨ ਆਲੇ ਨੂੰ ਪੈਸੇ ਦੇਣ ਲਈ, ਜੱਟ ਆੜ੍ਹਤੀਏ ਮੂਹਰੇ ਖੜ੍ਹਾ ਹੈ। ਮਨ ਨੂੰ ਫਿਕਰ ਨਚਾ ਰਹੇ ਹਨ। ਉਪਰਲੇ ਦੇ ਨਾਮ ਤੇ ਠੱਗ ਜੀਪਾਂ ਵਿਚ ਧਾਰਮਿਕ ਵਰਦੀ ਪਾ, ਪਿੰਡਾਂ ਚੋਂ ਦਾਣਿਆਂ ਦੀਆਂ ਬੋਰੀਆਂ ਲੁੱਟ ਰਹੇ ਹਨ। ਸ਼ਰਧਾ ਦਾ ਨਜ਼ਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ। ਵਪਾਰਕ ਅਦਾਰੇ ਤੁਹਾਡੀਆਂ ਜੇਬਾਂ ਚੋਂ ਹਿੱਸਾ ਲੈਣ ਨੂੰ ਕਾਹਲੇ ਹਨ। ਹੁਣ ਵਿਸਾਖੀ ਕਿਹੜੀ ਗੱਲ ਨੂੰ ਆਖੀਏ? ਤਿਓਹਾਰ ਸਦੀਆਂ ਦਾ ਸਮਾਜਿਕ ਵਰਤਾਰਾ ਹੁੰਦੇ ਹਨ, ਪਰ ਹਰ ਯੁੱਗ ਚ ਇਹਨਾਂ ਤੇ ਆਰਥਿਕਤਾ ਤੇ ਧਾਰਮਿਕਤਾ ਕਬਜ਼ਾ ਕਰਦੀ ਰਹੀ ਹੈ। ਇਹ ਕੋਈ ਮਾੜੀ ਪਿਰਤ ਨਹੀਂ, ਪਰ ਮੂਲ ਸੋਚ ਦਾ ਖਤਮ ਹੋ ਜਾਣਾ, ਖਤਰਨਾਕ ਹੁੰਦਾ ਹੈ। ਜਦੋਂ ਮਨ ਦੀ ਤੇ ਪਰਿਵਾਰਕ ਖੁਸ਼ੀ ਨਾ ਮਿਲ ਸਕੇ ਤਾਂ, ਤਿਓਹਾਰ ਸਿਰਫ ਇਕ ਖੁਸ਼ਕ ਰਸਮ ਹੀ ਰਹਿ ਜਾਂਦੇ ਹਨ ਦਾਣੇ ਭਾਵੇਂ ਫੇਰ 4 ਮਣ ਤੋਂ 22 ਕੁਇੰਟਲ ਹੋ ਜਾਣ। (28/03/2019, 1084)

1084
ਵਹੀ ਖਾਤਾ ਤੇ ਕਿਸਾਨ

ਦੁਨੀਆ ਵਿਚ ਤਕਰੀਬਨ ਹਰ ਕੋਈ, ਆਪਣੀ ਆਮਦਨ ਤੇ ਖਰਚ ਦਾ ਹਿਸਾਬ ਰੱਖਦਾ ਹੈ, ਪਰ ਪੰਜਾਬ ਦੇ ਕਿਸੇ ਵੀ ਕਿਸਾਨ ਨੂੰ ਪੁੱਛ ਕੇ ਦੇਖੋ ਕਿ, ਕੀ ਉਸਨੇ ਕਦੇ ਆਪਣੀ ਆਮਦਨ ਖਰਚ ਦਾ ਕੋਈ ਵਹੀ ਖਾਤਾ ਬਣਾਇਆ ਹੈ ? ਤਾਂ ਜੇ ਜਵਾਬ ਹਾਂ ਵਿਚ ਮਿਲ ਜਾਵੇ ਤਾਂ ਸਮਝੋ, ਤੁਸੀਂ ਕਿਸੇ ਦੇਵਤੇ ਨੂੰ ਹੀ ਮਿਲ ਰਹੇ ਹੋ। ਪੰਜਾਬ ਦੇ ਕਿਸਾਨ, ਆਪਣੀ ਖੇਤੀ ਜਿਨਸ ਤੋਂ ਹੁੰਦੀ ਆਮਦਨ ਦਾ ਹਿਸਾਬ ਰੱਖਣ ਵਿਚ ਫਾਡੀ ਹਨ। ਇਸੇ ਤਰ੍ਹਾਂ, ਉਸਨੇ ਖਰਚ ਕਿੰਨ੍ਹਾਂ ਤੇ ਕਿੱਥੇ ਕੀਤਾ, ਇਸਦਾ ਤਾਂ ਉਹ ਕੋਈ ਹਿਸਾਬ ਹੀ ਨਹੀਂ ਰੱਖਦਾ। ਆਪਣੀ ਆਮਦਨ ਤੇ ਖਰਚ ਦਾ ਕੋਈ ਹਿਸਾਬ ਨਾ ਰੱਖਣਾ, ਇਕ ਬਹੁਤ ਹੀ ਮਾੜੀ ਆਦਤ ਹੈ। ਜੇਕਰ ਅਸੀਂ ਹਿਸਾਬ ਰੱਖਾਂਗੇ ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਅਸੀਂ ਕਿਉਂ ਤੇ ਕਿੱਥੇ ਘਾਟਾ ਖਾ ਰਹੇ ਹਾਂ ਅਤੇ ਕਿੱਥੇ ਫਜ਼ੂਲ ਖਰਚ ਕਰ ਰਹੇ ਹਾਂ। 60 ਸਾਲ ਪਹਿਲੋਂ, ਖੇਤੀ ਮਾਹਰਾਂ ਨੇ ਇਕ 50 ਸਫ਼ੇ ਦਾ ਵਹੀ ਖਾਤਾ ਬਣਾਇਆ ਸੀ, ਪਰ ਠੰਡੇ ਬਸਤੇ ਵਿਚ ਪਿਆ ਰਿਹਾ। ਹੁਣ ਇਕ ਅਮਰੀਕਾ ਤੋਂ ਆਏ ਕਿਸਾਨ ਨੇ ਤਿੰਨ ਸਫ਼ੇ ਦਾ ਸੌਖਾ ਜਿਹਾ ਵਹੀ ਖਾਤਾ ਤਿਆਰ ਕਰਕੇ ਮੁਫਤ ਜਾਰੀ ਕੀਤਾ ਹੈ, ਜੋ ਅੱਜ ਦੇ ਯੁੱਗ ਅਨੁਸਾਰ ਹੈ। ਇਸ ਨੂੰ ਆਰਾਮ ਨਾਲ ਕਾਪੀ ਕੀਤਾ ਜਾ ਸਕਦਾ ਹੈ। ਇਸਦਾ ਇਕ ਹੋਰ ਫਾਇਦਾ ਹੋਵੇਗਾ ਕਿ ਖੇਤੀ ਵਿਚ ਪੈ ਰਹੇ ਘਾਟੇ ਨੂੰ ਕਲਮਬੱਧ ਕਰਕੇ, ਸਰਕਾਰੀ ਤੰਤਰ ਨੂੰ ਇਕ ਸਬੂਤ ਵਾਂਗ ਦਿੱਤਾ ਜਾ ਸਕੇਗਾ ਅਤੇ ਇਹ ਖੇਤੀ ਨੀਤੀਆਂ ਨੂੰ ਕਿਸਾਨ ਪੱਖੀ ਬਣਾਉਣ ਵਿਚ ਸਹਾਈ ਵੀ ਹੋਵੇਗਾ। (28/03/2019, 1083)

1083
ਫ਼ਾਲਤੂ ਚੀਜ਼ਾਂ ਦੀ ਵਰਤੋਂ 

ਹਰ ਘਰ ਦੇ ਵਿਚ ਬਹੁਤ ਸਾਰੀਆਂ ਫਾਲਤੂ ਚੀਜ਼ਾਂ ਪਈਆਂ ਹੁੰਦੀਆਂ ਹਨ। ਖਾਸ ਕਰਕੇ ਖੇਤੀ ਨਾਲ ਸਬੰਧਤ ਚੀਜ਼ਾਂ, ਜਿਵੇਂ ਚੋਂਦੇ ਡਰੰਮ, ਟੁੱਟੇ ਸੰਦ , ਬੇਕਾਰ ਪੁਰਜ਼ੇ, ਟਰੈਕਟਰਾਂ  ਦੇ ਅੰਗ, ਪੁਰਾਣੇ ਟਾਇਰ, ਲੱਕੜ ਦੇ ਖੁੰਡ, ਪਾਟੀਆਂ ਬੋਰੀਆਂ, ਜੰਮਿਆ ਸੀਮੈਂਟ, ਪੁੱਟੇ ਹੋਏ ਥੜੇ, ਪੁਰਾਣੇ ਟੋਕੇ, ਬੇਲਣੇ, ਟੁੱਟੇ ਮੰਜੇ, ਪੁਰਾਣੇ ਟੀਵੀ ਆਦਿ ਆਦਿ। ਇਹ ਕਬਾੜ ਹਰ ਘਰ ਦੀ ਕਹਾਣੀ ਹਨ। ਉੱਤੋਂ ਇਹ ਵਿਕਦੇ ਮਿੱਟੀ ਦੇ ਭਾਅ ਵੀ ਨਹੀਂ। ਇਹ ਸਿਰਫ ਥਾਂ ਹੀ ਨਹੀਂ ਘੇਰਦੇ, ਸਗੋਂ ਰਾਹਾਂ ਵਿਚ ਅੜਿਕਾ ਵੀ ਬਣਦੇ ਹਨ।  ਹੁਣ ਜੇਕਰ ਅਸੀਂ ਥੋੜਾ ਜਿਹਾ ਆਪਣਾ ਦਿਮਾਗ ਲਾਈਏ ਤਾਂ ਇਹੀ ਚੀਜ਼ਾਂ ਸਾਡੇ ਕੰਮ ਆ ਸਕਦੀਆਂ ਹਨ। ਜਿਵੇਂ ਪੁਰਾਣੇ ਡਰੰਮ ਵਿਚ ਕੁਝ ਕਿਲਾਂ ਤੇ ਟਾਂਕੇ  ਲਾਕੇ ਵਧੀਆ ਬੈਠਣਯੋਗ ਬੈਂਚ ਬਣਾਇਆ ਜਾ ਸਕਦਾ ਹੈ। ਥੋੜੀ ਬਹੁਤੀ ਕਲਾਕਾਰੀ ਕਰਕੇ, ਹਰ ਬੇਕਾਰ ਵਸਤੂ ਦਾ ਕੁਝ ਨਾ ਕੁਝ ਬਣ ਸਕਦਾ ਹੈ। ਤੁਹਾਡੇ ਘਰੇ ਆਉਣ ਵਾਲੇ ਪ੍ਰਾਹੁਣੇ ਸ਼ਰਤੀਆ ਇਹਨਾ ਨੂੰ ਪਸੰਦ ਕਰਨਗੇ। ਇਸਦੇ ਨਾਲ ਹੀ ਤੁਸੀਂ ਵਾਤਾਵਰਣ ਨੂੰ ਸ਼ੁੱਧ ਰੱਖਣ ਵਿਚ ਆਪਣਾ ਯੋਗਦਾਨ ਵੀ ਪਾਵੋਗੇ। ਆਓ ਕਰੋ ਦਿਮਾਗੀ ਕਸਰਤ ਤੇ ਦੁਨੀਆ ਨੂੰ ਦਿਖਾਈਏ ਪੰਜਾਬੀਆਂ ਦੀ ਕਲਾਕਾਰੀ । (16/03/2019, 1082)

1082 
ਇਹ ਵੀ ਸੇਵਾ ਹੈ

ਸਰੀਰਕ ਅਰੋਗਤਾ ਹਰ ਬੰਦੇ ਦੀ ਲੋੜ ਹੈ। ਰੋਗੀ ਸਰੀਰ ਨੂੰ ਠੀਕ ਕਰਨ ਲਈ, ਮਨੁੱਖ ਸੌ ਅਹੁੜ ਪਹੁੜ ਕਰਦਾ ਹੈ। ਕਦੇ ਕਾਮਯਾਬ ਹੋ ਜਾਂਦਾ ਹੈ ਤੇ ਕਦੇ ਫੇਲ੍ਹ ਹੋ ਅਗਲੇ ਸਫਰ ਤੇ ਤੁਰ ਜਾਂਦਾ ਹੈ। ਜੇ ਆਲੇ ਦੁਆਲੇ ਨਿਗਾਹ ਮਾਰੀਏ ਤਾਂ, ਲੱਖਾਂ ਹਸਪਤਾਲ, ਤੇ ਤਰ੍ਹਾਂ ਤਰ੍ਹਾਂ ਦੇ ਡਾਕਟਰ, ਸਾਡੀਆਂ ਜੇਬਾਂ ਦੀ ਸਫਾਈ ਕਰਨ ਲਈ ਤਿਆਰੀ ਵਿਚ ਮਿਲ ਜਾਂਦੇ ਹਨ। ਪਰ ਸਾਰੇ ਹੀ ਇਸਤਰ੍ਹਾਂ ਦੇ ਨਹੀਂ ਹੁੰਦੇ। ਮਨੁੱਖਤਾ ਲਈ ਦਰਦ ਰੱਖਣ ਵਾਲੇ ਵੀ ਬਹੁਤ ਹਨ। ਜ਼ਰੂਰੀ ਨਹੀਂ ਕੇ ਬੰਦਾ ਡਾਕਟਰ ਹੋ ਕੇ ਹੀ ਸੇਵਾ ਕਰ ਸਕਦਾ ਹੈ। ਜਦ ਕੁਦਰਤ ਨੇ ਵਧੀਆ ਸਰੀਰ ਬਣਾਇਆ ਹੈ ਤਾਂ ਫੇਰ ਅਸੀਂ ਰੋਗੀ ਹੀ ਕਿਉਂ ਹੁੰਦੇ ਹਾਂ? ਮੇਰੀ ਸਮਝ ਤਾਂ ਇਹੀ ਕਹਿੰਦੀ ਹੈ ਕਿ ਅਸੀਂ ਹੀ ਕੋਈ ਗਲਤੀ ਜਾਂ ਅਜਿਹਾ ਕਰਦੇ ਹਾਂ, ਜੋ ਕੁਦਰਤ ਦੇ ਨੇਮ ਦੇ ਉਲਟ ਹੁੰਦਾ ਹੈ। ਜਿਹੜੇ ਇਨਸਾਨ ਆਪਣੀ ਗਲਤੀ ਲੱਭ ਲੈਂਦੇ ਹਨ, ਤੇ ਗਲਤੀ ਨੂੰ ਸੁਧਾਰ ਲੈਂਦੇ ਹਨ, ਉਹਨਾਂ ਦੇ ਠੀਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸੇ ਤਰ੍ਹਾਂ ਕੁਝ ਰੋਗ ਪਰਹੇਜ਼ ਜਾਂ ਕੁਦਰਤੀ ਵਸਤੂਆਂ ਦੀ ਵਰਤੋਂ ਨਾਲ ਹੁੰਦੇ ਹੀ ਨਹੀਂ। ਛੋਟੀ ਕਣਕ ਦਾ ਰਸ ਉਹਨਾਂ ਗੁਣਕਾਰੀ ਚੀਜ਼ਾਂ ਚੋਂ ਇਕ ਹੈ। ਮੌੜ ਮੰਡੀ ਦੇ ਕੋਲ ਇਕ ਕਿਸਾਨ ਨਿਰਭੈ ਸਿੰਘ ਖਾਲਸਾ  ਹੈ ਜੋ ਲਗਾਤਾਰ ਇਹ ਕਣਕ ਬੀਜਦਾ ਹੈ। ਇਹ ਸੇਵਾ ਮੁਫਤ ਕਰਦਾ ਹੈ, ਲੋੜਵੰਦ ਨੇ ਬਸ ਆਪਣੇ ਹਿੱਸੇ ਦੇ ਰਸ ਜੋਗੀ ਕਣਕ ਆਪ ਹੀ ਕੁੰਡੀ ਸੋਟੇ ਨਾਲ ਰਗੜਨੀ ਹੁੰਦੀ ਹੈ। (16/03/2019, 1081)

1081 
ਮੁਫ਼ਤੋ ਮੁਫ਼ਤੀ ਲਾਭ 

ਪੰਜਾਬ ਦੀ ਕਿਸਾਨੀ ਨੂੰ ਨਵੇਂ ਨਵੇਂ ਤਜਰਬੇ ਕਰਨ ਦੀ ਲੋੜ ਹੈ ਤਾਂ ਕੇ ਉਸਦੀ ਆਮਦਨ ਵਿਚ ਵਾਧਾ ਹੋ ਸਕੇ। ਪਰ ਹਰ ਕਿਸਾਨ ਆਪਣੇ ਖੇਤਾਂ ਵਿਚਲੀ ਮੁੱਖ ਫਸਲ ਕਣਕ ਤੇ ਝੋਨਾ ਛੱਡ ਕੇ ਰਾਜ਼ੀ ਨਹੀਂ। ਇਸੇ ਲਈ ਉਹ ਹੋਰ ਕੁਝ ਕਰਨ ਲਈ ਤਿਆਰ ਨਹੀਂ ਹੁੰਦਾ। ਪਰ ਜੇ ਖਾਲੀ ਥਾਵਾਂ, ਜਿਵੇਂ ਬੋਰ ਦੇ ਲਾਗੇ ਜਾਂ ਹੋਰ ਖੂੰਜੇ ਆਦਿ ਵਿਚ ਬਾਂਸ ਦੇ ਰੁੱਖ ਲਾ ਦਿੱਤੇ ਜਾਣ ਤਾਂ ਕਾਫੀ ਲਾਹੇਵੰਦ ਸੌਦਾ ਹੈ। ਖੁਸ਼ੀ ਗੱਲ ਹੈ ਕੇ ਜੋ ਬਾਂਸ ਨੂੰ 1920 ਵਿਚ ਘਾਹ ਦੀ ਕਿਸਮ ਤੋਂ ਕੱਢ ਕੇ ਰੁੱਖ ਦੀ ਕਿਸਮ ਕਰ ਦਿੱਤਾ ਗਿਆ ਸੀ, ਤਾਂ ਜੋ ਇਸਦੀ ਵਪਾਰਕ ਕਾਸ਼ਤ ਸਿਰਫ ਪਹਾੜਾਂ ਵਿਚ ਹੀ ਹੋ ਸਕੇ, ਉਸ ਕਨੂੰਨ ਨੂੰ ਭਾਰਤ ਸਰਕਾਰ ਨੇ ਖਤਮ ਕਰ ਦਿੱਤਾ ਹੈ। ਹੁਣ ਬਾਂਸ ਦੀ ਕਾਸ਼ਤ ਪੰਜਾਬ ਆਦਿ ਵਿਚ ਵੀ ਕੀਤੀ ਜਾ ਸਕਦੀ ਹੈ। ਇਸਦੀਆਂ ਕਈ ਕਿਸਮਾਂ ਹਨ। ਇਹ 3 ਸਾਲ ਵਿਚ 70 ਫੁੱਟ ਤਕ ਵੀ ਚੱਲੇ ਜਾਂਦਾ ਹੈ। ਇਸਤੋਂ ਸੈਂਕੜੇ ਚੀਜ਼ਾਂ ਬਣਦੀਆਂ ਹਨ, ਜਿਵੇਂ ਮੰਜੇ, ਸੋਫੇ, ਕੁਰਸੀਆਂ, ਗਮਲੇ, ਤਾਕੀਆਂ ਤੇ ਦਰਵਾਜ਼ੇ ਆਦਿ। ਇਹ ਸਭ ਕੁਝ ਕਿਸਾਨ ਆਪੇ ਵੀ ਬਣਾ ਸਕਦਾ ਹੈ। ਵੱਡੀ ਗੱਲ ਹੈ ਕੇ ਆਮ ਬਾਰਸ਼ ਆਦਿ ਨਾਲ ਇਹਦੀ ਲੱਕੜ ਖਰਾਬ ਵੀ ਨਹੀਂ ਹੁੰਦੀ। ਇਕ ਅੰਦਾਜ਼ੇ ਮੁਤਾਬਕ ਇਸ ਵੇਲੇ 30,000 ਕਰੋੜ ਦਾ ਬਜ਼ਾਰ ਇਕੱਲੇ ਭਾਰਤ ਵਿਚ ਹੀ ਹੈ। ਜੋ ਪੰਜਾਬੀ ਹਿੰਮਤ ਕਰੇਗਾ, ਫਲ ਮਿਲਣਾ ਪੱਕਾ ਤਹਿ ਹੈ। ਇਸਦੇ ਪੌਦੇ ਸਥਾਨਕ ਨਰਸਰੀਆਂ ਵਿਚ ਵੀ ਮਿਲਦੇ ਹਨ, ਜਾਂ ਫਿਰ ਹਿਮਾਚਲ ਦੀਆਂ ਨਰਸਰੀਆਂ ਵਿਚ ਤਾਂ ਮਿਲ ਹੀ ਜਾਂਦੇ ਹਨ।  (16/03/2019), 1080)

1080 
ਫ਼ਸਲਾਂ ਦੀ ਬੇਕਦਰੀ ਕਿਉਂ ?

ਸਾਡੇ ਦੇਸ਼ ਵਿਚ ਕਿਸਾਨ ਹੀ ਇਕ ਅਜਿਹਾ ਵਿਅਕਤੀ ਹੈ, ਜੋ ਆਪਣੀ ਉਪਜ ਆਪਣੀ ਮਰਜ਼ੀ ਦੀ ਕੀਮਤ ਤੇ ਨਹੀਂ ਵੇਚ ਸਕਦਾ, ਜਾਂ ਕਹਿ ਲਵੋ, ਉਸਨੂੰ ਵੇਚਣ ਹੀ ਨਹੀਂ ਦਿੱਤੀ ਜਾਂਦੀ। ਇਹ ਗੁਲਾਮੀ ਵਰਗੀ ਗੱਲ ਜਾਂ ਵਰਤਾਰਾ ਆਖਰ ਵਾਪਰਦਾ ਕਿਉਂ ਹੈ ? ਲੰਮੀ ਸੋਚ ਕਰਨ ਦੇ ਬਾਵਜੂਦ ਇਸਦਾ ਹੱਲ ਨਜ਼ਰ ਨਹੀਂ ਆਉਂਦਾ। ਆਨਾਜ ਦੀ ਲੋੜ ਹਰੇਕ ਦੀ ਮੁੱਢਲੀ ਲੋੜ ਹੈ। ਆਨਾਜ ਨਾਲ ਸਬੰਧਿਤ ਹੋਰ ਫਸਲਾਂ ਦੀ ਲੋੜ ਵੀ ਬਰਾਬਰ ਦੀ ਹੈ। ਪਿਛਲੇ ਸੈਂਕੜੇ ਸਾਲਾਂ ਤੋਂ ਰਾਜ ਸੱਤਾ, ਕਿਸੇ ਨਾ ਕਿਸੇ ਤਰੀਕੇ ਕਿਸਾਨਾਂ ਨੂੰ ਹੀ ਬਲੀ ਦਾ ਬੱਕਰਾ ਬਣਾਉਂਦੀ ਰਹੀ ਹੈ। ਉਸਨੂੰ ਪਤਾ ਹੈ ਕੇ ਜੇ ਇਹ ਵਰਗ ਰੱਜਵੀਂ ਰੋਟੀ ਖਾਣ ਲੱਗ ਪਿਆ ਤਾਂ, ਬਾਕੀ ਵਪਾਰ ਮੱਧਮ ਪੈ ਜਾਣਗੇ।  ਇਹ ਰੱਜੇ ਹੋਏ ਲੋਕ ਸਰਹੱਦਾਂ ਦੀ ਰਾਖੀ ਕਰਨ ਨਹੀਂ ਤੁਰਨਗੇ। ਕਈ ਸਦੀਆਂ ਤੋਂ ਇਹ ਸੋਚ ਚੱਲੀ ਆ ਰਹੀ ਹੈ। ਇਹ ਵਰਤਾਰਾ ਬਾਕੀ ਦੁਨੀਆ ਵਿਚ ਵੀ ਲੱਗਭਗ ਇਹੋ ਜਿਹਾ ਹੀ ਹੈ। ਇਹ ਮਿੱਟੀ ਦੇ ਪੁੱਤ, ਸਿਰਫ ਮਿੱਟੀ ਨਾਲ ਮਿੱਟੀ ਹੋਣਾ ਹੀ ਨਹੀਂ ਜਾਣਦੇ, ਸਗੋਂ ਸ਼ਰੀਕੇ ਨੂੰ ਮਿੱਟੀ ਕਰਨ ਲਈ ਵੀ ਕਾਹਲੇ ਰਹਿੰਦੇ ਹਨ। ਇਸੇ ਲਈ ਇਹ ਕਦੇ ਵੀ ਇਕੱਠੇ ਹੋ ਕੇ ਨਹੀਂ ਤੁੱਰ ਸਕਦੇ। ਇਹ ਸ਼ਾਇਦ ਬਣੇ ਹੀ ਬਾਕੀ ਵਰਗਾਂ ਦੀ ਸੇਵਾ ਕਰਨ ਲਈ ਹਨ। ਨਾ ਕਦੇ ਰਾਜ ਸੱਤਾ ਸੁਧਰੇ, ਤੇ ਨਾ ਹੀ ਇਹ ਕਦੇ ਆਪਣਾ ਸੁਭਾਅ ਬਦਲਣ। (16/03/2019, 1079)

1079
ਜੇ ਮਿਲਜੇ ਪ੍ਰੇਰਨਾ

ਭਾਵੇਂ ਲੋਕ ਪਿੰਡਾਂ ਤੋਂ ਸ਼ਹਿਰਾਂ ਜਾਂ ਵਿਦੇਸ਼ਾਂ ਵੱਲ ਨੂੰ ਭੱਜ ਭੱਜ ਕੇ ਇਕੱਲਤਾ ਦਾ ਸੰਤਾਪ ਭੋਗੀ ਜਾਂਦੇ ਨੇ, ਪਰ ਹਾਲੇ ਵੀ ਪਿੰਡਾਂ ਦੇ ਬਹੁਤੇ ਲੋਕ ਇਕ ਪਰਿਵਾਰ ਵਾਂਗ ਰਹਿੰਦੇ ਨੇ ਤੇ ਇਕ ਦੂਸਰੇ ਦੇ ਦੁੱਖ ਸੁੱਖ ਵਿਚ ਭਾਈਵਾਲ ਹੁੰਦੇ ਹਨ। ਅੱਜ ਵੀ ਜੇ ਪਿੰਡ ਦਾ ਕੋਈ ਸਾਝਾਂ ਕਾਰਜ ਹੋਵੇ ਤਾਂ ਕੋਈ ਆਰਥਿਕ ਜਾਂ ਸੇਵਾ ਦੀ ਤੋਟ ਨਹੀਂ ਆਉਣ ਦੇਂਦੇ। ਇਕ ਦੂਜੇ ਤੋਂ ਪ੍ਰੇਰਨਾ ਲੈ ਕੇ ਆਪਣਾ ਫਰਜ਼ ਪੂਰਾ ਕਰਦੇ ਨੇ। ਪਿਛਲੇ ਦਿਨੀ ਸਤਲੁਜ ਬੇਟ ਦੇ ਇਕ ਛੋਟੇ ਜਿਹੇ ਪਿੰਡ ਵਿਚ ਸਰਕਾਰੀ ਹਸਪਤਾਲ ਦੀ ਸਹਾਇਤਾ ਨਾਲ ਪਿੰਡ ਦੇ ਨੌਜਵਾਨਾਂ ਨੇ ਖੂਨਦਾਨ ਕੈਂਪ ਲਾਇਆ ਸੀ। ਪਿੰਡ ਦੇ ਸਾਰੇ ਨੌਜਵਾਨ ਖੂਨ ਦਾਨ ਕਰ ਰਹੇ ਸਨ। ਉੱਥੇ ਆਪਣੀ ਡਿਊਟੀ ਕਰਨ ਦੋ ਪੁਲਿਸ ਵਾਲੇ ਵੀ ਆਏ ਹੋਏ ਸਨ। ਸ਼ਾਇਦ ਇਸੇ ਸਮਾਜਿਕ ਭਾਵਨਾ ਤੋਂ ਪ੍ਰੇਰਤ ਹੋ ਕੇ ਉਹਨਾਂ ਪੁਲਿਸ ਦੇ ਜਵਾਨਾਂ ਨੇ ਵੀ ਖੂਨ ਦਾਨ ਕਰ ਦਿੱਤਾ। ਉਹਨਾਂ ਵਲੋਂ ਇਹ ਸਮਾਜ ਦਾ ਹਿੱਸਾ ਬਣਨ ਦਾ ਵਧੀਆ ਤਰੀਕਾ ਸੀ। ਵਰਦੀ ਆਪਣੀ ਥਾਂ ਤੇ ਇਨਸਾਨੀਅਤ ਆਪਣੀ ਥਾਂ। ਇਸ ਵਰਤਾਰੇ ਨੂੰ ਵੇਖ ਲੋਕਾਂ ਦੇ ਚਿਹਰਿਆਂ ਤੇ ਖਾਸ ਕਿਸਮ ਦੀ ਰੌਣਕ ਸੀ ਤੇ ਮੁਲਾਜਮਾਂ ਦੇ ਚਿਹਰਿਆ ਤੇ ਸਹਿਜ ਦਾ ਜਲੌਅ ਸੀ। ਕਿਸੇ ਸੱਚ ਕਿਹਾ ਕਿ ਜੀਵਨ ਵਿਚ ਸਮਾਜ ਨੂੰ ਜੋ ਆਪਣਾ ਸਮਝੇਗਾ, ਉਹੀ ਕੁਦਰਤ ਵਲੋਂ ਨਿਵਾਜਿਆ ਜਾਵੇਗਾ । ਇਹੀ ਮਨੁੱਖੀ ਧਰਮ ਕਰਮ ਹੈ। (16/03/2019, 1078)

1078
ਡੂੜ ਇੱਟ ਦੀ ਚੌਂਕੀਦਾਰੀ

ਸੜਕਾਂ ਉੱਤੇ ਨਿੱਤ ਦਿਨ ਹੁੰਦੇ ਹਾਦਸਿਆਂ ਵਿਚ ਜਿੱਥੇ ਲੋਕ ਦੀ ਲਾਪਰਵਾਹੀ ਵੀ ਜ਼ਿੰਮੇਵਾਰ ਹੈ, ਉੱਥੇ ਹੀ ਸੜਕਾਂ ਬਣਾਉਣ ਵਾਲੇ ਮਹਿਕਮੇ ਵੀ ਕੋਈ ਕਸਰ ਨਹੀਂ ਛੱਡਦੇ ਹਨ। ਜਦ ਵੀ ਕਿਸੇ ਪਿੰਡ  ਦੀ ਲਿੰਕ ਰੋਡ ਬਣਦੀ ਹੈ ਤਾਂ ਬਿੰਨਾ ਕਿਸੇ ਅਗਾਂਊ ਨਿਸ਼ਾਨੀ ਦੇ ਸੜਕ ਬੰਦ ਕਰ ਦਿੱਤੀ ਜਾਂਦੀ ਹੈ। ਕਾਰ ਸਕੂਟਰ ਵਾਲਾ ਪਿਆ ਭਟਕਦਾ ਰਵੇ। ਮਜ਼ਦੂਰ ਬਸ ਹੱਥ ਹਿਲਾਅ ਕੇ 'ਰਸਤਾ ਬੰਦ ਹੈ' ਦੱਸ ਦੇਣਗੇ। ਫੇਰ ਕਿੱਧਰ ਦੀ ਜਾਣਾ ਹੈ। ਮਾਰੋ ਟੱਕਰਾਂ । ਕਈ ਵਾਰੀ ਤਾਂ ਪਤਲੀ ਜਿਹੀ ਸੜਕ ਤੇ ਵਾਪਸ ਵੀ ਨਹੀਂ ਮੁੜਿਆ ਜਾ ਸਕਦਾ ਹੁੰਦਾ। ਵੱਗਦੀਆਂ ਸੜਕਾਂ ਤੇ ਕੋਈ ਨਿਸ਼ਾਨੀ ਲਾਉਣੀ, ਮਹਿਕਮੇ ਵੱਲੋਂ ਵੱਡਾ ਗੁਨਾਹ ਮੰਨਿਆ ਜਾਂਦਾ ਹੈ। ਦੋ ਕੁ ਟੁੱਟੀਆਂ ਇੱਟਾਂ ਵੀ ਇਸ ਲਈ ਰੱਖਦੇ ਹਨ ਕਿ ਸੁੱਟੀ ਹੋਈ ਬਜਰੀ ਜਾਂ ਰੇਤਾ ਮਿਣਨਾ ਹੁੰਦਾ ਹੈ। ਜੇ ਰਾਤ ਨੂੰ ਕਿਸੇ ਦੀ ਜਾਨ ਜਾਂਦੀ ਹੈ, ਇਸ ਨੂੰ ਆਬਾਦੀ ਘਟਾਉਣ ਦੇ ਤਰੀਕੇ ਵਾਜੋਂ ਲਿਆ ਜਾਂਦਾ ਹੈ। ਜੇ ਇਹਨਾਂ ਲੋਕਾਂ ਨੂੰ 'ਮਾਡਰਨ ਯਮਦੂਤ' ਮੰਨ ਲਿਆ ਜਾਵੇ ਤਾਂ ਕੋਈ ਅੱਤਕੱਥਨੀ ਨਹੀਂ ਹੋਵੇਗੀ। (16/03/2019, 1077)

1077
ਮਨੁੱਖ ਦੀਆਂ ਸੇਵਾਦਾਰ

ਧਰਤੀ ਤੇ ਮਨੁੱਖ ਆਪਣੇ ਆਪ ਨੂੰ ਸਰਵ ਸ਼੍ਰੇਸ਼ਟ ਜੀਵ ਮੰਨਦਾ ਹੈ। ਉਹ ਚਾਹੁੰਦਾ ਹੈ ਕਿ ਬਾਕੀ ਦੇ ਸਾਰੇ ਜੀਵ ਉਸ ਦੀ ਸੇਵਾ ਵਿਚ ਲੱਗੇ ਰਹਿਣ, ਤੇ ਜੋ ਉਸਨੂੰ ਆਪੇ ਨਹੀਂ ਦੇਂਦਾ, ਉਸ ਤੋਂ ਖੋਹ ਲੈ਼ਦਾ ਹੈ। ਸ਼ਹਿਦ ਦੀਆਂ ਮੱਖੀਆਂ ਵੀ ਉਹਨ ਪੀੜਤ ਜੀਵਾਂ ਵਿਚੋਂ ਹਨ। ਮੱਖੀਆਂ ਦੀਆਂ ਤਕਰੀਬਨ 20,000 ਕਿਸਮਾਂ ਵਿਚੋਂ 44 ਕਿਸਮਾਂ ਹੀ ਸ਼ਹਿਦ ਪੈਦਾ ਕਰਦੀਆਂ ਹਨ। ਇਹ ਕਈ ਕਿਸਮ ਦਾ ਸ਼ਹਿਦ ਪੈਦਾ ਕਰਦੀਆਂ ਹਨ। ਕੁਝ ਯੋਰਪ ਤੇ ਅਫਰੀਕਨ ਕਿਸਮਾਂ ਏਨਾ ਸ਼ਹਿਦ ਪੈਦਾ ਕਰਦੀਆਂ ਹਨ ਕਿ  ਮਨੁੱਖ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ। ਪਹਾੜਾਂ ਵਿਚਲੀ ਚਿੱਟੀ ਮੱਖੀ ਦਾ ਸ਼ਹਿਦ ਬਹੁਤ ਗੁਣਕਾਰੀ ਗਿਣਿਆ ਗਿਆ ਹੈ। ਪਰ ਸ਼ਹਿਦ ਹਰਇਕ ਲਈ ਗੁਣਕਾਰੀ ਨਹੀਂ ਹੁੰਦਾ, ਅਗਰ ਜਿਸ ਪਦਾਰਥ ਨਾਲ ਛੱਤੇ ਵਿਚਲੇ ਸ਼ਹਿਦ ਨੂੰ ਢੰਕਿਆ ਹੁੰਦਾ ਹੈ, ਖਾਧਾ ਜਾਵੇ ਤਾਂ ਨੁਕਸਾਨ ਵੀ ਕਰ ਸਕਦਾ ਹੈ। ਮੱਖੀਆਂ ਗਰਮੀਆਂ ਨਾਲੋਂ ਸਰਦੀਆਂ ਵਿਚ ਵੱਧ ਮਰਦੀਆਂ ਹਨ। ਇਸ ਲਈ ਜੰਗਲੀ ਮੱਖੀਆਂ ਦਰੱਖਤਾਂ ਦੀਆਂ ਖੋੜ੍ਹਾਂ ਵਿਚ ਵੀ ਛੱਤੇ ਬਣਾ ਲੈਂਦੀਆਂ ਹਨ। ਇਹਨਾਂ ਦਾ ਡੰਗ ਘੱਟ ਅਸਰ ਕਰਦਾ ਹੈ, ਇਸੇ ਲਈ ਇਹ, ਖੋੜ੍ਹਾਂ, ਚਟਾਨਾ ਦੇ ਅੰਦਰ ਜਾਂ ਕੰਢੇਦਾਰ ਝਾੜੀਆਂ ਵਿਚ ਛੱਤੇ ਬਣਾਉਂਦੀਆਂ ਹਨ।  ਇਹਨਾਂ ਦਾ ਸ਼ਹਿਦ ਥੋੜ੍ਹਾ ਪਰ ਵੱਧ ਗੁਣਕਾਰੀ ਹੁੰਦਾ ਹੈ। ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਸ਼ਹਿਦ ਜਰੂਰੀ ਨਹੀਂ ਹਰ ਬੰਦੇ ਦੇ ਮਾਫਿਕ ਆਵੇ। ਦੁਨੀਆ ਵਿਚ ਹਾਲੇ ਕਿਸੇ ਵੀ ਥਾਂ ਤੇ ਸ਼ਹਿਦ ਦੇ ਸਹੀ ਗੁਣਾਂ ਜਾਂ ਔਗਣਾ ਬਾਰੇ ਪੱਕੀ ਖੋਜ ਨਹੀਂ ਹੋਈ ਹੈ। ਇਸ ਲਈ ਖਾਣ ਤੋਂ ਪਹਿਲੋਂ ਸਾਵਧਾਨੀ ਜ਼ਰੂਰ ਵਰਤ ਲੈਣੀ ਚਾਹੀਦੀ ਹੈ। (01/02/2019)

1076
 

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)