ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

  ਜਨਮੇਜਾ ਸਿੰਘ ਜੌਹਲ

ਕਰੋ ਕਿਤਾਬਾਂ ਨਾਲ ਪਿਆਰ

ਜਦੋਂ ਦਾ ਮਨੁੱਖ ਜਨਮਿਆ ਹੈ, ਉਹ ਕਿਸੇ ਨਾ ਕਿਸੇ ਤਲਾਸ਼ ਵਿਚ ਭਟਕਦਾ ਫਿਰਦਾ ਹੈ। ਪੇਂਡੂ ਹੋਵੇ ਜਾਂ ਸ਼ਹਿਰੀ, ਕਾਲਾ, ਭੂਰਾ ਜਾਂ ਹੋਵੇ ਗੋਰਾ, ਸਭ ਦੌੜੇ ਫਿਰਦੇ ਹਨ। ਕੋਈ ਪੈਸਾ ਹੀ ਲੱਭੀ ਜਾ ਰਿਹਾ ਹੈ ਤੇ ਕੋਈ ਪ੍ਰਮਾਤਮਾ ਨੂੰ ਹੀ ਤਲਾਸ਼ੀ ਜਾ ਰਿਹਾ ਹੈ। ਲੱਖਾਂ ਹੀ ਤਰੀਕੇ ਤੇ ਢੰਗ ਵਰਤ ਕੇ ਆਪਣਾ ਮਕਸੱਦ ਪੂਰਾ ਕਰਨ ਦੀ ਕੋਸ਼ਿਸ਼ ਕਰੀ ਜਾ ਰਿਹਾ ਹੈ ਮਨੁੱਖ। ਪਰ ਸਦੀਆਂ ਤੋਂ ਕੁਝ ਮਨੁੱਖ ਐਹੋ ਜਿਹੇ ਵੀ ਪੈਦਾ ਹੁੰਦੇ ਆ ਰਿਹੇ ਹਨ, ਜੋ ਦੁਨੀਆ ਦੀ ਸਚਾਈ ਤੋਂ ਜਾਣੂ ਹੋ ਜਾਂਦੇ ਹਨ ਤੇ ਕਿਤਾਬਾਂ ਜਾਂ ਗ੍ਰੰਥਾਂ ਦੇ ਰੂਪ ਵਿਚ ਅਥਾਹ ਗਿਆਨ ਲਿਖ ਜਾਂਦੇ ਹਨ, ਜਿਸ ਨੂੰ ਪੜ੍ਹ ਕੇ ਮਨੁੱਖ ਦੀ ਭਟਕੱਣ ਘੱਟ ਸਕਦੀ ਹੈ। ਕਿਤਾਬਾਂ ਸਿਰਫ ਗਿਆਨ ਹੀ ਨਹੀਂ ਦੇਂਦੀਆਂ, ਇਹ ਰਾਹ ਦਸੇਰਾ ਵੀ ਬਣਦੀਆਂ ਹਨ। ਹਰ ਸ਼ਹਿਰ, ਕਸਬੇ ਵਿਚ ਕਿਤਾਬਾਂ ਦੀਆਂ ਦੁਕਾਨਾਂ ਮਿਲ ਜਾਂਦੀਆਂ ਹਨ। ਪਰ ਲੁਧਿਆਣੇ ਦੇ ਪੰਜਾਬੀ ਭਵਨ ਵਿਚ ਚਾਰ ਸੈਂਟਰ ਇਹੋ ਜਿਹੇ ਹਨ ਜੋ ਸਿਰਫ ਸੇਵਾ ਭਾਵਨਾ ਦੇ ਮੁੱਖ ਮਕਸਦ ਨਾਲ ਹਨ। ਪੰਜਾਬੀ ਸਾਹਿਤ ਅਕਾਡਮੀ ਦਾ ਆਪਣਾ ਵਿਕਰੀ ਕੇਂਦਰ ਹੈ, ਜਿੱਥੇ ਤਕਰੀਬਨ ਅੱਧੇ ਮੁੱਲ ਤੇ ਹਰ ਕਿਤਾਬਾਂ ਮਿਲ ਜਾਂਦੀ ਹੈ। ਇਹ ਸਤੇ ਦਿਨ ਖੁੱਲ੍ਹਾ ਰਹਿੰਦਾ ਹੈ। ਸਭ ਤੋਂ ਵੱਡੀ ਗੱਲ ਹਰ ਵਿਸ਼ੇ ਦੀ ਕਿਤਾਬ ( ਸਾਹਿਤ, ਧਰਮਿਕ, ਪ੍ਰਗਤੀਸ਼ੀਲ, ਬਾਲ ਸਾਹਿਤ, ਆਲੋਚਨਾ ਆਦਿ) ਇੱਥੇ ਮਿਲਦੀ ਹੈ ਤੇ ਕੋਈ ਵੀ ਲੇਖਕ ਇੱਥੇ ਆਪਣੀ ਕਿਤਾਬ ਵਿਕਰੀ ਲਈ ਦੇ ਸਕਦਾ ਹੈ ਤੇ ਵਿਕਰੀ ਬਾਅਦ ਪਹਿਲੀ ਵਾਰ ਲੇਖਕਾਂ ਨੂੰ ਪੈਸੇ ਮਿਲਣੇ ਸ਼ੁਰੂ ਹੋਏ। ਆਓ ਇਸ ਵਿਲੱਖਣ ਤਜੁਰਬੇ ਦਾ ਲਾਭ ਉਠਾਈਏ ਤੇ ਆਪਣੇ ਜੀਵਨ ਵਿਚ ਭੱਟਕਣ ਦਾ ਖਾਤਮਾ ਕਰੀਏ। (28/04/17)

ਗੁਣਕਾਰੀ ਗਿਲੋਅ

ਸਿਆਣੇ ਕਹਿੰਦੇ ਹਨ ਕਿ ਜਿਸ ਵੀ ਵਸਤੂ ਵਿਚ ਗੁਣ ਹੋਵੇਗਾ, ਉਹ ਆਮ ਥਾਵਾਂ ਤੇ ਰੁੱਲਦੀ ਮਿਲੇਗੀ। ਇਹ ਅਸੂਲ ਤਕਰੀਬਨ ਹਰ ਵਸਤੂ ਤੇ ਲਾਗੂ ਹੁੰਦਾ ਹੈ। ਇੱਥੋਂ ਤਕ ਕਿ ਨੇਕ ਇਨਸਾਨ ਵੀ ਰੁੱਲਿਆ ਖੁੱਲਿਆ ਮਿਲੇਗਾ। ਇਹੋ ਹਾਲ ਜੰਗਲ ਬੇਲਿਆਂ, ਰਾਵਾਂ, ਕੁਥਾਵਾਂ ਤੇ ਉੱਗਦੀ ਵੇਲ ਗਿਲੋਅ ਦਾ ਹੈ। ਆਮ ਧਾਰਨਾ ਹੈ ਕਿ ਇਸਦਾ ਰਸ, ਬੁਖਾਰ ਦੀ ਹਰ ਕਿਸਮ ਨੂੰ ਤੋੜ ਦਿੰਦਾ ਹੈ। ਖੂਨ ਵਿਚ ਪਲੈਟਲਸ ਵੀ ਵਧਾਅ ਦੇਂਦਾ ਹੈ। ਕੋਈ ਵੀ ਹਕੀਮ ਇਸਦੇ ਸੈਂਕੜੇ ਗੁਣ ਗਿਣਾ ਸਕਦਾ ਹੈ। ਇਸਦੇ ਫਲ ਬੜੇ ਹੀ ਖੂਬਸੂਰਤ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਜੀਭ ਦੇ ਮਰੇ ਹੌਏ ਸੁਆਦ ਸੈਲਾਂ ਨੂੰ ਠੀਕ ਕਰ ਸਕਦੇ ਹਨ। ਪਰ ਇਹ ਗੱਲ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਇਹ ਹਰੇਕ ਮਨੁੱਖ ਲਈ ਗੁਣਕਾਰੀ ਨਹੀਂ ਹੈ। ਇਸਦੀ ਵਰਤੋਂ ਥੋੜੀ ਤੇ ਅਯੂਰਵੇਦਿਕ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ। ਕੁਦਰਤ ਵਲੋਂ, ਇਨਸਾਨ ਨੂੰ ਮਿਲੇ ਅਨੇਕਾਂ ਤੋਫਿਆਂ ਚੋਂ ਇਹ ਸਿਰਮੌਰ ਹੈ। ਇਹ ਬੜੀ ਹੀ ਧਕੜ ਵੇਲ ਹੈ। ਇਸਦੀ ਤਾਂ ਕੱਟੀ ਹੋਈ ਟਾਹਣੀ ਵੀ ਸੁਰੀਜਤ (ਹਰੀ) ਹੋ ਜਾਂਦੀ ਹੈ। ਵਾਹ ਰੀ ਕੁਦਰਤ।(17/04/17)

ਬੇਰੰਗ ਹੋਇਆ ਚਰਖਾ

ਚੜ੍ਹਦੀ ਉਮਰੇ ਹਰ ਔਰਤ ਰੰਗਲੇ ਚਰਖੇ ਦੇ ਨਾਲ ਨਾਲ ਰੰਗਲੇ ਜੀਵਨ ਦਾ ਵੀ ਸੁਫਨਾ ਲੈਂਦੀ ਹੈ। ਸਮੇਂ ਨਾਲ ਜੀਵਨ ਚਲਦਾ ਹੈ, ਜੀਵਨਸ਼ੈਲੀ ਬਦਲ ਜਾਂਦੀ ਹੈ ਤੇ ਲੋੜਾਂ ਕੱਦ ਸੁਫਨਿਆਂ ਨਾਲ ਰੱਲਗੱਡ ਹੋ ਜਾਂਦੀਆਂ ਹਨ ਪਤਾ ਹੀ ਨਹੀਂ ਲੱਗਦਾ। ਅਠਾਈ ਲੱਕੜਾਂ (ਹਿੱਸੇ) ਨੂੰ ਜੋੜ ਕੇ ਬਣੇ ਚਰਖੇ ਤੇ ਪਿਛਲੇ ਦਹਾਕਿਆਂ ਵਿਚ ਕਦੋਂ ਇਕੋ ਤੰਦ ਪੈਣੋ ਹੱਟ ਗਈ, ਰਾਤ ਦੀਆਂ ਤਰਿੰਜਣਾਂ ਵਿਚ ਕਦੋਂ ਚਰਖੇ ਦੀ ਘੂਕਰ ਚੁੱਪ ਕਰ ਗਈ, ਟਿਕੀ ਦੁਪਹਿਰੇ ਕਦੋਂ ਬੇਬੇ ਦੇ ਉਮਰ ਵਿਹਾ ਚੁੱਕੇ ਚਰਖੇ ਦੀ ਗੁੱਝ ਟੁੱਟ ਗਈ, ਸਮੇਂ ਦੇ ਦੈਂਤ ਨੇ ਸੂਹ ਨਹੀਂ ਨਿਕਲਣ ਦਿੱਤੀ। ਪੰਜਾਬ ਦੇ ਕਈ ਪਿੰਡ ਸਿਰਫ ਚਰਖਿਆਂ ਕਰਕੇ ਹੀ ਮਸ਼ਹੂਰ ਸਨ। ਚਰਖੇ ਤਾਂ ਹੁਣ ਵੀ ਬਣਦੇ ਹਨ, ਪਰ ਸਿਰਫ ਸਟੇਜਾਂ ਲਈ, ਜਿਹੜੀਆਂ, ਬਣ ਠੱਣ ਕਿ ਪੋਜ਼ ਬਣਾ ਬਣਾ ਫੋਟੋਆਂ ਖਿਚਵਾਉਂਦੀਆਂ ਹਨ, ਉਹਨਾਂ ਨੇ ਤਕਲਾ ਤਾਂ ਸਿੱਧਾ ਕੀ ਕਰਨਾ, ਗਲੋਟਾ ਵੀ ਸਿੱਧਾ, ਪੁੱਛ ਕੇ ਫੜਦੀਆਂ ਹਨ। ਚਰਮਖ ਨੂੰ ਕਾਲਖ਼ ਸਮਝਦੀਆਂ ਹਨ। ਬੇਬੇ ਦੇ ਚਰਖੇ ਦਾ ਰੰਗ ਹਾਲੇ ਵੀ ਪੱਕਾ ਹੈ, ਪਰ ਰੰਗੇ ਹੋਏ ਚਰਖੇ ਮੈਨੂੰ ਬੇਰੰਗ ਲੱਗਦੇ ਹਨ। (29/03/17)

ਸੁਨਹਿਰੀ ਗਿਰਝ ਨਾਲ ਮੁਲਾਕਾਤ

ਘੁਮੱਕੜ ਹੋਣ ਦਾ ਇਕ ਫਾਇਦਾ ਤਾਂ ਹੈ ਕਿ ਬਹੁਤ ਕੁਝ ਗੁਆਚਾ ਹੋਇਆ, ਅਚਾਨਕ ਲੱਭ ਪੈਂਦਾ ਹੈ। ਨੀਮ ਪਹਾੜੀ ਇਲਾਕਿਆਂ ਵਿਚ ਘੁੰਮਦੇ ਨੂੰ ਅਚਾਨਕ ਹੀ ਇਕ ਸੁਫਨੇ ਵਾਂਗ, ਇਹ ਸੁਨਹਿਰੀ ਗਿਰਝ ਟੱਕਰ ਗਈ। ਬਸ ਜਿਵੇਂ ਮੇਰੇ ਕੋਲੋਂ ਫੋਟੋ ਖਿਚਵਾਉਣ ਲਈ ਹੀ ਆਈ ਹੋਵੇ। ਇਹ ਕਮਾਲ ਦਾ ਪੰਛੀ ਹੈ, ਜੋ ਅੱਜਕਲ ਸਾਰੀ ਦੁਨੀਆ ਵਿਚ ਅਲੋਪ ਹੋ ਰਿਹਾ ਹੈ। ਨਰ ਪੰਛੀ 4.5 ਕਿਲੋ ਤਕ ਹੁੰਦਾ ਹੈ ਤੇ ਮਾਦਾ 7 ਕਿਲੋ ਤਕ ਹੋ ਜਾਂਦੀ ਹੈ। ਮਾਦਾ ਜਦੋਂ ਪੂਰੇ ਖੰਭ ਖੋਲ ਕਿ ਉਡਦੀ ਹੈ ਤਾਂ ਇਸਦਾ ਫੈਲਾਅ 2.5 ਮੀਟਰ ਤਕ ਪਹੁੰਚ ਜਾਂਦਾ ਹੈ। ਇਹ ਨਜ਼ਾਰਾ, ਕਿਸਮਤ ਵਾਲੇ ਹੀ ਵੇਖ ਸਕਦੇ ਹਨ। ਫਸਲਾਂ ਵਿਚ ਜ਼ਹਿਰਾਂ, ਪੱਕੀਆਂ ਅਬਾਦੀਆਂ, ਉੱਚੇ ਤੇ ਸੰਘਣੇ ਰੁੱਖਾਂ ਦੀ ਘਾਟ ਨੇ ਇਹਨਾਂ ਦੀ ਅਬਾਦੀ ਉੱਤੇ ਵੀ ਅਸਰ ਪਾਇਆ ਹੈ। ਉਂਜ ਇਹ ਕਿਸਾਨ ਦਾ ਮਿੱਤਰ ਪੰਛੀ ਹੈ, ਇਹ ਚੂਹੇ, ਸੱਪ, ਫਸਲਾਂ, ਫੱਲ ਬਰਬਾਦ ਕਰਨ ਵਾਲੇ ਪੰਛੀਆਂ ਦਾ ਖਾਤਮਾ ਕਰਦਾ ਹੈ। ਦੁਨੀਆ ਵਿਚ ਇਸਦੀਆਂ 6 ਕਿਸਮਾਂ ਹਨ, ਜਿਹਨਾਂ ਚੋਂ ਇਕ ਹੀ ਕਿਸਮ ਸਾਡੇ ਪਾਈ ਜਾਂਦੀ ਹੈ। ਉਮੀਦ ਕਰਦਾ ਹਾਂ ਕਿ ਇਹ ਪੰਛੀ ਫੇਰ ਕਿਸੇ ਦਿਨ ਮੈਨੂੰ ਤੇ ਮੇਰੇ ਕੈਮਰੇ ਨੂੰ ਦਰਸ਼ਨ ਦੇਵੇਗਾ। ਤੁਸੀਂ ਵੀ ਆਸ ਰੱਖੋ। (24/03/17)

ਅਧਿਆਪਕਾਂ ਦੀ ਬਗੀਚੀ

ਸਾਡੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਬਹੁਤੇ ਅਧਿਆਪਕ ਸ਼ਾਮ ਨੂੰ ਵਿਹਲੇ ਹੋ ਜਾਂਦੇ ਹਨ ਤੇ ਫੇਰ ਖਾਣ ਪੀਣ ਤੋਂ ਲੈਕੇ ਸਿਅਸਤ ਤਕ ਸਭ ਚੱਲਦਾ ਹੈ। ਨਾਲ ਦਿਆਂ ਨੂੰ ਠਿੱਬੀ ਕਿਵੇਂ ਲਾਉਣੀ ਹੈ ? ਜਾਂ ਮੁੱਖੀ ਦੀ ਖੁਸ਼ਾਮਦ ਦਾ ਤਰੀਕਾ ਕੀ ਹੋਵੇ ? ਆਦਿ ਸਕੀਮਾਂ ਬਣਾਈਆਂ ਜਾਂਦੀਆਂ ਹਨ। ਇਸ ਵਿਹਲੇ ਸਮੇਂ ਦਾ ਕੋਈ ਕੋਈ ਹੀ ਸਦਉਪਯੋਗ ਕਰਦਾ ਹੈ। ਕੋਈ ਰੁਝੇਵੇਂ ਵਾਲਾ ਕੰਮ ਜੇ ਹੋਵੇ ਤਾਂ ਮਨੁੱਖ ਨਿਰਾਸ਼ਾ ਤੋਂ ਬਚ ਸਕਦਾ ਹੈ। ਅਮਰੀਕਾ ਦੀਆਂ ਬਹੁਤੀਆਂ ਸੰਸਥਾਵਾਂ ਆਪਣੇ ਅਧਿਆਪਕਾਂ ਨੂੰ ਬਹੁਤ ਘਟ ਕਿਰਾਏ ਤੇ 50–60 ਗਜ਼ ਥਾਂ ਦੇ ਦਿੰਦੀ ਹੈ। ਪਾਣੀ ਦਾ ਪ੍ਰਬੰਧ ਵੀ ਸਾਝਾਂ ਹੁੰਦਾ ਹੈ। ਪ੍ਰੀਵਾਰ ਨੇ ਸਿਰਫ ਸ਼ਾਮ ਨੂੰ ਜਾ ਕੇ ਉੱਥੇ ਸਬਜ਼ੀਆਂ ਵਗੈਰਾ ਦੀ ਖੇਤੀ ਕਰਨੀ ਹੁੰਦੀ ਹੈ। ਇਸਤਰ੍ਹਾਂ ਪੂਰੇ ਪ੍ਰੀਵਾਰ ਨੂੰ ਇਕ ਰੁਝੇਵਾਂ ਹੋ ਜਾਂਦਾ ਹੈ ਅਤੇ ਨਾਲ ਦੀ ਨਾਲ ਦੂਸਰੇ ਪ੍ਰੀਵਾਰਾਂ ਨਾਲ ਭਾਈਚਾਰਕ ਸਾਂਝ ਵੀ ਵੱਧਦੀ ਹੈ। ਤਾਜ਼ੀਆਂ ਕੁਦਰਤੀ ਸਬਜ਼ੀਆਂ, ਸਲਾਦ ਆਦਿ ਦਾ ਸੁਆਦ ਹੀ ਵੱਖਰਾ ਹੁੰਦਾ ਹੈ। ਬੱਚਿਆਂ ਦੇ ਗਿਆਨ ਵਿਚ ਅਥਾਹ ਵਾਧਾ ਹੁੰਦਾ ਹੈ। ਸਾਡੇ ਇੱਥੇ ਸ਼ਹਿਰੀ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਆਲੂ ਕਿੱਥੇ ਲੱਗਦੇ ਹਨ। ਲੋੜ ਹੈ ਸਾਡੇ ਵਿਦਿਅਕ ਅਦਾਰੇ ਆਪਣੇ ਅਧਿਆਪਕਾਂ ਵਿਚ ਇਹ ਰੁਝਾਨ ਪੈਦਾ ਕਰਨ ਲਈ ਲੋੜੀਂਦੇ ਸਾਧਨ ਪੈਦਾ ਕਰਨ। ਇਹ ਸਮਾਜ ਲਈ ਨਰੋਈ ਪਿਰਤ ਹੋਵੇਗੀ। (17/03/17)

ਆਈ ਰੁੱਤ ਫੁਟਾਰੇ ਦੀ

ਕਈ ਲੋਕ ਸੋਚਦੇ ਹਨ ਕਿ ਸੂਰਜ ਰੋਜ਼ ਚੜ੍ਹਦਾ ਹੈ ਤੇ ਸ਼ਾਮ ਨੂੰ ਛਿੱਪ ਜਾਂਦਾ ਹੈ। ਪਰ ਸੂਰਜ ਨਾ ਛਿੱਪਦਾ ਹੈ ਤੇ ਨਾ ਹੀ ਚੜ੍ਹਦਾ ਹੈ। ਉਹ ਤੇ ਲਗਾਤਾਰ ਤਪਦਾ ਹੈ, ਨਾ ਉਸਦੀ ਰੌਸ਼ਨੀ ਘੱਟਦੀ ਹੈ ਤੇ ਨਾ ਹੀ ਤਪਸ਼ ਘੱਟਦੀ ਹੈ। ਇਹ ਤਾਂ ਅਸੀਂ ਧਰਤੀ ਦੇ ਵਾਸੀ, ਧਰਤੀ ਦੇ ਵੱਸ ਪੈ ਕੇ ਸੂਰਜ ਤੋਂ ਦੂਰ ਨੇੜੇ ਹੁੰਦੇ ਰਹਿੰਦੇ ਹਾਂ ਤੇ ਦੋਸ਼ ਖੜ੍ਹੇ ਸੂਰਜ ਨੂੰ ਦੇਂਦੇ ਹਾਂ। ਸਾਡਾ ਇਹ ਦੂਰ ਨੇੜੇ ਜਾਣਾ ਹੀ ਖੂਬਸੂਰਤ ਰੁੱਤਾਂ ਨੂੰ ਜਨਮ ਦੇਂਦਾ ਹੈ। ਸਰਦੀਆਂ ਦੀ ਰੁੱਤ ਉਦਾਸੀ ਦੀ ਰੁੱਤ ਗਿਣੀ ਜਾਂਦੀ ਹੈ। ਰੁੱਖਾਂ ਦੇ ਪੱਤੇ ਆਪਣਾ ਜੀਵਨ ਕਾਲ ਖਤਮ ਕਰਕੇ ਧਰਤੀ ਤੇ ਜਾ ਡਿੱਗਦੇ ਹਨ ਤੇ ਟਾਹਣੀਆਂ ਨੂੰ ਠੰਡ ਸਹਿਣ ਲਈ ਛੱਡ ਜਾਂਦੇ ਹਨ। ਪਰ ਰੁੱਖ ਨੇ ਬਿੰਨਾਂ ਕੋਈ ਉਜਰ ਕੀਤੇ, ਫੇਰ ਪੱਤਿਆਂ ਨੂੰ ਜਨਮ ਦੇ ਦੇਣਾ ਹੁੰਦਾ ਹੈ। ਹਰੇ ਕਚੂਰ ਪੱਤੇ ਵਾਤਾਵਰਣ ਨੂੰ ਮਹਿਕਾ ਦੇਂਦੇ ਹਨ। ਕੀ ਮਨੁੱਖ, ਕੀ ਪੰਛੀ, ਸਭ ਵਿਚ ਇਕ ਨਵੀ ਜੀਊਣ ਦੀ ਲਾਲਸਾ, ਆਪਣੀ ਮਹਿਕ ਨਾਲ ਪੈਦਾ ਕਰ ਦੇਂਦੇ ਹਨ। ਨਾਲ ਦੀ ਨਾਲ, ਫੁੱਲ ਤੇ ਫਲ ਕਈਆਂ ਦਾ ਭੋਜਨ ਬਣਦੇ ਹਨ। ਜਿਵੇਂ ਇਹ ਵਰਤਾਰਾ ਰੁੱਖਾਂ ਨਾਲ ਹਰ ਸਾਲ ਹੁੰਦਾ ਹੈ, ਉਸੇ ਤਰਾਂ ਮਨੁੱਖਾਂ ਤੇ ਜੀਵਾਂ ਨਾਲ ਵੀ ਹੁੰਦਾ ਪਰ ਅਸੀਂ ਇਸਨੂੰ ਦੁੱਖ ਸੁੱਖ ਨਾਲ ਜੋੜ ਕੇ ਵੇਖਣ ਲੱਗ ਪੈਂਦੇ ਹਾਂ। ਕਾਸ਼ ਸਾਡੇ ਵਿਚ ਵੀ ਰੁੱਖਾਂ ਜਿੰਨਾਂ ਸਬਰ ਆ ਜਾਵੇ ਤੇ ਅਸੀਂ ਜੀਵਨ ਦੇ ਹਰ ਰੰਗ ਨੂੰ ਮਾਨਣ ਦੇ ਯੋਗ ਹੋ ਸਕੀਏ। (09/03/17)

ਚੌਵੀ ਘੰਟੇ ਦਾ ਫਰਿਜ

ਘਰਾਂ ਵਿਚ ਦੁੱਧ ਦੀ ਕਿੱਲਤ ਹੋਣਾ ਆਮ ਗੱਲ ਹੈ। ਜਿਹਨਾਂ ਦੇ ਲਵੇਰਾ ਹੁੰਦਾ ਹੈ, ਉਹ ਵੀ ਘਰ ਜੋਗਾ ਦੁੱਧ ਰੱਖ ਕਿ ਬਾਕੀ ਡੇਅਰੀ ਨੂੰ ਪਾ ਦਿੰਦੇ ਹਨ। ਪੰਜਾਬੀਆਂ ਨੂੰ ਦੁੱਧ ਪੀਣ ਦੀ ਮਾੜੀ(?) ਆਦਤ ਹੈ। ਕੋਈ ਸਮਾਂ ਸੀ ਜਦ ਪੰਜਾਬੀ ਖੇਤਾਂ ਵਿਚ ਕੰਮ ਕਰਦੇ ਸੀ। ਸਰੀਰ ਦਾ ਪਸੀਨਾ ਕੱਢਦੇ ਸੀ, ਤੇ ਫੇਰ ਉਹਨਾਂ ਨੂੰ ਲੋੜ ਪੈਂਦੀ ਸੀ, ਖਾਲਸ ਦੁੱਧ, ਘਿਓ ਤੇ ਤਾਜ਼ੇ ਮੱਖਣ ਦੀ। ਪਰ ਅੱਜ ਸਮਾਂ ਬਦਲ ਚੁੱਕਾ ਹੈ, ਪੰਜਾਬੀ ਜੁੱਸੇ ਵਾਲੇ ਸਾਰੇ ਕੰਮ ਛੱਡ ਚੁੱਕੇ ਹਨ। ਹੋਰ ਤਾਂ ਹੋਰ ਸਾਇਕਲ ਤੇ ਜਾਂ ਪੈਦਲ ਕੰਮ ਤੇ ਵੀ ਨਹੀਂ ਜਾਂਦੇ ਹਨ। ਇਸ ਲਈ ਦੁੱਧ ਪੀਣ ਦੀ ਲੋੜ ਹੀ ਨਹੀਂ ਰਹਿ ਜਾਂਦੀ। ਉੱਤੋਂ ਡਾਕਟਰੀ ਕਿੱਤੇ ਵਲੋਂ ਨਵੀਆਂ ਖੋਜਾਂ ਕਿ ਮਨੁੱਖਾਂ ਵਿਚ ਦੁੱਧ ਤੋਂ ਹੋ ਰਹੀ ਅਲੈਰਜੀ ਵੱਡੇ ਪੱਧਰ ਤੇ ਡੀਟੈਕਟ ਹੋ ਰਹੀ ਹੈ। ਇਹ ਇਕ ਖਤਰਨਾਕ ਸਥਿਤੀ ਹੈ। ਆਉਣ ਵਾਲੇ ਸਮੇਂ ਵਿਚ ਦੁੱਧ ਦੀ ਖਪੱਤ ਘਟਣਾ ਦਾ ਖਤਰਾ ਪੈਦਾ ਹੋ ਰਿਹਾ ਹੈ।
ਇਕ ਹੋਰ ਗੱਲ ਕਿ ਬੱਕਰੀ ਦਾ ਦੁੱਧ ਗੁਣਕਾਰੀ ਇਸ ਕਰਕੇ ਹੈ ਕਿ ਉਹ ਕੁਦਰਤੀ ਜੜ੍ਹੀ ਬੂਟੀਆਂ ਚਰਦੀ ਹੈ ਤੇ ਸਭ ਤੋਂ ਸੌਖੀ ਗੱਲ ਕਿ ਬੱਕਰੀ ਨੂੰ ਜਦੋਂ ਮਰਜ਼ੀ ਚੋਅ ਲਵੋ। (03/03/17)

ਧਾਗੇ ਤਵੀਤਾਂ ਮਾਰੀ ਦੁਨੀਆ

ਪਹਿਲੋਂ ਪਾਪ ਕਰਨਾ ਤੇ ਫੇਰ ਉਸਦਾ ਪਸ਼ਚਾਤਾਪ ਕਰਨਾ, ਇਹ ਹਰ ਥਾਂ ਵੱਸਦੇ ਮਨੁੱਖ ਦੀ ਕਹਾਣੀ ਹੈ। ਅਸੀਂ ਅਕਸਰ ਸੋਚਦੇ ਹਾਂ ਕਿ ਸਾਡੇ ਪੇਂਡੂ ਲੋਕ ਨਾਸਮਝ ਹੁੰਦੇ ਹਨ, ਇਸ ਲਈ ਡੇਰਿਆਂ, ਮਸਾਣਾਂ ਤੇ ਮੱਥੇ ਟੇਕਦੇ ਫਿਰਦੇ ਹਨ। ਪਰ ਇਹ ਪੂਰਾ ਸੱਚ ਨਹੀਂ ਹੈ। ਮਨੁੱਖ, ਦੁਨੀਆ ਵਿਚ ਕਿਤੇ ਵੀ ਹੋਵੇ, ਉਸਦਾ ਅੰਦਰਲਾ ਸੁਭਾਅ ਤੇ ਖਾਹਿਸ਼ਾਂ, ਇਕੋ ਜਿਹੀਆਂ ਹਨ। ਗੁੱਟ ਤੇ ਗਾਨੇ ਬੰਨਣ ਤੋਂ ਲੈਕੇ ਪਿੱਪਲਾਂ ਦੇ ਦੁਆਲੇ ਧਾਗੇ ਬੰਨਣੇ, ਆਪਣੀ ਬਿਮਾਰ ਤੇ ਕਮਜ਼ੋਰ ਮਾਨਿਸਕਤਾ ਦਾ ਪ੍ਰਗਟਾਵਾ ਕਰਨੋ ਨਹੀਂ ਹੱਟਦਾ। ਜਿਵੇ ਫੋਟੋ ਵਿਚ ਜ਼ਾਹਿਰ ਹੈ ਕਿ ਕਿਵੇਂ ਕਨੇਡਾ ਵਰਗੇ ਦੇਸ਼ ਵਿਚ ਵੀ, ਗੋਰੇ ਤੇ ਮੂਲ ਵਾਸੀ, ਉਥੋਂ ਦੇ ਖਾਸ ਰੁੱਖਾਂ ਤੇ ਧਾਗੇ ਬੰਨ ਕਿ ਆਪਣੀਆਂ ਬਲਾਵਾਂ ਨੂੰ ਟਾਲਣ ਦੀ ਇੱਛਾ ਰੱਖਦੇ ਹਨ। ਸਾਰੀ ਦੁਨੀਆ ਕਮਜ਼ੋਰ ਮਨਾਂ ਵਾਲੇ ਲੋਕਾਂ ਨਾਲ ਭਰੀ ਪਈ ਹੈ। ਲੋਕ ਜੇ ਆਪਣੇ ਸਿਰਜਨਹਾਰੇ ਤੇ ਭਰੋਸਾ ਰੱਖ ਕੇ ਚੱਲਣ ਤਾਂ, ਪਾਪ ਕਰ ਹੀ ਨਹੀਂ ਸਕਦੇ। ਤੇਜ਼ ਗਤੀ ਨਾਲ ਪਦਾਰਥਾਂ ਦੀ ਇੱਛਾ ਰੱਖਣ ਵਾਲੇ ਹੀ ਪਾਪ ਕਰਦੇ ਹਨ ਤੇ ਫੇਰ ਧਾਗੇ ਤਵੀਤਾਂ ਰਾਹੀਂ ਹੱਲ ਭਾਲਦੇ ਹਨ। ਜੋ ਮਿਹਨਤ ਕਰਦਾ ਹੈ, ਉਸ ਨੂੰ ਫਲ ਜ਼ਰੂਰ ਮਿਲਦਾ ਹੈ। ਘੱਟੋ ਘੱਟ, ਮੈ ਇਹ ਦਾਅਵਾ ਕਰ ਸਕਦਾ ਹਾਂ ਕਿ ਮੇਰੀ ਮਿਹਨਤ ਕਦੇ ਬੇਕਾਰ ਨਹੀਂ ਗਈ। ਹਾਲਾਤ ਹੁੰਦੇ ਨਹੀਂ, ਮਨੁੱਖ ਨੇ ਆਪ ਸਿਰਜਣੇ ਹੁੰਦੇ ਹਨ। (19/02/17)

ਵੱਡੇ ਖੰਭ, ਛੋਟੀ ਉਡਾਰੀ

ਜੋ ਵਿਸ਼ਾਲਤਾ ਵਿਚ ਦਿਸਦਾ ਹੈ, ਜ਼ਰੂਰੀ ਨਹੀਂ ਕਿ ਉਹ ਕਾਰਜ ਕਰਨ ਵਿਚ ਵੀ ਵਿਸ਼ਾਲ ਹੋਵੇ। ਕੁਦਰਤ ਨੇ ਹਰ ਚੀਜ਼ ਦੇ ਵਿਚ ਓਹਲਾ ਰੱਖਿਆ ਹੈ। ਜੋ ਸੁੰਦਰ ਹੈ, ਉਸ ਵਿਚ ਕੱਪਟ ਹੈ। ਜੋ ਸੁਆਦੀ ਹੈ, ਉਸ ਵਿਚ ਨਾਸ਼ ਹੈ। ਇਹ ਓਹਲਾ ਉਸਦੀ ਹਰ ਰਚਨਾ ਵਿਚ ਹੈ। ਜਿਸ ਪੰਖੀ ਦਾ ਬੁੱਤ ਛੋਟਾ ਹੈ ਤੇ ਪੰਖ ਛੋਟੇ ਹਨ, ਉਸ ਵਿਚ ਅੰਤਾਂ ਦੀ ਤੇਜ਼ੀ ਹੈ ਅਤੇ ਲੱਚਕਤਾ ਹੈ। ਇਸਦੇ ਉਲਟ ਜੋ ਪੰਖੀ ਜਾਂ ਜੀਵ ਵੱਡਾ ਹੈ, ਉਸਦੀ ਉਡਾਨ, ਛੋਟੀ ਤੇ ਲੱਚਕਤਾ ਰਹਿਤ ਹੈ। ਇਹ ਅਸੂਲ ਸਣੇ ਮਨੁੱਖ ਹਰ ਜੀਵ ਤੇ ਲਾਗੂ ਹੁੰਦਾ ਹੈ। ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ ਵੇਖੋ, ਕਿੰਨੇ ਕੱਪਟੀ ਤੇ ਸੁਸਤ ਪਰ ਸੁੰਦਰ ਲੋਕ ਤੁਹਾਨੂੰ ਆਸਾਨੀ ਨਾਲ ਦਿੱਸ ਪੈਣਗੇ। ਪਰ ਇਹਨਾਂ ਦਾ ਇਸ ਵਿਚ ਕੋਈ ਕਸੂਰ ਨਹੀਂ ਹੁੰਦਾ। ਕੁਦਰਤ ਨੇ ਜੀਵਨ ਦੇ ਸਾਰੇ ਰੰਗ ਭਰਨੇ ਹੁੰਦੇ ਹਨ ਤਾਂ ਕਿ ਇਹ ਦੁਨੀਆ ਵਿਚ ਕੋਈ ਨਾ ਕੋਈ ਕਾਰਜ ਚੱਲਦਾ ਰਵੇ। ਮਿਸਾਲ ਦੇ ਤੌਰ ਤੇ ਜੇ ਠੱਗੀ ਠੋਰੀ ਨਾ ਹੋਵੇ ਤਾਂ, ਪੁਲਸ, ਠਾਣੇ, ਵਕੀਲਾਂ, ਜੱਜਾਂ, ਸਰਕਾਰਾਂ ਦੀ ਲੋੜ ਹੀ ਨਹੀਂ। ਜੇ ਮਾੜੇ ਭੋਜਨ ਜਾਂ ਮਾੜੀਆਂ ਇਸ਼ਾਵਾਂ ਨਾ ਹੋਣ ਤਾਂ, ਕੋਈ ਬਿਮਾਰ ਹੀ ਨਾ ਹੋਵੇ। ਸਭ ਡਾਕਟਰ, ਹਸਪਤਾਲ, ਦੁਆਈਆਂ ਵਾਲੇ ਬੇਕਾਰ ਹੋ ਜਾਣ। ਐਡੇ ਵੱਡੇ ਵੱਡੇ ਕਾਲਜ ਬੰਦ ਹੋ ਜਾਣ। ਇਹ ਇਕ ਨਵਾਂ ਮਸਲਾ ਪੈਦਾ ਹੋ ਜੂ। ਸੋ ਕੁਦਰਤ ਨੇ ਆਪਣੇ ਰੱਚੇ ਸੰਸਾਰ ਨੂੰ ਚੱਲਦਾ ਰੱਖਣ ਲਈ ਜੀਵਾਂ ਨੂੰ ਖਾਸ ਅਪੰਗਤਾ ਤੇ ਮਨੁੱਖ ਨੂੰ ਕੱਪਟ ਦੀ ਦਾਤ ਦਿੱਤੀ ਹੈ। ਯਾਦ ਰੱਖੋ, ਕਿਸੇ ਦੇ ਦੁੱਖ ਵਿਚੋਂ ਹੀ ਕਿਸੇ ਹੋਰ ਦਾ ਸੁੱਖ ਜਨਮਦਾ ਹੈ। ਹਰ ਮਨੁੱਖ ਨੂੰ ਉਹਦੇ ਹਿੱਸੇ ਦਾ ਦੁੱਖ ਸੁੱਖ ਮਿਲਦਾ ਰਹਿਣਾ ਚਾਹੀਦਾ ਹੈ ਤਾਂ ਕਿ ਇਹ ਸੰਸਾਰ ਆਹਰੇ ਲੱਗਿਆ ਰਵੇ (13/02/17)

ਸੁਹਜ ਦੀ ਅਣਹੋਂਦ !

ਪਿੰਡਾਂ ਵਿਚ ਜਦ ਕੋਈ ਔਰਤ, ਆਵੇ, ਓਟੇ ਆਦਿ ਲਿੱਪਦੀ ਸੀ ਤਾਂ ਬਾਅਦ ਵਿਚ ਉਸਤੇ ਗੇਰੂ ਜਾਂ ਹੋਰ ਰੰਗਾਂ ਨਾਲ ਫੁੱਲ ਬੂਟੇ, ਚਿੜੀਆਂ ਕਬੂਤਰ ਆਦਿ ਬਹੁਤ ਰੀਝ ਤੇ ਖੁਸ਼ਖਤੀ ਨਾਲ ਉਲੀਕਦੀ ਸੀ। ਇਹ ਕੋਈ ਮਜ਼ਬੂਰੀ ਨਹੀਂ ਸੀ ਹੁੰਦੀ, ਇਹ ਤਾਂ ਮਨੁੱਖੀ ਮਨ ਦੀ ਖੁਸ਼ ਰਹਿਣ ਦੀ ਖਾਹਿਸ਼ ਵਿਚੋਂ ਪੈਦਾ ਹੋਈਆਂ ਤਰੰਗਾਂ ਸਨ। ਇਹੋ ਹੀ ਅੱਗੇ ਚੱਲ ਕੇ ਲੋਕ ਕਲਾ ਦਾ ਰੂਪ ਬਣਦੀ ਸੀ ਤੇ ਪਰਿਵਾਰਾਂ ਨੂੰ ਜੋੜੀ ਰੱਖਦੀ ਸੀ। ਇਸੇ ਤਰ੍ਹਾਂ ਹਰ ਰਾਜੇ ਦੇ ਦਰਬਾਰ ਵਿਚ ਕਲਾਕਾਰਾਂ ਨੂੰ ਖਾਸ ਥਾਂ ਹਾਸਲ ਹੁੰਦੀ ਸੀ। ਗੀਤ ਸੰਗੀਤ ਦੇ ਨਾਲ ਨਾਲ ਚਿੱਤਰਕਲਾ ਵੱਲ ਵੀ ਧਿਆਨ ਦਿੱਤਾ ਜਾਂਦਾ ਸੀ। ਕੰਧ ਚਿੱਤਰਾਂ ਲਈ ਖਾਸ ਸਥਾਨ ਮੁਕੱਰਰ ਕੀਤੇ ਜਾਂਦੇ ਸਨ। ਐਸ਼ੋ ਇਸ਼ਰਤ ਦੇ ਨਾਲ ਨਾਲ, ਖੇਡਾਂ (ਖਾਸਕਰ ਪਹਿਲਵਾਨੀ) ਤੇ ਪੀਰਾਂ ਫਕੀਰਾਂ ਦੇ ਧਾਰਮਿਕ ਚਿੱਤਰ ਵੀ ਬਣਵਾਏ ਜਾਂਦੇ ਸਨ। ਪਰ ਅਫਸੋਸ ਦੀ ਗੱਲ ਹੈ ਕਿ ਅੱਜ ਦੇ ਰਾਜੇ, ਚਿੱਤਰਕਲਾ ਨੂੰ ਇਕ ਵਾਧੂ ਵਸਤੂ ਸਮਝਦੇ ਹਨ। ਹਰ ਵੇਲੇ ਸਿਆਸਤ ਤੇ ਪੈਸੇ ਦੀ ਦੌੜ ਵਿਚ ਗਲਤਾਨ ਇਹ ਅਜੋਕੇ ਰਾਜੇ, ਜਿੱਥੇ ਆਪਣਾ ਮਾਨਸਿਕ ਨਿਕਾਸ ਕਰ ਰਹੇ ਹਨ, ਉੱਥੇ ਲੋਕਾਂ ਵਿਚੋਂ ਵੀ ਜੀਵਨ ਦਾ ਸੁਹਜ ਖਤਮ ਕਰ ਰਹੇ ਹਨ। ਕਦੇ ਕਦੇ ਲੱਗਦਾ ਹੈ ਕਿ ਸ਼ਾਇਦ ਇਹ ਕਮੀ ਅਜੋਕੀ ਆਰਜਿਕਤਾ ਦਾ ਮੂਲ ਕਾਰਨ ਹੀ ਨਾ ਹੋਵੇ ? (05/02/17)

ਸੁਫ਼ਨੇ ਤਾਂ ਲਵੋ !

ਜੀਵਨ ਦੀ ਸ਼ੁਰੂਆਤ ਹੀ, ਕਿਸੇ ਦੇ ਲਏ ਸੁਫ਼ਨੇ ਨਾਲ ਹੁੰਦੀ ਹੈ, ਤੇ ਮਨੁੱਖ ਸਾਰੀ ਉਮਰ ਸੁਫ਼ਨੇ ਲੈਂਦਾ ਹੀ ਕੱਟ ਜਾਂਦਾ ਹੈ। ਹਰ ਕਿਸਾਨ ਫਸਲ ਬੀਜ ਕੇ, ਆੜ੍ਹਤੀ ਤੋਂ ਆਉਣ ਵਾਲੇ ਸੰਭਾਵਤ ਪੈਸੇ ਨਾਲ ਸਕੀਮਾਂ ਬੁਣੀ ਜਾਂਦਾ ਹੈ। ਇਹ ਸੁਫ਼ਨੇ ਪੂਰੇ ਹੁੰਦੇ ਹਨ ਜਾਂ ਨਹੀਂ, ਇਕ ਵੱਖਰੀ ਗੱਲ ਹੈ। ਹਰ ਨੌਜਵਾਨ ਜੀਵਨ ਵਿਚ ਕਾਮਯਾਬੀ ਦੇ ਜ਼ਹਾਜ਼ ਉਡਾਉਣਾ ਚਾਹੁੰਦਾ ਹੈ। ਹਰ ਵਪਾਰੀ ਮੁਨਾਫ਼ੇ ਦੇ ਸੁਫ਼ਨੇ ਲੈਣੋਂ ਨਹੀਂ ਝਿੱਜਕਦਾ। ਹਰ ਲੀਡਰ, ਦਿਨ ਰਾਤ ਕੁਰਸੀ ਦੇ ਸੁਫ਼ਨੇ ਲੈਂਦਾ ਹੈ। ਹਰ ਔਰਤ, ਇਕ ਸੁਖੀ ਪਰਿਵਾਰ ਦੀ ਹੋਂਦ ਦੇ ਸੁਫ਼ਨੇ ਲੈਂਦੀ ਹੈ। ਪਰ ਕੀ ਸਾਰਿਆਂ ਦੇ ਸੁਫ਼ਨੇ ਪੂਰੇ ਹੋ ਜਾਂਦੇ ਹਨ ? ਕੀ ਸੁਫ਼ਨੇ ਐਵੇਂ ਆਉਂਦੇ ਹਨ ? ਕੀ ਸਿਰਫ ਪ੍ਰਮਾਤਮਾ ਤੇ ਟੇਕ ਲਾਕੇ ਸੁਫ਼ਨੇ ਪੂਰੇ ਕੀਤੇ ਜਾ ਸਕਦੇ ਹਨ? ਇਸ ਬਾਰੇ ਤਾਂ ਮੈਂ ਕੋਈ ਪੱਕਾ ਜਵਾਬ ਨਹੀਂ ਦੇ ਸਕਦਾ, ਪਰ ਇਕ ਗੱਲ ਤਾਂ ਪੱਕੀ ਹੈ ਕਿ ਬਿੰਨਾਂ, ਦੂਰ–ਅੰਦੇਸ਼ੀ, ਲਗਨ ਤੇ ਮਿਹਨਤ ਤੋਂ, ਕੋਈ ਵੀ ਸੁਫ਼ਨਾ ਪੂਰਾ ਨਹੀਂ ਹੋ ਸਕਦਾ। ਮੌਕਾ–ਮੇਲ ਵੀ ਤਾਂ ਹੀ ਸਾਜਗਰ ਹੁੰਦਾ ਹੈ, ਜੇ ਤੁਸੀਂ ਤਿਆਰ ਹੋਵੋਂ, ਨਹੀਂ ਤਾਂ ਉਹ ਵੀ ਵਿਅਰਥ ਚਲੇ ਜਾਂਦਾ ਹੈ। ਪੱਕੀ–ਪਕਾਈ ਖਾਣ ਵਾਲੇ, ਇਸ ਦੁਨੀਆ ਤੇ ਨਾ ਆਇਆ ਦੇ ਬਰਾਬਰ ਹੀ ਹੁੰਦੇ ਹਨ, ਮੁੜਕੇ ਘਰਦੇ ਵੀ ਯਾਦ ਨਹੀਂ ਕਰਦੇ, ਦੁਨੀਆ ਦਾ ਤਾਂ ਮਤਲਬ ਹੀ ਕੋਈ ਨਹੀਂ ਕਿ ਯਾਦ ਕਰੇ। (26/01/2017)

ਰੱਖਣੇ ਸੌਖੇ, ਪਾਲਣੇ ਔਖੇ

ਘਰਾਂ, ਖੇਤਾਂ ਵਿਚ ਅਸੀਂ ਆਮ ਹੀ ਕੁੱਤੇ ਰੱਖ ਲੈਂਦੇ ਹਾਂ। ਰੱਖਣ ਵੇਲੇ ਆਮ ਬੰਦਾ ਇਹ ਨਹੀਂ ਸੋਚਦਾ ਕਿ , ਆਉਣ ਵਾਲਾ ਸਮਾਂ ਕਿਵੇਂ ਬੱਝ ਜਾਂਦਾ ਹੈ। ਜਾਨਵਰ ਨੂੰ ਪੂਰੀ ਤਵੱਕੋਂ ਦੇਣੀ ਪੈਂਦੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਇਕ ਪੂਰਾ ਬੰਦਾ, ਜਾਨਵਰ ਦੀ ਦੇਖ ਭਾਲ ਲਈ ਬੱਝ ਜਾਂਦਾ ਹੈ। ਅਸੀਂ ਘਰ ਵਿਚ 7 ਗਿੰਨੀ ਪਿੱਗ (ਫੋਟੋ) ਰੱਖ ਲਏ। ਇਹ ਸਿਰਫ, ਪਾਲਕ, ਸੇਬ, ਨਾਸ਼ਪਾਤੀ ਜਾਂ ਡਬਲ ਰੋਟੀ ਹੀ ਖਾਂਦੇ ਸਨ। 7 ਸਾਲ ਹਰ ਚੌਥੇ ਦਿਨ 10–15 ਕਿਲੋ ਪਾਲਕ ਲੈਣ ਜਾਣਾ ਪਿਆ। ਬਹੁਤ ਜੱਬ ਰਿਹਾ। ਇਸੇ ਤਰਾਂ ਕਈ ਲੋਕ, ਖਰਗੋਸ਼, ਚੂਹੇ, ਸੱਪ ਜਾਂ ਚਿੜੀਆਂ–ਕਬੂਤਰ ਪਾਲ ਲੈਂਦੇ ਹਨ। ਕਨੇਡਾ ਵਿਚ ਕਈ ਸ਼ੇਰ ਵੀ ਪਾਲਦੇ ਹਨ, ਇਕ ਪੰਜਾਬੀ ਦੇ ਘਰ ਤਾਂ, ਮਗਰਮੱਛ ਵੀ ਰੱਖਿਆ ਦੇਖਿਆ। ਜਾਨਵਰਾਂ ਨਾਲ ਮੋਹ ਰੱਖਣਾ ਮਾੜੀ ਗੱਲ ਨਹੀਂ, ਪਰ ਰੱਖੇ ਜਾਨਵਰ ਦਾ ਪੂਰਾ ਖਿਆਲ ਜੋ ਨਹੀਂ ਰੱਖਦੇ, ਉਹ ਜ਼ੁਲਮ ਹੀ ਕਰਦੇ ਹਨ। ਉਸਦੇ ਦੁੱਖ ਵਿਚ ਸਾਥ ਵੀ ਦੇਣਾ ਪੈਂਦਾ ਹੈ। ਭਾਂਵੇਂ ਤੁਹਾਡੀ ਜੇਬ ਇਜ਼ਾਜਤ ਦੇਵੇ ਜਾਂ ਨਾਂ, ਦਿਲ ਤੇ ਹੱਥ ਰੱਖਕੇ ਇਲਾਜ ਕਰਵਾਉਣਾ ਹੀ ਪੈਂਦਾ ਹੈ। ਜਿਹਨਾਂ ਲੋਕਾਂ ਕੋਲ ਵਕਤ ਨਹੀਂ ਹੈ, ਉਹਨਾਂ ਨੂੰ ਪਾਲਤੂ ਜਾਨਵਰ ਨਹੀਂ ਰੱਖਣੇ ਚਾਹੀਦੇ। ਇਹ ਵੀ ਯਾਦ ਰੱਖੋ ਕਿ ਪਾਲਤੂ ਜਾਨਵਰ ਦੀ ਉਮਰ, ਜੰਗਲੀ ਜੀਵ ਨਾਲੋਂ ਦੁਗਣੀ ਤੋਂ ਵੱਧ ਹੋ ਜਾਂਦੀ ਹੈ, ਇਸ ਲਈ ਸੇਵਾ ਦਾ ਟਾਇਮ ਵੀ ਵੱਧ ਚਾਹੀਦਾ ਹੈ, ਖਾਸਕਰ ਕਿ ਜਦੋਂ ਜਾਨਵਰ ਬਿਰਧ ਹੋ ਜਾਵੇ। ਇਸੇ ਲਈ ਪਾਲਤੂ ਜਾਨਵਰ ਰੱਖਣ ਤੋਂ ਪਹਿਲੋਂ, ਵਿਚਾਰ ਕਰ ਲੈਣਾ ਚਾਹੀਦਾ ਹੈ। ਬਾਕੀ ਮੋਹ ਦਾ ਕੋਈ ਮੁੱਲ ਨਹੀਂ ਹੁੰਦਾ । (20/01/2017)

ਇਤਿਹਾਸ ਮੁੱਕਰ ਵੀ ਜਾਂਦਾ ਹੈ !

ਸਾਰੀ ਮਨੁੱਖਤਾ ਦੀ ਕੋਸ਼ਿਸ਼ ਹੈ ਕਿ, ਆਪਣੇ ਇਤਿਹਾਸ ਦਾ ਸਹੀ ਲੇਖਾ ਜੋਖਾ ਰੱਖਿਆ ਜਾਵੇ। ਪਰ ਕੀ ਇਹ ਸੰਭਵ ਹੈ ? ਸਮਾਜ ਵਿਚ ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਵੇਲੇ ਦੇ ਹਾਲਾਤ ਜ਼ਰੂਰੀ ਨਹੀਂ ਕਿ ਕਾਰਗਰ ਜਾਂ ਅਨੁਕੂਲ ਹੋਣ। ਆਪਾਧਾਪੀ ਵੀ ਪਈ ਹੋ ਸਕਦੀ ਹੈ। ਫੇਰ ਇਹ ਵੀ ਜ਼ਰੂਰੀ ਨਹੀਂ ਕਿ ਜੋ ਕੋਈ ਲਿਖਦਾ ਹੈ, ਉਹ ਨਿਰਪੱਖ ਹੋਵੇ। ਅੱਜ ਦੇ ਯੁੱਗ ਵਿਚ ਹੀ ਦੇਖ ਲਵੋ, ਕਿਸੇ ਵੀ ਘਟਨਾ ਦਾ ਸੱਚ ਸਾਹਮਣੇ ਨਹੀਂ ਆਉਂਦਾ। ਸਰਕਾਰਾਂ ਪੜਤਾਲ ਕਮੇਟੀਆਂ ਬਣਾਕੇ ਮਸਲੇ ਨੂੰ ਦੱਬ ਦੇਂਦੀਆਂ ਹਨ ਤੇ ਜੋ ਲੋਕ ਗਵਾਹ ਹੁੰਦੇ ਹਨ, ਜਾਂ ਭੁੱਲ ਭਲਾ ਜਾਂਦੇ ਹਨ ਜਾਂ ਮੁੱਕਰ/ਮੁੱਕਰਾਅ ਜਾਂਦੇ ਹਨ। ਪਿਛਲੇ 70 ਸਾਲ ਵਿਚ ਕਿਸੇ ਪੜਤਾਲ ਕਮੇਟੀ ਨੇ ਕਿਸੇ ਨੂੰ ਕੋਈ ਵੀ ਸਜ਼ਾ ਨਹੀਂ ਦਿਵਾਈ। ਜ਼ਰਾ ਸੋਚੋ, ਸਦੀਆਂ ਪਹਿਲੋਂ ਦੀਆਂ ਘਟਨਾਵਾਂ ਦਾ ਸੱਚ ਕੀ ਹੋਵੇਗਾ ? ਇਹਨਾਂ ਢੱਠੀਆਂ ਛੱਤਾਂ ਥੱਲੇ ਕੀ ਕੀ ਜ਼ੁਲਮ ਹੁੰਦੇ ਰਿਹੇ ਹੋਣਗੇ, ਕਿਆਸ ਵੀ ਨਹੀਂ ਕੀਤੇ ਜਾ ਸਕਦੇ। ਜੇ ਅਸੀਂ ਅੱਜ ਦੇ ਸੱਚ ਵੀ ਜਾਨਣ ਦੇ ਕਾਬਲ ਨਹੀਂ ਹਾਂ, ਤਾਂ ਇਤਿਹਾਸ ਦਾ ਸੱਚ ਸਾਡੇ ਵੱਸ ਦਾ ਰੋਗ ਨਹੀਂ, ਕਿਉਂਕਿ ਹਾਕਮ ਜਮਾਤ ਦੇ ਅਸੂਲ, ਸਾਰੀ ਦੁਨੀਆ ਵਿਚ ਉਹੀ ਰਹਿੰਦੇ ਹਨ। ਅਸੀਂ ਬਸ ਆਪਣੇ ਮਨ ਨੂੰ ਧਰਵਾਸ ਦੇਣ ਲਈ, ਚਾਰ ਅੱਥਰੂ ਆਪਣੇ ਪੁਰਖਿਆਂ ਲਈ ਵਹਾਅ ਲੈਂਦੇ ਹਾਂ। (13/01/2017)

ਭਾਈਓ ਔਰ ਬਹਿਨੋ !

ਡਰੋ ਨਾ, ਮੈਂ ਕੁਝ ਵੀ ਅਜਿਹਾ ਨਹੀਂ ਕਹਿਣ ਲੱਗਾ ਕਿ ਤੁਹਾਡੇ ਸਾਹ ਸੂਤੇ ਜਾਣ। ਚੋਣਾਂ ਦਾ ਮੌਸਮ ਹੈ, ਮੈਂ ਕੋਈ ਖਤਰਾ ਮੁੱਲ ਨਹੀਂ ਲੈਣਾ ਕਿ ਲੋਕ ਮੇਰੇ ਵਿਰੁਧ ਹੋ ਜਾਣ। ਮੈਂ ਅੱਜ ਇਕ ਇਹੋ ਜਿਹੇ ਮਸਲੇ ਤੇ ਗੱਲ ਕਰਨੀ ਹੈ ਜੋ ਸਾਡੇ ਪਿੰਡਾਂ ਦੇ ਪਿੰਡ ਨੋਜੁਆਨੀ ਤੋਂ ਖਾਲੀ ਕਰੀ ਜਾ ਰਿਹਾ ਹੈ। ਇਸ ਵਿਚ ਕੋਈ ਸ਼ਕ ਨਹੀਂ ਕਿ ਸਾਡੀ ਨਵੀਂ ਪੀੜੀ ਬਹੁਤ ਤੇਜ਼, ਜਾਗਰੂਕ ਤੇ ਉੱਚ ਸਿਖਿਆ ਪ੍ਰਾਪਤ ਕਰਨ ਦੇ ਕਾਬਲ ਹੈ। ਪਰ ਉਸਨੂੰ ਐਨਾ ਗਿਆਨ ਗ੍ਰਹਿਣ ਕਰਕੇ ਮਿਲਦਾ ਕੀ ਹੈ? ਇਕ ਇੰਜਨੀਅਰਿੰਗ ਕੀਤੇ ਨੂੰ ਲੁਧਿਆਣੇ ਦੇ ਕਰੋੜਪਤੀ ਕਾਰਖਾਨੇਦਾਰ 5000 ਰੁਪਏ ਮਹੀਨਾ ਦੇ ਕੇ ਵੀ ਅਹਿਸਾਨ ਕਰਦੇ ਹਨ। ਇਕ ਰੋਸ਼ਨ ਦਿਮਾਗ ਤੇ ਇਕ ਜੁਗਾੜੀਏ ਵਿਚ ਫਰਕ ਹੀ ਨਹੀਂ ਸਮਝਦੇ ਹਨ। ਪਿੰਡਾਂ ਦੇ ਨੌਜੁਆਨਾਂ ਨੂੰ ਤਾਂ ਉਹ ਟਿੱਚ ਸਮਝਦੇ ਹਨ। ਸਰਕਾਰਾਂ ਕੋਲ ਉੱਚ ਵਿਦਿਆ ਪ੍ਰਾਪਤ ਲਈ ਕੋਈ ਸਕੀਮ ਜਾਂ ਸੋਚ ਹੀ ਨਹੀਂ ਹੈ। ਇਹੋ ਕਾਰਣ ਹੈ ਕਿ ਅੱਜ ਹਰ ਬੱਚਾ ਬਾਹਰ ਜਾਣਾ ਚਾਹੁੰਦਾ ਹੈ। ਇਸੇ ਨੂੰ ਬਰੇਨ ਡਰੇਨ  ਕਹਿੰਦੇ ਹਨ। ਆਓ ਅੱਜ ਵੋਟ ਪਾਉਣ ਤੋਂ ਪਹਿਲੋਂ ਸਿਆਸਤ ਦੇ ਖਿਲਾੜੀਆਂ ਦੇ ਕੰਨਾਂ ਦੀਆਂ ਜੂੰਆਂ ਸਰਕਾਈਏ, ਤਾਂ ਕਿ ਹਰ ਘਰ ਵਿਚ ਪੱਸਰ ਰਹੀ ਇਕਲਾਪੇ ਦੀ ਲਹਿਰ ਨੂੰ ਕੁਝ ਠੱਲ ਪਵੇ। (05/01/2017)


kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)